ਸਮੱਗਰੀ 'ਤੇ ਜਾਓ

ਦਲੀਪ ਸਿੰਘ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
(ਮਹਾਰਾਜਾ ਦਲੀਪ ਸਿੰਘ ਤੋਂ ਮੋੜਿਆ ਗਿਆ)


ਮਹਾਰਾਜਾ ਦਲੀਪ ਸਿੰਘ
ਮਹਾਰਾਜਾ ਦਲੀਪ ਸਿੰਘ ਸ਼ਾਹੀ ਲਿਬਾਸ ਵਿੱਚ 1861
ਜਨਮ6 ਸਤੰਬਰ 1838
ਮੌਤ22 ਅਕਤੂਬਰ 1893
ਪੇਸ਼ਾਸਿੱਖ ਰਾਜ ਦਾ ਮਹਾਰਾਜਾ
ਜੀਵਨ ਸਾਥੀਮਹਾਰਾਣੀ ਬਾਮਬਾ
ਮਾਤਾ-ਪਿਤਾ
ਮਹਾਰਾਜਾ ਦਲੀਪ ਸਿੰਘ

ਮਹਾਰਾਜਾ ਦਲੀਪ ਸਿੰਘ (6 ਸਤੰਬਰ1838 – 22 ਅਕਤੂਬਰ 1893), ਦਾ ਜਨਮ 6 ਸਤੰਬਰ, 1838 ਨੂੰ ਮਹਾਰਾਣੀ ਜਿੰਦ ਕੌਰ ਦੀ ਕੁੱਖੋਂ ਹੋਇਆ ਜੋ ਬਾਅਦ ਦੀ ਜ਼ਿੰਦਗੀ ਵਿੱਚ ਬਲੈਕ ਪ੍ਰਿੰਸ ਆਫ਼ ਪੇਰਥਸ਼ਿਰ ਵੀ ਕਹਿਲਾਇਆ,[1] ਸਿੱਖ ਰਾਜ ਦੇ ਆਖਰੀ ਮਹਾਰਾਜਾ ਸੀ। ਉਹ ਮਹਾਰਾਜਾ ਰਣਜੀਤ ਸਿੰਘ ਦਾ ਛੋਟਾ ਪੁੱਤਰ, ਮਹਾਰਾਣੀ ਜਿੰਦ ਕੌਰ ਦਾ ਇੱਕੋ ਇੱਕ ਬੱਚਾ ਸੀ।

ਸੰਨ 1849 ਵਿੱਚ ਅੰਗਰੇਜ਼ਾਂ ਅਤੇ ਸਿੱਖਾਂ ਦੀ ਦੂਸਰੀ ਜੰਗ ਪਿੱਛੋਂ ਜਿਸ ਚਲਾਕੀ ਅਤੇ ਸ਼ਾਤਰਾਨਾ ਢੰਗ ਨਾਲ ਪੰਜਾਬ ਨੂੰ ਅੰਗਰੇਜ਼ੀ ਰਾਜ ਵਿੱਚ ਸ਼ਾਮਲ ਕੀਤਾ ਹੈ ਉਹ ਹੁਣ ਕਿਸੇ ਵੀ ਵਿਆਖਿਆ ਦਾ ਮੁਹਤਾਜ ਨਹੀਂ। ਲਾਰਡ ਡਲਹੌਜ਼ੀ ਨੇ ਕੁਟਲਨੀਤੀ ਵਰਤਦਿਆਂ ਹੋਇਆਂ ਈਸਟ ਇੰਡੀਆ ਕੰਪਨੀ ਦੀ ਸਰਕਾਰ ਵੱਲੋਂ ਮਹਾਰਾਜਾ ਰਣਜੀਤ ਸਿੰਘ ਨਾਲ ਕੀਤੇ ਮਿੱਤਰਤਾ ਦੇ ਕੌਲ-ਇਕਰਾਰਾਂ ਨੂੰ ਛਿੱਕੇ ਟੰਗ ਕੇ ਨਾਬਾਲਗ ਮਹਾਰਾਜਾ ਦਲੀਪ ਸਿੰਘ ਅਤੇ ਉਹਨਾਂ ਦੀ ਮਾਤਾ, ਪੰਜਾਬ ਦੀ ਮਹਾਰਾਣੀ ਜਿੰਦ ਕੌਰ ਨਾਲ ਜੋ ਵਿਸ਼ਵਾਸਘਾਤੀਆਂ ਵਾਲਾ ਸਲੂਕ ਕੀਤਾ, ਉਹ ਇਤਿਹਾਸ ਦੇ ਪੰਨਿਆਂ ’ਤੇ ਇੱਕ ਬਦਨੁਮਾ ਦਾਗ਼ ਬਣ ਕੇ ਰਹਿ ਗਿਆ ਹੈ।

ਅਹਿਦਨਾਮਾ ਭਰੋਵਾਲ ਨਾਲ ਅੰਗਰੇਜ਼ਾਂ ਦੀ ਬੇਵਫਾਈ

[ਸੋਧੋ]

ਅਹਿਦਨਾਮਾ ਭਰੋਵਾਲ ਮੁਤਾਬਕ ਈਸਟ ਇੰਡੀਆ ਕੰਪਨੀ ਦੀ ਸਰਕਾਰ ਨੇ ਲਾਹੌਰ ਦਰਬਾਰ ਮਹਾਰਾਣੀ ਜਿੰਦ ਕੌਰ ਅਤੇ ਨਾਬਾਲਗ ਮਹਾਰਾਜਾ ਦਲੀਪ ਸਿੰਘ ਨਾਲ ਜੋ ਕੌਲ-ਇਕਰਾਰ ਕੀਤੇ ਸਨ। ਉਸ ਮੁਤਾਬਿਕ ਕੰਪਨੀ ਦੀ ਸਰਕਾਰ ਦੇ ਨੁਮਾਇੰਦੇ ਇੱਕ ਮਿੱਤਰ ਦੀ ਹੈਸੀਅਤ ਵਿੱਚ ਨਾਬਾਲਗ ਮਹਾਰਾਜੇ ਦੀ ਰਾਖੀ ਲਈ ਹਾਲਾਤ ਦੇ ਸਾਜ਼ਗਾਰ ਹੋਣ ਤਕ ਲਾਹੌਰ ਵਿੱਚ ਆਏ ਸਨ ਤੇ ਇਸੇ ਹੈਸੀਅਤ ਵਿੱਚ ਦਰਬਾਰ ਦਾ ਕੰਮ-ਕਾਜ ਸੰਭਾਲਿਆ ਸੀ ਪਰ ਕਿਸਮਤ ਦੀ ਸਿਤਮ-ਜ਼ਰੀਫ਼ੀ ਦੇਖੋ, ਰਾਖਾ ਮਿੱਤਰ ਆਪ ਹੀ ਰਕੀਬ ਬਣ ਕੇ ਰਹਿ ਗਿਆ। ਇਸ ਅਹਿਦਨਾਮੇ ਦੀ ਸਿਆਹੀ ਵੀ ਅਜੇ ਖੁਸ਼ਕ ਨਹੀਂ ਸੀ ਹੋਈ ਕਿ ਕੰਪਨੀ ਦੇ ਸ਼ਾਤਰ ਸ਼ਾਸਕਾਂ ਨੇ ਆਪਣੇ ਪਰਮ-ਮਿੱਤਰ ਦੀ ਵਿਧਵਾ ਮਹਾਰਾਣੀ ਅਤੇ ਉਸ ਦੇ ਪੰਜ ਸਾਲਾ ਮਾਸੂਮ ਪੁੱਤਰ ਮਹਾਰਾਜਾ ਦਲੀਪ ਸਿੰਘ ਨੂੰ ਇੱਕ ਤਰ੍ਹਾਂ ਬੰਦੀ ਬਣਾ ਕੇ ਉਹਨਾਂ ਤੋਂ ਸਭ ਹੱਕ ਅਖਤਿਆਰ ਖੋਹ ਲਏ। ਪੰਜਾਬ ਨੂੰ ਪੂਰੀ ਤਰ੍ਹਾਂ ਆਪਣੀ ਜਕੜ ਵਿੱਚ ਲੈਣ ਲਈ ਬੜੀ ਚਲਾਕੀ ਤੇ ਹੁਸ਼ਿਆਰੀ ਨਾਲ ਮਾਸੂਮ ਦਲੀਪ ਸਿੰਘ ਦੇ ਦਿਲ ਵਿੱਚ ਆਪਣੀ ਮਾਤਾ ਲਈ ਨਫ਼ਰਤ ਭਰਨੀ ਸ਼ੁਰੂ ਕਰ ਦਿੱਤੀ ਅਤੇ ਆਖਰ ਵਿੱਚ ਮਾਂ-ਪੁੱਤਰ ਨੂੰ ਅਲੱਗ-ਅਲੱਗ ਕਰ ਕੇ ਕਈ ਤਰ੍ਹਾਂ ਦੇ ਝੂਠੇ ਇਲਜ਼ਾਮ ਲਗਾ ਕੇ ਪੰਜਾਬ ਦੀ ਜਿੰਦ ਕੌਰ ਨੂੰ ਸ਼ੇਖੂਪੁਰੇ ਦੇ ਕਿਲ੍ਹੇ ਵਿੱਚ ਕੈਦ ਕਰ ਦਿੱਤਾ। ਮਾਸੂਮ ਦਲੀਪ ਸਿੰਘ ਨੂੰ ਉਹਦੇ ਆਪਣਿਆਂ ਤੋਂ ਵਿਛੋੜ ਕੇ ਪੰਜਾਬ ਦੀ ਧਰਤੀ ਤੋਂ ਬਹੁਤ ਦੂਰ ਯੂ.ਪੀ. ਵਿੱਚ ਫਤਹਿਗੜ੍ਹ ਦੇ ਮੁਕਾਮ ’ਤੇ ਸ੍ਰੀਮਤੀ ਅਤੇ ਸ੍ਰੀ ਲਾਗਨ ਦੀ ਨਿਗਰਾਨੀ ਹੇਠ ਛੱਡ ਦਿੱਤਾ ਤੇ ਉਹਨਾਂ ਨੂੰ ਇਹ ਵੀ ਹਦਾਇਤ ਦੀਤੀ ਗਈ ਕਿ ਹੌਲੀ-ਹੌਲੀ ਦਲੀਪ ਸਿੰਘ ਨੂੰ ਵਰਗਲਾ ਕੇ ਈਸਾਈ ਧਰਮ ਗ੍ਰਹਿਣ ਕਰਨ ਲਈ ਤਿਆਰ ਕਰਨਾ। ਇਹ ਦੋਵੇਂ ਕਾਰਜ ਪੂਰੇ ਕਰਨ ਪਿੱਛੋਂ ਪੰਜਾਬ ਨੂੰ ਅੰਗਰੇਜ਼ੀ ਰਾਜ ਵਿੱਚ ਸ਼ਾਮਲ ਕਰਨ ਦਾ ਐਲਾਨ ਕਰ ਦਿੱਤਾ ਗਿਆ।

ਪੰਜਾਬ ਦੀ ਅਣਖ ਅਜੇ ਪੂਰੀ ਤਰ੍ਹਾਂ ਮਰੀ ਨਹੀਂ ਸੀ, ਅਜੇ ਵੀ ਐਸੇ ਅਨੇਕਾਂ ਧਰਮੀ ਜਿਉਂਦੇ ਸਨ ਜੋ ਮਹਾਰਾਣੀ ਜਿੰਦ ਕੌਰ ਵਾਂਗ ਇਸ ਜ਼ੁਲਮ ਅਤੇ ਅਨਿਆਂ ਅੱਗੇ ਝੁਕਣ ਨੂੰ ਤਿਆਰ ਨਹੀਂ ਸਨ, ਹਾਂ, ਮੌਕੇ ਦੀ ਤਲਾਸ਼ ਵਿੱਚ ਜ਼ਰੂਰ ਸਨ। ਜਦੋਂ ਸ਼ੇਖੂਪੁਰੇ ਦੇ ਕਿਲ੍ਹੇ ਵਿੱਚ ਕੈਦ ਮਹਾਰਾਣੀ ਨੂੰ ਇਸ ਹਾਲਾਤ ਦਾ ਪਤਾ ਲੱਗਾ ਤਾਂ ਉਸ ਦੀ ਹਾਲਤ ਉਸ ਜ਼ਖਮੀ ਸ਼ੇਰਨੀ ਵਾਂਗੂੰ ਸੀ ਜੋ ਪਿੰਜਰੇ ਵਿੱਚ ਪਈ ਤੜਫ ਰਹੀ ਹੋਵੇ। ਉਸ ਵੀ ਕਈ ਹੋਰ ਧਰਮੀਆਂ ਵਾਂਗ ਪ੍ਰਣ ਕਰ ਲਿਆ ਕਿ ਜਦੋਂ ਤਕ ਵੱਡੀ ਸਰਕਾਰ ਦੇ ਇਸ ਪਿਆਰੇ ਪੰਜਾਬ ਵਿੱਚੋਂ ਸ਼ਾਤਰ ਅੰਗਰੇਜ਼ਾਂ ਦੇ ਨਾਪਾਕ ਕਦਮਾਂ ਨੂੰ ਬਖੇੜ ਨਹੀਂ ਦੇਵੇਗੀ, ਚੈਨ ਨਹੀਂ ਲਵੇਗੀ।

ਇੰਗਲੈਂਡ ਰਵਾਨਗੀ

[ਸੋਧੋ]

ਲਾਰਡ ਡਲਹੌਜ਼ੀ ਵੀ ਬੜਾ ਚਾਲਾਕ ਅਤੇ ਮਕਾਰ ਸ਼ਾਸਕ ਸੀ। ਉਹ ਇਹ ਵੀ ਜਾਣਦਾ ਸੀ ਕਿ ਪੰਜਾਬ ਵਿੱਚ ਜੇ ਕੋਈ ਵਿਅਕਤੀ ਕਿਸੇ ਵੇਲੇ ਸਰਕਾਰ ਅੰਗਰੇਜ਼ੀ ਲਈ ਖ਼ਤਰਾ ਬਣ ਸਕਦਾ ਹੈ ਤਾਂ ਉਹ ਕੇਵਲ ਮਹਾਰਾਣੀ ਜਿੰਦ ਕੌਰ ਹੀ ਹੈ ਕਿਉਂਕਿ ਉਹ ਉਂਚੀ ਤੇ ਸੁਚੱਜੀ ਸੂਝ-ਬੂਝ ਦੀ ਮਾਲਕ ਸੀ ਤੇ ਦੇਸ਼ ਭਗਤੀ ਦਾ ਜਜ਼ਬਾ ਉਸ ਵਿੱਚ ਕੁੱਟ-ਕੁੱਟ ਕੇ ਭਰਿਆ ਹੋਇਆ ਸੀ। ਇਸ ਵੱਡੇ ਖ਼ਤਰੇ ਨੂੰ ਟਾਲਣ ਲਈ ਮਹਾਰਾਣੀ ਜਿੰਦ ਕੌਰ ਨੂੰ ਸ਼ੇਖੂਪੁਰੇ ਦੇ ਕਿਲ੍ਹੇ ਵਿੱਚੋਂ ਕੱਢ ਕੇ ਦੂਰ ਬਨਾਰਸ ਵਿੱਚ ਚੁਨਾਰ ਦੇ ਕਿਲ੍ਹੇ ਵਿੱਚ ਕੈਦ ਕਰਨ ਦਾ ਪਲਾਨ ਬਣਾਇਆ। ਮਹਾਰਾਣੀ ਨੇ ਬਥੇਰਾ ਰੌਲਾ ਪਾਇਆ ਅਰਜ਼ੀਆਂ ਦਿੱਤੀਆਂ, ਵੱਡੀ ਸਰਕਾਰ ਨਾਲ ਕੀਤੇ ਇਕਰਾਰ ਦਾ ਵਾਸਤਾ ਪਾਇਆ ਪਰ ਜਦੋਂ ਕਾਤਲ ਹੀ ਮੁਨਸਫ ਹੋਵੇ ਤਾਂ ਫੇਰ ਕੌਣ ਸੁਣੇ! ਆਖਰ ਸਰਕਾਰ ਅੰਗਰੇਜ਼ੀ ਦੇ ਭਲੇ ਲਈ ਮਹਾਰਾਣੀ ਜਿੰਦ ਕੌਰ ਨੂੰ ਉਹਦੀਆਂ ਕੁਝ ਗੋਲੀਆਂ ਸਮੇਤ ਚੁਨਾਰ ਦੇ ਕਿਲ੍ਹੇ ਵਿੱਚ ਭੇਜ ਦਿੱਤਾ ਗਿਆ। ਇਸ ਦੌਰਾਨ ਨਾਬਾਲਗ ਦਲੀਪ ਸਿੰਘ ਨੂੰ ਉਸ ਦੇ ਪਿਤਾ-ਪੁਰਖੀ ਧਰਮ ਤੋਂ ਵਾਂਝਿਆਂ ਕਰ ਕੇ ਵਲੈਤ ਭੇਜ ਦਿੱਤਾ ਗਿਆ।

ਅੰਗਰੇਜ਼ੀ ਰਾਜ ਦੇ ਇਸ ਅਨਿਆਂ ਅਤੇ ਜ਼ੁਲਮ ਵਿਰੁੱਧ ਮਹਾਰਾਣੀ ਜਿੰਦ ਕੌਰ ਤੋਂ ਇਲਾਵਾ ਜਿਹਨਾਂ ਗਿਣਤੀ ਦੇ ਕੁਝ ਧਰਮੀ ਵਿਅਕਤੀਆਂ ਦੇ ਦਿਲਾਂ ਵਿੱਚ ਰੋਹ ਭਰਿਆ ਹੋਇਆ ਸੀ, ਮਹਾਰਾਜਾ ਰਣਜੀਤ ਸਿੰਘ ਦੇ ਇੱਕ ਨਜ਼ਦੀਕੀ ਰਿਸ਼ਤੇਦਾਰ ਸ. ਠਾਕਰ ਸਿੰਘ ਸੰਧਾਵਾਲੀਏ ਦਾ ਨਾਮ ਵਰਣਨਯੋਗ ਹੈ।

ਠਾਕਰ ਸਿੰਘ ਸੰਧਾਵਾਲੀਏ ਦੇ ਜਤਨ

[ਸੋਧੋ]

ਸ. ਠਾਕਰ ਸਿੰਘ ਸੰਧਾਵਾਲੀਆ ਬੜਾ ਤੀਖਣ ਬੁੱਧੀ ਵਾਲਾ ਤੇ ਰੌਸ਼ਨ-ਦਿਮਾਗ ਇਨਸਾਨ ਸੀ। ਉਸ ਦੀ ਇਹ ਪੱਕੀ ਰਾਏ ਸੀ ਕਿ ਖਾਲਸਾ ਪੰਥ ਸਤਿਗੁਰਾਂ ਦੇ ਦਰਸਾਏ ਮਾਰਗ ਤੋਂ ਥਿੜਕਣ ਕਰਕੇ ਹੀ ਮੰਦ ਭਾਗਾਂ ਦਾ ਸ਼ਿਕਾਰ ਹੋ ਗਿਆ ਹੈ। ਉਸ ਨੇ ਕੌਮ ਵਿੱਚ ਸੁਧਾਰ ਕਰਨ ਤੇ ਨਵੀਂ ਜਾਗ੍ਰਿਤੀ ਲਿਆਉਣ ਲਈ ਪੰਥ ਦੀਆਂ ਉਂਚੀਆਂ ਹਸਤੀਆਂ, ਬੁੱਧੀਜੀਵੀਆਂ ਨੂੰ ਇਕੱਤਰ ਕਰ ਕੇ 1872 ਵਿੱਚ ਸ੍ਰੀ ਗੁਰੂ ਸਿੰਘ ਸਭਾ, ਅੰਮ੍ਰਿਤਸਰ ਦੀ ਬੁਨਿਆਦ ਰੱਖ ਕੇ ਸਿੱਖੀ ਦੇ ਸਰੂਪ ਅਤੇ ਵਜੂਦ ਦੀ ਕਾਇਮੀ ਲਈ ਜਬਰਦਸਤ ਲਹਿਰ ਚਲਾਈ।

ਸ੍ਰੀ ਗੁਰੂ ਸਿੰਘ ਸਭਾ ਦੀ ਕਾਇਮੀ ਮਗਰੋਂ ਸੰਧਾਵਾਲੀਆ ਸਰਦਾਰ ਆਪਣੇ ਅਸਲੀ ਕਾਰਜ ਖੇਤਰ ਵਿੱਚ ਜੁਟ ਗਿਆ। ਇਸ ਕਾਰਜ ਲਈ ਆਪਣੇ ਕੁਝ ਭਰੋਸੇਯੋਗ ਸਾਥੀਆਂ ਨੂੰ ਨਾਲ ਲੈ ਕੇ ਉਸ ਨੇ ਇੱਕ ਖੁਫ਼ੀਆ ਪਾਰਟੀ ਬਣਾਈ ਜਿਸ ਦਾ ਮੰਤਵ ਪੰਜਾਬ ਵਿੱਚੋਂ ਅੰਗਰੇਜ਼ਾਂ ਨੂੰ ਕੱਢ ਕੇ ਮਹਾਰਾਜਾ ਦਲੀਪ ਸਿੰਘ ਦੀ ਛਤਰ-ਛਾਇਆ ਹੇਠ ਖਾਲਸਾ ਰਾਜ ਦੀ ਸਥਾਪਨਾ ਕਰਨਾ ਸੀ। ਸ. ਠਾਕਰ ਸਿੰਘ ਦੇ ਭਰੋਸੇਯੋਗ ਸਾਥੀਆਂ ਵਿੱਚੋਂ ਭਾਈ ਸਾਹਿਬ ਗਿਆਨੀ ਪ੍ਰਤਾਪ ਸਿੰਘ ਜੀ, ਬਾਵਾ ਬੁੱਧ ਸਿੰਘ ਰੀਟਾਇਰਡ ਕੈਪਟਨ, ਸਰਦਾਰ ਦੀ ਜਗੀਰ ਦੇ ਮੈਨੇਜਰ ਜੋਹਲੇ ਮੱਲ, ਸੋਹਨ ਲਾਲ ਤੇ ਪੋਹਲੀ ਰਾਮ ਦੇ ਨਾਮ ਵਰਣਨਯੋਗ ਹਨ।

ਪੰਜਾਬ ਸਰਕਾਰ ਵੀ ਹੁਣ ਕਿਸੇ ਤਰ੍ਹਾਂ ਅਵੇਸਲੀ ਨਹੀਂ ਸੀ ਤੇ ਉਹ ਸੰਧਾਵਾਲੀਏ ਸਰਦਾਰ ਤੇ ਉਹਨਾਂ ਦੇ ਸਾਥੀਆਂ ਦੀਆਂ ਸਰਗਰਮੀਆਂ ’ਤੇ ਕੜੀ ਨਜ਼ਰ ਰੱਖ ਰਹੀ ਸੀ। ਸ. ਠਾਕਰ ਸਿੰਘ ਨੂੰ ਸ਼ਾਂਤ ਕਰਨ ਲਈ ਸਰਕਾਰ ਨੇ ਯੋਜਨਾਬੱਧ ਤਰੀਕੇ ਨਾਲ ਅੰਮ੍ਰਿਤਸਰ ਵਿੱਚ ਐਕਸਟਰਾ ਅਸਿਸਟੈਂਟ ਕਮਿਸ਼ਨਰ ਨਿਯੁਕਤ ਕਰ ਦਿੱਤਾ ਤੇ ਨਾਲ ਹੀ ਸ੍ਰੀ ਦਰਬਾਰ ਸਾਹਿਬ ਦੀ ਪ੍ਰਬੰਧਕ ਕਮੇਟੀ ਦਾ ਮੈਂਬਰ ਨਾਮਜ਼ਦ ਕਰ ਦਿੱਤਾ। ਪਰ ਇਹ ਗੱਲ ਬਹੁਤ ਦੇਰ ਲਈ ਚੱਲ ਨਾ ਸਕੀ ਤੇ ਆਖਰ ਸਰਕਾਰ ਨੇ ਇਸ ਨਿਯੁਕਤੀ ਨੂੰ ਮਨਸੂਖ ਕਰ ਦਿੱਤਾ ਤੇ ਸਰਦਾਰ ਦੀ ਸਾਰੀ ਜਾਇਦਾਦ ਸਰਕਾਰੀ ਕਬਜ਼ੇ ਹੇਠਾਂ ਲੈ ਆਂਦੀ। ਸੰਧਾਵਾਲੀਆ ਸਰਦਾਰ ਡੋਲਿਆ ਨਹੀਂ, ਸਗੋਂ ਹੋਰ ਮਜ਼ਬੂਤੀ ਨਾਲ ਆਪਣੇ ਕਾਜ ਵਿੱਚ ਜੁੱਟ ਗਿਆ। ਹੁਣ ਉਸ ਨੇ ਕਿਸੇ ਨਾ ਕਿਸੇ ਤਰ੍ਹਾਂ ਮਹਾਰਾਜਾ ਦਲੀਪ ਸਿੰਘ ਨਾਲ ਵੀ ਵਲੈਤ ਵਿੱਚ ਸੰਪਰਕ ਕਾਇਮ ਕਰ ਲਿਆ ਤੇ ਮਹਾਰਾਜੇ ਨੂੰ ਅੰਗਰੇਜ਼ਾਂ ਵਿਰੁੱਧ ਬਗ਼ਾਵਤ ਕਰਨ ਲਈ ਪ੍ਰੇਰਿਆ ਅਤੇ ਮੁੜ ਆਪਣੇ ਪਿਤਾ-ਪੁਰਖੀ ਧਰਮ ਨੂੰ ਗ੍ਰਹਿਣ ਕਰਨ ਦਾ ਉਤਸ਼ਾਹ ਦਿੱਤਾ। ਇਸ ਦੌਰਾਨ ਮਹਾਰਾਣੀ ਜਿੰਦ ਕੌਰ ਕਿਸੇ ਤਰ੍ਹਾਂ ਆਪਣੀ ਦਾਸੀ ਮੰਗਲਾ ਦੀ ਸਹਾਇਤਾ ਨਾਲ ਚੁਨਾਰ ਦੇ ਕਿਲ੍ਹੇ ਵਿੱਚੋਂ ਫਰਾਰ ਹੋ ਕੇ ਇੱਕ ਭਿਖਾਰਨ ਦੀ ਹਾਲਤ ਵਿੱਚ ਨੇਪਾਲ ਪੁੱਜਣ ਵਿੱਚ ਕਾਮਯਾਬ ਹੋ ਗਈ, ਜਿੱਥੇ ਨੇਪਾਲ ਦੇ ਰਾਣਾ ਨੇ ਉਸ ਨੂੰ ਸ਼ਾਹੀ ਮਹਿਮਾਨ ਵਜੋਂ ਆਦਰ ਦਿੱਤਾ। ਕੁਝ ਸਮਾਂ ਬੀਤਣ ਪਿੱਛੋਂ ਨੇਪਾਲ ਦੇ ਰਾਣਾ ਨੇ ਭਾਰਤ ਵਿੱਚ ਅੰਗਰੇਜ਼ੀ ਸਰਕਾਰ ਨੂੰ ਰਜ਼ਾਮੰਦ ਕਰ ਲਿਆ ਕਿ ਉਹ ਮਹਾਰਾਣੀ ਨੂੰ ਵਾਪਸ ਭਾਰਤ ਵਿੱਚ ਆ ਕੇ ਵੱਸਣ ਦੀ ਆਗਿਆ ਦੇ ਦੇਵੇ ਤੇ ਮਾਂ-ਪੁੱਤਰ ਦਾ ਮਿਲਾਪ ਕਰਾਉਣ ਲਈ ਵੀ ਮਨਾ ਲਿਆ।

ਮਹਾਰਾਣੀ ਜਿੰਦਾਂ ਤੇ ਦਲੀਪ ਸਿੰਘ ਮਿਲਾਪ

[ਸੋਧੋ]

ਮਹਾਰਾਣੀ ਜਿੰਦ ਕੌਰ ਨੇਪਾਲ ਤੋਂ ਕਲਕੱਤੇ ਪੁੱਜ ਗਈ, ਉਧਰੋਂ ਮਹਾਰਾਜਾ ਦਲੀਪ ਸਿੰਘ ਨੂੰ ਵੀ ਵਲੈਤ ਤੋਂ ਕਲਕੱਤੇ ਲੈ ਆਂਦਾ ਗਿਆ। ਦੁੱਖਾਂ ਤੇ ਗ਼ਮਾਂ ਦੀ ਮਾਰੀ ਜਿੰਦ ਕੌਰ ਦੀ ਅੱਖਾਂ ਦੀ ਜੋਤ ਵੀ ਹੁਣ ਜਵਾਬ ਦੇ ਰਹੀ ਸੀ। ਰਾਜ-ਭਾਗ ਖੁੱਸੇ ਹੋਏ ਜਲਾਵਤਨ ਮਾਂ-ਪੁੱਤਰ ਦੀ ਮਿਲਣੀ ਕਲਕੱਤੇ ਦੇ ਹੋਟਲ ਸਪੈਨਿਸ਼ ਵਿੱਚ ਹੋਈ। ਮੁੱਦਤ ਹੋ ਗਈ ਸੀ ਵਿੱਛੜਿਆਂ ਨੂੰ। ਨਜ਼ਰ ਦੀ ਕਮਜ਼ੋਰੀ ਕਾਰਨ ਮਾਂ ਆਪਣੇ ਪੁੱਤਰ ਨੂੰ ਪੂਰੀ ਤਰ੍ਹਾਂ ਪਹਿਚਾਣ ਕਰਨ ਤੋਂ ਵੀ ਅਸਮਰੱਥ ਸੀ। ਜੱਫੀ ਵਿੱਚ ਲੈ ਕੇ ਜਦ ਪਿਆਰ ਨਾਲ ਪੁੱਤਰ ਦੇ ਸਿਰ ’ਤੇ ਹੱਥ ਫੇਰਿਆ ਤਾਂ ਅੰਤਾਂ ਦੇ ਦੁੱਖ ਖਿੜੇ-ਮੱਥੇ ਸਹਾਰਨ ਵਾਲੀ ਸ਼ੇਰ-ਦਿਲ ਮਹਾਰਾਣੀ ਭੁੱਬਾਂ ਮਾਰ ਕੇ ਰੋ ਪਈ। ਪੁੱਤਰ ਦੇ ਸਿਰ ’ਤੇ ਕੇਸ ਨਾ ਦੇਖ ਕੇ ਮਹਾਰਾਣੀ ਨੂੰ ਇਉਂ ਜਾਪਿਆ, ਜਿਵੇਂ ਅੱਜ ਹੀ ਉਸ ਦਾ ਰਾਜ-ਭਾਗ ਖੁੱਸਿਆ ਹੋਵੇ। ਪੁੱਤਰ ਨੂੰ ਪਿਤਾ-ਪੁਰਖੀ ਧਰਮ ਵਿੱਚ ਨਾ ਦੇਖ ਕੇ ਗਸ਼ ਖਾ ਕੇ ਡਿੱਗ ਪਈ। ਦਲੀਪ ਸਿੰਘ ਨੇ ਦਿਲਾਸਿਆਂ ਨਾਲ ਮਾਂ ਨੂੰ ਸੰਭਾਲਿਆ ਤੇ ਵਚਨ ਦਿੱਤਾ ਕਿ ਉਹ ਮੁੜ ਆਪਣੇ ਪੁਰਖਿਆਂ ਦੇ ਧਰਮ ਨੂੰ ਗ੍ਰਹਿਣ ਕਰੇਗਾ।

ਦੋਹਾਂ ਮਾਂ-ਪੁੱਤਰ ਦੀ ਮਿਲਣੀ ਨੇ ਪੰਜਾਬ ਵਿੱਚ ਕੁਝ ਹਲਚਲ ਪੈਦਾ ਕਰ ਦਿੱਤੀ ਜਿਸ ’ਤੇ ਸਰਕਾਰ ਦੇ ਵੀ ਕੰਨ ਖੜ੍ਹੇ ਹੋ ਗਏ। ਦੋਖੀਆਂ ਨੇ ਵੀ ਸਰਕਾਰ ਦੇ ਕੰਨ ਭਰਨੇ ਸ਼ੁਰੂ ਕਰ ਦਿੱਤੇ ਜਿਸ ’ਤੇ ਛੇਤੀ ਹੀ ਸਰਕਾਰ ਨੇ ਮਹਾਰਾਜਾ ਦਲੀਪ ਸਿੰਘ ਨੂੰ ਆਪਣੀ ਮਾਤਾ ਸਮੇਤ ਵਾਪਸ ਵਲੈਤ ਜਾਣ ਦੇ ਆਦੇਸ਼ ਦੇ ਦਿੱਤੇ। ਵਲੈਤ ਪੁੱਜ ਕੇ ਮਾਂ-ਪੁੱਤਰ ਨੇ ਉਹਨਾਂ ਨਾਲ ਇਨਸਾਫ ਕਰਨ ਲਈ ਮਲਕਾ ਵਿਕਟੋਰੀਆ ਦਾ ਦਰਵਾਜ਼ਾ ਖੜਕਾਇਆ, ਬਥੇਰੀਆਂ ਅਰਜ਼ੀਆਂ ਦਿੱਤੀਆਂ, ‘ਵੱਡੀ ਸਰਕਾਰ’ ਨਾਲ ਕੀਤੇ ਇਕਰਾਰਾਂ ਦਾ ਵਾਸਤਾ ਪਾਇਆ ਪਰ ਸਭ ਵਿਅਰਥ ਆਖਰ ਮਹਾਰਾਣੀ ਨੇ ਵਲੈਤ ਦੀ ਸਰਕਾਰ ਪਾਸ ਬੇਨਤੀ ਕੀਤੀ ਕਿ ਉਹ ਆਪਣੇ ਪੁੱਤਰ ਨੂੰ ਮੁੜ ਪਿਤਾ-ਪੁਰਖੀ ਧਰਮ ਵਿੱਚ ਦੇਖਣਾ ਚਾਹੁੰਦੀ ਹੈ ਇਸ ਲਈ ਉਸ ਨੂੰ ਜ਼ਰੂਰੀ ਪ੍ਰਬੰਧ ਕਰਨ ਦੀ ਆਗਿਆ ਦਿੱਤੀ ਜਾਵੇ ਅਤੇ ਸ. ਠਾਕਰ ਸਿੰਘ ਸੰਧਾਵਾਲੀਏ ਨੂੰ ਇਸ ਕਾਰਜ ਲਈ ਹੋਰ ਸਿੰਘਾਂ ਸਮੇਤ ਆਉਣ ਦੀ ਆਗਿਆ ਦਿੱਤੀ ਜਾਵੇ।

ਅੰਗਰੇਜ਼ੀ ਸਰਕਾਰ ਮੁੱਢ ਤੋਂ ਹੀ ਸੰਧਾਵਾਲੀਏ ਸਰਦਾਰ ਨੂੰ ਸ਼ੱਕ ਦੀ ਨਿਗ੍ਹਾ ਨਾਲ ਦੇਖਦੀ ਸੀ ਜਿਸ ਕਰਕੇ ਵਲੈਤ ਆਉਣ ਦੀ ਆਗਿਆ ਨਹੀਂ ਸੀ ਦੇਣਾ ਚਾਹੁੰਦੀ ਪਰ ਮਹਾਰਾਜਾ ਦਲੀਪ ਸਿੰਘ ਦੇ ਜ਼ੋਰ ਦੇਣ ’ਤੇ ਸਰਕਾਰ ਨੂੰ ਇਹ ਕੌੜਾ ਘੁੱਟ ਭਰਨਾ ਪਿਆ। ਸ. ਠਾਕਰ ਸਿੰਘ ਆਪਣੇ ਦੋ ਸਪੁੱਤਰਾਂ ਅਤੇ ਭਾਈ ਸਾਹਿਬ ਭਾਈ ਪ੍ਰਤਾਪ ਸਿੰਘ ਜੀ ਗਿਆਨੀ ਸਮੇਤ 1884 ਵਿੱਚ ਵਲੈਤ ਪੁੱਜ ਗਏ।

ਭਾਈ ਸਾਹਿਬ ਹਰ ਰੋਜ਼ ਮਹਾਰਾਜਾ ਦਲੀਪ ਸਿੰਘ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪਾਠ ਸੁਣਾਉਂਦੇ, ਨਿੱਤਨੇਮ ਕੰਠ ਕਰਾਉਂਦੇ, ਸਿੱਖ ਧਰਮ ਅਤੇ ਸਿੱਖ ਇਤਿਹਾਸ ਬਾਰੇ ਲੋੜੀਂਦੀ ਜਾਣਕਾਰੀ ਦਿੰਦੇ, ਇਸ ਦੇ ਨਾਲ ਹੀ ਪੰਜਾਬੀ ਭਾਸ਼ਾ ਦੀ ਸਿੱਖਿਆ ਵੀ ਦਿੰਦੇ। ਸ. ਠਾਕਰ ਸਿੰਘ ਮਹਾਰਾਜੇ ਨਾਲ ਆਪਣੇ ਖੁਫ਼ੀਆ ਕਾਜ ਬਾਰੇ ਵੀ ਸਾਰੀ ਗੱਲਬਾਤ ਕਰਦੇ। ਦਲੀਪ ਸਿੰਘ ਹੁਣ ਮੁੜ ਪਿਤਾ-ਪੁਰਖੀ ਧਰਮ ਵਿੱਚ ਦ੍ਰਿੜ੍ਹ ਹੋਣ ਦਾ ਸੰਕਲਪ ਕਰ ਕੇ ਪੂਰੀ ਤਰ੍ਹਾਂ ਤਿਆਰ-ਬਰ-ਤਿਆਰ ਹੋ ਰਿਹਾ ਸੀ। ਸ. ਠਾਕਰ ਸਿੰਘ ਨੇ ਦਲੀਪ ਸਿੰਘ ਨੂੰ ਪੂਰਾ ਭਰੋਸਾ ਦਿਵਾਇਆ ਸੀ ਕਿ ਸਤਿਗੁਰੂ ਦੀ ਕਿਰਪਾ ਨਾਲ ਉਹ ਮੁੜ ਪੰਜਾਬ ਦਾ ਬਾਦਸ਼ਾਹ ਬਣੇਗਾ। 1885 ਵਿੱਚ ਸ. ਠਾਕਰ ਸਿੰਘ ਤੇ ਉਹਨਾਂ ਦੇ ਸਾਥੀ ਸਾਰੀ ਗੱਲ ਪੱਕੀ ਕਰ ਕੇ ਵਾਪਸ ਭਾਰਤ ਪਰਤ ਆਏ ਅਤੇ ਪ੍ਰੋਗਰਾਮ ਇਹ ਬਣਾਇਆ ਕਿ ਮਹਾਰਾਜੇ ਦੇ ਭਾਰਤ ਪੁੱਜਣ ’ਤੇ ਅੰਮ੍ਰਿਤ ਛਕਾਉਣ ਦੀ ਰਸਮ ਪੂਰੀ ਕੀਤੀ ਜਾਵੇਗੀ। ਸ. ਠਾਕਰ ਸਿੰਘ ਤੇ ਉਹਨਾਂ ਦੇ ਸਾਥੀਆਂ ਨੇ ਮਹਾਰਾਜੇ ਨੂੰ ਬੰਬਈ ਵਿਖੇ ਮਿਲਣਾ ਸੀ।

ਅਦਨ ਵਿਖੇ ਅੰਮ੍ਰਿਤ ਛਕਣਾ ਤੇ ਸਿੱਖ ਧਰਮ ਵਿੱਚ ਵਾਪਸੀ

[ਸੋਧੋ]

31 ਮਾਰਚ, 1886 ਨੂੰ ਦਲੀਪ ਸਿੰਘ ਲੰਦਨ ਤੋਂ ਭਾਰਤ ਲਈ ਜਹਾਜ਼ ਵਿੱਚ ਸਵਾਰ ਹੋ ਗਿਆ।[2] ਮਹਾਰਾਜੇ ਦੀ ਵਾਪਸੀ ਦੀ ਖ਼ਬਰ ਨਾਲ ਪੰਜਾਬ ਵਾਸੀਆਂ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ। ਬੜਾ ਉਤਸ਼ਾਹ ਪੈਦਾ ਹੋ ਗਿਆ ਪਰ ਪੰਜਾਬ ਅਤੇ ਪੰਥ ਦੇ ਦੋਖੀਆਂ ਨੂੰ ਇਹ ਗੱਲ ਨਾ ਭਾਈ, ਉਹਨਾਂ ਝੂਠੀਆਂ ਸੱਚੀਆਂ ਖਬਰਾਂ ਨਾਲ ਸਰਕਾਰ ਦੇ ਕੰਨ ਭਰਨੇ ਸ਼ੁਰੂ ਕਰ ਦਿੱਤੇ। ਉਧਰ ਜਦੋਂ ਮਹਾਰਾਜੇ ਦਾ ਜਹਾਜ਼ ਅਦਨ ਦੀ ਬੰਦਰਗਾਹ ’ਤੇ ਪੁੱਜਾ ਤਾਂ ਉਥੇ ਮੁਕੀਮ ਸਿੱਖ ਫੌਜੀਆਂ ਨੇ ਖੁਸ਼ੀ ਵਿੱਚ ਆ ਕੇ ਮਹਾਰਾਜੇ ਨੂੰ ਸਲਾਮੀ ਦੇ ਦਿੱਤੀ। ਇਨ੍ਹਾਂ ਘਟਨਾਵਾਂ ਨੇ ਸਰਕਾਰ ਅੰਗਰੇਜ਼ੀ ਨੂੰ ਚਿੰਤਾਤੁਰ ਕਰ ਦਿੱਤਾ ਤੇ ਮਹਾਰਾਜੇ ਨੂੰ ਫੌਰਨ ਅਦਨ ਤੋਂ ਵਾਪਸੀ ਦੇ ਹੁਕਮ ਸੁਣਾ ਦਿੱਤੇ ਗਏ। ਦਲੀਪ ਸਿੰਘ ਨੇ ਸਰਕਾਰ ਦੀ ਇਸ ਹਰਕਤ ਨੂੰ ਬਹੁਤ ਮਾੜਾ ਸਮਝਦਿਆਂ ਹੋਇਆਂ ਰੋਸ ਵਜੋਂ ਆਪਣੇ ਖਰਚੇ ਲੈਣ ਤੋਂ ਇਨਕਾਰ ਕਰ ਦਿੱਤਾ ਤੇ ਵਲੈਤ ਦੀ ਸਰਕਾਰ ਅੱਗੇ ਰੋਸਮਈ ਪ੍ਰੋਟੈਸਟ ਕੀਤਾ। 3 ਜੂਨ, 1886 ਨੂੰ ਅਦਨ ਤੋਂ ਪੈਰਿਸ ਜਾਣ ਤੋਂ ਪਹਿਲਾਂ, ਉਥੇ ਅਦਨ ਵਿੱਚ ਹੀ ਸ. ਠਾਕਰ ਸਿੰਘ, ਸ. ਰੂੜ ਸਿੰਘ, ਭਾਈ ਪ੍ਰਤਾਪ ਸਿੰਘ ਅਤੇ ਦੋ ਹੋਰ ਸਿੰਘਾਂ ਪਾਸੋਂ ਅੰਮ੍ਰਿਤ ਦੀ ਦਾਤ ਪ੍ਰਾਪਤ ਕਰ ਲਈ।

ਹੁਣ ਦਲੀਪ ਸਿੰਘ ਫਰਾਂਸ ਵਿੱਚ ਰਹਿ ਕੇ ਆਪਣੇ ਹੱਕਾਂ ਦੀ ਲੜਾਈ ਵਿੱਚ ਜੂਝ ਪਿਆ, ਉਸ ਨੇ ਰੂਸ ਅਤੇ ਹੋਰ ਮੁਲਕਾਂ ਦੇ ਸਰਬਰਾਹਾਂ ਨਾਲ ਵੀ ਰਾਬਤਾ ਕਾਇਮ ਕੀਤਾ। ਰੂਸ ਅਤੇ ਹੋਰ ਦੇਸ਼ਾਂ ਵਿੱਚ ਇਸ ਕਾਜ ਲਈ ਆਪ ਵੀ ਗਿਆ। ਆਪਣੇ ਪਿਆਰੇ ਵਤਨ ਵਾਸੀਆਂ ਨੂੰ ਵੀ ਉਸ ਨੇ ਬੜੇ ਦਰਦਮੰਦ ਲਹਿਜ਼ੇ ਵਿੱਚ ਮਦਦ ਕਰਨ ਦੀਆਂ ਚਿੱਠੀਆਂ ਲਿਖੀਆਂ ਤੇ ਮਾਲੀ ਸਹਾਇਤਾ ਲਈ ਅਪੀਲਾਂ ਕੀਤੀਆਂ। ਚਿੱਠੀਆਂ ਦੇ ਅੰਤ ਵਿੱਚ ਉਸ ਨੇ ਬੜੇ ਕਰੁਣਾਮਈ-ਰਸ ਵਿੱਚ ਲਿਖਿਆ। “ਮੈਂ ਹਾਂ ਤੁਹਾਡਾ ਆਪਣਾ ਲਹੂ ਤੇ ਮਾਸ”।

ਹੁਣ ਸ. ਠਾਕਰ ਸਿੰਘ ਪੂਰੀ ਤਰ੍ਹਾਂ ਮਹਾਰਾਜੇ ਦੇ ਕੰਮ ਲਈ ਜੁੱਟ ਗਿਆ। ਉਸ ਨੇ ਭਾਰਤ ਦੀਆਂ ਕਈ ਰਿਆਸਤਾਂ ਦਾ ਖੁਫ਼ੀਆ ਤੌਰ ’ਤੇ ਦੌਰਾ ਕੀਤਾ, ਰਾਜਿਆਂ-ਨਵਾਬਾਂ ਨੂੰ ਇਸ ਕੰਮ ਲਈ ਮਦਦ ਕਰਨ ਲਈ ਪ੍ਰੇਰਿਆ, ਤਖਤ ਸਾਹਿਬਾਨ ’ਤੇ ਜਾ ਕੇ ਮਹਾਰਾਜੇ ਦੀ ਮਦਦ ਲਈ ਬੇਨਤੀਆਂ ਕੀਤੀਆਂ। ਇੱਕ ਅੰਗਰੇਜ਼ ਫੌਜੀ ਮੇਜਰ ਈਵਨਜ ਨੇ ‘ਪੰਜਾਬ ਦੇ ਇਲਹਾਕ ਅਤੇ ਦਲੀਪ ਸਿੰਘ’ ਬਾਰੇ ਇੱਕ ਪੁਸਤਕ ਉਹਨਾਂ ਦਿਨਾਂ ਵਿੱਚ ਲਿਖੀ ਸੀ ਜਿਸ ਵਿੱਚ ਅੰਗਰੇਜ਼ੀ ਸਰਕਾਰ ਦੀਆਂ ਵਧੀਕੀਆਂ ਦਾ ਪਰਦਾ ਫਾਸ ਕੀਤਾ ਸੀ। ਸੰਧਾਵਾਲੀਏ ਸਰਦਾਰ ਨੇ ਆਪਣੇ ਸਾਥੀ ਗਿਆਨੀ ਪ੍ਰਤਾਪ ਸਿੰਘ ਜੀ ਪਾਸੋਂ ਇਸ ਪੁਸਤਕ ਦਾ ਪੰਜਾਬੀ-ਉਰਦੂ ਵਿੱਚ ਤਰਜ਼ਮਾ ਕਰਵਾ ਕੇ, ਬਣਾ ਕੇ ਇਹ ਪੁਸਤਕ ਸਾਰੇ ਭਾਰਤ ਵਿੱਚ ਵੰਡੀ।

ਸੰਧਾਵਾਲੀਆ ਸਰਦਾਰ ਹੁਣ ਸਰਕਾਰ ਦੀਆਂ ਨਜ਼ਰਾਂ ਵਿੱਚ ਸਭ ਤੋਂ ਸ਼ੱਕੀ ਤੇ ਖ਼ਤਰਨਾਕ ਇਨਸਾਨ ਬਣ ਚੁੱਕਾ ਸੀ। ਸਰਦਾਰ ਦੀਆਂ ਤੇਜ਼ ਨਜ਼ਰਾਂ ਵੀ ਸਰਕਾਰ ਦੇ ਮੱਥੇ ਪਈਆਂ ਤਿਉੜੀਆਂ ਨੂੰ ਭਾਂਪ ਗਈਆਂ ਤੇ ਉਹ ਹੁਸ਼ਿਆਰੀ ਨਾਲ ਪੰਜਾਬ ਤੋਂ ਨਿਕਲ ਕੇ ਪਾਂਡੀਚਰੀ ਪੁੱਜਣ ਵਿੱਚ ਕਾਮਯਾਬ ਹੋ ਗਿਆ। ਉਸ ਨੂੰ ਆਸ ਸੀ ਕਿ ਇੱਕ ਦਿਨ ਮਹਾਰਾਜਾ ਵੀ ਫਰਾਂਸ ਦੀ ਮਦਦ ਨਾਲ ਸਾਰੇ ਪ੍ਰਬੰਧ ਕਰ ਕੇ ਪਾਂਡੀਚਰੀ ਪੁੱਜ ਜਾਣਗੇ। 6 ਨਵੰਬਰ, 1886 ਨੂੰ ਸ. ਠਾਕਰ ਸਿੰਘ ਪਾਂਡੀਚਰੀ ਵਿੱਚ ਪੁੱਜ ਗਏ ਤੇ ਉਥੋਂ ਆਪਣੀ ਮੁਹਿੰਮ ਸ਼ੁਰੂ ਕਰ ਦਿੱਤੀ। ਆਪਣੇ ਫਰਾਂਸੀਸੀ ਦੋਸਤਾਂ ਦੀ ਮਦਦ ਨਾਲ ਉਹ ਉਥੋਂ ਮਹਾਰਾਜਾ ਦਲੀਪ ਸਿੰਘ ਅਤੇ ਹੋਰ ਦੇਸ਼ਾਂ ਦੀਆਂ ਹਕੂਮਤਾਂ ਨਾਲ ਰਾਬਤਾ ਕਾਇਮ ਕਰਨ ਵਿੱਚ ਕਾਮਯਾਬ ਹੋ ਗਿਆ। ਇਥੋਂ ਹੀ ਉਸ ਨੇ ਖੁਫ਼ੀਆ ਤੌਰ ’ਤੇ ਆਪਣੇ ਵਸੀਲਿਆਂ ਰਾਹੀਂ ਭਾਰਤ ਅਤੇ ਪੰਜਾਬ ਵਿੱਚ ਆਪਣੇ ਸਾਥੀਆਂ ਨਾਲ ਸੰਪਰਕ ਬਣਾਇਆ। ‘ਟਾਈਮਜ਼ ਆਫ ਇੰਡੀਆ’ ਅਤੇ ‘ਮਦਰਾਸ ਟਾਈਮਜ਼’ ਨਾਲ ਸੰਪਰਕ ਪੈਦਾ ਕੀਤਾ। ਹੁਣ ਪੰਜਾਬ ਸਰਕਾਰ ਵੀ ਹਰਕਤ ਵਿੱਚ ਆ ਚੁੱਕੀ ਸੀ। ਭਾਈ ਸਾਹਿਬ ਗਿਆਨੀ ਪ੍ਰਤਾਪ ਸਿੰਘ ਅਤੇ ਸੰਧਾਵਾਲੀਏ ਸਰਦਾਰ ਦੇ ਭਰੋਸੇਯੋਗ ਮੁਲਾਜ਼ਮ ਪੋਹਲੀ ਰਾਮ ਨੂੰ ਗ੍ਰਿਫ਼ਤਾਰ ਕਰ ਕੇ ਲਾਹੌਰ ਦੇ ਸ਼ਾਹੀ ਕਿਲ੍ਹੇ ਵਿੱਚ ਕੈਦ ਕਰ ਦਿੱਤਾ ਗਿਆ। ਪਰ ਭਾਈ ਸਾਹਿਬ ਥੋੜ੍ਹੇ ਦਿਨਾਂ ਬਾਅਦ ਹੀ ਬੜੀ ਹੁਸ਼ਿਆਰੀ ਨਾਲ ਸ਼ਾਹੀ ਕਿਲ੍ਹੇ ਵਿੱਚੋਂ ਫਰਾਰ ਹੋ ਗਏ ਤੇ ਉਸ ਪਿੱਛੋਂ ਕਈ ਸਾਲ ਉਹ ਅੰਡਰ ਗਰਾਉਂਡ ਰਹਿ ਕੇ ਇਸ ਕਾਰਜ ਲਈ ਯਤਨਸ਼ੀਲ ਰਹੇ।

ਉਧਰ ਮਹਾਰਾਜੇ ਨੇ ਸੰਧਾਵਾਲੀਏ ਸਰਦਾਰ ਨੂੰ ਆਪਣਾ ਮੁੱਖ-ਮੰਤਰੀ ਨਿਯੁਕਤ ਕਰ ਕੇ ਸ਼ਾਹੀ ਮੋਹਰ ਵੀ ਭੇਜ ਦਿੱਤੀ। ਹੁਣ ਸੰਧਾਵਾਲੀਆ ਸਰਦਾਰ ਪੰਜਾਬ ਦੀ ਜਲਾਵਤਨ ਸਰਕਾਰ ਦੇ ਮੁੱਖ-ਮੰਤਰੀ ਦੀ ਹੈਸੀਅਤ ਵਿੱਚ ਸਾਰੀ ਮੁਹਿੰਮ ਚਲਾਉਣ ਲੱਗ ਪਿਆ। ਇਸ ਦੌਰਾਨ ਭਾਰਤ ਦੇ ਕੁਝ ਕ੍ਰਾਂਤੀਕਾਰੀ ਵੀ ਸਰਦਾਰ ਨੂੰ ਪਾਂਡੀਚਰੀ ਵਿੱਚ ਮਿਲਦੇ ਰਹੇ। ਬਾਬਾ ਰਾਮ ਸਿੰਘ ਜੀ ਦੀ ਕੂਕਾ ਲਹਿਰ ਨੇ ਵੀ ਸਰਦਾਰ ਨੂੰ ਪੂਰਾ ਸਮਰਥਨ ਦਿੱਤਾ। ਪਰ ਕਿਸਮਤ ਨੇ ਹਾਰ ਦੇ ਦਿੱਤੀ, ਸਰਦਾਰ ਦੀ ਸਿਹਤ ਨੇ ਸਾਥ ਨਾ ਦਿੱਤਾ ਤੇ ਕੁਝ ਦਿਨ ਬਿਮਾਰ ਰਹਿਣ ਪਿੱਛੋਂ 18 ਅਗਸਤ, 1887 ਨੂੰ ਇਸ ਸੰਸਾਰ ਤੋਂ ਚਲਾਣਾ ਕਰ ਗਏ।

ਹੁਣ ਮਹਾਰਾਜਾ ਦਲੀਪ ਸਿੰਘ ਆਪਣੇ ਆਪ ਨੂੰ ਇਕੱਲਾ ਮਹਿਸੂਸ ਕਰਨ ਲੱਗ ਪਿਆ। ਪਿਆਰੀ ਮਾਤਾ ਵਿਛੋੜਾ ਦੇ ਚੁੱਕੀ ਸੀ। ਸੰਧਾਵਾਲੀਏ ਸਰਦਾਰ ਦੀ ਮੌਤ ਨੇ ਮਹਾਰਾਜੇ ਦਾ ਲੱਕ ਤੋੜ ਦਿੱਤਾ, ਫਿਰ ਵੀ ਜੱਦੋ-ਜਹਿਦ ਵਿੱਚ ਜੁੱਟਿਆ ਰਿਹਾ। ਰੂਸ ਤੋਂ ਵਾਪਸੀ ਪਿੱਛੋਂ ਉਸ ਨੂੰ ਤਕਲੀਫ਼ ਦਾ ਬੜਾ ਸਖ਼ਤ ਦੌਰਾ ਪਿਆ ਤੇ ਤਿੰਨ ਸਾਲ ਉਹ ਕਸਮਪੁਰਸੀ ਦੀ ਹਾਲਤ ਵਿੱਚ ਫਰਾਂਸ ਦੇ ਇੱਕ ਛੋਟੇ ਜਿਹੇ ਹੋਟਲ ਦੇ ਕਮਰੇ ਵਿੱਚ ਬਿਸਤਰੇ ’ਤੇ ਪਿਆ ਰਿਹਾ। ਉਹਦਾ ਲੜਕਾ ਵਿਕਟਰ ਦਲੀਪ ਸਿੰਘ ਉਸ ਦੀ ਸੇਵਾ ਲਈ ਫੇਰਾ ਮਾਰ ਜਾਂਦਾ। ਅੰਤ ਆਪਣੀ ਜਨਮ-ਭੂਮੀ ਪਿਆਰੇ ਪੰਜਾਬ ਦੀ ਪਵਿੱਤਰ ਧੂੜ ਨੂੰ ਆਪਣੇ ਮਸਤਕ ’ਤੇ ਲਾਉਣ ਦੀ ਆਸ ਨੂੰ ਦਿਲ ਵਿੱਚ ਹੀ ਰੱਖ ਕੇ ਗਰੀਬੀ ਦੀ ਹਾਲਤ ਵਿੱਚ 22 ਅਕਤੂਬਰ, 1893 ਨੂੰ ਪੈਰਿਸ ਦੇ ਹੋਟਲ ਵਿੱਚ ਹੀ ਅਕਾਲ ਚਲਾਣਾ ਕਰ ਗਿਆ।

ਹਵਾਲੇ

[ਸੋਧੋ]