ਧਨੇਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਧਨੇਰ
ਪਿੰਡ
ਦੇਸ਼ India
ਰਾਜਪੰਜਾਬ
ਜ਼ਿਲ੍ਹਾਬਰਨਾਲਾ
ਭਾਸ਼ਾਵਾਂ
 • ਸਰਕਾਰੀਪੰਜਾਬੀ (ਗੁਰਮੁਖੀ)
 • Regionalਪੰਜਾਬੀ
ਸਮਾਂ ਖੇਤਰਯੂਟੀਸੀ+5:30 (IST)
ਵੈੱਬਸਾਈਟbarnala.gov.in/english/index.html

ਧਨੇਰ ਭਾਰਤੀ ਪੰਜਾਬ ਦੇ ਬਰਨਾਲਾ ਜ਼ਿਲ੍ਹਾ ਦਾ ਇੱਕ ਪਿੰਡ ਹੈ। ਪਿੰਡ ਧਨੇਰ ਬਰਨਾਲਾ ਤੋਂ 28 ਕਿਲੋਮੀਟਰ ਦੀ ਦੂਰੀ ’ਤੇ ਵਸਿਆ ਹੋਇਆ ਹੈ। ਇਹ ਜ਼ਿਲ੍ਹੇ ਦੀ ਸਬ-ਤਹਿਸੀਲ ਮਹਿਲ ਕਲਾਂ ਤੋਂ 8 ਕਿਲੋਮੀਟਰ ਦੂਰ ਹੈ। ਇਹ ਬਰਨਾਲਾ ਜ਼ਿਲ੍ਹੇ ਦਾ ਆਖ਼ਰੀ ਪਿੰਡ ਹੈ। ਇਸ ਦਾ ਗੁਆਂਢੀ ਪਿੰਡ ਕਾਲਸਾਂ ਹੈ। ਇਸ ਪਿੰਡ ਤੋਂ ਹੀ ਜ਼ਿਲ੍ਹਾ ਲੁਧਿਆਣਾ ਸ਼ੁਰੂ ਹੋ ਜਾਂਦਾ ਹੈ।

ਪਿੰਡ ਬਾਰੇ[ਸੋਧੋ]

ਧਨੇਰ ਦੇ ਪੱਕੇ ਵਸਨੀਕ ਧੰਜਲ ਗੋਤ ਦੇ ਤਰਖਾਣ ਭਾਈਚਾਰੇ ਦੇ ਲੋਕ ਹਨ। ਪਿੰਡ ਦੇ ਬਜ਼ੁਰਗਾਂ ਦੇ ਦੱਸਣ ਮੁਤਾਬਕ ਇਸ ਪਿੰਡ ਦੀ ਮੋੜ੍ਹੀ ਤਰਖਾਣ ਬਾਬੇ ਧੰਨੇ ਨੇ ਗੱਡੀ ਸੀ ਜਿਸ ਤੋਂ ਇਸ ਪਿੰਡ ਦਾ ਨਾਂ ਧਨੇਰ ਪਿਆ। ਧੰਜਲ ਗੋਤ ਦੇ ਵੰਸ਼ਜ ਬਾਬੇ ਧੰਨੇ ਦੀ ਯਾਦ ਵਿੱਚ ਕਾਲਸਾ ਰੋਡ ’ਤੇ ਯਾਦਗਾਰ ਬਣੀ ਹੋਈ ਹੈ। ਇੱਥੇ ਦੀਵਾਲੀ ਤੋਂ ਇੱਕ ਦਿਨ ਮਗਰੋਂ ਦੂਰ-ਦੂਰ ਤੋਂ ਧੰਜਲ ਗੋਤ ਦੇ ਲੋਕ ਇਕੱਠੇ ਹੁੰਦੇ ਹਨ ਅਤੇ ਬਾਬੇ ਧੰਨੇ ਦੀ ਯਾਦ ਵਿੱਚ ਮੇਲਾ ਭਰਦਾ ਹੈ। ਸਰਹਿੰਦ ਫੀਡਰ ਦੀ ਬਠਿੰਡਾ ਬਰਾਂਚ ਨਹਿਰੀ ਛਿਪਦੇ ਵਾਲੇ ਪਾਸੇ ਤੋਂ ਪਿੰਡ ਨਾਲ ਖਹਿ ਕੇ ਲੰਘਦੀ ਹੈ।

ਪਿੰਡ ਦਾ ਇਤਿਹਾਸ[ਸੋਧੋ]

ਆਜ਼ਾਦੀ ਤੋਂ ਪਹਿਲਾਂ ਇਸ ਪਿੰਡ ਵਿੱਚ ਮੁਸਲਿਮ ਭਾਈਚਾਰੇ ਦੇ ਲੋਕ ਬਹੁ-ਗਿਣਤੀ ਵਿੱਚ ਰਹਿੰਦੇ ਸਨ ਪਰ 1947 ਦੀ ਭਾਰਤ-ਪਾਕਿ ਵੰਡ ਵੇਲੇ ਉਹ ਇੱਥੋਂ ਚਲੇ ਗਏ। ਹੁਣ ਵੀ ਅੱਠ-ਦਸ ਘਰ ਮੁਸਲਿਮ ਭਾਈਚਾਰੇ ਦੇ ਲੋਕਾਂ ਦੇ ਹਨ ਜੋ ਬੜੇ ਅਦਬ ਨਾਲ ਵਸਦੇ ਹਨ। ਪਿੰਡ ਵਿੱਚ ਲਗਪਗ ਵੀਹ ਕਿੱਲੇ ਜ਼ਮੀਨ ਵਕਫ਼ ਬੋਰਡ ਮਾਲੇਰਕੋਟਲਾ ਦੇ ਨਾਂ ਹੈ ਜਿਸ ਦੀ ਸਾਰੀ ਆਮਦਨ ਵਕਫ਼ ਬੋਰਡ ਮਾਲੇਰਕੋਟਲਾ ਨੂੰ ਜਾਂਦੀ ਹੈ। ਆਜ਼ਾਦੀ ਤੋਂ ਬਾਅਦ ਇਸ ਪਿੰਡ ਵਿੱਚ ਜੱਟ ਸਿੱਖਾਂ ਦੇ ਕਈ ਪਰਿਵਾਰ ਆ ਕੇ ਵਸ ਗਏ ਜਿਹਨਾਂ ਵਿੱਚ ਨਿੱਝਰ, ਕੰਗ, ਢੀਂਡਸੇ, ਗਰੇਵਾਲ, ਖੱਟੜਾ, ਹਾਂਸ ਤੇ ਗਿੱਲ ਗੋਤ ਵਾਲੇ ਪਰਿਵਾਰ ਪ੍ਰਮੁੱਖ ਹਨ। ਇਸ ਪਿੰਡ ਵਿੱਚ ਰਵੀਦਾਸੀਏ ਸਿੱਖਾਂ ਦੀ ਗਿਣਤੀ ਵੀ ਕਾਫ਼ੀ ਹੈ। ਕੁਝ ਲੋਕ ਬਾਜ਼ੀਗਰ ਭਾਈਚਾਰੇ ਨਾਲ ਵੀ ਸਬੰਧਤ ਹਨ। ਪਿੰਡ ਵਿੱਚ ਸਾਰੇ ਲੋਕਾਂ ਨੇ ਭਾਈਚਾਰਕ ਸਾਂਝ ਬਣਾ ਕੇ ਰੱਖੀ ਹੋਈ ਹੈ। 2000 ਦੀ ਆਬਾਦੀ ਤੇ 1700 ਵੋਟਾਂ ਵਾਲੇ ਇਸ ਪਿੰਡ ਦੀ ਵੰਡ ਪੱਤੀਆਂ ਵਿੱਚ ਨਹੀਂ ਹੋਈ ਹੈ। ਹੁਣ ਨਵੇਂ ਪੰਚਾਇਤੀ ਹੁਕਮਾਂ ਮੁਤਾਬਕ ਇਹ 9 ਵਾਰਡਾਂ ਵਿੱਚ ਵੰਡਿਆ ਹੋਇਆ ਹੈ।

ਪਿੰਡ ਦੀਆਂ ਸੰਸਥਾਵਾਂ[ਸੋਧੋ]

ਪਿੰਡ ਵਿੱਚ ਸਰਕਾਰੀ ਮਿਡਲ ਸਕੂਲ, ਇੱਕ ਪ੍ਰਾਈਵੇਟ ਸਕੂਲ ਤੋਂ ਇਲਾਵਾ ਇੱਕ ਆਯੁਰਵੈਦਿਕ ਡਿਸਪੈਂਸਰੀ, ਪ੍ਰਾਇਮਰੀ ਹੈਲਥ ਸੈਂਟਰ, ਪਸ਼ੂ ਹਸਪਤਾਲ, ਸੇਵਾ ਕੇਂਦਰ ਤੇ ਬਹੁ-ਮੰਤਵੀ ਕੋਆਪਰੇਟਿਵ ਸੁਸਾਇਟੀ ਹੈ। ਪਿੰਡ ਵਿੱਚ ਗੁਰਦੁਆਰਾ ਦੁੱਖ ਭੰਜਣ ਸਾਹਿਬ, ਗੁਰਦੁਆਰਾ ਭਗਤ ਰਵਿਦਾਸ ਜੀ, ਇੱਕ ਮਸਜਿਦ ਤੇ ਦੋ ਪੀਰਖਾਨੇ ਸ਼ਰਧਾ ਦਾ ਕੇਂਦਰ ਹਨ।