ਕਾਫ਼ੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਕਾਫ਼ੀ (ਪੰਜਾਬੀ: ਕਾਫ਼ੀ( ਗੁਰਮੁਖੀ ਦੇ), کافی (ਸ਼ਾਹਮੁਖੀ), ਹਿੰਦੀ : काफ़ी, ਉਰਦੂ : کافی, ਸਿੰਧੀ : ڪافي) ਸੂਫ਼ੀ ਸੰਗੀਤ ਅਤੇ ਸੂਫ਼ੀ ਕਵਿਤਾ ਦਾ ਇੱਕ ਕਲਾਸੀਕਲ ਰੂਪ ਹੈ। ਜ਼ਿਆਦਾਤਰ ਕਾਫ਼ੀਆਂ ਪੰਜਾਬੀ ਅਤੇ ਸਿੰਧੀ ਭਾਸ਼ਾ ਵਿਚ ਹੀ ਮਿਲਦੀਆਂ ਹਨ। ਕਾਫ਼ੀਆਂ ਰਚਣ ਵਾਲੇ ਕਵੀਆਂ ਵਿਚ ਬਾਬਾ ਫ਼ਰੀਦ, ਬੁੱਲ੍ਹੇ ਸ਼ਾਹ, ਸ਼ਾਹ ਹੁਸੈਨ, ਸ਼ਾਹ ਅਬਦੁਲ ਲਤੀਫ਼ ਭਟਾਈ, ਸਚਲ ਸਰਮਸਤ ਅਤੇ ਖ਼ਵਾਜਾ ਗ਼ੁਲਾਮ ਫ਼ਰੀਦ ਹਨ। ਦੱਖਣੀ ਏਸ਼ੀਆ, ਖ਼ਾਸਕਰ ਪਾਕਿਸਤਾਨ, ਬੰਗਲਾਦੇਸ਼ ਅਤੇ ਭਾਰਤ ਵਿਚ ਇਸਦਾ ਗਾਇਨ ਕਾਫ਼ੀ ਪ੍ਰਸਿੱਧ ਹੈ। ਲੰਮੇ ਸਮੇਂ ਦੌਰਾਨ, ਕਾਫ਼ੀ ਕਵਿਤਾ ਅਤੇ ਇਸਦੇ ਗਾਇਨ ਦੋਵਾਂ ਨੇ ਤੇਜ਼ੀ ਨਾਲ ਵਿਕਾਸ ਕੀਤਾ ਹੈ ਕਿਉਂਕਿ ਵੱਖ-ਵੱਖ ਕਵੀਆਂ ਅਤੇ ਗਾਇਕਾਂ ਨੇ ਸਮੇਂ ਸਮੇਂ ਤੇ ਆਪਣਾ ਯੋਗਦਾਨ ਪਾਇਆ ਹੈ ਅਤੇ ਇਸਨੂੰ ਇੱਕ ਅਮੀਰ ਅਤੇ ਵੰਨ-ਸੁਵੰਨਤਾ ਭਰਿਆ ਕਾਵਿ ਰੂਪ ਬਣਾਇਆ ਹੈ।[1] ਕਾਫ਼ੀ ਰੂਹ ਅਤੇ ਇਸਦੇ ਸਿਰਜਣਹਾਰ ਦੀ ਸਾਂਝਦਾਰੀ ਤੇ ਕੇਂਦਰਿਤ ਰਹਿੰਦੀ ਹੈ। ਇਹ ਸਾਂਝਦਾਰੀ ਮੁਰੀਦ ਤੇ ਮੁਰਸ਼ਿਦ ਅਤੇ ਕਦੇ ਮਸ਼ੂਕ ਤੇ ਆਸ਼ਿਕ ਦੇ ਪ੍ਰਤੀਕ ਵਜੋਂ ਨਜ਼ਰ ਆਉਂਦੀ ਹੈ।

'ਕਾਫ਼ੀ' ਸ਼ਬਦ ਅਰਬੀ ਦੇ ਕਾਫ਼ਾ ਅਰਥ ਸਮੂਹ ਤੋਂ ਲਿਆ ਗਿਆ ਹੈ। ਇਸ ਸਿਨਫ਼ ਦਾ ਮੂਲ ਅਰਬੀ ਕਾਵਿ ਰੂਪ ਕ਼ਸੀਦਾ ਨੂੰ ਮੰਨਿਆ ਜਾਂਦਾ ਹੈ। ਕਾਫ਼ੀ ਲੋਕਧਾਰਾ ਵਿਚੋਂ ਨਾਇਕਤਵ ਭਰੀਆਂ ਤੇ ਮਹਾਨ ਰੋਮਾਂਟਿਕ ਕਹਾਣੀਆਂ ਨੂੰ ਰਹੱਸਵਾਦੀ ਸੱਚਾਈਆਂ ਅਤੇ ਰੂਹਾਨੀ ਤੜਪ ਲਈ ਇਕ ਰੂਪਕ ਵਜੋਂ ਵਰਤਦੀ ਹੈ।

ਕਾਫ਼ੀ ਗਾਇਨ[ਸੋਧੋ]

ਸੰਗੀਤਕ ਪੱਖ ਤੋਂ ਕਾਫ਼ੀ ਪੰਜਾਬੀ ਅਤੇ ਸਿੰਧੀ ਕਲਾਸਿਕ ਸੰਗੀਤ ਦੀ ਇਕ ਸਿਨਫ਼ ਹੈ। ਗਾਈਆਂ ਜਾਣ ਵਾਲੀਆਂ ਕਾਫ਼ੀਆਂ ਵਿਚ ਸਭ ਤੋਂ ਮਕਬੂਲ ਬੁੱਲ੍ਹੇ ਸ਼ਾਹ ਅਤੇ ਸ਼ਾਹ ਹੁਸੈਨ ਦੀਆਂ ਕਾਫ਼ੀਆਂ ਹਨ। ਕਾਫ਼ੀਆਂ ਦੱਖਣੀ ਏਸ਼ੀਆ ਵਿਚ ਦਰਵੇਸ਼ੀ ਜਾਂ ਸੂਫ਼ੀ ਇਕੱਲਿਆਂ ਜਾਂ ਟੋਲਿਆਂ ਵਿਚ ਗਾਉਂਦੇ ਹਨ। ਇਹ ਗਾਇਨ ਆਪਣੇ ਰੂਹਾਨੀ ਮਾਰਗ ਦਰਸ਼ਕ ਭਾਵ ਮੁਰਸ਼ਦ ਪ੍ਰਤੀ ਸਮਰਪਣ ਭਾਵ ਹੈ।

ਇਹ ਕ਼ੱਵਾਲੀ ਨਾਲ ਕਾਫ਼ੀ ਮਿਲਦੀ ਜੁਲਦੀ ਹੈ। ਦੋਵੇਂ ਹੀ ਸ਼ਰਧਾ ਦੀ ਤੀਬਰਤਾ ਨੂੰ ਜ਼ਾਹਿਰ ਕਰਦੇ ਹਨ। ਕ਼ੱਵਾਲੀ ਦੀ ਤਰ੍ਹਾਂ ਇਸ ਦੀਆਂ ਪੇਸ਼ਕਾਰੀਆਂ ਅਕਸਰ ਖਿੱਤੇ ਦੇ ਵੱਖ-ਵੱਖ ਸੂਫੀ ਸੰਤਾਂ ਦੀਆਂ ਦਰਗਾਹਾਂ 'ਤੇ ਹੁੰਦੇ ਹਨ। ਹਾਲਾਂਕਿ, ਕ਼ੱਵਾਲੀ ਦੇ ਉਲਟ, ਸੰਗੀਤਕ ਪ੍ਰਬੰਧ ਬਹੁਤ ਸੌਖਾ ਹੈ। ਇਸ ਵਿੱਚ ਸਿਰਫ਼ ਇੱਕ ਹਾਰਮੋਨੀਅਮ, ਇੱਕ ਤਬਲਾ, ਇੱਕ ਗਾਇਕ ਨਾਲ ਸਰ ਜਾਂਦਾ ਹੈ। ਜ਼ੋਰ ਸੰਗੀਤ ਦੀ ਬਜਾਇ ਸ਼ਬਦਾਂ 'ਤੇ ਹੀ ਰਹਿੰਦਾ ਹੈ ਕਿਉਂਕਿ ਕਾਫ਼ੀ ਸੰਗੀਤ ਦਾ ਕੇਂਦਰੀ ਉਦੇਸ਼ ਰਹੱਸਵਾਦੀ ਗੀਤਾਂ ਦੇ ਤੱਤ ਨੂੰ ਦੱਸਣਾ ਹੈ। ਕੇਂਦਰੀ ਤੁਕਾਂ ਅਕਸਰ ਦੁਹਰਾਈਆਂ ਜਾਂਦੀਆਂ ਹਨ। ਕਾਫ਼ੀ ਗਾਉਣ ਦੀਆਂ ਕੋਈ ਨਿਰਧਾਰਤ ਸ਼ੈਲੀਆਂ ਨਹੀਂ ਹਨ।

ਕਾਫ਼ੀ ਗਾਇਨ ਦਾ ਉਭਾਰ[ਸੋਧੋ]

1930 ਦੇ ਦਹਾਕੇ ਵਿਚ ਕਾਫ਼ੀ ਰੂਪ ਨੂੰ ਜ਼ਿਕਰਯੋਗ ਹੁਲਾਰਾ ਮਿਲਿਆ ਜਦੋਂ ਕਲਾਸੀਕਲ ਗਾਇਕੀ ਬਹੁਤ ਮਸ਼ਹੂਰ ਹੋ ਗਈ ਸੀ। ਪਟਿਆਲੇ ਘਰਾਣੇ ਦੇ ਉਸਤਾਦ ਆਸ਼ਿਕ ਅਲੀ ਖ਼ਾਨ ਨੇ ਸਿੰਧੀ ਕਾਫ਼ੀਆਂ ਦੀ ਆਪਣੀ ਪੇਸ਼ਕਾਰੀ ਵਿਚ ਧ੍ਰੁਪਦ ਸ਼ੈਲੀ ਦੀ ਵਰਤੋਂ ਕੀਤੀ। ਸਿੰਧੀ ਕਾਫ਼ੀ ਗਾਇਕੀ ਵਿਚ ਉਸ ਦਾ ਸਮਕਾਲੀ, ਉਸਤਾਦ ਅੱਲ੍ਹਾਦੀਨੋ ਨੂਨਾਰੀ, ਜਿਸ ਨੇ ਰਲਵੇਂ ਰੂਪ ਦੀ ਵਰਤੋਂ ਕੀਤੀ।[1]

20ਵੀਂ ਸਦੀ ਦੇ ਅਖ਼ੀਰ ਵਿਚ ਕਾਫ਼ੀ ਨੇ ਪੱਛਮੀ ਮੁਲਕਾਂ ਵਿਚ ਇਕ ਉੱਚੀ ਥਾਂ ਹਾਸਲ ਕੀਤੀ ਹੈ। ਇਸਦਾ ਸਿਹਰਾ ਪਾਕਿਸਤਾਨੀ ਗਾਇਕਾ ਆਬਿਦਾ ਪਰਵੀਨ ਅਤੇ ਕ਼ੱਵਾਲੀ ਦੇ ਬਾਦਸ਼ਾਹ ਨੁਸਰਤ ਫ਼ਤਿਹ ਅਲੀ ਖ਼ਾਨ ਨੂੰ ਜਾਂਦਾ ਹੈ, ਜਿਹਨਾਂ ਨੇ ਪੱਛਮੀ ਸ੍ਰੋਤਿਆਂ ਦੇ ਸਾਮ੍ਹਣੇ ਬਾਕਮਾਲ ਪੇਸ਼ਕਾਰੀਆਂ ਕੀਤੀਆਂ।

ਹੈਦਰਾਬਾਦ ਦੀ ਸਨਮ ਮਾਰਵੀ ਕਾਫ਼ੀਆਂ ਤੇ ਅਧਾਰਿਤ ਸੂਫ਼ੀ ਗੀਤ ਪੇਸ਼ ਕਰਨ ਵਾਲੀ ਇਕ ਹੋਰ ਗਾਇਕਾ ਹੈ।

ਪੰਜਾਬੀ ਵਿਚ ਕਾਫ਼ੀ ਰਚਨਾ[ਸੋਧੋ]

ਪੰਜਾਬੀ ਵਿੱਚ ਕਾਵਿ ਰਚਨਾ ਦਾ ਇੱਕ ਲੰਮਾ ਇਤਿਹਾਸ ਹੈ। ਪੰਜਾਬੀ ਵਿੱਚ ਕਾਫ਼ੀ ਦੇ ਨਿਕਾਸ ਬਾਰੇ ਕੋਈ ਨਿਸ਼ਚਿਤ ਰਾਇ ਨਹੀਂ ਮਿਲਦੀ। ਸੁਰਿੰਦਰ ਸਿੰਘ ਕੋਹਲੀ ਕਾਫ਼ੀ ਰਚਨਾ ਦਾ ਆਰੰਭ ਬਾਬਾ ਸ਼ੇਖ ਫ਼ਰੀਦ ਤੋਂ ਮੰਨਦੇ ਹਨ। ਉਹ ਇੱਕ ਕਾਫ਼ੀ ਵੀ ਪੇਸ਼ ਕਰਦੇ ਹਨ ਪ੍ਰੰਤੂ ਬਾਬਾ ਫ਼ਰੀਦ ਦੀ ਗੁਰੂ ਗ੍ਰੰਥ ਸਾਹਿਬ ਤੋਂ ਬਾਹਰਲੀ ਬਾਣੀ ਬਾਰੇ ਕਾਫ਼ੀ ਸ਼ੰਕੇ ਪਾਏ ਜਾਂਦੇ ਹਨ। ਇਸ ਕਰਕੇ ਬਹੁਤੇ ਵਿਦਵਾਨ ਪੰਜਾਬੀ ਵਿੱਚ ਕਾਵਿ ਰਚਨਾ ਦਾ ਮੁੱਢ ਗੁਰੂ ਨਾਨਕ ਦੇਵ ਜੀ ਤੋਂ ਮੰਨਦੇ ਹਨ। ਗੁਰੂ ਗ੍ਰੰਥ ਸਾਹਿਬ ਵਿੱਚ ਉਨ੍ਹਾਂ ਦੀਆਂ ਕੁੱਲ ਗਿਆਰਾਂ ਕਾਫ਼ੀਆਂ ਦਰਜ ਹਨ। ਰਾਗ ਆਸਾ ਵਿਚ ਪੰਜ ਰਾਗ ਸੂਹੀ ਅਤੇ ਰਾਗ ਮਾਰੂ ਵਿੱਚ ਤਿੰਨ-ਤਿੰਨ ਕਾਫ਼ੀਆਂ ਸ਼ਾਮਲ ਹਨ। ਉਨ੍ਹਾਂ ਦੀਆਂ ਕਾਫ਼ੀਆਂ ਵਿੱਚ ਰਹਾਉ ਦੀ ਪੰਕਤੀ ਤੋਂ ਇਲਾਵਾ ਛੇ ਤੋਂ ਲੈ ਕੇ ਗਿਆਰਾਂ ਤੱਕ ਅੰਤਰੇ ਹਨ। ਸਥਾਈ ਦੀ ਪੰਕਤੀ ਇੱਕ ਕਾਫ਼ੀ ਵਿੱਚ ਸ਼ੁਰੂ ਵਿੱਚ ਆਉਂਦੀ ਹੈ। ਬਾਕੀ ਕਾਫ਼ੀਆਂ ਵਿੱਚ ਪਹਿਲੇ ਅੰਤਰੇ ਤੋਂ ਬਾਅਦ ਵਿਚ ਆਈ ਹੈ ਅਤੇ ਬਾਕੀਆਂ ਅੰਤਰੇ ਇਸ ਤੋਂ ਪਿੱਛੋਂ। ਕਾਫ਼ੀਆਂ ਵਿੱਚ ਰੱਬ ਦੀ ਸਰਬ ਵਿਆਪਕਤਾ, ਰੱਬੀ ਭਾਣੇ ਦੀ ਅਟੱਲਤਾ, ਰੱਬੀ ਮਿਹਰ, ਜਗਤ ਦੀ ਨਾਸ਼ਮਾਨਤਾ, ਨਾਮ ਸਿਮਰਨ, ਸਤਿਗੁਰੂ ਦੀ ਰਹਿਨੁਮਾਈ, ਮਨੁੱਖ ਦੀ ਮੁਕਤੀ ਆਦਿ ਵਿਸ਼ੇ ਪੇਸ਼ ਹੋਏ ਹਨ।

ਗੁਰੂ ਗ੍ਰੰਥ ਸਾਹਿਬ ਵਿੱਚ ਗੁਰੂ ਅਮਰਦਾਸ ਦੀ ਰਾਗ ਆਸਾ ਵਿੱਚ ਇੱਕ ਕਾਫ਼ੀ, ਗੁਰੂ ਰਾਮਦਾਸ ਦੀਆਂ ਰਾਗ ਆਸਾ ਵਿਚ ਦੋ, ਗੁਰੂ ਅਰਜਨ ਦੇਵ ਜੀ ਦੀਆਂ ਰਾਗ ਆਸਾ ਵਿਚ ਦਸ ਅਤੇ ਗੁਰੂ ਤੇਗ ਬਹਾਦਰ ਜੀ ਦੀਆਂ ਰਾਗ ਤਿਲੰਗ ਵਿਚ ਤਿੰਨ ਕਾਫ਼ੀਆਂ ਮਿਲਦੀਆਂ ਹਨ। ਇਨ੍ਹਾਂ ਦਾ ਪੈਟਰਨ ਗੁਰੂ ਨਾਨਕ ਦੇਵ ਜੀ ਦੇ ਕਾਫ਼ੀਆਂ ਦੇ ਪੈਟਰਨ ਨਾਲ ਹੀ ਮਿਲਦਾ ਹੈ।

ਸੋਲ੍ਹਵੀਂ ਸਦੀ ਵਿੱਚ ਗੁਰੂ ਕਵੀਆਂ ਤੋਂ ਇਲਾਵਾ ਮਹੱਤਵਪੂਰਨ ਕਵੀ ਸ਼ਾਹ ਹੁਸੈਨ ਹੈ ਜਿਸ ਨੇ ਕਾਫ਼ੀ ਰਚਨਾ ਨੂੰ ਇੱਕ ਨਵਾਂ ਮੁਕਾਮ ਦਿੱਤਾ ਅਤੇ ਇਸ ਵਿੱਚ ਸੂਫ਼ੀ ਤਸੱਵੁਫ਼ ਦੀ ਪੇਸ਼ਕਾਰੀ ਕੀਤੀ। ਸ਼ਾਹ ਹੁਸੈਨ ਦਾ ਸਾਰਾ ਹੀ ਕਲਾਮ ਕਾਫ਼ੀਆਂ ਦੇ ਰੂਪ ਵਿੱਚ ਮਿਲਦਾ ਹੈ ਅਤੇ ਇਨ੍ਹਾਂ ਦੀ ਗਿਣਤੀ ਲਗਪਗ 165 ਹੈ। ਸ਼ਾਹ ਹੁਸੈਨ ਦੀਆਂ ਕਾਫ਼ੀਆਂ 33 ਰਾਗਾਂ ਵਿਚ ਮਿਲਦੀਆਂ ਹਨ ਅਤੇ ਕਈ ਛੰਦ ਦੀਆਂ ਬੰਦਿਸ਼ਾਂ ਵਿਚ ਮੌਜੂਦ ਹਨ। ਸ਼ਾਹ ਹੁਸੈਨ ਦੀਆਂ ਕਾਫ਼ੀਆਂ ਕੋਈ ਇਕ ਸੰਰਚਨਾ ਜਾਂ ਇਕਸਾਰਤਾ ਵਾਲੀਆਂ ਨਹੀਂ ਹਨ। ਉਸ ਨੇ ਰਹਾਉ ਦੇ ਨਾਲ ਤਿੰਨ ਅੰਤਰਿਆਂ ਤੋਂ ਲੈ ਕੇ ਗਿਆਰਾਂ ਅੰਤਰਿਆਂ ਤੱਕ ਦੀਆਂ ਕਾਫ਼ੀਆਂ ਰਚੀਆਂ ਹਨ। ਸ਼ਾਹ ਹੁਸੈਨ ਆਪਣੀਆਂ ਕਾਫ਼ੀਆਂ ਵਿੱਚ ਅੱਲ੍ਹਾ ਨੂੰ ਕੇਂਦਰ ਵਿਚ ਰੱਖ ਕੇ ਆਪਣੇ ਕਲਾਮ ਦੀ ਰਚਨਾ ਕਰਦਾ ਹੈ। ਸ਼ਾਹ ਹੁਸੈਨ ਦਾ ਅੱਲ੍ਹਾ ਇੱਕ ਹੈ ਤੇ ਹਰ ਜ਼ੱਰੇ ਵਿੱਚ ਸਮਾਇਆ ਹੋਇਆ ਹੈ। ਉਸ ਦਾ ਰਸਤਾ ਇਸ਼ਕ ਦਾ ਰਸਤਾ ਹੈ, ਜਿਸ ਵਿੱਚ ਮਸਤੀ ਤੇ ਨਸ਼ਾ ਸ਼ਾਮਿਲ ਹੈ। ਸ਼ਾਹ ਹੁਸੈਨ ਦੀਆਂ ਕਾਫ਼ੀਆਂ ਵਿੱਚ ਰੱਬੀ ਮੇਲ ਨਾਲੋਂ ਬਿਰਹਾ ਦਾ ਦਰਦ ਜ਼ਿਆਦਾ ਭਾਰੂ ਹੈ। ਸ਼ਾਹ ਹੁਸੈਨ ਦੀ ਮੰਜ਼ਿਲ ਅੱਲ੍ਹਾ ਨੂੰ ਹਾਸਿਲ ਕਰਨਾ ਹੈ। ਉਸ ਦੇ ਅੰਦਰ ਦਾ ਸਫ਼ਰ ਸਵੈ ਪਹਿਚਾਣ ਤੋਂ ਸ਼ੁਰੂ ਹੁੰਦਾ ਹੈ। ਉਹ ਅੰਦਰੂਨੀ ਰੂਪ ਵਿੱਚ ਹਉਮੈ ਦਾ ਤਿਆਗ, ਨਿਮਰਤਾ, ਮਨ ਦਾ ਸੰਜਮ, ਨਫ਼ਸ ਨੂੰ ਮਾਰਨਾ, ਦਰਦ, ਚੰਗੇ ਅਮਲ, ਫ਼ਕੀਰੀ, ਰੱਬ ਦੀ ਰਜ਼ਾ ਆਦਿ ਗੁਣ ਗ੍ਰਹਿਣ ਕਰਦਾ ਹੈ ਤੇ ਬਾਹਰੀ ਰੂਪ ਵਿੱਚ ਮੁਰਸ਼ਦ ਦੀ ਟੇਕ ਸਾਧ ਸੰਗਤ ਦੀ ਓਟ ਅਤੇ ਜ਼ਿਕਰ ਦਾ ਸਹਾਰਾ ਲੈਂਦਾ ਹੈ। ਸ਼ਾਹ ਹੁਸੈਨ ਦੇ ਅਧਿਆਤਮਕ ਸਫ਼ਰ ਦੌਰਾਨ ਉਕਤ ਗੱਲਾਂ ਉਸ ਦੇ ਸਹਾਇਕ ਵਜੋਂ ਪੇਸ਼ ਹੋਈਆਂ ਹਨ। ਉਸ ਦੇ ਸਫ਼ਰ ਵਿੱਚ ਸੰਸਾਰ, ਜਨਮ, ਮੌਤ, ਧਨ, ਅਮੀਰੀ, ਸ਼ੌਹਰਤ, ਸ਼ਰੀਅਤ ਬਾਹਰੀ ਦਿਖਾਵਟ ਦੀਆਂ ਗੱਲਾਂ ਵਿਰੋਧੀ ਤੱਤ ਵਜੋਂ ਪੇਸ਼ ਹਨ। ਸ਼ਾਹ ਹੁਸੈਨ ਦਾ ਕਾਵਿ ਸਬਜੈਕਟ ਇਕ ਕੰਵਾਰੀ ਕੰਨਿਆ ਹੈ ਜਿਹੜੀ ਸਹੁਰੇ ਘਰ ਜਾਣ ਦੀ ਤਿਆਰੀ ਕਰ ਰਹੀ ਹੈ। ਸ਼ਾਹ ਹੁਸੈਨ ਨੇ ਪੰਜਾਬੀ ਸਥਾਨਕ ਭੂਗੋਲਿਕ ਦ੍ਰਿਸ਼, ਬਿੰਬ ਅਤੇ ਪ੍ਰਤੀਕ ਵਰਤੇ ਹਨ। ਉਸ ਦੀ ਭਾਸ਼ਾ ਸਧਾਰਣ ਹੋਣ ਦੇ ਬਾਵਜੂਦ ਦਾਰਸ਼ਨਿਕ ਗਹਿਰਾਈ ਵਾਲੀ ਹੈ। ਸ਼ਾਹ ਹੁਸੈਨ ਨੇ ਸੂਫ਼ੀ ਦੀ ਮਨੋਸਥਿਤੀ ਨੂੰ ਜ਼ਾਹਿਰ ਕਰਨ ਲਈ ਪਹਿਲੀ ਵਾਰ ਹੀਰ ਰਾਂਝੇ ਦਾ ਪ੍ਰਤੀਕ ਵਰਤਿਆ।

ਸਤਾਰ੍ਹਵੀਂ-ਅਠਾਰ੍ਹਵੀਂ ਸਦੀ ਵਿੱਚ ਸ਼ਾਹ ਸ਼ਰਫ਼ ਬਟਾਲਵੀ ਅਤੇ ਦਰਸ਼ਨ ਦੀਆਂ 8-8, ਗੁਲਾਬ ਦਾਸ ਦੀਆਂ 11, ਵਲੀ ਰਾਮ ਦੀਆਂ 12, ਖ਼ੁਸ਼ੀ ਦੀਆਂ 19, ਗ਼ਰੀਬਦਾਸ ਦੀਆਂ 23, ਪੀਰੋ ਦੀਆਂ 30 ਅਤੇ ਬੁੱਲ੍ਹੇ ਸ਼ਾਹ ਦੀਆਂ 156 ਕਾਫ਼ੀਆਂ ਮਿਲਦੀਆਂ ਹਨ। ਬੁੱਲ੍ਹੇ ਸ਼ਾਹ ਬਾਕੀ ਸਾਰੇ ਸੂਫ਼ੀ ਕਵੀਆਂ ਨਾਲੋਂ ਸਿਰਮੌਰ ਕਵੀ ਹੈ। ਜਿਸ ਦੀਆਂ ਕਾਫ਼ੀਆਂ ਨੇ ਇਸ ਕਾਵਿ ਰੂਪ ਨੂੰ ਸਿਖ਼ਰ ਤੇ ਪਹੁੰਚਾ ਦਿੱਤਾ।

ਉਨ੍ਹੀਵੀਂ ਸਦੀ ਵਿੱਚ ਅੰਬਰ ਸ਼ਾਹ ਦੀ ਇੱਕ, ਭਾਈ ਅਤਰ ਸਿੰਘ ਦੀਆਂ ਪੰਜ, ਅਨੰਤ ਪ੍ਰਕਾਸ਼ ਉਦਾਸੀਨ ਦੀਆਂ 29, ਸਾਧੂ ਈਸ਼ਰ ਦਾਸ ਉਦਾਸੀ ਦੀਆਂ 10, ਸੰਤ ਸੁੰਦਰ ਸਿੰਘ ਦੀਆਂ 7, ਕਰਮ ਅਲੀ ਸ਼ਾਹ ਦੀਆਂ 9, ਸਵਾਮੀ ਗਿਆਨ ਦਾਸ ਉਦਾਸੀਨ ਦੀਆਂ 10, ਪੀਰ ਗੁਲਾਮ ਗਿਲਾਨੀ ਦੀਆਂ ਦੋ, ਖ਼ਵਾਜਾ ਗੁਲਾਮ ਫ਼ਰੀਦ ਦੀਆਂ 272, ਬਾਵਾ ਦੇਸ ਰਾਜ ਦੀਆਂ 15, ਸਾਧੂ ਧਿਆਨ ਸਿੰਘ ਆਰਿਫ਼ ਤੇ ਪਾਲ ਸਿੰਘ ਆਰਿਫ਼ ਦੀਆਂ ਚਾਰ-ਚਾਰ, ਮਸਲਨ ਖ਼ਾਨ ਮਸਤਕ ਦੀ ਇੱਕ, ਮੀਆਂ ਸ਼ਾਹ ਜਲੰਧਰੀ ਦੀਆਂ 10, ਲਾਲ ਗਿਰ ਦੀਆਂ ਪੰਜ, ਵਲਾਇਤ ਸ਼ਾਹ ਦੀ ਸਿਰਫ਼ ਇੱਕ ਕਾਫ਼ੀ ਮਿਲਦੀ ਹੈ। ਖ਼ਵਾਜਾ ਗ਼ੁਲਾਮ ਫ਼ਰੀਦ ਇਸ ਦੌਰ ਦਾ ਪ੍ਰਮੁੱਖ ਸੂਫ਼ੀ ਕਵੀ ਹੈ। ਜਿਸਨੇ ਪੰਜਾਬੀ ਸੂਫ਼ੀ ਕਾਵਿ ਦੇ ਇਤਿਹਾਸ ਵਿੱਚ ਸਭ ਤੋਂ ਵੱਧ ਕਾਫ਼ੀਆਂ ਦੀ ਰਚਨਾ ਕੀਤੀ ਹੈ।

ਹਵਾਲੇ[ਸੋਧੋ]

  1. 1.0 1.1 Tribute: The legendary maestro by Shaikh Aziz, Dawn (newspaper), 05 Jul, 2009.