ਸਮੱਗਰੀ 'ਤੇ ਜਾਓ

ਕਿਲ੍ਹਾ ਲੋਹਗੜ੍ਹ (ਅੰਮ੍ਰਿਤਸਰ)

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਕਿਲ੍ਹਾ ਲੋਹਗੜ੍ਹ ਜੋ ਕਿ ਅੰਮ੍ਰਿਤਸਰ ਦੇ ਲੋਹਗੜ੍ਹ ਦਰਵਾਜ਼ੇ ਦੇ ਅੰਦਰ ਸੁਸ਼ੋਭਿਤ ਕਿਲ੍ਹਾ, ਜੋ ਕਿ ਅੰਮ੍ਰਿਤਸਰ ਦੀ ਧਰਤੀ ਉੱਤੇ ਉਸਾਰਿਆ ਜਾਣ ਵਾਲਾ ਪਹਿਲਾ ਜੰਗੀ ਕਿਲ੍ਹਾ ਹੈ। ਛੇਵੀਂ ਪਾਤਸ਼ਾਹੀ ਗੁਰੂ ਹਰਿਗੋਬਿੰਦ ਸਾਹਿਬ ਨੇ ਅੰਮ੍ਰਿਤਸਰ ਸ਼ਹਿਰ ਅਤੇ ਸ੍ਰੀ ਹਰਿਮੰਦਰ ਸਾਹਿਬ ਦੀ ਸੁਰੱਖਿਆ ਦੇ ਨਾਲ-ਨਾਲ ਦੁਸ਼ਮਣ ਤੁਰਕ ਸੈਨਾ ਦੇ ਮੁਕਾਬਲੇ ਲਈ ਫ਼ੌਜੀ ਤਿਆਰੀਆਂ ਨੂੰ ਧਿਆਨ ਵਿੱਚ ਰੱਖਦਿਆਂ ਹੋਇਆਂ 1614 ਈ: ਵਿੱਚ ਇਸ ਕਿਲ੍ਹੇ ਦਾ ਨਿਰਮਾਣ ਕਰਵਾਇਆ ਅਤੇ 1619 ਈ: ਵਿੱਚ ਇਸ ਕਿਲ੍ਹੇ ਦੇ ਆਸ-ਪਾਸ ਪੁਰਾਣੇ ਅੰਮ੍ਰਿਤਸਰ ਦੇ ਕੁਝ ਹਿੱਸੇ ਵਿੱਚ ਪੱਕੀ ਤੇ ਉੱਚੀ ਦੀਵਾਰ ਬਣਵਾਈ।[1]

ਇਤਿਹਾਸ

[ਸੋਧੋ]

ਸੰਨ 1629 ਵਿੱਚ ਗੁਰੂ ਸਾਹਿਬ ਨੇ ਕਿਲ੍ਹਾ ਲੋਹਗੜ੍ਹ ਦੇ ਸਥਾਨ ਉੱਤੇ ਹੀ ਸ਼ਾਹੀ ਮੁਗ਼ਲ ਸੈਨਾ ਨਾਲ ਮੁਕਾਬਲਾ ਕੀਤਾ। ਦੱਸਿਆ ਜਾਂਦਾ ਹੈ ਕਿ ਬਾਦਸ਼ਾਹ ਸ਼ਾਹਜਹਾਨ ਦੇ ਪਾਲਤੂ ਚਿੱਟੇ ਬਾਜ਼ ਨੂੰ ਗੁਰੂ ਜੀ ਦੇ ਸਿੱਖਾਂ ਵੱਲੋਂ ਸ਼ਿਕਾਰ ਕਰਦਿਆਂ ਫੜੇ ਜਾਣ ਤੋਂ ਬਾਅਦ ਜਦੋਂ ਗੁਰੂ ਜੀ ਨੇ ਬਾਦਸ਼ਾਹ ਨੂੰ ਉਸ ਦਾ ਬਾਜ਼ ਵਾਪਸ ਦੇਣ ਤੋਂ ਇਨਕਾਰ ਕਰ ਦਿੱਤਾ ਤਾਂ ਬਾਦਸ਼ਾਹ ਨੇ ਆਪਣੇ ਇੱਕ ਖਾਸ ਅਹਿਲਕਾਰ ਮੁਖਲਸ ਖ਼ਾਂ ਨੂੰ 7000 ਫੌਜ ਦੇ ਨਾਲ ਅੰਮ੍ਰਿਤਸਰ ਉੱਤੇ ਚੜ੍ਹਾਈ ਕਰਨ ਲਈ ਭੇਜ ਦਿੱਤਾ। ਕਿਲ੍ਹਾ ਲੋਹਗੜ੍ਹ ਦੇ ਮੁਕਾਮ ਉੱਤੇ ਹੀ ਤੁਰਕ ਫੌਜ ਨਾਲ ਗੁਰੂ ਜੀ ਦਾ ਬਹੁਤ ਭਾਰੀ ਯੁੱਧ ਆਰੰਭ ਹੋਇਆ| ਗੁਰੂ ਸਾਹਿਬ ਨੇ ਤੁਰਕਾਂ ਦੇ ਅਜਿਹੇ ਹਮਲਿਆਂ ਦਾ ਮੁਕਾਬਲਾ ਕਰਨ ਲਈ ਪਹਿਲਾਂ ਤੋਂ ਹੀ ਕਿਲ੍ਹੇ ਵਿਚਲੇ ਕੁਝ ਬੇਰੀਆਂ ਦੇ ਰੁੱਖਾਂ ਨੂੰ ਤੋਪਾਂ ਵਿੱਚ ਤਬਦੀਲ ਕਰ ਰੱਖਿਆ ਸੀ। ਉਹਨਾਂ ਨੇ ਆਪਣੀ ਸਿੱਖ ਫੌਜ ਨੂੰ ਉਹਨਾਂ ਬੇਰੀ ਦੇ ਰੁੱਖਾਂ ਵਿੱਚ ਕੀਤੇ ਛੇਕਾਂ ਰਾਹੀਂ ਬਰੂਦ ਭਰ ਕੇ ਤੋਪ ਵਾਂਗੂ ਚਲਾਉਣ ਦਾ ਹੁਕਮ ਦਿੱਤਾ। ਇਨ੍ਹਾਂ ਤੋਪਾਂ ਦੀ ਮਾਰ ਨਾਲ ਛੇਤੀ ਤੁਰਕ ਫੌਜ ਦੇ ਪੈਰ ਉਖੜਣ ਲੱਗੇ ਅਤੇ ਉਹਨਾਂ ਨੂੰ ਕਿਲ੍ਹੇ ਦਾ ਘੇਰਾ ਛੱਡਣ ਲਈ ਮਜਬੂਰ ਹੋਣਾ ਪਿਆ। ਆਖਰ ਤਰਨ ਤਾਰਨ ਰੋਡ ਉੱਤੇ ਚੱਬੇ ਪਿੰਡ ਦੀ ਜੂਹ ਦੇ ਮੁਕਾਮ ਉੱਤੇ ਮੁਖ਼ਲਸ ਖ਼ਾਂ ਦੇ ਅੰਤ ਨਾਲ ਇਸ ਯੁੱਧ ਦੀ ਸਮਾਪਤੀ ਹੋ ਗਈ। ਬੇਰੀ ਦੇ ਰੁੱਖ ਦੀ ਲੱਕੜੀ ਦੀ ਬਣੀ ਇੱਕ ਤੋਪ ਅੱਜ ਵੀ ਕਿਲ੍ਹਾ ਗੁਰਦੁਆਰਾ ਲੋਹਗੜ੍ਹ ਸਾਹਿਬ ਦੇ ਅੰਦਰ ਸ਼ੋਅ-ਕੇਸ ਵਿੱਚ ਰੱਖੀ ਹੋਈ ਹੈ।

ਹਵਾਲੇ

[ਸੋਧੋ]