ਕਾਰਲ ਮਾਰਕਸ
ਕਾਰਲ ਮਾਰਕਸ | |
---|---|
ਜਨਮ | ਕਾਰਲ ਮਾਰਕਸ[lower-alpha 1] 5 ਮਈ 1818 ਟਰਾਏਰ, ਰਾਇਨਲੈਂਡ, ਪ੍ਰਸ਼ੀਆ ਦਾ ਰਾਜ, ਜਰਮਨ ਕਨਫੈਡਰੇਸ਼ਨ |
ਮੌਤ | 14 ਮਾਰਚ 1883 ਲੰਡਨ, ਇੰਗਲੈਡ | (ਉਮਰ 64)
ਦਫ਼ਨਾਉਣ ਦੀ ਜਗ੍ਹਾ | ਕਾਰਲ ਮਾਰਕਸ ਦਾ ਮਕਬਰਾ |
ਰਾਸ਼ਟਰੀਅਤਾ |
|
ਸਿੱਖਿਆ |
|
ਜੀਵਨ ਸਾਥੀ | |
ਬੱਚੇ | ਘੱਟੋ ਘੱਟ 7,[3] including Jenny, Laura and Eleanor |
ਮਾਤਾ-ਪਿਤਾ |
|
Philosophy career | |
ਕਾਲ | 19ਵੀਂ ਸਦੀ ਦਾ ਦਰਸ਼ਨ |
ਖੇਤਰ | ਪੱਛਮੀ ਫ਼ਲਸਫ਼ਾ |
ਸਕੂਲ | |
ਥੀਸਿਸ | ਕੁਦਰਤ ਦੇ ਲੋਕਤੰਤਰੀ ਅਤੇ ਐਪੀਕਿਉਰੀਅਨ ਫ਼ਲਸਫ਼ੇ ਵਿਚਕਾਰ ਅੰਤਰ (1841) |
ਡਾਕਟੋਰਲ ਸਲਾਹਕਾਰ | ਬਰੂਨੋ ਬਾਇਰ |
ਮੁੱਖ ਰੁਚੀਆਂ |
|
ਮੁੱਖ ਵਿਚਾਰ |
|
ਦਸਤਖ਼ਤ | |
ਕਾਰਲ ਹਾਈਨਰਿਖ਼ ਮਾਰਕਸ (ਜਰਮਨ: Karl Heinrich Marx ) (5 ਮਈ, 1818 – 14 ਮਾਰਚ, 1883)[4] ਇੱਕ ਜਰਮਨ ਦਾਰਸ਼ਨਿਕ, ਸਮਾਜ ਵਿਗਿਆਨੀ, ਇਤਿਹਾਸਕਾਰ, ਅਰਥਸ਼ਾਸਤਰੀ ਅਤੇ ਇਨਕਲਾਬੀ ਕਮਿਊਨਿਸਟ ਸੀ। ਉਸ ਨੇ ਪਹਿਲੀ ਵਾਰ ਮਨੁੱਖੀ ਸਮਾਜ ਦੀ ਬਣਤਰ ਦੇ ਅਧਾਰ ਅਤੇ ਇਸਦੇ ਵਿਕਾਸ ਦੇ ਨਿਯਮਾਂ ਦਾ ਪਤਾ ਲਾਇਆ। ਮਾਰਕਸ ਦੇ ਖ਼ਿਆਲਾਂ ਨੇ ਮੋਟੇ ਤੌਰ ਤੇ ਸਮਾਜਿਕ ਵਿਗਿਆਨ ਅਤੇ ਖ਼ਾਸ ਤੌਰ ਤੇ ਉਸ ਤੋਂ ਬਾਅਦ ਆਉਣ ਵਾਲੇ ਖੱਬੇ ਪੱਖੀ ਇਨਕਲਾਬੀਆਂ ਦੀ ਮਾਨਸਿਕਤਾ ਤੇ ਡੂੰਘਾ ਅਸਰ ਪਾਇਆ ਹੈ[4][5] ਅਰਥ ਸ਼ਾਸਤਰ ਵਿੱਚ ਮਾਰਕਸ ਦੇ ਕੰਮ ਨੇ ਮਿਹਨਤ ਅਤੇ ਪੂੰਜੀ ਦੇ ਸੰਬੰਧ ਦੇ ਬਾਰੇ ਵਿੱਚ ਸਾਡੀ ਸਮਝ ਲਈ ਆਧਾਰ ਤਿਆਰ ਕੀਤਾ, ਅਤੇ ਬਾਅਦ ਦੇ ਆਰਥਕ ਵਿਚਾਰਾਂ ਨੂੰ ਬਹੁਤ ਪ੍ਰਭਾਵਿਤ ਕੀਤਾ।[6][7][8]
ਮੁਢਲਾ ਜੀਵਨ
[ਸੋਧੋ]ਜਨਮ ਅਤੇ ਪੜ੍ਹਾਈ: 1818–1835
[ਸੋਧੋ]ਕਾਰਲ ਮਾਰਕਸ ਦਾ ਜਨਮ ਟਰਾਏਰ ਨਾਂ ਦੇ ਸ਼ਹਿਰ ਵਿੱਚ ਹੋਇਆ ਜੋ ਕਿ ਉਸ ਵਕਤ ਰਾਇਨਲੈਂਡ ਨਾਂ ਦੇ ਮੁਲਕ ਦਾ ਹਿੱਸਾ ਸੀ। ਮਾਰਕਸ ਦਾ ਖ਼ਾਨਦਾਨ ਯਹੂਦੀ ਸੀ ਜਿਸ ਨੇ ਉਸ ਵਕਤ ਦੇ ਯਹੂਦੀਆਂ ਖ਼ਿਲਾਫ਼ ਕਾਨੂੰਨਾਂ ਕਰ ਕੇ ਇਸਾਈਅਤ ਕਬੂਲ ਕਰ ਲਈ ਸੀ। ਕਾਰਲ ਮਾਰਕਸ ਦੇ ਬਚਪਨ ਬਾਰੇ ਬਹੁਤ ਘੱਟ ਜਾਣਕਾਰੀ ਮਿਲਦੀ ਹੈ।[10] ਨੌਂ ਬੱਚਿਆਂ ਵਿੱਚੋਂ ਉਹ ਤੀਜਾ ਬੱਚਾ ਸੀ। 1819 ਵਿੱਚ ਉਸਦੇ ਵੱਡੇ ਭਾਈ ਮੋਰਿਜ਼ ਦੀ ਮੌਤ ਹੋ ਗਈ ਅਤੇ ਉਹ ਹੁਣ ਸਭ ਤੋਂ ਵੱਡਾ ਪੁੱਤਰ ਬਣ ਗਿਆ।[11] ਮਾਰਕਸ ਪੜ੍ਹਨ ਵਿੱਚ ਹੁਸ਼ਿਆਰ ਸੀ ਅਤੇ ਉਸ ਨੇ ਕਾਨੂੰਨ ਦੀ ਪੜ੍ਹਾਈ ਬਾਨ ਅਤੇ ਬਰਲਿਨ ਨਾਂ ਦੇ ਸ਼ਹਿਰਾਂ ਵਿੱਚ ਕੀਤੀ। ਆਪਾਣੀ ਪੜ੍ਹਾਈ ਪੂਰੀ ਕਰਨ ਲਈ ਮਾਰਕਸ ਨੇ ਇੱਕ ਥੀਸਿਸ ਲਿਖਿਆ ਜਿਸ ਵਿੱਚ ਉਸ ਨੇ ਡੈਮੋਕ੍ਰੀਤਸ ਅਤੇ ਐਪੀਕੀਉਰਸ ਨਾਂ ਦੇ ਯੂਨਾਨੀ ਦਾਰਸ਼ਨਿਕਾਂ ਦੇ ਫ਼ਲਸਫ਼ਿਆਂ ਦੀ ਆਪਸ ਵਿੱਚ ਤੁਲਨਾ ਕੀਤੀ। 1841 ਵਿੱਚ ਆਪਣੀ ਪੜ੍ਹਾਈ ਖ਼ਤਮ ਕਰਨ ਤੋਂ ਬਾਅਦ ਮਾਰਕਸ ਕਿਸੇ ਯੂਨੀਵਰਸਿਟੀ ਵਿੱਚ ਨੌਕਰੀ ਦੀ ਤਲਾਸ਼ ਵਿੱਚ ਸਨ। ਪਰ ਕਿਉਂਕਿ ਉਹ ਇਸ ਵਕਤ ਤਕ ਉਹ ਕਈ ਇਨਕਲਾਬੀ ਵਿਚਾਰਾਂ ਵਾਲੇ ਚਿੰਤਕਾਂ ਦੀ ਟੋਲੀਆਂ ਵਿੱਚ ਸ਼ਾਮਿਲ ਹੋ ਚੁੱਕੇ ਸਨ, ਕਿਸੀ ਵੀ ਯੂਨੀਵਰਸਿਟੀ ਵਿੱਚ ਨੌਕਰੀ ਹਾਸਿਲ ਕਰਨਾ ਹੁਣ ਦੂਰ ਦੀ ਗੱਲ ਬਣ ਚੁੱਕਾ ਸੀ[5]।
ਮਾਰਕਸ ਦੀ ਜਨਮ ਧਰਤੀ ਸੂਬਾ ਰਾਏਨ ਸਨਅਤੀ ਤੌਰ ਤੇ ਬਹੁਤ ਵਿਕਸਿਤ ਸੀ। ਅਠਾਰਵੀਂ ਸਦੀ ਵਿੱਚ ਫ਼ਰਾਂਸ ਦੇ ਬੁਰਜ਼ੁਆ ਇਨਕਲਾਬ ਦੀ ਵਜ੍ਹਾ ਨਾਲ ਉਥੇ ਜਾਗੀਰਦਾਰੀ ਹੱਕ ਅਤੇ ਟੈਕਸ ਮਨਸੂਖ਼ ਹੋ ਚੁੱਕੇ ਸਨ। ਕੋਇਲੇ ਦੇ ਜ਼ਖ਼ੀਰਿਆਂ ਨਾਲ ਹਾਸਲ ਸ਼ੁਦਾ ਵੱਡੀਆਂ ਵੱਡੀਆਂ ਰਕਮਾਂ ਨੇ ਸਨਅਤੀ ਤਰਕੀ ਦੇ ਲਈ ਹਾਲਾਤ ਸਾਜ਼ਗਾਰ ਕਰ ਦਿੱਤੇ ਸਨ। ਇਸ ਤਰ੍ਹਾਂ ਸੂਬਾ ਰਾਏਨ ਵਿੱਚ ਵੱਡੇ ਪੈਮਾਨੇ ਦੀ ਸਰਮਾਏਦਾਰੀ ਸਨਅਤ ਲੱਗ ਚੁੱਕੀ ਸੀ ਅਤੇ ਇੱਕ ਨਵਾਂ ਤਬਕਾ ਯਾਨੀ ਪਰੋਲਤਾਰੀਆ ਵੀ ਪੈਦਾ ਹੋ ਗਿਆ ਸੀ।
1830 ਤੋਂ 1835 ਤੱਕ ਮਾਰਕਸ ਨੇ ਟਰਾਏਰ ਦੇ ਜਿਮਨਾਸਟਿਕ ਸਕੂਲ ਵਿੱਚ ਵਿਦਿਆ ਹਾਸਲ ਕੀਤੀ। ਸਕੂਲੀ ਇਮਤਿਹਾਨ ਵਿੱਚ ਉਨ੍ਹਾਂ ਨੇ ਇੱਕ ਲੇਖ ਲਿਖਿਆ ਸੀ ਜਿਸ ਦਾ ਸਿਰਲੇਖ ਸੀ, ਪੇਸ਼ੇ ਦੀ ਚੋਣ ਕਰਨ ਸੰਬੰਧੀ ਇੱਕ ਨੌਜਵਾਨ ਦੇ ਵਿਚਾਰ। ਇਸ ਮਜ਼ਮੂਨ ਤੋਂ ਪਤਾ ਚੱਲਦਾ ਹੈ ਕਿ ਇਸ ਸਤਾਰਾਂ ਸਾਲਾ ਨੌਂਜਵਾਨ ਨੇ ਸ਼ੁਰੂ ਤੋਂ ਹੀ ਆਪਣੀ ਜਿੰਦਗੀ ਦਾ ਮਕਸਦ ਇਨਸਾਨੀਅਤ ਦੀ ਬੇਗਰਜ਼ ਖ਼ਿਦਮਤ ਨੂੰ ਮਿੱਥ ਲਿਆ ਸੀ। ਜਿਮਨਾਸਟਿਕ ਸਕੂਲ ਦੀ ਵਿਦਿਆ ਮੁਕੰਮਲ ਕਰਨ ਦੇ ਬਾਅਦ ਮਾਰਕਸ ਨੇ ਪਹਿਲਾਂ ਤਾਂ ਬੋਨ ਵਿੱਚ ਫਿਰ ਬਰਲਿਨ ਯੂਨੀਵਰਸਿਟੀ ਵਿੱਚ ਕਾਨੂੰਨ ਦੀ ਪੜ੍ਹਾਈ ਕੀਤੀ। ਬੇਸ਼ੱਕ ਕਾਨੂੰਨ ਦੀ ਪੜ੍ਹਾਈ ਉਸ ਦਾ ਪਸੰਦੀਦਾ ਮਜ਼ਮੂਨ ਸੀ ਐਪਰ ਫ਼ਲਸਫ਼ੇ ਅਤੇ ਇਤਹਾਸ ਵਿੱਚ ਵੀ ਉਸ ਦੀ ਗਹਿਰੀ ਦਿਲਚਸਪੀ ਸੀ।
ਇਨਕਲਾਬੀ ਦਰਸ਼ਨ ਦਾ ਜਨਮ: 1836–1843
[ਸੋਧੋ]ਮਾਰਕਸ ਦੇ ਵਿਗਿਆਨਕ ਅਤੇ ਸਿਆਸੀ ਖ਼ਿਆਲ ਨੁਮਾਇਆਂ ਤੌਰ ਤੇ ਉਸ ਵਕਤ ਰੂਪਵਾਨ ਹੋਏ ਜਦੋਂ ਜਰਮਨੀ ਅਤੇ ਦੂਜੇ ਯੂਰਪੀ ਮੁਲਕਾਂ ਵਿੱਚ ਅਜ਼ੀਮ ਇਤਹਾਸਕ ਘਟਨਾਵਾਂ ਦੀ ਜ਼ਮੀਨ ਹਮਵਾਰ ਹੋ ਰਹੀ ਸੀ। ਸਰਮਾਏਦਾਰੀ ਦੇ ਤਰੱਕੀ ਕਰ ਜਾਣ ਨਾਲ ਯੂਰਪ ਦੇ ਬਹੁਤ ਸਾਰੇ ਮੁਲਕਾਂ ਵਿੱਚ ਜਾਗੀਰਦਾਰੀ ਰਿਸ਼ਤਿਆਂ ਦੀ ਰਹਿੰਦ ਖੂੰਹਦ ਬਹੁਤ ਜ਼ਿਆਦਾ ਨਾਕਾਬਲੇ ਬਰਦਾਸ਼ਤ ਹੋ ਗਈ ਸੀ। ਮਸ਼ੀਨਾਂ ਦੇ ਜ਼ਹੂਰ ਅਤੇ ਸਰਮਾਏਦਾਰਾਨਾ ਸਨਅਤ ਦੀ ਵੱਡੇ ਪੈਮਾਨੇ ਤੇ ਤਰੱਕੀ ਨੇ ਕਿਸਾਨਾਂ ਅਤੇ ਦਸਤਕਾਰਾਂ ਨੂੰ ਬਰਬਾਦ ਕਰ ਦਿੱਤਾ ਸੀ। ਪਰੋਲਤਾਰੀਆ ਦੀ ਸ਼ਕਲ ਸੂਰਤ ਇੱਕ ਅਜਿਹੇ ਤਬਕੇ ਵਰਗੀ ਹੋ ਗਈ ਸੀ ਜੋ ਪੈਦਾਵਾਰ ਦੇ ਤਮਾਮ ਵਸੀਲਿਆਂ ਤੋਂ ਮਹਿਰੂਮ ਹੋ ਚੁੱਕਾ ਸੀ। ਪੱਛਮੀ ਯੂਰਪ ਦੇ ਮੁਲਕਾਂ ਵਿੱਚ ਸਰਮਾਏਦਾਰੀ ਦੇ ਉਭਾਰ ਨੇ ਜਮਾਤੀ ਜੰਗ ਦੇ ਆਸਾਰ, ਬੁਰਜ਼ਵਾ ਜਮਹੂਰੀਅਤ ਅਤੇ ਕੌਮੀ ਅਜ਼ਾਦੀ ਦੀਆਂ ਲਹਿਰਾਂ ਨੂੰ ਨੁਮਾਇਆਂ ਕਰ ਦਿੱਤਾ। ਪਰੋਲਤਾਰੀਆ ਇਤਿਹਾਸਕ ਤਾਕਤ ਦੀ ਸੂਰਤ ਵਿੱਚ ਉੱਭਰ ਆਈ ਜੋ ਉਦੋਂ ਤੱਕ ਅਰੰਭਕ ਹਾਲਤ ਵਿੱਚ ਸੀ ਅਤੇ ਸਰਮਾਏਦਾਰਾਨਾ ਜ਼ੁਲਮ ਅਤੇ ਲੁੱਟ ਦਾ ਵਿਰੋਧ ਗ਼ੈਰ-ਚੇਤਨ ਸੀ। ਅਰਧ ਜਾਗੀਰਦਾਰਾਨਾ ਪੱਛੜੇ, ਆਰਥਿਕ ਅਤੇ ਸਿਆਸੀ ਤੌਰ ਤੇ ਗ਼ੈਰ ਮੁਤਹਿਦਾ ਜਰਮਨੀ ਵਿੱਚ ਇੱਕ ਬੁਰਜ਼ਵਾ ਜਮਹੂਰੀ ਇਨਕਲਾਬ ਪਲ ਰਿਹਾ ਸੀ ਜਿੱਥੇ ਮੌਜੂਦ ਜਾਗੀਰਦਾਰੀ ਅਤੇ ਨਵੀਂ ਪੈਦਾ ਹੋਈ ਸਰਮਾਏਦਾਰੀ, ਦੋਨਾਂ ਦੇ ਹੱਥੋਂ ਲੋਕ ਦੋਹਰੇ ਜਬਰ ਦਾ ਸ਼ਿਕਾਰ ਸਨ। 1830 ਵਾਲੇ ਦਹਾਕੇ ਦੇ ਆਖ਼ਰ ਵਿੱਚ 1840 ਵਾਲੀ ਦਹਾਕੇ ਦੇ ਸ਼ੁਰੂ ਵਿੱਚ ਜਰਮਨੀ ਦੀ ਜ਼ਿਆਦਾਤਰ ਜਨਤਾ ਵਿੱਚ ਬੇਚੈਨੀ ਦਾ ਅਹਿਸਾਸ ਘਰ ਕਰ ਗਿਆ ਸੀ। ਸਮਾਜੀ ਜਿੰਦਗੀ ਦੀਆਂ ਸਰਗਰਮੀਆਂ ਵਿੱਚ ਵੱਖ ਵੱਖ ਵਿਰੋਧ ਜਨਮ ਲੈ ਰਹੇ ਸਨ। ਬੁਰਜ਼ਵਾਜ਼ੀ ਅਤੇ ਦਾਨਸ਼ਵਰਾਂ ਵਿੱਚ ਵੱਖ ਵੱਖ ਕਿਸਮ ਦੀਆਂ ਦੀਆਂ ਸਫ਼ਬੰਦੀਆਂ ਹੋ ਰਹੀਆਂ ਸਨ।
ਹੀਗਲ ਦੇ ਕੰਮ ਨਾਲ ਮਾਰਕਸ ਦੀ ਪਛਾਣ ਉਸ ਦੇ ਵਿਦਿਆਰਥੀ ਜ਼ਮਾਨੇ ਤੋਂ ਹੀ ਹੋ ਗਈ ਸੀ।ਜਦੋਂ ਉਸ ਨੇ ਹੀਗਲ ਦੇ ਨੌਜਵਾਨ ਪੈਰੋਕਾਰਾਂ ਨਾਲ, ਜੋ ਹੀਗਲ ਦੇ ਦਰਸ਼ਨ ਤੋਂ ਇੰਤਹਾਪਸੰਦ ਨਤੀਜੇ ਕੱਢਣ ਦੀ ਕੋਸ਼ਿਸ਼ ਕਰਦੇ ਸਨ, ਮੇਲ ਜੋਲ ਸ਼ੁਰੂ ਕਰ ਲਿਆ ਸੀ। ਮਾਰਕਸ ਦੇ ਥੀਸਿਸ, ਡੇਮੋਕਰੀਟਸ ਦੇ ਕੁਦਰਤ ਦੇ ਦਰਸ਼ਨ ਅਤੇ ਐਪੀਕਿਊਰਸ ਦੇ ਕੁਦਰਤ ਦੇ ਦਰਸ਼ਨ ਵਿੱਚ ਫਰਕ ਤੋਂ ਪਤਾ ਚੱਲਦਾ ਹੈ। ਕਿ ਚਾਹੇ ਉਹ ਅਜੇ ਵਿਚਾਰਵਾਦ ਦੇ ਦ੍ਰਿਸ਼ਟੀਕੋਣ ਨਾਲ ਚਿੰਬੜਿਆ ਹੋਇਆ ਸੀ। ਉਸ ਨੇ ਹੀਗਲ ਦੀ ਵਿਰੋਧ ਵਿਕਾਸੀ ਤਜ਼ਾਦ ਦੇ ਦਰਸ਼ਨ ਤੋਂ ਇਨਕਲਾਬੀ ਨਤੀਜੇ ਕਢਣੇ ਸ਼ੁਰੂ ਕਰ ਦਿੱਤੇ ਸਨ। ਮਿਸਾਲ ਦੇ ਤੌਰ ਤੇ ਜਦੋਂ ਹੀਗਲ ਨੇ ਐਪੀਕਿਊਰਸ ਨੂੰ ਉਸ ਦੇ ਪਦਾਰਥਵਾਦ ਅਤੇ ਨਾਸਤਿਕਤਾ ਕਾਰਨ ਸ਼ਦੀਦ ਆਲੋਚਨਾ ਦਾ ਨਿਸ਼ਾਨਾ ਬਣਾਇਆ, ਮਾਰਕਸ ਨੇ ਇਸ ਦੇ ਉਲਟ ਇਸ ਪ੍ਰਾਚੀਨ ਯੂਨਾਨੀ ਦਰਸ਼ਨ ਦੀ ਧਾਰਮਿਕਤਾ ਅਤੇ ਵਹਿਮਪ੍ਰਸਤੀ ਦੇ ਖਿਲਾਫ ਦਲੇਰਾਨਾ ਜਦੋਜਹਿਦ ਦੀ ਤਾਰੀਫ਼ ਕੀਤੀ। ਮਾਰਕਸ ਨੇ ਆਪਣਾ ਥੀਸਿਸ ਯੂਨੀਵਰਸਿਟੀ ਨੂੰ ਪੇਸ਼ ਕੀਤਾ ਅਤੇ ਅਪ੍ਰੈਲ 1841 ਵਿੱਚ ਦਰਸ਼ਨ ਵਿੱਚ ਡਾਕਟਰੇਟ ਦੀ ਡਿਗਰੀ ਹਾਸਲ ਕੀਤੀ।
ਯੂਨੀਵਰਸਟੀ ਦਾ ਕੰਮ ਖ਼ਤਮ ਕਰਨ ਦੇ ਬਾਅਦ ਉਸ ਨੇ ਚਾਹਿਆ ਕਿ ਉਹ ਆਪਣੇ ਆਪ ਨੂੰ ਗਿਆਨ ਖੇਤਰ ਦੇ ਲਈ ਵਕਫ਼ ਕਰ ਦੇਵੇ ਅਤੇ ਬੋਨ ਵਿੱਚ ਪ੍ਰੋਫੈਸਰ ਬਣ ਜਾਵੇ। ਲੇਕਿਨ ਪਰੂਸ਼ੀਆ ਗੌਰਮਿੰਟ ਦੀ ਤਰਕੀਪਸੰਦ ਪਰੋਫ਼ੈਸਰਾਂ ਨੂੰ ਯੂਨੀਵਰਸਟੀਆਂ ਵਿੱਚੋਂ ਕੱਢ ਬਾਹਰ ਕਰਨ ਦੀ ਪਿਛਾਖੜੀ ਨੀਤੀ ਨਾਲ ਮਾਰਕਸ ਦਾ ਇਹ ਭਰੋਸਾ ਪੁਖ਼ਤਾ ਹੋ ਗਿਆ ਕਿ ਪਰੂਸ਼ੀਆ ਦੀਆਂ ਯੂਨੀਵਰਸਟੀਆਂ ਵਿੱਚ ਤਰਕੀਪਸੰਦ ਅਤੇ ਆਲੋਚਨਾਤਮਿਕ ਖ਼ਿਆਲਾਂ ਦੀ ਕੋਈ ਗੁੰਜਾਇਸ਼ ਨਹੀਂ। ਰੀਨਸ਼ੇ ਜੇਤੁੰਗ (Rheinische Zeitung) ਨੇ ਮਾਰਕਸ ਨੂੰ ਸਿਆਸੀ ਰੂੜੀਵਾਦ ਅਤੇ ਜ਼ੁਲਮ ਦੇ ਖਿਲਾਫ ਨਵੇਂ ਖ਼ਿਆਲਾਂ ਦਾ ਪਰਚਾਰ ਕਰਨ ਦੇ ਲਈ ਪਲੇਟਫ਼ਾਰਮ ਮੁਹਈਆ ਕਰ ਦਿੱਤਾ। ਉਹ ਅਪ੍ਰੈਲ 1842 ਨੂੰ ਇਸ ਅਖ਼ਬਾਰ ਨਾਲ ਜੁੜ ਗਿਆ ਅਤੇ ਉਸੇ ਸਾਲ ਅਕਤੂਬਰ ਵਿੱਚ ਉਸ ਦਾ ਐਡੀਟਰ ਬਣ ਗਿਆ। ਮਾਰਕਸ ਦੀ ਸੰਪਾਦਕੀ ਹੇਠ ਰੀਨਸ਼ੇ ਜੇਤੁੰਗ ਦਾ ਇਨਕਲਾਬੀ ਜਮਹੂਰੀ ਰੁਝਾਨ ਹੋਰ ਜ਼ਿਆਦਾ ਸਪਸ਼ਟ ਹੋ ਗਿਆ। ਉਸ ਨੇ ਸਮਾਜੀ,ਸਿਆਸੀ ਅਤੇ ਰੂਹਾਨੀ ਹਕੂਮਤ ਦੇ ਹਰ ਜਬਰ ਦੇ ਖਿਲਾਫ ਬੇਬਾਕ ਬਗਾਵਤ ਕਰ ਦਿੱਤੀ ਜੋ ਪਰੂਸ਼ੀਆ ਅਤੇ ਤਮਾਮ ਜਰਮਨੀ ਵਿੱਚ ਫੈਲ ਗਈ। ਮਾਰਕਸ ਨੇ ਇੱਕ ਸੱਚੇ ਜਮਹੂਰੀ ਇਨਕਲਾਬੀ ਦੀਆਂ ਤਰ੍ਹਾਂ ਆਪਣੇ ਲੇਖਾਂ ਵਿੱਚ ਜਨਤਾ ਦੀਆਂ ਆਰਥਿਕ ਗ਼ਰਜਾਂ ਦਾ ਪੱਖ ਪੂਰਿਆ। ਅਖ਼ਬਾਰ ਦੇ ਤਜਰਬੇ ਨਾਲ ਮਾਰਕਸ ਨੂੰ ਮਜ਼ਦੂਰਾਂ ਦੀਆਂ ਹਾਲਤਾਂ ਅਤੇ ਜਰਮਨੀ ਦੀ ਸਿਆਸੀ ਜਿੰਦਗੀ ਦਾ ਭਰਪੂਰ ਗਿਆਨ ਹਾਸਲ ਹੋਇਆ। ਲੋਕਾਂ ਦੀਆਂ ਭਖਦੀਆਂ ਜ਼ਰੂਰਤਾਂ ਦੇ ਬਾਰੇ ਵਿੱਚ ਵੀ ਪੂਰੂਸ਼ੀਆ ਦੀ ਹਕੂਮਤ ਅਤੇ ਉਸ ਦੇ ਅਫ਼ਸਰਾਂ ਦੇ ਜਾਲਮ ਰਵਈਏ ਦੇ ਦਰਜਨਾਂ ਤਥ ਵੇਖਦੇ ਹੋਏ ਮਾਰਕਸ ਇਸ ਨਤੀਜੇ ਤੇ ਅੱਪੜਿਆ ਕਿ ਇਹ ਹਕੂਮਤ, ਇਸ ਦੇ ਅਫ਼ਸਰ ਅਤੇ ਉਸ ਦੇ ਕਾਨੂੰਨ, ਲੋਕਾਂ ਦੀਆਂ ਇਛਾਵਾਂ ਦੇ ਰਾਖੇ ਨਹੀਂ ਬਲਕਿ ਹੁਕਮਰਾਨਾਂ ਦੇ ਹਿਤਾਂ ਦੀ ਨੁਮਾਇੰਦਗੀ ਕਰਦੇ ਹਨ ਜਿਨ੍ਹਾਂ ਵਿੱਚ ਅਮੀਰ ਅਤੇ ਮੁਲਾਣੇ ਵੀ ਸ਼ਾਮਿਲ ਹਨ। ਇਹ ਰੀਨਸ਼ੇ ਜੇਤੁੰਗ ਵਿੱਚ ਕੰਮ ਕਰਨ ਦਾ ਨਤੀਜਾ ਸੀ ਕਿ ਉਸ ਨੇ ਆਰਥਿਕਤਾ ਵਿੱਚ ਦਿਲਚਸਪੀ ਲੈਣੀ ਸ਼ੁਰੂ ਕਰ ਦਿੱਤੀ। ਏਂਗਲਜ਼ ਦੇ ਮੁਤਾਬਿਕ ਬਾਅਦ ਵਿੱਚ ਮਾਰਕਸ ਅਕਸਰ ਕਿਹਾ ਕਰਦਾ ਸੀ ਕਿ ਇਹ "ਲੱਕੜ ਚੋਰੀ ਦਾ ਕਾਨੂੰਨ ਪੜ੍ਹਨ ਅਤੇ ਮੋਜ਼ਲੇ ਦੇ ਕਿਸਾਨਾਂ ਦੇ ਹਾਲਾਤ ਦੀ ਘੋਖ ਕਰਨ ਦਾ ਨਤੀਜਾ ਸੀ ਜਿਸ ਨੇ ਉਸਨੂੰ ਖ਼ਾਲਸ ਰਾਜਨੀਤੀ ਨਾਲ ਆਰਥਿਕ ਸੰਬੰਧਾਂ ਦੀ ਤਰਫ਼ ਆਕਰਸ਼ਤ ਕੀਤਾ ਅਤੇ ਇਸ ਤਰ੍ਹਾਂ ਉਸਨੂੰ ਸੋਸ਼ਲਿਜ਼ਮ ਦੀ ਰਾਹ ਵਿਖਾਈ।"[12]
ਮਾਰਕਸ ਦੀ ਆਰਥਿਕ ਅਤੇ ਸਮਾਜੀ ਮਸਲਿਆਂ ਪ੍ਰਤੀ ਭਰਪੂਰ ਲਗਨ ਨਾ ਸਿਰਫ਼ ਜਰਮਨੀ ਦੇ ਜਨਤਾ ਦੀ ਤਕਲੀਫ਼ ਦੇਹ ਬਦਹਾਲੀ ਅਤੇ ਮਹਿਰੂਮੀ ਵੇਖ ਕੇ ਜਾਗੀ ਸੀ ਬਲਕਿ ਨਿਹਾਇਤ ਵਿਕਸਿਤ ਸਰਮਾਏਦਾਰ ਮੁਲਕਾਂ, ਬਰਤਾਨੀਆ ਅਤੇ ਫ਼ਰਾਂਸ ਦੇ ਹਾਲਾਤ ਅਤੇ ਘਟਨਾਵਾਂ ਨਾਲ ਵੀ ਉਭਰੀ ਸੀ। ਲਿਓਨਜ ਦੇ ਮਜ਼ਦੂਰਾਂ ਦੀਆਂ 1831 ਅਤੇ 1834 ਦੀਆਂ ਹਲਚਲਾਂ, 1830 ਦੇ ਆਖਿਰ ਵਿੱਚ ਬਰਤਾਨੀਆ ਦੇ ਮਿਹਨਤਕਸ਼ਾਂ ਵਿੱਚ ਇਨਕਲਾਬੀ ਲਹਿਰ - ਇਨ੍ਹਾਂ ਸਭ ਨੇ 1842 ਵਿੱਚ ਆਪਣੇ ਸਿਖਰੀ ਨੁਕਤੇ ਤੇ ਪਹੁੰਚ ਕੇ ਸਿਆਸੀ ਚਰਿਤਰ (ਚਾਰਟਰਵਾਦ) ਆਪਣਾ ਲਿਆ। ਇਸ ਤਰ੍ਹਾਂ ਮਜ਼ਦੂਰਾਂ ਦੇ ਕੁੱਝ ਹੋਰ ਅਮਲੀ ਕਦਮ ਬਹੁਤ ਜ਼ਿਆਦਾ ਸਿਆਸੀ ਅਹਿਮੀਅਤ ਦੇ ਧਾਰਨੀ ਸਨ। ਇਸ ਵਕਤ ਤੋਂ ਯੂਰਪ ਦੇ ਨਿਹਾਇਤ ਵਿਕਸਿਤ ਮੁਲਕਾਂ ਵਿੱਚ ਬੁਰਜ਼ਵਾਜ਼ੀ ਅਤੇ ਪਰੋਲਤਾਰੀਆ ਵਿੱਚ ਜਮਾਤੀ ਕਸ਼ਮਕਸ਼ ਦਾ ਧਾਰਾ ਹੋਰ ਸਪਸ਼ਟ ਹੋ ਗਿਆ।
ਨਵੇਂ ਤਬਕੇ ਯਾਨੀ ਪਰੋਲਤਾਰੀਆ ਦੀ ਜਦੋਜਹਿਦ ਵਿੱਚ ਸ਼ਮੂਲੀਅਤ ਨੇ ਮਾਰਕਸ ਨੂੰ ਉਕਸਾਇਆ ਕਿ ਉਹ ਨਿਸਬਤਨ ਨਵੇਂ ਸਮਾਜੀ ਆਰਥਿਕ ਮਸਲਿਆਂ ਵਿੱਚ ਗਹਿਰੀ ਦਿਲਚਸਪੀ ਲਵੇ। ਇਵੇਂ ਉਸ ਦੀ ਦਿਲਚਸਪੀ ਸੋਸ਼ਲਿਸਟ ਸਾਹਿਤ ਵਿੱਚ ਵਧੀ ਜੋ ਉਨ੍ਹੀਂ ਦਿਨੀਂ ਬਰਤਾਨੀਆ ਅਤੇ ਫ਼ਰਾਂਸ ਵਿੱਚ ਪ੍ਰਕਾਸ਼ਿਤ ਹੁੰਦਾ ਸੀ। ਰੀਨਸ਼ੇ ਜੇਤੁੰਗ ਵਿੱਚ ਕੰਮ ਕਰਨ, ਜਿੰਦਗੀ ਨਾਲ ਬੇਬਾਕ ਨਿਪਟਣ, ਜਰਮਨੀ ਦੇ ਆਮ ਲੋਕਾਂ ਦੀਆਂ ਕੋਸ਼ਿਸ਼ਾਂ ਦੇਖਣ ਅਤੇ ਦੂਜੇ ਮੁਲਕਾਂ ਵਿੱਚ ਚਲਣ ਵਾਲੀਆਂ ਮਜ਼ਦੂਰ ਲਹਿਰਾਂ ਨਾਲ ਵਾਕਫ਼ੀਅਤ ਹਾਸਲ ਕਰਨ ਦੀ ਵਜ੍ਹਾ ਨਾਲ ਨੌਜਵਾਨ ਮਾਰਕਸ ਤੇ ਜਬਰਦਸਤ ਅਸਰ ਪਏ। ਬਕੌਲ ਲੈਨਿਨ, ਇੱਥੇ ਸਾਨੂੰ ਮਾਰਕਸ ਵਿੱਚ ਵਿਚਾਰਵਾਦ ਤੋਂ ਪਦਾਰਥਵਾਦ ਅਤੇ ਇਨਕਲਾਬੀ ਜਮਹੂਰੀਅਤ ਤੋਂ ਕਮਿਊਨਿਜ਼ਮ ਦੀ ਤਰਫ਼ ਵਧਣ ਦੇ ਆਸਾਰ ਨਜ਼ਰ ਆਉਂਦੇ ਹਨ। ਪਰੂਸ਼ੀਆ ਦੀ ਹਕੂਮਤ, ਰੀਨਸ਼ੇ ਜੇਤੁੰਗ ਦੇ ਰੁਝਾਨ ਅਤੇ ਉਸ ਦੇ ਤੇਜ਼ੀ ਨਾਲ ਵਧਦੇ ਹੋਏ ਅਸਰਾਂ ਤੋਂ ਖ਼ੌਫ਼ਜ਼ਦਾ ਹੋ ਗਈ। ਉਸ ਨੇ ਅਖ਼ਬਾਰ ਤੇ ਸੈਂਸਰਸ਼ਿਪ ਦੀ ਪਾਬੰਦੀ ਸਖ਼ਤ ਕਰ ਦਿੱਤੀ ਅਤੇ ਆਖ਼ਰਕਾਰ ਜਨਵਰੀ 1843 ਨੂੰ ਇੱਕ ਅਪ੍ਰੈਲ 1843 ਤੋਂ ਉਸ ਦੀ ਜ਼ਬਤੀ ਦੀ ਡਿਗਰੀ ਦੇ ਦਿੱਤੀ। ਇਸ ਸਾਲ 17 ਮਾਰਚ ਨੂੰ ਅਖ਼ਬਾਰ ਦੇ ਹਿਸੇਦਾਰਾਂ ਦੇ ਮਨਸੂਬਿਆਂ ਨਾਲ ਇਖ਼ਤਲਾਫ਼ ਕਰਦੇ ਹੋਏ ਜੋ ਅਖ਼ਬਾਰ ਦੀ ਪਾਲਿਸੀ ਨਰਮ ਕਰਨਾ ਚਾਹੁੰਦੇ ਸਨ, ਮਾਰਕਸ ਨੇ ਅਸਤੀਫਾ ਦੇ ਦਿੱਤਾ। ਉਸ ਨੇ ਬਾਹਰਲੇ ਮੁਲਕ ਜਾਣ ਦਾ ਫੈਸਲਾ ਕਰ ਲਿਆ। ਮਕਸਦ ਇਹ ਸੀ ਕਿ ਬਾਹਰ ਤੋਂ ਇੱਕ ਇਨਕਲਾਬੀ ਪਰਚਾ ਪ੍ਰਕਾਸ਼ਿਤ ਕੀਤਾ ਜਾਵੇ ਜੋ ਸਰਹਦਾਂ ਦੇ ਬਾਹਰ ਤੋਂ ਜਰਮਨੀ ਦੇ ਅੰਦਰ ਭੇਜਿਆ ਜਾਵੇ। ਮਾਰਕਸ ਦੇ ਖ਼ਿਆਲ ਵਿੱਚ ਉਸ ਪਰਚੇ ਦਾ ਮਕਸਦ ਹਰ ਪਹਿਲੂ ਤੇ ਬੇਰਹਿਮ ਆਲੋਚਨਾ ਸੀ।
ਜੈਨੀ ਨਾਲ ਸ਼ਾਦੀ
[ਸੋਧੋ]ਜਰਮਨੀ ਨੂੰ ਛੱਡਣ ਤੋਂ ਬਾਅਦ ਮਾਰਕਸ ਨੇ ਜੈਨੀ ਵਾਨ ਵੇਸਟਫਾਲੇਨ ਨਾਲ ਵਿਆਹ ਕਰ ਲਿਆ ਜੋ ਉਸ ਦੀ ਬਚਪਨ ਦੀ ਦੋਸਤ ਸੀ ਅਤੇ ਜਿਸ ਨਾਲ ਉਸ ਦੀ ਮੰਗਣੀ ਉਸੇ ਵਕਤ ਹੋ ਗਈ ਸੀ ਜਦੋਂ ਉਹ ਸਕੂਲ ਵਿੱਚ ਪੜ੍ਹਦਾ ਸੀ। ਉਸ ਨੇ 1843 ਦੀਆਂ ਗਰਮੀਆਂ ਅਤੇ ਖ਼ਿਜ਼ਾਂ ਕਰੂਜ਼ਨੀਸ਼ ਵਿੱਚ ਗਜ਼ਾਰੀਆਂ, ਜਿੱਥੇ ਉਸ ਨੇ ਹੀਗਲ ਦੇ ਹੱਕ ਦੇ ਦਰਸ਼ਨ ਦਾ ਆਲੋਚਨਾਤਮਿਕ ਅਧਿਐਨ ਸ਼ੁਰੂ ਕੀਤਾ। ‘ਹੀਗਲ ਦੇ ਹੱਕ ਦੇ ਦਰਸ਼ਨ ਤੇ ਆਲੋਚਨਾ’ ਨਾਮੀ ਕਿਤਾਬ ਸਾਡੇ ਤੱਕ ਇੱਕ ਨਾ ਮੁਕੰਮਲ ਮਸੌਦੇ ਦੇ ਰੂਪ ਵਿੱਚ ਪਹੁੰਚੀ। ਇਹ ਕਿਤਾਬ ਮਾਰਕਸ ਦੇ ਨਵੇਂ ਵਿਸ਼ਵ ਪਦਾਰਥਵਾਦੀ ਨੁਕਤਾ ਨਜ਼ਰ ਦੀ ਤਰਫ਼ ਰੁਝਾਨ ਦੀ ਨੁਮਾਇੰਦਗੀ ਕਰਦੇ ਹੋਏ ਮੀਲ ਪਥਰ ਦੀ ਹੈਸੀਅਤ ਰੱਖਦੀ ਹੈ। ਜਿਵੇਂ ਕਿ ਉਸ ਨੇ ਹਰ ਮੌਜੂਦ ਚੀਜ਼ ਤੇ ਬੇਰਹਿਮ ਆਲੋਚਨਾ ਕਰਨ ਦਾ ਔਖਾ ਦਾਅਵਾ ਕੀਤਾ ਸੀ। ਮਾਰਕਸ ਨੇ ਇਸ ਆਲੋਚਨਾ ਦਾ ਆਗਾਜ਼ ਇੱਕ ਅਜਿਹੇ ਸਵਾਲ ਨਾਲ ਨਿਪਟਣ ਨਾਲ ਕੀਤਾ ਜਿਸ ਨਾਲ ਉਸ ਦਾ ਵਾਸਤਾ ਰੀਨਸ਼ੇ ਜੇਤੁੰਗ ਵਿੱਚ ਕੰਮ ਕਰਨ ਦੇ ਦੌਰਾਨ ਪੈ ਚੁੱਕਾ ਸੀ। ਸਵਾਲ ਸੀ ਕਿ ਰਾਜ ਅਤੇ ਸਮਾਜੀ ਜਿੰਦਗੀ ਦੀਆਂ ਪਦਾਰਥਕ ਹਾਲਤਾਂ ਦਾ ਆਪਸ ਵਿੱਚ ਕੀ ਰਿਸ਼ਤਾ ਹੈ। ਅਤੇ ਇਹ ਕਿਸ ਤਰ੍ਹਾਂ ਇੱਕ ਦੂਜੇ ਤੇ ਨਿਰਭਰ ਕਰਦੀਆਂ ਹਨ ਇਸ ਸਵਾਲ ਦਾ ਵਿਗਿਆਨਕ ਜਵਾਬ ਰਾਜ ਅਤੇ ਕਾਨੂੰਨ ਦੇ ਮਤਾਲਿਕ ਹੀਗਲ ਦੇ ਪਿਛਾਖੜੀ ਵਿਚਾਰਵਾਦੀ ਨਜ਼ਰੀਏ ਦਾ ਆਲੋਚਨਾਤਮਿਕ ਵਿਸ਼ਲੇਸ਼ਣ ਕਰਨ ਦੇ ਬਗ਼ੈਰ ਦੇਣਾ ਨਾਮੁਮਕਿਨ ਸੀ। ਮਾਰਕਸ ਪਹਿਲੀ ਹਸਤੀ ਸੀ ਜਿਸ ਨੇ ਇਹ ਕੰਮ ਕੀਤਾ। ਲੁਡਵਿਗ ਫ਼ੀਊਰਬਾਖ਼ ਜਿਸ ਦੇ ਹਵਾਲੇ ਹੀਗਲ ਦੇ ਵਿਚਾਰਵਾਦੀ ਦਰਸ਼ਨ ਦੇ ਖਿਲਾਫ ਪੇਸ਼ ਕੀਤੇ ਜਾਂਦੇ ਸਨ (ਅਤੇ ਇਹ ਮਾਰਕਸ ਨੂੰ ਪਦਾਰਥਵਾਦ ਦੀ ਤਰਫ਼ ਲੈ ਜਾਣ ਵਿੱਚ ਮਦਦਗਾਰ ਵੀ ਸਾਬਤ ਹੋਏ ਸਨ) ਉਹ ਵੀ ਕੁਦਰਤ ਦੇ ਵਰਤਾਰਿਆਂ ਦੀ ਵਜ਼ਾਹਤ ਕਰਨ ਦੀ ਹੱਦ ਤੱਕ ਪਦਾਰਥਵਾਦੀ ਸੀ ਅਤੇ ਇਤਹਾਸਕ ਅਤੇ ਸਮਾਜੀ ਰਿਸ਼ਤਿਆਂ ਅਤੇ ਸਿਆਸਤ ਦੀ ਵਿਆਖਿਆ ਕਰਦੇ ਹੋਏ ਵਿਚਾਰਵਾਦੀ ਬਣ ਜਾਂਦਾ ਸੀ। ਮਾਰਕਸ ਨੇ ਜਿੱਥੇ ਫ਼ੀਊਰਬਾਖ਼ ਦੀ ਤਾਰੀਫ਼ ਕੀਤੀ ਕਿ ਉਹ ਪਲੇਠੀ ਦਾ ਪਦਾਰਥਵਾਦੀ ਫ਼ਲਸਫ਼ੀ ਸੀ, ਉਥੇ ਉਸ ਦੇ ਪਦਾਰਥਵਾਦ ਦੀਆਂ ਸੀਮਾਵਾਂ ਅਤੇ ਨਾਹਮਵਾਰੀਆਂ ਦੀ ਵੀ ਨਿਸ਼ਾਨਦਹੀ ਕਰ ਦਿੱਤੀ ਹੈ। ਫ਼ੀਊਰਬਾਖ਼ ਤੋਂ ਦੂਰੀ ਰੱਖਦੇ ਹੋਏ ਮਾਰਕਸ ਨੇ ਪਦਾਰਥਕ ਦੁਨੀਆ ਦਾ ਇੱਕ ਜੁੜਵਾਂ ਅਤੇ ਮੁਸਤਹਿਕਮ ਨਜ਼ਰੀਆ ਤਿਆਰ ਕਰਨ ਤੇ ਜ਼ੋਰ ਦਿੱਤਾ ਜੋ ਸਮਾਜੀ ਜਿੰਦਗੀ ਅਤੇ ਪ੍ਰਕਿਰਤਕ ਜਿੰਦਗੀ ਦੋਨਾਂ ਤੇ ਢੁਕਵਾਂ ਹੋਵੇ।
ਹੀਗਲ ਦੇ ਹੱਕ ਦੇ ਦਰਸ਼ਨ ਦੇ ਅਧਿਐਨ ਦੇ ਆਖ਼ਰ ਵਿੱਚ ਉਹ ਜਿਨ੍ਹਾਂ ਨਤੀਜਿਆਂ ਤੇ ਅੱਪੜਿਆ ਉਹ ਉਸ ਨੇ ਬਾਅਦ ਵਿੱਚ "ਸਿਆਸੀ ਆਰਥਿਕਤਾ ਅਤੇ ਆਲੋਚਨਾਤਮਿਕ ਯੋਗਦਾਨ" ਮਜ਼ਮੂਨ ਦੇ ਪੇਸ਼ ਲਫ਼ਜ਼ ਵਿੱਚ ਬਿਆਨ ਕਰ ਦਿੱਤੇ। “ ਮੇਰੀ ਘੋਖ ਨੇ ਮੈਨੂੰ ਇਸ ਨਤੀਜੇ ਤੇ ਪਹੁੰਚਾਇਆ ਹੈ ਕਿ ਕਾਨੂੰਨੀ ਰਿਸ਼ਤੇ ਅਤੇ ਰਾਜ ਨਾ ਤਾਂ ਖ਼ੁਦ ਹੀ ਵਜੂਦ ਵਿੱਚ ਆ ਗਏ, ਨਾ ਇਨਸਾਨੀ ਦਿਮਾਗ਼ ਦੀ ਨਾਮ ਨਿਹਾਦ ਆਮ ਤਰਕੀ ਨਾਲ ਇਸ ਦੇ ਜ਼ਹੂਰ ਅਤੇ ਵਿਕਾਸ ਨੂੰ ਅਖ਼ਜ਼ ਕੀਤਾ ਜਾ ਸਕਦਾ ਹੈ ਬਲਕਿ ਇਹ ਜ਼ਿਆਦਾਤਰ ਜਿੰਦਗੀ ਦੀਆਂ ਪਦਾਰਥਕ ਹਾਲਤਾਂ ਦੀ ਪੈਦਾਵਾਰ ਹੁੰਦੇ ਹਨ-ਜਿਨ੍ਹਾਂ ਰਿਸ਼ਤਿਆਂ ਅਤੇ ਜ਼ਾਬਤਿਆਂ ਦੇ ਲਬ ਲਬਾਬ ਨੂੰ ਹੀਗਲ ਨੇ ਅਠਾਰਵੀਂ ਸਦੀ ਦੇ ਅੰਗਰੇਜ਼ਾਂ ਅਤੇ ਫਰਾਂਸੀਸੀਆਂ ਦੀ ਪੈਰਵੀ ਕਰਦੇ ਹੋਏ ‘ਸਿਵਲ ਸੁਸਾਇਟੀ‘ ਦੇ ਨਾਮ ਨਾਲ ਪੁਕਾਰਿਆ ਹੈ ਉਸ ਸਿਵਲ ਸੁਸਾਇਟੀ ਦੀ ਅਨਾਟਮੀ ਵੀ ਸਿਆਸੀ ਆਰਥਿਕਤਾ ਵਿੱਚ ਤਲਾਸ਼ ਕਰਨੀ ਚਾਹੀਦੀ ਹੈ"।[13]
ਮਾਰਕਸ ਨੇ ਨਾ ਸਿਰਫ਼ ਪਦਾਰਥਵਾਦ ਨੂੰ ਸਮਾਜੀ ਅਮਲ ਤੱਕ ਫੈਲਾਇਆ ਬਲਕਿ ਉਸ ਨੇ ਪਦਾਰਥਵਾਦ ਦੇ ਦ੍ਰਿਸ਼ਟੀਕੋਣ ਨੂੰ ਹੋਰ ਵਿਕਸਿਤ ਕੀਤਾ ਜੋ ਇਸ ਦੇ ਪਹਿਲਾਂ ਮਕਾਨਕੀ ਅਤੇ ਅਧਿਆਤਮਵਾਦੀ ਨੌਈਅਤ ਦਾ ਧਾਰਨੀ ਸੀ।
ਲੁਡਵਿਗ ਫ਼ੀਊਰਬਾਖ਼ ਨੇ ਤਾਂ ਹੀਗਲ ਦੇ ਵਿਰੋਧਵਿਕਾਸ ਨੂੰ ਰੱਦ ਕਰ ਦਿੱਤਾ ਸੀ ਮਗਰ ਮਾਰਕਸ ਨੇ ਇਸ ਤੇ ਆਲੋਚਨਾਤਮਿਕ ਨਜ਼ਰਸਾਨੀ ਕਰਨ ਦਾ ਬੀੜਾ ਉਠਾਇਆ। ਹੀਗਲ ਦਾ ਵਿਰੋਧਵਿਕਾਸੀ ਤਰੀਕਾ ਵਿਕਾਸ ਦਾ ਨਜ਼ਰੀਆ ਰੱਖਦਾ ਸੀ। ਹੀਗਲ ਘਟਨਾਵਾਂ ਅਤੇ ਵਰਤਾਰਿਆਂ ਨੂੰ ਉਨ੍ਹਾਂ ਦੇ ਅੰਤਰ ਅਮਲ ਅਤੇ ਅੰਤਰ ਸੰਬੰਧਾਂ ਦੀ ਰੋਸ਼ਨੀ ਵਿੱਚ ਵਿਕਾਸ, ਤਬਦੀਲੀ ਅਤੇ ਮਿਟ ਜਾਣ ਦੇ ਅਮਲ ਵਜੋਂ ਵੇਖਦਾ ਸੀ। ਇਸ ਦਾ ਮਕਸਦ ਇਹ ਦਿਖਾਉਣਾ ਸੀ ਕਿ ਇਸ ਅਮਲ ਦੇ ਅਧਾਰ ਵਿੱਚ ਵਿਰੋਧਾਂ ਦੀ ਕਸ਼ਮਕਸ਼ ਹੈ। ਵਿਰੋਧਵਿਕਾਸੀ ਵਿਧੀ ਅਧਿਆਤਮਵਾਦੀ ਵਿਧੀ ਤੋਂ ਜ਼ਿਆਦਾ ਤਰਕੀ ਪਸੰਦ ਸੀ ਜੋ ਕਿ ਦੁਨੀਆ ਨੂੰ ਚੀਜ਼ਾਂ ਦਾ ਇਤਫ਼ਾਕੀ ਢੇਰ ਕਰਾਰ ਦਿੰਦਾ ਸੀ ਜਿਨ੍ਹਾਂ ਦਾ ਆਪਸ ਵਿੱਚ ਕੋਈ ਤਾਲ ਮੇਲ ਨਾ ਹੋਵੇ, ਜਿਵੇਂ ਇਹ ਮੂਕ ਅਤੇ ਅਚਲ ਹੋਣ। ਲੇਕਿਨ ਹੀਗਲ ਦੇ ਫ਼ਲਸਫ਼ਈ ਤਰੀਕੇ ਵਿੱਚ ਇੱਕ ਵੱਡਾ ਨੁਕਸ ਸੀ ਕਿ ਇਹ ਵਿਚਾਰਵਾਦੀ ਸੀ। ਹੀਗਲ ਦਾ ਵਿਸਵਾਸ਼ ਇਹ ਸੀ ਕਿ ਕੁਦਰਤ ਅਤੇ ਸਮਾਜ ਦੇ ਵਿਕਾਸ ਦਾ ਆਧਾਰ ਰੂਹ (ਨਿਰਪੇਖ ਵਿਚਾਰ ) ਦੀ ਪ੍ਰਧਾਨਗੀ ਤੇ ਹੈ। ਹੀਗਲ ਨੇ ਹਰ ਸ਼ੈਅ ਦੀ ਉਲਟੀ ਤਸਵੀਰ ਦਿਖਾ ਕੇ ਖ਼ਿਆਲ ਦੇ ਖ਼ੁਦ ਦੇ ਵਿਕਾਸ ਨੂੰ ਹਕੀਕੀ ਤਰਕੀ ਦਾ ਬਦਲ ਪੇਸ਼ ਕਰ ਦਿੱਤਾ। ਖ਼ਿਆਲ ਦਾ ਆਤਮਵਿਕਾਸ ਜਿਸ ਦਾ ਭਾਵ ਸੀ ਬਾਹਰਮੁਖੀ ਚੀਜ਼ਾਂ ਦੇ ਵਿਰੋਧਵਿਕਾਸ ਦੀ ਬਜਾਏ ਖ਼ਿਆਲਾਂ ਦਾ ਵਿਰੋਧਵਿਕਾਸ।
ਮਾਰਕਸ ਨੇ ਆਪ ਦਰਸ਼ਨ ਦੀ ਬੁਨਿਆਦ ਸਾਇੰਸ ਅਤੇ ਖਾਸਕਰ ਕੁਦਰਤੀ ਸਾਇੰਸ ਦੀ ਕੁੱਲ ਤਥ ਸਮਗਰੀ ਤੇ ਰੱਖੀ। ਉਸ ਨੇ ਹੀਗਲ ਦੇ ਵਿਰੋਧਵਿਕਾਸ ਨੂੰ ਪਦਾਰਥਵਾਦ ਦੇ ਨਾਲ ਮਿਲਾਕੇ ਇੱਕ ਇਕਾਈ ਬਣਾਈ ਅਤੇ ਦੁਨੀਆ ਨੂੰ ਇੱਕ ਸਮਗਰਤਾ ਦੀ ਸੂਰਤ ਵਿੱਚ ਨਵੀਂ ਸ਼ਕਲ ਦੇਣ ਦੀ ਕੋਸ਼ਿਸ਼ ਕੀਤੀ।
ਮਾਰਕਸ ਦਾ ਮਸੌਦਾ ਹੀਗਲ ਦੇ ਹੱਕ ਦੇ ਦਰਸ਼ਨ ਬਾਰੇ ਆਲੋਚਨਾ ਅਤੇ ਉਸ ਦੀ ਉਸ ਜ਼ਮਾਨੇ ਦੀ ਖ਼ਤੋ ਕਿਤਾਬਤ ਤੋਂ ਜ਼ਾਹਰ ਹੁੰਦਾ ਹੈ ਕਿ ਮਾਰਕਸ ਹੁਣ ਉਹ ਮਾਰਕਸ ਬਣ ਰਿਹਾ ਸੀ ਜਿਸ ਨੇ ਸੋਸ਼ਲਿਜ਼ਮ ਦੀ ਬੁਨਿਆਦ ਇੱਕ ਸਾਇੰਸ ਦੇ ਤੌਰ ਤੇ ਰੱਖੀ, ਜੋ ਆਧੁਨਿਕ ਪਦਾਰਥਵਾਦ ਦਾ ਬਾਨੀ ਸੀ ਅਤੇ ਜਿਸ ਦਾ ਮਵਾਦ ਬੇ ਹੱਦ ਵਾਰ ਸਾਬਤ ਹੋਇਆ ਅਤੇ ਪਦਾਰਥਵਾਦ ਦੇ ਪੂਰਬਲੇ ਰੂਪ ਦੀ ਨਿਸਬਤ ਬੇ ਨਜ਼ੀਰ ਹੱਦ ਤੱਕ ਜਚਿਆ ਤੁਲਿਆ ਹੈ। ਅਕਤੂਬਰ 1843 ਦੇ ਆਖ਼ਰ ਵਿੱਚ ਮਾਰਕਸ ਪੈਰਿਸ ਚਲਾ ਗਆ। ਫ਼ਰਾਂਸ ਦੀ ਰਾਜਧਾਨੀ ਦੀ ਜਿੰਦਗੀ ਨੇ ਉਸ ਨੂੰ ਨਵੀਂ ਆਗਹੀ ਅਤੇ ਸਿਆਸੀ ਤਜਰਬੇ ਨਾਲ ਮਾਲਾਮਾਲ ਕਰ ਦਿੱਤਾ। ਉਹ ਸ਼ਹਿਰ ਦੇ ਬਾਹਰੀ ਇਲਾਕਿਆਂ ਵਿੱਚ ਮਜ਼ਦੂਰਾਂ ਦੀਆਂ ਬਸਤੀਆਂ ਜ਼ਿਆਦਾਤਰ ਜਾਇਆ ਕਰਦਾ। ਉਸ ਨੇ ਅੰਜਮਨ ਅਦਲ ( ਇਹ ਜਰਮਨ ਮਜ਼ਦੂਰਾਂ ਅਤੇ ਕਾਰੀਗਰਾਂ ਦੀ ਇੱਕ ਖ਼ੁਫ਼ੀਆ ਜਮਾਤ ਸੀ ) ਦੇ ਲੀਡਰਾਂ ਅਤੇ ਫਰਾਂਸ ਦੀਆਂ ਬਹੁਤ ਸਾਰੀਆਂ ਖ਼ੁਫ਼ੀਆ ਸੰਗਠਨਾਂ ਦੇ ਰਹਨੁਮਾਇਆਂ ਨਾਲ ਵੀ ਰਾਬਤਾ ਕਾਇਮ ਕੀਤਾ, ਮਗਰ ਇਹਨਾਂ ਵਿਚੋਂ ਕਿਸੇ ਦਾ ਮੈਂਬਰ ਨਾ ਬਣਿਆ। ਇੱਥੇ ਉਸ ਨੇ ਫ਼ਰਾਂਸ ਦੇ ਖ਼ਿਆਲੀ ਸੋਸ਼ਲਿਸਟਾਂ ਆਟਾਨੇ ਕੀਬਟ, ਪੀਰੀ ਲੂਈ ਰੌਕਸ, ਲੂਈ ਬਲੈਂਕ ਅਤੇ ਪੀਰੀ ਪਰੂਧੋਂ ਨਾਲ ਵੀ ਜਾਣ ਪਛਾਣ ਹਾਸਲ ਕੀਤੀ। ਆਈਜ਼ਕ ਹਾਇਨੇ ਨਾਲ ਉਸ ਦੀ ਦੋਸਤੀ ਹੋਈ ਅਤੇ ਰੂਸੀ ਸੋਸ਼ਲਿਸਟਾਂ, ਐਮ, ਏ ਬਾਕੂਨਿਨ, ਵੀ, ਪੀ ਬੋਟਕਨ, ਅਤੇ ਦੂਸਰਿਆਂ ਨਾਲ ਵੀ ਨੇੜਤਾ ਹੋਈ।
ਮਾਰਕਸ ਨੇ ਬੁਰਜ਼ਵਾ ਸਿਆਸੀ ਅਰਥ ਸਾਸ਼ਤਰੀਆਂ ਤੇ ਇੱਕ ਅਜ਼ੀਮ ਆਲੋਚਨਾਤਮਿਕ ਕਿਤਾਬ ਲਿਖਣ ਦਾ ਇਰਾਦਾ ਕੀਤਾ। ਅਤੇ ਉਸ ਨੁਕਤਾ ਨਜ਼ਰ ਨਾਲ ਸਿਆਸੀ ਅਰਥ ਸਾਸ਼ਤਰੀਆਂ ਦੇ ਕਲਾਸੀਕਲ ਨਮਾਇੰਦਿਆਂ ਐਡਮ ਸਮਿਥ, ਡੈਵਿਡ ਰੀਕਾਰਡੋ ਅਤੇ ਦੂਜੇ ਮਾਹਰ ਅਰਥ ਸਾਸ਼ਤਰੀਆਂ ਦੀਆਂ ਲਿਖਤਾਂ ਪੜ੍ਹੀਆਂ। ਇਸ ਅਧਿਐਨ ਦਾ ਨਤੀਜਾ ਨਾ ਮੁਕੰਮਲ ‘1844 ਦੇ ਆਰਥਿਕ ਅਤੇ ਦਾਰਸ਼ਨਿਕ ਖਰੜੇ‘ ਦੀ ਸੂਰਤ ਵਿੱਚ ਸਾਹਮਣੇ ਆਇਆ। ਆਰਥਿਕਤਾ ਦੇ ਬੁਰਜ਼ਵਾ ਮਾਹਿਰਾਂ ਤੇ ਆਲੋਚਨਾ ਕਰਦੇ ਹੋਏ ਮਾਰਕਸ ਨੇ ਸਰਮਾਏਦਾਰਾਨਾ ਸੋਸ਼ਣ ਦੇ ਕੁੱਝ ਨਕਸ਼ ਪਰਗਟ ਕੀਤੇ। ਇਸ ਨੇ ਅਰੰਭਕ ਭੋਂਡੀ ਸਮਾਨਤਾ ਦੇ ਕਮਿਊਨਿਜ਼ਮ ਤੇ ਆਲੋਚਨਾ ਕੀਤੀ। ਇਸ ਨੇ ਹੀਗਲ ਦੇ ਦਰਸ਼ਨ ਦਾ ਆਮ ਅਤੇ ਵਿਰੋਧਵਿਕਾਸ ਦਾ ਆਲੋਚਨਾਤਮਿਕ ਵਿਸ਼ਲੇਸ਼ਣ ਕੀਤਾ। ਇਸ ਮਸੌਦੇ ਤੇ ਹੁਣ ਵੀ ਫ਼ੀਊਰਬਾਖ਼ ਦਾ ਅਸਰ ਵਿਖਾਈ ਦਿੰਦਾ ਹੈ। ਇਸ ਨੇ ਅਜ਼ੀਮ ਖ਼ਿਆਲੀ ਯੂਟੋਪੀਅਨ ਸੋਸ਼ਲਿਸਟਾਂ ਸੇਂਟ ਸਾਈਮਨ, ਚਾਰਲਸ ਫ਼ੌਰੀਅਰ, ਰਾਬਰਟ ਓਵਨ ਅਤੇ ਦੂਸਰਿਆਂ ਦੀ ਕਾਰਕਰਦਗੀ ਦਾ ਵੀ ਅਧਿਐਨ ਕੀਤਾ। ਖ਼ਿਆਲੀ ਸੋਸ਼ਲਿਸਟਾਂ ਨੇ ਚਾਹੇ ਸਰਮਾਏਦਾਰੀ ਸਮਾਜ ਨੂੰ ਸ਼ਦੀਦ ਆਲੋਚਨਾ ਦਾ ਨਿਸ਼ਾਨਾ ਬਣਾਇਆ ਸੀ ਮਗਰ ਉਹ ਉਸ ਦੇ ਵਿਕਾਸ ਦੇ ਅਸੂਲ ਸਪਸ਼ਟ ਕਰਨ ਵਿੱਚ ਨਾਕਾਮ ਰਹੇ। ਉਹ ਉਸ ਸਮਾਜੀ ਤਾਕਤ ਦੀ ਨਿਸ਼ਾਨਦੇਹੀ ਵੀ ਨਾ ਕਰ ਸਕੇ ਜੋ ਨਵੀਂ ਸੋਸਾਇਟੀ ਦੀ ਤਾਮੀਰ ਵਿੱਚ ਹਰਾਵਲ ਦਸਤੇ ਦਾ ਕਰਦਾਰ ਅਦਾ ਕਰ ਸਕਦੀ ਸੀ।
ਮਾਰਕਸ ਨੇ ਅਠਾਰਵੀਂ ਸਦੀ ਦੇ ਆਖਿਰ ਵਿੱਚ ਫਰਾਂਸ ਵਿੱਚ ਹੋਣ ਵਾਲੇ ਬੁਰਜ਼ਵਾ ਇਨਕਲਾਬ ਦੇ ਅਧਿਐਨ ਵਿੱਚ ਬਹੁਤ ਸਾਰਾ ਵਕਤ ਸਰਫ਼ ਕੀਤਾ। ਇਸ ਨੇ ਖਾਸਕਰ ਇਸ ਘਟਨਾ ਦਾ ਇਤਹਾਸਕ ਪਿਛੋਕੜ ਵੇਖਿਆ। ਫ਼ਰਾਂਸੀਸੀ ਮਜ਼ਦੂਰਾਂ ਦੀ ਜਿੰਦਗੀ ਅਤੇ ਜਦੋਜਹਦ ਨਾਲ ਤਾਜ਼ਾ ਆਸ਼ਨਾਈ, ਬੁਰਜ਼ਵਾ ਅਰਥ ਸਾਸ਼ਤਰੀਆਂ ਦੇ ਆਲੋਚਨਾਤਮਿਕ ਅਧਿਐਨ ਅਤੇ ਖ਼ਿਆਲੀ ਸੋਸ਼ਲਿਸਟਾਂ ਦੇ ਲੇਖਾਂ ਨੇ ਮਾਰਕਸ ਦੇ ਵਿਚਾਰਵਾਦ ਤੋਂ ਪਦਾਰਥਵਾਦ ਅਤੇ ਇਨਕਲਾਬੀ ਜਮਹੂਰੀਅਤ ਤੋਂ ਵਿਗਿਆਨਿਕ ਸਮਾਜਵਾਦ ਦੀ ਤਰਫ਼ ਜਾਣ ਦਾ ਫੈਸਲਾ ਦੇ ਦਿੱਤਾ। ਮਾਰਕਸ ਦੀ ਜਿੰਦਗੀ ਵਿੱਚ ਇਹ ਫ਼ੈਸਲਾਕੁਨ ਮੋੜ ਉਸ ਦੇ Deutsch - Franzosische Jahrbucher ਵਿੱਚ ਛਪਣ ਵਾਲੇ ਲੇਖਾਂ ਵਿੱਚ ਸਪਸ਼ਟ ਤੌਰ ਤੇ ਪ੍ਰਤੀਬਿੰਬਤ ਹੁੰਦਾ ਹੈ। ਇਹ ਅਖ਼ਬਾਰ ਮਾਰਕਸ ਅਤੇ ਆਰਨਲਡ ਰੋਜ ਦੀ ਸੰਪਾਦਕੀ ਵਿੱਚ ਫਰਵਰੀ 1844 ਵਿੱਚ ਪੈਰਿਸ ਤੋਂ ਪ੍ਰਕਾਸ਼ਿਤ ਹੋਇਆ। ਆਪਣੇ ਇੱਕ ਮਜ਼ਮੂਨ 'ਯਹੂਦੀਆਂ ਦਾ ਮਸਲਾ' ਵਿੱਚ ਮਾਰਕਸ ਨੇ ਹੀਗਲ ਦੇ ਪੈਰੋਕਾਰ ਬਰੂਨੋ ਬਾਇਰ ਦੇ ਕੌਮੀ ਮਸਲਿਆਂ ਦੇ ਬਾਰੇ ਵਿੱਚ ਵਿਚਾਰਵਾਦੀ ਨਜ਼ਰੀਆ ਰੱਖਣ ਤੇ ਆਲੋਚਨਾ ਕਰਦੇ ਹੋਏ ਪਹਿਲੀ ਵਾਰ ਬੁਰਜ਼ਵਾ ਇਨਕਲਾਬ ਅਤੇ ਸਮਾਜਵਾਦੀ ਇਨਕਲਾਬ ਦੇ ਬੁਨਿਆਦੀ ਫਰਕ ਦੀ ਸਪਸ਼ਟ ਤਾਰੀਫ਼ ਕੀਤੀ ਜੋ ਪਹਿਲਾਂ ਕਦੇ ਨਹੀਂ ਹੋਈ ਸੀ। ਉਸ ਦਾ ਮਜ਼ਮੂਨ ਹੀਗਲ ਦੇ ਹੱਕ ਦੇ ਦਰਸ਼ਨ ਤੇ ਆਲੋਚਨਾ, ਇੱਕ ਤਾਆਰੁਫ਼ ਆਪਣੀ ਗਹਿਰਾਈ ਅਤੇ ਅੰਤਰਦ੍ਰਿਸ਼ਟੀ ਦੇ ਲਿਹਾਜ਼ ਨਾਲ ਖਾਸ ਤੌਰ ਤੇ ਧਿਆਨਯੋਗ ਹੈ। ਜਰਮਨੀ ਵਿੱਚ ਧਰਮ ਤੇ ਆਲੋਚਨਾ ਦੀ ਸਕਾਰਾਤਮਕ ਅਹਿਮੀਅਤ ਕਬੂਲ ਕਰਦੇ ਹੋਏ ਮਾਰਕਸ ਨੇ ਵੇਖਿਆ ਕਿ ਕਿਸ ਤਰ੍ਹਾਂ ਤਰਕੀ ਪਸੰਦ ਦਰਸ਼ਨ ਦਾ ਕੰਮ ਧਰਮ ਦੇ ਖਿਲਾਫ ਜਦੋਜਹਿਦ ਤੋਂ ਉਨ੍ਹਾਂ ਬਾਹਰਮੁਖੀ ਹਾਲਤਾਂ ਦੇ ਖਿਲਾਫ ਜਦੋਜਹਿਦ ਵਿੱਚ ਬਦਲ ਗਿਆ ਜੋ ਧਰਮ ਨੂੰ ਜਨਮ ਦਿੰਦੀਆਂ ਹਨ, ਯਾਨੀ ਅਰਸ਼ ਤੇ ਆਲੋਚਨਾ ਨੂੰ ਧਰਤੀ ਤੇ ਆਲੋਚਨਾ, ਧਰਮ ਦੀ ਆਲੋਚਨਾ ਨੂੰ ਕਾਨੂੰਨ ਦੀ ਆਲੋਚਨਾ, ਅਤੇ ਦੀਨੀਅਤ ਤੇ ਨੁਕਤਾਚੀਨੀ ਨੂੰ ਸਿਆਸਤ ਤੇ ਨੁਕਤਾਚੀਨੀ ਦੇ ਰੂਪ ਵਿੱਚ ਬਦਲਣਾ ਹੈ। ਮਾਰਕਸ ਨੇ ਜ਼ੋਰ ਦਿੱਤਾ ਕਿ ਆਲੋਚਨਾ ਨਿਹਾਇਤ ਮੁਅਸਰ ਅਤੇ ਇਨਕਲਾਬੀ ਹੋਣੀ ਚਾਹੀਦੀ ਹੈ। ਉਸ ਨੇ ਲਿਖਿਆ ਕਿ ਆਲੋਚਨਾ ਦਾ ਹਥਿਆਰ ਸ਼ਮਸ਼ੀਰਾਂ ਦੇ ਨਾਲ ਹੋਣ ਵਾਲੀ ਜਦੋਜਹਦ ਦੀ ਜਗ੍ਹਾ ਨਹੀਂ ਲੈ ਸਕਦਾ। ਪਦਾਰਥਕ ਤਾਕਤ ਦਾ ਜਵਾਬ ਪਦਾਰਥਕ ਤਾਕਤ ਨਾਲ ਹੀ ਦਿੱਤਾ ਜਾ ਸਕਦਾ ਹੈ ਲੇਕਿਨ ਵਿਚਾਰ ਜਿਉਂ ਹੀ ਜਨਤਾ ਨੂੰ ਆਪਣੀ ਗਰਿਫ਼ਤ ਵਿੱਚ ਲੈ ਲੈਂਦਾ ਹੈ, ਪਦਾਰਥਕ ਤਾਕਤ ਬਣ ਜਾਂਦਾ ਹੈ।
ਮਾਰਕਸ ਨੇ ਆਪਣੇ ਪਦਾਰਥਕ ਨੁਕਤਾ ਨਜ਼ਰ ਦੀ ਬੁਨਿਆਦ ਤੇ ਇਹ ਖ਼ਿਆਲ ਪੇਸ਼ ਕੀਤਾ ਕਿ ਨਜ਼ਰੀਆ ਜਨਤਾ ਨੂੰ ਉਸ ਵਕਤ ਆਪਣੀ ਗਰਿਫ਼ਤ ਵਿੱਚ ਲੈ ਸਕਦਾ ਹੈ ਜਦੋਂ ਉਹ ਉਨ੍ਹਾਂ ਦੀਆਂ ਜ਼ੁਰੂਰਤਾਂ ਅਤੇ ਬੁਨਿਆਦੀ ਵਿਰੋਧਤਾਈਆਂ ਦੀ ਸਹੀ ਤੌਰ ਤੇ ਅਕਾਸੀ ਕਰੇ। ਇਸ ਨੇ ਸਾਬਤ ਕੀਤਾ ਕਿ ਪਰੋਲਤਾਰੀਆ ਇੱਕ ਅਜਿਹਾ ਤਬਕਾ ਹੈ ਜੋ ਆਪਣੀ ਸੂਰਤੇ ਹਾਲ ਦੀ ਬਿਨਾ ਤੇ ਤਰਕੀ ਪਸੰਦ ਦਰਸ਼ਨ ਦੇ ਇਨਕਲਾਬੀ ਨਜ਼ਰੀਏ ਦਾ ਆਲੰਬਰਦਾਰ ਹੋ ਸਕਦਾ ਹੈ ਅਤੇ ਇਸਨੂੰ ਹੋਣਾ ਵੀ ਚਾਹੀਦਾ ਹੈ। ਉਹ ਕਹਿੰਦਾ ਹੈ "ਜਿਵੇਂ ਕਿ ਦਰਸ਼ਨ ਪਰੋਲਤਾਰੀਆ ਦੇ ਵਜੂਦ ਵਿੱਚ ਆਪਣਾ ਪਦਾਰਥਕ ਹਥਿਆਰ ਪਾ ਲੈਂਦਾ ਹੈ ਇਸੇ ਤਰ੍ਹਾਂ ਪਰੋਲਤਾਰੀਆ ਨੂੰ ਦਰਸ਼ਨ ਵਿੱਚ ਆਪਣਾ ਰੂਹਾਨੀ ਹਥਿਆਰ ਮਿਲ ਜਾਂਦਾ ਹੈ"।[14]
ਪਰੋਲਤਾਰੀਆ ਦੀ ਸੰਸਾਰਵਿਆਪੀ ਇਤਹਾਸਕ ਭੂਮਿਕਾ ਦਾ ਖ਼ਿਆਲ ਇਸ ਸ਼ਕਲ ਵਿੱਚ ਮਾਰਕਸ ਨੇ ਪਹਿਲੀ ਵਾਰ ਪੇਸ਼ ਕੀਤਾ ਅਤੇ ਇਨਸਾਨੀਅਤ ਦੀ ਅਵਾਜ਼ ਜੋ ਮਾਰਕਸ ਨੇ ਉਸ ਵਕਤ ਉਠਾਈ ਜਦੋਂ ਅਜੇ ਉਹ ਸਕੂਲ ਦਾ ਵਿਦਿਆਰਥੀ ਸੀ, ਹੁਣ ਉਸ ਆਵਾਜ ਨੇ ਨਿਹਾਇਤ ਮਜ਼ਬੂਤ, ਸਰਗਰਮ ਅਤੇ ਇਨਕਲਾਬੀ ਭੂਮਿਕਾ ਦਾ ਰੂਪ ਧਾਰ ਲਿਆ। ਇਨਸਾਨੀਅਤ ਦੀ ਖਿਦਮਤ ਦਾ ਮਕਸਦ ਪਰੋਲਤਾਰੀਆ ਦੀ ਖਿਦਮਤ ਕਰਾਰ ਦਿੱਤਾ ਜੋ ਨਿਹਾਇਤ ਵਿਕਸਿਤ ਅਤੇ ਅਸੂਲੀ ਤੌਰ ਤੇ ਇਨਕਲਾਬੀ ਤਬਕਾ ਸੀ, ਜੋ ਖ਼ੁਦ ਨੂੰ ਅਤੇ ਤਮਾਮ ਮਨੁੱਖ ਨੂੰ ਜਬਰ ਅਤੇ ਸੋਸ਼ਣ ਤੋਂ ਨਜਾਤ ਦਵਾਉਣ ਦੇ ਸਮਰਥ ਸੀ।
ਉਸ ਵਕਤ ਤੋਂ ਲੈ ਕੇ ਆਉਣ ਵਾਲੇ ਸਮੇਂ ਦੌਰਾਨ ਉਸ ਦੀ ਸਮੁੱਚੀ ਊਰਜਾ ਅਤੇ ਬੁਧੀ ਦੀਆਂ ਸਾਰੀਆਂ ਤਾਕਤਾਂ ਪਰੋਲਤਾਰੀਆ ਦੀ ਤਿਆਰੀ ਦੇ ਤਾਈਂ ਵਕਫ਼ ਹੋ ਗਈਆਂ ਜੋ ਕਿ ਸਭ ਤੋਂ ਜ਼ਿਆਦਾ ਤਰਕੀਪਸੰਦ, ਮੁਕੰਮਲ ਇਨਕਲਾਬੀ ਤਬਕਾ ਹੈ ਅਤੇ ਸਾਰੀ ਮਨੁੱਖਤਾ ਨੂੰ ਇਨਕਲਾਬੀ ਤਬਦੀਲੀ ਨਾਲ ਹਮਕਨਾਰ ਕਰਨ ਦੀ ਸਮਰਥਾ ਰੱਖਦਾ ਹੈ। ਪਰੋਲਤਾਰੀਆ ਦੀਆਂ ਮੰਗਾਂ ਦੀ ਅਜ਼ਮ ਜਦੋਜਹਿਦ ਵਿੱਚ ਮਾਰਕਸ ਨੂੰ ਫ਼ਰੈਡਰਿਕ ਏਂਗਲਜ਼ ਦੀ ਸ਼ਖ਼ਸੀਅਤ ਦੇ ਰੂਪ ਵਿੱਚ ਇੱਕ ਵਫ਼ਾਦਾਰ ਦੋਸਤ ਅਤੇ ਕਾਮਰੇਡ ਮਿਲ ਗਿਆ। ਪਹਿਲੀ ਵਾਰ ਉਹ ਦੋਨੋਂ 1942 ਵਿੱਚ ਮਿਲੇ ਜਦੋਂ ਏਂਗਲਜ਼ ਨੇ ਇੰਗਲੈਂਡ ਜਾਂਦੇ ਹੋਏ ਕਲੋਨ ਵਿੱਚ ਆਪਣੇ ਸਫ਼ਰ ਤੋਂ ਦਮ ਲਿਆ ਅਤੇ ਰੀਨਸ਼ੇ ਜੇਤੁੰਗ Rheinische Zeitung ਦੇ ਸੰਪਾਦਕੀ ਦਫ਼ਤਰਾਂ ਵਿੱਚ ਗਿਆ। ਏਂਗਲਜ਼ ਦੇ ਇੰਗਲੈਂਡ ਵਿੱਚ ਠਹਿਰਾ ਦੇ ਦੌਰਾਨ ਦੋਨਾਂ ਦਾਨਸ਼ਵਰਾਂ ਵਿਚਕਾਰ ਖ਼ਤੋ ਕਤਾਬਤ ਦਾ ਸਿਲਸਲਾ ਜਾਰੀ ਰਿਹਾ। ਏਂਗਲਜ਼ ਨੇ ਇੱਕ ਨਿਬੰਧ ਸਿਆਸੀ ਆਰਥਿਕਤਾ ਤੇ ਆਲੋਚਨਾਤਮਿਕ ਲੇਖ ਲਿਖਿਆ ਜੋ Deutsch - Franzosische Jahrbucher ਵਿੱਚ ਪ੍ਰਕਾਸ਼ਿਤ ਹੋਇਆ ਜਿਸ ਨਾਲ ਸਿਆਸੀ ਆਰਥਿਕਤਾ ਵਿੱਚ ਮਾਰਕਸ ਦੀ ਦਿਲਚਸਪੀ ਦੁਗਣੀ ਹੋ ਗਈ। ਅਗਸਤ 1844 ਦੇ ਆਖ਼ਿਰ ਵਿੱਚ ਏਂਗਲਜ਼ ਪੈਰਿਸ ਆਇਆ ਜਿਥੇ ਇਨ੍ਹਾਂ ਦੋਨੋਂ ਹਸਤੀਆਂ ਦੀ ਯਾਦਗਾਰੀ ਮੁਲਾਕਾਤ ਹੋਈ ਔਰ ਇਨ੍ਹਾਂ ਅਜ਼ੀਮ ਚਿੰਤਕਾਂ ਦੇ ਨਜ਼ਰੀਆਂ ਵਿੱਚ ਮੁਕੰਮਲ ਇੱਕਸੁਰਤਾ ਪਾਈ ਗਈ। ਇਹ ਮੁਲਾਕਾਤ ਇਨ੍ਹਾਂ ਵਿਚਕਾਰ ਸਿਰਜਨਾ ਦੀ ਸਾਂਝ ਦਾ ਆਗ਼ਾਜ਼ ਸੀ, ਜਿਸ ਦੀ ਇਤਿਹਾਸ ਵਿੱਚ ਮਸਾਲ ਨਹੀਂ ਮਿਲਦੀ। ਲੈਨਿਨ ਦੇ ਸ਼ਬਦਾਂ ਵਿੱਚ: ਪੁਰਾਣੇ ਕਿੱਸਿਆਂ ਵਿੱਚ ਦੋਸਤੀ ਦੀਆਂ ਭਾਂਤ ਭਾਂਤ ਦੀਆਂ ਮੁਤਾਸਰਕੁਨ ਮਸਾਲਾਂ ਮਿਲਦੀਆਂ ਹਨ। ਯੂਰਪੀ ਪਰੋਲਤਾਰੀਆ ਬਜਾ ਤੌਰ ਪਰ ਕਹਿ ਸਕਦੀ ਹੈ ਕਿ ਇਸ ਦੀ ਸਾਇੰਸ ਦੋ ਦਾਨਸ਼ਵਰਾਂ ਔਰ ਜਾਨਬਾਜ਼ਾਂ ਨੇ ਰਚੀ ਜਿਨ੍ਹਾਂ ਦਾ ਇੱਕ ਦੂਜੇ ਨਾਲ ਰਿਸ਼ਤਾ ਮੁਹੱਬਤ ਦੀਆਂ ਪ੍ਰਾਚੀਨ ਇੰਤਹਾਈ ਅਸਰ ਅੰਗੇਜ਼ ਇਨਸਾਨ ਦੋਸਤੀਆਂ ਨੂੰ ਵੀ ਮਾਤ ਕਰ ਦਿੰਦਾ ਹੈ।"[15]
ਚੋਣਵੀਂ ਪੁਸਤਕ ਸੂਚੀ
[ਸੋਧੋ]- ਕਾਨੂੰਨ ਦੇ ਇਤਿਹਾਸਕ ਸਕੂਲ ਦਾ ਦਾਰਸ਼ਨਿਕ ਮੈਨੀਫੈਸਟੋ, 1842
- ਹੀਗਲ ਦੇ ਹੱਕ ਦੇ ਦਰਸ਼ਨ ਬਾਰੇ ਆਲੋਚਨਾ, 1843
- ਯਹੂਦੀ ਸਵਾਲ ਤੇ, 1843
- ਜੇਮਜ ਮਿਲ ਬਾਰੇ ਟਿੱਪਣੀਆਂ, 1844
- 1844 ਦੇ ਆਰਥਿਕ ਅਤੇ ਦਾਰਸ਼ਨਿਕ ਖਰੜੇ, 1844
- ਪਵਿੱਤਰ ਪਰਵਾਰ, 1845
- ਫਾਇਰਬਾਖ ਬਾਰੇ ਥੀਸਿਸ, 1845
- ਜਰਮਨ ਵਿਚਾਰਧਾਰਾ, 1845
- ਫਲਸਫੇ ਦੀ ਕੰਗਾਲੀ, 1847
- ਉਜਰਤ ਕਿਰਤ ਅਤੇ ਸਰਮਾਇਆ, 1847
- ਕਮਿਊਨਿਸਟ ਪਾਰਟੀ ਦਾ ਮੈਨੀਫੈਸਟੋ, 1848
- ਫ਼ਰਾਂਸ ਵਿੱਚ ਜਮਾਤੀ ਸੰਘਰਸ਼, 1850
- ਲੂਈ ਬੋਨਾਪਾਰਟ ਦਾ ਅਠਾਰ੍ਹਵਾਂ ਬਰੂਮੇਰ, 1852
- ਗਰੁੰਡਰਿਸ਼ੇ, 1857
- ਸਿਆਸੀ ਆਰਥਿਕਤਾ ਦੀ ਆਲੋਚਨਾ ਵਿੱਚ ਇੱਕ ਯੋਗਦਾਨ, 1859
- ਅਮਰੀਕਾ ਦੇ ਸਿਵਲ ਯੁੱਧ ਦੇ ਬਾਰੇ ਲਿਖਤਾਂ, 1861
- ਵਾਧੂ ਕਦਰ ਦੇ ਸਿਧਾਂਤ, 3 ਜਿਲਦਾਂ, 1862
- ਕਦਰ, ਕੀਮਤ ਅਤੇ ਮੁਨਾਫ਼ਾ, 1865
- ਪੂੰਜੀ, ਜਿਲਦ ਪਹਿਲੀ (ਦਸ ਕੈਪੀਟਲ), 1867
- ਫ਼ਰਾਂਸ ਵਿੱਚ ਸਿਵਲ ਯੁੱਧ, 1871
- ਗੋਥਾ ਪ੍ਰੋਗਰਾਮ ਦੀ ਆਲੋਚਨਾ, 1875
- ਵੈਗਨਰ ਬਾਰੇ ਟਿੱਪਣੀਆਂ, 1883
- ਪੂੰਜੀ, ਜਿਲਦ ਦੂਜੀ (ਮਰਨ ਉਪਰੰਤ ਐਂਗਲਜ਼ ਦੁਆਰਾ ਪ੍ਰਕਾਸ਼ਿਤ), 1885
- ਪੂੰਜੀ, ਜਿਲਦ ਤੀਜੀ (ਮਰਨ ਉਪਰੰਤ ਐਂਗਲਜ਼ ਦੁਆਰਾ ਪ੍ਰਕਾਸ਼ਿਤ), 1894
- ਸੰਯੁਕਤ ਰਾਜ ਅਮਰੀਕਾ ਬਾਰੇ ਮਾਰਕਸ ਅਤੇ ਐਂਗਲਜ਼ (ਮਰਨ ਉਪਰੰਤ ਪ੍ਰਗਤੀ ਪ੍ਰਕਾਸ਼ਨ, ਮਾਸਕੋ ਦੁਆਰਾ ਪ੍ਰਕਾਸ਼ਿਤ), 1979
ਕਾਰਲ ਮਾਰਕਸ ਕੁਝ ਯਾਦਗਾਰੀ ਟਿਕਟਾਂ
[ਸੋਧੋ]ਇਹ ਵੀ ਵੇਖੋ
[ਸੋਧੋ]- ਮਾਰਕਸਵਾਦ
- ਫਰੈਡਰਿਕ ਏਂਗਲਜ਼
- ਵਲਾਦੀਮੀਰ ਲੈਨਿਨ
- ਕਮਿਊਨਿਸਟ ਪਾਰਟੀ ਦਾ ਮੈਨੀਫੈਸਟੋ
- ਵਿਰੋਧਵਿਕਾਸ
- ਸ਼ਰੀਪਾਦ ਅਮ੍ਰਿਤ ਡਾਂਗੇ
- ਮੋਹਿਤ ਸੇਨ
- ਪੂਰਨ ਚੰਦ ਜੋਸ਼ੀ
- ਐਨਟੋਨੀਓ ਗਰਾਮਸ਼ੀ
ਨੋਟ
[ਸੋਧੋ]- ↑ His name was spelled Carl Marx in the birth register of Trier and he occasionally used this spelling in official contexts up to the 1840s. His full name is sometimes given as Karl Heinrich Marx, but he never officially had a middle name, using the forms Karl Heinrich or Carl Heinrich (with his father's first name added after his own) only several times as a student.[2]
ਹਵਾਲੇ
[ਸੋਧੋ]- ↑ "Letter from Karl Marx accepting membership of the Society 1862". Royal Society of Arts. Archived from the original on 16 April 2018. Retrieved 19 August 2022.
- ↑ Heinrich 2019, pp. 34–35.
- ↑ Padover, Saul, ed. (1975). "Introduction: Marx, the Human Side". Karl Marx on Education, Women, and Children. New York: McGraw Hill. p. xxv.
- ↑ 4.0 4.1 "Karl Heinrich Marx - Biography". The European Graduate School. Archived from the original on 2010-09-01.
{{cite web}}
: Unknown parameter|dead-url=
ignored (|url-status=
suggested) (help) - ↑ 5.0 5.1 Wolff, Jonathan. "Karl Marx (Summer 2011 Edition)". The Stanford Encyclopedia of Philosophy.
{{cite web}}
: Cite has empty unknown parameter:|1=
(help) - ↑ Roberto Mangabeira Unger. Free Trade Reimagined: The World Division of Labor and the Method of Economics. Princeton: Princeton University Press, 2007.
- ↑ John Hicks, "Capital Controversies: Ancient and Modern." The American Economic Review 64.2 (May, 1974) p. 307: "The greatest economists, Smith or Marx or Keynes, have changed the course of history..."
- ↑ Joseph Schumpeter Ten Great Economists: From Marx to Keynes. Volume 26 of Unwin University books. Edition 4, Taylor & Francis Group, 1952 ISBN 0415110785, 9780415110785
- ↑ Wheen 2001. pp. 12–13.
- ↑ Nicolaievsky and Maenchen-Helfen 1976, p. 12; Wheen 2001, p. 13.
- ↑ Nicolaievsky and Maenchen-Helfen 1976, p. 7; Wheen 2001, pp. 8, 12; McLellan 2006, p. 1.
- ↑ Biography of Marx by Engels - Marxists Internet Archive
- ↑ Economic Manuscripts: Preface to A Contribution to the Critique of ...
- ↑ http://www.marxists.org/archive/marx/works/1843/critique-hpr/intro.htm
- ↑ What a torch of reason ceased to burn, What a heart has ceased to beat! Written in autumn 1895