ਜਰਗ ਦਾ ਮੇਲਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਪੰਜਾਬ ਵਿੱਚ ਸਾਲ ਭਰ ਦੌਰਾਨ ਕਈ ਮੇਲੇ ਭਰਦੇ ਹਨ। ਇਨ੍ਹਾਂ ਮੇਲਿਆਂ ਵਿੱਚ ਜਰਗ ਦੇ ਮੇਲੇ ਦਾ ਅਹਿਮ ਸਥਾਨ ਹੈ। ਹਰ ਵਰ੍ਹੇ ਹਜ਼ਾਰਾਂ ਲੋਕ ਇਸ ਮੇਲੇ ਵਿੱਚ ਪੁੱਜ ਕੇ ਆਪਣੀ ਹਾਜ਼ਰੀ ਭਰ ਕੇ ਸ਼ਰਧਾ ਪ੍ਰਗਟ ਕਰਦੇ ਹਨ।

ਇਤਿਹਾਸ[ਸੋਧੋ]

ਲੁਧਿਆਣਾ ਜ਼ਿਲ੍ਹਾ ਦੀ ਪਾਇਲ ਤਹਿਸੀਲ ਤੋਂ 16 ਕਿਲੋਮੀਟਰ ਤੇ ਪੈਂਦਾ ਪਿੰਡ ਜਰਗ ਘੁੱਗ ਵਸਦਾ ਹੈ। ਜਿਸ ਨੂੰ ਅੱਜ ਤੋਂ ਲਗਪਗ ਢਾਈ ਹਜ਼ਾਰ ਸਾਲ ਪਹਿਲਾਂ ਸੀਸ ਦਾਨੀ ਰਾਜਾ ਜਗਦੇਵ ਨੇ ਵਸਾਇਆ ਸੀ। ਜਾਣਕਾਰੀ ਅਨੁਸਾਰ ਲਗਪਗ 6 ਸਦੀਆਂ ਤੋਂ ਇਹ ਮੇਲਾ ਚੇਤ ਦੇ ਮਹੀਨੇ ਦੇ ਦੂਜੇ ਮੰਗਲਵਾਰ ਨੂੰ ਮਾਤਾ ਰਾਣੀ ਦੇ ਪਵਿੱਤਰ ਅਸਥਾਨ ਤੇ ਲੱਗਦਾ ਹੈ। ਇੱਕ ਮਹੀਨਾ ਪਹਿਲਾਂ ਹੀ ਇਸ ਪਿੰਡ ਦੇ ਸਾਰੇ ਘਰਾਂ ਵਿੱਚ ਮੇਲੇ ਦੀਆਂ ਤਿਆਰੀਆਂ ਸ਼ੁਰੂ ਹੋ ਜਾਂਦੀਆਂ ਹਨ ਜੋ ਦੇਖਣ ਵਾਲੀਆਂ ਹੁੰਦੀਆਂ ਹਨ। ਪਿੰਡ ਦੀਆਂ ਦੂਰ-ਦੁਰਾਡੇ ਵਿਆਹੀਆਂ ਧੀਆਂ ਆਪਣੇ ਪਰਿਵਾਰਾਂ ਸਮੇਤ ਪੇਕੇ ਘਰ ਪੁੱਜ ਕੇ ਮੇਲੇ ਵਿੱਚ ਸ਼ਾਮਲ ਹੁੰਦੀਆਂ ਹਨ। ਪਿੰਡ ਵਾਸੀ ਵੀ ਵੱਖ-ਵੱਖ ਪਕਵਾਨ ਤਿਆਰ ਕਰ ਕੇ ਆਏ ਮਹਿਮਾਨਾਂ ਦੀ ਆਓ ਭਗਤ ਕਰਦੇ ਹਨ।

ਮੰਦਰ[ਸੋਧੋ]

ਇੱਥੇ ਮੁੱਖ ਤੌਰ 'ਤੇ ਚਾਰ ਮੰਦਰ ਹਨ, ਜੋ ਸ਼ੀਤਲਾ ਮਸਾਣੀ ਜਾਂ ਵੱਡੀ ਮਾਤਾ, ਬਸੰਤੀ ਜਾਂ ਨਿੱਕੀ ਮਾਤਾ, ਮਾਤਾ ਮਦਾਨਣ-ਮਾਤਾ ਕਾਲੀ ਅਤੇ ਬਾਬਾ ਫ਼ਰੀਦ ਸ਼ੱਕਰਗੰਜ ਦੇ ਹਨ।

ਪ੍ਰਸ਼ਾਦ[ਸੋਧੋ]

ਮੇਲੇ ਵਾਲੇ ਦਿਨ ਤੋਂ ਇੱਕ ਦਿਨ ਪਹਿਲਾਂ ਸ਼ਰਧਾਲੂ ਸੋਮਵਾਰ ਨੂੰ ਮਿੱਠੇ ਗੁਲਗੁਲੇ ਪਕਾਉਂਦੇ ਹਨ, ਜਿਸ ਨੂੰ ‘ਬੇਹਾ ਅੰਨ੍ਹ’ ਵੀ ਕਿਹਾ ਜਾਂਦਾ ਹੈ। ਇਨ੍ਹਾਂ ਗੁਲਗੁਲਿਆਂ ਨੂੰ ਸੁੱਚੇ ਰੱਖ ਕੇ ਦੂਜੇ ਦਿਨ ਸਾਰੇ ਮੰਦਰਾਂ ਵਿੱਚ ਪੂਜਾ ਕਰ ਕੇ ਅਤੇ ਮਿੱਟੀ ਕੱਢ ਕੇ ਪ੍ਰਸ਼ਾਦ ਦੇ ਰੂਪ ਵਿੱਚ ਵੰਡਿਆ ਅਤੇ ਛਕਿਆ ਜਾਂਦਾ ਹੈ। ਸੋਮਵਾਰ ਨੂੰ ਦੁਪਹਿਰ ਤੋਂ ਹੀ ਇਲਾਕੇ ਅਤੇ ਦੂਰ-ਦੁਰਾਡੇ ਤੋਂ ਲੋਕ ਮੰਦਰਾਂ ਦੇ ਦਰਸ਼ਨਾਂ ਲਈ ਪੁੱਜਣੇ ਸ਼ੁਰੂ ਹੋ ਜਾਂਦੇ ਹਨ।

ਜਗਰਾਤਿਆਂ ਰਾਹੀ ਜਸ ਗਾਇਨ[ਸੋਧੋ]

ਸੋਮਵਾਰ ਸ਼ਰਧਾਲੂ ਜ਼ਮੀਨ ’ਤੇ ਆਸਣ ਲਾ ਕੇ ਮਾਤਾ ਦੀ ਚੌਂਕੀ ਭਰਦੇ ਹਨ ਅਤੇ ਸਾਰੀ ਰਾਤ ਜਗਰਾਤਿਆਂ ਰਾਹੀਂ ਮਾਤਾ ਦਾ ਜਸ ਗਾਇਨ ਕਰਦੇ ਹਨ। ਕਈ ਨੌਜਵਾਨ ਬੈਂਡ ਵਾਜਿਆਂ ਅਤੇ ਢੋਲਾਂ ਦੀ ਤਾਲ ਨਾਲ ਬੋਲੀਆਂ ਅਤੇ ਭੰਗੜਾ ਵੀ ਪਾਉਂਦੇ ਹਨ। ਰਾਤ ਸਮੇਂ ਮੇਲੇ ਵਾਲੀ ਥਾਂ ’ਤੇ ਬਹੁਤ ਹੀ ਰੌਣਕ ਹੁੰਦੀ ਹੈ। ਜਿਸ ਘਰ ਦੇ ਕਿਸੇ ਜੀਅ ਦੇ ਮਾਤਾ ਨਿਕਲੀ ਹੋਈ ਹੋਵੇ ਤਾਂ ਮਾਤਾ ਨੂੰ ਖ਼ੁਸ਼ ਕਰਨ ਲਈ ਅਤੇ ਪਰਿਵਾਰ ਨੂੰ ਬਿਮਾਰੀ ਤੋਂ ਬਚਾਉਣ ਲਈ ਮੰਗਲਵਾਰ ਨੂੰ ਮਾਤਾ ਰਾਣੀ ਦੀ ‘ਸੁੱਖਣਾ’ ਦਿੱਤੀ ਜਾਂਦੀ ਹੈ ਅਤੇ ਮਾਤਾ ਦੇ ‘ਥਾਨ’ ਲਾਏ ਜਾਂਦੇ ਹਨ।

ਧਰਮ ਨਿਰਪੱਖਤਾ[ਸੋਧੋ]

ਇਸ ਮੇਲੇ ਵਿੱਚ ਸਾਰੇ ਧਰਮਾਂ ਦੇ ਲੋਕ ਬਿਨਾਂ ਕਿਸੇ ਭੇਦ-ਭਾਵ ਤੋਂ ਮੰਦਰਾਂ ’ਚ ਮੱਥਾ ਟੇਕਦੇ ਹਨ। ਮੰਗਲਵਾਰ ਨੂੰ ਸਵੇਰ ਤੋਂ ਹੀ ਹਜ਼ਾਰਾਂ ਦੀ ਗਿਣਤੀ ਵਿੱਚ ਬੱਚੇ, ਨੌਜਵਾਨ, ਬਜ਼ੁਰਗ ਅਤੇ ਔਰਤਾਂ ਮੱਥਾ ਟੇਕਣ ਲਈ ਜੁੜਣੇ ਸ਼ੁਰੂ ਹੋ ਜਾਂਦੇ ਹਨ। ਮੇਲੇ ’ਚ ਸਜੀਆਂ ਵੱਖ-ਵੱਖ ਦੁਕਾਨਾਂ ’ਤੇ ਪੂਰੀ ਚਹਿਲ-ਪਹਿਲ ਹੁੰਦੀ ਹੈ। ਨੰਨ੍ਹੇ-ਮੁੰਨ੍ਹੇ ਬੱਚੇ ਖਿਡੌਣੇ ਖ਼ਰੀਦਦੇ, ਗਰਮ-ਗਰਮ ਜਲੇਬੀਆਂ, ਕੁਲਫ਼ੀਆਂ, ਪਕੌੜੇ, ਮਠਿਆਈਆਂ ਖਾਣ ਤੋਂ ਇਲਾਵਾ ਹੋਰ ਚੀਜ਼ਾਂ ਖ਼ਰੀਦਦੇ ਹਨ। ਦੁਪਹਿਰ ਤਕ ਮੇਲੇ ਵਿੱਚ ਇੰਨੀ ਭੀੜ ਹੋ ਜਾਂਦੀ ਹੈ ਕਿ ਸ਼ਰਧਾਲੂਆਂ ਲਈ ਮੱਥਾ ਟੇਕਣਾ ਵੀ ਮੁਸ਼ਕਲ ਹੋ ਜਾਂਦਾ ਹੈ। ਮਾਤਾ ਦੇ ਭਗਤ ਆਪਣੀਆਂ ਭੇਟਾਂ ਰਾਹੀਂ ‘ਜਰਗ ਵਾਲੀ ਮਾਈ, ਦੁਖੀ ਭਗਤਾਂ ਨੂੰ ਚਰਨੀਂ ਲਾਈ’ ਦੀ ਦੁਆ ਕਰਦੇ ਹਨ। ਮੁਟਿਆਰਾਂ ਅਤੇ ਗੱਭਰੂ ਸੋਹਣੇ ਕੱਪੜੇ ਪਾ ਕੇ ਮੇਲੇ ਵਿੱਚ ਜਾਂਦੇ ਹਨ।

ਖੇਡਾਂ ਅਤੇ ਗਾਇਕ[ਸੋਧੋ]

ਇਸ ਮੇਲੇ ਵਿੱਚ ਨੁਮਾਇਸ਼ਾਂ, ਜਾਦੂਗਰ ਦੇ ਤਮਾਸ਼ੇ, ਗੀਤ-ਸੰਗੀਤ ਦੇ ਪ੍ਰੋਗਰਾਮ ਅਤੇ ਭਲਵਾਨਾਂ ਦੇ ਜੌਹਰ ਦੇਖਣ ਨੂੰ ਮਿਲਦੇ ਹਨ। ਮੇਲੇ ਵਿੱਚ ਪੂਰੇ ਪੰਜਾਬੀ ਸੱਭਿਆਚਾਰ ਦੀ ਸੰਪੂਰਨ ਤਸਵੀਰ ਦੇਖਣ ਨੂੰ ਮਿਲਦੀ ਹੈ। ਜਿਸ ਕਿਸੇ ਨੂੰ ਪੰਜਾਬੀਆਂ ਦੀ ਏਕਤਾ ਅਤੇ ਧਰਮ ਨਿਰਪੱਖਤਾ ’ਤੇ ਸ਼ੱਕ ਹੋਵੇ ਤਾਂ ਉਸ ਦਾ ਇਹ ਸ਼ੱਕ ਜਰਗ ਦੇ ਮੇਲੇ ਵਿੱਚ ਆ ਕੇ ਦੂਰ ਹੋ ਜਾਂਦਾ ਹੈ। ਸ਼ਾਮ ਤਕ ਮੇਲਾ ਵਿਛੜਨਾ ਸ਼ੁਰੂ ਹੋ ਜਾਂਦਾ ਹੈ। ਇਹ ਮੇਲਾ ਲੋਕਾਂ ਵਿੱਚ ਗਿਆਨ ਵਧਾਉਂਦਾ ਹੈ। ਇਹ ਲੋਕਾਂ ਨੂੰ ਆਪਸ ਵਿੱਚ ਏਕਤਾ ਬਣਾਏ ਰੱਖਣ ਲਈ ਪ੍ਰੇਰਤ ਕਰਦਾ ਹੈ। ਇੰਜ ਇਹ ਮੇਲਾ ਯਾਦਾਂ ਪੱਲ੍ਹੇ ਪਾਉਂਦਾ, ਦੋਸਤਾਂ ਨਾਲ ਕੀਤੇ ਵਾਅਦੇ ਨਿਭਾਉਂਦਾ, ਨਵੇਂ ਮੇਲ-ਜੋਲ ਵਧਾਉਂਦਾ, ਬੈਂਡ ਵਾਜਿਆਂ, ਢੋਲਾਂ ਅਤੇ ਬੀਨਾਂ ਦੀਆਂ ਗੂੰਜਾਂ ਨਾਲ ਮੂੰਹ ਹਨੇਰੇ ਤਕ ਖ਼ਤਮ ਹੋ ਜਾਂਦਾ ਹੈ।

ਹੋਰ ਦੇਖੋ[ਸੋਧੋ]

ਪੰਜਾਬ ਦੀਆਂ ਰੁੱਤਾਂ ਅਤੇ ਤਿਓਹਾਰ