ਕਰਮ ਸਿੰਘ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਕਰਮ ਸਿੰਘ ਹਿਸਟੋਰੀਅਨ
ਜਨਮ ਕਰਮ ਸਿੰਘ
ਮਾਰਚ 1884
ਜ਼ਿਲ੍ਹਾ ਅੰਮ੍ਰਿਤਸਰ ਦੇ ਕਸਬਾ ਝਬਾਲ
ਮੌਤ 1930
ਪੰਜਾਬ
ਰਾਸ਼ਟਰੀਅਤਾ ਭਾਰਤ
ਸਿੱਖਿਆ ਐਫ. ਏ.
ਪੇਸ਼ਾ ਲੇਖਕ ਅਤੇ ਇਤਿਹਾਸਕਾਰ

ਕਰਮ ਸਿੰਘ (ਮਾਰਚ 1884-1930)ਦਾ ਜਨਮ ਵਿੱਚ ਜ਼ਿਲ੍ਹਾ ਅੰਮ੍ਰਿਤਸਰ ਦੇ ਕਸਬਾ ਝਬਾਲ ਵਿਖੇ ਸ. ਝੰਡਾ ਸਿੰਘ ਦੇ ਘਰ ਹੋਇਆ। ਦਸਵੀਂ ਪਾਸ ਕਰਨ ਉਪਰੰਤ ਉਨ੍ਹਾਂ ਨੇ ਐੱਫ.ਐੱਸ.ਸੀ. ਦੀ ਪੜ੍ਹਾਈ ਲਈ 1902 ਵਿੱਚ ਖ਼ਾਲਸਾ ਕਾਲਜ ਅੰਮ੍ਰਿਤਸਰ ’ਚ ਦਾਖਲਾ ਲੈ ਲਿਆ। ਭਾਈ ਰਤਨ ਸਿੰਘ ਭੰਗੂ, ਭਾਈ ਸੰਤੋਖ ਸਿੰਘ, ਗਿਆਨੀ ਗਿਆਨ ਸਿੰਘ, ਭਾਈ ਸੁੱਖਾ ਸਿੰਘ ਆਦਿ ਵਿਦਵਾਨਾਂ ਨੇ ਸਿੱਖ ਇਤਿਹਾਸ ਨੂੰ ਆਪਣੇ ਢੰਗ ਨਾਲ ਪੇਸ਼ ਕੀਤਾ ਪਰ ਇਹ ਵਡਮੁੱਲੇ ਗ੍ਰੰਥ ਨਵੀਂ ਵਿਗਿਆਨਕ ਖੋਜ ਦੀ ਕਸਵੱਟੀ ’ਤੇ ਪੂਰੇ ਨਹੀਂ ਉੱਤਰਦੇ। ਇਸ ਕਾਰਨ ਤਾਰੀਖਾਂ ਤੇ ਘਟਨਾਵਾਂ ਬਾਰੇ ਕਈ ਭਰਮ-ਭੁਲੇਖੇ ਪੈਦਾ ਹੁੰਦੇ ਰਹੇ ਹਨ।

ਮੁਢਲਾ ਜੀਵਨ[ਸੋਧੋ]

ਕਰਮ ਸਿੰਘ ਮੁੱਢਲੇ ਤੌਰ ’ਤੇ ਸਾਇੰਸ ਦੇ ਵਿਦਿਆਰਥੀ ਸਨ ਪਰ ਕਾਲਜ ਦੇ ਸਿੱਖ ਧਰਮ-ਪੱਖੀ ਮਾਹੌਲ ਨੇ ਉਨ੍ਹਾਂ ਨੂੰ ਇਤਿਹਾਸਕ ਪੁਸਤਕਾਂ ਪੜ੍ਹਨ ਦੀ ਚੇਟਕ ਲਾ ਦਿੱਤੀ। ਕਰਮ ਸਿੰਘ ਨੇ ਵਿਗਿਆਨਕ ਢੰਗ ਨਾਲ ਸਿੱਖ ਇਤਿਹਾਸ ਦੀ ਖੋਜ ਲਈ ਜੀਵਨ ਅਰਪਣ ਕਰਨ ਦਾ ਪ੍ਰਣ ਪੱਤਰ ਭਰਿਆ।

ਬਜ਼ੁਰਗ ਇਤਿਹਾਸਕ ਪਾਤਰ[ਸੋਧੋ]

ਕਰਮ ਸਿੰਘ ਨੇ 1905 ਵਿੱਚ ਬੀ.ਏ. ਦੇ ਚੌਥੇ ਸਾਲ ਦੀ ਪੜ੍ਹਾਈ ਇਮਤਿਹਾਨ ਤੋਂ ਤਿੰਨ ਮਹੀਨੇ ਪਹਿਲਾਂ ਇਸ ਕਾਰਨ ਛੱਡ ਦਿੱਤੀ ਕਿ ਸਿੱਖ ਰਾਜ ਦੀ ਚੜ੍ਹਦੀ ਤੇ ਢਹਿੰਦੀ ਕਲਾ ਅੱਖੀਂ ਵੇਖ ਚੁੱਕੇ ਅੱਸੀ-ਨੱਬੇ ਸਾਲਾ ਬਜ਼ੁਰਗ ਇਸ ਸੰਸਾਰ ਤੋਂ ਰੁਖ਼ਸਤ ਹੋ ਰਹੇ ਹਨ ਤੇ ਉਨ੍ਹਾਂ ਦੇ ਨਾਲ ਹੀ ਵੱਡਮੁੱਲਾ ਅੱਖੀਂ ਵੇਖਿਆ ਤੇ ਹੰਢਾਇਆ ਇਤਿਹਾਸ ਵੀ ਲੋਪ ਹੋ ਰਿਹਾ ਹੈ। ਇਨ੍ਹਾਂ ਬਜ਼ੁਰਗ ਇਤਿਹਾਸਕ ਪਾਤਰਾਂ ਦੇ ਬਿਆਨ ਕਲਮਬੰਦ ਕਰਨਾ ਵੀ ਕੋਈ ਸੌਖਾ ਕੰਮ ਨਹੀਂ ਸੀ। 21-22 ਸਾਲ ਦੇ ਨੌਜਵਾਨ ਨੂੰ ਕੋਈ ਮਾਨਤਾ ਪ੍ਰਾਪਤ ਇਤਿਹਾਸਕਾਰ ਮੰਨਣ ਲਈ ਵੀ ਤਿਆਰ ਨਹੀਂ ਸੀ। ਕਰਮ ਸਿੰਘ ਨੇ 1905-06 ਵਿੱਚ ਉਨ੍ਹਾਂ 18-20 ਬਿਰਧ ਵਿਅਕਤੀਆਂ ਦੇ ਬਿਆਨ ਲਿਖੇ ਜਿਨ੍ਹਾਂ ਨੇ ਲਾਹੌਰ ਦਰਬਾਰ ਵਿੱਚ ਫ਼ੌਜੀ ਨੌਕਰੀਆਂ ਕੀਤੀਆਂ ਸਨ। ਕਰਮ ਸਿੰਘ ਨੇ ਉਨ੍ਹਾਂ ਵੱਲੋਂ ਦੱਸੀਆਂ ਸਿਰਫ਼ ਉਹ ਗੱਲਾਂ ਰਿਕਾਰਡ ਕੀਤੀਆਂ ਜੋ ਪਹਿਲਾਂ ਇਤਿਹਾਸ ਦਾ ਹਿੱਸਾ ਨਹੀਂ ਸਨ। ਬਜ਼ੁਰਗਾਂ ਵਿੱਚ ਇੱਕ ਸੱਜਣ ਉਹ ਵੀ ਸੀ ਜੋ ਸਰਦਾਰ ਚੇਤ ਸਿੰਘ ਦੇ ਕਤਲ ਸਮੇਂ ਮਹਾਰਾਜਾ ਖੜਕ ਸਿੰਘ ਕੋਲ ਹਾਜ਼ਰ ਸੀ। ਇੱਕ ਵਿਅਕਤੀ ਉਹ ਵੀ ਸੀ ਜੋ ਸੰਧਾਵਾਲੀਆ ਦਾ ਨੌਕਰ ਸੀ ਤੇ ਮਹਾਰਾਜਾ ਸ਼ੇਰ ਸਿੰਘ ਦੇ ਕਤਲ ਸਮੇਂ ਹਾਜ਼ਰ ਸੀ। ਇੱਕ ਗਵਾਹ ਰਾਜਾ ਹੀਰਾ ਸਿੰਘ ਦੇ ਕਤਲ ਸਮੇਂ ਖ਼ਾਲਸਾ ਫ਼ੌਜ ਨਾਲ ਸੀ। ਸਰਦਾਰ ਜਵਾਹਰ ਸਿੰਘ ਦੇ ਕਤਲ ਸਮੇਂ ਮੌਕੇ ’ਤੇ ਹਾਜ਼ਰ ਮਹਾਰਾਜਾ ਦਲੀਪ ਸਿੰਘ ਦੇ ਅਰਦਲੀ ਵੀ ਇਨ੍ਹਾਂ ਵਿੱਚ ਸ਼ਾਮਿਲ ਸੀ। ਖਖਿਆਂ ਬਾਬਿਆਂ ਦੀ ਬਗ਼ਾਵਤ ਸਮੇਂ ਇਨ੍ਹਾਂ ਗਵਾਹਾਂ ਵਿੱਚੋਂ ਇੱਕ ਖੋੜੀ ਦੇ ਕਿਲ੍ਹੇ ਵਿੱਚੋਂ ਦੁਸ਼ਮਣ ਦੇ ਕਾਬੂ ਆ ਗਿਆ ਸੀ ਅਤੇ ਤਸੀਹੇ ਝੱਲ ਕੇ ਵੀ ਆਪਣੇ ਧਰਮ ’ਤੇ ਕਾਇਮ ਰਿਹਾ ਸੀ। ਇੱਕ ਫ਼ੌਜੀ ਨੇ ਮੁੱਦਕੀ, ਫੇਰੂ ਸ਼ਹਿਰ, ਸਭਰਾਵਾਂ, ਰਾਮਨਗਰ, ਮੋਂਗ ਰਸੂਲ (ਚੇਲੀਆਂ ਵਾਲੀ) ਤੇ ਗੁਜਰਾਤ ਦੀਆਂ ਲੜਾਈਆਂ ਵਿੱਚ ਹਿੱਸਾ ਲਿਆ ਸੀ। ਇਨ੍ਹਾਂ ਫ਼ੌਜੀਆਂ ਦੇ ਬਿਆਨ ਸਿੱਖ ਇਤਿਹਾਸ ਦੀਆਂ ਫ਼ੈਸਲਾਕੁੰਨ ਘਟਨਾਵਾਂ ਦਾ ਅੱਖੀਂ ਵੇਖਿਆ ਹਾਲ ਹੈ, ਜਿਸ ਨੂੰ ਸਭ ਤੋਂ ਭਰੋਸੇਯੋਗ ਮੰਨਿਆ ਜਾ ਸਕਦਾ ਹੈ।

ਲਾਹੌਰ ਦਰਬਾਰ ਦੇ ਰੋਜ਼ਨਾਮਚਿਆਂ[ਸੋਧੋ]

ਕਰਮ ਸਿੰਘ ਨੇ ਆਪਣੀ ਖੋਜ ਨੂੰ ਸਿਰਫ਼ ਖ਼ਾਲਸਾ ਰਾਜ ਦੀਆਂ ਘਟਨਾਵਾਂ ਤਕ ਹੀ ਸੀਮਿਤ ਨਹੀਂ ਰੱਖਿਆ ਸਗੋਂ ਸਿੱਖ ਇਤਿਹਾਸ ਨਾਲ ਸਬੰਧਿਤ ਹੋਰ ਵਿਸ਼ਿਆਂ ’ਤੇ ਵੀ ਜਾਣਕਾਰੀ ਪ੍ਰਾਪਤ ਕਰਨ ਦੀ ਕੋਸ਼ਿਸ਼ ਕੀਤੀ। ਉਨ੍ਹਾਂ ਨੇ ਲਾਹੌਰ ਦਰਬਾਰ ਦੇ ਰੋਜ਼ਨਾਮਚਿਆਂ ਰਾਹੀਂ ਵੀ ਇਤਿਹਾਸਕ ਘਟਨਾਵਾਂ ਦਾ ਵਿਸ਼ਲੇਸ਼ਣ ਕਰਨ ਦਾ ਉੱਦਮ ਕੀਤਾ। ਕਰਮ ਸਿੰਘ ਨੇ ਲਾਹੌਰ ਦਰਬਾਰ ਦੇ ਗੁਪਤ ਇਤਿਹਾਸ ਦੀ ਪੜਚੋਲ ਦਾ ਵੀ ਕੰਮ ਕੀਤਾ। ਰਾਜਾ ਗੁਲਾਬ ਸਿੰਘ ਤੇ ਰਾਜਾ ਧਿਆਨ ਸਿੰਘ ਡੋਗਰਿਆਂ ਵੱਲੋਂ ਖ਼ਾਲਸਾ ਰਾਜ ਖ਼ਿਲਾਫ਼ ਰਚੀਆਂ ਸਾਜ਼ਿਸ਼ਾਂ ਅਤੇ ਕਤਲਾਂ ਬਾਰੇ ਵੀ ਚਾਨਣਾ ਪਾਇਆ। ਸਰਦਾਰ ਚੇਤ ਸਿੰਘ ਦੇ ਧਿਆਨ ਸਿੰਘ ਵੱਲੋਂ ਕਤਲ ਦਾ ਹਾਲ ਵੀ ਉਜਾਗਰ ਕੀਤਾ। ਇਹ ਵੀ ਪਤਾ ਲਾਇਆ ਕਿ ਕਿਵੇਂ ਕੁੰਵਰ ਨੌਨਿਹਾਲ ਸਿੰਘ ਨੂੰ ਆਪਣੇ ਪਿਤਾ ਮਹਾਰਾਜਾ ਖੜਕ ਸਿੰਘ ਵਿਰੁੱਧ ਉਕਸਾਇਆ ਅਤੇ ਚੇਤ ਸਿੰਘ ਦੇ ਕਤਲ ਵਿੱਚ ਸਾਜ਼ਿਸ਼ਕਾਰ ਬਣਾਇਆ ਗਿਆ।

ਇਤਿਹਾਸ ਨੂੰ ਵਾਰਾਂ ਰਾਹੀ ਇਕੱਤਰ ਕਰਨਾ[ਸੋਧੋ]

ਕਰਮ ਸਿੰਘ ਨੇ ਸਿੱਖ ਇਤਿਹਾਸ ਨੂੰ ਵਾਰਾਂ ਰਾਹੀਂ ਇਕੱਤਰ ਕਰਨ ਦਾ ਯਤਨ ਕੀਤਾ ਕਿਉਂਕਿ ਪਿਛਲੇ ਸਮਿਆਂ ਵਿੱਚ ਸਾਡੇ ਦੇਸ਼ ’ਚ ਵਾਰਾਂ ਸੁਣਨ ਦਾ ਬੜਾ ਰਿਵਾਜ ਸੀ। ਢਾਡੀਆਂ ਦੀ ਬੜੀ ਕਦਰ ਸੀ। ਉਨ੍ਹਾਂ ਨੇ ਗੁੱਜਰਾਂ ਵਾਲਾ ਜ਼ਿਲ੍ਹੇ ਵਿੱਚ ਇੱਕ ਰੁਪਿਆ ਦੇ ਕੇ ਇੱਕ ਵਾਰ ਸੁਣੀ ਤੇ ਪੰਜ ਰੁਪਏ ਦੇ ਕੇ ਇੱਕ ਵਾਰ ਲਿਖ ਲਈ ਜਿਸ ਨੂੰ ਨਾਦਰ ਸ਼ਾਹ ਦੀ ਪੌੜੀ ਆਖਦੇ ਸੀ। ਉਨ੍ਹਾਂ ਕੋਲ ਹੋਰ ਵਾਰਾਂ ਲਿਖਣ ਲਈ ਦੇਣ ਯੋਗ ਪੈਸੇ ਨਹੀਂ ਸਨ। ਸੁਰ ਸਿੰਘ ਦੇ ਪਿਛੋਕੜ ਵਾਲੇ ਢਾਡੀਆਂ, ਜਿਨ੍ਹਾਂ ਦੀ ਭਾਈ ਬਿਧੀ ਚੰਦ ਦੇ ਪਰਿਵਾਰ ਨਾਲ ਨੇੜਤਾ ਸੀ, ਵਿੱਚੋਂ ਇੱਕ ਵਿਅਕਤੀ ਨੂੰ ਗੁਰੂ ਹਰਗੋਬਿੰਦ ਸਾਹਿਬ ਤੇ ਗੁਰੂ ਗੋਬਿੰਦ ਸਿੰਘ ਜੀ ਨਾਲ ਸਬੰਧਿਤ ਅੱਠ ਵਾਰਾਂ ਯਾਦ ਸਨ। ਕਰਮ ਸਿੰਘ ਨੇ ਖਾਨ ਬਹਾਦਰ ਦੇ ਸਮੇਂ ਦੀਆਂ ਘਟਨਾਵਾਂ ਬਾਰੇ ਕਵੀ ਸੁੰਦਰ ਦਾਸ ਜੀ ਆਗਮ ਕਪੂਰਥਲੇ ਦੀਆਂ ਕਵਿਤਾਵਾਂ ਵੀ ਪ੍ਰਾਪਤ ਕਰਨ ਦਾ ਯਤਨ ਕੀਤਾ।

15 ਲੜਾਈਆਂ ਦਾ ਵਰਣਨ[ਸੋਧੋ]

ਉੱਤਰੀ ਗੰਗ-ਦੁਆਬ, ਯਮਨਾ ਤੋਂ ਗੰਗਾ ਵਿਚਕਾਰ ਸਹਾਰਨਪੁਰ ਤੇ ਮੇਰਠ ਦੇ ਇਲਾਕੇ ’ਤੇ ਖ਼ਾਲਸਾ ਵੱਲੋਂ 1710 ਤੋਂ 1804 ਤਕ ਕਬਜ਼ਾ ਕਰਨ ਅਤੇ ਰਾਖੀ ਦੀ ਉਗਰਾਹੀ ਲਈ ਹੋਈਆਂ ਤਕਰੀਬਨ 15 ਲੜਾਈਆਂ ਦਾ ਵਿਸਥਾਰ ਨਾਲ ਵਰਣਨ ਕੀਤਾ। ਇਸ ਇਲਾਕੇ ਵਿੱਚ ਖ਼ਾਲਸਾ ਦੀ ਸਰਦਾਰੀ ਸ਼ਾਇਦ ਅੱਜ ਦੇ ਇਤਿਹਾਸਕਾਰ ਭੁੱਲ ਚੁੱਕੇ ਹਨ।

ਭਾਰਤ ’ਤੇ ਸੱਤਵੇਂ ਹਮਲੇ[ਸੋਧੋ]

ਕਰਮ ਸਿੰਘ ਨੇ 1764 ਵਿੱਚ ਅਹਿਮਦ ਸ਼ਾਹ ਅਬਦਾਲੀ ਦੇ ਭਾਰਤ ’ਤੇ ਸੱਤਵੇਂ ਹਮਲੇ ਸਮੇਂ ਉਸ ਦੇ ਸਾਥੀ ਕਾਜ਼ੀ ਨੂਰ ਮੁਹੰਮਦ ਵਾਸੀ ਗੰਜਾਬੇ ਬਲੋਚਿਸਤਾਨ ਵੱਲੋਂ ਰਚਿਤ ਜੰਗਨਾਮਾ ਵੀ ਲੱਭਿਆ ਅਤੇ ਇਸ ਦਾ ਤਰਜਮਾ ਕਰਕੇ ਪਾਠਕਾਂ ਲਈ ਪੇਸ਼ ਕੀਤਾ। ਇਹ ਲਿਖਤ ਵੈਰੀਆਂ ਵੱਲੋਂ ਸਿੱਖਾਂ ਦੇ ਉੱਚ ਆਚਰਨ ਅਤੇ ਬਹਾਦਰੀ ਦੀ ਬੇਮਿਸਾਲ ਦਾਸਤਾਨ ਹੈ। ਇਹ ਜੰਗਨਾਮਾ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਦੀ ਅਗਵਾਈ ਵਿੱਚ ਸਰਦਾਰ ਜੱਸਾ ਸਿੰਘ ਰਾਮਗੜ੍ਹੀਆ, ਸਰਦਾਰ ਚੜਤ ਸਿੰਘ, ਝੰਡਾ ਸਿੰਘ, ਲਹਿਣਾ ਸਿੰਘ,ਜੈ ਸਿੰਘ,ਹਰੀ ਸਿੰਘ ਭੰਗੀ, ਗੁਲਾਬ ਸਿੰਘ, ਗੁੱਜਰ ਸਿੰਘ, ਰਾਮ ਦਾਸ ਤੇ ਖ਼ਾਲਸਾ ਫ਼ੌਜ ਵੱਲੋਂ ਅਬਦਾਲੀ ਨੂੰ ਭੈਅ-ਭੀਤ ਕਰਕੇ ਜਾਨ ਬਚਾਉਣ ਲਈ ਵਾਪਸ ਭੱਜਣ ਲਈ ਮਜਬੂਰ ਕਰ ਦੇਣ ਦਾ ਇਤਿਹਾਸ ਹੈ। ਆਲਾ ਜੱਟ ਵੱਲੋਂ ਅਹਿਮਦ ਸ਼ਾਹ ਅਬਦਾਲੀ ਦੀ ਗੁਲਾਮੀ ਕਬੂਲ ਕਰਨ, ਜ਼ਮੀਨ ਲੈਣ ਤੇ ਉਸ ਦੀ ਮਦਦ ਕਰਨ ਦਾ ਵੀ ਅੱਖੀਂ ਵੇਖਿਆ ਇਤਿਹਾਸ ਦਰਜ ਹੈ।

ਮੱਕਾ-ਮਦੀਨਾ ਬਾਰੇ ਖੋਜ[ਸੋਧੋ]

ਸਰਦਾਰ ਕਰਮ ਸਿੰਘ ਨੇ ਗੁਰੂ ਨਾਨਕ ਦੇਵ ਜੀ ਦੀ ਮੱਕਾ-ਮਦੀਨਾ ਤੋਂ ਬਗਦਾਦ ਯਾਤਰਾ ਬਾਰੇ ਖੋਜ ਕਰਨ ਦਾ ਉੱਦਮ ਵੀ ਕੀਤਾ। ਕਰਮ ਸਿੰਘ ਕਰਾਚੀ ਤੋਂ ਬਗਦਾਦ ਪਹੁੰਚਣ ਵਿੱਚ ਵੀ ਕਾਮਯਾਬ ਹੋ ਗਏ।

ਪੁਸਤਕਾਂ[ਸੋਧੋ]

ਇਸ ਤਰ੍ਹਾਂ ਕਰਮ ਸਿੰਘ ਨੇ ਆਪਣਾ ਜੀਵਨ ਖੋਜ ਦੇ ਲੇਖੇ ਲਾਇਆ। ਉਨ੍ਹਾਂ ਨੇ ਹੇਠ ਲਿਖੀਆਂ ਪੁਸਤਕਾ ਪੰਥ ਦੀ ਝੋਲੀ ਪਾਈਆਂ।

  1. ਬੰਦਾ ਬਹਾਦਰ
  2. ਕਤਕ ਕਿ ਵਿਸਾਖ
  3. ਜੀਵਨ ਹਰਨਾਮ ਕੌਰ
  4. ਜੀਵਨ ਸਦਾ ਕੌਰ
  5. ਬੰਦਾ ਕੌਣ ਥਾ
  6. ਮਹਾਰਾਜਾ ਆਲਾ ਸਿੰਘ
  7. ਗੁਰਪੁਰਬ ਨਿਰਣੈ
  8. ਅਮਰ-ਖ਼ਾਲਸਾ
  9. ਗੁਰੂ ਗਾਥਾ
  10. ਬੰਦਾ ਕੋਣ ਥਾ (ਉਰਦੂ, بندہ کون تھا؟)

ਸਰਦਾਰ ਕਰਮ ਸਿੰਘ ਹਿਸਟੋਰੀਅਨ ਨੂੰ ਆਪਣੀ ਯਾਦ ਸ਼ਕਤੀ ’ਤੇ ਬੜਾ ਭਰੋਸਾ ਸੀ, ਜਿਸ ਕਾਰਨ ਉਨ੍ਹਾਂ ਨੇ ਬਹੁਤੇ ਲਿਖਤੀ ਨੋਟਸ ਨਹੀਂ ਬਣਾਏ ਅਤੇ ਛੋਟੀ ਉਮਰੇ ਹੀ 1930 ਵਿੱਚ ਇਸ ਸੰਸਾਰ ਤੋਂ ਰੁਖ਼ਸਤ ਹੋ ਗਏ।