ਰੋਸ਼ਨੀ ਮੇਲਾ
ਜਗਰਾਵਾਂ ਦਾ ਰੋਸ਼ਨੀ ਮੇਲਾ ਪੰਜਾਬ ਦੇ ਸੂਬੇ ਦੇ ਮੂਹਰਲੀ ਕਤਾਰ ਵਿੱਚ ਮੇਲਿਆਂ ’ਚ ਸ਼ੁਮਾਰ ਹੈ। ਪੰਜਾਬ ਦੇ ਲੋਕ ਗੀਤ, ਲੋਕ ਬੋਲੀਆਂ ਵੀ ਇਸ ਗੱਲ ਦੀਆਂ ਗਵਾਹ ਹਨ। ਦੇਸੀ ਮਹੀਨਿਆਂ ਮੁਤਾਬਕ ਹਰ ਸਾਲ 13 ਤੋਂ 15 ਫੱਗਣ (25, 26 ਅਤੇ 27 ਫਰਵਰੀ) ਤੱਕ ਲੱਗਣ ਵਾਲੇ ਇਸ ਮੇਲੇ ਦੌਰਾਨ ਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ ਪ੍ਰਸਿੱਧ ਕੱਵਾਲ ਆਪਣੀ ਕਲਾ ਨਾਲ ਪੀਰ ਬਾਬਾ ਮੋਹਕਮਦੀਨ ਦੀ ਮਜ਼ਾਰ ’ਤੇ ਇਬਾਦਤ ਕਰਨ ਦਾ ਅਨੋਖਾ ਜ਼ਰੀਆ ਪ੍ਰਦਾਨ ਕਰਦੇ ਹਨ। ਧਾਰਮਿਕ ਉਤਸਵ ਨੂੰ ਸਮਾਜਿਕ ਮੇਲੇ ’ਚ ਬਦਲਿਆਂ ਤਾਂ ਲੰਬਾ ਸਮਾਂ ਹੋ ਗਿਆ ਹੈ।[1]
ਜਗਰਾਵਾਂ ਸ਼ਹਿਰ ਵਿਚ ਇਕ ਮੁਸਲਮਾਨ ਸੂਫੀ ਫਕੀਰ ਮੋਹਕਮ ਦੀਨ ਦੀ ਕਬਰ ਤੇ ਫੱਗਣ ਮਹੀਨੇ ਦੀ 14 ਤੋਂ 16 ਤਰੀਕ ਤੱਕ ਮੇਲਾ ਲੱਗਦਾ ਹੈ। ਇਸ ਫਕੀਰ ਨੂੰ ਬਹੁਤ ਕਰਨੀ ਵਾਲਾ ਮੰਨਿਆ ਜਾਂਦਾ ਹੈ। ਲੋਕ ਇਸ ਦੀ ਕਬਰ ਤੇ ਆ ਕੇ ਸੁੱਖਾਂ ਸੁੱਖਦੇ ਹਨ। ਜਿਨ੍ਹਾਂ ਦੀਆਂ ਸੁੱਖਾਂ ਪੂਰੀਆਂ ਹੋ ਜਾਂਦੀਆਂ ਹਨ, ਉਹ ਮੇਲੇ ਵਾਲੇ ਦਿਨ ਕਬਰ ਉੱਪਰ ਰਾਤ ਨੂੰ ਦੀਵੇ ਜਗਾਉਂਦੇ ਹਨ। ਇਸ ਕਰਕੇ ਹੀ ਇਸ ਮੇਲੇ ਨੂੰ ਰੋਸ਼ਨੀ ਦਾ ਮੇਲਾ ਕਿਹਾ ਜਾਂਦਾ ਹੈ। ਮੇਲੇ ਤੇ ਕੰਵਾਲ ਕੰਵਾਲੀਆਂ ਗਾਉਂਦੇ ਹਨ।ਜਗਰਾਵਾਂ ਸ਼ਹਿਰ ਲੁਧਿਆਣੇ ਤੋਂ ਮੋਗੇ ਨੂੰ ਜਾਂਦੀ ਸੜਕ ਉੱਪਰ 35 ਕੁ ਕਿਲੋਮੀਟਰ ਦੀ ਦੂਰੀ ਤੇ ਹੈ।
ਹੁਣ ਲੋਕ ਤਰਕਸ਼ੀਲ ਹੋ ਗਏ ਹਨ।ਅੰਧ ਵਿਸ਼ਵਾਸ ਦਿਨੋਂ ਦਿਨ ਘੱਟ ਰਿਹਾ ਹੈ। ਇਸ ਲਈ ਬਹੁਤੇ ਲੋਕ ਹੁਣ ਮੇਲੇ ਤੇ ਕੋਈ ਸੁੱਖਣਾ ਸੁੱਖਣ ਜਾਂ ਧਾਰਮਿਕ ਸਰਧਾ ਕਰ ਕੇ ਨਹੀਂ ਆਉਂਦੇ। ਹੁਣ ਬਹੁਤੇ ਲੋਕ ਮੇਲਾ ਵੇਖਣ ਦੀ ਰੁਚੀ ਤਹਿਤ ਹੀ ਮੇਲਾ ਵੇਖਣ ਆਉਂਦੇ ਹਨ।[2]
ਇਤਿਹਾਸ
[ਸੋਧੋ]ਇਹ ਮੇਲਾ ਹਜ਼ਰਤ ਬਾਬਾ ਮੋਹਕਮ ਅਲੀ ਅੱਲਾ ਦੀ ਯਾਦ ਵਿੱਚ ਲਗਦਾ ਹੈ ਜਿਹਨਾਂ ਦੇ ਪੰਜ ਯਾਰ ਅਤੇ 48 ਸ਼ਰਧਾਲੂ ਸਨ। ਇਥੋਂ ਪੰਜ ਪੀਰ, ਪੀਰ ਲੱਪੇ ਸ਼ਾਹ, ਪੀਰ ਮੋਹਕਮ ਦੀਨ, ਪੀਰ ਜਾਮਨ ਸ਼ਾਹ, ਪੀਰ ਟੁੰਡੇ ਸ਼ਾਹ ਅਤੇ ਪੀਰ ਮਹਿੰਦੇ ਸ਼ਾਹ ਹੋਏ। ਮੁਗ਼ਲ ਬਾਦਸ਼ਾਹ ਜਹਾਂਗੀਰ ਦੇ ਕੋਈ ਔਲਾਦ ਨਹੀਂ ਸੀ, ਔਲਾਦ ਦੀ ਚਾਹਤ ਲੈ ਕੇ ਮੁਗ਼ਲ ਬਾਦਸ਼ਾਹ ਪੀਰ ਦੀ ਦਰਗਾਹ ’ਤੇ ਪੁੱਜਾ ਤਾਂ ਬਾਬਾ ਜੀ ਦੇ ਆਸ਼ੀਰਵਾਦ ਸਦਕਾ ਬਾਦਸ਼ਾਹ ਦੇ ਘਰ ਲੜਕੀ ਅਤੇ ਪੁੱਤਰ ਨੇ ਜਨਮ ਲਿਆ ਅਤੇ ਪੀਰ ਜੀ ਦੇ ਕਹਿਣ ’ਤੇ ਬਾਦਸ਼ਾਹ ਨੇ ਆਪਣੇ ਪੁੱਤਰ ਦਾ ਨਾਮ ‘ਸ਼ਾਹਜਹਾਂ’ ਰੱਖਿਆ। ਇਸ ਦੇ ਫਲਸਰੂਪ ਜਹਾਂਗੀਰ ਨੇ ਪੁੱਤਰ ਪ੍ਰਾਪਤੀ ਤੋਂ ਬਾਅਦ ਘਿਉ ਦੇ ਦੀਵੇ ਬਾਲ ਕੇ ਰੋਸ਼ਨੀ ਕੀਤੀ। ਜਹਾਂਗੀਰ ਖੁਸ਼ੀ ਵਿੱਚ ਜੋ ਰੁਪਏ ਲਿਆਇਆ ਸੀ ਪੀਰ ਮੋਹਕਮਦੀਨ ਨੇ ਉਹ ਸਾਰੇ ਲੋਕਾਂ ’ਚ ਵੰਡਾ ਦਿੱਤੇ ਅਤੇ ਲੋਕਾਂ ਨੂੰ ਵੀ ਆਪਣੇ ਘਰ-ਗਲੀਆਂ ’ਚ ਰੋਸ਼ਨੀ ਕੀਤੀ। ਇਸ ਤਰ੍ਹਾਂ ਰੋਸ਼ਨੀ ਦੇ ਇਸ ਮੇਲੇ ਦੀ ਸ਼ੁਰੂਆਤ ਹੋਈ।
ਆਰੀ ਆਰੀ ਆਰੀ
ਵਿਚ ਜਗਰਾਵਾਂ ਦੇ ਲੱਗਦੀ ਰੋਸ਼ਨੀ ਭਾਰੀ
ਵੈਅਲੀਆਂ ਦਾ ’ਕੱਠ ਹੋ ਗਿਆ ਉਥੇ ਬੋਤਲਾਂ ਮੰਗਾ ਲਈਆਂ ਚਾਲੀ
ਚਾਲੀਆਂ ‘ਚੋਂ ਇੱਕ ਬਚ’ਗੀ ਉਹ ਚੁੱਕ ਕੇ ਮਹਿਲ ਨਾਲ ਮਾਰੀ
ਮੁਨਸ਼ੀ ਡਾਗੋਂ ਦਾ ਡਾਂਗ ਰੱਖਦਾ ਗੰਡਾਸੇ ਵਾਲੀ
ਮੋਦਨ ਕਾਉਂਕਿਆਂ ਦਾ ਜੀਹਨੇ ਕੁੱਟਤੀ ਪੰਡੋਰੀ ਸਾਰੀ
ਧੰਨ ਕੁਰ ਦੌਧਰ ਦੀ ਲੱਕ ਪਤਲਾ ਬਦਨ ਦੀ ਭਾਰੀ
ਪਰਲੋਂ ਆ ਜਾਂਦੀ ਜੇ ਹੁੰਦੀ ਨਾ ਪੁਲਸ ਸਰਕਾਰੀ
— ਲੋਕ ਬੋਲੀ
ਮੇਲੇ ਦਾ ਸਬੰਧ
[ਸੋਧੋ]ਬਾਬਾ ਮੋਹਕਮਦੀਨ ਦੇ‘‘ਰੋਜ਼ੇ’ ਮੌਕੇ ਲੱਗਣ ਵਾਲੇ ਰੋਸ਼ਨੀ ਦੇ ਤਿੰਨ ਦਿਨਾਂ ਮੇਲੇ ਦੌਰਾਨ ਪੂਰੀ ਗਹਿਮਾ ਗਹਿਮੀ ਰਹਿੰਦੀ ਹੈ, ਮਨ ਦੀਆਂ ਹੋਰ ਮੁਰਾਦਾਂ ਪੂਰੀਆਂ ਕਰਨ ਲਈ ਲੋਕ ਇਥੇ ਆ ਕੇ ਚੌਂਕੀਆਂ ਭਰਦੇ ਹਨ। ਬਾਬਾ ਮੋਹਕਮ ਦੀਨ ਦੀ ਦਰਗਾਹ ’ਤੇ ਸ਼ਰਧਾਲੂਆਂ ਵੱਲੋਂ ਲੂਣ, ਤੇਲ, ਝਾੜੂੂ ਅਤੇ ਪਤਾਸਿਆਂ ਆਦਿ ਦਾ ਚੜ੍ਹਾਵਾ ਚੜ੍ਹਾਇਆ ਜਾਂਦਾ ਹੈ। ਸ਼ਰਧਾਲੂ 13 ਫੱਗਣ ਨੂੰ ਪੀਰ ਬਾਬਾ ਦੀ ਦਰਗਾਹ ’ਤੇ ਚੌਕੀ ਭਰਦੇ ਹਨ। 14 ਫੱਗਣ ਨੂੰ ਜਗਰਾਉਂ ਸ਼ਹਿਰ ਅੰਦਰ ਮਾਈ ਜ਼ੀਨਾਂ, ਜੋ ਬਾਬਾ ਜੀ ਦੀ ਸੇਵਾਦਾਰਨੀ ਸੀ, ਦੀ ਸਮਾਧ ’ਤੇ ਚੌਕੀ ਭਰੀ ਜਾਂਦੀ ਹੈ। 15 ਫੱਗਣ ਨੂੰ ਬਾਬਾ ਜੀ ਦੀ ਦਰਗਾਹ ’ਤੇ ਔਰਤਾਂ ਦਾ ਭਾਰੀ ਮੇਲਾ ਲੱਗਦਾ ਹੈ। ਬਾਬਾ ਮੋਹਕਮ ਦੇ ਘਰ ਵਿੱਚ ਉਹਨਾਂ ਦਾ ਪਲੰਘ, ਲੋਟਾ, ਜੋੜਾ ਅਜੇ ਵੀ ਮੌਜੂਦ ਹੈ।
ਭਗਤਾਂ ਦਾ ਸਮੂਹ
[ਸੋਧੋ]ਪਹਿਲਾਂ ਪਹਿਲ ਪਾਕਿਸਤਾਨ ਤੋਂ ਵੀ ਮੁਸਲਮਾਨ ਭਾਈਚਾਰੇ ਦੇ ਲੋਕ ਜਥਿਆਂ ਦੇ ਰੂਪ ਵਿੱਚ ਆ ਕੇ ਪੀਰ ਬਾਬਾ ਦੀ ਦਰਗਾਹ ਆ ਕੇ ਹਾਜ਼ਰੀ ਭਰਦੇ ਸਨ, ਇਥੇ ਰਾਜਸੀ ਕਾਨਫਰੰਸਾਂ ਹੁੰਦੀਆਂ, ਦਮਦਾਰ ਪੰਜਾਬੀ ਲੋਕ ਗਾਇਕੀ ਦਾ ਅਹਿਸਾਸ ਕਰਵਾਉਂਦੇ ਖੁੱਲ੍ਹੇ ਅਖਾੜੇ ਲੱਗਦੇ, ਮੇਲੇ ਦੇ ਆਖਰੀ ਦਿਨ ‘ਸੌਂਚੀ ਪੱਕੀ’ (ਪੁਰਾਤਨ ਸਮੇਂ ਦੀ ਖੇਡ) ਖੇਡੀ ਜਾਂਦੀ, ਛਿੰਝ ਪੈਂਦੀ। ਪਹਿਲਾਂ ਪਹਿਲ ‘ਮਲਵਈ ਗਿੱਧਾ’ ਇਸ ਮੇਲੇ ਵਿੱਚ ਆਪਣੀ ਵੱਖਰੀ ਕਸ਼ਿਸ਼ ਰੱਖਦਾ ਸੀ
ਹਵਾਲੇ
[ਸੋਧੋ]- ↑ http://punjabinews.ihues.com/ਜਗਰਾਵਾਂ-ਦਾ-ਰੋਸ਼ਨੀ-ਮੇਲਾ-ਸ਼ੁਰ/[permanent dead link]
- ↑ ਕਹਿਲ, ਹਰਕੇਸ਼ ਸਿੰਘ (2013). ਪੰਜਾਬੀ ਵਿਰਸਾ ਕੋਸ਼. ਚੰਡੀਗੜ੍ਹ: Unistar books pvt.ltd. ISBN 978-93-82246-99-2.