ਮਾਰਕਸਵਾਦ ਅਤੇ ਸਾਹਿਤ ਆਲੋਚਨਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਮਾਰਕਸਵਾਦ ਅਤੇ ਸਾਹਿਤ ਆਲੋਚਨਾ  
[[File:]]
ਲੇਖਕਟੈਰੀ ਈਗਲਟਨ
ਮੂਲ ਸਿਰਲੇਖMarxism and Literary Criticism
ਦੇਸ਼ਬ੍ਰਿਟੇਨ
ਭਾਸ਼ਾਅੰਗਰੇਜ਼ੀ
ਵਿਸ਼ਾਮਾਰਕਸਵਾਦ, ਸਾਹਿਤ ਆਲੋਚਨਾ
ਪ੍ਰਕਾਸ਼ਕMethuen & Co. Ltd

ਮਾਰਕਸਵਾਦ ਅਤੇ ਸਾਹਿਤ ਆਲੋਚਨਾ ਟੈਰੀ ਈਗਲਟਨ ਦੁਆਰਾ ਲਿਖੀ ਇੱਕ ਪੁਸਤਕ ਹੈ ਜੋ 1976 ਵਿੱਚ ਪ੍ਰਕਾਸ਼ਿਤ ਹੋਈ।

ਸਾਰ[ਸੋਧੋ]

ਲੇਖਕ ਨੇ ਪੁਸਤਕ ਨੂੰ ਮੂਲ 4 ਭਾਗਾਂ ਵਿੱਚ ਵੰਡਿਆ ਹੈ:-

ਸਾਹਿਤ ਅਤੇ ਇਤਿਹਾਸ[ਸੋਧੋ]

ਮਾਰਕਸ ਅਤੇ ਏਂਗਲਜ਼ ਦੇ ਹਵਾਲੇ ਨਾਲ ਲੇਖਕ ਕਹਿੰਦਾ ਹੈ ਕਿ:

ਮਾਰਕਸਵਾਦੀ ਆਲੋਚਨਾ ਕੇਵਲ ਇਸ ਗੱਲ ਨਾਲ ਸੰਬੰਧਿਤ ਸਾਹਿਤ ਦਾ ਸਮਾਜ ਸ਼ਾਸਤਰ ਨਹੀਂ ਹੈ ਕਿ ਨਾਵਲ ਪ੍ਰਕਾਸ਼ਿਤ ਕਿਵੇਂ ਹੁੰਦੇ ਹਨ ਅਤੇ ਕਿ ਕੀ ਉਹਨਾਂ ਵਿੱਚ ਮਜਦੂਰ ਵਰਗ ਦਾ ਚਰਚਾ ਹੈ। ਇਸ ਦਾ ਉਦੇਸ਼ ਜਿਆਦਾ ਭਰਪੂਰ ਤਰ੍ਹਾਂ ਨਾਲ ਸਾਹਿਤਕ ਰਚਨਾ ਨੂੰ ਸਮਝਾਉਣ ਦਾ ਹੁੰਦਾ ਹੈ; ਅਤੇ ਇਸ ਦਾ ਭਾਵ ਹੈ ਇਹਦੇ ਰੂਪਾਂ, ਸ਼ੈਲੀਆਂ ਅਤੇ ਅਰਥਾਂ ਪ੍ਰਤੀ ਸੰਵੇਦਨਸ਼ੀਲ ਗੌਰ ਕਰਨਾ। ਪਰ ਇਸ ਦਾ ਭਾਵ ਇਨ੍ਹਾਂ ਰੂਪਾਂ, ਸ਼ੈਲੀਆਂ ਅਤੇ ਅਰਥਾਂ ਨੂੰ ਇੱਕ ਵਿਸ਼ੇਸ਼ ਇਤਹਾਸ ਦੇ ਉਤਪਾਦ ਦੇ ਰੂਪ ਵਿੱਚ ਸਮਝਣਾ ਵੀ ਹੈ।[1]

ਇਸ ਤੋਂ ਬਾਅਦ ਲੇਖਕ ਨੀਂਹ ਤੇ ਉਸਾਰ (Base and Superstructure) ਦੀ ਗੱਲ ਕਰਦਾ ਹੈ ਕਿ ਕਿਸ ਤਰ੍ਹਾਂ ਪੈਦਾਵਾਰ ਦੇ ਸਾਧਨਾਂ ਅਤੇ ਵਿਅਕਤੀਆਂ ਦੇ ਉਹਨਾਂ ਨਾਲ ਸਬੰਧਾਂ ਦਾ ਉਹਨਾਂ ਦੀ ਰਾਜਸੀ, ਧਾਰਮਿਕ ਅਤੇ ਸੁਹਜਾਤਮਕ ਚੇਤਨਾ ਉੱਤੇ ਅਸਰ ਪੈਂਦਾ ਹੈ। ਪਰ ਇਸ ਦਾ ਇਹ ਮਤਲਬ ਨਹੀਂ ਸਭ ਤੋਂ ਮਹਾਨ ਲਿਖਤਾਂ ਲਈ ਉਹਨਾਂ ਦੇ ਪੈਦਾ ਹੋਣ ਪਿੱਛੇ ਪੈਦਾਵਾਰ ਦੇ ਸਾਧਨਾਂ ਦਾ ਵੀ ਓਨਾ ਹੀ ਵਿਕਾਸ ਹੋਇਆ ਹੋਵੇ। ਸਗੋਂ ਯੂਨਾਨੀ ਮਹਾਂ ਕਾਵਿ ਹੋਂਦ ਵਿੱਚ ਆਉਣ ਲਈ ਉਹਨਾਂ ਦੇ ਪੁਰਾਤਨ ਸਮਾਜ ਦਾ ਹੀ ਯੋਗਦਾਨ ਹੈ। ਅਜਿਹੀ ਲਿਖਤ ਆਧੁਨਿਕ ਕਾਲ ਵਿੱਚ ਸੰਭਵ ਨਹੀਂ।

ਵਸਤੂ ਅਤੇ ਰੂਪ[ਸੋਧੋ]

ਇਹ ਗੱਲ ਤਾਂ ਬਾਹਰਮੁਖੀ ਵਿਚਰਵਾਦੀ ਚਿੰਤਕ ਹੀਗਲ ਨੇ ਹੀ ਕਹਿ ਦਿੱਤੀ ਸੀ ਕਿ ਵਸਤੂ ਅਤੇ ਰੂਪ ਦਾ ਆਪਸ ਵਿੱਚ ਦਵੰਦਾਤਮਕ ਰਿਸ਼ਤਾ ਹੈ।[2] ਮਾਰਕਸਵਾਦੀਆਂ ਨੇ ਇਸਨੂੰ ਮੰਨਦੇ ਹੋਏ ਵੀ ਵਸਤੂ ਦੀ ਪਹਿਲ ਮੰਨੀ ਹੈ। ਇਹਨਾਂ ਦਾ ਮੰਨਣਾ ਹੈ ਕਿ ਰੂਪ ਦੇ ਵਿੱਚ ਉਸ ਦੀ ਇਤਿਹਾਸਿਕ ਤੌਰ ਉੱਤੇ ਬਦਲ ਰਹੀ ਵਸਤੂ ਕਾਰਨ ਬਦਲਾਅ ਆਉਂਦਾ ਹੈ। ਇਹ ਵਸਤੂ ਨੂੰ ਨੀਂਹ ਅਤੇ ਰੂਪ ਨੂੰ ਉਸ ਦਾ ਉਸਾਰ ਮੰਨਦੇ ਹਨ।

ਆਪਣੀ ਪੁਸਤਕ ਸਾਹਿਤ ਅਤੇ ਇਨਕਲਾਬ ਵਿੱਚ ਲਿਓਨ ਟਰਾਟਸਕੀ ਦਾ ਕਹਿਣਾ ਹੈ ਕਿ ਹਰ ਨਵੇਂ ਰੂਪ ਦੀ ਜ਼ਰੂਰਤ ਉਸ ਸਮਾਜ ਦੀਆਂ ਜੜਾਂ ਵਿੱਚੋਂ ਪੈਦਾ ਹੁੰਦੀ ਹੈ।

ਜਾਰਜ ਲੁਕਾਚ ਨਾਵਲ ਦਾ ਸਿਧਾਂਤ ਪੁਸਤਕ ਵਿੱਚ ਕਹਿੰਦਾ ਹੈ ਕਿ ਨਾਵਲ ਆਧੁਨਿਕ ਯੁੱਗ ਵਿੱਚ ਮਨੁੱਖ ਦੀ ਬੇਗਾਨਗੀ ਦੀ ਗੱਲ ਕਰਦਾ ਹੈ ਜੋ ਕਿ ਕਲਾਸੀਕਲ ਲਿਖਤਾਂ ਵਿੱਚ ਸੰਭਵ ਨਹੀਂ। ਇਸ ਤਰ੍ਹਾਂ ਨਾਵਲ ਅਜਿਹੇ ਸਮੇਂ ਦਾ ਐਪਿਕ ਹੈ ਜਿਸ ਨੂੰ ਰੱਬ ਨੇ ਛੱਡ ਦਿੱਤਾ ਹੈ।

ਗੋਲਡਮੈਨ ਅਨੁਸਾਰ ਮਹਾਨ ਲੇਖਕ ਉਹ ਹੈ ਜੋ ਆਪਣੀ ਸਮਾਜਿਕ ਜਮਾਤ ਦੀ ਵਿਸ਼ਵ ਦ੍ਰਿਸ਼ਟੀ ਨੂੰ ਸਾਹਿਤ ਵਿੱਚ ਰੂਪਾਂਤ੍ਰਿਤ ਕਰੇ।

ਲੇਖਕ ਦੀ ਪ੍ਰਤੀਬੱਧਤਾ[ਸੋਧੋ]

ਜਦ ਆਮ ਵਿਅਕਤੀ ਮਾਰਕਸਵਾਦ ਵਿੱਚ ਲੇਖਕ ਦੀ ਪ੍ਰਤੀਬੱਧਤਾ ਦੀ ਗੱਲ ਕਰਦਾ ਹੈ ਤਾਂ ਅਸਲ ਵਿੱਚ ਉਹ ਸਟਾਲਿਨਵਾਦ ਦੇ ਪ੍ਰਭਾਵ ਅਧੀਨ ਹੁੰਦਾ ਹੈ। ਰੂਸ ਵਿੱਚ ਪਰੋਲੇਕਲਟ ਲਹਿਰ ਚੱਲੀ ਜਿਸਦਾ ਮਕਸਦ ਸ਼ੁੱਧ ਪਰੋਲੀਤਾਰੀ ਸੱਭਿਆਚਾਰ ਦੀ ਸਿਰਜਣਾ ਕਰਨਾ ਸੀ। ਇਹਨਾਂ ਦਾ ਕਹਿਣਾ ਸੀ ਕਿ ਲਿਖਤ ਨੂੰ ਪਾਰਟੀ ਦੇ ਹੱਕਾਂ ਦੀ ਪੂਰਤੀ ਕਰਨੀ ਚਾਹੀਦੀ ਹੈ। ਗੋਰਕੀ, ਜੋ ਇੱਕ ਸਮੇਂ ਤੱਕ ਲੇਖਕ ਦੀ ਆਜ਼ਾਦੀ ਦੀ ਵਕਾਲਤ ਕਰਦਾ ਸੀ, ਵੀ ਇਸ ਨਾਲ ਸਹਿਮਤ ਹੋ ਗਿਆ ਸੀ।

ਲੈਨਿਨ ਨੇ ਖੁੱਲੇ ਤੌਰ ਉੱਤੇ ਜਮਾਤ-ਪੱਖੀ ਸਾਹਿਤ ਸਿਰਜਣਾ ਦੀ ਗੱਲ ਕੀਤੀ। ਟਰਾਟਸਕੀ ਦਾ ਕਹਿਣਾ ਹੈ ਕਿ ਕਵੀਆਂ ਨੂੰ ਫੈਕਟਰੀ ਦੀਆਂ ਚਿਮਨੀਆਂ ਅਤੇ ਪੂੰਜੀਵਾਦ ਖ਼ਿਲਾਫ ਵਿਦਰੋਹ ਦੀ ਗੱਲ ਕਰਨ ਲਈ ਮਜ਼ਬੂਰ ਕਰਨਾ ਬਹੁਤ ਊਲ਼-ਜਲੂਲ ਗੱਲ ਹੈ।

ਮਾਰਕਸ ਦੇ ਆਪਣੇ ਪਸੰਦੀਦਾ ਲੇਖਕ ਐਕੇਲੀਸ, ਸ਼ੇਕਸਪੀਅਰ ਅਤੇ ਗੋਏਟੇ ਸਨ ਜਿਹਨਾਂ ਵਿੱਚੋਂ ਕੋਈ ਵੀ ਸਹੀ ਅਰਥਾਂ ਵਿੱਚ ਇਨਕਲਾਬੀ ਨਹੀਂ ਸੀ। ਏਂਗਲਜ਼ ਆਪਣੀਆਂ ਦੋ ਚਿੱਠੀਆਂ ਵਿੱਚ ਕਹਿੰਦਾ ਹੈ ਕਿ ਗਲਪ ਵਿੱਚ ਸਪਸ਼ਟ ਰਾਜਨੀਤਿਕ ਪ੍ਰਤੀਬੱਧਤਾ ਦੀ ਕੋਈ ਜ਼ਰੂਰੀ ਨਹੀਂ। ਇਸਨੂੰ ਬਾਅਦ ਵਿੱਚ ਮਾਰਕਸਵਾਦੀ ਆਲੋਚਨਾ ਵਿੱਚ "ਬਾਹਰਮੁਖੀ ਹਿਮਾਇਤ" ਦਾ ਨਾਂ ਦਿੱਤਾ ਗਿਆ। ਇਸ ਅਨੁਸਾਰ ਲੇਖਕ ਨੂੰ ਆਪਣੇ ਰਾਜਸੀ ਖ਼ਿਆਲਾਤ ਧੱਕੇ ਨਾਲ ਲਿਖਤ ਵਿੱਚ ਪਾਉਣ ਦੀ ਜ਼ਰੂਰਤ ਨਹੀਂ ਸਗੋਂ ਲੋੜ ਹੈ ਕਿ ਉਹ ਯਥਾਰਥ ਨੂੰ ਬਾਹਰਮੁਖੀ ਰੂਪ ਵਿੱਚ ਪੇਸ਼ ਕਰੇ। ਇਸ ਤਰ੍ਹਾਂ ਉਹ ਅਸਲੀ ਅਰਥਾਂ ਵਿੱਚ ਸਹੀ ਚੀਜ਼ ਦੇ ਪੱਖ ਵਿੱਚ ਹੋਵੇਗਾ।

ਲੇਖਕ ਇੱਕ ਨਿਰਮਾਤਾ ਵਜੋਂ[ਸੋਧੋ]

ਮਾਰਕਸਵਾਦ ਅਨੁਸਾਰ ਸਾਹਿਤ ਸਮਾਜ ਚੇਤਨਾ ਤੋਂ ਪੈਦਾ ਹੁੰਦਾ ਹੈ ਪਰ ਇਹ ਇੱਕ ਉਦਯੋਗ ਵੀ ਹੈ। ਕਿਤਾਬਾਂ ਸਿਰਫ਼ ਅਰਥਾਂ ਦੀ ਸੰਰਚਨਾ ਨਹੀਂ ਸਗੋਂ ਇਹ ਪ੍ਰਕਾਸ਼ਕਾਂ ਦੁਆਰਾ ਪੈਦਾ ਕੀਤੀ ਇੱਕ ਵਸਤ ਵੀ ਹੈ ਜਿਸ ਨੂੰ ਉਹ ਮੁਨਾਫ਼ੇ ਲਈ ਵੇਚਦੇ ਹਨ। ਮਾਰਕਸ ਕਹਿੰਦਾ ਹੈ ਕਿ ਲੇਖਕ ਵੀ ਇੱਕ ਕਾਮਾ ਹੈ ਇਸ ਲਈ ਨਹੀਂ ਕਿ ਉਹ ਖਿਆਲਾਂ ਨੂੰ ਪੈਦਾ ਕਰਦਾ ਹੈ ਸਗੋਂ ਇਸ ਲਈ ਕਿ ਉਹ ਪ੍ਰਕਾਸ਼ਕਾਂ ਨੂੰ ਮੁਨਾਫ਼ਾ ਕਮਾ ਕੇ ਦਿੰਦਾ ਹੈ। ਇਸ ਤਰ੍ਹਾਂ ਉਹ ਮਜ਼ਦੂਰੀ ਕਰਦਾ ਹੈ।

ਹਵਾਲੇ[ਸੋਧੋ]

  1. T Eagleton, Marxism and Literary Criticism, Berkeley, U of California P, 1976
  2. Hegel, Philosophy of Fine Art