ਸਮੱਗਰੀ 'ਤੇ ਜਾਓ

ਪੰਜਾਬੀ ਲੋਕ ਸਾਜ਼

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਕੁਦਰਤ ਨੇ ਸਰਵੋਤਮ ਸਾਜ਼ ਮਨੁੱਖ ਦੇ ਅੰਦਰ ਹੀ ਬਣਾਇਆ ਹੋਇਆ ਹੈ।ਦੁਨੀਆ ਦੇ ਜਿੰਨੇ ਵੀ ਸਾਜ਼ ਹਨ,ਇਸ ਕੁਦਰਤੀ ਸਾਜ਼ ਦੀ ਨਕਲ ਹਨ।ਇਹ ਸਾਜ਼ ਭਾਸ਼ਾ ਦੀ ਉਤਪਤੀ ਲਈ ਵਰਤਿਆ ਜਾਂਦਾ ਹੈ।ਇਹ ਸਾਜ਼ ਹੈ,ਸਾਹ ਪ੍ਰਣਾਲੀ,ਨਾਦ ਪੱਤੀਆਂ ਸਮੇਤ ਮੂੰਹ ਅਤੇ ਨੱਕ ਖੋਲ੍ਹ।ਫੇਫੜਿਆਂ ਵਿਚੋਂ ਸਾਹ ਦੀ ਵਾਪਸੀ ਰੌਂ ਨਾਲ ਨਾਦ ਪੱਤੀਆਂ ਕੰਬਦੀਆਂ ਹਨ।ਇਸ ਕਾਂਬੇ ਨਾਲ ਭਾਸ਼ਾ ਦੇ ਸਵਰ ਉਚਾਰੇ ਜਾਂਦੇ ਹਨ।ਮੂੰਹ ਅਤੇ ਨੱਕ ਦਾ ਖੋਲ੍ਹ ਰੈਜ਼ੋਨੇਟਰ ਹਨ।ਇੱਥੇ ਹੀ ਸਾਹ ਦੀ ਵਾਪਸੀ ਰੌਂ ਨੂੰ ਕੱਟ ਕੇ ਤਾਲ ਤੇ ਅਧਾਰਤ ਵਿਅੰਜਨ ਉਚਾਰੇ ਜਾਂਦੇ ਹਨ।ਇਸ ਤਰ੍ਹਾਂ ਮਨੁੱਖੀ ਸਾਜ਼ ਤਿੰਨ ਤਰ੍ਹਾਂ ਕੰਮ ਕੳਦਾ ਹੈ।ਹਵਾ ਨਾਲ ਚੱਲਣ ਵਾਲਾ,ਜਿਸ ਤਰ੍ਹਾਂ ਬੰਸਰੀ ਵੱਜਦੀ ਹੈ,ਮਨੁੱਖ ਸੀਟੀ ਮਾਰਦਾ ਹੈ।ਤੂੰਬੇ ਦੀ ਤਾਰ ਦੀ ਤਰ੍ਹਾਂ ਥਰਥਰਾਉਣ ਵਾਲਾ,ਨਾਦ ਪੱਤੀਆਂ ਥਰਥਰਾਉਦੀਆਂ ਹਨ।ਢੋਲਕ ਦੀ ਤਰ੍ਹਾਂ ਵੱਜਣ ਵਾਲਾ, ਵਿਅੰਜਨ ਇਸੇ ਤਰ੍ਹਾਂ ਉਚਾਰੇ ਜਾਂਦੇ ਹਨ। ਇਸੇ ਤਰ੍ਹਾਂ ਅਸੀਂ ਲੋਕ ਸਾਜ਼ਾਂ ਨੂੰ ਚਾਰ ਵੰਨਗੀਆਂ ਵਿੱਚ ਵੰਡ ਸਕਦੇ ਹਾਂ।

  1. ਸਾਹ ਜਾਂ ਹਵਾ ਨਾਲ ਵਜਾਉਣ ਵਾਲੇ ਸਾਜ਼
  2. ਤਾਰ ਜਾਂ ਤੁਣਤੁਣੀ ਵਾਲੇ ਸਾਜ਼
  3. ਚਮੜੇ ਨਾਲ ਕੱਜ ਕੇ ਬਣਾਏ ਸਾਜ਼
  4. ਟਕਰਾਉ ਨਾਲ ਆਵਾਜ਼ ਪੈਦਾ ਕਰਨ ਵਾਲੇ ਸਾਜ਼

ਸਾਹ ਜਾਂ ਹਵਾ ਨਾਲ ਵਜਾਉਣ ਵਾਲੇ ਸਾਜ਼

[ਸੋਧੋ]

ਇਹਨਾਂ ਵਿੱਚ ਅਲਗੋਜ਼ੇ,ਬੰਸਰੀ,ਬੀਨ ਅਤੇ ਹਰਮੋਨੀਅਮ ਆ ਜਾਂਦੇ ਹਨ। ਇਹ ਮਨੁੱਖੀ ਸਾਜ਼ ਦੇ ਅਧਾਰ ਤੇ ਕੰਮ ਕਰਦੇ ਹਨ। ਦੋ ਪੱਤੀਆਂ ਵਿਚਕਾਰ ਨਿਕਲਣ ਵਾਲੀ ਬਰੀਕ ਆਵਾਜ਼ ਰੈਜ਼ੋਨੇਟਰ ਰਾਹੀਂ ਗੁਜਾਰਿਆ ਜਾਂਦਾ ਹੈ, ਰੈਜ਼ੋਨੇਟਰ ਸਾਜ਼ ਦੇ ਉਸ ਭਾਗ ਨੂੰ ਕਹਿੰਦੇ ਹਨ ਜਿਹੜਾ ਪੈਦਾ ਹੋਈ ਆਵਾਜ਼ ਨੂੰ ਗੜਘਾਉਂਦਾ ਹੈ। ਇਸ ਸਦਕੇ ਹੀ ਆਵਾਣ ਗੜਕੇ ਵਾਲੀ ਬਣਦੀ ਹੈ ਅਤੇ ਇਹ ਉੱਚੀ ਹੋ ਸਕਦੀ ਹੈ। ਇਸ ਰੈਜ਼ੋਨੇਟਰ ਦੀਆਂ ਗਲੀਆਂ ਬੰਦ ਕਰਨ ਜਾਂ ਖੋਲ੍ਹਣ ਨਾਲ ਇਸ ਅਵਾਜ਼ ਨੂੰ ਸੁਰ-ਪ੍ਰਬੰਧ ਵਿੱਚ ਬੰਨਿਆ ਜਾਂਦਾ ਹੈ। ਇਹ ਸਾਜ਼ ਲੈ ਪ੍ਰਦਾਨ ਕਰਦੇ ਹਨ। ਇਹਨਾਂ ਨੂੰ ਸੁਸਿਰ ਸਾਜ਼ ਕਿਹਾ ਜਾਂਦਾ ਹੈ।

ਤਾਰ ਜਾਂ ਤੁਣਤੁਣੀ ਵਾਲੇ ਸਾਜ਼

[ਸੋਧੋ]

ਇਸ ਵਿੱਚ ਤੂੰਬਾ,ਸਾਰੰਗੀ,ਦੋ-ਤਾਰਾਂ,ਬੁੱਗਤੂ,ਬੈਂਜੋ ਅਤੇ ਰਬਾਬ ਆ ਜਾਂਦੇ ਹਨ।ਤੂੰਬੇ ਵਿੱਚ ਇੱਕ ਬਾਰੀਕ ਧਾਤੀ ਤਾਰ ਦੀ ਕੰਬਣੀ,ਕੱਦੂ ਦੇ ਬਣਾਏ ਰੈਜ਼ੋਨੇਟਰ ਦੁਆਰਾ ਸੰਚਾਲਤ ਕੀਤੀ ਜਾਂਦੀ ਹੈ। ਇਹ ਰੈਜ਼ੋਨੇਟਰ ਉਪਰੋਂ ਬਾਰੀਕ ਚਮੜੀ ਨਾਲ ਕੱਜਿਆ ਹੁੰਦਾ ਹੈ।ਸਾਰੰਗੀ ਅਤੇ ਸਿਤਾਰ ਦਾ ਰੈਜ਼ੋਨੇਟਰ ਲੱਕੜ ਦਾ ਬਣਿਆ ਹੁੰਦਾ ਹੈ।ਇਹ ਸਾਜ਼ ਵੀ ਲੈ ਪ੍ਰਦਾਨ ਕਰਦੇ ਹਨ।ਇਹਨਾਂ ਨੂੰ ਤੱਤ ਸਾਜ਼ ਜਾਂ ਤੰਤੀ ਸਾਜ਼ ਵੀ ਕਿਹਾ ਜਾਂਦਾ ਹੈ।

ਚਮੜੇ ਨਾਲ ਕੱਜ ਕੇ ਬਣਾਏ ਸਾਜ਼

[ਸੋਧੋ]

ਇਹਨਾਂ ਸਾਜ਼ਾਂ ਦਾ ਰੈਜ਼ੋਨੇਟਰ ਇੱਕ ਪਾਸਿਓਜਾਂ ਦੋਵੇਂ ਪਾਸਿਓ ਬਰੀਕ ਖੱਲਨਾਲ ਕੱਜਿਆ ਹੁੰਦਾ ਹੈ।ਇਹ ਸਾਜ਼ਾਂ ਦੀ ਸਭ ਤੋਂ ਪੁਰਾਤਨ ਵੰਨਗੀ ਹੈ।ਸ਼ਾਇਦ ਅਜੇਹੇ ਸਾਜ਼ ਮਨੁੱਖ ਨੇ ਸ਼ਿਕਾਰੀ ਜੀਵਨ ਵੇਲੇ ਹੀ ਬਣਾਉਣੇ ਸ਼ੁਰੂ ਕਰ ਦਿੱਤੇ ਸਨ।ਇਹਨਾਂ ਸਾਜ਼ਾਂ ਵਿੱਚ ਢੋਲ,ਢੋਲਕੀ,ਨਗਾਰਾ,ਢੱਡ,ਡਮਰੂ ਆਦਿ ਆ ਜਾਂਦੇ ਹਨ।ਇਹਨਾਂ ਸਾਜ਼ਾਂ ਵਿੱਚ ਬਰੀਕ ਖੱਲ ਦੀ ਥਰਥਰਾਹਟ ਲੱਕੜ ਜਾਂ ਧਾਤ ਦੇ ਰੈਜ਼ੋਨੇਟਰ ਦੁਆਰਾ ਗੜਘਾਈ ਜਾਂਦੀ ਹੈ।ਸਾਜ਼ਾਂ ਦੀ ਇਸ ਵੰਨਗੀ ਨੂੰ ਅਵਨੱਧ ਜਾਂ ਵਿੱਤਤ ਸਾਜ਼ ਕਿਹਾ ਜਾਂਦਾ ਹੈ।

ਟਕਰਾਉ ਨਾਲ ਆਵਾਜ਼ ਪੈਦਾ ਕਰਨ ਵਾਲੇ ਸਾਜ਼

[ਸੋਧੋ]

ਇਹਨਾਂ ਸਾਜ਼ਾਂ ਵਿੱਚ ਦੋ ਵਸਤੂਆਂ ਆਪਸ ਵਿੱਚ ਟਕਰਾ ਕੇ ਆਵਾਜ਼ ਪੈਦਾ ਕਰਦੀਆਂ ਹਨ।ਇਸ ਤੱਕਰ ਨੂੰ ਲੈ ਮਈ ਬਣਾ ਕੇ ਤਾਲ ਪੈਦਾ ਕੀਤੀ ਜਾਂਦੀ ਹੈ।ਇਹਨਾਂ ਸਾਜ਼ਾਂ ਵਿੱਚ ਕਾਟੋ,ਸੱਪ,ਖੜਤਾਲ,ਘੜਾ ਆਦਿ ਸ਼ਾਮਲ ਕੀਤੇ ਜਾ ਸਕਦੇ ਹਨ।ਸਾਜ਼ਾਂ ਦੀ ਇਸ ਵੰਨਗੀ ਨੂੰ ਘਣ ਸਾਜ਼ ਕਿਹਾ ਜਾਂਦਾ ਹੈ।[1]

ਤੂੰਬਾ ਅਤੇ ਅਲਗੋਜ਼ੇ
  1. ਭੁਪਿੰਦਰ ਸਿੰਘ ਖਹਿਰਾ (2004). ਲੋਕਧਾਰਾ ਭਾਸ਼ਾ ਤੇ ਸੱਭਿਆਚਾਰ. ਪੈਪਸੂ ਬੁੱਕ ਡਿੱਪੂ, ਪਟਿਆਲਾ.