ਸਮੱਗਰੀ 'ਤੇ ਜਾਓ

ਪੰਜਾਬੀ ਲੋਕਧਾਰਾ ਵਿਚ ਬਨਸਪਤੀ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਪੰਜਾਬੀ ਲੋਕਧਾਰਾ ਵਿੱਚ ਬਨਸਪਤੀ ਬਾਰੇ ਵਿਸਥਾਰ ਪੂਰਵਕ ਵੇਰਵੇ ਮਿਲਦੇ ਹਨ। ਲੋਕਧਾਰਾ ਅਤੇ ਸਾਹਿਤ ਦਾ ਸੰਬੰਧ ਅਟੁੱਟ ਹੈ। "ਲੋਕ ਸਾਹਿਤ, ਲੋਕਗੀਤ, ਲੋਕ-ਕਹਾਣੀ, ਲੋਕ-ਗਾਥਾ, ਲੋਕੋਕਤੀ, ਅਖਾਣ, ਮੁਹਾਵਰੇ ਅਤੇ ਬੁਝਾਰਤ ਆਦਿ ਦੇ ਰੂਪ ਵਿੱਚ ਲੋਕਧਾਰਾ ਦੇ ਇੱਕ ਵਿਲੱਖਣ ਅੰਗ ਵਜੋਂ ਆਪਣੀ ਹੋਂਦ ਗ੍ਰਹਿਣ ਕਰਦਾ ਹੈ।"[1] ਪੰਜਾਬੀ ਲੋਕਗੀਤਾਂ, ਲੋਕ-ਬੋਲੀਆਂ, ਲੋਕ-ਸਾਹਿਤ ਤੋਂ ਬਿਨ੍ਹਾਂ ਵਿਸ਼ਿਸ਼ਟ ਸਾਹਿਤ, ਧਰਮ, ਦਰਸ਼ਨ ਦੇ ਖੇਤਰ ਵਿੱਚ ਬਨਸਪਤੀ ਬਾਰੇ ਗੱਲ ਹੋਈ ਮਿਲਦੀ ਹੈ। "ਪੰਜਾਬੀ ਲੋਕ ਗੀਤ ਦੇ ਪਿੜ ਵਿੱਚ ਕਿਹੜੇ ਰੁੱਖ ਸਾਡੇ ਨਾਲ ਸਾਂਝ ਪਾਉਂਦੇ ਹਨ ? ੳਹ ਹਨ ਪਿੱਪਲ ਤੇ ਬੋਹੜਾ, ਅੰਬ, ਬੇਰੀਆਂ ਤੇ ਕਿੱਕਰਾਂ, ਤੂਤ, ਟਾਹਲੀਆਂ, ਵਣ, ਕਰੀਰ ਤੇ ਜੰਡ, ਨਿੰਮ੍ਹ ਤੇ ਫੁਲਾਹੀ, ਇਮਲੀ ਤੇ ਨਿੰਬੂ। ਕਿਤੇ ਰੋਹੀ ਵਾਲਾ ਜੰਡ ਵੱਢਣ ਦਾ ਪ੍ਰਸੰਗ ਆਉਂਦਾ ਹੈ, ਕਿਤੇ ਵਿਹੜੇ ਤ੍ਰਿਬੈਣੀ ਲਾਉਣ ਦਾ, ਕਿਤੇ 'ਧੰਨ ਭਾਗ ਮੇਰੇ ਆਖੇ ਪਿੱਪਲ' ਵਾਲੀ ਗੱਲ ਸਾਡਾ ਧਿਆਨ ਖਿੱਚਦੀ ਹੈ।"[2] ਕਿਤੇ ਪਿੱਪਲ ਵਾਲੀ ਢਾਬ ਲੋਕ-ਗੀਤ ਨਾਲ ਸਾਹ ਵਟਾਉਂਦੀ ਹੈ ਤੇ ਪਿੱਪਲ ਨਾਲ ਕੀਤੀਆਂ ਗੱਲਾਂ 'ਚ ਸਿਪਾਹੀ ਦੀ ਵਹੁਟੀ ਦਾ ਵਿਛੋੜਾ ਹੰਝੂ ਰੋਲਦਾ ਹੈ:

  • "ਪਿੱਪਲਾ ਵੇ ਮੇਰੇ ਪੇਕੇ ਪਿੰਡ ਦਿਆ, ਤੇਰੀਆਂ ਠੰਢੀਆਂ ਛਾਵਾਂ।

ਢਾਬ ਤੇਰੀ ਦਾ ਗੰਧਲਾ ਪਾਣੀ, ਉੱਤੋਂ ਬੂਰ ਹਟਾਵਾਂ।

ਸੱਭੇ ਸਹੇਲੀਆਂ ਸਹੁਰੇ ਗਈਆਂ, ਕਿਸਨੂੰ ਹਾਲ ਸੁਣਾਵਾਂ ?

ਚਿੱਠੀਆਂ ਬਿਰੰਗ ਭੇਜਦਾ, ਕਿਹੜੀ ਛਾਉਣੀ ਲਵਾ ਲਿਆ ਨਾਵਾਂ ?"

"ਪੰਜਾਬ ਪਿੰਡਾਂ ਦੀ ਧਰਤੀ ਹੋਣ ਕਾਰਨ, ਏਥੋਂ ਦੇ ਜਨ-ਜੀਵਨ ਦਾ ਹਮੇਸ਼ਾ ਹੀ ਰੁੱਖਾਂ ਨਾਲ ਅਸਲੋਂ ਨੇੜੇ ਦਾ ਰਿਸ਼ਤਾ ਰਿਹਾ ਹੈ। ਪੰਜਾਬੀ ਲੋਕ ਗੀਤਾਂ ਵਿੱਚ ਰੁੱਖ, ਪਾਤਰਾਂ ਵਾਂਗ ਪ੍ਰਸਤੁਤ ਕੀਤੇ ਜਾਂਦੇ ਹਨ। ਇਕੱਲਾ ਖੜ੍ਹਾ ਰੁੱਖ, ਲੋਕ-ਸੰਸਕ੍ਰਿਤੀ ਦੀਆਂ ਨਜ਼ਰਾਂ ਵਿੱਚ ਜੱਟ ਦੇ ਇਕੱਲੇ ਪੁੱਤ ਵਾਂਗ ਦਿਸਦਾ ਹੈ ਤੇ ਉਸ ਪ੍ਰਤੀ ਤਰਸ ਭਾਵਨਾ ਪੈਦਾ ਹੁੰਦੀ ਹੈ:

"ਕੱਲੀ ਹੋਵੇ ਨਾਂ ਵਣਾਂ ਦੀ ਲੱਕੜੀ, ਕੱਲਾ ਨਾ ਹੋਵੇ ਪੁੱਤ ਜੱਟ ਦਾ।"

ਅਤੇ ਉਨ੍ਹਾਂ ਪ੍ਰਤੀ ਸਹਾਨਭੂਤੀ ਵੀ ਜੀਵੰਤ ਪਾਤਰਾਂ ਵਾਂਗ ਹੀ ਹੈ।"[3] ਇਸ ਤਰ੍ਹਾਂ ਪੰਜਾਬੀ ਸਾਹਿਤ ਵਿੱਚ ਬਨਸਪਤੀ ਬਾਰੇ ਹੋਈ ਗੱਲ ਇਸ ਗੱਲ ਦੀ ਪ੍ਰੋੜ੍ਹਤਾ ਕਰਦੀ ਹੈ ਕਿ ਪੰਜਾਬੀਆਂ ਦੀ ਜ਼ਿੰਦਗੀ ਵਿੱਚ ਬਨਸਪਤੀ ਦਾ ਕਿੰਨਾ ਜ਼ਿਆਦਾ ਮਹੱਤਵ ਹੈ।

ਮਨੁੱਖ ਅਤੇ ਰੁੱਖ ਦੀ ਸਾਂਝ

[ਸੋਧੋ]

ਦਰੱਖ਼ਤਾਂ ਨਾਲ ਮਨੁੱਖ ਦੀ ਸਾਂਝ ਓਨੀ ਹੀ ਪੁਰਾਣੀ ਹੈ ਜਿੰਨਾਂ ਕਿ ਮਨੁੱਖ ਖ਼ੁਦ। ਮਨੁੱਖ ਅਜੇ ਚੌਪਾਇਆ ਤੋਂ ਦੋਪਾਇਆ ਨਹੀਂ ਸੀ ਹੋਇਆ ਜਦੋਂ ਤੋਂ ਰੁੱਖਾਂ ਦਾ ਓਟ-ਆਸਰਾ ਲੈਂਦਾ ਰਿਹਾ ਹੈ। ਦਰੱਖ਼ਤਾਂ ਦੀ ਛਿੱਲ੍, ਪੱਤੇ, ਫ਼ਲ ਆਦਿ ਖਾ ਕੇ ਅਤੇ ਝਾੜ-ਮਲ੍ਹਿਆਂ ਦੀ ਆੜ 'ਚ ਲੁਕ ਕੇ ਆਦਿ-ਕਾਲੀਨ ਮਨੁੱਖ ਨੇ ਪਤਾ ਨਹੀਂ ਕਿੰਨ੍ਹੀਆਂ ਸਦੀਆਂ ਤੱਕ ਆਪਣੇ ਆਪ ਨੂੰ ਜੰਗਲੀ ਜਾਨਵਰਾਂ ਤੋਂ ਬਚਾਇਆ। ਪਹਿਲੋ-ਪਹਿਲ ਆਪਣਾ ਤਨ ਕੱਜਣ ਲਈ ਮਨੁੱਖ ਨੇ ਰੁੱਖਾਂ ਦੇ ਪੱਤਿਆਂ ਨੂੰ ਹੀ ਵਰਤਿਆ। ਇਸ ਤਰ੍ਹਾਂ ਸ਼ੁਰੂ ਤੋਂ ਹੀ ਦਰੱਖ਼ਤ ਮਨੁੱਖ ਲਈ ਰਹਿਣ-ਬਸੇਰਾ ਹੀ ਨਹੀਂ ਬਣੇ ਸਗੋਂ ਇਹਨਾਂ ਨੇ ਮਨੁੱਖ ਨੂੰ ਕੀਮਤੀ ਲਜ਼ੀਜ਼ ਸੌਗਾਤਾਂ ਖਾਣੇ ਦੇ ਰੂਪ ਵਿੱਚ ਵੀ ਦਿੱਤੀਆਂ, ਜਿਹਨਾਂ ਦੇ ਸਦਕਾ ਮਨੁੱਖ ਤਾਕਤਵਰ ਹੋਇਆ ਅਤੇ ਵਿਕਾਸ ਦੇ ਅਗਲੇ ਪੜਾਵਾਂ ਵੱਲ ਵਧਿਆ। ਬਾਅਦ ਵਿੱਚ ਹੋਈਆਂ ਖੋਜਾਂ ਤੋਂ ਪਤਾ ਚੱਲਿਆ ਕਿ ਰੁੱਖ ਹੀ ਹਨ, ਜੋ ਮਨੁੱਖਾਂ ਦੇ ਜਿਊਂਦੇ ਰਹਿਣ ਲਈ ਸਭ ਤੋਂ ਲੋੜੀਂਦੀ ਆਕਸੀਜਨ ਗੈਸ ਮੁਹੱਈਆ ਕਰਵਾਉਂਦੇ ਹਨ ਅਤੇ ਕਾਰਬਨਡਾਈਆਕਸਾਈਡ ਵਰਗੀ ਗੈਸ ਨੂੰ ਆਪਣੇ ਅੰਦਰ ਜਜ਼ਬ ਕਰ ਲੈਂਦੇ ਹਨ। ਇਸ ਤਰ੍ਹਾਂ ਰੁੱਖ ਧੜਕਦੀ ਜ਼ਿੰਦਗੀ ਦੇ ਸ੍ਰੋਤ ਵਜੋਂ ਕਾਰਜਸ਼ੀਲ ਹਨ।

ਪੰਜਾਬੀ ਲੋਕਧਾਰਾ ਵਿੱਚ ਬਨਸਪਤੀ ਦੀ ਮਹੱਤਤਾ

[ਸੋਧੋ]

ਆਦਿ ਮਨੁੱਖ ਤੋਂ ਲੈ ਕੇ ਆਧੁਨਿਕ ਮਨੁੱਖ ਤੱਕ ਹਰ ਦੇਸ਼, ਕੌਮ, ਧਰਮ, ਜਾਤੀ ਲਈ ਰੁੱਖਾਂ ਦੀ ਬਹੁਤ ਮਹੱਤਤਾ ਹੈ ਅਤੇ ਇਹ ਕਿਵੇਂ ਹੋ ਸਕਦਾ ਹੈ ਕਿ ਪੰਜਾਬੀ ਲੋਕਧਾਰਾ ਵਿੱਚ ਰੁੱਖਾਂ ਦੀ ਮਹੱਤਤਾ ਦਾ ਉਲੇਖ ਨਾ ਹੋਵੇ। ਜਨਮ ਤੋਂ ਮੌਤ ਤੱਕ ਦੀਆਂ ਅਨੇਕ ਰੀਤਾਂ-ਰਸਮਾਂ ਵਿੱਚ ਦਰੱਖ਼ਤ ਆਪਣਾ ਮਹੱਤਵਪੂਰਨ ਯੋਗਦਾਨ ਪਾਉਂਦੇ ਹਨ। ਪੰਜਾਬੀ ਦਾ ਪ੍ਰਸਿੱਧ ਸ਼ਾਇਰ ਸ਼ਿਵ ਕੁਮਾਰ ਬਟਾਲਵੀ ਰੁੱਖਾਂ ਦੇ ਸੰਬੰਧ ਵਿੱਚ ਕੁਝ ਇਸ ਤਰ੍ਹਾਂ ਆਪਣੇ ਵਿਚਾਰ ਪੇਸ਼ ਕਰਦਾ ਹੈ:

"ਕੁੱਝ ਰੁੱਖ ਮੈਨੂੰ ਪੁੱਤ ਲੱਗਦੇ ਨੇ, ਕੁੱਝ ਰੁੱਖ ਲੱਗਦੇ ਮਾਂਵਾਂ।

ਕੁੱਝ ਰੁੱਖ ਨੂੰਹਾਂ ਧੀਆਂ ਲੱਗਦੇ, ਕੁੱਝ ਰੁੱਖ ਵਾਂਗ ਭਰਾਵਾਂ।"

ਪੰਜਾਬੀਆਂ ਦਾ ਰੁੱਖਾਂ ਨਾਲ ਸ਼ੁਰੂ ਤੋਂ ਹੀ ਲਗਾਉ ਰਿਹਾ ਹੈ, ਜੇਕਰ ਪੰਜਾਬੀ ਸੱਭਿਆਚਾਰ ਵਿੱਚ ਨਜ਼ਰ ਮਾਰੀਏ ਤਾਂ ਪੰਜਾਬੀਆਂ ਦੀ ਰੁੱਖਾਂ ਪ੍ਰਤੀ ਨੇੜਤਾ ਪ੍ਰਤੱਖ ਰੂਪ ਵਿੱਚ ਸਾਹਮਣੇ ਆ ਜਾਂਦੀ ਹੈ। ਰੁੱਖ ਸਾਡੇ ਜੀਵਨ, ਧਰਮ, ਸਾਹਿਤ ਅਤੇ ਸਭਿਆਚਾਰ ਦਾ ਅਟੁੱਟ ਹਿੱਸਾ ਹਨ। ਪੰਜਾਬ ਵਿੱਚ ਰੁੱਖਾਂ ਦੀ ਪੂਜਾ ਦਾ ਰਿਵਾਜ ਬਹੁਤ ਪੁਰਾਣਾ ਹੈ। ਹਿੰਦੂ ਮਤ ਵਿੱਚ ਪਿੱਪਲ, ਬੋਹੜ ਆਦਿ ਰੁੱਖਾਂ ਦੀ ਪੂਜਾ ਹੁੰਦੀ ਹੈ। ਭਾਵੇਂ ਕਿ ਸਿੱਖ ਧਰਮ ਵਿੱਚ ਰੁੱਖ ਪੂਜਾ ਦੀ ਮਨਾਹੀ ਹੈ ਪਰ ਫਿਰ ਵੀ ਸਿੱਖ ਲੋਕ ਸਿੱਖ ਇਤਿਹਾਸ ਨਾਲ ਸੰਬੰਧਿਤ ਦਰੱਖ਼ਤਾਂ ਅੱਗੇ ਆਪਣਾ ਸਿਰ ਝੁਕਾਉਂਦੇ ਵੇਖੇ ਜਾ ਸਕਦੇ ਹਨ। ਪੰਜਾਬ ਹੀ ਨਹੀਂ ਲਗਭਗ ਸਾਰੇ ਉੱਤਰੀ ਭਾਰਤ ਵਿੱਚ ਮੁੰਡੇ ਦੇ ਜਨਮ ਮੌਕੇ ਘਰ ਦੇ ਮੁਖ ਦਰਵਾਜ਼ੇ 'ਤੇ ਨਿੰਮ੍ਹ ਦੇ ਪੱਤੇ ਸ਼ਗਨ ਵਜੋਂ ਲਟਕਾਏ ਜਾਂਦੇ ਹਨ। ਇਸਦਾ ਇੱਕ ਕਾਰਣ ਨਿੰਮ੍ਹ ਦਾ ਸ਼ੁੱਧ ਹੋਣਾ ਹੈ (ਤਾਂ ਕਿ ਘਰ ਦੀ ਕੀਟਾਣੂਆਂ ਤੋਂ ਸੁਰੱਖਿਆ ਕੀਤੀ ਜਾ ਸਕੇ) ਜਾਂ ਸ਼ਿਲੇ ਵਾਲੇ ਘਰ ਦੀ ਨਿਸ਼ਾਨੀ ਮੰਨੀ ਜਾ ਸਕਦੀ ਹੈ। ਨਿੰਮ੍ਹ ਤੋਂ ਬਿਨ੍ਹਾਂ ਕਈ ਥਾਵਾਂ 'ਤੇ ਅੰਬ ਜਾਂ ਸਰੀਂਹ ਦੇ ਪੱਤੇ ਵੀ ਟੰਗੇ ਜਾਂਦੇ ਹਨ। ਵਿਆਹ ਵੇਲੇ ਮੁੰਡੇ ਦੇ ਬਾਰਾਤ ਚੜ੍ਹਨ ਤੋਂ ਪਹਿਲਾਂ ਸਾਰਾ ਮੇਲ ਗੀਤ ਗਾਉਂਦਾ ਜੰਡ ਵੱਲ ਜਾਂਦਾ ਤੇ ਲਾੜਾ ਜੰਡ ਦੇ ਦੁਆਲੇ ਸੱਤ ਚੱਕਰ ਲਾ ਕੇ ਕਿਰਪਾਨ ਨਾਲ ਜੰਡ ਨੂੰ ਟੱਕ ਲਾਉਂਦਾ। ਲਾੜੇ ਦੀਆਂ ਭੈਣਾਂ ਉੱਥੇ ਇਹ ਲੋਕ-ਗੀਤ ਗਾਉਂਦੀਆਂ:

"ਵੀਰਾ ਜੇ ਤੂੰ ਵੱਢੀ ਜੰਡੀ, ਤੇਰੀ ਮਾਂ ਨੇ ਸ਼ੱਕਰ ਵੰਡੀ।"
ਇਸੇ ਤਰ੍ਹਾਂ ਪੰਜਾਬੀ ਜੀਵਨ ਵਿੱਚ ਮੌਤ ਦੇ ਸਮੇਂ ਵੀ ਰੁੱਖ ਵੱਡੀ ਭੂਮਿਕਾ ਅਦਾ ਕਰਦੇ ਹਨ। ਹਿੰਦੂ ਅਤੇ ਸਿੱਖ ਸਮਾਜ ਦੇ ਲੋਕ ਅੱਜ ਵੀ ਮੁਰਦੇ ਨੂੰ ਸਾੜਨ ਲਈ ਦਰੱਖ਼ਤਾਂ ਦੀ ਲੱਕੜ ਹੀ ਵਰਤੋਂ ਵਿੱਚ ਲਿਆਉਂਦੇ ਹਨ। ਜੀਵਨ ਦੀਆਂ ਤਿੰਨ ਪ੍ਰਮੁੱਖ ਅਵਸਥਾਵਾਂ (ਜਨਮ, ਵਿਆਹ ਅਤੇ ਮੌਤ) ਵਿੱਚ ਰੁੱਖਾਂ ਦੀ ਮਹੱਤਤਾ ਅਸੀਂ ਉੱਪਰ ਜ਼ਿਕਰ ਕਰ ਚੁੱਕੇ ਹਾਂ। ਇਸ ਤੋਂ ਬਿਨ੍ਹਾਂ ਪੰਜਾਬੀਆਂ ਦੀ ਨਿੱਤ ਵਰਤੋਂ ਵਿੱਚ ਆਉਣ ਵਾਲੀਆਂ ਕਿੰਨ੍ਹੀਆਂ ਹੀ ਵਸਤਾਂ ਸਾਨੂੰ ਰੁੱਖਾਂ ਤੋਂ ਹੀ ਪ੍ਰਾਪਤ ਹੁੰਦੀਆਂ ਹਨ। ਮਿਸਾਲ ਦੇ ਤੌਰ 'ਤੇ ਚਟਾਈਆਂ, ਚਰਖਾ, ਮੰਜੇ, ਗੱਡੇ, ਫਰਨੀਚਰ, ਦਰਵਾਜ਼ੇ, ਕਿਸਾਨੀ ਦੇ ਸੰਦ ਆਦਿ ਦਰੱਖ਼ਤਾਂ ਤੋਂ ਪ੍ਰਾਪਤ ਹੋਈ ਲੱਕੜ ਤੋਂ ਬਣਾਏ ਜਾਂਦੇ ਹਨ। ਕਿਉਂਕਿ ਫੋਕਲੋਰ ਦਾ ਖੇਤਰ ਅਤਿ ਵਿਆਪਕ ਹੈ, "ਫੋਕਲੋਰ ਲੋਕ ਜੀਵਨ ਦੇ ਸਾਰਿਆਂ ਕਾਰ-ਵਿਹਾਰਾਂ ਤੇ ਗਤੀ-ਵਿਧੀਆਂ ਵਿੱਚ ਪਰਾਪਤ ਹੁੰਦਾ ਹੈ"[4] ਇਸ ਕਰਕੇ ਰੁੱਖਾਂ ਬਾਰੇ ਕੀਤੀ ਉਪਰੋਕਤ ਚਰਚਾ ਤੋਂ ਇਹ ਸਪਸ਼ਟ ਹੋ ਜਾਂਦਾ ਹੈ ਕਿ ਪੰਜਾਬੀ ਲੋਕਧਾਰਾ ਵਿੱਚ ਰੁੱਖਾਂ ਦੀ ਬਹੁਤ ਮਹੱਤਤਾ ਹੈ।

ਲੋਕ ਸਾਹਿਤ ਵਿੱਚ ਬਨਸਪਤੀ ਦਾ ਜ਼ਿਕਰ

[ਸੋਧੋ]

ਮੁੱਖ ਰੂਪ ਵਿੱਚ ਪੰਜਾਬ ਵਿੱਚ ਹੋਣ ਵਾਲੀ ਬਨਸਪਤੀ ਨੂੰ ਦੋ ਭਾਗਾਂ ਵਿੱਚ ਵੰਡਿਆ ਜਾ ਸਕਦਾ ਹੈ:

  1. ਭਾਰੀ ਬਨਸਪਤੀ
  2. ਹਲਕੀ ਬਨਸਪਤੀ

ਭਾਰੀ ਬਨਸਪਤੀ

[ਸੋਧੋ]

ਇਸ ਤਰ੍ਹਾਂ ਦੀ ਬਨਸਪਤੀ ਵਿੱਚ ਵੱਡੇ ਭਾਰੀ ਦਰੱਖ਼ਤਾਂ ਜਿਵੇਂ ਜੰਡ, ਰੇਰੂ, ਕਿੱਕਰ, ਫਰਮਾਂਹ, ਕਰੀਰ, ਵਣ, ਰਹੂੜਾ, ਤੂਤ, ਫਲਾਹੀ, ਬੋਹੜ, ਪਿੱਪਲ, ਨਿੰਮ੍ਹ, ਟਾਹਲੀ,ਅੰਬ, ਬੇਰੀ ਆਦਿ ਨੂੰ ਰੱਖਿਆ ਜਾ ਸਕਦਾ ਹੈ। ਇਹਨਾਂ ਰੁੱਖਾਂ ਨੇ ਵੱਡੇ ਪੱਧਰ 'ਤੇ ਪੰਜਾਬੀਆਂ ਦੀਆਂ ਲੋੜਾਂ ਨੂੰ ਪੂਰਿਆਂ ਕੀਤਾ। ਇਹਨਾਂ ਰੁੱਖਾਂ ਸੰਬੰਧੀ ਪੰਜਾਬੀ ਲੋਕ ਸਾਹਿਤ ਵਿੱਚ ਬਹੁਤ ਸਾਰੀਆਂ ਬੋਲੀਆਂ, ਬੁਝਾਰਤਾਂ, ਕਹਾਣੀਆਂ ਪ੍ਰਾਪਤ ਹੁੰਦੀਆਂ ਹਨ। ਇਹਨਾਂ ਰੁੱਖਾਂ ਵਿਚੋਂ ਪ੍ਰਮੁੱਖ ਦਾ ਜ਼ਿਕਰ ਹੇਠਾਂ ਕੀਤਾ ਜਾ ਰਿਹਾ ਹੈ:

ਜੰਡ

[ਸੋਧੋ]
  • "ਰੋਹੀ ਵਾਲਾ ਜੰਡ ਵੱਢ ਕੇ, ਮੈਨੂੰ ਕੱਲੀ ਨੂੰ ਚੁਬਾਰਾ ਪਾ ਦੇ।

ਵਿਹੜੇ ਲਾ ਤ੍ਰਿਬੈਣੀ, ਛਾਵੇਂ ਬਹਿ ਕੇ ਕੱਤਿਆ ਕਰੂੰ।"

ਜੰਡ ਭਰਵੀਂ ਛਾਂ ਵਾਲਾ ਭਾਰੀ ਦਰੱਖ਼ਤ ਹੈ। ਇਹ ਪੰਜਾਬ ਵਿੱਚ ਜ਼ਿਆਦਾਤਰ ਮਾਲਵਾ ਇਲਾਕੇ ਵਿੱਚ ਹੁੰਦਾ ਹੈ। "ਪੀਲੂ ਦੀ ਅਮਰ ਰਚਨਾ 'ਮਿਰਜ਼ਾ ਸਾਹਿਬਾਂ' ਨੇ ਜੰਡ ਦੇ ਰੁੱਖ ਨੂੰ ਵਿਸ਼ੇਸ਼ ਅਰਥਾਂ ਦਾ ਧਾਰਨੀ ਬਣਾ ਦਿੱਤਾ ਹੈ।"[5] ਜੰਡ ਨੂੰ ਨਿਹੋਰਾ ਦਿੰਦੀ ਸਾਹਿਬਾਂ ਇਹ ਕਹਿੰਦੀ ਕਦੇ ਨਹੀਂ ਭੁੱਲੇਗੀ:

  • "ਤੇਰੇ ਹੇਠ ਜੰਡੋਰੀਆ ਵੇ ਮੈਂ ਹੋ ਗਈ ਰੰਡੀ।"[6]

ਪੁਰਾਤਨ ਸਮੇਂ ਵਿੱਚ ਜੰਞ ਚੜ੍ਹਨ ਵੇਲੇ ਲਾੜਾ ਪਹਿਲਾਂ ਆਪਣੀ ਕਿਰਪਾਨ ਨਾਲ ਜੰਡ ਨੂੰ ਟੱਕ ਲਾਉਂਦਾ ਸੀ। ਲਾੜੇ ਦੀਆਂ ਭੈਣਾਂ ਉੱਥੇ ਇਹ ਲੋਕ-ਗੀਤ ਗਾਉਂਦੀਆਂ:

  • "ਵੀਰਾ ਜੇ ਤੂੰ ਵੱਢੀ ਜੰਡੀ, ਤੇਰੀ ਮਾਂ ਨੇ ਸ਼ੱਕਰ ਵੰਡੀ।"

ਕਿੱਕਰ[7]

[ਸੋਧੋ]

ਕਿੱਕਰ ਦੇ ਰੁੱਖ ਤੋਂ ਖੇਤੀ ਲਈ ਵਰਤੇ ਜਾਂਦੇ ਅਨੇਕਾਂ ਸੰਦ ਬਣਾਏ ਜਾਂਦੇ ਹਨ। ਫੁੱਲ ਪੈਣ ਤੋਂ ਬਾਅਦ ਕਿੱਕਰ ਨੂੰ 'ਤੁੱਕੇ' ਲੱਗਦੇ ਹਨ ਅਤੇ ਸੁਆਣੀਆਂ ਇਹਨਾਂ ਦਾ ਆਚਾਰ ਪਾਉਂਦੀਆਂ ਹਨ। ਕਿੱਕਰ ਦੀ ਦਾਤਣ ਦੀ ਵਰਤੋਂ ਦੰਦਾਂ ਨੂੰ ਸਾਫ਼ ਕਰਨ ਲਈ ਅੱਜ-ਕੱਲ੍ਹ ਵੀ ਕਰ ਲਈ ਜਾਂਦੀ ਹੈ। ਇਸ ਰੁੱਖ ਬਾਰੇ ਅਨੇਕਾਂ ਲੋਕ-ਤੁਕਾਂ ਮਿਲਦੀਆਂ ਹਨ, ਜੋ ਇਸ ਦੀ ਮਹੱਤਤਾ ਨੂੰ ਪ੍ਰਗਟ ਕਰਦੀਆਂ ਹਨ। ਜਦ ਕਾਲ਼ੇ ਰੰਗ ਦਾ ਘੱਟ ਸੋਹਣਾ ਗੱਭਰੂ ਖ਼ੂਬਸੂਰਤ ਮੁਟਿਆਰ ਨੂੰ ਵਿਆਹਿਆ ਜਾਂਦਾ ਤਾਂ ਕੁੜੀ ਨਿਹੋਰੇ ਵਜੋਂ ਕਹਿੰਦੀ:

  • "ਮੁੰਡਾ ਰੋਹੀ ਦੀ ਕਿੱਕਰ ਤੋਂ ਕਾਲ਼ਾ, ਬਾਪੂ ਦੇ ਪਸਿੰਦ ਆ ਗਿਆ।"

ਨਵ-ਵਿਆਹੀ ਮੁਟਿਆਰ ਰਾਤ-ਬਰਾਤੇ ਖੇਤ-ਬੰਨ੍ਹੇ ਪਾਣੀ ਲਾਉਣ ਗਏ ਆਪਣੇ ਮਾਹੀ ਦੇ ਵਿਛੋੜੇ ਤੋਂ ਤੰਗ ਆ ਕੇ ਅਕਸਰ ਹੀ ਆਖ ਦਿੰਦੀ:

  • "ਕਿੱਕਰ 'ਤੇ ਕਾਟੋ ਰਹਿੰਦੀ, ਕੱਲਾ ਨਾ ਜਾਵੀਂ ਖੇਤ ਨੂੰ।"

ਪੰਜਾਬ ਦੇ ਮਹੱਤਵਪੂਰਨ ਖਿੱਤੇ ਮਾਲਵੇ ਵਿੱਚ ਇਹ ਤੁਕ ਬਹੁਤ ਪ੍ਰਸਿੱਧ ਰਹੀ, ਕਿਉਂਕਿ ਕੋਈ ਹੋਰ ਕੁਦਰਤੀ ਮੇਵਾ ਨਾ ਹੋਣ ਕਰਕੇ ਕਿੱਕਰ ਤੋਂ ਹੀ ਲੋਕਾਂ ਨੂੰ ਬਹੁਤ ਕੁਝ ਮਿਲਦਾ ਸੀ।

  • "ਚੱਲ ਮਾਲਵੇ ਦੇਸ਼ ਨੂੰ ਚੱਲੀਏ, ਜਿੱਥੇ ਕਿੱਕਰਾਂ ਨੂੰ ਅੰਬ ਲੱਗਦੇ।"

ਬੇਰੀ

[ਸੋਧੋ]

ਬੇਰੀ ਦੀ ਅਹਿਮੀਅਤ ਦਾ ਪਤਾ ਇਸ ਲੋਕ-ਬੋਲੀ ਤੋਂ ਲੱਗਦਾ ਹੈ, ਜਦੋਂ ਦਿਓਰ ਮਿੱਠੇ ਬੇਰ ਲੈ ਘਰ ਆਪਣੀ ਭਰਜਾਈ ਕੋਲ ਜਾਂਦਾ ਹੈ:

  • "ਮੈਂ ਬੇਰੀਆਂ ਤੋਂ ਬੇਰ ਲਿਆਇਆ, ਭਾਬੀ ਤੇਰੇ ਰੰਗ ਵਰਗਾ।"

ਕੋਈ ਆਸ਼ਕ ਆਪਣੀ ਪ੍ਰੇਮਿਕਾ ਨੂੰ ਇਹ ਕਹਿ ਕੇ ਆਪਣੇ ਭਾਵ ਪ੍ਰਗਟ ਕਰਦਾ ਹੈ:

  • "ਗੋਰੇ ਰੰਗ 'ਤੇ ਝਰੀਟਾਂ ਆਈਆਂ, ਬੇਰੀਆਂ ਦੇ ਬੇਰ ਖਾਣੀਏ।"

ਬੇਰੀਆਂ ਤੋਂ ਬੇਰ ਤੋੜਨ ਦੇ ਬਹਾਨੇ ਘਰੋਂ ਆਪਣੇ ਪ੍ਰੇਮੀ ਨੂੰ ਮਿਲਣ ਆਉਣ ਵਾਲੀ ਮੁਟਿਆਰ ਵੀ ਬੋਲੀ ਰਾਹੀਂ ਆਪਣੇ ਭਾਵ ਆਪਣੇ ਪ੍ਰੇਮੀ ਨਾਲ ਸਾਂਝੇ ਕਰਦੀ:

  • "ਦੱਸ ਕਿਹੜੇ ਮੈਂ ਬਹਾਨੇ ਆਵਾਂ, ਬੇਰੀਆਂ ਦੇ ਬੇਰ ਮੁੱਕ ਗਏ।"

ਕਰੀਰ

[ਸੋਧੋ]

ਕਰੀਰ ਮੱਧਰੇ ਕੱਦ ਵਾਲਾ ਝਾੜੀਦਾਰ ਬਿਨ੍ਹਾਂ ਪੱਤਿਆਂ ਵਾਲਾ ਦਰੱਖ਼ਤ ਹੈ ਤੇ ਪਿੰਡਾਂ ਵਿੱਚ ਰੋਹੀ-ਬੀਆਬਾਨਾਂ ਆਦਿ ਥਾਵਾਂ 'ਤੇ ਵੇਖਿਆ ਜਾ ਸਕਦਾ ਹੈ। "ਕਰੀਰ ਨੂੰ ਫ਼ਲ ਲੱਗਣ ਤੋਂ ਪਹਿਲਾਂ ਲਾਲ-ਸੰਤਰੀ ਭਾਅ ਮਾਰਦੇ ਫੁੱਲ ਲੱਗਦੇ ਹਨ, ਜਿੰਨ੍ਹਾਂ ਨੂੰ ਬਾਟਾ ਆਖਿਆ ਜਾਂਦਾ ਹੈ। ਇਸਦੇ ਫਲ ਨੂੰ 'ਡੇਲੇ' ਆਖਿਆ ਜਾਂਦਾ ਹੈ, ਜਿੰਨ੍ਹਾਂ ਦਾ ਆਚਾਰ ਪਾਇਆ ਜਾਂਦਾ ਹੈ।"[8] ਇਸ ਰੁੱਖ ਸੰਬੰਧੀ ਹੇਠ ਲਿਖੀਆਂ ਲੋਕ-ਬੋਲੀਆਂ ਮਿਲ ਜਾਂਦੀਆਂ ਹਨ:

  • "ਛੋਲਿਆਂ ਨੂੰ ਤਾਂ ਬੂਰ ਪੈ ਗਿਆ, ਕਰੀਰੀਂ ਪੈ ਗਿਆ ਬਾਟਾ। ਨੱਚਦੀ ਮੇਲਣ ਦਾ, ਲੈ ਲਾ ਗੱਭਰੂਆ ਝਾਕਾ।"
  • "ਕਰੀਰ ਦਾ ਵੇਲਣਾ ਨੀਂ ਮੈਂ ਵੇਲ-ਵੇਲ ਥੱਕੀ, ਆਪ ਤਾਂ ਖਾਂਦੇ ਛੇ-ਛੇ ਮੰਨ੍ਹੀਆਂ, ਮੈਨੂੰ ਅੱਧੀ ਟਿੱਕੀ।"
  • "ਕੱਲਮ ਕੱਲੀ ਤੋੜਾਂ ਮੈਂ ਕਰੀਰਾਂ ਨਾਲੋਂ ਡੇਲੇ, ਖੜ੍ਹ ਜਾ ਜ਼ਾਲਮਾਂ ਸਬੱਬੀਂ ਹੋ ਗਏ ਮੇਲੇ।"

ਤੂਤ

[ਸੋਧੋ]

ਤੂਤ ਦਾ ਜੀਵਨ ਵਿੱਚ ਬਹੁਤ ਮਹੱਤਵ ਹੈ। ਤੂਤ ਤੋਂ ਬਹੁਤ ਸੁਆਦਲਾ ਫਲ 'ਤੂਤੀਆਂ' ਮਿਲਦਾ ਹੈ। ਤੂਤ ਦੀ ਛਾਂ ਦਾ ਪੰਜਾਬੀ ਕਿਸਾਨੀ ਜੀਵਨ ਵਿੱਚ ਆਪਣਾ ਹੀ ਮਹੱਤਵ ਹੈ। ਆਪਸੀ ਸਾਂਝ, ਪਿਆਰ ਦਾ ਪ੍ਰਗਟਾਵਾ ਕਰਨ ਲਈ ਯਾਰੀ ਨੂੰ ਤੂਤ ਦੇ ਮੋਛੇ ਨਾਲ ਤੁਲਣਾਇਆ ਜਾਂਦਾ ਹੈ। ਲੋਕ ਕਹਾਵਤਾਂ ਵਿੱਚ ਤੂਤ ਦੀ ਛਟੀ ਦਾ ਮੁਲਾਂਕਣ ਖ਼ੂਬਸੂਰਤ ਮੁਟਿਆਰ ਨਾਲ ਕੀਤਾ ਜਾਂਦਾ ਹੈ, ਇਸੇ ਲਈ:

  • "ਲੱਛੀ, ਬੰਤੋ ਧਰਮ ਦੀਆਂ ਭੈਣਾਂ-ਲਗਰਾਂ ਤੂਤ ਦੀਆਂ।"
  • "ਯਾਰੀ ਜੱਟ ਦੀ ਤੂਤ ਦਾ ਮੋਛਾ, ਕਦੇ ਨਾ ਵਿਚਾਲਿਓਂ ਟੁੱਟਦੀ।"

ਖ਼ੂਬਸੂਰਤ ਮੁਟਿਆਰ ਜਦੋਂ ਘੱਟ ਸਨੁੱਖੇ ਨੌਜਵਾਨ ਨਾਲ ਵਿਆਹੀ ਜਾਂਦੀ ਤਾਂ ਕੁਰਲਾ ਉੱਠਦੀ:

  • "ਗ਼ਲ ਰੀਠੜੇ ਜਿਹੇ ਦੇ ਲਾਈ, ਵੇ ਮੈਂ ਤੂਤ ਦੀ ਛਟੀ।"

ਬੋਹੜ-ਪਿੱਪਲ

[ਸੋਧੋ]
ਪਿੱਪਲ ਦਾ ਦਰੱਖ਼ਤ

ਬੋਹੜ ਤੇ ਪਿੱਪਲ ਦਰੱਖ਼ਤਾਂ ਦੀ ਪੰਜਾਬੀ ਜਨ-ਜੀਵਨ ਵਿੱਚ ਖ਼ਾਸ ਥਾਂ ਹੈ। ਹਿੰਦੂ ਧਰਮ ਵਿੱਚ ਇਹਨਾਂ ਨੂੰ ਪੂਜਿਆ ਜਾਂਦਾ ਹੈ। ਪਿੱਪਲ ਨੂੰ ਹਿੰਦੂ ਧਰਮ ਵਿੱਚ ਬ੍ਰਹਮਾ ਦਾ ਅਵਤਾਰ ਮੰਨ ਕੇ ਪੂਜਿਆ ਜਾਂਦਾ ਹੈ। ਪੰਜਾਬ ਵਿੱਚ ਜੇਕਰ ਕਿਸੇ ਮਨੁੱਖ ਦੀ ਵਡਿਆਈ ਕਰਨੀ ਹੋਵੇ ਤਾਂ ਆਮ ਹੀ 'ਬਾਬਾ ਬੋਹੜ' ਆਖ ਕੇ ਸਤਿਕਾਰ ਦਿੱਤਾ ਜਾਂਦਾ ਹੈ। ਇਹਨਾਂ ਰੁੱਖਾਂ ਨਾਲ ਸੰਬੰਧਿਤ ਲੋਕ-ਤੁਕਾਂ ਹੇਠ ਲਿਖੇ ਅਨੁਸਾਰ ਹਨ:

  • "ਪੱਤੇ ਪੱਤੇ ਗੋਬਿੰਦ ਬੈਠਾ, ਟਾਹਣੀ ਟਾਹਣੀ ਦਿਉਤਾ। ਮੁੱਢ ਤੇ ਸ਼੍ਰੀ ਕ੍ਰਿਸ਼ਨ ਬੈਠਾ, ਧੰਨ ਬ੍ਰਹਮਾ ਦਿਉਤਾ।"[9] (ਬੁਝਾਰਤ)
  • "ਪਿੱਪਲਾਂ ਉੱਤੇ ਆਈਆਂ ਬਹਾਰਾਂ,

ਬੋਹੜਾਂ ਨੂੰ ਲੱਗ ਗਈਆਂ ਗੋਲ੍ਹਾਂ,

ਜੰਗ ਨੂੰ ਨਾ ਜਾਵੀ, ਦਿਲ ਦੇ ਬੋਲ ਮੈਂ ਬੋਲਾਂ।"

ਨਿੰਮ੍ਹ

[ਸੋਧੋ]

ਨਿੰਮ੍ਹ ਉਹ ਦਰੱਖ਼ਤ ਹੈ, ਜਿਸ ਦਾ ਤਾਂ ਪੱਤੇ, ਫੁੱਲ, ਫ਼ਲ, ਜੜ੍ਹਾਂ, ਤਣਾ ਸਭ ਕੁਝ ਗੁਣਕਾਰੀ ਹੈ। ਪਿੰਡਾਂ ਵਿੱਚ ਨਿੰਮ੍ਹ ਦੀ ਦਾਤਣ, ਨਿੰਮ੍ਹ ਦਾ ਘੋਟਣਾ, ਨਿੰਮ੍ਹ ਦਾ ਸੰਦੂਖ ਬਹੁਤ ਮਸ਼ਹੂਰ ਹੈ। ਜਿਸ ਘਰ ਵਿੱਚ ਮੁੰਡੇ ਨੇ ਜਨਮ ਲਿਆ ਹੋਵੇ ਉਸ ਘਰ ਦੇ ਮੁੱਖ ਦਰਵਾਜ਼ੇ 'ਤੇ ਨਿੰਮ੍ਹ ਦੇ ਪੱਤੇ ਬੰਨ੍ਹੇ ਜਾਂਦੇ ਹਨ। ਡੇਕ, ਬਰਕੈਣ, ਬਰਮੀ ਡੇਕ ਆਦਿ ਨਿੰਮ੍ਹ ਜਾਤੀ ਦੀਆਂ ਹੀ ਕਿਸਮਾਂ ਹਨ। ਲੋਕਧਾਰਾ ਵਿੱਚ ਨਿੰਮ੍ਹ ਸੰਬੰਧੀ ਜੋ ਬੋਲੀਆਂ ਜਾਂ ਤੁਕਾਂ ਮਿਲਦੀਆਂ ਹਨ ਉਹਨਾਂ 'ਚੋਂ ਕੁਝ ਦਾ ਜ਼ਿਕਰ ਹੇਠਾਂ ਹੈ:

  • "ਨਛੱਤਰਾ ਸੱਸ ਕੁੱਟਣੀ, ਇੱਕ ਨਿੰਮ੍ਹ ਦਾ ਘੋਟਣਾ ਲਿਆਈਂ।"
  • "ਨਿੰਮ੍ਹ ਹੇਠ ਕੱਤਿਆ ਕਰੂੰ, ਲੈ ਦੇ ਚਰਖਾ ਸ਼ੀਸ਼ਿਆਂ ਵਾਲਾ।"
  • "ਕਿਹੜੇ ਪਿੰਡ ਮੁਕਲਾਵੇ ਜਾਣਾ, ਨਿੰਮ ਦੇ ਸੰਦੂਖ ਵਾਲੀਏ।"
  • "ਨਿੰਮ੍ਹ ਦਾ ਘੜ੍ਹਾ ਦੇ ਘੋਟਣਾ, ਸੱਸ ਕੁੱਟਣੀ ਸੰਦੂਖਾਂ ਉਹਲੇ।"
  • "ਕੌੜ੍ਹੀ ਨਿੰਮ੍ਹ ਨੂੰ ਪਤਾਸੇ ਲੱਗਦੇ, ਜਿੱਥੋਂ ਮੇਰਾ ਵੀਰ ਲੰਘ ਜੇ।"
  • "ਨਿੰਮ੍ਹ ਨਾਲ ਝੂਟਦੀਏ, ਤੇਰੀ ਸਿਖ਼ਰੋਂ ਪੀਂਘ ਟੁੱਟ ਜਾਵੇ।"
ਟਾਹਲੀ ਦਾ ਰੁੱਖ

ਟਾਹਲੀ

[ਸੋਧੋ]

ਟਾਹਲੀ ਦਾ ਦਰੱਖ਼ਤ ਆਪਣੀ ਛਾਂ ਲਈ ਜਾਣਿਆ ਜਾਂਦਾ ਹੈ। ਟਾਹਲੀ ਦੀ ਲੱਕੜ ਚੁਗਾਠਾਂ ਅਤੇ ਫਰਨੀਚਰ ਤੋਂ ਇਲਾਵਾ ਖੇਤੀ ਦੇ ਸੰਦਾਂ ਆਦਿ ਲਈ ਬਹੁਤ ਉਪਯੋਗੀ ਹੁੰਦੀ ਹੈ। ਘਰੇਲੂ ਜੀਵਨ ਵਿੱਚ ਚਰਖਾ ਆਦਿ ਬਣਾਉਣ ਲਈ ਟਾਹਲੀ ਦੀ ਲੱਕੜ ਦੀ ਵਰਤੋਂ ਕੀਤੀ ਜਾਂਦੀ ਰਹੀ ਹੈ। ਇਸੇ ਕਰਕੇ ਲੋਕ-ਬੋਲੀ ਹੈ:

  • "ਵੀਰ ਜਾ ਕੇ ਸੁਨਾਮੋਂ ਲਿਆਇਆ, ਚਰਖਾ ਟਾਹਲੀ ਦਾ।"

ਇਕ ਹੋਰ ਲੋਕ-ਬੋਲੀ, ਜੋ ਪੰਜਾਬੀਆਂ ਦਾ ਇਸ ਦਰੱਖ਼ਤ ਨਾਲ ਪਿਆਰ ਦਰਸਾ ਰਹੀ ਹੈ:

  • "ਊਠਾਂ ਵਾਲਿਆਂ ਛਾਂਗ ਲਈ ਟਾਹਲੀ, ਤਿੱਪ-ਤਿੱਪ ਰੋਣ ਅੱਖੀਆਂ।"

ਅੰਬ

[ਸੋਧੋ]

ਪੰਜਾਬ ਵਿੱਚ ਅੰਬ ਦਾ ਰੁੱਖ ਪ੍ਰਮੁੱਖ ਤੌਰ 'ਤੇ ਦੁਆਬਾ ਉਪਭਾਗ ਵਿੱਚ ਹੁੰਦਾ ਹੈ। ਆਪਣੀ ਮਿਠਾਸ ਕਰਕੇ ਇਸ ਰੁੱਖ ਦੇ ਫ਼ਲ ਨੇ ਹਰੇਕ ਪੰਜਾਬੀ ਦੇ ਦਿਲ ਵਿੱਚ ਆਪਣੀ ਇੱਕ ਵਿਸ਼ੇਸ਼ ਜਗ੍ਹਾ ਮੱਲੀ ਹੋਈ ਹੈ। ਅੰਬਾਂ ਤੋਂ ਵਿਰਵੇ ਰਹਿਣ ਦਾ ਝੋਰਾ ਇਸ ਲੋਕ-ਬੋਲੀ 'ਚੋਂ ਪ੍ਰਗਟ ਹੁੰਦਾ ਹੈ:

  • "ਨੀ ਅੰਬੀਆਂ ਨੂੰ ਤਰਸੇਂਗੀ, ਛੱਡ ਕੇ ਦੇਸ਼ ਦੁਆਬਾ।"

ਹਲਕੀ ਬਨਸਪਤੀ

[ਸੋਧੋ]

ਇਸ ਵੰਨਗੀ ਵਿੱਚ ਉਹ ਸਾਰੀਆਂ ਜੜ੍ਹੀ-ਬੂਟੀਆਂ ਅਤੇ ਫ਼ਸਲਾਂ ਰੱਖੀਆਂ ਜਾ ਸਕਦੀਆਂ ਹਨ, ਜੋ ਦਰੱਖ਼ਤ ਨਾ ਹੋ ਕੇ ਸਿਰਫ਼ ਬੂਟਿਆਂ ਸਮਾਨ ਹਨ। ਪ੍ਰਮੁੱਖ ਰੂਪ ਵਿੱਚ ਕੌੜਤੂੰਮੇ ਦੀਆਂ ਵੇਲਾਂ, ਚਿੱਬੜ੍ਹ, ਵਾੜ ਕਰੇਲਾ, ਚਲਾਈ, ਤਾਂਦਲਾ, ਭੱਖੜਾ, ਬਾਥੂ, ਭੱਸਰਾ, ਭਗਤਲ, ਪੁੱਠ-ਕੰਡਾ, ਅੱਕ, ਅੱਕਸਿੰਨ (ਅਸਵਗੰਧਾ), ਇਟਸਿਟ, ਪੋਹਲੀ, ਬ੍ਰਹਮਬੂਟੀ, ਲੇਹਾ, ਬੂਈ, ਛਣਕ-ਨਮੋਲੀ, ਥੋਹਰ, ਚੂੜ੍ਹੀ-ਸਲੋਟ, ਕੁੱਕੜਛਿੱਦੀ, ਮਲੋਅ, ਹਾਲੋਂ, ਬਾਂਸੀ, ਪਿਆਜ਼ੀ, ਮੋਥਰਾ, ਮਕੜਾ, ਧਤੂਰਾ, ਕਾਹੀ ਘਾਹ, ਸਰਕੜਾ, ਬਰੂ, ਕਮਾਰ (ਐਲੋਵੇਰਾ), ਪੱਥਰਚੱਟ ਅਦਿ ਤੋਂ ਬਿਨ੍ਹਾਂ ਕਣਕ, ਛੋਲੇ, ਜੌਂ, ਬਾਜਰਾ, ਕਮਾਦ ਆਦਿ ਫ਼ਸਲਾਂ ਆ ਜਾਂਦੀਆਂ ਹਨ, ਜਿਨ੍ਹਾਂ ਨੇ ਪੰਜਾਬੀ ਲੋਕਧਾਰਾ, ਲੋਕ-ਚਿਕਿਤਸਾ ਨੂੰ ਲਗਾਤਾਰ ਪ੍ਰਭਾਵਿਤ ਕੀਤਾ ਹੈ। ਇਹਨਾਂ ਵਿਚੋਂ ਮਹੱਤਵਪੂਰਨ ਜੜ੍ਹੀ-ਬੂਟੀਆਂ ਅਤੇ ਫ਼ਸਲਾਂ ਦਾ ਕੁਝ ਵੇਰਵਾ ਹੇਠ ਲਿਖੇ ਅਨੁਸਾਰ ਹੈ:

ਕਣਕ ਦੀ ਬੱਲੀ
ਪੱਕੀ ਕਣਕ ਦੀ ਫ਼ਸਲ ਦਾ ਦ੍ਰਿਸ਼

ਕਣਕ, ਛੋਲੇ, ਜੌਂ, ਬਾਜਰਾ

[ਸੋਧੋ]

ਕਣਕ ਪੰਜਾਬ ਦੀ ਮੁੱਖ ਫ਼ਸਲ ਹੈ। ਅੱਜ ਪੰਜਾਬ ਵਿੱਚ ਕਣਕ ਦੇ ਆਟੇ ਦੀ ਹੀ ਰੋਟੀ ਖਾਧੀ ਜਾਂਦੀ ਹੈ। ਇਸ ਤੋਂ ਇਲਾਵਾ ਛੋਲੇ, ਬਾਜਰਾ, ਜੌਂ ਵੀ ਇੱਥੋਂ ਦੀਆਂ ਪ੍ਰਮੁੱਖ ਫ਼ਸਲਾਂ ਹਨ। ਇਹਨਾਂ ਫ਼ਸਲਾਂ ਨੇ ਪੰਜਾਬ ਦੇ ਜੀਵਨ ਨੂੰ ਬਹੁਤ ਪ੍ਰਭਾਵਿਤ ਕੀਤਾ।

  • "ਇਧਰ ਕਣਕਾਂ ਉਧਰ ਕਣਕਾਂ, ਵਿੱਚ ਕਣਕਾਂ ਦੇ ਸੜ੍ਹਕਾਂ।

ਨੀ ਮਾਂ ਮੈਂਨੂੰ ਤੋਰੀਂ ਨਾ, ਕੱਢ ਲੈ ਜਵਾਈ ਦੀਆਂ ਰੜਕਾਂ।"

ਕਮਾਦ

[ਸੋਧੋ]

ਇਸ ਨੂੰ ਇੱਖ ਜਾਂ ਗੰਨਾ ਵੀ ਕਿਹਾ ਜਾਂਦਾ ਹੈ। ਇਹ ਪੰਜ ਤੋਂ ਅੱਠ ਫੁੱਟ ਲੰਬਾ ਮਿਠਾਸ ਨਾਲ ਲਬਰੇਜ਼ ਰੇਸ਼ੇਦਾਰ ਪੌਦਾ ਹੈ। ਇਸ ਦੇ ਰਸ ਨੂੰ ਰਹੁ ਆਖਦੇ ਹਨ ਜੋ ਕਿ ਗਰਮੀਆਂ ਵਿੱਚ ਲੋਕਾਂ ਦੁਆਰਾ ਆਮ ਹੀ ਪੀਤਾ ਜਾਂਦਾ ਹੈ। ਕੁਲਾੜ੍ਹੀਆਂ 'ਤੇ ਗੰਨੇ ਦੇ ਰਹੁ ਤੋਂ ਗੁੜ ਤਿਆਰ ਕੀਤਾ ਜਾਂਦਾ ਹੈ, ਜੋ ਕਿ ਸਾਡੀ ਪਾਚਣ ਸ਼ਕਤੀ ਨੂੰ ਤੇਜ਼ ਕਰਦਾ ਹੈ। ਅੱਜ-ਕੱਲ੍ਹ ਗੰਨੇ ਦੀ ਫ਼ਸਲ ਖੰਡ ਬਣਾਉਣ ਲਈ ਉਚੇਚੇ ਤੌਰ 'ਤੇ ਉਗਾਈ ਜਾਂਦੀ ਹੈ।

ਅੱਕ ਦਾ ਪੌਦਾ

ਅੱਕ

[ਸੋਧੋ]

ਅੱਕ ਖ਼ੁਸ਼ਕ ਇਲਾਕੇ ਵਿੱਚ ਉੱਗਣ ਵਾਲਾ ਬੇਹੱਦ ਮਹੱਤਵਪੂਰਣ ਪੌਦਾ ਹੈ। ਇਸ ਪੌਦੇ ਦਾ ਲੌਂਗ ਤੋਂ ਲੈ ਕੇ ਜੜ੍ਹ ਤੱਕ ਸਭ ਕੁੱਝ ਬਹੁਤ ਸਾਰੀਆਂ ਦਵਾਈਆਂ ਦੇ ਇਲਾਜ ਲਈ ਵਰਤਿਆ ਜਾਂਦਾ ਹੈ।

ਕੌੜਤੁੰਮਾ

[ਸੋਧੋ]

ਇਹ ਪੌਦਾ ਵੇਲ ਦੀ ਸ਼ਕਲ ਵਿੱਚ ਟਿੱਬਿਆਂ 'ਤੇ ਹੁੰਦਾ ਹੈ। ਕੌੜਤੁੰਮੇ ਦਾ ਆਚਾਰ, ਮੁਰੱਬਾ, ਚੂਰਨ ਜੋ ਕਿ ਪੇਟ ਦੇ ਹਾਜ਼ਮੇ ਲਈ ਬਹੁਤ ਵਧੀਆ ਹੁੰਦਾ ਹੈ, ਬਣਾਇਆ ਜਾਂਦਾ ਹੈ। ਪਸ਼ੂਆਂ ਦੇ ਪੇਟ ਹਾਜ਼ਮੇ ਲਈ 'ਸਾੜਾ' ਬਣਾਇਆ ਜਾਂਦਾ ਹੈ। ਕੌੜਤੁੰਮੇ ਦਾ ਸਵਾਦ ਕੌੜਾ ਅਤੇ ਤਾਸੀਰ ਗਰਮ ਹੁੰਦੀ ਹੈ।

ਤੁਲਸੀ

[ਸੋਧੋ]

ਤੁਲਸੀ ਪੰਜਾਬ ਵਿੱਚ ਪਾਇਆ ਜਾਣ ਵਾਲਾ ਇੱਕ ਮਹੱਤਵਪੂਰਣ ਰੋਗਾਣੂਨਾਸ਼ਕ ਪੌਦਾ ਹੈ। ਅਨੇਕ ਤਰ੍ਹਾਂ ਦੀਆਂ ਬੀਮਾਰੀਆਂ ਦੇ ਇਲਾਜ ਲਈ ਤੁਲਸੀ ਦੀ ਵਰਤੋਂ ਕੀਤੀ ਜਾਂਦੀ ਹੈ। ਆਮ ਹੀ ਲੋਕਾਂ ਦੇ ਘਰਾਂ ਵਿੱਚ ਲੱਗਿਆ ਦਿਖਾਈ ਦਿੰਦਾ ਹੈ। ਹਿੰਦੂ ਧਰਮ ਵਿੱਚ ਇਸ ਪੌਦੇ ਨੂੰ ਪੂਜਣ ਅਤੇ ਇਸ ਦਾ ਵਿਆਹ ਕਰਨ ਦੀ ਪ੍ਰਥਾ ਵੀ ਪ੍ਰਚਲਿਤ ਹੈ।

ਚਿੱਬੜ੍ਹ

[ਸੋਧੋ]

ਚਿੱਬੜ੍ਹ ਸਾਉਣੀ ਦੀ ਫ਼ਸਲ ਹੈ। ਚਿੱਬੜ੍ਹ ਦੀ ਚਟਣੀ ਦਾ ਪੰਜਾਬੀਆਂ ਦੇ ਖਾਣੇ ਵਿੱਚ ਆਪਣਾ ਹੀ ਮਹੱਤਵ ਹੈ। ਨਵੰਬਰ ਮਹੀਨੇ ਤੱਕ ਇਹ ਚਟਣੀ ਬਣਾਉਣ ਦੇ ਯੋਗ ਹੋ ਜਾਂਦੇ ਹਨ, ਇਸੇ ਕਰਕੇ ਕਿਹਾ ਜਾਂਦਾ ਹੈ:

  • "ਦੀਵਾਲੀ ਦੀਵਾ ਮੱਚਿਆ, ਚਿੱਬੜ੍ਹ ਚੂਣਾ ਪੱਕਿਆ।"

ਵਾੜ-ਕਰੇਲਾ

[ਸੋਧੋ]

ਦੇਸੀ ਕਰੇਲਿਆਂ ਦੀਆਂ ਵੇਲਾਂ ਝਾੜ-ਮਲ੍ਹਿਆਂ 'ਚ ਉੱਗਦੀਆਂ ਹਨ। ਮਾਲਵੇ ਵਿੱਚ ਇੱਕ ਖ਼ਾਸ ਤਰ੍ਹਾਂ ਦਾ ਕਰੇਲਾ ਮਿਲਦਾ ਹੈ, ਜਿਸ ਨੂੰ ਵਾੜ ਕਰੇਲਾ ਆਖਿਆ ਜਾਂਦਾ ਹੈ। ਸ਼ੂਗਰ ਅਤੇ ਯੂਰਿਕ ਐਸਿਡ ਦੇ ਮਰੀਜ਼ਾਂ ਲਈ ਇਸ ਦੀ ਸਬਜੀ ਬਹੁਤ ਗੁਣਕਾਰੀ ਹੈ। ਲੋਕ ਬੋਲੀ ਵਿੱਚ ਇਸਦਾ ਜ਼ਿਕਰ ਕੁਝ ਇਸ ਤਰ੍ਹਾਂ ਆਉਂਦਾ ਹੈ:

  • "ਹਾਏ ਹਾਏ ਠੂੰਹਾ ਲੜ੍ਹ ਗਿਆ ਵੇ, ਕਰੇਲਿਆਂ ਵਾਲੀ ਵਾੜ 'ਚੋਂ।"

ਭੱਖੜਾ

[ਸੋਧੋ]

ਭੱਖੜਾ ਖ਼ੁਸ਼ਕ ਇਲਾਕੇ ਵਿੱਚ ਹੋਣ ਵਾਲਾ ਇੱਕ ਪ੍ਰਕਾਰ ਦਾ ਨਦੀਨ ਹੈ। ਭੱਖੜੇ ਦੇ ਕੰਡੇ ਨੂੰ ਪੀਸ ਕੇ ਪੰਜੀਰੀ ਵਿੱਚ ਪਾਇਆ ਜਾਂਦਾ ਹੈ, ਵੈਦ ਇਸਨੂੰ ਬਹੁਤ ਗੁਣਕਾਰੀ ਮੰਨਦੇ ਹਨ। ਆਮ ਲੋਕ ਇਸਦੇ ਪੱਤਿਆਂ ਨੂੰ ਤੋੜ ਕੇ ਸਾਗ ਵਿੱਚ ਪਾਉਂਦੇ ਹਨ ਤਾਂ ਕਿ ਕਰਾਰਾਪਣ ਆ ਸਕੇ। "ਇਸ ਦਾ ਕਾੜ੍ਹਾ ਮੂਤ੍ਰ ਰੋਗਾਂ ਨੂੰ ਦੂਰ ਕਰਦਾ ਹੈ। ਇਸ ਦੇ ਬੀਜਾਂ ਦੀ ਸੁਆਹ ਖੰਡ ਵਿੱਚ ਮਿਲਾ ਕੇ ਫੱਕਣ ਤੋਂ ਖੰਘ ਹਟਦੀ ਹੈ।"[10]

ਜ਼ਿੰਦਗੀ ਦੀ ਰੋਹੀ ਵਿੱਚ ਨਿੱਤ ਇਓਂ

 ਵਧਦੀਆਂ ਜਾਣ ਉਜਾੜਾਂ ਵੇ।

 ਜਿਓਂ ਭੱਖੜੇ ਦਾ ਇੱਕ ਫ਼ੁੱਲ ਪੱਕ ਕੇ

 ਸੂਲਾਂ ਚਾਰ ਬਣਾਏ ਵੇ।  -ਸ਼ਿਵ ਕੁਮਾਰ

ਚੂੜ੍ਹੀਸਲੋਟ

[ਸੋਧੋ]

"ਇਸਨੂੰ ਸੂਣੀਸਲੋਟ ਜਾਂ ਜਵਾਸਾ ਵੀ ਆਖਿਆ ਜਾਂਦਾ ਹੈ। ਇਸ ਦੇ ਬੀਜ ਵਸਤਾਂ ਵਿੱਚ ਰੱਖਣ ਨਾਲ ਕੀੜਾ ਨਹੀਂ ਲੱਗਦਾ। ਇਹ ਪੌਦਾ ਘਰ 'ਚ ਲਗਾਉਣ ਨਾਲ ਛੋਟੀਆਂ-ਵੱਡੀਆਂ ਟਿੱਡੀਆਂ ਘਰ 'ਚ ਨਹੀਂ ਆਉਂਦੀਆਂ। ਅੱਜ-ਕੱਲ੍ਹ ਇਹ ਬੂਟਾ ਆਪਣੀ ਪਛਾਣ ਅਤੇ ਹੋਂਦ ਦੋਵੇਂ ਗਵਾ ਚੁੱਕਾ ਹੈ।"[11] ਪਸ਼ੂਆਂ ਨੂੰ ਲੱਗੀ ਮੋਕ ਹਟਾਉਣ ਲਈ ਇਸ ਪੌਦੇ ਨੂੰ ਰਗੜ ਕੇ ਪਿਆਇਆ ਜਾਂਦਾ ਹੈ।

ਚਲਾਈ

ਚਲਾਈ

[ਸੋਧੋ]

ਇਸ ਪੌਦੇ ਦੇ ਪੱਤਿਆਂ ਦੀ ਵਰਤੋਂ ਸਾਗ ਬਣਾਉਣ ਵਿੱਚ ਕੀਤੀ ਜਾਂਦੀ ਹੈ। ਜੇਠ-ਹਾੜ੍ਹ ਵਿੱਚ ਜਦੋਂ ਸਰ੍ਹੋਂ ਨਹੀਂ ਹੁੰਦੀ ਤਾਂ ਕੁਝ ਲੋਕ ਇਸ ਦਾ ਸਾਗ ਵੀ ਰਿੰਨ੍ਹ ਲੈਂਦੇ ਹਨ। ਇਸੇ ਕਰਕੇ ਇਸ ਤਰ੍ਹਾਂ ਕਿਹਾ ਜਾਂਦਾ ਹੈ:

  • " ਹਰਾ ਹਰਾ ਸਾਗ ਚਲਾਈ ਦਾ ਵੇ, ਲਾਵਾਂ ਲਈਆਂ ਤੇ ਲੈਣ ਕਿਉਂ ਨੀਂ ਆਈਦਾ ਵੇ।"
ਬਾਥੂ

ਤਾਂਦਲਾ, ਬਾਥੂ

[ਸੋਧੋ]

ਉਪਰੋਕਤ ਦੇ ਵਾਂਗ ਇਹ ਦੋਵੇਂ ਪੌਦੇ ਸਾਗ ਵਿੱਚ ਵਰਤੇ ਜਾਂਦੇ ਹਨ।

"ਜਿੱਥੇ ਜਾਵੇ ਤੱਤ-ਭੜੱਤੀ, ਤਾਂਦਲਾ ਵਿਕੇ ਉਸੇ ਹੱਟੀ"

ਅਰਿੰਡ

ਅਰਿੰਡ

[ਸੋਧੋ]
  • "ਜਿੱਥੇ ਦਰੱਖ਼ਤ ਨਾ ਹੋਣ, ਉੱਥੇ ਅਰਿੰਡ ਪ੍ਰਧਾਨ।"

ਇਹ ਕਥਨ ਇਸ ਕਰਕੇ ਹੀ ਕਿਹਾ ਜਾਂਦਾ ਹੈ ਕਿਉਂਕਿ ਉੱਗਣ ਲਈ ਉਜਾੜ ਜਗ੍ਹਾ ਇਸ ਪੌਦੇ ਦੀ ਮਨਭਾਉਂਦੀ ਥਾਂ ਹੈ। ਪੁਰਾਣੇ ਸਮੇਂ ਵਿੱਚ ਅਰਿੰਡ ਦੀ ਗਿਰੀ ਦੀ ਸਾਬਣ ਬਣਾਈ ਜਾਂਦੀ ਦੀ। ਇਸ ਦਾ ਤੇਲ ਵੀ ਕਾਫ਼ੀ ਗੁਣਕਾਰੀ ਮੰਨਿਆ ਜਾਂਦਾ ਹੈ।

ਸਰਕੜਾ

[ਸੋਧੋ]

ਸੂਇਆਂ, ਨਹਿਰਾਂ ਆਦਿ ਦੇ ਕੰਢੇ ਜਾਂ ਰੋਹੀ ਬੀਆਬਾਨਾਂ ਵਿੱਚ ਇਹ ਅਕਸਰ ਵੇਖਿਆ ਜਾ ਸਕਦਾ ਹੈ। ਪਹਿਲਾਂ ਲੋਕ ਇਸ ਨੂੰ ਘਰ ਦੀਆਂ ਛੱਤਾਂ ਪਾਉਣ ਲਈ ਵਰਤਦੇ। ਸਰਕੜੇ ਦੀਆਂ ਤੀਲਾਂ ਦੇ ਛੱਜ ਅੱਜ ਵੀ ਬਣਾਏ ਜਾਂਦੇ ਹਨ।

ਸੁੱਖਾ

ਭੰਗ ਜਾਂ ਸੁੱਖਾ

[ਸੋਧੋ]

ਪੰਜਾਬ ਪ੍ਰਦੇਸ਼ ਵਿੱਚ ਇਹ ਪੌਦਾ ਵੀ ਆਮ ਹੀ ਵੇਖਿਆ ਜਾ ਸਕਦਾ ਹੈ। ਇਸ ਦੇ ਪੱਤੇ ਅਤੇ ਬੀਜ ਕੁਝ ਦੇਸੀ ਦਵਾਈਆਂ ਵਿੱਚ ਵਰਤੇ ਜਾਂਦੇ ਹਨ। ਨਸ਼ਈ ਲੋਕ ਇਸ ਦੀ ਵਰਤੋਂ ਨਸ਼ੇ ਦੀ ਪੂਰਤੀ ਹਿੱਤ ਕਰਦੇ ਹਨ। ਪੰਜਾਬੀ ਲੋਕਧਾਰਾ ਵਿੱਚ ਵੀ ਇਸ ਦਾ ਵਿਸ਼ੇਸ਼ ਮਹੱਤਵ ਹੈ। ਹਿੰਦੂ ਧਰਮ ਦੇ ਭਗਵਾਨ ਸ਼ਿਵ ਜਿਹਨਾਂ ਨੂੰ ਭੋਲਾ ਜਾਂ ਭੋਲੇ ਸ਼ੰਕਰ ਵੀ ਆਖਿਆ ਜਾਂਦਾ ਹੈ, ਬਾਰੇ ਲੋਕਧਾਰਾ ਵਿੱਚ ਇੱਕ ਉਕਤੀ ਇਓ ਮਿਲਦੀ ਹੈ:

  • "ਭੋਲੇ ਕੀ ਬਰਾਤ ਚੜੀ ਹੱਸ ਹੱਸ ਕੇ।

ਸਾਰਿਆਂ ਨੇ ਭੰਗ ਪੀਤੀ ਰੱਜ ਰੱਜ ਕੇ।"[12]

ਛਮਕ-ਨਮੋਲੀ, ਪੁੱਠਕੰਡਾ, ਅੱਕਸਿੰਨ, ਕਮਾਰ

[ਸੋਧੋ]

ਇਹ ਚਾਰੇ ਪੌਦੇ ਪੰਜਾਬ ਦੇ ਮਾਲਵਾ ਖੇਤਰ ਵਿੱਚ ਜ਼ਿਆਦਾ ਪਾਏ ਜਾਂਦੇ ਹਨ। ਇਹਨਾਂ ਦਾ ਉਪਯੋਗ ਵੱਖ-ਵੱਖ ਦਵਾਈਆਂ ਬਣਾਉਣ ਲਈ ਕੀਤਾ ਜਾਂਦਾ ਹੈ। ਕਮਾਰ ਦੀ ਵਰਤੋਂ ਆਮ ਹੀ ਘਰਾਂ ਵਿੱਚ ਚਿਹਰੇ, ਵਾਲਾਂ ਆਦਿ 'ਤੇ ਲਗਾਉਣ ਲਈ ਕਰ ਲਈ ਜਾਂਦੀ ਹੈ। ਪੰਜਾਬ ਦੇ ਬਹੁਤੇ ਘਰਾਂ ਵਿੱਚ ਕਮਾਰ ਦੇ ਗੁੱਦੇ ਦੀ ਸ਼ਬਜ਼ੀ ਬਣਾਈ ਜਾਂਦੀ ਹੈ।

ਰੁੱਖਾਂ ਸੰਬੰਧੀ ਕੁਝ ਹੋਰ

[ਸੋਧੋ]

ਉਪਰੋਕਤ ਚਰਚਾ ਤੋਂ ਇਹ ਬਿਲਕੁਲ ਸਪਸ਼ਟ ਹੈ ਕਿ ਰੁੱਖਾਂ ਦੀ ਸਾਡੀ ਜ਼ਿੰਦਗੀ ਵਿੱਚ ਬਹੁਤ ਮਹੱਤਤਾ ਹੈ। ਅਸੀਂ ਇਸ ਗੱਲ ਤੋਂ ਇਨਕਾਰੀ ਨਹੀਂ ਹੋ ਸਕਦੇ ਕਿ ਦਰੱਖ਼ਤਾਂ ਨੇ ਸਾਡੇ ਸਭਿਆਚਾਰ, ਲੋਕਧਾਰਾ, ਲੋਕ ਚਿਕਿਤਸਾ ਆਦਿ ਨੂੰ ਪ੍ਰਭਾਵਿਤ ਨਹੀਂ ਕੀਤਾ। "ਲੋਕ-ਗੀਤਾਂ ਤੋਂ ਇਲਾਵਾ ਰੁੱਖਾਂ ਦਾ ਜ਼ਿਕਰ ਲਕੋਕਤੀਆਂ, ਅਖਾਉਤਾਂ, ਬੁਝਾਰਤਾਂ ਆਦਿ ਵਿੱਚ ਆਮ ਮਿਲਦਾ ਹੈ। ਇਉਂ ਭਾਸਦਾ ਹੈ ਜੇ ਰੁੱਖ ਨਾ ਹੁੰਦੇ ਤਾਂ ਅਸੀਂ ਆਪਣੇ ਸਾਹਿਤ ਵਿਰਸੇ ਦੇ ਅਣਗਿਣਤ ਰੰਗਾਂ, ਸੁਗੰਧਾਂ, ਸੁਰਾਂ, ਫੁੱਲਾਂ, ਛਾਵਾਂ ਆਦਿ ਤੋਂ ਵਾਂਝੇ ਰਹਿ ਜਾਣਾ ਸੀ ਅਤੇ ਸਾਡੀ ਸੰਸਕ੍ਰਿਤੀ ਰੁੱਖੀ, ਅਰਥਹੀਣ ਅਤੇ ਬੇਰੰਗ ਲੱਗਣੀ ਸੀ।"[13]

ਹਵਾਲੇ

[ਸੋਧੋ]
  1. Nakli itihaas jo likheya geya hai kade na vaapriya jo ohna de base te, saade te saada itihaas bna ke ehna ne thop dittiyan. anglo sikh war te ek c te 3-4 jagaha te kiwe chal rahi c ikko war utto saal 1848 jdo angrej sara punjab 1845 ch apne under kar chukke c te oh 1848 ch kihna nal jang ladd rahe c. Script error: The function "citation198.168.27.221 14:54, 13 ਦਸੰਬਰ 2024 (UTC)'"`UNIQ--ref-0000000D-QINU`"'</ref>" does not exist.
  2. Nakli itihaas jo likheya geya hai kade na vaapriya jo ohna de base te, saade te saada itihaas bna ke ehna ne thop dittiyan. anglo sikh war te ek c te 3-4 jagaha te kiwe chal rahi c ikko war utto saal 1848 jdo angrej sara punjab 1845 ch apne under kar chukke c te oh 1848 ch kihna nal jang ladd rahe c. Script error: The function "citation198.168.27.221 14:54, 13 ਦਸੰਬਰ 2024 (UTC)'"`UNIQ--ref-0000000E-QINU`"'</ref>" does not exist.
  3. Nakli itihaas jo likheya geya hai kade na vaapriya jo ohna de base te, saade te saada itihaas bna ke ehna ne thop dittiyan. anglo sikh war te ek c te 3-4 jagaha te kiwe chal rahi c ikko war utto saal 1848 jdo angrej sara punjab 1845 ch apne under kar chukke c te oh 1848 ch kihna nal jang ladd rahe c. Script error: The function "citation198.168.27.221 14:54, 13 ਦਸੰਬਰ 2024 (UTC)'"`UNIQ--ref-0000000F-QINU`"'</ref>" does not exist.
  4. Nakli itihaas jo likheya geya hai kade na vaapriya jo ohna de base te, saade te saada itihaas bna ke ehna ne thop dittiyan. anglo sikh war te ek c te 3-4 jagaha te kiwe chal rahi c ikko war utto saal 1848 jdo angrej sara punjab 1845 ch apne under kar chukke c te oh 1848 ch kihna nal jang ladd rahe c. Script error: The function "citation198.168.27.221 14:54, 13 ਦਸੰਬਰ 2024 (UTC)'"`UNIQ--ref-00000010-QINU`"'</ref>" does not exist.
  5. ਘੜੂੰਆਂ, ਹਰਨੇਕ ਸਿੰਘ (2007-11). "ਜੰਡ". http://www.seerat.ca/. Retrieved 08।04।2020. {{cite web}}: Check date values in: |access-date= and |date= (help); External link in |website= (help)
  6. Nakli itihaas jo likheya geya hai kade na vaapriya jo ohna de base te, saade te saada itihaas bna ke ehna ne thop dittiyan. anglo sikh war te ek c te 3-4 jagaha te kiwe chal rahi c ikko war utto saal 1848 jdo angrej sara punjab 1845 ch apne under kar chukke c te oh 1848 ch kihna nal jang ladd rahe c. Script error: The function "citation198.168.27.221 14:54, 13 ਦਸੰਬਰ 2024 (UTC)'"`UNIQ--ref-00000013-QINU`"'</ref>" does not exist.
  7. "ਕਿੱਕਰ". www.pa.wikipedia.org. wikipedia. 07.04.2020. Retrieved 07.04.2020. {{cite web}}: Check date values in: |access-date= and |date= (help)
  8. ਖੁੱਡੀ, ਕੁਲਜੀਤ ਸਿੰਘ (ਮਈ-ਸਤੰਬਰ, 2014). ਖੁੱਡੀ, ਕੁਲਜੀਤ ਸਿੰਘ (ed.). "ਧੰਨ ਇਸਦੀ ਹਰਿਆਈ, ਮਾਲਵਾ ਸੁਹਾਵੀ ਧਰਤੀ". ਸਫ਼ੀਰ-ਏ-ਪੰਜਾਬ. ਮਾਲਵਾ ਵਿਸ਼ੇਸ਼ ਅੰਕ-1 (7). ਬਰਨਾਲਾ: 73. {{cite journal}}: Check date values in: |year= (help)CS1 maint: year (link)
  9. Nakli itihaas jo likheya geya hai kade na vaapriya jo ohna de base te, saade te saada itihaas bna ke ehna ne thop dittiyan. anglo sikh war te ek c te 3-4 jagaha te kiwe chal rahi c ikko war utto saal 1848 jdo angrej sara punjab 1845 ch apne under kar chukke c te oh 1848 ch kihna nal jang ladd rahe c. Script error: The function "citation198.168.27.221 14:54, 13 ਦਸੰਬਰ 2024 (UTC)'"`UNIQ--ref-00000016-QINU`"'</ref>" does not exist.
  10. Nakli itihaas jo likheya geya hai kade na vaapriya jo ohna de base te, saade te saada itihaas bna ke ehna ne thop dittiyan. anglo sikh war te ek c te 3-4 jagaha te kiwe chal rahi c ikko war utto saal 1848 jdo angrej sara punjab 1845 ch apne under kar chukke c te oh 1848 ch kihna nal jang ladd rahe c. Script error: The function "citation198.168.27.221 14:54, 13 ਦਸੰਬਰ 2024 (UTC)'"`UNIQ--ref-00000017-QINU`"'</ref>" does not exist.
  11. ਖੁੱਡੀ, ਕੁਲਜੀਤ ਸਿੰਘ (ਮਈ-ਸਤੰਬਰ, 2014). ਖੁੱਡੀ, ਕੁਲਜੀਤ ਸਿੰਘ (ed.). "ਧੰਨ ਇਸਦੀ ਹਰਿਆਈ, ਮਾਲਵਾ ਸੁਹਾਵੀ ਧਰਤੀ". ਸਫ਼ੀਰ-ਏ-ਪੰਜਾਬ. ਮਾਲਵਾ ਵਿਸ਼ੇਸ਼ ਅੰਕ-1 (7). ਬਰਨਾਲਾ: 83. {{cite journal}}: Check date values in: |year= (help)CS1 maint: year (link)
  12. "ਭੰਗ". www.pa.wikipedia.org. Retrieved 08।04।2020. {{cite web}}: Check date values in: |access-date= (help)
  13. Nakli itihaas jo likheya geya hai kade na vaapriya jo ohna de base te, saade te saada itihaas bna ke ehna ne thop dittiyan. anglo sikh war te ek c te 3-4 jagaha te kiwe chal rahi c ikko war utto saal 1848 jdo angrej sara punjab 1845 ch apne under kar chukke c te oh 1848 ch kihna nal jang ladd rahe c. Script error: The function "citation198.168.27.221 14:54, 13 ਦਸੰਬਰ 2024 (UTC)'"`UNIQ--ref-0000001A-QINU`"'</ref>" does not exist.