ਪਾਵਰ ਪਲਾਂਟ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਇੱਕ ਪਾਵਰ ਪਲਾਂਟ ਜਿਸਨੂੰ ਆਮ ਤੌਰ ਤੇ ਪਾਵਰ ਸਟੇਸ਼ਨ ਜਾਂ ਪਾਵਰ ਹਾਊਸ ਜਾਂ ਕਦੇ-ਕਦੇ ਜਨਰੇਟਿੰਗ ਸਟੇਸ਼ਨ ਜਾਂ ਜਨਰੇਟਿੰਗ ਪਲਾਂਟ ਵੀ ਕਿਹਾ ਜਾਂਦਾ ਹੈ, ਇੱਕ ਉਦਯੋਗਿਕ ਸਹੂਲਤ ਹੁੰਦੀ ਹੈ ਜਿਸ ਵਿੱਚ ਬਿਜਲਈ ਪਾਵਰ ਦਾ ਨਿਰਮਾਣ ਕੀਤਾ ਜਾਂਦਾ ਹੈ। ਜ਼ਿਆਦਾਤਰ ਪਾਵਰ ਪਲਾਂਟਾਂ ਵਿੱਚ ਇੱਕ ਜਾਂ ਇੱਕ ਤੋਂ ਜਨਰੇਟਰਾਂ ਦਾ ਇਸਤੇਮਾਲ ਕੀਤਾ ਜਾਂਦਾ ਹੈ, ਜਿਹੜੀ ਕਿ ਇੱਕ ਘੁੰਮਣ ਵਾਲੀ ਮਸ਼ੀਨ ਹੁੰਦੀ ਹੈ ਜਿਹੜੀ ਕਿ ਯੰਤਰਿਕ ਊਰਜਾ ਨੂੰ ਬਿਜਲਈ ਊਰਜਾ ਵਿੱਚ ਬਦਲ ਦਿੰਦਾ ਹੈ। ਮੈਗਨੈਟਿਕ ਫ਼ੀਲਡ ਅਤੇ ਚਾਲਕ ਵਿਚਲੀ ਗਤੀ ਦੁਆਰਾ ਬਿਜਲਈ ਕਰੰਟ ਪੈਦਾ ਹੁੰਦਾ ਹੈ।

ਪਾਵਰ ਪਲਾਂਟਾਂ ਵਿੱਚ ਊਰਜਾ ਦੇ ਸਰੋਤਾਂ ਨੂੰ ਜਨਰੇਟਰ ਨੂੰ ਘੁਮਾਉਣ ਲਈ ਵਰਤਿਆ ਜਾਂਦਾ ਹੈ। ਦੁਨੀਆ ਦੇ ਬਹੁਤੇ ਪਾਵਰ ਪਲਾਂਟਾਂ ਵਿੱਚ ਬਿਜਲੀ ਦੇ ਨਿਰਮਾਣ ਲਈ ਕੋਲੇ, ਤੇਲ ਅਤੇ ਕੁਦਰਤੀ ਗੈਸ ਜਿਹੇ ਪਥਰਾਟੀ ਬਾਲਣਾਂ ਨੂੰ ਊਰਜਾ ਦੇ ਤੌਰ ਤੇ ਇਸਤੇਮਾਲ ਕੀਤਾ ਜਾਂਦਾ ਹੈ। ਹੋਰਾਂ ਊਰਜਾਵਾਂ ਵਿੱਚ ਨਿਊਕਲੀਅਰ ਪਾਵਰ ਸ਼ਾਮਿਲ ਹੈ ਪਰ ਸਮੇਂ ਦੀ ਲੋੜ ਹੈ ਕਿ ਊਰਜਾ ਦੇ ਗੈਰ-ਹਾਨੀਕਾਰਕ ਅਤੇ ਨਵਿਆਉਣ-ਯੋਗ ਸਰੋਤਾਂ ਦੀ ਵਰਤੋਂ ਕੀਤੀ ਜਾਵੇ ਜਿਵੇਂ ਕਿ ਸੌਰ ਊਰਜਾ, ਪੌਣ ਊਰਜਾ, ਤਰੰਗ ਊਰਜਾ ਅਤੇ ਪਣ ਊਰਜਾ ਆਦਿ।

ਤਾਪ ਊਰਜਾ ਪਲਾਂਟ[ਸੋਧੋ]

ਆਧੁਨਿਕ ਭਾਫ਼ ਟਰਬਾਈਨ ਦਾ ਰੋਟਰ, ਜਿਹੜਾ ਕਿ ਪਾਵਰ ਪਲਾਂਟ ਵਿੱਚ ਵਰਤਿਆ ਜਾਂਦਾ ਹੈ।

ਤਾਪ ਊਰਜਾ ਪਲਾਂਟਾਂ ਵਿੱਚ, ਤਾਪ ਇੰਜਣਾਂ ਦੁਆਰਾ ਤਾਪ ਊਰਜਾ ਦੇ ਜ਼ਰੀਏ ਯੰਤਰਿਕ ਊਰਜਾ ਵਿੱਚ ਬਦਲਿਆ ਜਾਂਦਾ ਹੈ। ਜ਼ਿਆਦਾਤਰ ਤਾਪ ਊਰਜਾ ਪਲਾਂਟਾਂ ਵਿੱਚ ਭਾਫ਼ ਦਾ ਨਿਰਮਾਣ ਕੀਤਾ ਜਾਂਦਾ ਹੈ, ਜਿਸ ਕਰਕੇ ਇਹਨਾਂ ਨੂੰ ਕਦੇ-ਕਦੇ ਭਾਫ਼ ਊਰਜਾ ਪਲਾਂਟ ਵੀ ਕਿਹਾ ਜਾਂਦਾ ਹੈ।

ਥਰਮੋਡਾਇਨਾਮਿਕਸ ਦੇ ਦੂਜੇ ਨਿਯਮ ਦੇ ਅਨੁਸਾਰ, ਸਾਰੀ ਤਾਪ ਊਰਜਾ ਨੂੰ ਯੰਤਰਿਕ ਊਰਜਾ ਵਿੱਚ ਨਹੀਂ ਬਦਲਿਆ ਜਾ ਸਕਦਾ। ਇਸ ਕਰਕੇ ਵਾਤਾਵਰਨ ਵਿੱਚ ਬਹੁਤ ਸਾਰੇ ਤਾਪ ਦਾ ਨੁਕਸਾਨ ਹੋ ਜਾਂਦਾ ਹੈ। ਤਾਪ ਊਰਜਾ ਪਲਾਟਾਂ ਵਿੱਚ ਇਸ ਨੁਕਸਾਨ ਨੂੰ ਘੱਟ ਕਰਨ ਲਈ ਬਹੁਤ ਸਾਰੀਆਂ ਮਸ਼ੀਨਾਂ ਦਾ ਇਸਤੇਮਾਲ ਕੀਤਾ ਜਾਂਦਾ ਹੈ।

ਵਰਗੀਕਰਨ[ਸੋਧੋ]

ਤਾਪ ਸਰੋਤ ਤੋਂ[ਸੋਧੋ]

  • ਪਥਰਾਟੀ ਬਾਲਣ ਪਾਵਰ ਪਲਾਂਟ ਜਿਸ ਵਿੱਚ ਭਾਫ਼ ਟਰਬਾਈਨ ਜਨਰੇਟਰ ਦਾ ਇਸਤੇਮਾਲ ਕੀਤਾ ਜਾ ਸਕਦਾ ਹੈ ਜਾਂ ਕੁਦਰਤੀ ਗੈਸ ਦੇ ਦੇ ਮਾਮਲੇ ਵਿੱਚ ਗੈਸ ਟਰਬਾਈਨ ਦਾ ਇਸਤੇਮਾਲ ਕੀਤਾ ਜਾਂਦਾ ਹੈ। ਕੋਲੇ ਵਾਲੇ ਪਾਵਰ ਪਲਾਂਟਾਂ ਵਿੱਚ ਭਾਫ਼ ਬਾਇਲਰ ਵਿੱਚ ਕੋਲੇ ਨੂੰ ਜਲਾਉਣ ਤੋਂ ਊਰਜਾ ਪੈਦਾ ਕੀਤੀ ਜਾਂਦੀ ਹੈ। ਅੱਗੋਂ ਇਸ ਭਾਫ਼ ਨੂੰ ਭਾਫ਼ ਟਰਬਾਈਨ ਨੂੰ ਘੁਮਾਉਣ ਵਿੱਚ ਵਰਤਿਆ ਜਾਂਦਾ ਹੈ ਜਿਹੜੀਆਂ ਕਿ ਅੱਗੋਂ ਜਨਰੇਟਰਾਂ ਨੂੰ ਘੁਮਾਉਂਦੀਆਂ ਹਨ ਜਿਸ ਤੋਂ ਬਿਜਲੀ ਦਾ ਨਿਰਮਾਣ ਹੁੰਦਾ ਹੈ। ਕੋਲੇ ਦੇ ਬਲਣ ਤੋਂ ਬਾਅਦ ਬਹੁਤ ਸਾਰੀ ਬੇਕਾਰ ਰਹਿੰਦ-ਖੂੰਦ ਬਚਦੀ ਹੈ ਜਿਵੇਂ ਕਿ ਸੁਆਹ, ਸਲਫ਼ਰ ਡਾਈਆਕਸਾਈਡ, ਨਾਈਟਰੋਜਨ ਆਕਸਾਈਡ ਅਤੇ ਕਾਰਬਨ ਡਾਈਆਕਸਾਈਡ ਆਦਿ। ਇਹਨਾਂ ਵਿੱਚੋਂ ਕੁਝ ਗੈਸਾਂ ਨੂੰ ਖ਼ਤਮ ਕਰ ਦਿੱਤਾ ਜਾਂਦਾ ਹੈ ਜਿਸ ਨਾਲ ਵਾਤਾਵਰਨ ਨੂੰ ਨੁਕਸਾਨ ਘੱਟ ਹੋਵੇ।
  • ਨਿਊਕਲੀਅਰ ਪਾਵਰ ਪਲਾਂਟਾਂ ਵਿੱਚ[1] ਨਿਊਕਲੀਅਰ ਰੀਐਕਟਰ ਦੀ ਕੋਰ ਵਿੱਚ (ਨਿਊਕਲੀਅਰ ਫ਼ਿਸ਼ਨ ਤੋਂ) ਪੈਦਾ ਕੀਤੇ ਗਏ ਤਾਪ ਤੋਂ ਭਾਫ਼ ਬਣਾਈ ਜਾਂਦੀ ਹੈ ਜਿਹੜੀ ਭਾਫ਼ ਟਰਬਾਈਨ ਅਤੇ ਜਨਰੇਟਰ ਨੂੰ ਘੁਮਾਉਂਦੀ ਹੈ। ਸੰਯੁਕਤ ਰਾਜ ਅਮਰੀਕਾ ਵਿੱਚ 20 ਪ੍ਰਤੀਸ਼ਤ ਬਿਜਲੀ ਦਾ ਨਿਰਮਾਣ ਨਿਊਕਲੀਅਰ ਪਾਵਰ ਪਲਾਂਟਾਂ ਦੁਆਰਾ ਕੀਤਾ ਜਾਂਦਾ ਹੈ। ਭਾਰਤ ਵਿੱਚ ਵੀ ਅਜਿਹੇ ਕਈ ਪਾਵਰ ਪਲਾਂਟ ਮੌਜੂਦ ਹਨ ਜਿਹਨਾਂ ਵਿੱਚ ਤਾਰਾਪੁਰ ਦਾ ਨਿਊਕਲੀਅਰ ਪਾਵਰ ਪਲਾਂਟ ਸਭ ਤੋਂ ਵੱਡਾ ਹੈ।
  • ਜੀਓਥਰਮਲ ਪਾਵਰ ਪਲਾਂਟਾਂ ਵਿੱਚ ਧਰਤੀ ਹੇਠਲੇ ਗਰਮ ਪੱਥਰਾਂ ਤੋਂ ਪੈਦਾ ਹੋਈ ਭਾਫ਼ ਦਾ ਇਸਤੇਮਾਲ ਕੀਤਾ ਜਾਂਦਾ ਹੈ। ਇਹ ਚੱਟਾਨਾਂ ਧਰਤੀ ਅੰਦਰਲੇ ਰੇਡੀਓਐਕਟਿਵ ਪਦਾਰਥਾਂ ਦੇ ਗਲਣ ਤੋਂ ਗਰਮ ਹੋ ਜਾਂਦੀਆਂ ਹਨ।
  • ਬਾਇਓਮਾਸ ਊਰਜਾ ਪਾਵਰ ਪਲਾਂਟਾਂ ਵਿੱਚ ਵੱਖ-ਵੱਖ ਤਰ੍ਹਾਂ ਦੇ ਕੂੜੇ-ਕਰਕਟ ਨੂੰ ਬਾਲਿਆ ਜਾਂਦਾ ਹੈ ਜਿਸ ਨਾਲ ਪੈਦਾ ਹੋਈ ਭਾਫ਼ ਤੋਂ ਬਿਜਲੀ ਦਾ ਨਿਰਮਾਣ ਕੀਤਾ ਜਾਂਦਾ ਹੈ।
  • ਸੌਰ ਊਰਜਾ ਪਾਵਰ ਪਲਾਂਟ, ਜਿਸ ਵਿੱਚ ਸੂਰਜੀ ਰੌਸ਼ਨੀ ਨੂੂੰ ਪਾਣੀ ਗਰਮ ਕਰਨ ਅਤੇ ਭਾਫ਼ ਬਣਾਉਣ ਲਈ ਵਰਤਿਆ ਜਾਂਦਾ ਹੈ ਜਿਹੜੀ ਕਿ ਜਨਰੇਟਰ ਨੂੰ ਘੁਮਾਉਂਦੀ ਹੈ।

ਜਨਰੇਟਰ ਘੁਮਾਉਣ ਦੇ ਢੰਗ ਤੋਂ[ਸੋਧੋ]

  • ਭਾਫ਼ ਟਰਬਾਈਨ ਪਾਵਰ ਪਲਾਂਟ ਜਿਸ ਵਿੱਚ ਭਾਫ਼ ਨੂੰ ਪੂਰੀ ਤਰ੍ਹਾਂ ਗਰਮ ਕਰਕੇ ਪਾਇਪਾਂ ਦੁਆਰਾ ਟਰਬਾਈਨ ਉੱਪਰ ਟਕਰਾਇਆ ਜਾਂਦਾ ਹੈ ਜਿਹੜੀ ਕਿ ਅੱਗੋਂ ਜਨਰੇਟਰ ਨੂੰ ਘੁਮਾਉਂਦੀਆਂ ਹਨ। ਵਿਸ਼ਵ ਦੀ 90 ਪ੍ਰਤੀਸ਼ਤ ਬਿਜਲਈ ਊਰਜਾ ਭਾਫ਼ ਟਰਬਾਇਨਾਂ ਦੁਆਰਾ ਹੀ ਪੈਦਾ ਕੀਤੀ ਜਾਂਦੀ ਹੈ।[2]
  • ਗੈਸ ਟਰਬਾਇਨ ਪਾਵਰ ਪਲਾਂਟ, ਜਿਹਨਾਂ ਵਿੱਚ ਵਹਿ ਰਹੀਆਂ ਗੈਸਾਂ ਦੇ ਦਬਾਅ ਦੇ ਜ਼ਰੀਏ ਸਿੱਧਾ ਟਰਬਾਇਨਾਂ ਨੂੰ ਘੁਮਾਇਆ ਜਾਂਦਾ ਹੈ।[3]
  • ਸੰਯੁਕਤ ਚੱਕਰ ਵਾਲੇ ਪਲਾਂਟ ਜਿਸ ਵਿੱਚ ਕੁਦਰਤੀ ਗੈਸ ਦੁਆਰਾ ਚੱਲਣ ਵਾਲੀਆਂ ਟਰਬਾਇਨਾਂ ਅਤੇ ਇੱਕ ਭਾਫ਼ ਬਾਇਲਰ ਅਤੇ ਭਾਫ਼ ਟਰਬਾਈਨ ਦੋਵਾਂ ਦਾ ਇਸਤੇਮਾਲ ਕੀਤਾ ਜਾਂਦਾ ਹੈ। ਗੈਸ ਤੇ ਚੱਲਣ ਵਾਲੀ ਟਰਬਾਈਨ ਤੋਂ ਬਾਅਦ ਬੇਕਾਰ ਜਾਣ ਵਾਲੀ ਗੈਸ ਦੇ ਬਲਣ ਤੋਂ ਪੈਦਾ ਹੋਈ ਭਾਫ਼ ਨੂੰ ਅੱਗੋਂ ਭਾਫ਼ ਟਰਬਾਈਨਾਂ ਚਲਾਉਣ ਲਈ ਵਰਤਿਆ ਜਾਂਦਾ ਹੈ। ਇਸ ਕਿਰਿਆ ਦੁਆਰਾ ਪਲਾਂਟ ਦੀ ਸਮਰੱਥਾ ਵਿੱਚ ਬਹੁਤ ਵਾਧਾ ਹੁੰਦਾ ਹੈ।

ਨਵਿਆਉਣਯੋਗ ਊਰਜਾ ਤੋਂ ਬਿਜਲੀ ਦਾ ਨਿਰਮਾਣ[ਸੋਧੋ]

ਪਾਵਰ ਪਲਾਂਟ ਨਵਿਆਉਣਯੋਗ ਸਰੋਤਾਂ ਤੋਂ ਵੀ ਬਿਜਲੀ ਦਾ ਨਿਰਮਾਣ ਕਰ ਸਕਦੇ ਹਨ।

ਪਣ ਬਿਜਲੀ ਪਾਵਰ ਪਲਾਂਟ[ਸੋਧੋ]

ਪਣ ਬਿਜਲੀ ਪਾਵਰ ਪਲਾਂਟ ਵਿੱਚ ਪਾਣੀ ਦੀ ਗਤਿਜ ਅਤੇ ਸਥਿਤਿਜ ਊਰਜਾ ਨੂੰ ਟਰਬਾਈਨਾਂ ਘੁਮਾਉਣ ਲਈ ਵਰਤਿਆ ਜਾਂਦਾ ਹੈ ਜਿਸਨੂੰ ਹਾਈਡ੍ਰੋਇਲੈਕਟ੍ਰੀਸਿਟੀ ਵੀ ਕਿਹਾ ਜਾਂਦਾ ਹੈ। ਇਹਨਾਂ ਪਾਵਰ ਪਲਾਟਾਂ ਵਿੱਚ ਪਾਣੀ ਦੇ ਗੁਰੂਤਾਕਰਸ਼ਣ ਬਲ ਦਾ ਇਸਤੇਮਾਲ ਕੀਤਾ ਜਾਂਦਾ ਹੈ, ਜਿਹੜਾ ਕਿ ਪੈਨਸਟਾਕਾਂ ਦੇ ਜ਼ਰੀਏ ਪਾਣੀ ਵਾਲੀਆਂ ਟਰਬਾਈਨਾਂ ਨੂੰ ਘੁਮਾਉਂਦਾ ਹੈ ਜਿਹੜੀਆਂ ਕਿ ਅੱਗੋਂ ਜਨਰੇਟਰਾਂ ਨੂੰ ਘੁਮਾਉਂਦੀਆਂ ਹਨ। ਪੈਦਾ ਹੋਈ ਪਾਵਰ ਉਚਾਈ ਅਤੇ ਵਹਿਣ ਦਾ ਜੋੜ ਹੁੰਦੀ ਹੈ। ਪਾਣੀ ਦੇ ਪੱਧਰ ਨੂੰ ਉੱਚਾ ਕਰਨ ਲਈ ਬਹੁਤ ਤਰ੍ਹਾਂ ਦੇ ਡੈਮ ਬਣਾਏ ਜਾਂਦੇ ਹਨ। ਇਸ ਤੋਂ ਇਲਾਵਾ ਪਾਣੀ ਨੂੰ ਜਮ੍ਹਾਂ ਕਰਨ ਲਈ ਝੀਲ ਵੀ ਬਣਾ ਲਈ ਜਾਂਦੀ ਹੈ ਜਿਸਨੂੰ ਰੈਜ਼ਰਵਾਇਰ ਕਿਹਾ ਜਾਂਦਾ ਹੈ।

ਪਣ ਬਿਜਲੀ 150 ਦੇਸ਼ਾਂ ਵਿੱਚ ਬਣਾਈ ਜਾਂਦੀ ਹੈ, ਜਿਸ ਵਿੱਚ ਏਸ਼ੀਆ-ਪੈਸੇਫ਼ਿਕ ਖੇਤਰ ਵਿੱਚ 2010 ਦੇ ਅੰਕੜਿਆਂ ਮੁਤਾਬਿਕ ਦੁਨੀਆ ਦੀ 32 ਪ੍ਰਤੀਸ਼ਤ ਪਣ ਬਿਜਲੀ ਬਣਾਈ ਜਾਂਦੀ ਹੈ। ਚੀਨ ਦੁਨੀਆ ਦਾ ਸਭ ਤੋਂ ਵੱਡਾ ਪਣ ਬਿਜਲੀ ਪੈਦਾ ਕਰਨ ਵਾਲਾ ਦੇਸ਼ ਹੈ ਜਿਹੜਾ ਕਿ 2010 ਦੇ ਅੰਕੜਿਆਂ ਦੇ ਅਨੁਸਾਰ ਇਸ ਤਰ੍ਹਾਂ ਦੇ ਪਾਵਰ ਪਲਾਂਟਾਂ ਤੋਂ 721 ਟੈਰਾਵਾਟ-ਘੰਟੇ ਬਿਜਲੀ ਦਾ ਨਿਰਮਾਣ ਕਰਦਾ ਹੈ, ਜਿਹੜਾ ਕਿ ਉਹਨਾਂ ਦੀ ਘਰੇਲੂ ਬਿਜਲਈ ਵਰਤੋਂ ਦਾ 17 ਪ੍ਰਤੀਸ਼ਤ ਹਿੱਸਾ ਬਣਦਾ ਹੈ।

ਸੋਲਰ ਪਾਵਰ ਪਲਾਂਟ (ਸੌਰ ਊਰਜਾ)[ਸੋਧੋ]

ਸੌਰ ਊਰਜਾ ਨੂੰ ਬਿਜਲੀ ਵਿੱਚ ਸਿੱਧੇ ਸੋਲਰ ਸੈੱਲਾਂ ਨਾਲ ਬਦਲਿਆ ਜਾ ਸਕਦਾ ਹੈ। ਇਸ ਤੋਂ ਇਲਾਵਾ ਅਜਿਹੇ ਪਾਵਰ ਪਲਾਂਟ ਵੀ ਉਪਲਬਧ ਹਨ ਜਿਹਨਾਂ ਵਿੱਚ ਸੂਰਜ ਦੀ ਰੌਸ਼ਨੀ ਨੂੰ ਪਲੇਟਾਂ ਦੁਆਰਾ ਇੱਕ ਤਾਪ ਇੰਜਣ ਉੱਪਰ ਕੇਂਦਰਿਤ ਕੀਤਾ ਜਾਂਦਾ ਹੈ ਜਿਹੜਾ ਕਿ ਪਾਣੀ ਗਰਮ ਕਰਕੇ ਭਾਫ਼ ਬਣਾਉਂਦਾ ਹੈ ਜਿਸ ਤੋਂ ਬਿਜਲੀ ਬਣਾਈ ਜਾਂਦੀ ਹੈ।

ਇੱਕ ਸੋਲਰ ਫੋਟੋਵੋਲਟੇਕ ਪਾਵਰ ਪਲਾਂਟ ਸੂਰਜੀ ਰੌਸ਼ਨੀ ਨੂੰ ਡੀ.ਸੀ. ਬਿਜਲੀ ਵਿੱਚ ਬਦਲਦਾ ਹੈ, ਇਹ ਫੋਟੋਇਲੈਕਟ੍ਰਿਕ ਪ੍ਰਭਾਵ ਤੇ ਅਧਾਰਿਤ ਹੁੰਦਾ ਹੈ। ਅੱਗੋਂ ਇਨਵਰਟਰ ਡੀ.ਸੀ. ਨੂੰ ਏ.ਸੀ. ਵਿੱਚ ਬਦਲ ਦਿੰਦੇ ਹਨ ਜਿਹੜੀ ਕਿ ਗਰਿੱਡ ਨੂੰ ਭੇਜ ਦਿੱਤੀ ਜਾਂਦੀ ਹੈ। ਇਸ ਤਰ੍ਹਾਂ ਦੇ ਪਲਾਂਟ ਵਿੱਚ ਕੋਈ ਵੀ ਘੁੰਮਣ ਵਾਲੀ ਮਸ਼ੀਨ ਜਾਂ ਜਨਰੇਟਰ ਨਹੀਂ ਵਰਤਿਆ ਜਾਂਦਾ।

ਪੌਣ ਊਰਜਾ[ਸੋਧੋ]

ਟੈਕਸਸ, ਸੰਯੁਕਤ ਰਾਜ ਅਮਰੀਕਾ ਵਿੱਚ ਹਵਾ ਵਾਲੀਆਂ ਟਰਬਾਈਨਾਂ

ਪੌਣ ਟਰਬਾਈਨਾਂ ਦੀ ਵਰਤੋਂ ਉਹਨਾਂ ਥਾਵਾਂ ਜਾਂ ਖੇਤਰਾਂ ਵਿੱਚ ਕੀਤੀ ਜਾਂਦੀ ਹੈ ਜਾਂ ਕੀਤੀ ਜਾ ਸਕਦੀ ਹੈ ਜਿਹਨਾਂ ਵਿੱਚ ਹਵਾ ਲਗਾਤਾਰ ਤੇਜ਼ੀ ਨਾਲ ਵਗਦੀ ਹੋਵੇ। ਬੀਤੇ ਸਮੇਂ ਵਿੱਚ ਬਹੁਤ ਸਾਰੇ ਵੱਖ-ਵੱਖ ਡਿਜ਼ਾਇਨਾਂ ਦੀ ਵਰਤੋਂ ਕੀਤੀ ਗਈ ਹੈ, ਪਰ ਆਧੁਨਿਕ ਸਮੇਂ ਵਿੱਚ ਤਿੰਨ ਬਲੇਡਾਂ ਵਾਲੀਆਂ, ਉੱਪਰੀ ਪ੍ਰਭਾਵ ਵਾਲੀਆਂ ਡਿਜ਼ਾਈਨ ਵਾਲੀਆਂ ਟਰਬਾਈਨਾਂ ਦੀ ਵਰਤੋਂ ਹੀ ਕੀਤੀ ਜਾਂਦੀ ਹੈ। ਗਰਿੱਡਾਂ ਨਾਲ ਜੋੜੀਆਂ ਜਾਣ ਵਾਲੀਆਂ ਪੌਣ ਟਰਬਾਈਨਾਂ 1970 ਵਿੱਚ ਲਾਈਆਂ ਗਈਆਂ ਟਰਬਾਈਨਾਂ ਦੇ ਮੁਕਾਬਲੇ ਬਹੁਤ ਵੱਡੀਆਂ ਹਨ। ਇਹ ਟਰਬਾਈਨਾਂ ਸਸਤੀ ਬਿਜਲੀ ਪੈਦਾ ਕਰਦੀਆਂ ਹਨ ਅਤੇ ਇੱਕ ਪੁਰਾਣੀਆਂ ਟਰਬਾਈਨਾਂ ਨਾਲੋਂ ਵਧੇਰੇ ਭਰੋਸੇਯੋਗ ਹਨ। ਵੱਡੀਆਂ ਟਰਬਾਈਨਾਂ ਵਿੱਚ, ਬਲੇਡ ਪੁਰਾਣੀਆਂ ਟਰਬਾਈਨਾਂ ਦੇ ਮੁਕਾਬਲੇ ਹੌਲੀ ਘੁੰਮਦੇ ਹਨ ਜਿਸ ਨਾਲ ਇਹ ਨਜ਼ਰ ਵੀ ਆ ਜਾਂਦੀਆਂ ਹਨ ਅਤੇ ਪੰਛੀਆਂ ਲਈ ਵੀ ਇਹ ਹਾਨੀਕਾਰਕ ਨਹੀਂ ਹਨ।

ਸਮੁੰਦਰੀ ਊਰਜਾ[ਸੋਧੋ]

ਸਮੁੰਦਰੀ ਊਰਜਾ ਜਾਂ ਸਮੁੰਦਰੀ ਪਾਵਰ ਦਾ ਮਤਲਬ ਉਸ ਊਰਜਾ ਤੋਂ ਹੈ ਜਿਹੜੀ ਕਿ ਸਮੁੰਦਰੀ ਲਹਿਰਾਂ, ਜਵਾਰਭਾਟਿਆਂ, ਸਮੁੰਦਰੀ ਤਾਪ ਊਰਜਾ ਆਦਿ ਨਾਲ ਪੈਦਾ ਹੁੰਦੀ ਹੈ। ਦੁਨੀਆਂ ਦੇ ਮਹਾਂਸਾਗਰਾਂ ਅਤੇ ਸਮੁੰਦਰਾਂ ਵਿੱਚ ਪਾਣੀ ਦੀ ਹਿੱਲਜੁੱਲ ਜਾਂ ਗਤੀ ਬਹੁਤ ਵੱਡੀ ਮਾਤਰਾ ਵਿੱਚ ਗਤਿਜ ਊਰਜਾ ਪੈਦਾ ਕਰ ਰਹੀ ਹੈ। ਇਸ ਗਤਿਜ ਊਰਜਾ ਨੂੰ ਇਲੈਕਟ੍ਰੀਕਲ ਜਨਰੇਸ਼ਨ ਜਾਂ ਬਿਜਲਈ ਨਿਰਮਾਣ ਲਈ ਵਰਤਿਆ ਜਾ ਸਕਦਾ ਹੈ।

ਬਾਇਓਮਾਸ[ਸੋਧੋ]

ਮੈਟਜ਼ ਬਾਇਓਮਾਸ ਪਾਵਰ ਸਟੇਸ਼ਨ

ਬਾਇਓਮਾਸ ਊਰਜਾ ਨੂੰ ਫ਼ਾਲਤੂ ਹਰੇ ਪਦਾਰਥਾਂ ਜਾਂ ਕੂੜੇ ਕਰਕਟ ਨੂੰ ਜਲਾਉਣ ਤੋਂ ਬਣਾਇਆ ਜਾਂਦਾ ਹੈ। ਇਹਨਾਂ ਬੇਕਾਰ ਪਦਾਰਥਾਂ ਨੂੰ ਜਲਾ ਕੇ ਪਾਣੀ ਨੂੰ ਗਰਮ ਕਰਕੇ ਭਾਫ਼ ਬਣਾਈ ਜਾਂਦੀ ਹੈ ਜਿਸਤੋਂ ਅੱਗੋਂ ਇੱਕ ਭਾਫ਼ ਟਰਬਾਈਨ ਘੁਮਾਈ ਜਾਂਦੀ ਹੈ। ਆਧੁਨਿਕ ਸਮੇਂ ਵਿੱਚ ਇਹ ਇੱਕ ਬਹੁਤ ਵਧੀਆ ਊਰਜਾ ਸਰੋਤ ਹੈ ਕਿਉਂਕਿ ਇਹ ਲਗਭਗ ਸਾਰਾ ਬੇਕਾਰ ਕੂੜੇ ਕਰਕਟ ਜਾਂ ਪਸ਼ੂਆਂ ਦੇ ਗੋਬਰ ਆਦਿ ਤੇ ਅਧਾਰਿਤ ਹੁੰਦਾ ਹੈ ਜਿਸ ਨਾਲ ਮੀਥੇਨ ਵਰਗੀਆਂ ਗੈਸਾਂ ਪੈਦਾ ਹੁੰਦੀਆਂ ਹਨ ਜਿਹੜੀਆਂ ਕਿ ਬਹੁਤ ਜਲਣਸ਼ੀਲ ਹਨ।

ਹਵਾਲੇ[ਸੋਧੋ]