ਸਮੱਗਰੀ 'ਤੇ ਜਾਓ

ਮਹਿਰਾਜ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਮਹਿਰਾਜ
ਨਗਰ
ਦੇਸ਼ India
ਰਾਜਪੰਜਾਬ
ਜ਼ਿਲ੍ਹਾਬਠਿੰਡਾ
ਭਾਸ਼ਾਵਾਂ
 • ਸਰਕਾਰੀਪੰਜਾਬੀ (ਗੁਰਮੁਖੀ)
 • Regionalਪੰਜਾਬੀ
ਸਮਾਂ ਖੇਤਰਯੂਟੀਸੀ+5:30 (IST)
ਨੇੜੇ ਦਾ ਸ਼ਹਿਰਰਾਮਪੁਰਾ ਫੂਲ, ਬਠਿੰਡਾ

ਮਹਿਰਾਜ ਭਾਰਤੀ ਪੰਜਾਬ (ਭਾਰਤ) ਦੇ ਬਠਿੰਡਾ ਜ਼ਿਲ੍ਹਾ ਦੀ ਇੱਕ ਨਗਰ ਹੈ। ਇਸ ਦੇ ਗੁਆਂਢੀ ਰਾਮਪੁਰਾ ਫੂਲ bajjoana ਲਹਿਰਾ ਬੇਗਾ ਹਨ| ਜ਼ਿਲ੍ਹਾ ਬਠਿੰਡਾ ਦਾ ਪਿੰਡ ਮਹਿਰਾਜ ਰਾਮਪੁਰਾ ਫੂਲ ਤੋਂ ਛਿਪਦੇ ਵੱਲ 6 ਕਿਲੋਮੀਟਰ ਦੂਰੀ ’ਤੇ ਵਸਿਆ ਹੋਇਆ ਹੈ। ਇਸ ਨੂੰ ਪੰਜਾਬ ਦਾਂ ਸਭ ਤੋਂ ਵੱਡਾ ਪਿੰਡ ਮੰਨਿਆ ਜਾਂਦਾ ਹੈ। ਪਿੰਡ ਦਾ ਰਕਬਾ ਲਗਪਗ 17,700 ਏਕੜ, ਆਬਾਦੀ 28,000, ਵੋਟਰ 15,000, ਨੰਬਰਦਾਰ 30 ਤੇ ਚੌਕੀਦਾਰ 25 ਹਨ। ਹੁਣ ਇੱਥੇ ਨਗਰ ਪੰਚਾਇਤ ਹੈ, ਜਦੋਂਕਿ ਪਹਿਲਾਂ 9 ਪੰਚਾਇਤਾਂ ਸਨ। ਇਸ ਪਿੰਡ ’ਚੋਂ 22 ਪਿੰਡ ਬੱਝੇ ਹੋਏ ਹਨ, ਜਿਨ੍ਹਾਂ ਨੂੰ ਬਾਈਆ ਆਖਦੇ ਹਨ। ਪਿੰਡ ਦੇ 22 ਅਗਵਾੜ ਹਨ।

ਇਤਿਹਾਸ

[ਸੋਧੋ]

ਇਹ ਰਾਜਪੂਤ ਰਾਜਾ ਜੈਸਲ ਰਾਓ ਦੇ ਸਿੱਧੂ ਗੋਤ ਵਾਲਿਆਂ ਦਾ ਪਿੰਡ ਹੈ, ਜੋ ਕਿਸੇ ਸਮੇਂ ਜੈਸਲਮੇਰ ਦੇ ਰਾਜੇ ਹੁੰਦੇ ਹਨ। ਇਤਿਹਾਸ ਅਨੁਸਾਰ ਇਨ੍ਹਾਂ ਦਾ ਵਡੇਰਾ ਮਹਿਰਾਜ ਰਾਓ ਸੀ ਤੇ ਮਹਿਰਾਜ ਰਾਓ ਦਾ ਪੁੱਤਰ ਪੱਖੋ ਰਾਓ ਵੀਦੋਵਾਲ ਦਾ ਚੌਧਰੀ ਸੀ। ਮੁਗ਼ਲ ਬਾਦਸ਼ਾਹ ਨੇ ਉਸ ਦੀ ਧੀ ਦਾ ਡੋਲਾ ਮੰਗ ਲਿਆ ਸੀ। ਪੱਖੋ ਰਾਓ ਨੇ ਡੋਲਾ ਦੇਣ ਤੋਂ ਇਨਕਾਰ ਕਰ ਦਿੱਤਾ ਸੀ। ਇਸ ਗੱਲ ਦਾ ਮੁਗ਼ਲ ਬਾਦਸ਼ਾਹ ਨੂੰ ਬਹੁਤ ਗੁੱਸਾ ਸੀ। ਮੁਗਲਾਂ ਨੇ ਬਠਿੰਡੇ ਦੇ ਭੱਟੀਆਂ ਨੂੰ ਮਦਦ ਦੇ ਕੇ ਇਨ੍ਹਾਂ ਕੋਲੋਂ ਵੀਦੋਵਾਲ ਦੀ ਚੌਧਰ ਖੋਹ ਲਈ। ਇਹ ਸਰਕਾਰ ਦੇ ਬਾਗ਼ੀ ਹੋ ਗਏ। ਬਾਗ਼ੀ ਹੋਣ ਕਾਰਨ ਪੱਖੋ ਰਾਓ ਦੇ ਪੁੱਤਰ ਬਾਬਾ ਮੋਹਨ ਪਰਿਵਾਰ ਸਮੇਤ ਇਲਾਕੇ ਵਿੱਚ ਲੁਕ-ਛਿਪ ਕੇ ਦਿਨ ਕੱਟਣ ਲੱਗੇ। ਉਸ ਸਮੇਂ ਇਨ੍ਹਾਂ ਨੇ ਨਥਾਣੇ ਸੰਤ ਕਾਲੂ ਨਾਥ ਕੋਲ ਡੇਰਾ ਲਾਇਆ ਹੋਇਆ ਸੀ। ਉਦੋਂ ਪਿੰਡ ਮਾੜੀ ਸਿੱਖਾਂ ਵਿੱਚ ਭੁੱਲਰਾਂ ਦਾ ਮੇਲਾ ਲੱਗਦਾ ਸੀ। ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਧਾਰਮਿਕ ਪ੍ਰਚਾਰ ਲਈ ਆਏ ਹੋਏ ਸਨ। ਸਿੱਧੂ ਭਾਈਚਾਰੇ ਨੇ ਛੇਵੇਂ ਗੁਰੂ ਨੂੰ ਅਰਜ਼ ਕੀਤੀ ਕਿ ਉਨ੍ਹਾਂ ਨੂੰ ਪਿੰਡ ਬੰਨ੍ਹਣ ਲਈ ਜ਼ਮੀਨ ਦਿਵਾਈ ਜਾਵੇ। ਗੁਰੂ ਜੀ ਨੇ ਇਲਾਕੇ ਦੇ ਚੌਧਰੀ ਲਾਲਾ ਕੌੜਾ ਅਤੇ ਬਘੇਲੇ ਨੂੰ ਕਿਹਾ ਕਿ ਇਨ੍ਹਾਂ ਨੂੰ ਜ਼ਮੀਨ ਦੇ ਦਿੱਤੀ ਜਾਵੇ ਪਰ ਲਾਲਾ ਕੌੜੇ ਨੇ ਗੁਰੂ ਜੀ ਦੀ ਗੱਲ ਨਾ ਮੰਨੀ। ਫੇਰ ਗੁਰੂ ਜੀ ਨੇ ਬਚਨ ਕੀਤਾ ‘‘ਕਾਲਿਆ, ਤੱਤੀਏਂ ਤੌੜੀਏ ਉੱਠ ਕੇ ਚਲੇ ਜਾਓ। ਜਿਧਰੋਂ ਆਏ ਹੋ ਓਧਰ ਹੀ ਚਲੇ ਜਾਣਾ, ਜਿੱਥੇ ਦਿਨ ਛਿਪ ਗਿਆ ਉੱਥੇ ਹੀ ਬੈਠ ਜਾਣਾ।’’ ਉਦੋਂ ਚੇਤ ਦਾ ਮਹੀਨਾ 1684 ਬਿਕਰਮੀ ਸੰਮਤ ਸੀ। ਬਾਬਾ ਮੋਹਣ ਅਤੇ ਉਸ ਦੇ ਚਾਰ ਪੁੱਤਰ ਕੁੱਲ ਚੰਦ, ਦਿਆ ਚੰਦ (ਕਾਲਾ), ਰੂਪ ਚੰਦ ਤੇ ਕਰਮ ਚੰਦ ਪਰਿਵਾਰ ਸਮੇਤ ਰਾਮਸਰਾ ਛੱਪੜ ਕੋਲ ਮੋੜ੍ਹੀ ਗੱਡ ਕੇ ਬਹਿ ਗਏ। ਦੂਜੇ ਦਿਨ ਜਦੋਂ ਲਾਲੇ ਕੌੜੇ ਨੂੰ ਇਸ ਦਾ ਪਤਾ ਲੱਗਾ ਤਾਂ ਉਨ੍ਹਾਂ ਮੋੜ੍ਹੀ ਪੁੱਟ ਕੇ ਖੂਹ ਵਿੱਚ ਸੁੱਟ ਦਿੱਤੀ। ਬਾਬੇ ਕਾਲੇ ਨੇ ਇਹ ਗੱਲ ਛੇਵੇਂ ਗੁਰੂ ਨੂੰ ਦੱਸੀ ਤਾਂ ਗੁਰੂ ਜੀ ਫ਼ਿਕਰ ਨਾ ਕਰਨ ਲਈ ਕਿਹਾ। ਇਸ ਮਗਰੋਂ ਦੋਹਾਂ ਧਿਰਾਂ ਵਿੱਚ ਲੜਾਈ ਵੀ ਹੋਈ ਸੀ ਤੇ ਛੇਵੇਂ ਗੁਰੂ ਦੀ ਮੇਹਰ ਸਦਕਾ ਪਿੰਡ ਮਹਿਰਾਜ ਬੱਝ ਗਿਆ। ਗੁਰਦੁਆਰਾ ਗੁਰੂਸਰ ਮਹਿਰਾਜ ਵਾਲੀ ਥਾਂ ’ਤੇ ਛੇਵੇਂ ਗੁਰੂ ਹਰਗੋਬਿੰਦ ਸਾਹਿਬ ਨੇ ਲੱਲਾ ਵੇਗ ਨਾਲ ਜੰਗ ਕੀਤੀ ਸੀ। ਇਸ ਜੰਗ ਵਿੱਚ 1200 ਸਿੱਖ ਸ਼ਹੀਦ ਹੋਏ ਸਨ। ਇਸ ਸਥਾਨ ’ਤੇ ਲੋਹੜੀ ਨੂੰ ਭਾਰੀ ਮੇਲਾ ਲੱਗਦਾ ਹੈ। ਪਿੰਡ ਵਿੱਚ ਗੁਰਦੁਆਰਾ ਰਾਮਸਰਾ ਸਣੇ ਕਈ ਗੁਰਦੁਆਰੇ ਹਨ। ਇਸ ਤੋਂ ਇਲਾਵਾ ਸਿੱਧ ਤਿਲਕ ਰਾਏ ਦਾ ਸਥਾਨ, ਸਮਾਧ ਬਾਬਾ ਕਾਲਾ, ਡੇਰਾ ਮਸਤਾਨ ਸਿੰਘ ਤੇ ਸ਼ਿਵ ਮੰਦਰ ਹੈ।

ਇਸ ਪਿੰਡ ਦੇ ਵਾਸੀਆਂ ਨੇ ਕਈ ਮੋਰਚਿਆਂ ਲਈ ਗ੍ਰਿਫ਼ਤਾਰੀਆਂ ਦਿੱਤੀਆਂ ਅਤੇ ਦੇਸ਼ ਲਈ ਸੇਵਾਵਾਂ ਨਿਭਾਈਆਂ। 1971 ਦੀ ਹਿੰਦ-ਪਾਕਿ ਜੰਗ ਸਮੇਂ ਮੱਖਣ ਸਿੰਘ ਨੇ ਸ਼ਹੀਦੀ ਪ੍ਰਾਪਤ ਕੀਤੀ। ਪਿੰਡ ਵਿੱਚ ਮੱਖਣ ਸਿੰਘ ਦਾ ਸੁੰਦਰ ਬੁੱਤ ਲੱਗਾ ਹੋਇਆ ਹੈ। ਅਕਾਲੀ ਮੋਰਚਿਆਂ ਵਿੱਚ ਗ੍ਰਿਫ਼ਤਾਰੀਆਂ ਦੇਣ ਵਾਲੇ ਸ਼ੇਰ ਸਿੰਘ, ਨਿਰੰਜਣ ਸਿੰਘ, ਦਿਆਲ ਸਿੰਘ, ਅਵਤਾਰ ਸਿੰਘ ਤੇ ਸੁਰਜੀਤ ਸਿੰਘ ਪਿੰਡ ਮਹਿਰਾਜ ਨਾਲ ਸਬੰਧਤ ਸਨ। ਇਨ੍ਹਾਂ ਨੇ ਅਨੇਕਾਂ ਵਾਰ ਜੇਲ੍ਹ ਯਾਤਰਾ ਕੀਤੀ। ਮਹਿਰਾਜ ਕੈਪਟਨ ਅਮਰਿੰਦਰ ਸਿੰਘ ਦੇ ਪੁਰਖਿਆਂ ਦਾ ਪਿੰਡ ਹੈ ਤੇ ਉਹ ਇਸ ਵਿੱਚ ਅਕਸਰ ਆਉਂਦੇ ਹਨ।

ਸਿੱਖਿਆ ਸੰਸਥਾਵਾਂ

[ਸੋਧੋ]

ਇਸ ਪਿੰਡ ਵੱਲੋਂ ਰਾਮਪੁਰਾ ਫੂਲ ਟੀਪੀਡੀ ਮਾਲਵਾ ਕਾਲਜ ਲਈ 25 ਏਕੜ ਜ਼ਮੀਨ ਦਾਨ ਵਜੋਂ ਦਿੱਤੀ ਗਈ। ਕੈਪਟਨ ਅਮਰਿੰਦਰ ਸਿੰਘ ਨੇ ਮੁੱਖ ਮੰਤਰੀ ਹੁੰਦਿਆਂ 4 ਕਰੋੜ ਦੀ ਮਦਦ ਦੇ ਕੇ ਇਸ ਨੂੰ ਇੰਜਨੀਅਰਿੰਗ ਕਾਲਜ ਬਣਾਇਆ, ਜਿੱਥੇ ਇਲਾਕੇ ਦੇ ਲੜਕੇ-ਲੜਕੀਆਂ ਉੱਚ ਵਿੱਦਿਆ ਹਾਸਲ ਕਰ ਰਹੇ ਹਨ। ਪਿੰਡ ਵਿੱਚ ਦੋ ਸੀਨੀਅਰ ਸੈਕੰਡਰੀ ਸਕੂਲ, ਅੱਠ ਐਲੀਮੈਂਟਰੀ ਸਕੂਲ ਤੇ ਕਈ ਪ੍ਰਾਇਮਰੀ ਅਤੇ ਪ੍ਰਾਈਵੇਟ ਸਕੂਲ ਹਨ। ਪਿੰਡ ਵਿੱਚ ਕਈ ਬੈਂਕਾਂ ਦੀਆਂ ਸ਼ਾਖ਼ਾਵਾਂ ਵੀ ਹਨ। ਸੰਗਮ ਪੈਲੇਸ, ਪੰਜਾਬ ਪੈਲੇਸ, ਕੋਲਡ ਸਟੋਰ, ਤੀਹ ਬਿਸਤਰਿਆਂ ਵਾਲਾ ਹਸਪਤਾਲ ਤੇ ਦੋ ਅਨਾਜ ਮੰਡੀਆਂ ਹਨ। ਪਿੰਡ ਵਿੱਚ ਸੀਵਰੇਜ ਸਿਸਟਮ, ਵਾਟਰ ਵਰਕਸ, ਪੱਕੀਆਂ ਸੜਕਾਂ, ਕਿਸਾਨ ਸਿੱਖਿਆ ਕੇਂਦਰ, ਸਟੇਡੀਅਮ ਤੇ ਪੰਚਾਇਤ ਘਰ ਆਦਿ ਦੀ ਸਹੂਲਤ ਵੀ ਹੈ। ਇਸ ਪਿੰਡ ਦੇ ਕਈ ਵਿਅਕਤੀ ਉੱਚ ਅਹੁਦਿਆਂ ਤੋਂ ਸੇਵਾਮੁਕਤ ਹੋਏ ਹਨ। ਇਨ੍ਹਾਂ ਵਿੱਚ ਮੇਜਰ ਕਰਨਲ ਗੁਰਦਿਆਲ ਸਿੰਘ, ਮੇਜਰ ਕਰਨਲ ਭਾਨ ਸਿੰਘ, ਐਸਪੀ ਜਗਰੂਪ ਸਿੰਘ, ਡੂੰਗਰ ਸਿੰਘ, ਗੁਰਬਚਨ ਸਿੰਘ, ਸਿੱਖਿਆ ਸਕੱਤਰ ਜਗਜੀਤ ਸਿੰਘ, ਬੀਬੀ ਕੁਸਮਜੀਤ ਕੌਰ, ਜੋਗਿੰਦਰ ਸਿੰਘ ਤੇ ਚੇਅਰਮੈਨ ਦਵਿੰਦਰ ਸਿੰਘ ਦੇ ਨਾਮ ਸ਼ਾਮਲ ਹਨ। ਇਨ੍ਹਾਂ ਸੇਵਾਮੁਕਤ ਅਧਿਕਾਰੀਆਂ ਤੋਂ ਇਲਾਵਾ ਕਵੀਸ਼ਰ ਚੰਦ ਸਿੰਘ, ਅਰਜਨ ਸਿੰਘ ਤੇ ਲੇਖਕ ਭਗਵਾਨ ਸਿੰਘ ਵੀ ਮਹਿਰਾਜ ਦਾ ਮਾਣ ਹਨ।