ਅੰਨ੍ਹੇ ਨਿਸ਼ਾਨਚੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਅੰਨ੍ਹੇ ਨਿਸ਼ਾਨਚੀ ਅਜਮੇਰ ਸਿੰਘ ਔਲਖ(19 ਅਗਸਤ 1942- 15 ਜੂਨ 2017) ਰਚਿਤ ਇਕਾਂਗੀ-ਸੰਗ੍ਰਹਿ ਹੈ, ਜਿਸਦੇ ਕਈ ਸੰਸਕਰਣ ਛਪ ਚੁੱਕੇ ਹਨ। ਇਹ ਇਕਾਂਗੀ-ਸੰਗ੍ਰਹਿ ਦੇ ਪ੍ਰਕਾਸ਼ਕ "ਚੇਤਨਾ ਪ੍ਰਕਾਸ਼ਨ-ਪੰਜਾਬੀ ਭਵਨ ਲੁਧਿਆਣਾ" ਹੈ ਅਤੇ ਛਾਪਕ "ਆਰ. ਕੇ. ਆਫ਼ਸੈੱਟ, ਦਿੱਲੀ" ਹੈ। ਇਸ ਸੰਗ੍ਰਹਿ ਦੇ ਆਰੰਭ ਵਿੱਚ ਆਈਆਂ 'ਤੁਕਾਂ' ਮਾਨਵੀ ਸ਼ਖਸੀਅਤ ਦੀ ਤਰਜਮਾਨੀ ਕਰਦੀਆਂ ਹਨ, ਜੋ ਪੰਜਾਬੀ ਦੇ ਸੂਫ਼ੀ ਕਵੀ "ਸੇਖ਼ ਫ਼ਰੀਦ" ਦੀਆਂ ਹਨ, ਜਿਵੇਂ:

 "ਫਰੀਦਾ ਕਾਲੇ ਮੈਂਡੇ ਕਪੜੇ
 ਕਾਲਾ ਮੈਂਡਾ ਵੇਸ।
 ਗੁਨਹੀ ਭਰਿਆ ਮੈਂ ਫਿਰਹਿ
 ਲੋਕ ਕਹਿਣ ਦਰਵੇਸ।"

ਇਸ ਇਕਾਂਗੀ-ਸੰਗ੍ਰਹਿ ਦੀ 'ਚੌਥੇ ਸੰਸਕਰਣ' ਦੀ ਭੂਮਿਕਾ "ਕੁਝ ਗੁਸਤਾਖ਼ੀਆ" ਹੈ, ਜੋ ਜੂਨ, 2009 ਦੀ ਹੈ। ਇਸ ਵਿੱਚ ਅਜਮੇਰ ਔਲਖ ਪਹਿਲੇ ਤੋਂ ਹੁਣ ਤੱਕ ਦੇ ਸੰਸਕਰਣ 'ਚ ਕੀਤੀ ਤਬਦੀਲੀ ਬਾਰੇ ਦੱਸਦੇ ਹਨ। ਅਜਮੇਰ ਔਲਖ ਅਨੁਸਾਰ, ਇਸ ਸੰਗ੍ਰਹਿ ਵਿੱਚੋਂ "ਰਾਹਗੀਰ" ਅਤੇ "ਬ੍ਰਹਮ-ਭੋਜ" ਇਕਾਂਗੀਆਂ ਕੱਢ ਦਿੱਤੀਆਂ। ਇਸ ਦੋਨਾਂ ਇਕਾਂਗੀਆਂ ਦੀ ਥਾਂ 'ਤੇ "ਲੋਹੇ ਦਾ ਪੁੱਤ" ਇਕਾਂਗੀ ਪਾ ਦਿੱਤੀ। "ਰਾਹਗੀਰ" ਮੇਰੀ ਆਪਣੀ ਰਚਨਾ ਨਹੀਂ ਸੀ ਬਲਕਿ ਚੀਨੀ ਲੇਖਕ ਲੂ ਸੁੰਨ ਦੇ ਨਾਟਕ ਦਾ ਪੰਜਾਬੀ ਅਨੁਵਾਦ ਸੀ ਅਤੇ "ਬ੍ਰਹਮ-ਭੋਜ" ਮੇਰੀ ਆਪਣੀ ਰਚਨਾ ਸੀ, ਜਿਸਨੂੰ 15 ਸਾਲਾਂ ਦੌਰਾਨ ਨਾ ਮੈਂ ਮੰਚਿਤ ਕੀਤਾ ਨਾ ਕਿਸੇ ਹੋਰ ਸੰਸਥਾ ਨੇ ਮੰਚਿਤ ਕੀਤਾ।... ਦੂਸਰਾ "ਬਹਿਕਦਾ ਰੋਹ" ਦਾ ਨਾਂ ਬਦਲ ਕੇ "ਜਦੋਂ ਬੋਹਲ਼ ਰੋਦੇਂ ਹਨ" ਕਰ ਦਿੱਤਾ ਹੈ...[1]

ਭੂਮਿਕਾ[ਸੋਧੋ]

ਇਸ ਇਕਾਂਗੀ-ਸੰਗ੍ਰਹਿ ਦੇ ਮੌਜੂਦਾ ਸੰਸਕਰਣ 'ਚ "ਚਾਰ ਇਕਾਂਗੀਆਂ" ਹਨ। ਜੋ ਹੇਠ ਲਿਖੀਆਂ ਹਨ। ਜਿਵੇਂ,

 1. ਜਦੋਂ ਬੋਹਲ਼ ਰੋਦੇਂ ਹਨ।
 2. ਅੰਨ੍ਹੇ ਨਿਸ਼ਾਨਚੀ।
 3. ਸਿੱਧਾ ਰਾਹ-ਵਿੰਗਾ ਬੰਦਾ।
 4. ਲੋਹੇ ਦਾ ਪੁੱਤ।

ਇਹ ਇਕਾਂਗੀਆਂ ਵੱਖ-ਵੱਖ ਸਰੋਕਾਰਾਂ ਨਾਲ ਸੰਬੰਧਿਤ ਹੋਣ ਕਰਕੇ ਵੱਖਰੇ-ਵੱਖਰੇ ਮੁੱਦੇ ਚੁੱਕਦੀਆਂ ਹਨ। ਇਹਨਾਂ ਵਿੱਚ ਨਿਮਨ ਪੇਂਡੂ ਵਰਗ ਦੀ ਨਿਗਰਦੀ ਹਾਲਤ, ਦੇਸ਼-ਵੰਡ ਦੇ ਨਾਲ-ਨਾਲ ਧਾਰਮਿਕ ਕੱਟੜਤਾ, ਸ਼ਾਸਕ ਧਿਰ ਦੀ ਬੇ-ਅਨੁਸ਼ਾਸਨਤਾਈ ਅਤੇ ਇਸ ਲੋਟੂ ਨਿਜ਼ਾਮ ਪ੍ਰਤੀ ਉੱਠੇ ਵਿਦਰੋਹ ਦੀ ਨਿਸ਼ਾਨਦੇਹੀ ਕੀਤੀ ਹੈ। ਇਹ ਅਜਮੇਰ ਔਲਖ ਦੀ ਖਾਸੀਅਤ ਹੈ ਕਿ ਉਸ ਨੇ ਨਾਟ-ਰਚਨਾਵਾਂ ਵਿੱਚ "ਪਰੋਲੋਤਾਰੀ" ਵਰਗ ਦੇ ਹੱਕਾਂ ਦੀ ਗੱਲ ਨਿੱਠ ਕੇ ਕੀਤੀ ਅਤੇ ਖੁਦ ਵੀ ਜ਼ਿੰਦਗੀ 'ਚ ਲੰਮੇਰਾ ਸੰਘਰਸ਼ ਕੀਤਾ। ਇਸੇ ਕਰਕੇ ਅਜਮੇਰ ਔਲਖ ਦੀ ਨਾਟ-ਰਚਨਾ "ਇਸ਼ਕ ਬਾਝ ਨਮਾਜ਼ ਦਾ ਹੱਜ ਨਹੀਂ" ਨੂੰ ਭਾਰਤੀ ਸਾਹਿਤ ਅਕਾਦਮੀ ਇਨਾਮ ਦਾ ਮਿਲਿਆ[2] ਅਤੇ "ਅੰਨ੍ਹੇ ਨਿਸ਼ਾਨਚੀ" ਨੂੰ ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ "ਈਸ਼ਵਰ ਚੰਦਰ ਪੁਰਸਕਾਰ" 1983 ਈ: ਵਿੱਚ ਮਿਲਿਆ।

ਇਕਾਂਗੀ-ਰਚਨਾਵਾਂ[ਸੋਧੋ]

"ਜਦੋਂ ਬੋਹਲ਼ ਰੋਦੇਂ ਹਨ"[ਸੋਧੋ]

ਪਾਤਰ-ਜਗਤ[ਸੋਧੋ]

 1. ਭਗਤਾ : ਗਰੀਬ ਕਿਸਾਨ
 2. ਮਾਧੋ : ਭਗਤੇ ਦਾ ਸੀਰੀ
 3. ਨਸੀਬ ਕੁਰ : ਭਗਤੇ ਦੀ ਪਤਨੀ
 4. ਆਸਵੰਦ(ਆਸੀ) : ਭਗਤੇ ਦਾ ਕਾਲਜ ਪੜ੍ਹਦਾ ਵਿੱਚ ਮੁੰਡਾ
 5. ਬੀਬ(ਕਰਮਜੀਤ) : ਭਗਤੇ ਦੀ ਮੁਟਿਆਰ ਧੀ
 6. ਪੱਪੂ : ਭਗਤੇ ਦਾ ਸਭ ਤੋਂ ਛੋਟਾ ਮੁੰਡਾ
 7. ਪਾੱਲੋ : ਭਗਤੇ ਦੀ ਛੋਟੀ ਧੀ
 8. ਸੇਠ : ਧਨੀ ਵਿਅਕਤੀ
 9. ਇੰਸਪੈਕਟਰ ਜੋਗਿੰਦਰ ਸਿੰਘ : ਪੁਲਸੀਆ
 10. ਬਲਦੇਵ ਸਿੰਘ ਸਰਪੰਚ : ਪਿੰਡ ਦਾ ਸਰਪੰਚ
 11. ਸਾਈਂ ਲੋਕ
 12. ਗੁਆਂਢੀ ਮੁੰਡਾ
 13. ਦੋ ਮਜ਼ਦੂਰ[3]

ਵਿਸ਼ਾ[ਸੋਧੋ]

ਇਸ ਇਕਾਂਗੀ ਵਿੱਚ 'ਅਜਮੇਰ ਔਲਖ' ਨੇ ਨਿਮਨ ਕਿਸਾਨ ਵਰਗ ਦੀ ਨਿਘਰਦੀ ਹਾਲਤ ਨੂੰ ਬਿਆਨ ਕੀਤਾ ਹੈ। ਕਿਸਾਨ ਸਾਰਾ ਸਾਲ ਮਿਹਨਤ ਕਰਕੇ ਫ਼ਸਲ ਘਰ ਲੈ ਆਉਂਦਾ ਹੈ ਪਰ ਉਹ ਜਿਨ੍ਹਾਂ ਨੇ ਕਰਜ਼ਈ ਬਣਾ ਰੱਖਿਆ ਹੈ, ਉਹ ਝੱਟ ਆ ਧਮਕਦੇ ਹਨ ਅਤੇ ਰੋਹਬ ਪਾਉਂਦੇ ਹਨ। ਸਾਰੇ ਪਰਿਵਾਰ ਦੀ ਅਸਮਾਨੀ ਚੜ੍ਹੀ ਖੁਸ਼ੀ ਧੜੱਮ ਕਰਕੇ ਜ਼ਮੀਨ 'ਤੇ ਆ ਡਿੱਗਦੀ ਹੈ ਅਤੇ ਉਹਨਾਂ ਦੀ ਰੀਝਾਂ-ਆਸਾਵਾਂ ਉੱਤੇ ਪਾਣੀ ਫਿਰ ਜਾਂਦਾ ਹੈ। ਜਿਸ ਚਾਵਾਂ ਨਾਲ ਸਾਰਾ ਪਰਿਵਾਰ ਅਤੇ ਸੀਰੀ ਰੋਟੀ ਦਾ ਪ੍ਰਬੰਧ ਕਰਦੇ ਹਨ, ਉਹ ਸਾਰੇ ਘਰ ਆਈ ਧਾੜ ਕਰਕੇ ਖੇਰੂੰ-ਖੇਰੂੰ ਹੋ ਜਾਂਦੇ ਹਨ। ਅੰਗਰੇਜ਼ ਹਾਕਮਾਂ 'ਤੇ ਵੀ ਲੇਖਕ ਵਿਅੰਗ ਕਸਦਾ ਜਿੱਥੇ ਮਾਧੋ(ਸੀਰੀ) ਪੁੱਛਦਾ ਹੈ ਕਿ,'

ਮਾਧੋ: ਗੋਰੀਆਂ ਖਾਂਦੀਆਂ ਕੀ ਨੇ। ਲਾਲ ਟਮਾਟਰ ਅਰਗੀਆ ਪਈਆਂ
ਨੇ!
ਆਸਵੰਦ: ਲਹੂ ਪੀਂਦੀਆਂ ਨੇ। 
ਮਾਧੋ: ਕਿਸਦਾ ?
ਆਸਵੰਦ: 'ਲੋਕਾਂ ਦਾ, ਮੇਰੇ ਪਿਉ ਭਗਤੇ ਦਾ ਅਤੇ ਮੇਰੇ ਤਾਏ ਮਾਧੋ 
 ਦਾ।'[4]

ਇਸ ਤੋਂ ਬਿਨਾਂ ਕਿਸਾਨ ਦੀ ਪੁਲਿਸ ਪ੍ਰਸ਼ਾਸਨ, ਆੜ੍ਹਤੀਆਂ ਅਤੇ ਧਨੀ ਸੇਠਾਂ ਤੋਂ ਵੀ ਪੈਸੇ ਦੀ ਲੁੱਟ ਅਤੇ ਸ਼ੋਸ਼ਣ ਹੁੰਦਾ ਹੈ। ਇੱਕ ਪੱਖੋਂ ਭਗਤੇ ਦੇ ਮੁੰਡੇ ਆਸਵੰਦ ਰਾਹੀਂ ਇਸ ਲੋਟੂ ਨਿਜ਼ਾਮ ਦੀ ਲੁੱਟ ਪ੍ਰਤੀ ਆ ਰਹੀਂ ਚੇਤਨਾ ਵੀ ਦਿਖਾਈ ਹੈ। ਫਿਰ ਵੀ ਇਸ ਵਰਗ ਦੀ ਹਾਲਤ ਨਿਗਤਦੀ ਹੀ ਜਾ ਰਹੀ ਹੈ।

"ਅੰਨ੍ਹੇ ਨਿਸ਼ਾਨਚੀ"[ਸੋਧੋ]

ਪਾਤਰ-ਜਗਤ[ਸੋਧੋ]

 1. ਖੜਕ ਸਿੰਘ : ਉਮਰ 40 ਸਾਲ
 2. ਨੱਥੂ ਰਾਮ : ਉਮਰ 45 ਸਾਲ
 3. ਫੱਟੇ ਚੱਕ : ਉਮਰ 35 ਸਾਲ
 4. ਹੇਤ ਰਾਮ : ਉਮਰ 35 ਸਾਲ
 5. ਪਾਗ਼ਲ ਮੁਟਿਆਰ : ਉਮਰ 25 ਸਾਲ
 6. ਗੁਰਮੁੱਖ ਸਿੰਘ : ਉਮਰ 60 ਸਾਲ
 7. ਮੁਸਲਮਾਨ ਬੁੱਢੀ : ਉਮਰ 70 ਸਾਲ
 8. ਮੁਸਲਮਾਨ ਬੱਚਾ : ਉਮਰ 6 ਸਾਲ
 9. ਗੂੰਗਾ : ਉਮਰ 20 ਸਾਲ[5]

ਵਿਸ਼ਾ[ਸੋਧੋ]

ਇਹ ਇਕਾਂਗੀ ਇਸ ਸੰਗ੍ਰਹਿ ਦੀ ਪ੍ਰਮੁੱਖ ਇਕਾਂਗੀ ਹੈੈ। ਇਹ ਇਕਾਂਗੀ 1947 ਦੀ ਵੰਡ ਦੀ ਪਿੱਛੋਂ ਦੇ ਵਾਤਾਵਰਣ 'ਤੇ ਚਾਨਣ ਪਾਉਂਦੀ ਹੈ। ਇਸ ਇਕਾਂਗੀ ਦਾ ਵਾਪਰਣ ਕਾਲ ਸਤੰਬਰ ਮਹੀਨਾ ਹੈ। ਖੌਫ਼ਨਾਕ ਮਹੌਲ ਹੈ, ਜਿਸ ਵਿੱਚ ਧਾਰਮਿਕ ਕੱਟਣਪੁਣੇ ਦਾ ਸ਼ਿਕਾਰ ਲੋਕ ਧਰਮ ਦੇ ਨਾਂ 'ਤਰ ਇੱਕ ਦੂਜੇ ਨੂੰ ਵੱਢ ਰਹੇ ਸਨ। ਕੁਝ ਸਿੱਖ ਅਤੇ ਹਿੰਦੂ ਪਾਤਰ ਮੁਸਲਮਾਨਾਂ ਨੂੰ ਵੱਖਰੇ ਧਰਮ ਦੇ ਹੋਣ ਕਰਕੇ ਮਾਰ ਰਹੇ ਸਨ। ਉਹ ਪਾਕਿਸਤਾਨ ਵਿੱਚ ਹਿੰਦੂ-ਸਿੱਖਾਂ ਦੇ ਮਾਰੇ ਜਾਣ ਕਰਕੇ ਮੁਸਲਮਾਨਾਂ ਨੂੰ ਮਾਰ ਰਹੇ ਸਨ। ਇਸ ਤੋਂ ਬਿਨਾਂ ਉਹ ਕੱਟੜਪੁਣੇ ਦੀ ਅੰਨ੍ਹੀ ਹਨੇਰੀ ਵਿੱਚ ਆਪਣੇ ਹੀ ਧਰਮ ਦੀ ਔਰਤ ਦੀ ਪੱਤ ਰੋਲ਼ ਦਿੰਦੇ ਹਨ। ਭਾਵੇਂ ਤੀਵੀਮਾਨੀ ਦੀ ਇੱਜ਼ਤ ਬਚਾਉਣ ਦੀ ਗੱਲ ਕਰਦੇ ਹਨ। ਖੜਕ ਸਿੰਘ ਨਾਲ ਜੋ "ਫੱਟੇ ਚੱਕ" ਜਹੇ ਲੱਗੇ ਹਨ, ਉਹ ਪੈਸੇ ਜਾਂ ਜ਼ਮੀਨ ਦੇ ਫਸੇ ਹੋਣ ਕਰਕੇ ਹੀ ਲੱਗੇ ਹਨ,ਪਰ ਕਿਸੇ ਨੂੰ ਜਾਨੋਂ ਮਾਰਨ ਦੀ ਹਿੰਮਤ ਨਹੀਂ ਰੱਖਦੇ ਜਿਵੇਂ ਇਕਾਂਗੀ ਦੇ ਅੰਤ 'ਤੇ ਜਦੋਂ ਗਿਆਨੀ ਬਜ਼ੁਰਗ ਦੇ ਕਾਫ਼ੀ ਬਚਾਉਣ ਪਿੱਛੋਂ ਵੀ ਸਿੱਖੀ ਬਾਣੇ 'ਚ ਮੁਸਲਿਮ ਬੱਚੇ ਨੂੰ ਖੜਕ ਸਿੰਘ ਮਾਰਨ ਦੀ ਗੱਲ ਕਰਦਾ ਹੈ ਤਾਂ ਫੱਟੇ ਚੱਕ ਕਹਿੰਦਾ ਹੈ ਕਿ,

"ਨਾ ਜੀ ਸਰਦਾਰ ਸੈਹਿਬ! ਮੈਥੋਂ ਨੀਂ ਐਇੰ ਜੁਆਕ 'ਤੇ ਜ਼ੁਲਮ ਹੁੰਦਾ!"[6]

ਧਾਰਮਿਕ ਕੱਟੜਤਾ ਕਰਕੇ ਉਹ ਦੂਸਰੇ ਧਰਮ ਦੇ ਹਮਦਰਦਾਂ ਨੂੰ ਵੀ ਨਹੀਂ ਬਖ਼ਸ਼ ਰਹੇ ਸੀ। ਇਸੇ ਕਰਕੇ ਗਿਆਨੀ ਗੁਰਮੁੱਖ ਸਿੰਘ ਮਾਰਿਆ ਜਾਂਦਾ ਹੈ, ਪਰ ਉਹ ਉਨ੍ਹਾਂ ਦੇ ਕਿਰਦਾਰ ਦੀ ਨਿਸ਼ਾਨਦੇਹੀ ਕਰ ਜਾਂਦਾ ਹੈ। ਜਿਵੇਂ ਉਹ ਕਹਿੰਦਾ ਹੈ ਕਿ,

ਅੰਨ੍ਹੇ ਸ਼ਿਕਾਰੀਓ! ਤੁਸੀਂ ਨਿਸ਼ਾਨੇ ਹਮੇਸ਼ਾ ਗਲਤ ਲਾਉਣ ਦੇ ਆੱਦੀ
ਬਣ ਚੁੱਕੇ ਓ! ਥੋਡੇ ਵੀ ਕੀ ਸਾਰੇ ਐ? ਥੋਡੀ ਨਜ਼ਰ ਦਾ ਟੀਰ ਥੋਨੂੰ
ਸਿੱਧਾ ਵੇਖਣ ਈਂ ਨੀਂ ਦਿੰਦਾ![7]

ਉਹ ਸਾਰੇ ਕੱਟੜਪੰਥੀ ਆਪਣੇ ਅਭਿਆਸ ਲਈ ਅਤੇ ਨਿਸ਼ਾਨੇਬਾਜ਼ੀ ਲਈ ਬੱਚੇ 'ਤੇ ਨਿਸ਼ਾਨਾ ਸਾਧਦੇ ਹਨ। ਇੱਕ ਪੱਖੋਂ ਉਹ ਨਿਸ਼ਾਨਚੀ ਹਨ ਪਰ ਦੂਸਰੇ ਪੱਖੋਂ ਉਹ ਸੁਜਾਖ਼ੇ ਹੋਣ ਬਾਵਜੂਦ ਵੀ ਅੰਨ੍ਹੇ ਹਨ ਜਿਨ੍ਹਾਂ ਨੂੰ ਇੱਕ ਮਾਸੂਮ ਬੱਚਾ ਨਹੀਂ ਦਿਸਿਆ, ਜਿਸ ਨੂੰ ਤਾਂ ਹਾਲੇ ਇਹ ਵੀ ਨਹੀਂ ਪਤਾ ਸੀ ਕੀ ਧਰਮ ਹੁੰਦਾ ਕੀ ਹੈ। ਇਸੇ ਕਰਕੇ ਇਕਾਂਗੀ ਦਾ ਸਿਰਲੇਖ 'ਅੰਨ੍ਹੇ ਨਿਸ਼ਾਨਚੀ ਹੈ। ਇਕਾਂਗੀ ਦੇ ਅੰਤ 'ਤੇ ਰੱਬ ਨੂੰ ਵੀ ਉਲ੍ਹਾਮਾ ਹੈ ਜੋ ਮੁਸਲਿਮ ਬੁੱਢੜੀ ਦੁਆਰਾ ਹੈ। ਜਿਵੇਂ ਉਹ ਕਹਿੰਦੀ ਹੈ ਕਿ,

ਬੱਸ ਐਨੀ ਗੱਲ ਸੀ?ਕਰ-ਤੀ ਕਹਾਣੀ ਖਤਮ!"[6]

"ਸਿੱਧਾ ਰਾਹ, ਵਿੰਗਾ ਬੰਦਾ"[ਸੋਧੋ]

ਪਾਤਰ ਜਗਤ[ਸੋਧੋ]

 1. ਨੰਬਰ ਇੱਕ : ਬੁਰਜੁਆ ਜੁਡੀਸ਼ਰੀ
 2. ਨੰਬਰ ਦੋ : ਬੁਰਜੁਆ ਐਗਜ਼ੈਕਟਿਵ
 3. ਨੰਬਰ ਤਿੰਨ : ਬੁਰਜੁਆ ਡੈਮੋਕਰੇਸੀ
 4. ਨੰਬਰ ਚਾਰ : ਬੁਰਜੁਆ ਸੱਭਿਆਚਾਰ
 5. ਭਰਤੂ : ਇੱਕ ਮਰਦੜੂ ਜਿਹਾ ਫਰਿਆਦੀ
 6. ਵਿੰਗਾ ਬੰਦਾ : ਜੋ ਅਸਲ ਵਿੱਚ ਸਿੱਧਾ ਹੈ।
 7. ਦੋ ਸੰਤਰੀ[8]

ਵਿਸ਼ਾ[ਸੋਧੋ]

ਇਸ ਇਕਾਂਗੀ ਦਾ ਵਿਸ਼ਾ ਬੁਰਜੁਆ ਸ਼੍ਰੇਣੀ ਵਲੋ ਆਮ ਵਿਅਕਤੀ ਦੀ ਹੋ ਰਹੀ ਲੁੱਟ ਨੂੰ ਦਰਸਾਉਣਾ ਹੈ। ਸਰਕਾਰ ਦੇ ਵੱਖ-ਵੱਖ ਅਹੁਦੇਦਾਰ ਲੋਟੂ ਨਿਜ਼ਾਮ ਦਾ ਹੀ ਪੱਖ ਪੂਰਦੇ ਹਨ। ਆਮ ਵਰਗ ਨੂੰ ਅਸਿੱਧਾ ਦੱਸ ਕੇ ਉਸ ਦੀ ਲੁੱਟ ਹੁੰਦੀ ਹੈ। ਪਰੋਲੋਤਾਰੀ ਵਰਗ ਭਾਵੇਂ ਇਸ ਲੁੱਟ ਤੋਂ ਬਚਣ ਦੀ ਕੋਸ਼ਿਸ ਕਰਦਾ ਹੈ ਭਾਵੇਂ ਉਸ ਨੂੰ ਵਿੰਗਾ ਅਤੇ ਸਿਸਟਮ ਭੰਗ ਕਰਨ ਵਾਲਾ ਕਿਹਾ ਜਾਂਦਾ ਹੈ। ਬੁਰਜੂਆ ਵਰਗ ਆਮ ਵਿਅਕਤੀ ਦਾ ਮਾਸ ਨੋਚਦਾ ਹੈ, ਫਿਰ ਵੀ ਆਮ ਕਿਰਤੀ ਵਰਗ ਨੂੰ ਜ਼ਿੰਦਗੀ 'ਚ ਤਬਦੀਲ਼ੀ ਦੀ ਆਸ ਹੈ। ਇੱਕ ਗੀਤ ਤੋਂ ਇਸ ਦਾ ਪ੍ਰਮਾਣ ਮਿਲ ਜਾਂਦਾ ਹੈ। ਜਿਵੇਂ,

ਕਾਗਾ ਕਰੰਗ ਢੰਢਲਿਆ
ਮੇਰਾ ਸਗਲਾ ਖਾਇਆ ਮਾਸ!
ਫਿਰ ਵੀ ਜਿਉਂਦੇ ਜਾ ਰਹੇ
ਸਾਨੂੰ ਚਾਨਣ ਦੀ ਆਸ![9]

ਸਥਾਪਤੀ ਵੀ ਲੋਟੂ ਧਿਰ ਦੀ ਹੀ ਹਾਮੀ ਭਰਦੀ ਹੈ। ਜਿਸ ਕਰਕੇ ਬੁਰਜੂਆ ਧਿਰ ਦੇ ਚਾਰੇ ਭਾਗਾਂ ਨੂੰ ਸਿਰਫ ਕੁਰਸੀ ਤੱਕ ਮਤਲਬ ਹੈ। ਜਿਵੇਂ,

ਗੀਤ : ਦੇਸ਼ ਹੈ 'ਪਿਆਰਾ' ਸਾਨੂੰ
ਜ਼ਿੰਦਗੀ 'ਪਿਆਰੀ' ਨਾਲ਼ੋਂ
ਇਸ ਤੋਂ 'ਪਿਆਰੀ' ਸਾਨੂੰ 
ਇਹ ਕੁਰਸੀ!
ਚਾਰੇ : ਅਸਾਂ ਤੋੜ ਦੇਣੀ,
ਅਸਾਂ ਤੋੜ ਦੇਣੀ
ਧੌਣ ਜਿਹੜੀ ਨਹੀਂ ਮੁੜਦੀ 
ਅਸਾਂ......[10]

ਫਿਰ ਵੀ ਆਮ ਕਿਰਤੀ ਵਰਗ ਆਪਣ ਹੋਂਦ ਲਈ ਕਾਰਜਸ਼ੀਲ ਹੈ ਤੇ ਨਾਅਰਾ ਲਗਾਉਂਦਾ ਹੈ। ਜਿਵੇਂ

ਐ ਚਾਨਣ ਦੇ ਕਾਤਲ਼ੋ ਕਿਉਂ ਭੁੱਲਾਂ ਕਰਦੇ!
ਲੱਖਾਂ ਸੂਰਜ ਨੂੜ ਲਉ, ਇਹਨਾਂ ਰਹਿਣਾ ਚੜਦੇ!
ਇਹਨਾਂ ਰਹਿਣਾ.....[10]

"ਲੋਹੇ ਦਾ ਪੁੱਤ"[ਸੋਧੋ]

ਪਾਤਰ ਜਗਤ[ਸੋਧੋ]

 1. ਸੂਤਰਧਾਰ
 2. ਬਰਛਾ : ਪਹਿਲਾਂ ਉਮਰ 10 ਸਾਲ, ਫੇਰ ਪੂਰਾ ਗੱਭਰੂ
 3. ਪੰਮਾ : ਉਮਰ 10 ਸਾਲ
 4. ਤਾਰਾ : ਉਮਰ 10 ਸਾਲ
 5. ਨਾਰੰਗ : ਉਮਰ ਪਹਿਲਾਂ 35 ਸਾਲ, ਫਿਰ 45 ਸਾਲ
 6. ਸਾਧਾ : ਪਹਿਲਾਂ 40 ਸਾਲ, ਫਿਰ 50 ਸਾਲ
 7. ਇੱਕ ਆਦਮੀ
 8. ਥਾਣੇਦਾਰ
 9. ਹੌਲਦਾਰ
 10. ਕੁਝ ਸਿਪਾਹੀ ਤੇ ਕੁਝ ਕਿਰਤੀ-ਕਾਮੇ[11]

ਵਿਸ਼ਾ[ਸੋਧੋ]

ਇਕਾਂਗੀ ਵਿਚਲੀ ਜੇ ਕਹਾਣੀ ਦੀ ਲੜੀ ਦੇਖੀ ਜਾਵੇ ਤਾਂ ਇਹ "ਸਿੱਧਾ ਰਾਹ-ਵਿੰਗਾ ਬੰਦਾ" ਦੇ ਸੰਘਰਸ਼ ਦੀ ਅਗਲੇਰੀ ਦਾਸਤਾਨ ਹੈ। ਕਹਾਣੀ ਦਾ ਮੁੱਖ ਪਾਤਰ ਬਰਛਾ ਬੁਰਜੁਆ ਧਿਰ ਦੇ ਪ੍ਰਤੀਨਿੱਧ ਨਾਰੰਗ ਸਿੰਘ ਦੀ ਵੱਖੀ 'ਚ ਬਰਛੇ ਵਾਂਗ ਖੁੱਭਣ ਲਈ ਤਤਪਰ ਰਹਿੰਦਾ ਹੈ। ਉਸ ਦੀ ਜਾਤ ਭਾਵੇਂ ਛੋਟੀ ਹੈ, ਪਰ ਉਸ ਦੀ ਮਾਂ ਜੱਟ ਨਾਲ ਵਿਆਹੀ ਹੋਣ ਕਰਕੇ ਉਸ ਦਾ ਜਨਮ ਉੱਚੀ ਜਾਤ 'ਚ ਹੋਇਆ। ਫਿਰ ਵੀ "ਚੁਹੜੀ" ਜ਼ਾਤ ਦਾ ਠੱਪਾ ਉਸ ਦੇ ਲੱਗਾ ਰਹਿੰਦਾ ਹੈ। ਉਹ ਇਸ ਦੇ ਲਈ ਹੀ ਹਰ ਇੱਕ ਨਾਲ ਲੜ੍ਹ ਜਾਂਦਾ ਹੈ, ਭਾਵੇਂ ਉਹ ਪਿੰਡ ਦਾ ਚੌਧਰੀ ਹੀ ਕਿਉਂ ਨਾ ਹੋਵੇ। ਉਹ ਖੁਦ ਨੂੰ "ਲੋਹੇ ਦਾ ਪੁੱਤ" ਮੰਨਦਾ ਹੈ। ਇਸੇ ਕਰਕੇ ਉਹ ਹਰ ਔਕੜ ਨਾਲ ਟਾਕਰਾ ਕਰਦਾ ਹੈ। ਉਸ ਦਾ ਵੱਡੇ ਹੋਏ ਦਾ ਭਾਵੇਂ ਕਤਲ ਹੋ ਜਾਂਦਾ ਹੈ, ਪਰ ਉਹ ਫਿਰ ਜੀਅ ਉੱਠਦਾ ਹੈ ਅਰਥਾਤ "ਲੋਹੇ ਦੇ ਪੁੱਤ" ਕਦੇ ਖਤਮ ਨਹੀਂ ਹੁੰਦੇ, ਸਿਰਫ਼ ਰੂਪ ਬਦਲਦੇ ਨੇ। ਕਦੇ ਹਥੌੜਾ, ਕਦੇ ਦਾਤੀ, ਕਦੇ ਬੰਦੂਕ, ਕਦੇ ਕਾਰਖਾਨੇ ਦੇ ਮਸ਼ੀਨੀ ਪੁਰਜ਼ੇ, ਕਦੇ ਮਜ਼ਦੂਰ ਦੇ ਘਰ ਮਘਦਾ ਤਵਾ। ਇਵੇਂ ਹੀ ਉਹ ਇਸ ਵਾਰ "ਬਰਛਾ" ਹੈ। ਸੋਸ਼ਿਤ ਧਿਰ ਲੋਟੂ ਵਰਗ ਨੂੰ ਮਰਦੇ ਜਾਂ ਦੁੱਖੀ ਹੁੰਦੇ ਦੇਖ ਕੇ ਖ਼ੁਸ਼ ਹੁੰਦੀ ਹੈ। ਜਿਵੇਂ ਚਿੰਨ੍ਹਾਤਮਕ ਰੂਪ ਦੱਸਿਆ ਹੈ ਕਿ,

ਬਰਛਾ: ਔਖੇ ਹੁੰਦੇ ਨਾਗ਼ ਨੂੰ ਵੇਖ ਕੇ ਮੇਰੇ ਮਨ ਨੂੰ ਖ਼ੁਸ਼ੀ ਮਿਲਦੀ ਐ![12]

ਇਸ ਤਰ੍ਹਾ ਬਰਛਾ ਖੁਦ ਨੂੰ ਲੋਹਾ ਮੰਨਦਾ ਕਹਿੰਦਾ ਹੈ ਕਿ,

ਬਰਛਾ: 'ਤੁਸੀਂ ਕਾਰ ਝੂਟਦੇ ਹੋਂ, ਮੇਰੇ ਕੋਲ਼ ਲੋਹੇ ਦੀ ਬੰਦੂਕ ਹੈ!
ਮੈਂ ਲੋਹਾ ਖਾਧਾ ਹੈ, ਤੁਸੀਂ ਲਿਹੇ ਦੀ ਗੱਲ ਕਰਦੇ ਹੋਂ![13]

ਇਸ ਤਰ੍ਹਾ ਕਰਦਾ ਬਰਛਾ "ਡੂੰਮ੍ਹਣੇ" ਰੂਪੀ ਬੁਰਜੂਆ ਧਿਰ ਦੇ ਪ੍ਰਤੀਨਿੱਧ ਨਾਰੰਗ ਸਿੰਘ ਨਾਲ ਭਿੜ ਜਾਂਦਾ ਹੈ, ਭਾਵੇਂ ਜਖ਼ਮੀ ਹੋ ਜਾਂਦਾ ਹੈ ਪਰ ਫਿਰ ਲਹੂ-ਲੁਹਾਣ ਪਿੱਛੋਂ ਉੱਠ ਪੈਂਦਾ ਹੈ। ਆਪਣਿਆ ਨੂੰ ਬਚਾਉਂਦਾ ਨਿਮਨ ਧਿਰ ਦਾ ਪ੍ਰਤੀਨਿੱਧ ਕਈ ਵਾਰ 'ਸ਼ਹੀਦ' ਵੀ ਹੋ ਜਾਂਦਾ ਹੈ, ਪਰ "ਸੁਪਨਿਆ" ਨੂੰ ਨਹੀਂ ਮਰਨ ਦਿੰਦਾ। ਬਰਛੇ ਜਿਹਾ 'ਲੋਹੇ ਦਾ ਪੁੱਤ' ਬਰਛੇ ਵਾਂਗ ਅੜ ਕੇ 'ਵਕਤ' ਨੂੰ ਵੀ ਵਕਤ ਪਾ ਦਿੰਦਾ ਹੈ। ਇਹ ਹੀ ਜ਼ਿੰਦਗੀ ਹੈ, ਇਸੇ 'ਚ ਹੀ ਤਬਦੀਲ਼ੀ ਤੇ ਮੁਕਾਮ ਹੈ। ਜਿਸ ਨਾਲ ਸਮਾਂ ਵੀ ਥੰਮ ਜਾਂਦਾ ਹੈ, ਜਿਵੇਂ

ਜੀਣ ਦਾ ਇੱਕ ਇਹ ਵੀ ਢੰਗ ਹੁੰਦਾ ਹੈ,
ਭਰ ਟ੍ਰੈਫ਼ਿਕ 'ਚ ਚੁਫ਼ਾਲ ਲਿਟ ਜਾਣਾ!...
 ਤੇ ਸਲਿੱਪ ਕਰ ਦੇਣਾ ਵਕਤ ਦਾ ਬੋਝਲ਼ ਪਹੀਆ!
ਜੀਣ ਦਾ ਇੱਕ ਇਹ ਵੀ ਢੰਗ ਹੁੰਦਾ ਹੈ.......[14]

ਹਵਾਲੇ[ਸੋਧੋ]

ਨਵੀਂ ਸ਼੍ਰੇਣੀ

ਇਸ ਸ਼੍ਰੇਣੀ ਵਿੱਚ ਸਾਹਿਤ ਦੇ ਇਤਿਹਾਸ ਸੰਬੰਧੀ ਲੇਖ ਹਨ।

 1. ਅੰਨ੍ਹੇ ਨਿਸ਼ਾਨਚੀ, ਲੇਖਕ-ਅਜਮੇਰ ਸਿੰਘ ਔਲਖ,ਪ੍ਰਕਾਸ਼ਨ-ਚੇਤਨਾ ਪ੍ਰਕਾਸ਼ਨ,ਛਾਪਕ-ਆਰ.ਕੇ.ਆਪ਼ਸੈੱਟ, ਦਿੱਲੀ। (2009)-ਪੰਨਾ-7
 2. ਅਜਮੇਰ ਔਲਖ. ਇਨ ਅਵਾਰਡ
 3. ਅੰਨ੍ਹੇ ਨਿਸ਼ਾਨਚੀ, ਲੇਖਕ-ਅਜਮੇਰ ਸਿੰਘ ਔਲਖ, ਪ੍ਰਕਾਸ਼ਨ-ਚੇਤਨਾ ਪ੍ਰਕਾਸ਼ਨ,ਛਾਪਕ-ਆਰ.ਕੇ.ਆਪ਼ਸੈੱਟ ਪੰਨਾ-9
 4. ਅੰਨ੍ਹੇ ਨਿਸ਼ਾਨਚੀ, ਲੇਖਕ-ਅਜਮੇਰ ਸਿੰਘ ਔਲਖ, ਪ੍ਰਕਾਸ਼ਨ-ਚੇਤਨਾ ਪ੍ਰਕਾਸ਼ਨ,ਛਾਪਕ-ਆਰ.ਕੇ.ਆਪ਼ਸੈੱਟ ਪੰਨਾ-32
 5. ਅੰਨ੍ਹੇ ਨਿਸ਼ਾਨਚੀ, ਲੇਖਕ-ਅਜਮੇਰ ਸਿੰਘ ਔਲਖ, ਪ੍ਰਕਾਸ਼ਨ-ਚੇਤਨਾ ਪ੍ਰਕਾਸ਼ਨ,ਛਾਪਕ-ਆਰ.ਕੇ.ਆਪ਼ਸੈੱਟ ਪੰਨਾ-34
 6. 6.0 6.1 ਅੰਨ੍ਹੇ ਨਿਸ਼ਾਨਚੀ, ਲੇਖਕ-ਅਜਮੇਰ ਸਿੰਘ ਔਲਖ, ਪ੍ਰਕਾਸ਼ਨ-ਚੇਤਨਾ ਪ੍ਰਕਾਸ਼ਨ,ਛਾਪਕ-ਆਰ.ਕੇ.ਆਪ਼ਸੈੱਟ ਪੰਨਾ-55
 7. ਅੰਨ੍ਹੇ ਨਿਸ਼ਾਨਚੀ, ਲੇਖਕ-ਅਜਮੇਰ ਸਿੰਘ ਔਲਖ, ਪ੍ਰਕਾਸ਼ਨ-ਚੇਤਨਾ ਪ੍ਰਕਾਸ਼ਨ,ਛਾਪਕ-ਆਰ.ਕੇ.ਆਪ਼ਸੈੱਟ ਪੰਨਾ-51
 8. ਅੰਨ੍ਹੇ ਨਿਸ਼ਾਨਚੀ, ਲੇਖਕ-ਅਜਮੇਰ ਸਿੰਘ ਔਲਖ, ਪ੍ਰਕਾਸ਼ਨ-ਚੇਤਨਾ ਪ੍ਰਕਾਸ਼ਨ,ਛਾਪਕ-ਆਰ.ਕੇ.ਆਪ਼ਸੈੱਟ ਪੰਨਾ-56
 9. ਅੰਨ੍ਹੇ ਨਿਸ਼ਾਨਚੀ, ਲੇਖਕ-ਅਜਮੇਰ ਸਿੰਘ ਔਲਖ, ਪ੍ਰਕਾਸ਼ਨ-ਚੇਤਨਾ ਪ੍ਰਕਾਸ਼ਨ,ਛਾਪਕ-ਆਰ.ਕੇ.ਆਪ਼ਸੈੱਟ ਪੰਨਾ-63
 10. 10.0 10.1 ਅੰਨ੍ਹੇ ਨਿਸ਼ਾਨਚੀ, ਲੇਖਕ-ਅਜਮੇਰ ਸਿੰਘ ਔਲਖ, ਪ੍ਰਕਾਸ਼ਨ-ਚੇਤਨਾ ਪ੍ਰਕਾਸ਼ਨ,ਛਾਪਕ-ਆਰ.ਕੇ.ਆਪ਼ਸੈੱਟ ਪੰਨਾ-67
 11. ਅੰਨ੍ਹੇ ਨਿਸ਼ਾਨਚੀ, ਲੇਖਕ-ਅਜਮੇਰ ਸਿੰਘ ਔਲਖ, ਪ੍ਰਕਾਸ਼ਨ-ਚੇਤਨਾ ਪ੍ਰਕਾਸ਼ਨ,ਛਾਪਕ-ਆਰ.ਕੇ.ਆਪ਼ਸੈੱਟ ਪੰਨਾ-68
 12. ਅੰਨ੍ਹੇ ਨਿਸ਼ਾਨਚੀ, ਲੇਖਕ-ਅਜਮੇਰ ਸਿੰਘ ਔਲਖ, ਪ੍ਰਕਾਸ਼ਨ-ਚੇਤਨਾ ਪ੍ਰਕਾਸ਼ਨ,ਛਾਪਕ-ਆਰ.ਕੇ.ਆਪ਼ਸੈੱਟ ਪੰਨਾ-74
 13. ਅੰਨ੍ਹੇ ਨਿਸ਼ਾਨਚੀ, ਲੇਖਕ-ਅਜਮੇਰ ਸਿੰਘ ਔਲਖ, ਪ੍ਰਕਾਸ਼ਨ-ਚੇਤਨਾ ਪ੍ਰਕਾਸ਼ਨ,ਛਾਪਕ-ਆਰ.ਕੇ.ਆਪ਼ਸੈੱਟ ਪੰਨਾ-78
 14. ਅੰਨ੍ਹੇ ਨਿਸ਼ਾਨਚੀ, ਲੇਖਕ-ਅਜਮੇਰ ਸਿੰਘ ਔਲਖ, ਪ੍ਰਕਾਸ਼ਨ-ਚੇਤਨਾ ਪ੍ਰਕਾਸ਼ਨ,ਛਾਪਕ-ਆਰ.ਕੇ.ਆਪ਼ਸੈੱਟ ਪੰਨਾ-84