ਪ੍ਰੋਲਤਾਰੀ ਦੀ ਡਿਕਟੇਟਰਸ਼ਿਪ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਮਾਰਕਸਵਾਦੀ ਰਾਜਨੀਤਕ ਵਿਚਾਰਧਾਰਾ ਵਿੱਚ, ਪ੍ਰੋਲੇਤਾਰੀ ਦੀ ਤਾਨਾਸ਼ਾਹੀ ਇੱਕ ਅਜਿਹੀ ਰਿਆਸਤ ਦੀ ਲਖਾਇਕ ਹੈ ਜਿਸ ਵਿੱਚ ਪ੍ਰੋਲੇਤਾਰੀ ਜਾਂ ਮਜ਼ਦੂਰ ਵਰਗ ਰਾਜਨੀਤਕ ਸ਼ਕਤੀ ਨੂੰ ਕੰਟਰੋਲ ਕਰਦਾ ਹੈ।[1][2] ਇਸ ਸਿਧਾਂਤ ਦੇ ਅਨੁਸਾਰ, ਇਹ ਪੂੰਜੀਵਾਦ ਅਤੇ ਕਮਿਊਨਿਜ਼ਮ ਦੇ ਵਿਚਕਾਰ ਅੰਤਰਕਾਲੀਨ ਸਮਾਂ ਹੈ, ਜਦੋਂ ਸਰਕਾਰ ਉਤਪਾਦਨ ਦੇ ਸਾਧਨਾਂ ਦੀ ਨਿੱਜੀ ਮਾਲਕੀ ਨੂੰ ਸਮੂਹਿਕ ਮਾਲਕੀ ਵਿੱਚ ਬਦਲਣ ਦੀ ਪ੍ਰਕਿਰਿਆ ਵਿੱਚ ਹੁੰਦੀ ਹੈ,[3] ਅਤੇ ਕਿਸੇ ਵੀ ਸਰਕਾਰ ਦੀ ਹੋਂਦ ਤੋਂ ਭਾਵ ਇੱਕ ਸਮਾਜਿਕ ਵਰਗ ਦੀ ਦੂਸਰੇ ਉੱਤੇ ਤਾਨਾਸ਼ਾਹੀ ਹੀ ਹੁੰਦਾ ਹੈ। ਜੋਸਫ ਵੇਡਮਾਈਅਰ ਦਾ ਘੜਿਆ ਗਿਆ ਇਹ ਪਦ 19 ਵੀਂ ਸਦੀ ਵਿੱਚ ਮਾਰਕਸਵਾਦ ਦੇ ਬਾਨੀਆਂ, ਕਾਰਲ ਮਾਰਕਸ ਅਤੇ ਫਰੀਡ੍ਰਿਕ ਏਂਗਲਜ਼ ਦੁਆਰਾ ਅਪਣਾਇਆ ਗਿਆ ਸੀ। ਦੋਵਾਂ ਨੇ ਦਲੀਲ ਦਿੱਤੀ ਕਿ ਥੋੜ੍ਹੇ ਜਿਹੇ ਪੈਰਿਸ ਕਮਿਊਨ, ਜਿਸ ਨੇ 1871 ਵਿੱਚ ਦੋ ਮਹੀਨਿਆਂ ਤੋਂ ਵੱਧ ਸਮੇਂ ਦੌਰਾਨ ਫ਼ਰਾਂਸ ਦੀ ਰਾਜਧਾਨੀ ਨੂੰ ਚਲਾਇਆ ਸੀ, ਪ੍ਰੋਲੇਤਾਰੀ ਦੀ ਤਾਨਾਸ਼ਾਹੀ ਦਾ ਇੱਕ ਉਦਾਹਰਣ ਸੀ। "ਬੁਰਜ਼ਵਾਜੀ ਦੀ ਤਾਨਾਸ਼ਾਹੀ" ਨੂੰ ਇਸ ਪ੍ਰਕਾਰ "ਪ੍ਰੋਲਤਾਰੀਆ ਦੀ ਤਾਨਾਸ਼ਾਹੀ" ਦੇ ਇੱਕ ਵਿਰੋਧੀ ਪਦ ਵਜੋਂ ਵਰਤਿਆ ਜਾਂਦਾ ਹੈ।[4]

ਇਸ ਨੂੰ "ਤਾਨਾਸ਼ਾਹੀ" ਕਿਹਾ ਜਾਂਦਾ ਹੈ ਕਿਉਂਕਿ ਇਹ ਰਾਜ ਦੇ ਸੰਦ ਵਲੇਵੇ ਨੂੰ ਇਹ ਕੰਟਰੋਲ ਕਰਦਾ ਹੈ, ਇਸਦੇ ਬਲ ਅਤੇ ਜ਼ੁਲਮ ਦੇ ਸਾਧਨ ਇਸਦੇ ਹਥ ਹੁੰਦੇ ਹਨ। ਪਰ ਇਹ ਤਾਨਾਸ਼ਾਹੀ ਦੇ ਆਮ ਵਿਚਾਰ ਤੋਂ ਵੱਖਰਾ ਹੈ ਜਿਸ ਨੂੰ ਮਾਰਕਸਵਾਦੀ ਇੱਕ ਬੰਦੇ ਦੀ ਖ਼ੁਦਗਰਜ਼, ਅਨੈਤਿਕ, ਗੈਰ-ਜ਼ਿੰਮੇਵਾਰ ਅਤੇ ਗ਼ੈਰ-ਸੰਵਿਧਾਨਿਕ ਰਾਜਨੀਤਕ ਹਕੂਮਤ ਸਮਝਦੇ ਸਨ। ਇਸ ਦੀ ਬਜਾਏ ਇਹ ਇੱਕ ਅਵਸਥਾ ਹੈ ਜਿੱਥੇ ਪੂਰੀ ਤਰ੍ਹਾਂ "ਉਤਪਾਦਨ ਦੇ ਵੱਡੇ ਸਾਧਨਾਂ ਦਾ ਸਮਾਜੀਕਰਨ" ਹੁੰਦਾ ਹੈ,[5] ਦੂਜੇ ਸ਼ਬਦਾਂ ਵਿਚ, ਪਦਾਰਥਕ ਉਤਪਾਦਨ ਦੀ ਯੋਜਨਾ ਇਸ ਤਰ੍ਹਾਂ ਬਣਾਈ ਜਾਂਦੀ ਹੈ, ਤਾਂ ਜੋ ਸਮਾਜਿਕ ਲੋੜਾਂ ਪੂਰੀਆਂ ਕੀਤੀਆਂ ਜਾਣ, ਕੰਮ ਕਰਨ ਦਾ ਹੱਕ ਲਾਗੂ ਹੋਵੇ, ਸਿੱਖਿਆ, ਸਿਹਤ ਅਤੇ ਜਨਤਾ ਲਈ ਮਕਾਨ ਹੋਣ ਅਤੇ ਵਿਗਿਆਨ ਅਤੇ ਤਕਨਾਲੋਜੀ ਦਾ ਪੂਰਾ ਵਿਕਾਸ ਹੋਵੇ, ਤਾਂ ਜੋ ਵੱਧ ਤੋਂ ਵੱਧ ਸਮਾਜਕ ਸੰਤੁਸ਼ਟੀ ਪ੍ਰਾਪਤ ਕਰਨ ਲਈ ਪਦਾਰਥਕ ਉਤਪਾਦਨ ਨੂੰ ਕਈ ਗੁਣਾ ਕੀਤਾ ਜਾ ਸਕੇ। ਪਰ, ਵਰਗਾਂ ਵਿੱਚ ਸਮਾਜਿਕ ਵੰਡ ਅਜੇ ਵੀ ਮੌਜੂਦ ਹੁੰਦੀ ਹੈ, ਪਰ ਪ੍ਰੋਲਤਾਰੀਆ ਪ੍ਰਭਾਵਸ਼ਾਲੀ ਸ਼੍ਰੇਣੀ ਬਣ ਜਾਂਦਾ ਹੈ ਅਤੇ ਦਮਨ ਦੀ ਵਰਤੋਂ ਅਜੇ ਬੁਰਜੂਆਜੀ ਉਲਟ-ਇਨਕਲਾਬ ਨੂੰ ਦਬਾਉਣ ਲਈ ਕੀਤੀ ਜਾਂਦੀ ਹੈ। 

ਇਸ ਰਾਜਨੀਤਕ ਵਿਚਾਰ ਲਈ ਦੋ ਮੁੱਖ ਰੁਝਾਨ ਮੌਜੂਦ ਹਨ, ਫਿਰ ਵੀ ਇਨ੍ਹਾਂ ਦੀਆਂ ਲਾਗੂ ਕਰਨ ਦੀਆਂ ਸ਼ਕਤੀਆਂ ਲਈ ਰਾਜ ਦੇ ਔਜਾਰਾਂ ਨੂੰ ਕਾਇਮ ਰੱਖਿਆ ਜਾਂਦਾ ਹੈ:

  • ਮਾਰਕਸਵਾਦ–ਲੈਨਿਨਵਾਦ  ਮਾਰਕਸਵਾਦ ਅਤੇ ਲੈਨਿਨਵਾਦ ਦੇ ਵਿਚਾਰਾਂ ਨੂੰ ਅਪਣਾਉਂਦਾ ਹੈ ਜਿਸ ਤਰ੍ਹਾਂ ਵਲਾਦੀਮੀਰ ਲੈਨਿਨ ਦੇ ਵਾਰਿਸ ਜੋਸਿਫ਼ ਸਟਾਲਿਨ ਨੇ ਇਸਦੀ ਵਿਆਖਿਆ ਕੀਤੀ ਹੈ। ਇਹ ਪ੍ਰੋਲਤਾਰੀਆਂ ਦੀ ਤਰਫੋਂ ਪ੍ਰੋਲਤਾਰੀਆ ਦੇ ਵਿਦਰੋਹ ਦੀ ਅਗਵਾਈ ਕਰਨ ਲਈ ਇੱਕ ਵੈਨਗਾਰਡ ਪਾਰਟੀ ਦੀ ਸਥਾਪਨਾ ਕਰਨਾ ਚਾਹੁੰਦਾ ਹੈ, ਅਤੇ ਇੱਕ ਇੱਕ-ਪਾਰਟੀ ਸਮਾਜਵਾਦੀ ਰਾਜ ਨੂੰ ਉਸਾਰਨਾ ਚਾਹੁੰਦਾ ਹੈ ਜੋ ਪ੍ਰੋਲਤਾਰੀਆ ਦੀ ਤਾਨਾਸ਼ਾਹੀ ਦਾ ਪ੍ਰਗਟਾਵਾ ਹੋਵੇ, ਜੋ ਕਿ ਜਮਹੂਰੀ ਕੇਂਦਰਵਾਦ ਦੀ ਪ੍ਰਕਿਰਿਆ, ਰਾਹੀਂ ਸਰਕਾਰ ਚਲਾਵੇ। ਜਮਹੂਰੀ ਕੇਂਦਰਵਾਦ ਦੀ ਵਿਆਖਿਆ ਕਰਦਿਆਂ ਲੈਨਿਨ ਨੇ ਕਿਹਾ ਸੀ, "ਚਰਚਾ ਵਿੱਚ ਭਿੰਨਤਾ, ਕਾਰਵਾਈ ਵਿੱਚ ਏਕਤਾ"। ਮਾਰਕਸਵਾਦ-ਲੈਨਿਨਵਾਦ ਚੀਨ, ਕਿਊਬਾ, ਲਾਓਸ ਅਤੇ ਵਿਅਤਨਾਮ ਦੀਆਂ ਸੱਤਾਧਾਰੀ ਪਾਰਟੀਆਂ ਦੀ ਅਧਿਕਾਰਤ ਵਿਚਾਰਧਾਰਾ ਹੈ ਅਤੇ ਸੋਵੀਅਤ ਯੂਨੀਅਨ ਦੀ ਕਮਿਊਨਿਸਟ ਪਾਰਟੀ ਅਤੇ ਪੂਰਬੀ ਬਲਾਕ ਦੀਆਂ ਹੋਰ ਸੱਤਾਧਾਰੀ ਪਾਰਟੀਆਂ ਦੀ ਦਫਤਰੀ ਵਿਚਾਰਧਾਰਾ ਸੀ। 
  • ਲਿਬਰਟੇਰੀਅਨ ਮਾਰਕਸਵਾਦੀ, ਖਾਸ ਤੌਰ ਤੇ ਲਕਸਮਬਰਗਵਾਦੀ, ਆਰਥੋਡਾਕਸ ਮਾਰਕਸਵਾਦ ਨਾਲ ਆਪਣੇ ਮਤਭੇਦ ਹੋਣ ਕਾਰਨ ਮਾਰਕਸਵਾਦ–ਲੈਨਿਨਵਾਦ ਦੀ ਆਲੋਚਨਾ ਕਰਦੇ ਹਨ ਅਤੇ ਲੋਕਤੰਤਰੀ ਕੇਂਦਰੀਵਾਦ ਦੇ ਲੈਨਿਨਵਾਦੀ ਸਿਧਾਂਤ ਅਤੇ ਲੌਨਿਨਿਸਟ ਵੈਨਗਾਰਡਵਾਦ ਦੀ ਨੀਤੀ ਦਾ ਵਿਰੋਧ ਕਰਦੇ ਹਨ। ਉਹ, ਟਰੌਟਸਕੀਵਾਦੀਆਂ ਦੇ ਨਾਲ, ਇੱਕ ਪਾਰਟੀ ਰਾਜ ਦੀ ਵਰਤੋਂ ਦਾ ਵਿਰੋਧ ਵੀ ਕਰਦੇ ਹਨ, ਜਿਸ ਨੂੰ ਉਹ ਗ਼ੈਰ-ਲੋਕਤੰਤਰੀ ਸਮਝਦੇ ਹਨ, ਭਾਵੇਂ ਕਿ ਟਰੌਟਕੀਵਾਦੀ ਅਜੇ ਵੀ ਬੋਲਸ਼ਵਿਕ ਹਨ, ਵੈਨਗਾਰਡ ਪਾਰਟੀ, ਜਮਹੂਰੀ ਕੇਂਦਰੀਵਾਦ ਅਤੇ ਸੋਵੀਅਤ ਜਮਹੂਰੀਅਤ ਨੂੰ ਮੰਨਦੇ ਹਨ, ਆਪਣੇ ਆਪ ਨੂੰ ਲੈਨਿਨਵਾਦ ਦੇ ਅਸਲ ਉੱਤਰਾਧਿਕਾਰੀ ਮੰਨਦੇ ਹਨ। ਮਾਰਕਸਵਾਦੀ ਸਿਧਾਂਤਕਾਰ ਰੋਜ਼ਾ ਲਕਸਮਬਰਗ ਨੇ ਪ੍ਰੋਲਤਾਰੀ ਦੀ ਤਾਨਾਸ਼ਾਹੀ ਦੀ ਸਾਰੀ ਕਲਾਸ ਦੀ ਹਕੂਮਤ ਵਜੋਂ ਭੂਮਿਕਾ ਤੇ ਜ਼ੋਰ ਦਿੱਤਾ, ਇਹ ਬਹੁਗਿਣਤੀ ਦੀ ਨੁਮਾਇੰਦਗੀ ਕਰੇ, ਨਾ ਸਿਰਫ ਇੱਕ ਪਾਰਟੀ ਦੀ ਹੋਵੇ, ਜਿਸ ਨੇ ਲੋਕਤੰਤਰ ਨੂੰ ਵਿਕਸਤ ਕਰਨ ਦੀ ਧਾਰਨਾ ਦੇ ਤੌਰ ਤੇ ਪ੍ਰੋਲਤਾਰੀ ਦੀ ਤਾਨਾਸ਼ਾਹੀ ਨੂੰ ਪ੍ਰਭਾਸ਼ਿਤ ਕੀਤਾ ਅਤੇ ਕਿਹਾ ਕਿ ਬੁਰਜੂਆਜੀ ਦੀ ਤਾਨਾਸ਼ਾਹੀ ਵਿੱਚ ਘੱਟ ਗਿਣਤੀ ਦੇ ਸ਼ਾਸਨ ਦੇ ਉਲਟ,ਇਹ ਲੋਕਤੰਤਰ ਨੂੰ ਵਧਾਵੇ।[6]

ਸੂਚਨਾ[ਸੋਧੋ]

  1. "On Authority". Retrieved 13 September 2014.
  2. Karl Marx; Frederick Engels. "Manifesto of the Communist Party". Retrieved 13 September 2014.
  3. "Critique of the Gotha Programme—IV". Critique of the Gotha Programme. Retrieved 2009-10-18.
  4. Lenin, Vladimir (1918). "Class society and the state". The State and Revolution. Lenin Internet Archive (marxists.org).
  5. O.P.Gauba (2015). An introduction to political theory. New Delhi: Mayur paperbacks. pp. 607, 608.
  6. Luxemburg, Rosa (1918). "Democracy and Dictatorship". The Russian Revolution. New York: Workers Age Publishers.