ਸਮੱਗਰੀ 'ਤੇ ਜਾਓ

ਹੋਲਾ ਮਹੱਲਾ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਖਾਲਸਾ ਹੋਲਾ ਮਹੱਲਾ ਮਨਾਉਂਦੇ ਹੋਏ।
ਲੰਗਰ

ਹੋਲਾ ਮਹੱਲਾ ਖ਼ਾਲਸਾਈ ਜਾਹੋ-ਜਲਾਲ ਦਾ ਪ੍ਰਤੀਕ ਅਤੇ ਕੌਮੀ ਜੋੜ ਮੇਲਾ ਹੈ। ਇਹ ਮੇਲਾ ਖ਼ਾਲਸਾ ਪੰਥ ਦੇ ਜਨਮ ਅਸਥਾਨ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਧਾਰਮਿਕ ਪ੍ਰੰਪਰਾਵਾਂ ਨਾਲ ਮਨਾਇਆ ਜਾਂਦਾ ਹੈ। ਇਸ ਦਿਨ ਅਨੰਦਪੁਰ ਸਾਹਿਬ ਸਮੇਤ ਸਮੁੱਚਾ ਇਲਾਕਾ ਖ਼ਾਲਸਾਈ ਰੰਗ 'ਚ ਰੰਗਿਆ ਜਾਂਦਾ ਹੈ। ਖ਼ਾਲਸਾ ਪੰਥ ਹੋਲੀ ਨਹੀਂ, ਹੋਲਾ ਖੇਡਦਾ ਹੈ ਅਤੇ ਮਹੱਲਾ ਕੱਢਦਾ ਹੈ। ਹੋਲੀ ਤੋਂ ਅਗਲੇ ਦਿਨ, ਅਨੰਦਪੁਰ ਸਾਹਿਬ ਵਿੱਚ ਕੇਸਗੜ੍ਹ ਸਾਹਿਬ ਅਤੇ ਹੋਰ ਧਾਰਮਿਕ ਸਥਾਨਾਂ ਦੇ ਸਥਾਨ ਉਤੇ, ਇੱਕ ਮੇਲਾ ਭਰਦਾ ਹੈ, ਜਿਸ ਨੂੰ ‘ਹੋਲਾ ਮਹੱਲਾ` ਵੀ ਕਹਿੰਦੇ ਹਨ। ਇਸ ਮੇਲੇ ਦਾ ਮੁੱਢ ਗੁਰੂ ਗੋਬਿੰਦ ਸਿੰਘ ਨੇ ਸੰਮਤ 1701 ਚੇਤ ਦੀ ਇੱਕ ਤਰੀਕ ਨੂੰ ਰੱਖਿਆ। ਉਨ੍ਹਾਂ ਨੇ ਖਾਲਸੇ ਨੂੰ ਸਸ਼ਤਰ-ਵਿੱਦਿਆ ਤੇ ਯੁੱਧ-ਕਲਾ ਵਿੱਚ ਨਿਪੁੰਨ ਕਰਨ ਲਈ ਦੋ ਦਲ ਬਣਾ ਕੇ, ਉਨ੍ਹਾਂ ਵਿੱਚ ਮਸਨੂਈ ਲੜਾਈ ਕਰਵਾਈ ਤੇ ਬਹਾਦਰ ਯੋਧਿਆਂ ਨੂੰ ਸਿਰੋਪੇ ਬਖ਼ਸੇ। ਉਦੋਂ ਤੋਂ ਹਰ ਸਾਲ ਅਨੰਦਪੁਰ ਵਿੱਚ ਹੋਲੀ ਤੋਂ ਅਗਲੇ ਦਿਨ ਹੋਲਾ ਮਹੱਲਾ ਮਨਾਇਆ ਜਾਣ ਲੱਗਾ। ਇਸ ਦਿਨ ਸੰਗਤ ਦਾ ਇੱਕ ਵੱਡਾ ਇਕੱਠ ਹੂੰਦਾ ਹੈ ਜਿਸ ਨੂੰ ‘ਮਹੱਲਾ` ਕਹਿੰਦੇ ਹਨ, ਨਗਾਰਿਆਂ ਦੀ ਧੁਨੀ ਵਿਚ, ਸਜ-ਧਜ ਨਾਲ ਇੱਕ ਗੁਰਧਾਮ ਤੋਂ ਦੂਜੇ ਗੁਰਧਾਮ ਤੱਕ ਨਿਕਲਦਾ ਹੈ। ਇਸ ਮਹੱਲਾ ਵਿੱਚ ਨਿਹੰਗ ਸਿੰਘ, ਪੁਰਾਤਨ ਫ਼ੌਜੀ ਆਨ ਸ਼ਾਨ ਨਾਲ ਸ਼ਾਮਲ ਹੁੰਦੇ ਅਤੇ ਸ਼ਸਤਰਾਂ ਦੇ ਦਸਤਕਾਰ ਵਿਖਾਦੇ ਹਨ| [1]

ਸ਼ਬਦੀ ਅਰਥ

[ਸੋਧੋ]

'ਹੋਲਾ' ਅਰਬੀ ਭਾਸ਼ਾ ਦੇ ਸ਼ਬਦ ਹੂਲ ਤੋਂ ਬਣਿਆ ਹੈ ਜਿਸਦੇ ਅਰਥ ਭਲੇ ਕੰਮਾਂ ਲਈ ਜੂਝਣਾ, ਸੀਸ ਤਲੀ 'ਤੇ ਧਰ ਕੇ ਲੜਨਾ, ਤਲਵਾਰ ਦੀ ਧਾਰ 'ਤੇ ਚੱਲਣਾ ਕੀਤੇ ਗਏ ਹਨ। ਮਹੱਲਾ ਸ਼ਬਦ ਦੇ ਅਰਥ ਹਨ ਉਹ ਅਸਥਾਨ ਜਿੱਥੇ ਫ਼ਤਹਿ ਕਰਨ ਤੋਂ ਬਾਅਦ ਟਿਕਾਣਾ ਕੀਤਾ ਜਾਵੇ। ਦਸਮੇਸ਼ ਪਿਤਾ ਜੀ ਨੇ ਨਿੱਘਰ ਚੁੱਕੇ ਸਮਾਜ ਦੇ ਦੱਬੇ-ਕੁਚਲੇ ਅਤੇ ਲਿਤਾੜੇ ਜਾ ਰਹੇ ਮਨੁੱਖਾਂ ਨੂੰ ਆਪਣੀ ਹੋਂਦ ਦਾ ਅਹਿਸਾਸ ਤੇ ਸਵੈਮਾਨ ਮਹਿਸੂਸ ਕਰਵਾਉਣ, ਉਨ੍ਹਾਂ ਵਿੱਚ ਨਿਡਰਤਾ ਤੇ ਨਿਰਭੈਤਾ ਭਰਨ ਅਤੇ ਸੂਰਬੀਰ ਯੋਧੇ ਬਣਾਉਣ ਲਈ ਖ਼ਾਲਸਾ ਪੰਥ ਦੀ ਸਥਾਪਨਾ ਕੀਤੀ। ਉਨ੍ਹਾਂ ਨੇ ਚਰਨ ਪਾਹੁਲ ਦੀ ਥਾਂ ਖੰਡੇ-ਬਾਟੇ ਦਾ ਅੰਮ੍ਰਿਤ ਤੇ ਹੋਲੀ ਦੀ ਥਾਂ ਹੋਲਾ-ਮਹੱਲਾ ਪ੍ਰਚਲਿਤ ਕੀਤਾ। ਆਜ਼ਾਦੀ ਪ੍ਰਾਪਤ ਕਰਨ ਅਤੇ ਜੋਸ਼ ਪੈਦਾ ਕਰਨ ਲਈ ਗੁਰੂ ਜੀ ਨੇ ਜਿਥੇ ਨਵਾਂ ਜੀਵਨ ਬਖਸ਼ਿਆ ਉਥੇ ਭਾਰਤੀ ਸਮਾਜ ਨੂੰ ਉਨ੍ਹਾਂ ਦੇ ਰੀਤੀ-ਰਿਵਾਜਾਂ ਅਤੇ ਤਿਉਹਾਰ ਮਨਾਉਣ ਦੇ ਢੰਗਾਂ ਵਿੱਚ ਵੀ ਇਨਕਲਾਬੀ ਤਬਦੀਲੀਆਂ ਲਿਆਂਦੀਆਂ। ਭਾਈ ਕਾਨ੍ਹ ਸਿੰਘ ਅਨੁਸਾਰ- ਹੋਲੇ ਦੇ ਅਰਥ ਹਮਲਾ ਜਾ ਹੱਲਾ ਕਰਨਾ ਹੈ। ਡਾ. ਵਣਜਾਰਾ ਬੇਦੀ ਨੇ ‘ਮੁਹੱਲਾ` ਨੂੰ ਅਰਬੀ ਦੇ ਸ਼ਬਦ ਮਹਲੱਹੇ ਦਾ ਤਦਭਵ ਦੱਸਿਆ ਹੈ। ਜਿਸ ਦਾ ਭਾਵ ਉਸ ਸਥਾਨ ਤੋਂ ਹੈ ਜਿੱਥੇ ‘ਫ਼ਤਹ` ਕਰਨ ਤੋਂ ਬਾਅਦ ਟਿਕਾਣਾ ਕੀਤਾ ਜਾਵੇ। ਪਹਿਲਾ ਇਹ ਸ਼ਬਦ ਇਸੇ ਭਾਵ ਵਿੱਚ ਵਰਤਿਆ ਜਾਂਦਾ ਜਦੋਂ ਸਿਖੇ ਹੋਏ ਅਸਥਾਨ ਉੱਪਰ ਕੋਈ ਦਲ ਕਾਬਜ ਹੋ ਜਾਂਦਾ ਤਾਂ ਉੱਥੇ ਹੀ ਦਰਬਾਰ ਲੱਗਦਾ ਹੈ ਸ਼ਾਸਤਰਧਾਰੀ ਤੇਗਜ਼ਨੀ ਦੇ ਕਮਾਲ ਵਿਖਾਉਂਦੇ ਪਰ ਹੌਲੀ-ਹੌਲੀ ਇਹ ਸ਼ਬਦ ਜਲੂਸ ਲਈ ਪ੍ਰਚਲਿਤ ਹੋ ਗਿਆ ਜੋ ਫ਼ੋਜੀ ਸੱਜ ਪੱਜ ਕੇ ਨਗਾਰਿਆਂ ਦੀ ਚੋਟ ਨਾਲ ਆਨੰਦਪੁਰ ਸਾਹਿਬ ਵਿੱਚ ਇੱਕ ਗੁਰਧਾਮ ਤੋਂ ਦੂਜੇ ਗੁਰਧਾਮਾ ਦੀ ਯਾਤਰਾਂ ਲਈ ਨਿਕਲਦਾ ਸੀ।[2]

ਔਰਨ ਕੀ ਹੋਲੀ ਮਮ ਹੋਲਾ। ਕਹਯੋ ਕ੍ਰਿਪਾਨਿਧ ਬਚਨ ਅਮੋਲਾ।

— ਕਵੀ ਸੁਮੇਰ

ਹੋਲੇ ਮੁਹੱਲੇ ਦਾ ਮੁੱਢ

[ਸੋਧੋ]

ਹੋਲਾ ਮੁਹੱਲਾ ਪੁਰਬ ਦਾ ਮੁੱਢ ਗੁਰੂ ਗੋਬਿੰਦ ਸਿੰਘ ਨੇ ਆਨੰਦਪੁਰ ਸਾਹਿਬ ਦੇ ਕਿਲ੍ਹੇ ਵਿਚ, ਚੇਤ ਵਦੀ ਏਕਤ ਸੰਮਤ 1757 ਨੂੰ ਬੰਨ੍ਆ। ਇਤਿਹਾਸਕਾਰਾਂ ਅਤੇ ਵਿਦਵਾਨਾਂ ਅਨੁਸਾਰ ਹੋਲੀ ਨੂੰ ਇੱਕ ਨਵੀਂ ਉਪਮਾ ਹੋਲਾ ਮੁਹੱਲਾ ਦੇਣ ਦਾ ਮਨੋਰਥ ਸਿੱਖ ਨੂੰ ਅਨਿਆਂ, ਜੁਲਮ ਉੱਤੇ ਸੱਚ ਅਤੇ ਨਿਆਂ ਦੀ ਜਿੱਤ ਦਾ ਸੰਕਲਪ ਦ੍ਰਿੜ ਕਰਵਾਉਣਾ ਸੀ। ਸ੍ਰੀ ਗੁਰੂ ਗੋਬਿੰਦ ਸਿੰਘ ਵੱਲੋਂ ਮੁਰਦਾ ਹੋ ਚੁੱਕੀ ਭਾਰਤੀ ਖਲਕਤ ਨੂੰ ਉਸ ਵੇਲੇ ਦੇ ਜਾਬਰ ਤੇ ਜਾਲਮ ਹਾਕਮਾਂ ਖਿਲਾਫ ਸੰਘਰਸ਼ ਕਰਨ ਤੇ ਕੌਮ 'ਚ ਜੋਸ਼ ਪੈਦਾ ਕਰਨ ਲਈ ਪੁਰਾਤਨ ਹੋਲੀ ਦੇ ਤਿਉਹਾਰ ਨੂੰ ਨਵਾਂ ਰੂਪ ਦੇ ਕੇ 1701 ਈ: 'ਚ ਹੋਲੇ ਮਹੱਲੇ ਦੀ ਪ੍ਰੰਪਰਾ ਆਰੰਭ ਕੀਤੀ ਗਈ ਸੀ। ਉਨ੍ਹਾਂ ਵੱਲੋਂ ਖਾਲਸਾਈ ਫੌਜਾਂ ਦੇ ਦੋ ਮਨਸੂਈ ਦਲਾਂ 'ਚ ਸਾਸ਼ਤਰ ਵਿਦਿਆ ਦੇ ਜੰਗੀ ਮੁਕਾਬਲੇ ਕਰਵਾਏ ਜਾਂਦੇ ਸਨ ਤੇ ਚੰਗਾ ਪ੍ਰਦਰਸ਼ਨ ਕਰਨ ਵਾਲਿਆਂ ਨੂੰ ਸਨਮਾਨਿਤ ਕੀਤਾ ਜਾਂਦਾ ਸੀ। ਅੱਜ ਵੀ ਉਸੇ ਰਵਾਇਤ ਅਨੁਸਾਰ ਹੋਲਾ ਮਹੱਲਾ ਮਨਾਇਆ ਜਾ ਰਿਹਾ ਹੈ। ਭਾਰਤ ਵਾਸੀਆਂ ਨੇ ਪ੍ਰਾਚੀਨ ਕਾਲ ਤੋਂ ਹਰੇਕ ਰੁੱਤ ਦੇ ਬਦਲਣ 'ਤੇ ਆਪਣੇ ਦਿਲੀ ਭਾਵਾਂ ਦਾ ਪ੍ਰਗਟਾਵਾ ਕਰਨ ਲਈ ਤਿਉਹਾਰ ਨੀਯਤ ਕੀਤੇ ਹੋਏ ਹਨ। ਗੁਰੂ ਸਾਹਿਬਾਨ ਇਨ੍ਹਾਂ ਪ੍ਰੰਪਰਾਗਤ ਤਿਉਹਾਰਾਂ ਵਿੱਚ ਨਰੋਆ ਅਤੇ ਰਹੱਸਮਈ ਪਰਿਵਰਤਨ ਲਿਆਉਣਾ ਚਾਹੁੰਦੇ ਸਨ। ਇਸ ਲਈ ਸਤਿਗੁਰਾਂ ਨੇ ਜਿਹੜਾ ਗੁਰਮਤਿ ਸੱਭਿਆਚਾਰ ਸਿਰਜਿਆ ਉਸ ਵਿੱਚ ਪ੍ਰਚਲਿਤ ਭਾਰਤੀ ਤਿਉਹਾਰਾਂ ਨੂੰ ਪਰਮਾਰਥ ਦੇ ਅਰਥਾਂ ਵਿੱਚ ਬਦਲ ਕੇ ਰੂਪਮਾਨ ਕੀਤਾ ਤਾਂ ਕਿ ਇਨ੍ਹਾਂ ਤੋਂ ਸਮਾਜ ਨੂੰ ਕੋਈ ਉਸਾਰੂ ਸੇਧ ਪ੍ਰਦਾਨ ਕੀਤੀ ਜਾ ਸਕੇ। ਖ਼ਾਲਸੇ ਵਲੋਂ ਹੋਲਾ ਤਲਵਾਰਾਂ, ਬਰਛਿਆਂ ਅਤੇ ਨੇਜ਼ਿਆਂ ਨਾਲ ਖੇਡਿਆ ਜਾਂਦਾ ਹੈ। ਹੋਲੀ ਦਾ ਇਹ ਬਦਲ ਹੋਲੇ-ਮਹੱਲੇ ਦੇ ਰੂਪ ਵਿੱਚ ਨਵ-ਸੰਕਲਪ ਵਜੋਂ ਸੀ।

ਇਸ ਤਰ੍ਹਾਂ ਹੋਲਾ ਮਹੱਲਾ ਆਨੰਦਪੁਰ ਸਾਹਿਬ ਦਾ ਮਸ਼ਹੂਰ ਮੇਲਾ ਹੈ।ਇਸ ਵਿੱਚ ਲੋਕ ਕਈ ਥਾਵਾਂ ਤੋਂ ਆਉਂਦੇ ਹਨ| ਹੋਲਾ ਮਹੱਲਾ ਮਨੁੱਖ ਦੀ ਆਜਾਦੀ ਬਹਾਦਰੀ ਤੇ ਦਾਨਸ਼ਸੰਦੀ ਦਾ ਪ੍ਰਤੀਕ ਹੈ ਗੁਰੂ ਗੋਬਿੰਦ ਸਿੰਘ ਜੀ ਨੇ ਸਿੱਖ ਨੂੰ ਸਿੰਘ ਖਾਲਸਾ ਬਣਾ ਦਿੱਤਾ। ਉਨ੍ਹਾਂ ਨੇ ਵਹਿਮਾ ਭਰਮਾਂ ਨੂੰ ਖਤਮ ਕਰਕੇ ਇੱਕ ਸ਼ਕਤੀਸ਼ਾਲੀ ਕੌਮ ਦੀ ਸਿਰਜਣਾ ਕੀਤੀ। ਗੁਰੂ ਜੀ ਨੇ ਸਮਾਜ ਵਿੱਚੋਂ ਊਚ-ਨੀਚ, ਭਿੰਨ-ਭੇਦ ਮੁਕਾ ਕੇ ਹੀ ਖੁਸ਼ੀ ਵਜੋਂ ਹੋਲਾ ਮਹੱਲਾ ਸਨਾਉਣ ਆਰੰਭਿਆ। ਜਦੋਂ ਹੋਲੇ ਮਹੱਲੇ ਦਾ ਜਲੂਸ ਕਢਿਆ ਜਾਂਦਾ ਹੈ ਤਾਂ ਉਸਦੇ ਅੱਗੇ-ਅੱਗੇ ਯੁੱਧ ਕਲਾ ਦਾ ਪ੍ਰਦਰਸ਼ਨ ਕੀਤਾ ਜਾਂਦਾ ਹੈ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸਮੇਂ ਦੀ ਮੰਗ ਅਨੁਸਾਰ ਮਨੁੱਖਤਾ ਦਾ ਮਨੋਬਲ ਉੱਚਿਆਂ ਚੁੱਕਣ ਦੇ ਨਾਲ-ਨਾਲ ਸਰੀਰਕ ਤੌਰ 'ਤੇ ਬਲਵਾਨ ਕਰਨ ਦੇ ਨਵੇਂ ਸਾਧਨ ਅਪਣਾਏ ਭਗਤੀ-ਸ਼ਕਤੀ ਦੇ ਆਦਰਸ਼ਕ ਸੁਮੇਲ ਲਈ ਸ਼ਸਤਰਾਂ ਦੇ ਸਤਿਕਾਰ ਅਤੇ ਸਹੀ ਪ੍ਰਯੋਗ ਉੱਪਰ ਬਲ ਦਿੱਤਾ। ਇਸੇ ਪਰਿਵਰਤਨ ਤਹਿਤ ਖ਼ਾਲਸਾ ਪੰਥ ਵਿੱਚ ਹੋਲਾ ਮਹੱਲਾ ਪੁਰਬ ਦਾ ਮੰਤਵ ਅਤੇ ਉਦੇਸ਼ ਬੜੇ ਉਸਾਰੂ ਅਤੇ ਸਾਰਥਕ ਰੂਪ ਵਿੱਚ ਪ੍ਰਗਟ ਕੀਤਾ।

ਯੁੱਧ-ਵਿੱਦਿਆ ਅਤੇ ਰਸਮਾਂ

[ਸੋਧੋ]

ਸ੍ਰੀ ਗੁਰੂ ਗੋਬਿੰਦ ਸਿੰਘ ਜੀ ਖ਼ਾਲਸੇ ਨੂੰ ਯੁੱਧ-ਵਿੱਦਿਆ ਵਿੱਚ ਪ੍ਰਬੀਨ ਬਣਾਉਣਾ ਚਾਹੁੰਦੇ ਸਨ ਇਸ ਲਈ ਉਨ੍ਹਾਂ ਨੇ ਇਸ ਤਿਉਹਾਰ ਦਾ ਸੰਬੰਧ ਸੂਰਮਤਾਈ ਨਾਲ ਜੋੜਿਆ। ਮਹੱਲਾ ਇੱਕ ਪ੍ਰਕਾਰ ਦੀ ਮਸਨੂਈ ਲੜਾਈ ਹੈ, ਪੈਦਲ ਅਤੇ ਘੋੜ-ਸਵਾਰ ਸ਼ਸਤਰਧਾਰੀ ਸਿੰਘਾਂ ਦੇ ਦਲ ਬਣਾ ਕੇ ਇੱਕ ਖਾਸ ਹਮਲੇ ਦੀ ਥਾਂ 'ਤੇ ਹਮਲਾ ਕਰਦੇ ਹਨ ਅਤੇ ਅਨੇਕ ਪ੍ਰਕਾਰ ਦੇ ਕਰਤੱਬ ਦਿਖਾਉਂਦੇ ਹਨ। ਗੁਰੂ ਗੋਬਿੰਦ ਸਿੰਘ ਜੀ ਆਪ ਇਸ ਮਸਨੂਈ ਲੜਾਈ ਨੂੰ ਵੇਖਦੇ ਅਤੇ ਦੋਵਾਂ ਦਲਾਂ ਨੂੰ ਲੋੜੀਂਦੀ ਸਿੱਖਿਆ ਪ੍ਰਦਾਨ ਕਰਦੇ ਸਨ। ਜਿਹੜਾ ਦਲ ਜੇਤੂ ਹੁੰਦਾ, ਉਸ ਨੂੰ ਦੀਵਾਨ ਵਿੱਚ ਸਿਰੋਪਾਓ ਬਖਸ਼ਿਸ਼ ਕਰਦੇ ਸਨ। ਘੋੜਸਵਾਰੀ ਤੇ ਗਤਕੇਬਾਜ਼ੀ ਦੇ ਜੰਗਜ਼ੂ ਕਰਤੱਬ ਦੇਖਣਯੋਗ ਹੁੰਦੇ ਹਨ।[3] ਇਸ ਮੌਕੇ ਦੀਵਾਨ ਸਜਦੇ, ਕਥਾ ਕੀਰਤਨ ਹੁੰਦਾ, ਬੀਰਰਸੀ ਵਾਰਾਂ ਗਾਈਆਂ ਜਾਂਦੀਆਂ ਅਤੇ ਅਨੇਕ ਤਰ੍ਹਾਂ ਦੀਆਂ ਫੌਜੀ ਕਵਾਇਦਾਂ ਹੁੰਦੀਆਂ। ਹਰ ਪਾਸੇ ਚੜ੍ਹਦੀ ਕਲਾ ਦਾ ਮਾਹੌਲ ਬਣਿਆ ਰਹਿੰਦਾ। ਗੁਰੂ ਸਾਹਿਬ ਇਨ੍ਹਾਂ ਸਾਰੀਆਂ ਕਾਰਵਾਈਆਂ ਵਿੱਚ ਖੁਦ ਸ਼ਾਮਿਲ ਹੁੰਦੇ ਅਤੇ ਸਿੱਖਾਂ ਦਾ ਉਤਸ਼ਾਹ ਵਧਾਉਂਦੇ। ਸ੍ਰੀ ਆਨੰਦਪੁਰ ਸਾਹਿਬ ਦੀ ਧਰਤੀ 'ਤੇ ਹੋਲਾ ਮਹੱਲਾ ਦੇ ਰੂਪ ਵਿੱਚ ਮਨਾਏ ਜਾਂਦੇ ਜੰਗਜ਼ੂ ਤਿਉਹਾਰ 'ਤੇ ਸਿੰਘਾਂ ਦੀਆਂ ਆਪਸ ਵਿੱਚ ਲੜੀਆਂ ਜਾਂਦੀਆਂ ਅਭਿਆਸ ਰੂਪੀ ਮਸਨੂਈ ਲੜਾਈਆਂ ਨੇ ਭਾਰਤੀ ਲੋਕਾਂ ਦੇ ਮਨੋਬਲ ਨੂੰ ਉੱਚਾ ਕੀਤਾ। ਲੋਕ ਕਾਇਰਤਾ ਭਰੇ ਮਾਹੌਲ 'ਚੋਂ ਨਿਕਲ ਕੇ ਇਸ ਉਤਸਵ ਵਿੱਚ ਧੜਾ-ਧੜ ਬੜੇ ਜੋਸ਼ ਤੇ ਸਜ-ਧਜ ਨਾਲ ਸ਼ਾਮਿਲ ਹੋਣ ਲੱਗੇ। 'ਹੋਲਾ ਮਹੱਲਾ' ਸਾਨੂੰ ਇੱਕ ਉਪਦੇਸ਼ ਦਿੰਦਾ ਹੈ। ਜਦ ਤਕ ਇਸ ਜਗਤ ਵਿੱਚ ਮਚ ਰਹੇ 'ਮਹੱਲੇ' ਅੰਦਰ ਅਸੀਂ ਪੂਰੇ ਬਲ ਅਤੇ ਪ੍ਰਾਕਰਮ ਨਾਲ ਸ਼ਾਮਿਲ ਨਹੀਂ ਹੁੰਦੇ, ਅਸੀਂ ਹੋਰਾਂ ਕੋਲੋਂ ਪਛੜ ਜਾਵਾਂਗੇ। ਜੇ ਅਸੀਂ ਚਾਹੁੰਦੇ ਹਾਂ ਕਿ ਇਸ ਜੀਵਨ ਨੂੰ ਸਫਲ ਕਰੀਏ ਤਾਂ ਸਾਨੂੰ ਪਿਤਾ ਕਲਗੀਧਰ ਦਾ ਦੱਸਿਆ ਉਦੇਸ਼ ਚੇਤੇ ਰੱਖਣਾ ਚਾਹੀਦਾ ਹੈ। ਸਾਨੂੰ ਹੋਲੇ ਮਹੱਲੇ ਤੋਂ ਸੱਚਾ ਉੱਦਮੀ ਜੀਵਨ ਲੈ ਕੇ ਆਪਣੀ ਤਕਦੀਰ ਨੂੰ ਨਵੇਂ ਸਿਰਿਓਂ ਘੜਨਾ ਚਾਹੀਦਾ ਹੈ।

ਵੱਖ-ਵੱਖ ਸਥਾਨਾਂ ਤੇ ਹੋਲੇ-ਮਹੱਲੇ ਦੀ ਮਹੱਤਤਾ

[ਸੋਧੋ]
  • ਗੁਰੂ ਗੋਬਿੰਦ ਸਿੰਘ ਦੁਆਰਾ ਆਨੰਦਪੁਰ ਸਾਹਿਬ ਵਿੱਚ ਸ਼ੁਰੂ ਕੀਤੀ ਹੋਲਾ ਮੁਹੱਲਾ ਕੱਢਣ ਦੀ ਰੀਤ ਵਰਤਮਾਨ ਸਮੇਂ ਵੀ ਕੀਤੀ ਗਈ ਹੈ। ਨਿਹੰਗ ਸਿੰਘ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਤੋਂ ਅਰਦਾਸ ਕਰਨ ਉਪਰੰਤ ਹੋਲਾ ਮਹੱਲਾ ਸ਼ੁਰੂ ਕਰਦੇ ਹਨ। ਨਗਾਰਿਆਂ ਦੀ ਗੂੰਜ ਵਿੱਚ ਨਿਸ਼ਾਨ ਸਾਹਿਬ ਚੜ੍ਹਾਏ ਜਾਂਦੇ ਹਨ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਆਨੰਦਪੁਰ ਸਾਹਿਬ ਵਿਖੇ ਲੱਗਣ ਵਾਲੇ ਇਸ ਮੇਲੇ ਵਿੱਚ ਦੂਰ-ਦੂਰ ਤੋਂ ਲੋਕ ਵਹੀਰਾ ਘੱਤ ਕੇ ਆਉਂਦੇ ਹਨ।
  • (ਹਜ਼ੂਰ ਸਾਹਿਬ ਨਾਦੇੜ) ਵਿੱਚ ਵੀ ਹੋਲੇ ਮਹੱਲੇ ਦਾ ਜਲੂਸ ਨਿਕਲਦਾ ਹੈ। ਜਲੂਸ ਦੇ ਅੱਗੇ ਇੱਕ ਸ਼ਿੰਗਾਰਿਆਂ ਹੋਇਆ ਨੀਲਾ ਘੋੜਾ ਚੱਲਦਾ ਹੈ ਅਤੇ ਪਿੱਛੇ ਸੰਗਤਾਂ। ਫਿਰ ਕੁਝ ਸੂਰਮੇ ਹਵਾ ਵਿੱਚ ਫਾਇਰ ਕਰਦੇ ਹਨ, ਜਿਵੇਂ ਕਿਸੇ ਦੁਸ਼ਮਣ ਉੱਪਰ ਹਮਲਾ ਕੀਤਾ ਗਿਆ ਹੋਵੇ। ਘੋੜਾ ਬੜੀ ਤੇਜ਼ੀ ਨਾਲ ਦੌੜਦਾ ਹੈ ਤੇ ਉਸ ਪਿੱਤੇ ਸੰਗਤਾਂ ਦੌੜਦੀਆਂ ਹਨ। ਇਸ ਨੂੰ ‘ਮਹੱਲਾ` ਕਿਹਾ ਜਾਂਦਾ ਹੈ। ਹੋਲੇ ਮਹੱਲੇ ਦਾ ਜਲੂਸ ਆਨੰਦਪੁਰ ਸਾਹਿਬ ਅਤੇ ਹਜ਼ੂਰ ਸਾਹਿਬ ਤੋਂ ਇਲਾਵਾਂ ਹੋਰ ਕਿਧਰੇ ਨਹੀਂ ਨਿਕਲਦਾ।
  • ਹੋਲਾ ਮਹੱਲਾ ਦੀ ਤਿੱਥ ਨੂੰ ਪਾਉਟਾ ਸਾਹਿਬ ਗੁਰਦੁਆਰੇ ਦੇ ਬਾਹਰ ਮੇਲਾ ਲੱਗਦਾ ਹੈ। ਇਸ ਮੇਲੇ ਵਿੱਚ ਭਾਰੀ ਗਿਣਤੀ ਵਿੱਚ ਦੂਰ-ਦੁਹਾਡੇ ਤੋਂ ਆਏ ਲੋਕ ਸ਼ਾਮਿਲ ਹੁੰਦੇ ਹਨ। ਇਸ ਸਥਾਨ ਦੀ ਇਤਿਹਾਸਕ ਤੌਰ ਦੀ ਭਾਰੀ ਮਹੱਤਤਾ ਹੈ। ਡਾ. ਵਣਜਾਰਾ ਬੇਦੀ ਅਨੁਸਾਰ, “ਗੁਰੂ ਗੋਬਿੰਦ ਸਿੰਘ 1742 ਬਿਕਰਮੀ ਵਿੱਚ 52 ਕਵੀਆ ਅਤੇ ਇੱਥੇ ਸਾਢੇ ਚਾਰ ਸਾਲ ਰਹੇ ਸਨ। ਉਸ ਸਮੇਂ ਪਾਉਂਟਾ ਸਾਹਿਬ ਵਿੱਚ ਹੋਲੇ ਮੁਹੱਲੇ ਵਾਲੇ ਦਿਨ ਸੂਰਮੇ ਆਪਣੇ ਕਰਤੱਬ ਵਿਖਾਉਂਦੇ ਅਤੇ ਕਵੀ ਆਪਣੀ ਕਵਿਤਾ ਸੁਣਾਉਂਦੇ ਸਨ।

ਇਹ ਵੀ ਵੇਖੋ

[ਸੋਧੋ]

ਹਵਾਲੇ

[ਸੋਧੋ]
  1. Ahluwalia, M.S. (November 2004). "Tourism: The Festival of Hola Mahalla". SikhSpectrum.com Quarterly (18). Archived from the original on 2015-09-24. Retrieved 2008-09-14. {{cite journal}}: Unknown parameter |dead-url= ignored (|url-status= suggested) (help)
  2. Amolak Singh. "Sikh Calendar". SikhWorld.co.uk. Retrieved 2008-09-17.
  3. Neena Chaudhry. "Festival of war". Singh Sabha of NY. Archived from Nihang the original on 2009-04-12. Retrieved 2009-05-20. {{cite web}}: Check |url= value (help); Unknown parameter |dead-url= ignored (|url-status= suggested) (help)


[1]

  1. 1) ਡਾ. ਕੁਲਵੰਤ ਕੌਰ, ਲੋਕ ਖੇਡਾਂ, ਲੋਕ ਸ਼ੁਗਲ ਤੇ ਮੇਲੇ-ਤਿਉਹਾਰ, 42-ਗੁਰੂ ਤੇਗ ਬਹਾਦਰ ਨਗਰ, ਅੰਮ੍ਰਿਤਸਰ, 2) ਡਾ. ਸੋਹਿੰਦਰ ਸਿੰਘ, ਵਣਜਾਰਾ ਬੇਦੀ, ਪੰਜਾਬੀ ਲੋਕਧਾਰਾ ਵਿਸ਼ਵ ਕੋਸ਼, ਪੰਨਾ 932 3) ਡਾ. ਇੰਦਰਜੀਤ ਸਿੰਘ ਪੰਜਾਬ ਦਾ ਕਿਰਸਾਨੀ ਜਨ-ਜੀਵਨ ਰਹੁ ਰੀਤਾ ਅਤੇ ਤਿਉਹਾਰ ਤਰੁਣ ਆਰਦ ਪ੍ਰੈਸ ਲਾਡੋਵਾਲੀ ਰੋਡ, ਨਜਦੀਕ ਪ੍ਰਤਾਮ ਬਾਗ, ਜਲੰਧਰ।