ਰਾਗ ਆਸਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਰਾਗ ਆਸਾ ਸੰਪੂਰਨ ਜਾਤੀ ਵਾਲਾ ਪੰਜਾਬ ਦਾ ਪ੍ਰਸਿੱਧ ਲੋਕ ਰਾਗ ਹੈ। ਇਹ ਬਿਲਾਵਲ ਥਾਟ ਦਾ ਰਾਗ ਹੈ ਜਿਸ ਵਿੱਚ ਮੱਧਮ (ਮਾ) ਵਾਦੀ ਅਤੇ ਸ਼ੜਜ (ਸਾ) ਸੰਵਾਦੀ ਹੈ। ਆਰੋਹੀ ਵਿੱਚ ਗੰਧਾਰ ਅਤੇ ਨਿਸ਼ਾਧ ਸਵਰ ਵਰਜਿਤ ਹਨ। ਇਸ ਕਰਕੇ ਇਸ ਦੀ ਜਾਤੀ ਔੜਵ-ਸੰਪੂਰਨ ਹੀ ਮੰਨੀ ਜਾਂਦੀ ਹੈ ਭਾਵ ਆਰੋਹੀ ਕ੍ਰਮ ਵਿਚ ਸਪਤਕ ਦੇ ਪੰਜ ਸਵਰ ਤੇ ਅਵਰੋਹੀ ਕ੍ਰਮ ਵਿਚ ਸੱਤ ਸਵਰ ਪ੍ਰਯੋਗ ਕੀਤੇ ਜਾਂਦੇ ਹਨ। ਇਸ ਰਾਗ ਦੇ ਗਾਇਨ ਦਾ ਸਮਾਂ ਸਵੇਰ ਅਤੇ ਸ਼ਾਮ ਦਾ ਸੰਧੀ ਪ੍ਰਕਾਸ਼ ਦਾ ਸਮਾਂ ਹੈ। ਆਸਾ ਰਾਗ ਦੀ ਛਾਇਆ ਰਾਜਸਥਾਨ ਵਿਚ ਪ੍ਰਚਲਿਤ ਰਾਗ ਮਾਂਡ ਜਿਹੀ ਜਾਪਦੀ ਹੈ। ਆਸਾ ਰਾਗ ਦਾ ਆਰੋਹ ਤੇ ਅਵਰੋਹ ਇਸ ਪ੍ਰਕਾਰ ਹੈ:

ਆਰੋਹੀ- ਸਾ ਰੇ ਮਾ ਪਾ ਧਾ ਸਾਂ
ਅਵਰੋਹੀ- ਸਾਂ ਨੀ ਧਾ ਪਾ, ਮਾ ਗਾ ਰੇ, ਸਾ ਗਾ ਰੇ ਗਾ ਸਾ

ਰਾਗ ਆਸਾ[1], ਗੁਰੂ ਗ੍ਰੰਥ ਸਾਹਿਬ ਵਿੱਚ ਰਾਗ ਸਿਰੀ, ਰਾਗ ਮਾਝ ਤੇ ਰਾਗ ਗਉੜੀ ਤੋਂ ਬਾਅਦ ਚੌਥੇ ਸਥਾਨ ’ਤੇ ਆਉਂਦਾ ਹੈ। ਗੁਰੂ ਗ੍ਰੰਥ ਸਾਹਿਬ ਦੇ ਅੰਕ 347 ਤੋਂ ਲੈ ਕੇ 488 ਤੱਕ ਸੁਸ਼ੋਭਿਤ ਹੈ। ਇਸ ਰਾਗ ਦਾ ਗਾਇਨ ਆਮ ਤੌਰ ’ਤੇ ਅੰਮ੍ਰਿਤ ਵੇਲੇ ਹੁੰਦਾ ਹੈ।