ਸਮੱਗਰੀ 'ਤੇ ਜਾਓ

ਪੰਜਾਬ ਦੇ ਲੋਕ ਸਾਜ਼

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਪੰਜਾਬੀ ਲੋਕ ਸੰਗੀਤ (پنجابی لوک موسیقی (ਸ਼ਾਹਮੁਖੀ)) ਲੋਕ ਸੰਗੀਤ ਅਤੇ </nowiki>ਭੰਗੜਾ, ਗਿੱਧਾ ਆਦਿ ਵਰਗੇ ਨਾਚਾਂ ਵਿੱਚ ਵਰਤੇ ਜਾਂਦੇ ਰਵਾਇਤੀ ਸੰਗੀਤ ਯੰਤਰਾਂ ਦੀ ਇੱਕ ਵਿਸ਼ਾਲ ਸ਼੍ਰੇਣੀ ਹੈ।[1][2][3] ਕੁਝ ਯੰਤਰ ਦੁਰਲੱਭ ਵਰਤੋਂ ਵਿੱਚ ਹਨ ਅਤੇ ਲੱਭਣ ਲਈ ਵੀ ਹਨ। ਇੱਥੇ ਪੰਜਾਬ ਖੇਤਰ ਦੇ ਕੁਝ ਸਭ ਤੋਂ ਮਸ਼ਹੂਰ ਰਵਾਇਤੀ ਸਾਜ਼ ਹਨ ਜੋ ਵੱਖ-ਵੱਖ ਸੱਭਿਆਚਾਰਕ ਗਤੀਵਿਧੀਆਂ ਵਿੱਚ ਵਰਤੇ ਜਾਂਦੇ ਹਨ।[4]

ਅਵਨਧ ਸਾਜ਼

[ਸੋਧੋ]

ਵਿਦਵਾਨਾਂ ਦੇ ਮੱਤ ਅਨੁਸਾਰ ਸੰਗੀਤ ਇਤਿਹਾਸ ਵਿੱਚ ਤਾਲ ਸਾਜ਼ਾਂ ਦਾ ਜਨਮ ਸਭ ਤੋਂ ਪਹਿਲਾਂ ਦਾ ਮੰਨਿਆਂ ਜਾਂਦਾ ਹੈ। ਕਾਰਨ ਇਹ ਹੈ ਕਿ ਲੈਅ ਪ੍ਰਕ੍ਰਿਤੀ ਵਿੱਚ ਸਭ ਜਗ੍ਹਾ ਮੌਜੂਦ ਹੈ ਅਤੇ ਹਰੇਕ ਵਸਤੂ ਲੈਅ ਉੱਤੇ ਆਧਾਰਿਤ ਹੈ। ਮਨੁੱਖ ਨੇ ਸਭ ਤੋਂ ਪਹਿਲਾਂ ਹੱਥ ਨਾਲ ਤਾਲੀ ਵਜਾਈ ਹੋਵੇਗੀ ਅਤੇ ਉਸ ਤੋਂ ਪਿੱਛੋਂ ਤਾਲ ਨੂੰ ਪ੍ਰਦਰਸ਼ਿਤ ਕਰਨ ਲਈ ਸਾਜ਼ਾਂ ਦੀ ਲੋੜ ਮਹਿਸੂਸ ਕੀਤੀ ਹੋਵੇਗੀ। ਰਿਗਵੇਦ,ਅਥਰਵੇਦ ਵਿੱਚ ਸਾਨੂੰ ਦੁਦੰਭੀ ਆਦੰਬਰ ਅਤੇ ਆਘਾਤੀ ਸਾਜ਼ ਆਦਿ ਸਾਜ਼ਾਂ ਦਾ ਉਲੇਖ ਮਿਲਦਾ ਹੈ। ਜੇਕਰ ਅਸੀਂ ਸ਼ਿਵ ਜੀ ਨੂੰ ਤਾਲ ਅਤੇ ਲੈਅ ਦਾ ਮੋਢੀ ਸਮਝ ਲਈਏ ਤਾਂ ਕੋਈ ਸੰਕੇ ਵਾਲੀ ਗੱਲ ਨਹੀਂ ਕਿਉਂ ਜੋ ਸ਼ਿਵ ਜੀ ਦੇ ਸਰੂਪ ਨੂੰ ਅਸੀਂ ਹਮੇਸ਼ਾ ਤਾਲ,ਸ਼ਾਜ ਡਮਰੂ ਦੇ ਨਾਲ ਪ੍ਰਤੱਖ ਰੂਪ ਵਿੱਚ ਵੇਖਦੇ ਹਾਂ। ਕਿਹਾ ਜਾਂਦਾ ਹੈ ਕਿ ਭਗਵਾਨ ਸ਼ੰਕਰ ਨੇ ਚੌਦਾਂ ਵਾਰ ਡਮਰੂ ਵਜਾਇਆ ਜਿਸ ਤੋਂ ਚੌਦਾਂ ਮਹੇਸ਼ਵਰ ਸੂਤਰਾਂ ਦੀ ਉਤਪਤੀ ਹੋਈ ਮੰਨੀ ਜਾਂਦੀ ਹੈ। ਚੌਦਾਂ ਮਹੇਸ਼ਵਰ ਸੂਤਰਾਂ ਵਿੱਚ ਤਾਲ ਅੱਖਰਾਂ ਦੀ ਇੱਕ ਵਿਸ਼ੇਸ਼ ਲੜੀ ਹੈ। ਜਿਸ ਦਾ ਵਿਆਕਰਨ ਦੀ ਦ੍ਰਿਸ਼ਟੀ ਨਾਲ ਬਹੁਤ ਮਹੱਤਵ ਹੈ। ਅੱਜ ਭਾਰਤ ਵਿੱਚ ਡਮਰੂ ਤੋਂ ਹੀ ਵਿਕਸ਼ਿਤ ਹੋਏ ਪ੍ਰਮੁੱਖ ਤਾਲ ਸ਼ਾਜਾਂ ਦਾ ਰੂਪ ਅਸੀਂ ਤਬਲਾ, ਪਖਾਵਜ, ਨਗਾੜਾ, ਢੋਲ, ਤਾਸ਼ਾ, ਨਾਲ ਢੋਲਕ, ਡਫ਼, ਤਬਲ, ਖੰਜਰੀ, ਖੇਲ, ਮਿਰਦੰਗ, ਹੁੜਕ, ਡਮਰੂ, ਡੁਗਡੁਗੀ, ਗੁੜਸ ਆਦਿ ਵਿੱਚ ਬਦਲਿਆ ਹੋਇਆ ਵੇਖਦੇ ਹਾਂ। ਦੱਖਣੀ ਭਾਰਤ ਅਤੇ ਪੰਜਾਬ ਵਿੱਚ ਘੜਾ ਵੀ ਤਾਲ ਸ਼ਾਜ ਦੇ ਰੂਪ ਵਿੱਚ ਵਰਤੋਂ ਵਿੱਚ ਲਿਆਇਆ ਜਾਂਦਾ ਹੈ।

ਢੋਲ

[ਸੋਧੋ]

ਪੰਜਾਬ ਵਿੱਚ ਚਮੜੇ ਦੇ ਮੜ੍ਹੇ ਹੋਏ ਜਿੰਨੇ ਵੀ ਸਾਜ਼ਾਂ ਦੀ ਵਰਤੋਂ ਹੁਂਦੀ ਹੈ ਉਨ੍ਹਾਂ ਸਾਰਿਆਂ ਸਾਜ਼ਾਂ ਵਿਚੋਂ ਢੋਲ ਦਾ ਸਭ ਤੋਂ ਮਹੱਤਵਪੂਰਨ ਸਥਾਨ ਹੈ। ਢੋਲ ਢੋਲਕੀ ਦਾ ਹੀ ਇੱਕ ਰੂਪ ਹੈ। ਜਿਵੇਂ ਕਿ ਸਿਤਾਰ ਦਾ ਵੱਡਾ ਰੂਪ ਸੁਰਬਹਾਰ ਅਤੇ ਵਾਇਲਿਨ ਦਾ ਵੱਡਾ ਰੂਪ ਬੇਸ (Base) ਬਣ ਜਾਂਦਾ ਹੈ ਉਸੀ ਤਰ੍ਹਾਂ ਢੋਲ ਵੀ ਢੋਲਕੀ ਦਾ ਇੱਕ ਵੱਡਾ ਰੂਪ ਹੈ। ਅਸੀਂ ਇਹ ਆਖ ਸਕਦੇ ਹਾਂ ਕਿ ਪੰਜਾਬ ਵਿੱਚ ਤੀਵੀਆਂ ਦਾ ਸਾਜ਼ ਢੋਲਕੀ ਹੈ ਅਤੇ ਮਰਦਾਂ ਦਾ ਸਾਜ਼ ਢੋਲ ਹੈ।ਢੋਲ ਪੰਜਾਬ ਦੇ ਲੋਕ ਨਾਚਾਂ ਜਿਵੇਂ ਭੰਗੜਾ, ਗਿੱਧਾ ਆਦਿ ਨਾਲ ਵਜਾਇਆ ਜਾਂਦਾ ਹੈ। ਭੰਗੜਾ ਤਾਂ ਢੋਲ ਬਿਨਾਂ ਉੱਕਾ ਹੀ ਨਹੀਂ ਪੈ ਸਕਦਾ। ਕਦੇ ਕਦੈ ਅਸੀਂ ਢੋਲ ਨੂੰ ਕੁਸ਼ਤੀਆਂ ਦੇ ਅਖਾੜੇ ਵਿੱਚ ਵੀ ਵੱਜਦਾ ਦੇਖਦੇ ਹਾਂ। ਇਹ ਸਾਜ਼ ਵੀਰ ਰਸ ਅਤੇ ਤਾਲ ਪ੍ਰਧਾਨ ਹੈ। ਬਣਾਵਟ ਇਹ ਸਾਜ਼ ਦੀ ਲੱਕੜੀ ਨੂੰ ਵਿਚੋਂ ਖੋਖਲਾ ਕਰ ਕੇ ਬਣਾਇਆ ਜਾਂਦਾ ਹੈ। ਇਸ ਦੇ ਦੋਵੇਂ ਮੂੰਹ ਵੱਡੇ ਤੇ ਖੁਲ੍ਹੇ ਹੁੰਦੇ ਹਨ। ਇਸ ਦੇ ਮੂੰਹ ਦੀ ਚੌੜਾਈ 35 ਸੈਂਟੀਮੀਟਰ ਹੁੰਦੀ ਹੈ। ਇਨ੍ਹਾਂ ਦੋਹਾਂ ਮੂੰਹਾਂ ਉੱਤੇ ਬਕਰੇ ਦੀ ਖੱਲ ਦੇ ਪੱਤਰੇ (ਪੁੜੇ) ਮੜ੍ਹੇ ਜਾਦੇ ਹਨ ਤੇ ਇਨ੍ਹਾਂ ਨੂੰ ਰੱਸੀਆਂ ਦੀ ਸਹਾਇਤਾ ਨਾਲ ਖਿੱਚਿਆ ਜਾਂਦਾ ਹੈ। ਰੱਸੀਆ ਵਿੱਚ ਪਿੱਤਲ ਜਾਂ ਚਮੜੇ ਦੇ ਛੱਲੇ ਬਣਾ ਕੇ ਪਿਰੋ ਦਿੱਤੇ ਜਾਂਦੇ ਹਨ ਤਾਂ ਜੋ ਢੋਲ ਨੂੰ ਖਿੱਚਣ ਵਿੱਚ ਅਸਾਨੀ ਰਹੇ। ਖੱਬੇ ਪੱਤਰੇ ਨੂੰ ਧਾਮਾ ਅਤੇ ਸੱਜੇ ਪੱਤਰੇ ਨੂੰ ਪੁੜਾ ਆਖਦੇ ਹਨ। ਇਹ ਬਾਂਸ ਤੇ ਲਕੜੀ ਦੀਆਂ ਛਰੀਆਂ ਨਾਲ ਵਜਾਇਆ ਜਾਂਦਾ ਹੈ। ਖੱਬੇ ਪਾਸੇ ਅਰਥਾਤ ਧਾਮੇ ਦੀ ਛੜੀ ਲਕੜੀ ਦੀ ਹੈ ਜਿਹੜੀ ਕਿ ਹਾਕੀ ਦੀ ਸ਼ਕਲ ਵਿੱਚ ਹੁੰਦੀ ਹੈ ਜਿਸ ਨੂੰ ਡੱਗਾ ਆਖਦੇ ਹਨ। ਸੱਜੇ ਪਾਸੇ ਅਰਥਾਤ ਪੁੜੇ ਨੂੰ ਬਾਂਸ ਦੀ ਛੜੀ ਨਾਲ ਵਜਾਇਆ ਜਾਂਦਾ ਹੈ।

ਢੱਡ

[ਸੋਧੋ]

ਢੱਡ ਪ੍ਰਚੀਨ ਅਵਨਧ ਸਾਜ਼ਾਂ ਵਿਚੋਂ ਇੱਕ ਹੈ। ਢੌਰੂ,ਡਮਰੂ,ਕੁੜਵਾ,ਡਿਮਡਿਮੀ ਆਦਿ ਸਾਜ਼ਾਂ ਦੀ ਜਾਤੀ ਵਿਚੋਂ ਹੈ। ਇਹ ਡਮਰੂ ਨਾਲੋਂ ਥੋੜ੍ਹੀ ਜਿਹੀ ਵੱਡੀ ਹੁੰਦੀ ਹੈ। ਪੰਜਾਬਦੇ ਲੋਕ ਗੀਤਾਂ ਵਿੱਚ ਜੋ ਸਥਾਨ ਸਾਰੰਗੀ ਨੂੰ ਦਿੱਤਾ ਜਾਂਦਾ ਹੈ ਉਹ ਸਥਾਨ ਹੀ ਢੱਡ ਨੂੰ ਦਿਤਾ ਜਾਂਦਾ ਹੈ। ਅਸਲੀ ਗੱਲ ਤਾਂ ਇਹ ਹੈ ਕਿ ਇਹ ਦੋਵੇਂ ਸਾਜ਼ ਪੰਜਾਬ ਦੇ ਲੋਕ ਗੀਤਾਂ ਵਿੱਚ ਇਕਠੇ ਹੀ ਵਜਦੇ ਹਨ। ਜਦੋਂ ਢੱਡ ਸਾਰੰਗੀ ਤੇ ਲੋਕ ਗੀਤ ਗਾਏ ਜਾਦੇ ਹਨ ਤਾਂ ਸਾਰੰਗੀ ਆਪਣੇ ਸੁਰਾਂ ਨਾਲ ਸ਼ੰਗੀਤ ਦੀ ਸੰਗਤ ਕਰਦੇ ਹਨ ਤੇ ਇਹ ਇਸ ਨੂੰ ਚਾਰ ਚੰਦ ਲਗਾਉਂਦੀ ਹੈ ਅਤੇ ਡੱਡ ਤਾਲ ਦੀ ਕਸੌਟੀ ਲੈ ਕੇ ਸ਼ੋਨੇ ਤੇ ਸੁਹਾਗੇ ਵਾਲੀ ਗੱਲ ਕਰਦੀ ਹੈ। ਪੰਜਾਬ ਵਿੱਚ ਜੱਥੇ,ਪ੍ਰਮ ਕਥਾ,ਲੈਲਾ ਮਜਨੂੰ,ਵਾਰਾਂ,ਹੀਰ ਰਾਂਝਾ,ਸੋਹਣੀ ਮਾਹੀਂਵਾਲ,ਸੱਸੀ ਪੁਨੂੰ,ਦੁੱਲਾ ਭੱਟੀ,ਜਿਉਣਾ ਮੋੜ ਦੇ ਕਿੱਸੇ, ਜਿਹੜੇ ਕਿ ਢੱਡ ਸਾਰੰਗੀ ਉੱਤੇ ਕਲੀਆਂ ਦੇ ਰੂਪ ਵਿੱਚ ਗਾਏ ਜਾਂਦੇ ਹਨ ਅਤੇ ਬਹੁਤ ਹੀ ਪ੍ਰਸਿੱਧ ਹਨ। ਇਸ ਤੋਂ ਇਲਾਵਾ ਢੱਡ ਸਾਰੰਗੀ ਉੱਤੇ ਕਾਫ਼ੀਆਂ ਵੀ ਗਾਈਆਂ ਜਾਦੀਆਂ ਹਨ। ਬਣਾਵਟ ਇਹ ਅੰਬ,ਟਾਹਲੀ, ਤੂਤ, ਸ਼ੀਸ਼ਮ ਆਦਿ ਲਕੜੀ ਦੀ ਬਣੀ ਹੁੰਦੀ ਹੈ। ਇਸ ਦੀ ਲੰਬਾਈ ਦਸ ਉਂਗਲ ਤੋ ਲੈ ਕੇ ਬਾਰ੍ਹਾਂ ਉਂਗਲ ਤਕ ਹੋ ਸਕਦੀ ਹੈ।ਢਮਰੂ ਦੇ ਆਕਾਰ ਦੀ ਤਰ੍ਹਾਂ ਇਸ ਦਾ ਵਿਚਲਾ ਹਿੱਸਾ ਪਿਚਕਿਆ ਹੁੰਦਾ ਹੈ। ਇਸ ਦੇ ਦੋਵੇਂ ਮੂੰਹ ਗੋਲਾਈ ਦੇ ਆਕਾਰ ਦੇ ਹੁੰਦੇ ਹਨ ਅਤੇ ਇਨ੍ਹਾਂ ਦੀ ਲੰਬਾਈ ਚੌੜਾਈ ਚਾਰ ਤੋਂ ਪੰਜ ਉਂਗਲ ਹੋ ਸਕਦੀ ਹੈ। ਆਮ ਤੋਰ ਤੇ ਇਸ ਦੀ ਲੰਬਾਈ 16 ਸੈਂਟੀਮੀਟਰ ਤੇ ਮੂੰਹ ਦੀ ਚੌੜਾਈ 9 ਸੈਂਟੀਮੀਟਰ ਹੁੰਦੀ ਹੈ। ਇਨ੍ਹਾਂ ਉੱਤੇ ਚਮੜੇ ਦੀ ਪਤਲੀ ਖੱਲ ਦੇ ਪੁੜੇ ਚੜਾਏ ਜਾਂਦੇ ਹਨ ਅਤੇ ਇਨ੍ਹਾਂ ਦੋਹਾਂ ਪੁੜਿਆਂ ਨੂੰ ਸੂਤ ਦੀ ਪੱਤਲੀ ਰੱਸੀ ਨਾਲ ਸਤ ਜਾਂ ਅੱਠ ਜਗ੍ਹਾਂ (ਘਰ) ਵਿੱਚ ਮੜ੍ਹ ਦਿੱਤਾ ਜਾਂਦਾ ਹੈ। ਥੋੜ੍ਹੀ ਜਿਹੀ ਰੱਸੀ ਫਾਲਤੂ ਰੱਖੀ ਜਾਂਦੀ ਹੈ। ਜਿਸ ਨੂੰ ਕਿ ਵਜਾਉਣ ਵੇਲੇ ਵਿਚਲੇ ਹਿੱਸੇ ਉੱਤੇ ਲਪੇਟ ਕੇ ਹੱਥ ਨਾਲ ਖਿੱਚੀ ਜਾਂ ਢਿੱਲੀ ਕੀਤੀ ਜਾਂਦੀ ਹੈ। ਦੂਸਰੇ ਹੱਥ ਦੀਆਂ ਉਂਗਲਾਂ ਨਾਲ ਇਸ ਨੂੰ ਵਜਾਇਆ ਜਾਂਦਾ ਹੈ। ਇਸ ਤਰ੍ਹਾਂ ਕਰਨ ਨਾਲ ਇੱਕ ਖ਼ਾਸ ਕਿਸਮ ਦੀ ਆਵਾਜ਼ ਪੈਦਾ ਹੁੰਦੀ ਹੈ ਜਿਸ ਨੂੰ ਅਸੀਂ ਸ਼ਾਸਤਰੀ ਸੰਗੀਤ ਵਿੱਚ ਗਮਕ ਦੇ ਨਾਮ ਨਾਲ ਜਾਣਦੇ ਹਾਂ।

ਨਗਾਰਾ

[ਸੋਧੋ]

ਨਗਾਰੇ ਦਾ ਅੱਜ ਬੇਸ਼ਕ ਪੰਜਾਬ ਵਿੱਚ ਉਹ ਸਥਾਨ ਨਹੀਂ ਰਿਹਾ ਜਿਹੜ੍ਹਾ ਕੀ ਇਸ ਨੂੰ ਸਿੱਖ ਕਾਲ ਵਿੱਚ ਜਾਂ ਉਸ ਤੋਂ ਪਹਿਲਾਂ ਮਿਲਿਆ ਸੀ। ਇਹ ਅੱਤ ਪ੍ਰਾਚੀਨ ਸਾਜ਼ਾਂ ਦੀ ਗਿਣਤੀ ਵਿੱਚ ਆਉਂਦਾ ਹੈ। ਰਾਜੇ ਮਹਾਰਾਜੇ ਇਸ ਦਾ ਪ੍ਰਯੋਗ ਲੜਾਈ ਦੇ ਸਮੇਂ ਕਰਦੇ ਸਨ ਅਤੇ ਇਸ ਦੀ ਗਿਣਤੀ ਯੁੱਧ ਦੇ ਸਾਜ਼ਾਂ ਵਿੱਚ ਕੀਤੀ ਜਾਂਦੀ ਸੀ। ਨਗਾਰੇ ਉੱਤੇ ਚੋਟ ਲਗਾਉਣ ਦਾ ਮਤਲਬ ਹੀ ਇਹ ਹੁੰਦਾ ਸੀ ਕਿ ਲੜਾਈ ਹੋਣ ਵਾਲੀ ਹੈ। ਇਹ ਇੱਕ ਤਾਲ ਪ੍ਰਧਾਨ ਅਤੇ ਵੀਰ ਰਸ ਪ੍ਰਧਾਨ ਸਾਜ਼ ਹੈ। ਭਾਰਤ ਦੇ ਰਾਜਸਥਾਨ ਦੇ ਸ਼ੇਖ਼ਾਵਤੀ ਅਤੇ ਅਲਵਰ ਵਿੱਚ ਨਗਾਰਾ ਵਜਾਉਣ ਦੇ ਅੱਜ ਵੀ ਮੁਕਾਬਲੇ ਹੁੰਦੇ ਹਨ। ਉੱਤਰ ਪ੍ਰਦੇਸ਼ ਦੀ ਨੌਟੰਕੀ ਵਿੱਚ ਇਸ ਨੂੰ “ਨਕਾਰਾ” ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਪੰਜਾਬ ਵਿੱਚ ਇਹ ਸਾਜ਼ ਲਗਭਗ ਖ਼ਤਮ ਹੋਣ ਤੇ ਹੀ ਹੈ ਕਿਉਂਕੀ ਅੱਜ ਇਸ ਨੂੰ ਪੰਜਾਬ ਵਿੱਚ ਸਿਰਫ਼ ਗੁਰਦੁਆਰਿਆਂ ਵਿੱਚ ਕਦੇਂ ਕਦਾਈਂ ਵੱਜਦਾ ਸੁਣਿਆ ਜਾਂਦਾ ਹੈ। ਬਣਾਵਟ ਇਹ ਲੋਹੇ ਜਾਂ ਹੋਰ ਕਿਸੇ ਧਾਤੂ ਦੇ ਮੇਲ ਨਾਲ ਬਣਿਆ ਹੁੰਦਾ ਹੈ। ਇਸ ਉੱਤੇ ਮੱਝ ਦੀ ਖੱਲ ਮੜ੍ਹੀ ਜਾਂਦੀ ਹੈ ਚਮੜੇ ਦੀ ਦਵਾਲ ਨਾਲ ਇਸ ਨੂੰ ਕਸ ਦਿੱਤਾ ਜਾਂਦਾ ਹੈ। ਇਸ ਨੂੰ ਇੱਕ ਤਪਾਈ ਤੇ ਰੱਖ ਕੇ ਦੋ ਮੋਟੇ ਡੰਡਿਆਂ ਨਾਲ ਵਜਾਇਆ ਜਾਂਦਾ ਹੈ। ਆਮ ਤੌਰ 'ਤੇ ਇਸ ਦੇ ਮੂੰਹ ਦੀ ਚੌੜਾਈ 60 ਸੈਂਟੀਮੀਟਰ ਹੁੰਦੀ ਹੈ। ਇਸ ਦਾ ਸੁਰ ਉੱਚਾ ਕਰਨ ਲਈ ਇਸ ਦੀ ਮੜ੍ਹੀ ਹੋਈ ਖੱਲ ਨੂੰ ਧੁੱਪੇ ਜਾਂ ਅੱਗ ਨਾਲ ਸੇਕਿਆ ਜਾਂਦਾ ਹੈ ਅਤੇ ਸੁਰ ਨੀਵਾਂ ਕਰਨ ਲਈ ਇਸ ਦੀ ਖੱਲ ਉੱਤੇ ਪਾਣੀ ਦੀ ਭਿੱਜੀ ਹੋਈ ਗਿੱਲੀ ਲੀਰ ਰਗੜੀ ਜਾਂਦੀ ਹੈ ਤਾਂ ਜੋ ਇਸ ਦੀ ਖੱਲ ਨਰਮ ਹੋ ਕੇ ਹੇਠਲੇ ਸੁਰ ਤੇ ਬੋਲੇ। ਰਾਜਿਆਂ ਮਹਾਰਾਜਿਆਂ ਦੇ ਸਮੇਂ ਨਗਾਰੇ ਸਾਜ਼ ਨੂੰ ਉਹਨਾਂ ਦੀ ਸਵਾਰੀ ਅੱਗੇ ਵਜਾਇਆ ਜਾਂਦਾ ਸੀ ਤਾਂ ਜੋ ਲੋਕਾਂ ਨੂੰ ਪਤਾ ਲੱਗ ਜਾਵੇ ਕਿ ਮਹਾਰਾਜੇ ਦੀ ਸਵਾਰੀ ਆ ਰਹੀ ਹੈ।

ਖੰਜਰ

[ਸੋਧੋ]

ਪੰਜਾਬ ਵਿੱਚ ਖੰਜਰ ਦਾ ਪ੍ਰਯੋਗ ਲੋਕ ਗੀਤਾਂ ਅਤੇ ਲੋਕ ਨਾਚਾਂ ਵਿੱਚ ਹੁੰਦਾ ਹੈ। ਲੋਕ ਨਾਚ ਵਿੱਚ ਜਿਵੇਂ ਗਿੱਧਾ ਭੰਗੜਾ ਅਤੇ ਲੋਕ ਗੀਤਾਂ ਵਿੱਚ ਜਿਵੇਂ ਸੱਸੀ ਪੁਨੂੰ,ਹੀਰ ਰਾਂਝਾ,ਸੋਹਣੀ ਮਾਹੀਵਾਲ,ਦੇ ਕਿੱਸਿਆਂ ਅਤੇ ਹੋਲੀ ਦੇ ਗੀਤਾਂ ਵਿੱਚ ਕੀਤਾ ਜਾਂਦਾ ਹੈ। ਬਣਾਵਟ ਖੰਜਰ ਗੋਲ ਆਕਾਰ ਵਿੱਚ ਬਣੀ ਹੁੰਦੀ ਹੈ। ਇਹ ਗੋਲ ਆਕਾਰ ਦੀ ਲੱਕੜੀ ਦੀ ਜਾਂ ਪਿਤਲ ਦੀ ਚਾਦਰ ਦੀ ਹੁੰਦੀ ਹੈ। ਇਸ ਦੇ ਮੂੰਹ ਦੀ ਚੌੜਾਈ 18 ਤੋਂ ਲੈ ਕੇ 24 ਸੈਂਟੀਮੀਟਰ ਤਕ ਹੁੰਦੀ ਹੈ। ਇਸ ਦੇ ਘੇਰੇ ਦੀ ਲੱਕੜੀ ਜਾਂ ਚਾਦਰ ਦੀ ਚੌੜਾਈ ਤਿੰਨ ਤੋਂ ਲੈ ਕੇ ਚਾਰ ਉਂਗਲ ਤੱਕ ਹੁੰਦੀ ਹੈ। ਇਸ ਦੇ ਘੇਰੇ ਉੱਤੇ ਚਮੜੇ ਦੀ ਪਤਲੀ ਖੱਲ ਮੜ੍ਹੀ ਹੁੰਦੀ ਹੈ। ਇਸ ਦੇ ਘੇਰੇ ਦੀ ਅੱਠ ਤੋਂ ਲੈ ਕੈ ਬਾਰ੍ਹਾਂ ਉਂਗਲ ਤਕ ਹੋ ਸਕਦੀ ਹੈ। ਇਸ ਦੀ ਲਕੜੀ ਜਾਂ ਪਿਤਲ ਦੇ ਘੇਰੇ ਨੂੰ ਤਿੰਨ ਚਾਰ ਜਗ੍ਹਾਂ ਵਿਚੋਂ ਕੱਟ ਕੇ ਥਿੰਨ ਚਾਰ ਛੋਟੇ-ਛੋਟੇ ਛੈਣੇ ਲਗਾਏ ਜਾਂਦੇ ਹਨ। ਜਦ ਖੰਜਰੀ ਦੀ ਖੱਲ ਉੱਤੇ ਹੱਥ ਦੀ ਥਾਪ ਲੱਗਦੀ ਹੈ ਤਾਂ ਇਹ ਨਿੱਕੇ ਨਿੱਕੇ ਛੈਣੇ ਆਪਸ ਵਿੱਚ ਟਕਰਾ ਕੇ ਬੜੀ ਮਧੁਰ ਆਵਾਜ਼ ਦਿੰਦੇ ਹਨ। ਕਈ ਲੋਕ ਖੱਬੇ ਹ4ਥ ਦੀ ਵਿਕਾਰਲੀ ਉਂਗਲ ਨਾਲ ਇਸ ਦੀ ਖੱਲ ਦੇ ਕਿਨੀਰੇ ਨੂੰ ਦਬਾ ਕੇ ਗਮਕ ਪੈਦਾ ਕਰਦੇ ਹਨ। ਦੱਖਣੀ ਭਾਰਤ ਵਿੱਚ ਪੰਡਿਤ ਅਹੋਬਲ ਦੇ ਅਨੁਸਾਰ ਇਹ ਸਾਜ਼ ਗੰਜੀਰਾ ਦੇ ਨਾ ਨਾਲ ਅੱਜ ਵੀ ਪ੍ਰਯੋਗ ਕੀਤਾ ਜਾਂਦਾ ਹੈ। ਖੰਜਰ ਦਾ ਪ੍ਰਯੋਗ ਪੰਜਾਬ ਵਿੱਚ ਹੀ ਨਹੀਂ ਸਗੋਂ ਸਮੁੱਚੇ ਭਾਰਤ ਵਿੱਚ ਭਜਨਾਂ, ਲੋਕ ਗੀਤਾਂ ਅਤੇ ਲੋਕ ਨਾਚਾਂ ਵਿੱਚ ਕੀਤਾ ਜਾਂਦਾ ਹੈ।

ਤੰਤ ਸਾਜ਼

[ਸੋਧੋ]

ਤੰਤ ਸਾਜ਼ਾਂ ਦਾ ਜਨਮ ਧਨੁਸ਼ ਤੋਂ ਮੰਨਿਆ ਜਾਂਦਾ ਹੈ। ਮਨੁੱਖ ਨੇ ਜਦੋਂ ਧਨੁਸ਼ ਨੂੰ ਤਾਣਿਆ ਅਤੇ ਢਿੱਲਾ ਕੀਤਾ ਤਾਂ ਉਸ ਵਿਚੋਂ ਇੱਕ ਪ੍ਰਕਾਰ ਦੀ ਧੁਨੀ ਉਤਪੰਨ ਹੋਈ ਜਿਸ ਨੇ ਅਗੋਂ ਤੰਤ ਸਾਜ਼ਾਂ ਦਾ ਰੂਪ ਧਾਰਨ ਕੀਤਾ। ਪਹਿਲੇ ਪਹਿਲ ਮਨੁੱਖ ਨੇ ਲੱਕੜੀ ਨੂੰ ਧਨੁਸ਼ ਦੇ ਆਕਾਰ ਵਿੱਚ ਖੋਦਿਆ ਅਤੇ ਉਸ ਉੱਤੇ ਖੱਲ ਮੜ੍ਹ ਕੇ ਤਾਰ ਚੜ੍ਹਾ ਦਿੱਤੇ ਜਿਸ ਤੋਂ ਵੀਣਾ ਦਾ ਜਨਮ ਹੋਇਆ। ਤੀਸਰੀ ਸ਼ਤਾਬਦੀ ਤੋ ਪੂਰਵ ਇਸ ਪ੍ਰਕਾਰ ਦੀ ਵੀਣਾ ਦਾ ਜਨਮ ਹੋਇਆ। ਤੀਸਰੀ ਸ਼ਤਾਬਦੀ ਤੋਂ ਪੂਰਵ ਇਸ ਪ੍ਰਕਾਰ ਦੀ ਵਿਣਾ ਪ੍ਰਚਾਰ ਵਿੱਚ ਸੀ। ਵੈਦਿਕ ਕਾਲ ਵਿੱਚ ਸਾਨੂੰ ਸ਼ਤੰਤਤਰੀ ਵੀਣਾ, ਓਦੰਬਰੀ ਵੀਣਾ, ਕਤਯਾਯਨੀ ਵੀਣਾ ਆਦਿ ਦੇ ਨਾਂ ਮਿਲਦੇ ਹਨ। ਮੱਧ ਕਾਲ ਵਿੱਚ ਇਕ-ਤਾਰੇ ਦਾ ਖ਼ਾਸ ਪ੍ਰਚਾਰ ਸੀ। ਅਸੀਂ ਮੀਰਾ ਬਾਈ ਅਤੇ ਚੇਤੰਨ ਪ੍ਰਭੂ ਦੇ ਹੱਥ ਵਿੱਚ ਇੱਕ ਤਾਰਾ ਫਰਿਆ ਵੇਖਦੇ ਹਾਂ ਜਿਸ ਦੇ ਨਾਲ ਉਹ ਭਗਤੀ ਭਾਵ ਦੇ ਗੀਤ ਘਾਉਂਦੇ ਸਨ। ਇਸੀ ਕਾਲ ਵਿੱਚ ਸਿਤਾਰ ਦਾ ਰੂਪ ਬਮਿਆ। ਅੱਜ ਇਸੀ ਆਧਾਰ ਤੇ ਵਿਕਸਿਤ ਹੋਏ ਸਰੋਦ, ਰਬਾਬ, ਸੂਰੰਗੀ, ਸਿਤਾਰ, ਗਿਟਾਰ, ਸੁਰਮੰਡਲ, ਵਾਇਲਨ, ਦਿਲਰੁਬਾ,ਇਸਰਾਜ਼, ਤਾਊਸ ਆਦਿ ਦੇ ਰੂਪ ਦੇਕਦੇ ਹਾਂ।

ਤੂੰਬੀ(ਇੱਕ ਤਾਰਾ)

[ਸੋਧੋ]

ਇਕ ਤਾਰਾ ਜਾਂ ਤੂੰਬੀ ਅਤਿ ਪ੍ਰਚੀਨ ਕਾਲ ਦਾ ਸਾਜ਼ ਹੈ। ਪ੍ਰਚੀਨ ਕਾਲ ਤੋ ਲੈ ਕੇ ਹੁਣ ਤਕ ਇਹ ਸਾਧੂ ਸੰਤਾਂ ਦਾ ਸਾਜ਼ ਰਿਹਾ ਹੈ। ਸਾਧੂ ਸੰਤ ਇਸ ਦੇ ਨਾਲ ਓਮ ਨਮੋ ਦਾ ਜਾਪ ਕਰਦੇ ਸਨ। ਅਰਥਾਤ ਇਹ ਮੋਖ ਪ੍ਰਪਤੀ ਦਾ ਸਾਧਨ ਬਣਿਆ ਰਿਹਾ। ਇਸ ਦੀ ਉਦਾਹਰਨ ਮੀਰਾ ਬਾਈ ਸਾਡੇ ਸਾਹਮਣੇ ਹੈ। ਮੀਰਾ ਬਾਈ ਨੇ ਇੱਕ ਤਾਰੇ ਦੇ ਨਾਲ ਹੀ ਭਜਨ ਕਰਦੇ ਹੋਏ ਭਗਵਾਨ ਕ੍ਰਿਸ਼ਨ ਨੂੰ ਪਾਇਆ। ਪ੍ਰਚੀਨ ਕਾਲ ਵਿੱਚ ਸ਼ਾਸਤਰੀ ਸੰਗੀਤ ਦਾ ਅਭਿਆਸ ਕਰਨ ਲਈ ਇੱਕ ਤਾਰੇ ਦਾ ਪ੍ਰਯੋਗ ਹੁੰਦਾ ਸੀ। ਵਿਦਵਾਨ ਲੋਕ ਇਸ ਨੂੰ ਆਪਣੇ ਸੁਰ ਤੇ ਮਿਲਾ ਕੇ ‘ਸਾ ਰੇ ਪਾ ਧਾ ਨੀ ਸਾ’ ਸਰਗਮ ਦਾ ਅਭਿਆਸ ਕਰਦੇ। ਹੌਲੀ ਹੌਲੀ ਇਸ ਸਾਜ਼ ਨੇ ਤਰੱਕੀ ਕੀਤੀ ਤੇ ਇਹ ਲੋਕ ਗੀਤਾਂ ਵਿੱਚ ਵੀ ਪ੍ਰਯੋਗ ਹੋਣ ਲੱਗਾ। ਇਸ ਦੇ ਆਕਾਰ ਅਤੇ ਤਾਰਾਂ ਨੂੰ ਵਧਾ ਕੇ ਤਾਨਪੂਰੇ ਦੀ ਸ਼ਕਲ ਦਿੱਤੀ ਗਈ। ਦੂਜੇ ਪਾਸੇ ਇਸ ਦੇ ਆਕਾਰ ਨੂੰ ਛੋਟਾ ਕਰ ਕੇ ਤੂੰਬੀ ਬਣਾ ਦਿੱਤੀ ਗਈ,ਜਿਹੜੀ ਕਿ ਪੰਜਾਬ ਦੇ ਲੋਕ ਗੀਤਾਂ ਵਿੱਚ ਅੱਜ ਪ੍ਰਯੋਗ ਕੀਤੀ ਜਾਂਦੀ ਹੈ। ਪੰਜਾਬ ਵਿੱਚ ਤੂੰਬੀ ਭੰਗੜਾ, ਮਿਰਜ਼ਾ, ਜੁਗਨੀ ਅਤੇ ਕਈ ਹੋਰ ਪੰਜਾਬੀ ਲੋਕ ਗੀਤਾਂ ਨਾਲ ਵਜਾਈ ਜਾਂਦੀ ਹੈ। ਬਣਾਵਟ ਤੂੰਬੀ ਇੱਕ ਸਧਾਰਨ ਬਣਾਵਟ ਦਾ ਸਾਜ਼ ਹੈ। ਇਹ ਆਮ ਤੌਰ 'ਤੇ ਕੱਦੂ ਜਾਂ ਲਕੜੀ ਨੂੰ ਖੋਖਲਾ ਕਰ ਕੇ ਇੱਕ ਖੋਲ ਬਣਾ ਲਿਆ ਜਾਂਦਾ ਹੈ। ਇਸ ਦੇ ਵਿੱਚ ਇੱਕ ਤੋਂ ਲੈ ਕੇ ਡੇਢ ਫੁੱਟ ਤਕ ਲਕੜੀ ਦਾ ਡੰਡਾ ਗੋਲ ਤਰਾਸ਼ ਕੇ ਲਗਾ ਦਿੱਤਾ ਜਾਂਦਾ ਹੈ। ਇਸ ਦੇ ਡੰਡੇ ਦੀ ਲੰਬਾਈ 54 ਸੈਂਟੀਮੀਟਰ ਤੇ ਖੋਲ ਦੀ ਚੌੜਾਈ 9 ਸੈਂਟੀਮੀਟਰ ਹੁੰਦੀ ਹੈ। ਇਸ ਖੋਲ ਦੇ ਮੂੰਹ ਉੱਤੇ ਮੂੰਹ ਉੱਤੇ ਇੱਕ ਪਤਲੀ ਖੱਲ ਚਰ੍ਹਈ ਜਾਂਦੀ ਹੈ ਅਤੇ ਡੰਡੇ ਦੇ ਉੱਪਰਲੇ ਪਾਸੇ ਇੱਕ ਲੱਕੜੀ ਦੀ ਖੂੰਟੀ ਲਗਾਈ ਜਾਂਦੀ ਹੈ। ਜਿਸ ਵਿੱਚ ਤਾਰ ਪਿਰੋ ਕੇ ਡੰਡੇ ਦੇ ਨਿਚਲੇ ਪਸੇ ਤਾਰ ਨੂੰ ਮਰੋੜੀ ਦੇ ਕੇ ਬੰਨ੍ਹ ਦਿੱਤੀ ਜਾਂਦੀ ਹੈ। ਚਮੜੇ ਦੀ ਖੋਲ ਉੱਤੇ ਇੱਕ ਭਾਂਸ ਜਾਂ ਲਕੜੀ ਦਾ ਟੁਕੜਾ ਰੱਖਿਆ ਜਾਂਦਾ ਹੈ ਜਿਸ ਦੇ ਉੱਤੇ ਤਾਰ ਟਿਕਦੀ ਹੈ। ਖੂੰਟੀ ਦੇ ਨਾਲ ਤਾਰ ਨੂੰ ਕੱਸ ਕੇ ਆਪਣੀ ਇੱਛਾ ਅਨੁਸਾਰ ਮਿਲਾ ਲਿਆ ਜਾਂਦਾ ਹੈ। ਅੱਜ ਕਲ੍ਹ ਇਸ ਨੂੰ ਵਜਾਉਣ ਲਈ ਸੱਜੇ ਹੱਥ ਦੀ ਪਹਿਲੀ ਉਂਗਲ ਵਿੱਚ ਸਿਤਾਰ ਦੀ ਮਿਜਰਾਬ ਪਾ ਕੇ ਵਜਾਉਂਦੇ ਹਨ ਅਤੇ ਉੱਪਰਲੇ ਪਾਸੇ ਖੱਬੇ ਹੱਥ ਦੀਆਂ ਉਂਗਲਾਂ ਨਾਲ ਤਾਰ ਨੂੰ ਦਬਾ ਕੇ ਸੁਰ ਕੱਢੇ ਜਾਂਦੇ ਹਨ। ਪਰ ਪਹਿਲਾ ਇਸ ਨੂੰ ਖ਼ਾਲੀ ਉਂਗਲ ਨਾਲ ਹੀ ਵਜਾਉਣ ਦਾ ਰਿਵਾਜ ਸੀ। ਅੱਜ ਵੀ ਕਈ ਇਸ ਨੂੰ ਇੱਕ ਉਂਗਲ ਨਾਲ ਹੀ ਵਜਾਉਂਦੇ ਹਨ,ਮਿਜਰਾਬ ਦੀ ਵਰਤੋਂ ਨਹੀਂ ਕਰਦੇ। ਅੱਜ ਪੰਜਾਬ ਦੇ ਲੋਕ ਗੀਤਾਂ ਵਿੱਚ ਜੋ ਮਹੱਤਤਾ ਇਸ ਸਾਜ਼ ਨੂੰ ਪ੍ਰਾਪਤ ਹੈ ਸ਼ਾਇਦ ਹੋਰ ਕਿਸੇ ਨੂੰ ਵੀ ਨਹੀਂ।

ਸਾਰੰਗੀ

[ਸੋਧੋ]

ਭਾਰਤੀ ਸੰਗੀਤ ਸਾਜ਼ਾਂ ਵਿੱਚ ਕੇਵਲ ਸਾਰੰਗੀ ਹੀ ਇਸ ਤਰ੍ਹਾਂ ਹੈ ਜਿਸ ਵਿੱਚ ਹਰ ਗਾਇਕੀ ਅੰਗ ਵਜਾਇਆ ਜਾ ਸਕਦਾ ਹੈ। ਜਿਵੇਂ ਕਿ ਇਸ ਦੇ ਨਾਂ ਤੋਂ ਸਪਸ਼ਟ ਹੁੰਦਾ ਹੈ ਇਸ ਵਿੱਚ ਸੌ ਰੰਗ ਹੁਦੇ ਹਨ ਅਰਥਾਤ ਹਰੇਕ ਰੰਗ ਨਾਲ ਇਹ ਭਰਪੂਰ ਹੈ। ਇਸ ਨੂੰ ਸ਼ਾਸਤਰੀ ਸੰਗੀਤ ਅਤੇ ਲੋਕ ਸੰਗੀਤ ਵਿੱਚ ਪ੍ਰਯੋਗ ਕੀਤਾ ਜਾਂਦਾ ਹੈ। ਇੱਥੇ ਇਹਨਾਂ ਦੇ ਪ੍ਰਯੋਗ ਵਿੱਚ ਥੋੜਾ ਫ਼ਰਕ ਹੁੰਦਾ ਹੈ। ਸ਼ਾਸਤਰੀ ਸੰਗੀਤ ਵਿੱਚ ਪ੍ਰਯੋਗ ਹੋਣ ਵਾਲੀ ਸਾਰੰਗੀ ਦਾ ਸਾਥ ਤਬਲਾ ਦਿੰਦਾ ਹੈ ਅਤੇ ਲੋਕ ਸੰਗੀਤ ਵਿੱਚ ਪ੍ਰਯੋਗ ਹੋਣ ਵਾਲੀ ਸਾਰੰਗੀ ਦੀ ਸੰਗਤ ਢੱਡ ਕਰਦੀ ਹੈ। ਪੰਜਾਬ ਦੇ ਲੋਕ ਸੰਗੀਤ ਸਾਰੰਗੀ ਦਾ ਕਾਫ਼ੀ ਮਹੱਤਵਪੂਰਨ ਸਥਾਨ ਹੈ। ਸਾਰੰਗੀ ਨਾਲ ਕਲੀਆਂ ਗਾਈਆਂ ਜਾਦੀਆਂ ਹਨ ਜਿਵੇਂ ਹੀਰ ਦੀ ਕਲੀ, ਸੱਸੀ ਦੀ ਕਲੀ, ਮਿਰਜ਼ੇ ਦੀ ਕਲੀ, ਦੁੱਲਾ ਭੱਟੀ ਆਦਿ ਕਿਸੇ ਗਾਏ ਜਾਂਦੇ ਹਨ। ਕਦੇ ਕਦੇ ਬੋਲੀਆਂ ਵਿੱਚ ਵੀ ਇਸ ਦਾ ਪ੍ਰਯੋਗ ਹੁੰਦਾ ਹੈ। ਬਣਾਵਟ ਇਹ ਲੱਗਪਗ ਦੋ ਫੁੱਟ ਲੰਬੀ ਹੁੰਦੀ ਹੈ। ਆਮ ਤੌਰ 'ਤੇ ਇਸ ਦੀ ਲੰਬਾਈ 58 ਸੈਂਟੀਮੀਟਰ ਤੇ ਚੌੜਾਈ 13 ਸੈਂਟੀਮੀਟਰ ਹੁੰਦੀ ਹੈ। ਇਸ ਵਿੱਚ ਤੂੰਬੇ ਦੀ ਜਗ੍ਹਾ ਤੇ ਲਕੜੀ ਦਾ ਬਣਿਆ ਹੋਇਆ ਢਿੱਡ ਹੁੰਦਾ ਹੈ, ਜਿਹੜਾ ਹੇਠਾਂ ਨੂੰ ਚਿਪਕਿਆ ਹੋਇਆ ਅਤੇ ਉੱਤੇ ਨੂੰ ਡਮਰੂ ਦੇ ਆਕਾਰ ਦਾ ਹੁੰਦਾ ਹੈ। ਇਹ ਲੱਕੜੀ ਨੂੰ ਖੋਦ ਕੇ ਬਣਾਇਆ ਜਾਂਦਾ ਹੈ ਅਤੇ ਇਹਦੇ ਉੱਤੇ ਚਮੜੇ ਨੂੰ ਮੜ੍ਹ ਦਿੱਤਾ ਜਾਂਦਾ ਹੈ। ਇਸ ਚਮੜੇ ਦੇ ਉੱਤੇ ਵਿਚਕਾਰ ਨੂੰ ਊਠ ਦੀ ਹੱਡੀ ਦੀ ਘੋੜੀ ਦੇ ਉੱਪਰੋਂ ਚਾਰ ਤੰਦਾਂ (ਚਮੜੇ ਦੀਆਂ ਤਾਰਾਂ) ਖੂੰਟੀਆ ਵੱਲ ਚਲੀਆਂ ਜਾਦੀਆਂ ਹਨ। ਇਸ ਨੂੰ ਕਮਾਨ ਦੀ ਮਦਦ ਨਾਲ ਵਜਾਇਆ ਜਾਂਦਾ ਹੈ। ਖੱਬੇ ਹੱਥ ਦੀਆਂ ਉਂਗਲੀਆਂ ਦੇ ਨਹੁੰ ਨਾਲ ਤੰਦ ਦੀਆਂ ਤਾਰਾਂ ਪਿੱਛੇ ਤੋਂ ਛੂਹ ਕੇ ਆਪਣੀ ਇੱਛਾ ਅਨੁਸਾਰ ਸੁਰ ਕੱਢੇ ਜਾਂਦੇ ਹਨ। ਇਸ ਵਿੱਚ ਪਰਦੇ ਨਹੀਂ ਹੁੰਦੇ ਕੇਵਲ ਅਭਿਆਸ ਨਾਲ ਸੁਰ ਕੱਢੇ ਜਾਂਦੇ ਹਨ।

ਘੁਮਚੂ(ਬੁਗਦੁ)

[ਸੋਧੋ]
ਬੁਗਚੂ

ਇਹ ਭਾਰਤੀ ਪ੍ਰਚੀਨ ਤੱਤ ਸਾਜ਼ਾਂ ਵਿਚੋਂ ਇੱਕ ਹੈ ਜਿਸ ਨੂੰ ਤੂੰਬਾ ਜਾਂ ਘੁਮਚੂ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਇਸ ਤਰ੍ਹਾਂ ਦਾ ਇੱਕ ਸਾਜ਼ ਮਹਾਂਰਾਸ਼ਟਰ ਵਿੱਚ ਵੀ ਹੈ ਜਿਸ ਨੂੰ ਮਹਾਂਰਾਸ਼ਟਰ ਦੇ ਲੋਕ ਤੁਨਤਨਾ ਆਖਦੇ ਹਨ। ਪੰਜਾਬ ਲੋਕ ਸੰਗੀਤ ਵਿੱਚ ਅੱਜ ਬੇਸ਼ਕ ਇਸ ਦੀ ਵਰਤੋਂ ਵੱਡੀ ਮਾਤਰਾ ਵਿੱਚ ਨਹੀਂ ਕੀਤੀ ਜਾਂਦੀ, ਪਰ ਫਿਰ ਵੀਪੰਜਾਬ ਦੇ ਲੋਕ ਗੀਤਾਂ, ਭੰਗੜੇ ਅਤੇ ਪੰਜਾਬੀ ਬੋਲੀਆਂ ਵਿੱਚ ਇਸ ਦਾ ਮਹੱਤਵਪੂਰਨ ਸਥਾਨ ਹੈ। ਬਣਾਵਟ ਇਸ ਦੀ ਬਣਾਵਟ ਬੜੀ ਸਿੱਧੀ ਤੇ ਸਧਾਰਨ ਹੁੰਦੀ ਹੈ। ਇਹ ਆਮ ਤੌਰ 'ਤੇ ਅੰਬ ਦੀ ਲੱਕੜ ਦਾ ਬਣਿਆ ਹੁੰਦਾ ਹੈ ਅਤੇ ਇਸ ਦੀ ਲੰਬਾਈ 11 ਉਂਗਲ ਤੋ ਲੈ ਕੇ 13 ਉਂਗਲ ਤੱਕ ਹੁੰਦੀ ਹੈ। ਢੱਡ ਵਾਂਗ ਇਸ ਦਾ ਢਿੱਡ ਵਿਚੋਂ ਪਿਚਕੀਆ ਹੋਇਆ ਤੇ ਮੂੰਹ ਖੁੱਲਾ ਹੁੰਦਾ ਹੈ। ਇਸ ਦੇ ਮੂੰਹ ਦਾ ਆਕਾਰ ਸੱਤ ਅੱਠ ਉਂਗਲ ਗੋਲਾਈ ਵਿੱਚ ਹੁੰਦਾ ਹੈ। ਇਸ ਦੇ ਇੱਕ ਮੂੰਹ ਉੱਤੇ ਚਮੜੇ ਦੀ ਖੱਲ ਮੜ੍ਹੀ ਹੁੰਦੀ ਹੈ। ਇਸ ਮੜ੍ਹੀ ਹੋਈ ਖੱਲ ਦੇ ਵਿਚਕਾਰ ਲਗਭਗ ਅੱਧਾ ਮੀਟਰ ਚਮੜੇ ਦੀ ਤੰਦ (ਤਾਰ) ਪਿਰੋ ਕੇ ਦੂਜੇ ਮੂੰਹ ਰਾਹੀਂ ਕੱਢ ਦਿੱਤੀ ਜਾਂਦੀ ਹੈ। ਇਸ ਤੰਦ ਦੇ ਚਮੜੇ ਵਾਲੇ ਸਿਰ ਨੂੰ ਗੰਢ ਦਿੱਤੀ ਜਾਂਦੀ ਹੈ ਤੇ ਦੂਜੇ ਸਿਰੇ ਨੂੰ ਇਹ ਲਕੜੀ ਦੇ ਗੱਟੇ ਵਿੱਚ ਗੰਢ ਮਾਰ ਕੇ ਪਿਰੋ ਦਿੱਤਾ ਜਾਂਦਾ ਹੈ। ਇਸ ਦੇ ਵਜਾਉਣ ਦਾ ਢੰਗ ਇਹ ਹੈ ਕਿ ਤੂੰਬੇ ਨੂੰ ਖੱਬੇ ਪਾਸੇ ਕੁਛੱੜ ਵਿੱਚ ਮਾਰ ਕੇ ਤੰਦ ਸਿੱਧੀ ਕਰ ਲਈ ਜਾਏ ਤੇ ਸੱਜੇ ਹੱਥ ਦੀ ਪਹਿਲੀ ਉਂਗਲ ਨਾਲ ਇਸ ਦੀ ਤੰਦ ਤੇ ਚੋਟ ਮਾਰਦੇ ਹੋਏ ਲਕੜੀ ਦੇ ਗੱਟੇ ਨੂੰ ਖੱਬੇ ਹੱਥ ਖੱਨਾਲ ਖਿੱਚਿਆ ਜਾਂ ਢਿੱਲਾ ਕੀਤਾ ਜਾਂਦਾ ਹੈ,ਇਸ ਤਰ੍ਹਾਂ ਇਸ ਵਿਚੋਂ ਗਮਕ ਦੀ ਆਵਾਜ਼ ਪੈਦਾ ਹੁੰਦੀ ਹੈ ਪਰ ਇਹ ਗਮਕ ਢੱਡ ਦੀ ਗਮਕ ਨਾਲੋਂ ਵੱਖਰੀ ਹੁੰਦੀ ਹੋ। ਇਹ ਸਾਜ਼ ਲੋਕ ਗੀਤਾਂ ਜਾਂ ਬੋਲੀਆਂ ਵਿੱਚ ਸੁਰ ਨੂਲੋਂ ਜ਼ਿਆਦਾ ਤਾਲ ਪ੍ਰਧਾਨ ਰਹਿੰਦਾ ਹੈ।

ਸੁਸ਼ਿਰ ਸਾਜ਼

[ਸੋਧੋ]

ਆਰੰਭ ਵਿੱਚ ਆਦਿ ਮਾਨਵ ਨੇ ਜੰਗਲ ਵਿੱਚ ਗੁਜ਼ਰਦੀ ਹੋਈ ਆਵਾਜ਼ ਦੀ ਸਾਂ ਸਾਂ ਨੂੰ ਸੁਣਿਆ ਹੋਵੇਗਾ ਜਿਸ ਦੇ ਨਤੀਜੇ ਵਜੋਂ ਉਸ ਨੂੰ ਇਸ ਗੱਲ ਦਾ ਧਿਆਨ ਹੋਇਆ ਹੋਵੇਗਾ ਕਿ ਬਾਂਸ ਵਿੱਚ ਹਵਾ ਦੇ ਪ੍ਰਵੇਸ਼ ਨਾਲ ਇੱਕ ਪ੍ਰਕਾਰ ਦੀ ਧੁਨੀ ਉਤਪੰਨ ਹੁੰਦੀ ਹੈ। ਸੁਸ਼ਿਰ ਸਾਜ਼ਾਂ ਵਿੱਚ ਸਭ ਤੋਂ ਪ੍ਰਚੀਨ ਸਾਜ਼ ਬੰਸਰੀ,ਬੇਣੂ ਅਤੇ ਮੁਰਲੀ ਹੈ। ਭਗਵਾਨ ਕ੍ਰਿਸ਼ਨ ਨੂੰ ਅਸੀਂ ਸੁਸ਼ਿਰ ਸਾਜ਼ ਦਾ ਪ੍ਰਮੁੱਖ ਵਾਦਕ ਮੰਨਦੇ ਹਾਂ ਜਿੰਨਾਂ ਦੀ ਬੰਸਰੀ ਦੀ ਮਧੁਰ ਧੁਨੀ ਸੁਣ ਖੋ ਗੋਪੀਆਂ ਆਪਣੀ ਸੁਧ ਬੁਧ ਕੋ ਦਿੰਦੀਆਂ ਸਨ। ਆਧੁਨਿਕ ਯੁਗ ਵਿੱਚ ਸੁਸ਼ਿਰ ਸਾਜ਼ ਦੇ ਕਈ ਵਿਕਸਿਤ ਅਤੇ ਪ੍ਰਚੱਲਿਤ ਰੂਪ ਹਨ ਜਿਹਨਾਂ ਵਿਚੋਂ ਬੰਸਰੀ,ਸ਼ਹਿਨਾਈ,ਬੀਨ, ਨਾਗਸਵਰਮ,ਨਗੋਜ਼ੇ,ਅਲਗੋਜ਼ੇ,ਕਲਾਰਨੈਟ,ਹਾਰਮੋਨੀਅਮ,ਬਿੰਗਲ,ਸੰਖ ਆਦਿ।

ਨਗੋਜ਼ੇ(ਅਲਗੋਜੇ)

[ਸੋਧੋ]

ਪੰਜਾਬ ਦੇ ਲੋਕ ਗੀਤਾਂ ਵਿੱਚ ਨਗੋਜ਼ਿਆਂ ਦਾ ਇੱਕ ਮਹੱਤਵਪੂਰਨ ਸਥਾਨ ਹੈ। ਪੰਜਾਬ ਵਿੱਚ ਆਮ ਤੌਰ 'ਤੇ ਇਹ ਸਾਝ ਲੋਕ ਗੀਤਾਂ ਨਾਲ ਵਜਾਇਆ ਜਾਂਦਾ ਹੈ। ਪਿਡਾਂ ਵਿੱਚ ਗਊਆਂ, ਮੱਝਾਂ ਚਰਾਉਣ ਵਾਲੇ (ਪਾਲੀ) ਦਾ ਇਹ ਮਨ ਭਾਉਂਦਾ ਸਾਜ਼ ਹੈ। ਬਣਾਵਟ ਇਸ ਸਾਜ਼ ਨੂੰ ਬਣਾਉਣ ਵਾਸਤੇ ਬਾਂਸ ਨੂੰ ਖੋਖਲਾ ਕੀਤਾ ਜਾਂਦਾ ਹੈ। ਬੰਸਰੀ ਦਾ ਹੀ ਇਹ ਇੱਕ ਰੂਪ ਹੈ। ਇਹ ਦੋਵੇਂ ਬੰਸਰੀਆ ਨੂੰ ਇਕੱਠਾ ਵਜਾਇਆ ਜਾਂਦਾ ਹੈ। ਇਸ ਵਿੱਚ ਚਾਰ ਤੋਂ ਲੈ ਕੇ ਛੇ ਤਕ ਛੇਦ ਹੁੰਦੇ ਹਨ ਅਤੇ ਇਨ੍ਹਾਂ ਦੋਵਾਂ ਨੂੰ ਇਕੱਠੇ ਹੀ ਫੂਕ ਮੂਰੀ ਜਾਂਦੀ ਹੈ। ਇਹ ਸਾਜ਼ ਦੋਵੇਂ ਹੱਥਾਂ ਨਾਲ ਵਜਾਇਆ ਜਾਂਦਾ ਹੈ। ਹਰੇਕ ਬੰਸਰੀ ਉੱਤੇ ਤਿੰਨ ਤਿੰਨ ਉਂਗਲਾਂ ਰਖੀਆਂ ਜਾਂਦੀਆਂ ਹਨ। ਇਸ ਸਾਜ਼ ਨਾਲ ਲੋਕ ਗੀਤਾਂ ਦੀ ਸੰਗਤ ਕੀਤੀ ਜਾਂਦੀ ਹੈ ਅਤੇ ਸੁਤੰਤਰ ਰੂਪ ਨਾਲ ਵਜਾਇਆ ਜਾਂਦਾ ਹੈ।ਇਸ ਸਾਜ਼ ਦਾ ਸੁਰ ਕਾਫ਼ੀ ਉੱਚਾ ਹੁੰਦਾ ਹੈ। ਇਸ ਕਰ ਕੇ ਇਸ ਦੇ ਨਾਲ ਗਾਉਣ ਵਾਲੇ ਵੀ ਕਾਫ਼ੀ ਉੱਚੇ ਸੁਰ ਤੇ ਗਾਉਂਦੇ ਹਨ। ਸਿੰਧ ਪ੍ਰਦੇਸ਼ ਵਿੱਚ ਥੋੜਾ ਜਿਹਾ ਅੰਤਰ ਕਰ ਕੇ ਇਸ ਸਾਜ਼ ਨੂੰ ਬੀਨ ਆਕਦੇ ਹਨ। ਅੱਜ ਕੱਲ ਨਗੋਜ਼ਿਆਂ ਨੂੰ ਪੰਜਾਬ ਦੇ ਲੋਕ ਸਾਜ਼ਾਂ ਨਾਲ,ਪੰਜਾਬੀ ਬੋਲੀਆਂ ਅਤੇ ਹੋਰ ਕਈ ਲੋਕ ਗੀਤਾਂ, ਗਿੱਧਿਆਂ ਅਤੇ ਭੰਗੜਿਆਂ ਨਾਲ ਵਜਾਉਂਦੇ ਹਨ।

ਘਣ ਸਾਜ਼

[ਸੋਧੋ]

ਸਾਜ਼ਾਂ ਦੀ ਅੰਤਿਮ ਕਿਸਮ ਘਣ ਸਾਜ਼ ਹੈ। ਇਨ੍ਹਾਂ ਸਾਜ਼ਾਂ ਦੀ ਧੁਨੀ ਕਿਸੇ ਧਾਤੂ ਜਾਂ ਲਕੜੀ ਦੇ ਆਪਸੀ ਟਕਰਾਅ ਨਾਲ ਪੈਦਾ ਹੁੰਦੀ ਹੈ। ਪ੍ਰਚੀਨ ਕਾਲ ਤੋਂ ਹੀ ਮੰਦਰਾਂ ਵਿੱਚ ਖੜਕਦੇ ਹੋਏ ਟੱਲ, ਘੜਿਆਲ, ਘੰਟੀਆਂ, ਘੁੰਗਰੂ ਆਦਿ ਦਾ ਉਲੇਖ ਮਿਲਦਾ ਹੈ। ਅੱਜ ਅਸੀਂ ਇਸ ਦੇ ਅੰਤਰਗਤ ਮੰਜੀਰਾ,ਖੜਤਾਲ,ਝਾਂਜ, ਜਲਤਰੰਗ,ਕਾਠ ਤਰੰਗ, ਨਲ ਤਰੰਗ,ਕਾਂਚ ਤਰੰਗ, ਚਿਮਟਾ,ਮੋਰਚੰਗ ਆਦਿ ਦਾ ਰੂਪ ਵੇਖਦੇ ਹਾ। ਅੱਜ ਦਾ ਯੁਗ ਸਾਜ਼ਾਂ ਦਾ ਯੁਗ ਹੈ ਫ਼ਿਰ ਵੀ ਪੱਛਮੀ ਦੇਸ਼ਾਂ ਦੀ ਤੁਲਨਾ ਵਿੱਚ ਭਾਰਤੀ ਸਾਜ਼ ਉਨੇ ਵਿਕਸਿਤ ਨਹੀਂ ਹੋ ਸਕੇ ਅਤੇ ਨਾ ਹੀ ਉਤਨੀ ਮਾਤਰਾ ਵਿੱਚ ਸਾਜਾਂ ਦਾ ਪ੍ਰਚਾਰ ਹੈ। ਕਾਰਨ ਇਹ ਹੈ ਕਿ ਪੱਛਮੀ ਸੰਗੀਤ ਜਿਤਨਾ ਵਾਦਿਆ ਵਾਦਨ ਤੇ ਜ਼ੋਰ ਦਿੰਦਾ ਇਤਨੂ ਭਾਰਤੀ ਸੰਗੀਤ ਨਹੀਂ।

ਚਿਮਟਾ

[ਸੋਧੋ]

ਚਿਮਟਾ ਪੰਜਾਬ ਦੇ ਪ੍ਰਸਿੱਧ ਨਾਚ ਭੰਗੜੇ ਵਿੱਚ ਪ੍ਰਯੋਗ ਹੋਣ ਵਾਲਾ ਮੁਖ ਸਾਜ਼ ਹੈ। ਇਸ ਨੂੰ ਲੋਕ ਗੀਤਾਂ ਵਿੱਚ ਢੋਲਕੀ ਨਾਲ ਵਜਾਇਆ ਜਾਂਦਾ ਹੈ। ਇਸ ਤੋਂ ਇਲਾਵਾ ਇਹ ਸਾਜ਼ ਭਜਨ,ਕੀਰਤਨ,ਨਗਰ ਕੀਰਤਨ,ਪ੍ਰਭਾਤ ਫੇਰੀ ਲਈ ਵੀ ਪ੍ਰਯੋਗ ਕਰਦੇ ਹਨ। ਬਣਾਵਟ ਇਹ ਲੋਹੇ ਦਾ ਲਗਭਗ ਦੋ ਤੋਂ ਚਾਰ ਫੁਟ ਲੰਬਾ ਆਮ ਚਿਮਟਿਆਂ ਦੇ ਸਮਾਨ ਹੁੰਦਾ ਹੈ। ਇਸ ਦੀ ਲੰਬਾਈ ਆਮ ਤੌਰ 'ਤੇ 10 ਸੈਂਟੀਮੀਟਰ ਹੁੰਦੀ ਹੈ। ਇਸ ਦੇ ਮੁਠ ਦੇ ਮੋੜ ਉੱਤੇ ਇੱਕ ਗੋਲ ਆਕਾਰ ਦਾ ਕੜਾ ਹੁੰਦਾ ਹੈ। ਖੱਬੇ ਹੱਥ ਨਾਲ ਉਸ ਕੜੇ ਨੂੰ ਚਿਮਟੇ ਤੇ ਮਾਰਦੇ ਹਨ ਤੇ ਸੱਜੇ ਹੱਥ ਨਾਲ ਚਿਮਟੇ ਦੇ ਦੋਵੇਂ ਪਰਤਿਆਂ ਨੂੰ ਆਪਸ ਵਿੱਚ ਟਕਰਾਉਂਦੇ ਹੋਏ ਇਸ ਨੂੰ ਵਜਾਉਂਦੇ ਹਨ। ਚਿਮਟੇ ਉੱਤੇ ਖੜਤਾਲ ਦੇ ਸਮਾਨ ਛੋਟੇ ਛੋਟੇ ਪਿਤਲ ਜਾਂ ਲੋਹੇ ਦੇ ਆਕਾਰ ਦੇ ਛੈਣੇ ਲੱਗੇ ਹੁੰਦੇ ਹਨ। ਅੱਜ ਤੋਂ ਕੁਝ ਸਮਾਂ ਪਹਿਲਾਂ ਇਨ੍ਹਾਂ ਛੈਣਿਆ ਦਾ ਆਕਾਰ ਅੱਜ ਦੇ ਛੈਣਿਆਂ ਨਾਲੋਂ ਵੱਡਾ ਹੁੰਦਾ ਸੀ ਅਤੇ ਛੈਣੇ ਵੱਡੇ ਹੋਣ ਕਾਰਨ ਚਿਮਟੇ ਦੀ ਆਵਾਜ਼ ਭਾਰੀ ਹੁੰਦੀ ਸੀ। ਪ੍ਰੰਤੂ ਅੱਜ ਕਲ੍ਹ ਚਿਮਟੇ ਵਿੱਚ ਜਿਹੜੇ ਛੈਣੇ ਪੈਂਦੇ ਹਨ ਉਹ ਗੋਲ ਆਕਾਰ ਵਿੱਚ ਛੋਟੇ ਅਤੇ ਮਿੱਠੀ ਆਵਾਜ਼ ਦਿੰਦੇ ਹਨ। ਜਿਹੜੇ ਚਿਮਟੇ ਉੱਤੇ ਵੱਡੇ ਆਕਾਰ ਵਾਲੇ ਛੌਣੇ ਲੱਗੇ ਹੁੰਦੇ ਹਨ ਉਹ ਚਿਮਟੇ ਦਿਹਾਤੀ ਵਾਜੇ ਵਾਲੇ ਵਜਾਉਂਦੇ ਹਨ ਅਤੇ ਜਿਹੜੇ ਚਿਮਟੇ ਉੱਤੇ ਛੋਟੇ ਆਕਾਰ ਵਾਲੇ ਛੈਣੇ ਲਗੇ ਹੁੰਦੇ ਹਨ ਉਹ ਭੰਗੜੇ, ਭਜਨਾਂ, ਕੀਰਤਨਾਂ ਵਿੱਚ ਪ੍ਰਯੋਗ ਹੁੰਦੇ ਹਨ। ਅੱਜ ਵੀ ਜਦੋਂ ਪਿੰਡ ਵਿੱਚ ਵਿਆਹ ਸ਼ਾਦੀ ਹੋਵੇ ਜਾਂ ਕੋਈ ਹੋਰ ਖ਼ੁਸ਼ੀ ਦਾ ਉਤਸਵ ਹੋਵੇ ਤਾਂ ਉਹਨਾਂ ਦੇ ਦਿਹਾਤੀ ਵਾਜੇ ਵਾਲਿਆਂ ਦੇ ਨਾਲ ਚਿਮਟੇ ਵਾਲਾ ਜ਼ਰੂਰੀ ਹੁੰਦਾ ਹੈ।

ਘੜਾ

[ਸੋਧੋ]

ਪੰਜਾਬ ਦੀ ਸੱਭਿਅਤਾ ਅਤੇ ਲੋਕ ਸੰਗੀਤ ਦੇ ਖੇਤਰ ਵਿੱਚ ਘੜੇ ਨੂੰ ਆਪਣਾ ਇੱਕ ਵਿਸ਼ੇਸ਼ ਸਥਾਨ ਪ੍ਰਾਪਤ ਹੈ। ਇਸ ਦੀ ਉਦਾਹਰਨ ਸੋਹਣੀ ਘੁਮਿਆਰਣ ਸਾਡੇ ਸਾਹਮਣੇ ਹੈ। ਅੱਜ ਵੀ ਸੋਹਣੀ ਦੇ ਕਿੱਸੇ ਘੜੇ ਨਾਲ ਗਾਉਂਦੇ ਹਨ। ਇਹ ਸਾਜ਼ ਪੰਜਾਬ ਦੇ ਲੋਕ-ਗੀਤਾਂ ਵਿੱਚ ਪ੍ਰਯੋਗ ਕੀਤਾ ਜਾਂਦਾ ਹੈ। ਪੁਰਾਣੇ ਸਮੇਂ ਵਿੱਚ ਸ਼ਿਕਾਰੀ ਲੋਕ ਮਿਰਗ ਦਾ ਸ਼ਿਕਾਰ ਕਰਨ ਲਈ ਇਸ ਦੇ ਮੂੰਹ ਉੱਤੇ ਰਬੜ ਬੰਨ੍ਹ ਕੇ ਇੱਕ ਖ਼ਾਸ ਤਰੀਕੇ ਨਾਲ ਵਜਾਉਂਦੇ ਸੀ ਜਿਸ ਦੀ ਆਵਾਜ਼ ਸੁਣ ਕੇ ਮਿਰਗ ਕੋਲ ਆ ਜਾਂਦਾ ਸੀ ਅਤੇ ਫਿਰ ਸ਼ਿਕਾਰੀ ਲੋਕ ਉਸ ਨੂੰ ਸ਼ਿਕਾਰ ਦਾ ਨਿਸ਼ਾਨਾ ਬਣਾ ਲੈਂਦੇ ਸਨ। ਅੱਜ ਜਿਹੜਾ ਘੜਾ ਲੋਕ ਗੀਤਾਂ ਵਿੱਚ ਪ੍ਰਯੋਗ ਕੀਤਾਂ ਜਾਂਦਾ ਹੈ ਉਸ ਦਾ ਮੂੰਹ ਉੱਪਰੋਂ ਛੋਟਾ ਤੇ ਢਿੱਡ ਵੱਡਾ ਹੁੰਦਾ ਹੈ। ਇਸ ਨੂੰ ਦੋਵੇਂ ਹੱਥਾਂ ਨਾਲ ਵਜਾਇਆ ਜਾਂਦਾ ਹੈ। ਇੱਕ ਹੱਥ ਘੜੇ ਦੇ ਖਾਲੀ ਮੂੰਹ ਉੱਤੇ ਮਾਰਦੇ ਹਨ ਅਤੇ ਦੂਜੇ ਨੂੰ ਘੜੇ ਦੇ ਢਿੱਡ ਵਿਚਕਾਰ ਮਾਰਦੇ ਹਨ। ਇਸ ਘੜੇ ਦਾ ਢਿੱਡ ਵੱਡਾ ਤੇ ਮੂੰਹ ਛੋਟਾ ਹੋਣ ਕਾਰਨ ਇੱਕ ਖ਼ਾਸ ਤਰ੍ਹਾਂ ਦੀ ਆਵਾਜ਼ ਨਿਕਲਦੀ ਹੈ। ਕਈ ਵਾਰੀ ਇੱਕ ਹੱਥ ਵਿੱਚ ਛੱਲੇ ਪਾ ਲਏ ਜਾਂਦੇ ਹਨ ਜਿਸ ਦੇ ਨਾਲ ਕਿ ਉਸ ਦੀ ਤਾਲ ਕੰਨਾਂ ਨੂੰ ਚੰਗੀ ਲੱਗਦੀ ਹੈ। ਇਹ ਸਾਜ਼ ਤਾਲ ਪ੍ਰਧਾਨ ਹੈ। ਬਣਾਵਟ ਆਮ ਤੌਰ 'ਤੇ ਘੜੇ ਦੇ ਮੂੰਹ ਦੀ ਚੌੜਾਈ 9 ਸੈਂਟੀਮੀਟਰ ਤੋਂ ਲੈ ਕੇ 12 ਸੈਂਟੀਮੀਟਰ ਤਕ ਹੁੰਦੀ ਹੈ। ਘੜਾ ਵਜਾਉਣ ਵਾਲੇ ਅੱਜ ਕਲ੍ਹ ਆਪਣੇ ਘੜੇ ਨੂੰ ਬਾਹਰੋਂ ਕਈ ਪ੍ਰਕਾਰ ਦੇ ਰੰਗਆਂ ਨਾਲ ਰੰਗ ਲੈਂਦੇ ਹਨ ਤਾਂ ਜੋ ਵੇਖਣ ਨੂੰ ਚੰਗਾਂ ਲੱਗੇ।

ਖੜਤਾਲ

[ਸੋਧੋ]

ਖੜਤਾਲ ਨੂੰ ਕਰਤਾਲ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ। ਇਹ ਵੀ ਇੱਕ ਪ੍ਰਚੀਨ ਕਾਲ ਦਾ ਸਾਜ਼ ਹੈ। ਪ੍ਰਚੀਨ ਸਮੇਂ ਤੋਂ ਲੈ ਕੇ ਹੁਣ ਤਕ ਇਹ ਸਾਧੂ ਸੰਤਾਂ ਦਾ ਮਨ ਭਾਉਂਦਾ ਸਾਜ਼ ਰਿਹਾ ਹੈ। ਅੱਜ ਵੀ ਇਹ ਮੰਦਰ, ਗੁਰਦੁਆਰਿਆਂ ਵਿੱਚ ਭਜਨ, ਕੀਰਤਨਾਂ ਨਾਲ ਵਜਾਈ ਜਾਂਦੀ ਹੈ। ਅੱਜ ਇਸ ਨੇ ਤਰੱਕੀ ਕਰ ਕੇ ਪੰਜਾਬ ਦੇ ਲੋਕ ਸੰਗੀਤ ਵਿੱਚ ਵੀ ਆਪਣਾ ਸਥਾਨ ਬਣਾ ਲਿਆ ਹੈ। ਅੱਜ ਦੇ ਦਿਹਾਤੀ ਗੱਭਰੂਆਂ ਨੂੰ ਇੱਕ ਹੱਥ ਵਿੱਚ ਤੂੰਬੀ ਤੇ ਦੂਜੇ ਹੱਥ ਵਿੱਚ ਖੜਤਾਲ ਦੀ ਜੋੜੀ ਲੈ ਕੇ ਵਜਾਉਂਦਿਆਂ ਤੇ ਗਾਉਂਦਿਆਂ ਵੇਖ ਸਕਦੇ ਹਾਂ। ਤੂੰਬੀ ਦੇ ਨਾਲ ਇਹ ਸੁਰ ਕੱਢਦੇ ਹਨ ਅਤੇ ਖੜਤਾਲ ਨਾਲ ਆਪਣੀ ਲੈਅ ਨਾਲ ਤਾਲ ਸੰਭਾਲਦੇ ਹੋਏ ਗਾਉਂਦੇ ਹਨ ਅਤੇ ਨਾਲ ਖੜਤਾਲ ਵੱਜਦੀ ਹੋਈ ਵੀ ਚੰਗੀ ਲਗਦੀ ਹੈ। ਇਸ ਦੇ ਛੈਣਿਆਂ ਦੀ ਆਵਾਜ਼ ਬੜੀ ਪੀਆਰੀ ਤੇ ਮਿੱਠੀ ਲੱਗਦੀ ਹੈ। ਬਣਾਵਟ ਇਹ ਲੱਕੜੀ ਦੇ ਦੋ, ਇੱਕ ਸਮਾਨ ਟੁਕੜਿਆਂ ਨਾਲ ਬਣਾਈ ਜਾਂਦੀ ਹੈ। ਇਸ ਦੀ ਲੰਬਾਈ 5 ਇੰਚ ਤੋਂ ਲੈ ਕੇ 10 ਇੰਚ ਤਕ ਅਤੇ ਚੌੜਾਈ 2 ਇੰਚ ਤੋਂ ਲੈ ਕੇ 3 ਇੰਚ ਤਕ ਹੁੰਦੀ ਹੈ। ਇਸ ਵਿੱਚ ਖੰਜਰੀ ਦੇ ਸਮਾਨ ਪਿੱਤਲ ਦੇ ਗੋਲ ਆਕਾਰ ਦੇ ਛੋਟੇ ਛੋਟੇ ਛੈਣੇ ਦੋ ਤਿੰਨ ਜਗ੍ਹਾ ਤੇ ਲਗਾਏ ਜਾਂਦੇ ਹਨ। ਇਹ ਇਕੋ ਹੱਥ ਵਿੱਚ ਪਕੜੀ ਜਾਂਦੀ ਹੈ। ਇੱਕ ਲਕੜੀ ਦੇ ਟੁਕੜੇ ਵਿੱਚ ਅੰਗੂਠਾ ਪਾਉਣ ਦੀ ਥਾਂ ਹੁੰਦੀ ਹੈ ਅਤੇ ਦੂਸਰੇ ਟੁਕੜੇ ਵਿੱਚ ਉਂਗਲੀਆਂ ਪਾਉਣ ਦੀ ਥਾਂ ਹੁੰਦੀ ਹੈ ਅਤੇ ਇਨ੍ਹਾਂ ਦੋਹਾਂ ਟੁਕੜਿਆਂ ਨੂੰ ਆਪਸ ਵਿੱਚ ਖੜਕਾਉਣਾ ਹੀ ਇਸ ਦੀ ਵਾਦਨ ਸ਼ੈਲੀ ਹੈ। ਮੀਰਾ ਬਾਈ ਨੇ ਵੀ ਇੱਕ ਹੱਥ ਵਿੱਚ ਖੜਤਾਲ ਤੇ ਦੂਜੇ ਹੱਥ ਵਿੱਚ ਇੱਕ ਤਾਰਾ ਲੇ ਕੇ ਭਜਨ,ਕੀਰਤਨ ਕਰਦਿਆਂ ਹੋਇਆਂ ਮੁਕਤੀ ਪ੍ਰਾਪਤ ਕੀਤੀ

ਘੁੰਘਰੂ

[ਸੋਧੋ]

ਘੁੰਘਰੂ ਅਤਿ ਪ੍ਰਚੀਨ ਕਾਲ ਦਾ ਸਾਜ਼ ਹੈ। ਇਸ ਦੀ ਗਿਣਤੀ ਘਣ ਸਾਜ਼ਾਂ ਵਿੱਚ ਕੀਤੀ ਜਾਂਦੀ ਹੈ। ਇਹ ਪੰਜਾਬ ਦਾ ਹੀ ਨਹੀਂ ਸਗੋਂ ਸਾਰੇ ਭਾਰਤ ਦਾ ਆਪਣਾ ਮਨ ਭਾਉਂਦਾ ਸਾਜ਼ ਹੈ। ਭਾਰਤ ਵਿੱਚ ਹਰੇਕ ਪ੍ਰਕਾਰ ਦੇ ਅਤੇ ਹਰੇਕ ਪ੍ਰਾਂਤ ਦੇ ਨਾਚ ਵਿੱਚ ਇਸ ਦਾ ਪ੍ਰਯੋਗ ਹੁੰਦਾ ਹੈ। ਭਾਰਤੀ ਸ਼ਾਸਤਰੀ ਨਾਚ ਭਾਵੇਂ ਉਹ ਕਥਕ,ਮਣੀਪੁਰੀ,ਭਰਤ ਨਾਟਯਮ,ਕੁਚੀ ਪੂੜੀ ਜਾਂ ਕਥਾ ਕਲੀ ਹੋਵੇ,ਘੁੰਘਰੂਆਂ ਦਾ ਪ੍ਰਯੋਗ ਹੋਣਾ ਜ਼ਰੂਰੀ ਹੈ। ਇਹ ਤਾਲ ਪ੍ਰਧਾਨ ਸਾਜ਼ ਹੈ। ਪੰਜਾਬ ਵਿੱਚ ਮਰਦ ਅਤੇ ਤੀਵੀਆਂ ਦਾ ਇਹ ਇਕੱਠਾ ਸਾਜ਼ ਹੈ। ਮਰਦ ਇਸ ਨੂੰ ਪੈਰਾਂ ਵਿੱਚ ਬੰਨ੍ਹ ਕੇ ਭੰਗੜੇ ਜਾਂ ਮੇਲਿਆਂ ਵਿੱਚ ਨਚਦੇ ਹਨ। ਤੀਵੀਆਂ ਵਿਹ ਸ਼ਾਦੀਆਂ ਅਤੇ ਤੀਆਂ ਵਿੱਚ ਗਿੱਧਿਆਂ ਵਿੱਚ ਨਚਦੇ ਹੋਏ ਇਸ ਸਾਜ਼ ਦਾ ਪ੍ਰਯੋਗ ਕਰਦੀਆਂ ਹਨ। ਜਿਹੜੇ ਘੁੰਗਰੂ ਲੋਕ ਨਾਚ ਵਿੱਚ ਪ੍ਰਯੋਗ ਕੀਤੇ ਜਾਂਦੇ ਹਨ ਉਹ ਇੱਕ ਚਮੜੇ ਦੇ ਪਟੇ ਵਿੱਚ ਪਿਰੋਏ ਹੁੰਦੇ ਹਨ। ਸ਼ਾਸਤਰੀ ਨਾਚ ਵਿੱਚ ਘੁੰਘਰੂ ਰੱਸੀ ਵਿੱਚ ਪਿਰੋਏ ਜਾਂਦੇ ਹਨ ਅਤੇ ਉਹਨਾਂ ਦੀ ਗਿਣਤੀ ਲੋਕ ਨਾਚ ਦੇ ਘੁੰਘਰੂਆਂ ਦੇ ਸੁਰ ਤੇ ਧਿਆਨ ਦਿੱਤਾ ਜਾਂਦਾ ਹੈ। ਬਣਾਵਟ ਸ਼ਾਸਤਰੀ ਨਾਚ ਦੇ ਸਾਰੇ ਘੁੰਘਰੂ ਸੁਰ ਤੇ ਮਿਲੇ ਹੁੰਦੇ ਹਨ। ਸ਼ਾਸਤਰੀ ਨ੍ਰਿਤ ਕਰਨ ਵਾਲੇ ਦੇ ਇੱਕ ਪੈਰ ਦੀ ਰੱਸੀ ਵਿੱਚ ਆਮ ਤੌਰ 'ਤੇ ਸੌ ਤੋਂ ਲੈ ਕੇ ਢਾਈ ਸੌ ਤਕ ਦੀ ਗਿਣਤੀ ਵਿੱਚ ਘੁੰਘਰੂ ਹੁੰਦੇ ਹਨ। ਅਭਿਨੈ ਦਰਪਣ ਦੇ ਰਚਨਾਕਾਰ ਨੰਦਕੇਸ਼ਵਰ ਦੇ ਅਨੁਸਾਰ ਘੁੰਘਰੂ ਕਾਂਸੀ ਧਾਤ ਦੇ ਬਣੇ ਹੋਣੇ ਚਾਹੀਦੇ ਹਨ। ਘੁੰਘਰੂਆਂ ਦੀ ਬਣਾਵਟ ਇੱਕ ਤਰ੍ਹਾਂ ਦੀ ਅਤੇ ਸੁੰਦਰ ਹੋਣੀ ਚਾਹੀਦੀ ਹੈ। ਪਿਤਲ ਧਾਤ ਦੇ ਘੁੰਘਰੂ ਵੀ ਲਏ ਜਾ ਸਕਦੇ ਹਨ। ਘੁੰਘਰੂਆਂ ਦੀ ਬਣਾਵਟ ਦੋ ਤਰ੍ਹਾਂ ਦੀ ਹੁੰਦੀ ਹੈ। ਇੱਕ ਤਰ੍ਹਾਂ ਦੀ ਤਾਂ ਇੱਕ ਮੂੰਹ ਵਾਲੇ,ਦੂਜੇ ਤਰ੍ਹਾਂ ਦੀ ਚਾਰ ਮੂੰਹ ਵਾਲੇ ਹੁੰਦੇ ਹਨ। ਹਰੇਕ ਘੁੰਘਰੂ ਵਿੱਚ ਕਾਲੀ ਛੋਟੀ ਗੋਲ ਮਿਰਚ ਦੇ ਬਰਾਬਰ ਲੋਹੇ ਦੀ ਗੋਲੀ ਹੁੰਦੀ ਹੈ। ਇਹ ਇੱਕ ਰੱਸੀ ਵਿੱਚ ਪਰੋਏ ਜਾਂਦੇ ਹਨ। ਡੋਰੀ ਵਿੱਚ ਪਹਿਲਾਂ ਇੱਕ ਗੰਢ ਮਾਰੀ ਪਾ ਕੇ ਇੱਕ ਘੁੰਘਰੂ ਪਿਰੋਇਆ ਜਾਂਦਾ ਹੈ ਅਤੇ ਫਿਰ ਇੱਕ ਗੰਢ ਮਾਰੀ ਜਾਂਦੀ ਹੈ। ਧਿਆਨ ਰਹੇ ਕਿ ਘੁੰਘਰੂ ਦੇ ਉੱਤੇ ਕੋਈ ਗੰਢਨਾ ਆਵੇ ਬਲਕਿ ਖ਼ਾਲੀ ਡੋਰੀ ਵਿੱਚ ਹੀ ਗੰਢ ਆਵੇ। ਘੁੰਘਰੂ ਘਿਸ ਘਿਸ ਕੇ ਜਿੰਨੇ ਪੁਰਾਣੇ ਹੋ ਜਾਣ ਉੱਨੇ ਹੀ ਚੰਗੇ ਹੁੰਦੇ ਹਨ।

ਸੱਪ

[ਸੋਧੋ]

ਜਿਵੇਂ ਕਿ ਇਸ ਦਾ ਨਾਂ ਹੈ ਉਸੀ ਤਰ੍ਹਾਂ ਇਸ ਦੀ ਬਣਾਵਟ ਹੁੰਦੀ ਹੈ। ਪੰਜਾਬ ਦਾ ਇਹ ਅਜਿਹਾ ਸਾਜ਼ ਹੈ ਜਿਹੜਾ ਕਿ ਹੋਰ ਕਿਸੇ ਵੀ ਪ੍ਰਦੇਸ਼ ਵਿੱਚ ਵੇਖਣ ਜਾਂ ਸੁਣਨ ਵਿੱਚ ਨਹੀਂ ਮਿਲਦਾ। ਭਾਵ ਇਹ ਕਿ ਇਸ ਦੀ ਉਤਪਤੀ ਪੰਜਾਬ ਵਿੱਚ ਹੋਈ ਹੈ। ਇਸ ਦਾ ਪ੍ਰਯੋਗ ਪੰਜਾਬੀ ਲੋਕ ਨਾਚਾਂ ਵਿੱਚ ਹੁੰਦਾ ਹੈ। ਹਿੰਦੀ ਵਿੱਚ ਇੱਕ ਵਾਕ ਹੈ “ਆਵਸ਼ੱਕਤਾ ਆਵਿਸ਼ਕਾਰ ਦੀ ਜਣਨੀ ਹੈ” ਅਰਥਾਤ ਸਮੇਂ ਅਤੇ ਲੋਕਾਂ ਦੇ ਸੁਭਾਅ ਦੀ ਲੋੜ ਅਨੁਸਾਰ ਸੱਪ ਦੀ ਉਤਪਤੀ ਹੋਈ। ਇਸ ਦੀ ਆਵਾਜ਼ ਇਸ ਤਰ੍ਹਾਂ ਹੁੰਦੀ ਹੈ ਜਿਸ ਤਰ੍ਹਾਂ ਦਸ ਪੰਦਰ੍ਹਾਂ ਆਦਮੀਆਂ ਨੇ ਇਕੋ ਸਮੇਂ ਤੇ ਤਾਲੀ ਵਜਾਈ ਹੋਵੇ ਅਰਥਾਤ ਲੋਕਾਂ ਨੇ ਤਾਲੀ ਦੀ ਜ਼ਰੂਰਤ ਨੂੰ ਹੱਲ ਕਰਨ ਵਾਸਤੇ “ਸੱਪ” ਨੂੰ ਈਜਾਦ ਕੀਤਾ। ਇਹ ਤਾਲ ਪ੍ਰਧਾਨ ਸਾਜ਼ ਹੈ। ਬਣਾਵਟ ਇਸ ਦੀ ਬਣਾਵਟ ਜਿਵੇਂ ਕਿ ਬੱਚਿਆਂ ਦੇ ਖੇਡਣ ਲਈ ਕਾਨਿਆਂ ਦਾ ਸੱਪ ਹੁੰਦਾ ਹੈ ਬਿਲਕੁਲ ਉਹ ਹੀ ਇਸ ਦੀ ਬਣਾਵਟ ਹੈ। ਫ਼ਰਕ ਇਨਾ ਹੈ ਕਿ ਉੱਥੇ ਕਾਨੇ ਲੱਗੇ ਤੇ ਇੱਥੇ ਲਕੜੀ ਦੀਆਂ ਖੜੀਆਂ ਤੇ ਚਪਟੀਆਂ ਫੱਟੀਆਂ ਹੁੰਦੀਆਂ ਹਨ। ਇਨ੍ਹਾਂ ਫੱਟੀਆਂ ਦੀ ਲੰਬਾਈ ਲਗਭਗ 1 ਫੁੱਟ ਅਤੇ ਚੌੜਾਈ 1 ਇੰਚ, ਮੋਟਾਈ ਪੌਣੀ ਇੰਚ ਹੁੰਦੀ ਹੈ। ਇਹ ਆਮ ਤੌਰ 'ਤੇ 27 ਸੈਂਟੀਮੀਟਰ ਲੰਬਾਈ ਦਾ ਹੁੰਦਾ ਹੈ। ਫੱਟੀਆਂ ਦੇ ਸਿਰਿਆਂ ਉੱਤੇ ਗੋਲ ਆਕਾਰ ਦੇ ਛੇਦ ਕਰ ਲਏ ਜਾਂਦੇ ਹਨ। ਇੱਕ ਫੱਟੀ ਨੂੰ ਦੂਜੀ ਫੱਟੀ ਨਾਲ ਕਾਨਿਆਂ ਦੇ ਸੱਪ ਦੀ ਤਰ੍ਹਾਂ ਜੋੜ ਦਿੱਤਾ ਜਾਂਦਾ ਹੈ। ਜੋੜਨ ਲਈ ਪਤਲਾ ਸਰੀਆ ਲਿਆ ਜਾਂਦਾ ਹੈ ਤੇ ਸਰੀਏ ਦੇ ਟੋਟੇ ਇੱਕ ਦੂਜੀ ਫੱਟੀ ਦੇ ਸਿਰਿਆਂ ਵਿਚੋਂ ਕੱਢ ਕੇ ਉੱਪਰ ਝੰਡ ਕਰ ਦਿੱਤੀ ਜਾਂਦੀ ਹੈ। ਇਸ ਤਰ੍ਹਾਂ ਚੋਦਾਂ ਤੋਂ ਲੈ ਕੇ ਵੀਹ ਤਕ ਸੱਪ ਬਣਾਇਆ ਜਾਂਦਾ ਹੈ। ਇਹ ਫੱਟੀਆਂ ਆਮ ਤੌਰ 'ਤੇ ਟਾਹਲੀ ਦੀਆਂ ਲਕੜੀਆਂ ਦੀਆਂ ਹੁੰਦੀਆਂ ਹਨ।

ਕਾਟੋ

[ਸੋਧੋ]

ਸੱਪ ਸਾਜ਼ ਦੀ ਤਰ੍ਹਾਂ ਕਾਟੋ ਵੀ ਪੰਜਾਬ ਦੇ ਲੋਕ ਸੰਗੀਤ ਵਿੱਚ ਕਾਫ਼ੀ ਮਹੱਤਵਪੂਰਨ ਸਥਾਨ ਰੱਖਦੀ ਹੈ। ਇਹ ਵੀ ਪੰਜਾਬ ਦਾ ਇੱਕ ਖ਼ਾਸ ਸਾਜ਼ ਹੈ। ਇਸ ਦਾ ਰੂਪ ਕੇਵਲ ਪੰਜਾਬ ਵਿੱਚ ਹੀ ਵੇਖਣ ਨੂੰ ਮਿਲਦਾ ਹੈ। ਹੋਰ ਕਿਸੇ ਵੀ ਪ੍ਰਦੇਸ਼ ਵਿੱਚ ਵੀ ਅਜਿਹਾ ਜਾਂ ਇਸ ਦੇ ਨਾਲ ਦਾ ਕੋਈ ਵੀ ਰੂਪ ਵੇਖਣ ਨੂੰ ਨਹੀਂ ਮਿਲਦਾ। ਪੰਜਾਬ ਵਿੱਚ ਇਸ ਦਾ ਪ੍ਰਯੋਗ ਮਲਵਈ ਗਿੱਧੇ,ਭੰਗੜੇ ਆਦਿ ਵਿੱਚ ਹੁੰਦਾ ਹੈ। ਇਹ ਸਾਜ਼ ਸਿਰਫ਼ ਤਾਲ ਪ੍ਰਧਾਨ ਹੈ। ਜਿਵੇਂ ਕਿ ਢੱਡ, ਸਾਰੰਗੀ ਦੀ ਜੋੜੀ ਪੰਜਾਬ ਦੇ ਲੋਕ ਸੰਗੀਤ ਵਿੱਚ ਪ੍ਰਸਿੱਧ ਹੈ। ਬਿਲਕੁਲ ਉਸੇ ਤਰ੍ਹਾਂ ਹੀ ਸੱਪ ਕਾਟੋ ਦੀ ਜੋੜੀ ਹੈ। ਬਣਾਵਟ ਇਸ ਦੀ ਬਣਾਵਟ ਸਿਰਫ਼ ਇੱਕ ਡੰਡਾ ਅਤੇ ਕਾਟੋ ਦੀ ਸ਼ਕਲ ਵਿੱਚ ਘੜੀ ਹੋਈ ਲਕੜੀ ਹੀ ਹੈ। ਡੰਡੇ ਦੀ ਲੰਬਾਈ ਜ਼ਰੂਰਤ ਅਨੁਸਾਰ ਇੱਕ ਜਾਂ ਸਵਾ ਮੀਟਰ ਹੁੰਦੀ ਹੈ। ਆਮ ਤੌਰ 'ਤੇ ਇਸ ਦੀ ਲੰਬਾਈ 90 ਸੈਂਟੀਮੀਟਰ ਤੋਂ ਲੈ ਕੇ 100 ਸੈਂਟੀਮੀਟਰ ਤਕ ਹੁੰਦੀ ਹੈ। ਉਸ ਦੇ ਉੱਪਰਲੇ ਸਿਰੇ ਤੇ ਲਕੜੀ ਦੀ ਕਾਟੋ ਬਣਾ ਕੇ ਉਸ ਦੇ ਪੈਰਾਂ ਵਿੱਚ ਢਿੱਲੇ ਕੋਕੇ ਲਗਾ ਦਿਤੇ ਜਾਂਦੇ ਹਨ। ਕਾਟੋ ਦੇ ਮੂੰਹ ਨੂੰ ਰੱਸੀ ਬੰਨ੍ਹ ਕੇ ਖਿੱਚਿਆ ਜਾਂ ਢਿੱਲਾ ਛੱਡਿਆ ਜਾਂਦਾ ਹੈ। ਕਾਟੋ ਨੂੰ ਖ਼ੂਬਸੂਰਤ ਬਣਾਉਣ ਲਈ ਕਈ ਲੋਕੀ ਇਸ ਨੂੰ ਰੰਗ ਲੈਂਦੇ ਹਨ। ਗਲੇ ਵਿੱਚ ਰਿਬਨ ਅਤੇ ਪੂਛ ਨੂੰ ਨਿੱਕੇ ਨਿੱਕੇ ਘੁੰਘਰੂ ਬੰਨ੍ਹ ਦਿੱਤੇ ਜਾਂਦੇ ਹਨ। ਜਦੋਂ ਰੱਸੀ ਖਿੱਚੀ ਜਾਂ ਢਿੱਲੀ ਕੀਤੀ ਜਾਂਦੀ ਹੈ ਤਾਂ ਲਕੜੀ ਦੀ ਬਣੀ ਹੋਈ ਕਾਟੋ ਕਦੀ ਉੱਪਰ ਅਤੇ ਕਦੀ ਹੇਠਾਂ ਘੁੰਘਰੂਆਂ ਦੀ ਤਾਲ ਉੱਤੇ ਟੱਪਦੀ ਫਿਰਦੀ ਹੈ ਜਿਹੜੀ ਕਿ ਸਿਰਫ਼ ਵੇਖਣ ਵਿੱਚ ਬਹੁਤ ਚੰਗੀ ਲੱਗਦੀ ਹੈ।

ਇਹ ਵੀ ਦੇਖੋ

[ਸੋਧੋ]

ਹਵਾਲੇ

[ਸੋਧੋ]
  1. Pande, Alka (1999). Folk music and musical instruments of Punjab. Mapin Publishers. p. 128. ISBN 1-890206-15-6.
  2. "Music knows no language". The Tribune, Chandigarh. 4 Dec 2010. Retrieved 11 Mar 2012.
  3. "The Art of Bhangra". www.hindustanheritage.org. Archived from the original on 2014-01-12. Retrieved 10 Mar 2012.
  4. "Malwai Giddha". www.unp.me. Retrieved 10 Mar 2012.