ਸਭਿਆਚਾਰਕ ਹੈਜਮਨੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਮਾਰਕਸਵਾਦੀ ਬੁੱਧੀਜੀਵੀ ਐਂਟੋਨੀਓ ਗ੍ਰਾਮਸ਼ੀ (1891–1937) ਨੇ ਸਭਿਆਚਾਰਕ ਹੈਜਮਨੀ ਦਾ ਸਿਧਾਂਤ ਵਿਕਸਤ ਕੀਤਾ ਅਤੇ ਇੱਕ ਕਿਰਤੀ-ਵਰਗ ਦੇ ਬੁੱਧੀਜੀਵੀ ਸਮੂਹ ਦੀ ਸਥਾਪਨਾ ਦੀ ਵਕਾਲਤ ਕੀਤੀ।

ਮਾਰਕਸਵਾਦੀ ਫ਼ਲਸਫ਼ੇ ਵਿਚ, ਸਭਿਆਚਾਰਕ ਹੈਜਮਨੀ ਸਭਿਆਚਾਰਕ ਤੌਰ 'ਤੇ ਵੰਨ-ਸੁਵੰਨੇ ਸਮਾਜ ਅੰਦਰ ਸੱਤਾਧਾਰੀ ਜਮਾਤ ਦਾ ਦਬਦਬਾ ਹੈ। ਇਹ ਉਸ ਸਮਾਜ ਦੇ ਸਭਿਆਚਾਰ - ਮਾਨਤਾਵਾਂ ਤੇ ਵਿਆਖਿਆਵਾਂ, ਧਾਰਨਾਵਾਂ, ਕਦਰਾਂ ਕੀਮਤਾਂ ਆਦਿ ਨੂੰ ਆਪਣੇ ਅਨੁਸਾਰੀ ਬਣਾ ਲੈਂਦਾ ਹੈ। ਇਹ ਇਸ ਲਈ ਹੁੰਦਾ ਹੈ ਤਾਂ ਜੋ ਸ਼ਾਸਕ-ਸ਼੍ਰੇਣੀ ਦਾ ਸੰਸਾਰ ਪ੍ਰਤੀ ਥੋਪਿਆ ਗਿਆ ਨਜ਼ਰੀਆ ਹੀ ਸਭਿਆਚਾਰਕ ਪ੍ਰਤੀਮਾਨ ਵਜੋਂ ਸਵੀਕਾਰਿਆ ਜਾਵੇ।[1][2] ਇਸ ਤਹਿਤ ਵਿਸ਼ਵਵਿਆਪੀ ਭਾਰੂ ਵਿਚਾਰਧਾਰਾ ਦਰਪੇਸ਼ ਸਮਾਜਿਕ, ਰਾਜਨੀਤਿਕ ਅਤੇ ਆਰਥਿਕ ਸਥਿਤੀ ਨੂੰ ਕੁਦਰਤੀ, ਅਟੱਲ, ਸਦੀਵੀ ਅਤੇ ਸਭਨਾਂ ਜਮਾਤਾਂ ਲਈ ਲਾਭਕਾਰੀ ਦਰਸਾਉਂਦੀ ਹੈ।[3] ਅਸਲ ਵਿਚ ਇਹ ਸਮਾਜਿਕ ਬਣਤਰਾਂ ਹੁੰਦੀਆਂ ਹਨ ਜੋ ਮਹਿਜ਼ ਹਾਕਮ ਜਮਾਤ ਨੂੰ ਲਾਭ ਪਹੁੰਚਾਉਣ ਲਈ ਬਣਾਈਆਂ ਗਈਆਂ ਹੁੰਦੀਆਂ ਹਨ। ਸਰਮਾਏਦਾਰ ਜਮਾਤ (ਬੁਰਜੁਆਜ਼ੀ) ਕਿਵੇਂ ਸਥਾਪਿਤ ਹੁੰਦੀ ਹੈ ਤੇ ਆਪਣੇ ਨਿਯੰਤਰਣ ਨੂੰ ਕਿਵੇਂ ਕਾਇਮ ਰੱਖਦੀ ਹੈ, ਇਸਦਾ ਮਾਰਕਸਵਾਦੀ ਵਿਸ਼ਲੇਸ਼ਣ ਮੂਲ ਰੂਪ ਵਿਚ ਇਟਲੀ ਦੇ ਚਿੰਤਕ ਅਤੇ ਰਾਜਨੇਤਾ ਐਂਟੋਨੀਓ ਗ੍ਰਾਮਸ਼ੀ (1891-1937) ਦੁਆਰਾ ਵਿਕਸਤ ਕੀਤਾ ਗਿਆ ਸੀ।

ਫ਼ਲਸਫ਼ੇ ਅਤੇ ਸਮਾਜ ਸ਼ਾਸਤਰ ਵਿੱਚ ਸੰਕਲਪ 'ਸੱਭਿਆਚਾਰਕ ਹੈਜਮਨੀ' ਪੁਰਾਤਨ ਯੂਨਾਨੀ ਸ਼ਬਦ 'ਹੈਜਮੋਨੀਆ' - hegemonia (ἡγεμονία) ਦੇ ਭਾਵ 'ਅਗਵਾਈ' ਅਤੇ 'ਸ਼ਾਸਨ' ਵੱਲ ਸੰਕੇਤ ਕਰਦਾ ਹੈ। ਰਾਜਨੀਤੀ ਵਿਗਿਆਨ ਵਿੱਚ, ਹੈਜਮਨੀ ਸਾਮਰਾਜੀ ਭੂ-ਰਾਜਨੀਤਿਕ ਚੌਧਰ ਦੇ ਅਰਥ ਦਿੰਦਾ ਹੈ। ਇਹ ਚੌਧਰ ਇਕ ਹੈਜਮਨ - hegemon (ਤਾਕਤਵਰ ਮੁਲਕ) ਦੀ ਹੋਰਨਾਂ ਕਮਜ਼ੋਰ ਮੁਲਕਾਂ 'ਤੇ ਹੁੰਦੀ ਹੈ। ਹੈਜਮਨ ਦੀ ਇਹ ਚੌਧਰ ਸਿੱਧੇ ਸ਼ਾਸਨ - ਫ਼ੌਜੀ ਚੜ੍ਹਾਈ, ਕਬਜ਼ੇ ਤੇ ਤਖ਼ਤਾ ਪਲਟਾਉਣ ਦੇ ਡਰਾਵੇ ਕਰਕੇ ਨਹੀਂ ਬਲਕਿ ਅਸਿੱਧੇ ਤਰੀਕੇ ਨਾਲ ਸ਼ਕਤੀਸ਼ਾਲੀ, ਦਖ਼ਲ ਦੇਣ ਦੇ ਸਮਰੱਥ ਹੋਣ ਕਰਕੇ ਹੁੰਦੀ ਹੈ।[4][5]

ਪਿਛੋਕੜ[ਸੋਧੋ]

ਨਿਰੁਕਤੀ[ਸੋਧੋ]

ਇਤਿਹਾਸ ਵਿੱਚ, ਯੂਨਾਨੀ ਸ਼ਬਦ ਹੈਜਮੋਨੀਆ - hegemonia (ἡγεμονία) ਅਤੇ ਇਸ ਦੇ ਅਰਥ ਦਾ ਨਿਰੂਕਤਮੂਲਕ ਵਿਕਾਸ ਇਸ ਤਰ੍ਹਾਂ ਹੋਇਆ ਹੈ :

 • ਪ੍ਰਾਚੀਨ ਯੂਨਾਨ ਵਿਚ (8ਵੀਂ ਸਦੀ ਈ.ਪੂ. – 6ਵੀਂ ਸਦੀ ਈ. ਪੂ.), ἡγεμονία (ਲੀਡਰਸ਼ਿਪ) ਇਕ ਸ਼ਹਿਰੀ-ਰਾਜ ਦੇ ਦੂਸਰੇ ਸ਼ਹਿਰਾਂ-ਰਾਜਾਂ ਉੱਤੇ ਸਿਆਸੀ-ਫ਼ੌਜੀ ਦਬਦਬੇ ਨੂੰ ਦਰਸਾਉਂਦਾ ਸੀ। ਜਿਵੇਂ ਕਿ ਯੂਨਾਨ ਦੇ ਸ਼ਹਿਰੀ-ਰਾਜਾਂ ਦੇ ਇਕ ਸੰਘ – ਹੇਲੈਨਿਕ ਲੀਗ (338 ਈ.ਪੂ.) ਦੀ ਸਥਾਪਨਾ ਕੀਤੀ ਗਈ ਸੀ। ਮੈਸੇਡੋਨ ਦੇ ਰਾਜੇ ਫਿਲਿਪ II ਨੇ ਇਸਦੀ ਸਥਾਪਨਾ ਫ਼ਾਰਸੀ ਸਾਮਰਾਜ ਦੇ ਵਿਰੁੱਧ ਯੂਨਾਨ ਦੀਆਂ ਫ਼ੌਜਾਂ ਨੂੰ ਵਰਤਣ ਕੀਤੀ ਸੀ।[3]
 • 19 ਵੀਂ ਸਦੀ ਵਿੱਚ, ਹੈਜਮਨੀ (ਸ਼ਾਸਨ) ਇਕ ਮੁਲਕ ਦੀ ਦੂਜੇ ਮੁਲਕਾਂ ਤੇ ਭੂ-ਰਾਜਨੀਤਿਕ ਅਤੇ ਸੱਭਿਆਚਾਰਕ ਪ੍ਰਭੁਤਾ ਨੂੰ ਦਰਸਾਉਂਦਾ ਸੀ। ਮਸਲਨ ਯੂਰਪੀ ਬਸਤੀਵਾਦ ਤਹਿਤ ਅਮਰੀਕਾ, ਅਫ਼ਰੀਕਾ, ਏਸ਼ੀਆ, ਅਤੇ ਆਸਟ੍ਰੇਲੀਆ ਦਾ ਅਧੀਨ ਹੋਣਾ।[6]
 • 20 ਵੀਂ ਸਦੀ ਵਿਚ, ਰਾਜਨੀਤੀ ਵਿਗਿਆਨ ਨੇ ਹੈਜਮਨੀ (ਦਬਦਬਾ) ਦੇ ਅਰਥਾਂ ਦਾ ਵਿਸਥਾਰ ਕਰਦਿਆਂ ਸੱਭਿਆਚਾਰਕ ਸਾਮਰਾਜਵਾਦ ਨੂੰ ਵੀ ਸ਼ਾਮਲ ਕੀਤਾ। ਇਸ ਤੋਂ ਭਾਵ ਹੈ ਕਿਸੇ ਜਮਾਤੀ ਸਮਾਜ ਵਿਚ ਸੱਤਾਧਾਰੀ ਜਮਾਤ ਦਾ ਸਭਿਆਚਾਰਕ ਦਬਦਬਾ, ਜੋ ਵਿਸ਼ਵਵਿਆਪੀ ਭਾਰੂ ਵਿਚਾਰਧਾਰਾ ਨੂੰ ਆਪਣੇ ਅਨੁਸਾਰੀ ਕਰਕੇ ਹੋਂਦ ਵਿਚ ਆਉਂਦਾ ਹੈ। ਸੱਤਾਧਾਰੀ ਜਮਾਤ ਹੋਰਨਾਂ ਜਮਾਤਾਂ ਉੱਤੇ ਸੰਸਾਰ ਨੂੰ ਦੇਖਣ ਦਾ ਆਪਣਾ ਨਜ਼ਰੀਆ ਥੋਪ ਕੇ ਇਹ ਦਬਦਬਾ ਕਾਇਮ ਕਰਦੀ ਹੈ। ਇਸ ਤਹਿਤ ਵਿਚਾਰਧਾਰਕ ਤੌਰ 'ਤੇ ਦਰਪੇਸ਼ ਸਮਾਜਿਕ, ਰਾਜਨੀਤਿਕ ਅਤੇ ਆਰਥਿਕ ਸਥਿਤੀ ਨੂੰ ਸ਼ਾਸਕ-ਸ਼੍ਰੇਣੀ ਨੂੰ ਲਾਭ ਪਹੁੰਚਾਉਂਦੀਆਂ ਬਣਾਉਟੀ ਸਮਾਜਿਕ ਬਣਤਰਾਂ ਵਜੋਂ ਸਥਾਪਿਤ ਕਰਨ ਦੀ ਬਜਾਇ ਕੁਦਰਤੀ, ਅਟੱਲ, ਸਦੀਵੀ ਅਤੇ ਸਭਨਾਂ ਜਮਾਤਾਂ ਲਈ ਲਾਭਕਾਰੀ ਦਰਸਾਇਆ ਜਾਂਦਾ ਹੈ। [7] [8]

ਇਤਿਹਾਸਕ ਪੱਖ[ਸੋਧੋ]

1848 ਵਿਚ, ਕਾਰਲ ਮਾਰਕਸ ਨੇ ਸਥਾਪਿਤ ਕੀਤਾ ਕਿ ਆਰਥਿਕ ਮੰਦੀ ਅਤੇ ਪੂੰਜੀਵਾਦੀ ਆਰਥਿਕਤਾ ਦੇ ਵਿਹਾਰਕ ਟਕਰਾਅ ਮਜ਼ਦੂਰ ਜਮਾਤ ਨੂੰ ਪ੍ਰੋਲਤਾਰੀ ਇਨਕਲਾਬ ਲਈ ਉਕਸਾਉਣਗੇ, ਪੂੰਜੀਵਾਦ ਨੂੰ ਢਹਿ ਢੇਰੀ ਕਰ ਦੇਣਗੇ, ਸਮਾਜਿਕ ਸੰਸਥਾਵਾਂ (ਆਰਥਿਕ, ਰਾਜਨੀਤਿਕ, ਸਮਾਜਿਕ) ਨੂੰ ਸਮਾਜਵਾਦ ਦੇ ਤਰਕਸ਼ੀਲ ਨਮੂਨੇ ਅਨੁਸਾਰ ਮੁੜ ਵਿਉਂਤਣਗੇ ਅਤੇ ਇਸ ਪ੍ਰਕਾਰ ਸਮਾਜਵਾਦੀ ਸਮਾਜ ਵੱਲ ਤਬਦੀਲੀ ਦੀ ਸ਼ੁਰੂਆਤ ਕਰਨਗੇ। ਇਸ ਲਈ, ਕਿਸੇ ਸਮਾਜ ਦੀ ਆਰਥਿਕਤਾ ਦੀ ਕਾਰਜਸ਼ੀਲਤਾ ਵਿੱਚ ਦਵੰਦਵਾਦੀ ਤਬਦੀਲੀਆਂ ਇਸਦੇ ਸਮਾਜਿਕ ਪਰਉਸਾਰਾਂ (ਸਭਿਆਚਾਰ ਅਤੇ ਰਾਜਨੀਤੀ) ਨੂੰ ਨਿਰਧਾਰਤ ਕਰਦੀਆਂ ਹਨ।

ਇਸ ਲਈ, ਐਂਟੋਨੀਓ ਗ੍ਰਾਮਸ਼ੀ ਨੇ ਸਭਿਆਚਾਰਕ ਇਨਕਲਾਬ (War of Position) ਤੇ ਹਥਿਆਰਬੰਦ ਇਨਕਲਾਬ (War of Manœuvre) ਦੇ ਵਿਚਕਾਰ ਇੱਕ ਰਣਨੀਤਕ ਭੇਦ ਦਾ ਪ੍ਰਸਤਾਵ ਦਿੱਤਾ। ਸਭਿਆਚਾਰਕ ਇਨਕਲਾਬ ਇੱਕ ਬੌਧਿਕ ਅਤੇ ਸਭਿਆਚਾਰਕ ਸੰਘਰਸ਼ ਹੈ ਜਿਸ ਵਿੱਚ ਪੂੰਜੀਵਾਦ ਦੇ ਵਿਰੁੱਧ ਇਕ ਇਨਕਲਾਬੀ ਪ੍ਰੋਲਤਾਰੀ ਸੱਭਿਆਚਾਰ ਦੀ ਸਿਰਜਣਾ ਹੁੰਦੀ ਹੈ। ਇਸਦਾ ਮੂਲ ਮੁੱਲ ਪ੍ਰਬੰਧ ਬੁਰਜੂਆਜ਼ੀ ਦੀ ਸਭਿਆਚਾਰਕ ਹੈਜਮਨੀ ਦਾ ਟਾਕਰਾ ਕਰਦਾ ਹੈ। ਪ੍ਰੋਲਤਾਰੀ ਸੱਭਿਆਚਾਰ ਜਮਾਤੀ ਚੇਤਨਾ ਨੂੰ ਵਧਾਏਗਾ, ਇਨਕਲਾਬੀ ਸਿਧਾਂਤ ਅਤੇ ਇਤਿਹਾਸਕ ਵਿਸ਼ਲੇਸ਼ਣ ਸਿਖਾਏਗਾ ਅਤੇ ਇਸ ਤਰ੍ਹਾਂ ਸਮਾਜਿਕ ਜਮਾਤਾਂ ਦਰਮਿਆਨ ਇਨਕਲਾਬੀ ਸੰਗਠਨ ਦਾ ਪ੍ਰਚਾਰ ਕਰੇਗਾ। ਸਭਿਆਚਾਰਕ ਇਨਕਲਾਬ ਤੋਂ ਬਾਅਦ, ਸਮਾਜਵਾਦੀ ਨੇਤਾਵਾਂ ਨੂੰ ਇਨਕਲਾਬੀ ਸਮਾਜਵਾਦ ਲਈ ਰਾਜਨੀਤਿਕ ਸੰਘਰਸ਼ ਦੀ ਸ਼ੁਰੂਆਤ ਵਾਸਤੇ ਲੋੜੀਂਦੀ ਸਿਆਸੀ ਤਾਕਤ ਅਤੇ ਆਮ ਸਮਰਥਨ ਹਾਸਿਲ ਹੋਵੇਗਾ।

ਸ਼ੁਰੂਆਤ ਵਿਚ ਸਭਿਆਚਾਰ ਨੂੰ ਸਿਧਾਂਤਕ ਤੌਰ ਤੇ "ਆਰਥਿਕ ਜਮਾਤ" (ਅਧਾਰ ਅਤੇ ਪਰਉਸਾਰ) ਦੇ ਮਾਰਕਸਵਾਦੀ ਵਿਸ਼ਲੇਸ਼ਣ ਅਧੀਨ ਵੇਖਿਆ ਜਾਂਦਾ ਸੀ।ਐਂਟੋਨੀਓ ਗ੍ਰਾਮਸ਼ੀ ਨੇ ਸਭਿਆਚਾਰਕ ਹੈਜਮਨੀ ਦਾ ਸੰਕਲਪ "ਸਮਾਜਿਕ ਜਮਾਤ" ਨੂੰ ਸਮਝਣ ਲਈ ਵਿਕਸਤ ਕੀਤਾ। ਇਸ ਲਈ, ਸਭਿਆਚਾਰਕ ਹੈਜਮਨੀ ਦੀ ਪ੍ਰਸਤਾਵਿਤ ਸਮਝ ਹੈ ਕਿ ਸਮਾਜ ਦੇ ਪ੍ਰਚਲਿਤ ਸਭਿਆਚਾਰਕ ਨਿਯਮਾਂ, ਜੋ ਕਿ ਹਾਕਮ ਜਮਾਤ (ਬੁਰਜੂਆ ਸੱਭਿਆਚਾਰਕ ਹੈਜਮਨੀ) ਦੁਆਰਾ ਥੋਪੇ ਜਾਂਦੇ ਹਨ, ਨੂੰ ਕੁਦਰਤੀ ਅਤੇ ਅਟੱਲ ਨਹੀਂ ਸਮਝਿਆ ਜਾਣਾ ਚਾਹੀਦਾ, ਬਲਕਿ ਸਮਾਜਿਕ ਬਣਤਰਾਂ (ਸੰਸਥਾਵਾਂ, ਅਭਿਆਸਾਂ, ਵਿਸ਼ਵਾਸਾਂ ਆਦਿ) ਵਜੋਂ ਪਛਾਣਿਆ ਜਾਣਾ ਚਾਹੀਦਾ ਹੈ। ਇਹਨਾਂ ਬਣਤਰਾਂ ਦੀਆਂ ਦਾਰਸ਼ਨਿਕ ਜੜ੍ਹਾਂ ਨੂੰ ਸਮਾਜਿਕ-ਜਮਾਤ ਦੇ ਦਬਦਬੇ ਦੇ ਸਾਧਨਾਂ ਵਜੋਂ ਖੋਜਣ ਲਈ ਪੜਤਾਲ ਕੀਤੀ ਜਾਣੀ ਚਾਹੀਦੀ ਹੈ। ਗਿਆਨ ਦਾ ਇਸ ਤਰ੍ਹਾਂ ਦਾ ਅਮਲ ਪ੍ਰੋਲਤਾਰੀ ਦੀ ਬੌਧਿਕ ਅਤੇ ਰਾਜਨੀਤਿਕ ਅਜ਼ਾਦੀ ਲਈ ਲਾਜ਼ਮੀ ਹੈ, ਤਾਂ ਜੋ ਮਜ਼ਦੂਰ ਅਤੇ ਕਿਸਾਨੀ, ਕਸਬੇ ਅਤੇ ਦੇਸ਼ ਦੇ ਲੋਕ ਆਪਣਾ ਇਕ ਕਿਰਤੀ-ਜਮਾਤੀ ਸਭਿਆਚਾਰ ਪੈਦਾ ਕਰ ਸਕਣ, ਜੋ ਵਿਸ਼ੇਸ਼ ਤੌਰ 'ਤੇ ਉਨ੍ਹਾਂ ਦੀਆਂ ਸਮਾਜਿਕ ਅਤੇ ਆਰਥਿਕ ਜ਼ਰੂਰਤਾਂ ਨੂੰ ਸਮਾਜਿਕ ਜਮਾਤਾਂ ਵਜੋਂ ਸੰਬੋਧਿਤ ਹੋਵੇ।

ਇੱਕ ਸਮਾਜ ਅੰਦਰ, ਸੱਭਿਆਚਾਰਕ ਹੈਜਮਨੀ ਨਾ ਤਾਂ ਇਕਹਰਾ ਬੌਧਿਕ ਅਮਲ ਹੈ, ਨਾ ਹੀ ਕਦਰਾਂ ਕੀਮਤਾਂ ਦਾ ਇੱਕ ਸੰਗਠਿਤ ਪ੍ਰਬੰਧ। ਇਹ ਬਹੁਪਰਤੀ ਸਮਾਜਕ ਬਣਤਰਾਂ ਦਾ ਇੱਕ ਜਟਿਲ ਸਮੁੱਚ ਹੈ। ਇਸ ਵਿੱਚ ਹਰ ਇੱਕ ਸਮਾਜਿਕ ਤੇ ਆਰਥਿਕ ਵਰਗ ਦਾ ਇੱਕ ਸਮਾਜਿਕ ਉਦੇਸ਼ ਅਤੇ ਅੰਦਰੂਨੀ ਜਮਾਤੀ-ਤਰਕ ਹੁੰਦਾ ਹੈ, ਜਿਸ ਤਹਿਤ ਇਸਦੇ ਮੈਂਬਰ ਅਜਿਹਾ ਵਿਹਾਰ ਕਰਦੇ ਹਨ ਜੋ ਆਪਣੇ ਆਪ ਵਿਚ ਵਿਸ਼ੇਸ਼ ਅਤੇ ਦੂਜੇ ਵਰਗਾਂ ਦੇ ਮੈਂਬਰਾਂ ਦੇ ਵਿਹਾਰ ਤੋਂ ਵੱਖਰਾ ਹੁੰਦਾ ਹੈ। ਹਾਲਾਂਕਿ ਸਮਾਜ ਦੇ ਹਿੱਸੇ ਵਜੋਂ ਹਰ ਵਰਗ ਦੂਜਿਆਂ ਨਾਲ ਨਾਲ ਸਹਿਹੋਂਦ ਵਿਚ ਹੁੰਦਾ ਹੈ।

ਗ੍ਰਾਮਸ਼ੀ ਦੀ ਆਲੋਚਨਾ[ਸੋਧੋ]

ਰਾਜ ਦੇ ਵਿਚਾਰਧਾਰਾਈ ਢਾਂਚੇ[ਸੋਧੋ]

ਸੱਭਿਆਚਾਰਕ ਹੈਜਮਨੀ ਦੇ ਸੰਕਲਪ ਦੀ ਆਲੋਚਨਾ ਵਜੋਂ ਸੰਰਚਨਾਵਾਦੀ ਚਿੰਤਕ ਲੂਈ ਐਲਥੂਜ਼ਰ ਨੇ ਰਾਜ ਦੇ ਵਿਚਾਰਧਾਰਾਈ ਢਾਂਚੇ ਦਾ ਸਿਧਾਂਤ ਪੇਸ਼ ਕੀਤਾ। ਉਸਨੇ ਇਹ ਸਿਧਾਂਤ ਰਾਜ ਦੇ ਵੱਖ ਵੱਖ ਅੰਗਾਂ ਦੇ ਆਪਸੀ ਜਟਿਲ ਰਿਸ਼ਤਿਆਂ ਦਾ ਵਰਣਨ ਕਰਨ ਲਈ ਕੀਤਾ ਜਿਹਨਾਂ ਰਾਹੀਂ ਰਾਜ ਦੀ ਵਿਚਾਰਧਾਰਾ ਦੀ ਰਸਾਈ ਸਮਾਜ ਦੇ ਲੋਕਾਂ ਤੱਕ ਹੁੰਦੀ ਹੈ।[9] ਐਲਥੂਜ਼ਰ ਸੱਭਿਆਚਾਰਕ ਹੈਜਮਨੀ ਵਿਚਲੇ ਮੂਲ ਸਿਧਾਂਤਾਂ ਨੂੰ ਤਾਂ ਮੰਨਦਾ ਹੈ ਪਰ ਗ੍ਰਾਮਸ਼ੀ ਦੁਆਰਾ ਪ੍ਰਸਤਾਵਿਤ ਸੰਪੂਰਨ ਇਤਿਹਾਸਵਾਦ ਨੂੰ ਰੱਦਦਾ ਹੈ। ਉਹ ਦਲੀਲ ਦਿੰਦਾ ਹੈ ਕਿ ਰਾਜ ਦੇ ਵਿਚਾਰਧਾਰਾਈ ਢਾਂਚੇ ਕਿਸੇ ਸਮਾਜ ਦੇ ਸਮਾਜਿਕ ਵਰਗਾਂ ਵਿੱਚ ਵਿਚਾਰਧਾਰਕ ਟਕਰਾਅ ਦੀਆਂ ਥਾਂਵਾਂ ਹਨ। ਇਹ ਰਾਜ ਦੇ ਦਮਨਕਾਰੀ ਢਾਂਚਿਆਂ (ਪੁਲਿਸ ਅਤੇ ਫ਼ੌਜ) ਦੀ ਤੁਲਨਾ ਵਿਚ ਬਹੁਲਤਾ ਵਿਚ ਮੌਜੂਦ ਹੁੰਦਾ ਹੈ। ਸੱਤਾਧਾਰੀ ਜਮਾਤ ਰਾਜ ਦੇ ਦਮਨਕਾਰੀ ਸੰਦਾਂ ਨੂੰ ਆਸਾਨੀ ਨਾਲ ਨਿਯੰਤ੍ਰਿਤ ਕਰ ਸਕਦੀ ਹੈ। ਰਾਜ ਦੇ ਵਿਚਾਰਧਾਰਾਈ ਢਾਂਚੇ ਵੀ ਕੋਈ ਇਕਹਰੀ ਸਮਾਜਿਕ ਹੋਂਦ ਨਹੀਂ ਬਲਕਿ ਪੂਰੇ ਸਮਾਜ ਵਿਚ ਨਿਰੰਤਰ ਜਮਾਤੀ ਸੰਘਰਸ਼ ਦੇ ਨਿੱਜੀ ਤੇ ਜਨਤਕ ਧਰਾਤਲਾਂ ਵਜੋਂ ਫੈਲੇ ਹੁੰਦੇ ਹਨ।

ਪੂੰਜੀਵਾਦ ਦਾ ਪੁਨਰ ਉਤਪਾਦਨ (1968) ਵਿਚ, ਲੂਈ ਐਲਥੂਜ਼ਰ ਕਹਿੰਦਾ ਹੈ ਕਿ ਰਾਜ ਦੇ ਵਿਚਾਰਧਾਰਾਈ ਢਾਂਚੇ ਸਮਾਜ ਦੇ ਉਹ ਖੇਤਰ ਹਨ ਜੋ ਉਤਪਾਦਨ ਦੇ ਪਿਛਲੇਰੇ ਪੈਦਾਵਾਰੀ ਤਰੀਕਿਆਂ ਦੀਆਂ ਵਿਚਾਰਧਾਰਾਵਾਂ ਦੇ ਜਟਿਲ ਤੱਤਾਂ ਦੇ ਬਣੇ ਹੁੰਦੇ ਹਨ। ਇਸ ਤਰ੍ਹਾਂ ਇਹ ਸਮਾਜ ਵਿਚ ਨਿਰੰਤਰ ਰਾਜਨੀਤਿਕ ਗਤੀਵਿਧੀ ਦੇ ਧਰਾਤਲ ਹਨ, ਜੋ ਹੇਠ ਲਿਖੇ ਹਨ: [10]

 • ਧਾਰਮਿਕ,
 • ਵਿੱਦਿਅਕ (ਸਿੱਖਿਆ ਸੰਸਥਾਵਾਂ),
 • ਪਰਿਵਾਰਕ,
 • ਕਾਨੂੰਨੀ,
 • ਰਾਜਨੀਤਿਕ (ਰਾਜਨੀਤਿਕ ਪ੍ਰਬੰਧ, ਜਿਵੇਂ ਕਿ ਸਿਆਸੀ ਦਲ),
 • ਟਰੇਡ ਯੂਨੀਅਨ,
 • ਸੰਚਾਰੀ (ਪ੍ਰੈਸ, ਰੇਡੀਓ, ਟੀ.ਵੀ ਆਦਿ)
 • ਸਭਿਆਚਾਰਕ (ਸਾਹਿਤ, ਕਲਾ, ਖੇਡ, ਆਦਿ)

ਐਲਥੂਜ਼ਰ ਅਨੁਸਾਰ ਰਾਜ ਦੇ ਸੰਸਦੀ ਢਾਂਚੇ ਵੀ ਰਾਜ ਦਾ ਇਕ ਵਿਚਾਰਧਾਰਾਈ ਢਾਂਚਾ ਹੈ ਜਿਸ ਦੁਆਰਾ ਚੁਣੇ ਹੋਏ ਪ੍ਰਤੀਨਿਧ "ਲੋਕਾਂ ਦੀ ਇੱਛਾ" ਦੀ ਨੁਮਾਇੰਦਗੀ ਕਰਦੇ ਹਨ। ਰਾਜਨੀਤਿਕ ਪ੍ਰਬੰਧ ਆਪਣੇ ਆਪ ਵਿਚ ਇਕ ਵਿਚਾਰਧਾਰਾਈ ਢਾਂਚਾ ਹੈ ਕਿਉਂਕਿ ਇਸ ਵਿਚ "ਇਕ 'ਨਿਸ਼ਚਤ' ਅਸਲੀਅਤ ਨਾਲ ਮੇਲ ਖਾਂਦੀ ਕਲਪਨਾ ਹੁੰਦੀ ਹੈ। ਇਸ [ਰਾਜਨੀਤਿਕ] ਪ੍ਰਬੰਧ ਦੇ ਤਮਾਮ ਹਿੱਸੇ ਅਤੇ ਇਸਦਾ ਕੰਮ ਕਰਨ ਦਾ ਸਿਧਾਂਤ ਹਰ ਇੱਕ ਵੋਟਰ ਦੀ 'ਆਜ਼ਾਦੀ' ਤੇ 'ਸਮਾਨਤਾ' ਅਤੇ ਲੋਕਾਂ ਦੇ ਨੁਮਾਇੰਦਿਆਂ ਦੀ 'ਆਜ਼ਾਦ ਚੋਣ' ਦੀ ਵਿਚਾਰਧਾਰਾ 'ਤੇ ਅਧਾਰਤ ਹੈ, ਜੋ ਕਿ ਕੁਝ ਵਿਅਕਤੀਆਂ ਦੀ ਹੀ ਹੈ ਜੋ ਲੋਕਾਂ ਨੂੰ 'ਬਣਾਉਂਦੇ' ਹਨ।" [11]

ਇਹ ਵੀ ਵੇਖੋ[ਸੋਧੋ]

ਹਵਾਲੇ[ਸੋਧੋ]

 1. Bullock, Alan; Trombley, Stephen, Editors (1999), The New Fontana Dictionary of Modern Thought Third Edition, pp. 387–88.
 2. Compare: Comaroff, Jean; Comaroff, John L. (2008) [1991]. Of Revelation and Revolution. ATLA Special Series. Vol. 1: Christianity, Colonialism, and Consciousness in South Africa. Chicago: University of Chicago Press. p. 25. ISBN 9780226114477. Retrieved 7 October 2020. Typically [...] the making of hegemony involves the assertion of control over various modes of symbolic production: over such things as educational and ritual processses, patterns of socialization, political and legal procedures, canons of style and self-representation, public communication, health and bodily discipline, and so on.
 3. 3.0 3.1 The Columbia Encyclopedia, Fifth Edition. (1994), p. 1215.
 4. Compare: Hassig, Ross (2014) [1994]. "Mesoamerica and the Aztecs". Mexico and the Spanish Conquest (2 ed.). Norman: University of Oklahoma Press. p. 28. ISBN 9780806182087. Retrieved 7 October 2020. The more a hegemonic empire relies on power (the perception that one can enforce one's desired goals) rather than force (direct physical action to compel one's goals, the more efficient it is, because the subordinates police themselves.
 5. Ross Hassig, Mexico and the Spanish Conquest (1994), pp. 23–24.
 6. Bullock & Trombley 1999.
 7. Clive Upton, William A. Kretzschmar, Rafal Konopka: Oxford Dictionary of Pronunciation for Current English. Oxford University Press (2001)
 8. Oxford English Dictionary
 9. Althusser, Louis (2014). On The Reproduction of Capitalism. London/ New York: Verso. pp. 74–75, 103–47, 177, 180, 198–206, 218–31, 242–6. ISBN 9781781681640.
 10. Althusser, Louis (2014). On the Reproduction of Capitalism. London/ New York: Verso. p. 243. ISBN 9781781681640.
 11. Althusser, Louis (2014). On the Reproduction of Capitalism. London/New York: Verso. pp. 222–223.

ਹੋਰ ਪੜ੍ਹੋ[ਸੋਧੋ]

ਬਾਹਰੀ ਕੜੀਆਂ[ਸੋਧੋ]