ਛਾਤੀ ਦਾ ਕੈਂਸਰ
ਛਾਤੀ ਦਾ ਕੈਂਸਰ ਔਰਤ ਦੀ ਛਾਤੀ ਇੱਕ ਜਟਿਲ ਗ੍ਰੰਥੀ ਹੈ, ਜਿਸ ਦਾ ਕੰਮ ਨਵਜੰਮੇ ਬੱਚੇ ਨੂੰ ਦੁੱਧ ਮੁਹੱਈਆ ਕਰਨਾ ਹੁੰਦਾ ਹੈ। ਅਤਿ ਸੰਵੇਦਨਸ਼ੀਲ ਅੰਗ ਹੈ। ਔਰਤ ਦੀ ਛਾਤੀ ਵਿੱਚ ਗੰਢਾਂ ਪੈ ਜਾਂਦੀਆਂ ਹਨ। ਇਨ੍ਹਾਂ ਵਿੱਚੋਂ ਕੁਝ ਗੰਢਾਂ ਅਜਿਹੀਆਂ ਵੀ ਹੋ ਜਾਂਦੀਆਂ ਹਨ, ਜਿਹੜੀਆਂ ਛੇ ਮਹੀਨੇ, ਸਾਲ ਜਾਂ ਡੇਢ ਸਾਲ ਬਾਅਦ ਕੈਂਸਰ ਦਾ ਰੂਪ ਧਾਰਨ ਕਰ ਸਕਦੀਆਂ ਹਨ। ਇਹ ਰੋਗ ਕਿਸੇ ਵੀ ਉਮਰ ਦੀ ਔਰਤ ਨੂੰ ਹੋ ਸਕਦਾ ਹੈ, ਪਰ 35 ਤੋਂ 45 ਸਾਲ ਦੀ ਉਮਰ ਵਿੱਚ ਇਸ ਰੋਗ ਦੇ ਹੋਣ ਦੀ ਸੰਭਾਵਨਾ ਕੁਝ ਜ਼ਿਆਦਾ ਹੁੰਦੀ ਹੈ।
ਕਾਰਨ
[ਸੋਧੋ]ਗਰਭਪਾਤ, ਬੱਚੇ ਨੂੰ ਦੁੱਧ ਨਾ ਪਿਲਾਉਣਾ, ਛਾਤੀ ਪ੍ਰਤੀ ਅਣਗਹਿਲੀ ਵਰਤਣਾ, ਛੋਟੀ ਉਮਰੇ ਮਾਂ ਬਣਨਾ, ਕਈ ਸਾਲਾਂ ਬਾਅਦ ਪਹਿਲੇ ਬੱਚੇ ਨੂੰ ਜਨਮ ਦੇਣਾ, ਤੰਗ ਚੋਲੀ, ਸ਼ਰਾਬ, ਤੰਬਾਕੂ ਅਤੇ ਹੋਰ ਨਸ਼ੀਲੇ ਪਦਾਰਥਾਂ ਦੀ ਵਰਤੋਂ ਮੁੱਖ ਕਾਰਨ ਹਨ। ਤੰਗ ਚੋਲੀ ਛਾਤੀ ਦੇ ਸੁਭਾਵਕ ਫੈਲਾਅ ਵਿੱਚ ਰੁਕਾਵਟ ਪੈਦਾ ਕਰ ਕੇ ਛਾਤੀ ਵਿੱਚ ਗੰਢਾਂ ਦਾ ਕਾਰਨ ਬਣ ਸਕਦੀ ਹੈ।
ਲੱਛਣ
[ਸੋਧੋ]- ਛਾਤੀ ਵਿੱਚ ਕਿਸੇ ਤਰ੍ਹਾਂ ਦੀ ਗੰਢ ਦਾ ਹੋਣਾ।
- ਦੋਹਾਂ ਛਾਤੀਆਂ ਵਿੱਚ ਫ਼ਰਕ ਮਹਿਸੂਸ ਹੋਣਾ।
- ਛਾਤੀ ਦੀ ਚਮੜੀ ਦਾ ਅੰਦਰ ਨੂੰ ਧਸਣਾ ਜਾਂ ਸੁੰਗੜਣਾ।
- ਛਾਤੀ ਦੀ ਨਿੱਪਲ ‘ਚੋਂ ਤਰਲ ਪਦਾਰਥ ਦਾ ਵਗਣਾ ਅਤੇ ਛਾਤੀ ‘ਚ ਭਾਰੀਪਣ ਹੋਣਾ।
- ਜਦੋਂ ਵੀ ਤੁਹਾਡੇ ਸਰੀਰ ਵਿੱਚ ਕਿਤੇ ਗਿਲਟੀ/ਗੰਢ ਆਦਿ ਦਾ ਅਹਿਸਾਸ ਹੋਵੇ ਤਾਂ ਮਾਹਿਰ ਡਾਕਟਰ ਦੀ ਹੀ ਸਲਾਹ ਲਉ।
ਨਿਦਾਨ
[ਸੋਧੋ]ਹਰ ਕੈਂਸਰ ਨੂੰ ਜਲਦੀ ਪਕੜਨਾ ਆਸਾਨ ਨਹੀਂ ਹੈ। ਛਾਤੀ ਸਰੀਰ ਦਾ ਬਾਹਰੀ ਅੰਗ ਹੈ, ਇਸ ਲਈ ਇਸ ਰੋਗ ਦੀ ਸ਼ਨਾਖਤ ਜਲਦੀ ਹੋ ਸਕਦਾ ਹੈ। ਮੈਮੋਗਰਾਫੀ ਜੋ ਘੱਟ ਸ਼ਕਤੀ ਵਾਲਾ ਐਕਸ-ਰੇ ਹੈ, ਦੀ ਮਦਦ ਨਾਲ ਬਹੁਤ ਅਗੇਤੇ ਪੜਾਅ ‘ਤੇ ਛਾਤੀ ਦਾ ਕੈਂਸਰ ਲੱਭਿਆ ਜਾ ਸਕਦਾ ਹੈ। ਸੰਸਾਰ ਪੱਧਰੀ ਸਿਫਾਰਿਸ਼ ਮੁਤਾਬਿਕ 50 ਸਾਲ ਤੋਂ ਉਪਰ ਦੀ ਹਰ ਔਰਤ ਨੂੰ ਘੱਟੋ-ਘੱਟ ਹਰ 2 ਸਾਲ ਵਿੱਚ ਇੱਕ ਵਾਰੀ ਮੈਮੋਗ਼ਰਾਫ਼ੀ ਕਰਵਾਉਣੀ ਚਾਹੀਦੀ ਹੈ। ਸ਼ੱਕ ਪੈਣ ਤੇ ਇਸ ਦੇ ਨਿਦਾਨ ਲਈ ਸਭ ਤੋਂ ਜ਼ਰੂਰੀ ਹੈ ਬਾਇਉਪਸੀ। ਮੋਟੀ ਖੋਖਲੀ ਸੂਈ ਨਾਲ ਗੰਢ ਦਾ ਟੁਕੜਾ ਲੈ ਕੇ ਜਾਂਚ ਕੀਤੀ ਜਾਂਦੀ ਹੈ। ਫਿਰ ਕੈਂਸਰ ਦੀ ਕਿਸਮ ਪਤਾ ਕਰਕੇ ਅਗਲੇਰੇ ਟੈਸਟ ਕੀਤੇ ਜਾਂਦੇ ਹਨ ਜਿਨ੍ਹਾਂ ਤੋਂ ਕੈਂਸਰ ਦੀ ਗੰਭੀਰਤਾ ਅਤੇ ਇਲਾਜ ਸਬੰਧੀ ਫੈਸਲੇ ਕੀਤੇ ਹਨ। ਪੂਰੇ ਸਰੀਰ ਦੀ ਸਕੈਨਿੰਗ ਕਰਕੇ ਕੈਂਸਰ ਦੇ ਫੈਲਾਅ ਅਤੇ ਪੜਾਅ ਦਾ ਪਤਾ ਲਗਾਇਆ ਜਾਂਦਾ ਹੈ।
ਪੜਾਅ
[ਸੋਧੋ]ਛਾਤੀ ਦੇ ਕੈਂਸਰ ਦੇ ਚਾਰ ਪੜਾਅ ਹੁੰਦੇ ਹਨ। ਪਹਿਲੇ ਪੜਾਅ ਵਿੱਚ ਬਿਮਾਰੀ ਸਿਰਫ ਛਾਤੀ ਤੱਕ ਸੀਮਤ ਹੁੰਦੀ ਹੈ ਅਤੇ ਗੰਢ ਬਹੁਤ ਛੋਟੀ ਹੁੰਦੀ ਹੈ। ਦੂਜੇ ਤੇ ਤੀਜੇ ਪੜਾਅ ਵਿੱਚ ਗੰਢ ਵੱਡੀ ਹੋ ਜਾਂਦੀ ਹੈ ਅਤੇ ਬਿਮਾਰੀ ਕੱਛਾਂ ਦੀਆਂ ਗ੍ਰੰਥੀਆਂ ਤੱਕ ਫੈਲ ਜਾਂਦੀ ਹੈ। ਚੌਥੇ ਪੜਾਅ ਵਿੱਚ ਬਿਮਾਰੀ ਛਾਤੀ ਤੋਂ ਦੂਰ ਦੇ ਅੰਗਾਂ ਵਿੱਚ ਪਹੁੰਚ ਜਾਂਦੀ ਹੈ।[1]
ਇਲਾਜ
[ਸੋਧੋ]ਪਹਿਲੇ ਤਿੰਨ ਪੜਾਵਾਂ ਤੱਕ ਇਲਾਜ ਨਾਲ ਬਿਮਾਰੀ ਜੜ੍ਹੋਂ ਮੁਕਾਈ ਜਾ ਸਕਦੀ ਹੈ ਪਰ ਚੌਥੇ ਪੜਾਅ ਵਾਲੀ ਬਿਮਾਰੀ ਵਿੱਚ ਸਿਰਫ ਕੁਝ ਹੱਦ ਤੱਕ ਕਾਬੂ ਪਾਇਆ ਜਾ ਸਕਦਾ ਹੈ। ਇਲਾਜ ਦੇ ਵੱਖ ਵੱਖ ਤਰੀਕਿਆਂ ਵਿੱਚ ਚੀਰਫਾੜ, ਸੇਕਾਈ, ਕੀਮੋਥੈਰੇਪੀ, ਹਾਰਮੋਨਲ ਥੈਰੇਪੀ ਅਤੇ ਨਿਸ਼ਾਨੇਦਾਇਕ (ਟਾਰਗੈਟਡ ਥੈਰੇਪੀ) ਇਲਾਜ ਮੁੱਖ ਹਨ।ਤੀਜੇ ਪੜਾਅ ਤੱਕ ਦੇ ਕੈਂਸਰ ਚੰਗੇ ਅਤੇ ਸਮਾਂਬੱਧ ਇਲਾਜ ਨਾਲ ਜੜ੍ਹੋਂ ਖ਼ਤਮ ਹੋ ਸਕਦੇ ਹਨ। ਬਿਮਾਰੀ ਵਾਪਸ ਆਉਣ ਤੋਂ ਰੋਕਣ ਲਈ ਕਈ ਵਾਰ ਲੰਮਾ ਪਰ ਸਾਦਾ ਇਲਾਜ ਵੀ ਦਿੱਤਾ ਜਾਂਦਾ ਹੈ। ਜਾਂਚ, ਇਲਾਜ ਅਤੇ ਡਾਕਟਰੀ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਬਹੁਤ ਜ਼ਰੂਰੀ ਹੈ। ਅਣਗਹਿਲੀ ਮਹਿੰਗੀ ਪੈ ਸਕਦੀ ਹੈ। ਇਲਾਜ ਤੋਂ ਬਾਅਦ ਪਹਿਲੇ ਕੁਝ ਸਾਲ ਤੱਕ ਕੈਂਸਰ ਦੇ ਮੁੜ ਵਾਪਸ ਆਉਣ ਦੇ ਆਸਾਰ ਜ਼ਿਆਦਾ ਰਹਿੰਦੇ ਹਨ। ਜਿਉਂ ਜਿਉਂ ਸਮਾਂ ਬੀਤਦਾ ਜਾਂਦਾ ਹੈ, ਇਹ ਆਸਾਰ ਘਟਦੇ ਜਾਂਦੇ ਹਨ। ਜੇ ਕੈਂਸਰ ਦੁਬਾਰਾ ਆ ਵੀ ਜਾਵੇ ਤਾਂ ਵੀ ਫੈਲਿਆ ਨਾ ਹੋਣ ‘ਤੇ ਜੜ੍ਹੋਂ ਖ਼ਤਮ ਕੀਤਾ ਜਾ ਸਕਦਾ ਹੈ। ਇਸ ਲਈ ਲਗਾਤਾਰ ਜਾਂਚ ਕਰਵਾਉਂਦੇ ਰਹਿਣਾ ਜ਼ਰੂਰੀ ਹੈ।