ਸਮੱਗਰੀ 'ਤੇ ਜਾਓ

ਸ਼ਹਿਣਾ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਸ਼ਹਿਣਾ ਭਾਰਤੀ ਪੰਜਾਬ ਦੇ ਬਰਨਾਲਾ ਜ਼ਿਲ੍ਹਾ ਦਾ ਇੱਕ ਪਿੰਡ ਹੈ।[1]

ਕਸਬਾ ਸ਼ਹਿਣਾ ਜ਼ਿਲ੍ਹਾ ਬਰਨਾਲਾ ਦਾ ਇੱਕ ਬਹੁਤ ਹੀ ਮਹੱਤਵ ਪੂਰਨ ਕਸਬਾ ਹੈ, ਜੋ ਕਿ ਬਰਨਾਲਾ ਤੋਂ 18 ਕਿਲੋਮੀਟਰ ਦੀ ਦੂਰੀ ‘ਤੇ ਬਰਨਾਲਾ-ਬਾਜਾਖਾਨਾ ਮੇਨ ਜੀ.ਟੀ.ਰੋਡ ਦੇ ਉਪਰ ਸਥਿਤ ਹੈ। ਜੇਕਰ ਦਿਸ਼ਾਵਾਂ ਦੇ ਆਧਾਰ ‘ਤੇ ਗੱਲ ਕਰੀਏ ਤਾਂ ਇਸ ਦੇ ਮੇਨ ਬੱਸ ਸਟੈਂਡ ਦੇ ਉੱਤਰ ਵੱਲ ਪਿੰਡ ਚੂੰਘਾਂ ਅਤੇ ਦੱਖਣ ਵੱਲ ਬੁਰਜ ਫ਼ਤਹਿਗੜ੍ਹ ਲੱਗਦਾ ਹੈ। ਪੂਰਬ ਦਿਸ਼ਾ ਵੱਲ ਪੱਖੋਂ ਕੈਂਚੀਆ ਅਤੇ ਪੱਛਮ ਵੱਲ 7 ਕਿਲੋਮੀਟਰ ਦੂਰ ਪੰਜਾਬ ਦਾ ਮਸ਼ਹੂਰ ਕਸਬਾ ਭਦੌੜ ਹੈ। ਇਸ ਪਿੰਡ ਦੇ ਬਿਲਕੁਲ ਨਾਲ ਦੀ ਬਠਿੰਡਾ ਬਰਾਂਚ ਨਹਿਰ ਲੰਘਦੀ ਹੈ। ਜਿਸ ਦੀ ਕੁੱਲ ਲੰਬਾਈ 100 ਮੀਲ ਹੈ। ਇਹ ਪਿੰਡ ਨਹਿਰ ਦੇ ਬਿਲਕੁਲ ਅੱਧ ‘ਤੇ ਜਾਣੀ ਕਿ ਪੁਰਾਣੇ ਪੁਲ ਤੋਂ 50 ਮੀਲ ਨਹਿਰ ਇੱਕ ਸਾਇਡ ਅਤੇ 50 ਮੀਲ ਦੂਸਰੀ ਸਾਇਡ ਸਥਿਤ ਹੈ। ਇੱਥੇ ਹੀ ਅੰਗਰੇਜ ਸਰਕਾਰ ਵੇਲੇ ਇੱਕ ਸ਼ਾਨਦਾਰ ਰੈਸਟ ਹਾਊਸ, ਖਜਾਨਾ, ਨਹਿਰੀ ਵਿਭਾਗ ਦਾ ਦਫਤਰ ਅਤੇ ਮੁਲਾਜ਼ਮਾ ਦੇ ਰਹਿਣ ਲਈ ਕੁਆਟਰ (ਰਹਿਣ ਲਈ ਮਕਾਨ) ਬਣੇ ਹੋਏ ਸਨ। ਪਿੰਡ ਨਹਿਰ ਦੇ ਕੋਲ ਵੱਸਿਆ ਹੋਣ ਕਾਰਨ ਬਹੁਤ ਹੀ ਮਨ ਮੋਹਣਾ ਦ੍ਰਿਸ਼ ਬਣਦਾ ਹੈ ਅਤੇ ਠੰਡੀਆ ਹਵਾਵਾਂ ਜਦੋਂ ਚਲਦੀਆਂ ਹਨ ਤਾਂ ਬਹੁਤ ਹੀ ਆਨੰਦ ਆਉਂਦਾ ਹੈ, ਨਹਿਰ ਦੇ ਪਾਣੀ ਨਾਲ ਸਿੰਜਾਈ ਹੋਣ ਕਾਰਨ ਜਿੱਥੇ ਖੇਤ ਹਰੇ-ਭਰੇ ਨਜ਼ਰ ਆਉਂਦੇ ਹਨ, ਉਥੇ ਫਸਲਾਂ ਵੀ ਬਹੁਤ ਵਧੀਆਂ ਹੁੰਦੀਆ ਹਨ ਅਤੇ ਕਿਸਾਨਾਂ ਦੀ ਆਮਦਨ ਵਿੱਚ ਵਾਧਾ ਕਰਦੀਆਂ ਹਨ।

ਜੇਕਰ ਪਿੰਡ ਦੇ ਪਿਛੋਕੜ ਦੀ ਗੱਲ ਕਰੀਏ ਤਾਂ ਪ੍ਰਾਪਤ ਜਾਣਕਾਰੀ ਅਨੁਸਾਰ ਇਸ ਦਾ ਪੁਰਾਣਾ ਨਾਮ ਚੱਕ ਬਖ਼ਤੂ ਸੀ। ਜੋ ਕਿ ਪਿੰਡ ਦੇ ਵਿਚਕਾਰ ਬਣੇ ਕਿਲ੍ਹੇ ਉੱਪਰ ਲਿਖਿਆ ਹੋਇਆ ਸੀ। ਇਸ ਕਿਲ੍ਹੇ ਦਾ ਨਿਰਮਾਣ ਲਗਪਗ 1762 ਈ: ਵਿੱਚ ਸੈਣਾ ਸਿੰਘ ਨਾਮ ਦੇ ਸਰਦਾਰ ਨੇ ਕਰਵਾਇਆ ਸੀ। ਸੈਣਾ ਸਿੰਘ ਸਰਦਾਰ ਨੇ ਇਲਾਕੇ ਵਿੱਚ ਰਹਿਣ ਵਾਲੇ ਲੋਕਾਂ ਨੂੰ ਕਿਲ੍ਹੇ ਦੇ ਵਿੱਚ ਇਕੱਲਾ ਰੁਜ਼ਗਾਰ ਹੀ ਨਹੀਂ ਦਿੱਤਾ ਸਗੋਂ ਉਹਨਾ ਨੂੰ ਖੇਤਾਂ ਵਿੱਚ ਕੰਮ ਵੀ ਦਿੱਤਾ। ਕਿਲੇ ਦੇ ਨਾਲ ਲੱਗਦੀ ਜਗ੍ਹਾਂ ਵਿੱਚ ਰਹਿਣ ਲਈ ਮਕਾਨ ਬਣਾਉਣ ਲਈ ਜਮੀਨ ਵੀ ਦਿੱਤੀ ਗਈ। ਇਸ ਤਰ੍ਹਾ ਕਿਲ੍ਹੇ ਦੇ ਆਲੇ ਦੁਆਲੇ ਦਿਨੋਂ ਦਿਨ ਵੱਸੋਂ ਵੱਧਦੀ ਗਈ। ਸੈਣਾ ਸਿੰਘ ਸਰਦਾਰ ਇੱਕ ਬਹੁਤ ਹੀ ਮਿਹਨਤ ਕਸ਼, ਦਿਆਲੂ ਅਤੇ ਨਰਮ ਸੁਭਾ ਦਾ ਇਨਸਾਨ ਸੀ, ਉਸ ਦੀ ਮੌਤ ਤੋਂ ਬਾਅਦ ਵੀ ਆਮ ਲੋਕ ਇਸ ਇਲਾਕੇ ਨੂੰ ਸੈਣੇ ਸਰਦਾਰ ਦਾ ਇਲਾਕਾ ਕਹਿੰਦੇ ਰਹੇ। ਜਿਸ ਕਰਕੇ ਇਸ ਪਿੰਡ ਦਾ ਨਾਮ ਸੈਣਾ ਸਿੰਘ ਸਰਦਾਰ ਦੇ ਨਾਮ ਨਾਲ ਜੁੜਦਾ ਜੁੜਦਾ ਪਿੰਡ ਸ਼ਹਿਣਾ ਪੈ ਗਿਆ ਸੀ।

ਸੈਣਾ ਸਿੰਘ ਸਰਦਾਰ ਵੱਲੋ ਉਸਾਰਿਆ ਗਿਆ ਕਿਲ੍ਹਾ ਪਿੰਡ ਦੇ ਬਿਲਕੁਲ ਵਿਚਕਾਰ ਸਥਿਤ ਸੀ, ਜੋ ਹੌਲੀ ਹੌਲੀ ਆਪਣਾ ਵਜੂਦ ਖਤਮ ਕਰ ਬੈਠਾ ਅਤੇ ਅੱਜ ਉਸ ਕਿਲ੍ਹੇ ਦੇ ਨਿਸ਼ਾਨ ਵੀ ਬਾਕੀ ਨਹੀਂ ਹਨ ਕਿਉਂਕਿ ਸੈਣਾ ਸਿੰਘ ਸਰਦਾਰ ਦੇ ਵਾਰਸਾਂ ਜਾਣੀ ਕਿ ਮਲੌਦ ਵਾਲੇ ਸਰਦਾਰਾ ਵੱਲੋਂ ਲਗਪਗ 2009 ਵਿੱਚ ਉਸ ਇਤਿਹਾਸਿਕ ਕਿਲ੍ਹੇ ਦੀ ਜਗਾ ਨੂੰ ਵੇਚ ਦਿੱਤਾ। ਕਿਲ੍ਹੇ ਵਾਲੀ ਜਗ੍ਹਾ ਖਰੀਦਣ ਵਾਲੇ ਵਿਆਕਤੀ ਨੇ ਇਸ ਦੇ ਰਿਹਾਇਸ਼ੀ ਪਲਾਂਟ ਕੱਟਕੇ ਇਹ ਜਗ੍ਹਾ ਅੱਗੇ ਵੇਚ ਦਿੱਤੀ। ਇਸ ਲਈ ਅੱਜ ਕਿਲ੍ਹ ਦੀ ਹੋਂਦ ਖਤਮ ਹੋ ਚੁੱਕੀ ਹੈ।

ਸ਼ਹਿਣਾ ਕਸਬੇ ਵਿੱਚ ਸਭ ਤੋਂ ਪੁਰਾਣੀ ਇਮਾਰਤ ਮਹੰਤਾਂ (ਖੁਸਰਿਆ) ਦੀ ਹਵੇਲੀ ਹੈ ਜੋ ਕਿ ਸੰਨ 1885 ਦੇ ਵਿੱਚ ਬਣੀ ਸੀ। ਇੱਥੇ ਲਗਪਗ 400 ਸਾਲ ਪੁਰਾਣਾ ਮਹੰਤਾਂ (ਖੁਸਰਿਆ) ਦਾ ਡੇਰਾ ਹੈ। ਜਿਸ ਦੇ ਅਧੀਨ 21 ਹੋਰ ਛੋਟੇ ਡੇਰੇ ਵੀ ਹਨ।

ਪੁਰਾਣੇ ਸਮੇਂ ਵਿੱਚ ਇੱਥੋਂ ਦੇ ਵਸਨੀਕ ਰਾਧੂ ਅਤੇ ਹਰੀਆ ਰਾਮ ਠਠਿਆਰ ਵੱਲੋਂ ਬਣਾਈ ਜਾਣ ਵਾਲੀ ਉੱਠਾਂ ਅਤੇ ਘੋੜਿਆ ਦੇ ਪੈਰਾਂ ਵਿੱਚ ਪਾਉਣ ਵਾਲੀ ਝਾਂਜਰ ਬਹੁਤ ਹੀ ਮਸ਼ਹੂਰ ਸੀ। ਉੱਠਾਂ ਅਤੇ ਘੋੜਿਆ ਦੇ ਪੈਰਾਂ ਵਿੱਚ ਪਾਉਣ ਵਾਲੀਆ ਝਾਂਜਰਾਂ ਇਕੱਲੇ ਪੰਜਾਬ ਵਿੱਚ ਹੀ ਨਹੀਂ ਸਗੋਂ ਭਾਰਤ ਦੇ ਕੋਨੇ ਕੋਨੇ ਵਿੱਚ ਊਠ ਅਤੇ ਘੋੜੇ ਪਾਲਕਾਂ ਦੀ ਪਹਿਲੀ ਪਸੰਦ ਸੀ ਕਿਉਂਕਿ ਇਹ ਬਹੁਤ ਹੀ ਸੁੰਦਰ ਅਤੇ ਦਿਲਕਸ਼ ਬਣਾਈਆਂ ਜਾਂਦੀਆਂ ਸਨ। ਜਿਨਾਂ ਨੂੰ ਲੋਕ-ਬੋਲੀਆ ਵਿੱਚ ਵੀ ਵਿਸੇਸ਼ ਸਥਾਨ ਪ੍ਰਾਪਤ ਸੀ।

ਬੀਕਾਨੇਰ ਤੋਂ ਬੋਤਾ ਲਿਆਦਾ, ਦੇਕੇ ਰੋਕ ਪਚਾਸੀ

ਸ਼ਹਿਣੇ ਦੇ ਵਿੱਚ ਝਾਂਜਰ ਬਣਦੀ, ਮੁਕਤਸਰ ਬਣਦੀ ਕਾਠੀ,

ਭਾਈ ਬਖਤੌਰੇ ਬਣਦੇ ਟਕੂਏ, ਰੱਲੇ ਬਣੇ ਗੰਡਾਸੀ,

ਰੌਂਤੇ ਦੇ ਵਿੱਚ ਬਣਦੇ ਕੂੰਡੇ, ਧੁਰ ਭਦੌੜ ਦੀ ਚਾਟੀ,

ਹਿੰਮਤਪੁਰੇ ਦੀਆਂ ਬਣਦੀਆਂ ਕਹੀਆਂ, ਕਾਸ਼ੀਪੁਰ ਦੀ ਦਾਤੀ

ਚੜਜਾ ਬੋਤੇ ‘ਤੇ, ਮੰਨ ਲੈ ਭੌਰ ਦੀ ਆਖੀ।.........

ਇਥੇ ਹੀ ਬੱਸ ਨਹੀਂ ਸਗੋਂ ਪਿੰਡ ਸ਼ਹਿਣਾ ਦੇ ਇਸੇ ਪਰਿਵਾਰ ਦੇ ਮਨਸਾ ਰਾਮ ਠਠਿਆਰ ਜੀ ਨੂੰ ਵਧੀਆ, ਸੋਹਣੇ ਅਤੇ ਵੱਖ ਵੱਖ ਕਿਸਮਾਂ ਦੇ ਪਿੱਤਲ ਦੇ ਭਾਂਡੇ ਬਣਾਉਣ ਲਈ ਸਾਲ 1976 ਵਿੱਚ ਉਸ ਸਮੇਂ ਦੇ ਮਾਨਯੋਗ ਰਾਸ਼ਟਰਪਤੀ ਜੀ ਵੱਲੋਂ ਮੱਧ ਪ੍ਰਦੇਸ਼ ਵਿੱਚ ਭੁਪਾਲ ਵਿਖੇ ਗੋਲਡ ਮੈਡਲ ਨਾਲ ਸਨਮਾਨਿਤ ਵੀ ਕੀਤਾ ਗਿਆ ਸੀ ਜੋ ਕਿ ਪਿੰਡ ਸ਼ਹਿਣਾ ਲਈ ਬਹੁਤ ਹੀ ਵੱਡੀ ਮਾਣ ਵਾਲੀ ਗੱਲ ਹੈ। ਇਸ ਤੋਂ ਬਿਨਾਂ ਇਸ ਪਿੰਡ ਦੇ ਕਾਰੀਗਰਾਂ ਵਲੋਂ ਬਣਾਈਆ ਜਾਣ ਵਾਲੀਆ ਬੈਲ ਗੱਡੀਆ, ਦਾਤੀਆ ਅਤੇ ਗੰਡਾਸੇ ਵੀ ਆਸ-ਪਾਸ ਦੇ ਪਿੰਡਾਂ ਦੇ ਲੋਕਾਂ ਦੀ ਪਹਿਲੀ ਪਸੰਦ ਸਨ।

ਪਿੰਡ ਸ਼ਹਿਣਾ ਨੂੰ ਇਸ ਗੱਲ ਦਾ ਵੀ ਮਾਣ ਪ੍ਰਾਪਤ ਹੈ ਕਿ ਪੰਜਾਬੀ ਦੇ ਮਸ਼ਹੂਰ ਸਾਹਿਤਕਾਰ ਬਲਵੰਤ ਗਾਰਗੀ ਜੀ ਦਾ ਜਨਮ 4 ਦਸੰਬਰ 1916 ਨੂੰ ਇਥੇ ਹੀ ਹੋਇਆ ਸੀ। ਉਹਨਾ ਦੇ ਪਿਤਾ ਸ੍ਰੀ ਸ਼ਿਵ ਚੰਦ ਜੀ ਨਹਿਰੀ ਮਹਿਕਮੇ ਵਿੱਚ ਨੌਕਰੀ ਕਰਦੇ ਸਨ। ਜਿਹਨਾ ਦੀ ਰਿਹਾਇਸ਼ ਨਹਿਰੀ ਕੋਠੀ ਦੇ ਕੁਆਟਰਾਂ ਵਿੱਚ ਸੀ ਜਿਥੇ ਗਾਰਗੀ ਜੀ ਦਾ ਜਨਮ ਹੋਇਆ। ਇਥੋਂ ਹੀ ਨਹਿਰੀ ਵਿਭਾਗ ਵਿੱਚ ਕਵੀਸ਼ਰੀ ਦੇ ਬਾਦਸ਼ਾਹ ਬਾਬੂ ਰਜਬ ਅਲੀ (ਸਾਹੋਕੇ ਵਾਲੇ) ਲਗਪਗ 12 ਸਾਲ ਨੌਕਰੀ ਕਰਦੇ ਰਹੇ ਸਨ। ਇਸ ਪਿੰਡ ਵਿੱਚ ਹੋਰ ਵੀ ਬਹੁਤ ਅਗਾਂਹ ਵਧੂ ਸੋਚ ਦੇ ਮਾਲਕ ਅਤੇ ਪੜਨ ਲਿਖਣ ਵਾਲੇ ਇਨਸਾਨ ਹੋਏ ਹਨ। ਇੱਥੇ 1940 ਦੇ ਵਿੱਚ ਡਾਕਟਰ ਜਗਦੀਸ਼ ਰਾਏ ਜੀ ਨੇ ਆਪਣੇ ਘਰੇ ਸਭ ਤੋਂ ਪਹਿਲਾਂ ਰੇਡੀਓ ਲੈਕੇ ਆਂਦਾ ਜੋ ਕਿ ਉਸ ਸਮੇਂ ਦੇ ਲੋਕਾਂ ਲਈ ਇੱਕ ਅਚੰਭਾ ਸੀ। ਸਵ: ਮਿਸਤਰੀ ਬਚਨ ਸਿੰਘ ਨੇ ਸੰਨ 1944 ਵਿੱਚ ਪਹਿਲਾ ਇੰਜਣ ਤਿਆਰ ਕੀਤਾ, ਜਿਸ ਦੇ ਵੀਲ ਲਾਹੌਰ ਤੋਂ ਲਿਆਂਦੇ ਸਨ।  ਜੋ ਅੱਜ ਵੀ ਪਿੰਡ ਸ਼ਹਿਣਾ ਵਿੱਚ ਮੌਜੂਦ ਹੈ। ਪਿੰਡ ਵਿੱਚ ਪਹਿਲੀ ਵਾਰ ਸਾਇਕਲ (ਰੈਲੇ ਕੰਪਨੀ) ਦਾ 1952 ਦੇ ਵਿੱਚ ਸ੍ਰ: ਵਿਸਵਾ ਸਿੰਘ ਮੌੜ ਨੇ ਲੈਕੇ ਆਂਦਾ ਸੀ। ਜਦੋਂ ਉਹ ਦੋ ਪਹੀਆਂ ਵਾਲੇ ਸਾਇਕਲ ਤੇ ਸਵਾਰ ਹੋ ਪਿੰਡ ਵਿੱਚ ਦੀ ਲੰਘਦਾ ਤਾਂ ਲੋਕ ਅੱਗੇ ਹੋ-ਹੋ ਕੇ ਵੇਖਦੇ ਸਨ ਅਤੇ ਉਸ ਵਿਆਕਤੀ ਦੀ ਖੁਸ਼ੀ ਦੀ ਕੋਈ ਹੱਦ ਨਾ ਹੁੰਦੀ। ਲੋਕ ਉਸ ਨੂੰ ਸਤਿਕਾਰ ਭਰੀਆ ਨਜ਼ਰਾਂ ਨਾਲ ਵੇਖਦੇ।  ਇਸ ਪਿੰਡ ਤੋਂ ਪਹਿਲੀ ਬੱਸ ਸੇਵਾ 1955 ਵਿੱਚ ਸ਼ੁਰੂ ਹੋ ਗਈ ਸੀ ਅਤੇ ਲੋਕਾਂ ਨੂੰ ਦੂਰ ਦੁਰਾਡੇ ਜਾਣ ਦੀ ਬਹੁਤ ਸੌਖ ਹੋ ਗਈ ਸੀ। ਪਿੰਡ ਦੇ ਇੱਕ ਅਗਾਂਹ ਵਧੂ ਕਿਸਾਨ ਸ਼ਾਮ ਸਿੰਘ ਬਾਰਵਾਲੇ ਵੱਲੋਂ ਪਿੰਡ ਵਿੱਚ ਪਹਿਲਾ ਟਰੈਕਟਰ ਛੋਟਾ ਫਰਗੂਸਨ ਲੈਕੇ ਆਂਦਾ। ਜਿਸ ਨੂੰ ਦੇਖਣ ਲਈ ਤਕਰੀਬਨ ਸਾਰੇ ਪਿੰਡ ਦੇ ਕਿਸਾਨ ਪਹੁੰਚੇ ਸਨ।  ਪਿੰਡ ਵਿੱਚ ਪਹਿਲੀ ਵੱਡੀ ਕੰਬਾਈਨ (ਫਸਲ ਕੱਟਣ ਵਾਲੀ) ਸੰਨ 1982 ਵਿੱਚ ਬਚਨ ਸਿੰਘ ਮਰਬਾ ਨੇ ਬਣਾਈ ਅਤੇ ਸਵ: ਸ ਬਲਵੰਤ ਸਿੰਘ ਉੱਪਲ ਨੇ ਸੰਨ 1967 ਵਿੱਚ ਫੀਅਟ ਕਾਰ ਖਰੀਦੀ। ਇਹ ਵੀ ਪਿੰਡ ਸ਼ਹਿਣਾ ਦੇ ਵਿੱਚ ਪਹਿਲੀ ਕਾਰ ਸੀ, ਜਿਸ ਨੂੰ ਲੰਗਦੀ ਨੂੰ ਲੋਕ ਅੱਡੀਆ ਚੁੱਕ ਚੁੱਕ ਵੇਖਦੇ ਅਤੇ ਉਡਦੀ ਧੂੜ ਦੇ ਨਜਾਰੇ ਲੈਂਦੇ ਹੋਏ ਮੰਨਚਲੇ ਗੱਭਰੂ ਰੌਲਾ ਪਾਉਂਦੇ ਔਹ ਗਈ ਔਹ ਗਈ।ਪਹਿਲਾਂ ਪਹਿਲ ਟੈਲੀਵਿਜ਼ਨ ਸ਼ਹਿਰਾਂ ਵਿੱਚ ਹੀ ਕਿਸੇ ਵਿਰਲੇ ਟਾਮੇ ਘਰੇ ਹੁੰਦਾ ਸੀ।ਪੇਂਡੂ ਔਰਤਾਂ ਨੂੰ ਵੀ ਇਸ ਦਾ ਪਤਾ ਲੱਗਣ ਤੇ ਮੰਗ ਸੁਰੂ ਹੋ ਗਈ ਮੈਨੂੰ ਟੈਲੀਵਿਜ਼ਨ ਲੈ ਦੇਵੇ ਤਸਵੀਰਾਂ ਬੋਲਦੀਆਂ। ਸ਼ਹਿਣਾਪਿੰਡ ਦੇ ਵਿੱਚ ਵੀ 21/2/1976 ਨੂੰ ਪਿੰਡ ਦੀ ਇੱਕ ਨੂੰਹ ਰਾਣੀ ਰਾਹੀ ਟੈਲੀਵਿਜ਼ਨ ਨੇ ਪ੍ਰਵੇਸ਼ ਕੀਤਾ। ਜਿਸ ਨੂੰ ਦੇਖਣ ਲਈ ਬੱਚੇ ਬੁੱਢੇ ਜਵਾਨ ਅਤੇ ਔਰਤਾਂ ਦੀ ਉਹਨਾ ਦੇ ਘਰ ਭੀੜ ਲੱਗੀ ਰਹਿੰਦੀ।ਸਮੇਂ ਦੇ ਬਦਲਾ ਨਾਲ ਹੌਲੀ ਹੌਲੀ ਇਹ ਹਰ ਘਰ ਦਾ ਸ਼ਿੰਗਾਰ ਬਣ ਗਿਆ।

ਪਿੰਡ ਸ਼ਹਿਣਾ ਦੇ ਵਿੱਚ ਇੱਕ ਬਹੁਤ ਹੀ ਖੂਬਸੂਰਤ ਪੁਰਾਣਾ ਬਾਜ਼ਾਰ ਬਣਿਆ ਹੋਇਆ ਹੈ। ਇਥੇ ਆਲੇ ਦੁਆਲੇ ਦੇ 15-20 ਪਿੰਡਾ ਦੇ ਲੋਕਆਪਣੀ ਘਰੇਲੂ ਵਰਤੋਂ ਦੀਆ ਚੀਜਾਂ ਲੈਣ ਲਈ ਅਕਸਰ ਆਉਂਦੇ ਰਹਿੰਦੇ ਤੇ ਸਾਰਾ ਦਿਨ ਬਜਾਰ ਵਿੱਚ ਪੂਰੀ ਰੌਣਕ ਲੱਗੀ ਰਹਿੰਦੀ। ਅੱਜ ਵੀ ਇਸ ਬਜਾਰ ਵਿੱਚੋਂ ਘਰੇਲੂ ਜੀਵਨ, ਖੇਤੀਬਾੜੀ, ਉਸਾਰੀ, ਵਿਆਹ ਸਾਦੀਆਂ ਅਤੇ ਹੋਰ ਰੋਜ਼ਾਨਾਂ ਵਰਤੋਂ ਵਿੱਚ ਆਉਣ ਵਾਲੀਆ ਹਰ ਕਿਸਮ ਦੀਆ ਚੀਜਾਂ ਬੜੀ ਆਸਾਨੀ ਨਾਲ ਮਿਲ ਜਾਂਦੀਆ ਹਨ।ਅੱਜ ਵੀ ਇੱਥੇ ਆਲੇ- ਦੁਆਲੇ ਦੇ ਕਾਫੀ ਪਿੰਡਾ ਦੇ ਲੋਕ ਜਿਵੇਂ ਕਿ ਬੁਰਜ, ਚੂੰਘਾਂ,ਮੱਲੀਆ,ਵਿਧਾਤੇ,ਮੌੜ,ਇਸਰ ਸਿੰਘ ਵਾਲਾ,ਗਿੱਲ ਕੋਠੇ,ਜਟਾਣਾ ਕੋਠੇ ਆਦਿ ਖਰੀਦੋ ਫਰੋਖਤ ਕਰਨ ਲਈ ਆਉਂਦੇ ਹਨ ਅਤੇ ਬਜ਼ਾਰ ਵਿੱਚ ਚਹਿਲ ਪਹਿਲ ਲੱਗੀ ਰਹਿੰਦੀ ਹੈ। ਪਿੰਡ ਸ਼ਹਿਣਾ ਦੀ ਸ਼ਾਲ 2018 ਵਿੱਚ ਕੁੱਲ ਆਬਾਦੀ ਲੱਗਪੱਗ 20,000 ਦੇ ਕਰੀਬ ਸੀ ਅਤੇ ਸਾਲ 2019 ਦੀਆਂ ਵੋਟਰ ਸੂਚੀਆਂ ਮੁਤਾਬਿਕ ਪਿੰਡ ਵਿੱਚ ਕੁੱਲ ਵੋਟਰ 10364 ਹੈ,ਜਿੰਨਾਂ ਵਿੱਚ 5466 ਪੁਰਸ਼ ਅਤੇ 4894 ਔਰਤਾਂ ਅਤੇ ਤੀਸਰੇ ਲਿੰਗ ਦੇ ਵੀ 4 ਵੋਟਰ ਹਨ।ਇੱਥੇ ਹਰ ਧਰਮ ਅਤੇ ਜਾਤੀ ਦੇ ਲੋਕ ਆਪਸ ਵਿੱਚ ਪਿਆਰ ਨਾਲ ਰਹਿੰਦੇ ਹਨ ਅਤੇ ਇੱਕ ਦੂਸਰੇ ਦੇ ਦੁੱਖ ਸੁੱਖ ਵਿੱਚ ਸਹਾਈ ਹੁੰਦੇ ਹਨ। ਪਿੰਡ ਸ਼ਹਿਣਾਦਾ ਕੁੱਲ ਰਕਬਾ 11088 ਏਕੜ ਹੈ। ਸਾਰੀ ਹੀ ਜਮੀਨ ਬਹੁਤ ਉਪਜਾਊ ਹੈ ਅਤੇ ਹਾੜੀ ਅਤੇ ਸੌਣੀ ਦੀਆਂ ਤਕਰੀਬਨ ਸਾਰੀਆਂ ਹੀ ਫਸਲਾਂ ਹੁੰਦੀਆਂ ਹਨ।ਜਮੀਨ ਨੂੰ ਸਿੰਚਾਈ ਲਈ ਨਹਿਰੀ ਪਾਣੀ ਅਤੇ ਖੇਤਾਂ ਵਿੱਚ ਮੋਟਰਾਂ ਹਨ।ਹਰੇ ਭਰੇ ਖੇਤਾਂ ਵਿੱਚ ਫਸਲਾਂ ਲਹਿਰਾਉਣ ਦਾ ਨਜਾਰਾ ਬਹੁਤ ਹੀ ਮਨਮੋਹਕ ਹੁੰਦਾ ਹੈ। ਲੋਕਾ ਦਾ ਮੁੱਖ ਧੰਦਾ ਭਾਵੇਂ ਖੇਤੀ ਬਾੜੀ ਹੈ।ਪਰ ਬਹੁਤ ਲੋਕ ਸਰਕਾਰੀ ਮੁਲਾਜ਼ਮ ਅਤੇ ਪ੍ਰਾਈਵੇਟ ਆਦਰਿਆਂ ਵਿੱਚ ਵੀ ਨੌਕਰੀਆਂ ਕਰਦੇ ਹਨ।ਘਰੇਲੂ ਦਸਤਕਾਰੀ ਅਤੇ ਆਪਣੇ ਬਿਜਨਸ ਵੀ ਹਨ।ਇਸੇ ਪਿੰਡ ਹੀ ਪਿੰਡ ਦੀ ਜੰਮਪਲ ਮਨਿੰਦਰਜੀਤ ਕੌਰ ਗਿੱਲ ਪੁੱਤਰੀ ਜਰਨੈਲ ਸਿੰਘ ਗਿੱਲ ਪਿੰਡ ਦੀ ਪਹਿਲੀ ਲੜਕੀ ਹੈ ਜਿਸ ਨੇ ਮਿਤੀ 15/6/19 ਨੂੰ P3S ਦੇ ਆਏ ਨਤੀਜੇ ਵਿੱਚੋ ਪੰਜਾਬ ਪੱਧਰ ਤੇ 5 ਰੈਕ ਪ੍ਰਾਪਤ ਕਰਕੇ ਇਸ ਪਿੰਡ ਦਾ ਨਾਮ ਰੌਸ਼ਨ ਕੀਤਾ।

ਇਥੇ ਪਿੰਡ ਵਿੱਚ ਲੱਗਪੱਗ 19 ਵੱਖ ਵੱਖ ਸਰਕਾਰੀ ਆਦਰਿਆਂ ਦੇ ਲੋਕਾਂ ਨੂੰ ਸੇਵਾਵਾਂ ਦੇਣ ਲਈ ਦਫਤਰ ਹਨ ਜਿਵੇਂ ਕਿ ਬੀ ਪੀ ਈ ੳ,ਬੀ ਡੀ ਪੀ ਓ, ਸੀ ਡੀ ਪੀ ਓ, ਖੇਤੀਬਾੜੀ, ਟੈਲੀਫੋਨ ਐਕਸਚੇਂਜ, ਵੇਰਕਾ ਮਿਲਕ ਪਲਾਂਟ, ਜੰਗਲਾਤ ਵਿਭਾਗ, ਪੁਲਿਸ ਸਟੇਸ਼ਨ, ਪੋਸਟ ਆਫਿਸ, ਸਹਿਕਾਰੀ ਸੁਸਾਇਟੀ, ਬਿਜਲੀ ਘਰ,ਬਿਜਲੀ ਪਾਵਰ ਗਰਿੱਡ, ਨਹਿਰੀ ਵਿਭਾਗ, ਪਟਵਾਰਖਾਨਾ, ਵਾਟਰ ਵਰਕਸ (ਨੇੜੇ ਬੱਸ ਸਟੈਂਡ) ਵਾਟਰ ਵਰਕਸ (ਦਾਣਾ ਮੰਡੀ) ਅਤੇ ਇਸ ਤੋ ਇਲਾਵਾ 8 (ਅੱਠ) ਸਿੱਖਿਆ ਸੰਸਥਾਵਾਂ ਜਿਵੇਂ ਕਿ ਸ਼ਹੀਦ ਬੁੱਧੂ ਖਾਨ ਸੌਰੀਆ ਚੱਕਰਾ ਸ ਸ ਸ ਸਕੂਲ ਸ਼ਹਿਣਾ(ਲੜਕੇ),ਸ ਸ ਸ ਸਕੂਲ ਸ਼ਹਿਣਾ(ਲੜਕੀਆ),ਸ ਪ੍ਰਾਇਮਰੀ ਸਕੂਲ (ਲੜਕੇ),ਸ ਪ੍ਰਾਇਮਰੀ ਸਕੂਲ (ਲੜਕੀਆ), ਸ ਪ੍ਰਾਇਮਰੀ ਸਕੂਲ ਨਹਿਰੀ ਕੋਠੀ (ਹੁਣ ਬੰਦ ਹੈ),ਪੰਜਾਬ ਮਾਡਲ ਸਕੂਲ ਸਹਿਣਾ, ਆਰ ਪੀ ਇੰਟਰਨੈਸ਼ਨਲ ਪਬਲਿਕ ਸਕੂਲ ਸਹਿਣਾ,ਸਰਸਵਤੀ ਮਾਡਲ ਸਕੂਲ ਸ਼ਹਿਣਾਅਤੇ ਪੰਜਾਬ ਮਲਟੀ ਪਰਪਜ ਇੰਸਟੀਚਿਊਟ ਸ਼ਹਿਣਾਹੈ। ਲੋਕਾਂ ਦੇ ਪੈਸਿਆ ਦਾ ਲੈਣ ਦੇਣ ਕਰਨ ਲਈ ਪਿੰਡ ਵਿੱਚ 3 (ਤਿੰਨ)ਬੈਂਕਾਂ ਜਿਵੇਂ ਕਿ S29,PN2 ਅਤੇ ਸਹਿਕਾਰੀ ਬੈਂਕ ਹਨ।

ਲੋਕਾ ਨੂੰ ਸਿਹਤ ਸਹੂਲਤਾ ਦੇਣ ਲਈ ਇੱਕ ਸਰਕਾਰੀ ਹਸਪਤਾਲ(ਨੇੜੇ ਨਹਿਰ) ਅਤੇ ਦੋ ਸਬ ਸੈਂਟਰ ਸ਼ਹਿਣਾਏ ਅਤੇ ਸ਼ਹਿਣਾਬੀ ਕੰਮ ਕਰਦੇ ਹਨ। ਜਿਥੋ ਕਿ ਸਿਹਤ ਸਬੰਧੀ ਲੋੜੀਂਦੀਆਂ ਸਾਰੀਆ ਸੇਵਾਵਾਂ ਲੋਕਾ ਨੂੰ ਮੁਹੱਈਆਂ ਕਰਵਾਈਆਂ ਜਾਂਦੀਆਂ ਹਨ। ਜੱਚਾ ਬੱਚਾ ਦੀ ਸਾਂਭ ਸੰਭਾਲ ਅਤੇ ਬੱਚਿਆ ਦਾ ਮੁਕੰਮਲ ਟੀਕਾ ਕਰਨ ਕੀਤਾ ਜਾਂਦਾ ਹੈ।ਸਿਹਤ ਵਿਭਾਗ ਵੱਲੋ ਚਲਾਏ ਜਾ ਰਹੇ ਸਾਰੇ ਹੀ ਪ੍ਰੋਗਰਾਮ ਲੋਕਾ ਤੱਕ ਪਹੁੰਚਾਏ ਜਾਂਦੇ ਹਨ।ਜਨਮ ਅਤੇ ਮੌਤ ਦੀ ਰਜਿਸਟ੍ਰੇਸ਼ਨ ਕਰਕੇ ਸਰਟੀਫਿਕੇਟ ਵੀ ਦਿੱਤੇ ਜਾਂਦੇ ਹਨ। ਪਸ਼ੂ ਕਿਸਾਨਾਂ ਦਾ ਅਮੁੱਲਾ ਧਨ ਹਨ।ਇਹਨਾ ਦੀ ਸਿਹਤ ਸੰਭਾਲ ਲਈ ਇੱਕ ਪਸ਼ੂ ਹਸਪਤਾਲ ਵੀ ਹੈ ਜੋ ਕਿ ਆਪਣੀਆਂ ਮਹਿਕਮੇਂ ਦਿੱਤੀਆਂ ਜਾਣ ਵਾਲੀਆ ਸਾਰੀਆ ਸੇਵਾਵਾਂ ਪਸ਼ੂ ਪਾਲਕਿਂ ਤੱਕ ਪਹੁੰਚਾਉਂਦੇ ਰਹਿੰਦੇ ਹਨ ਅਤੇ ਸਮੇਂ ਸਮੇ ਸਿਰ ਪਸੂਆਂ ਦਾ ਟੀਕਾਕਰਨ ਵੀ ਕੀਤਾ ਜਾਂਦਾ ਹੈ।ਇਹਨਾ ਦੀ ਸਾਭ ਸੰਭਾਲ ਬਾਰੇ ਵੀ ਜਾਣਕਾਰੀ ਦਿੱਤੀ ਜਾਂਦੀ ਹੈ ਅਤੇ ਨਸਲ ਸੁਧਾਰ ਬਾਰੇ ਵੀ ਪਸ਼ੂ ਪਾਲਕਾਂ ਨੂੰ ਦੱਸਿਆ ਜਾਂਦਾ ਹੈ। ਇੱਥੇ ਵੱਖ ਵੱਖ ਧਰਮਾਂ ਨਾਲ ਸਬੰਧਤ 18 ਧਾਰਮਿਕ ਸੰਸਥਾਵਾਂ ਵੀ ਹਨ। ਇਸ ਤੋ ਇਲਾਵਾ ਇੱਕ ਗਊ ਸ਼ਾਲਾ, ਸ਼ਹਿਣਾਗੈਸ ਏਜੰਸੀ, ਦੋ ਪੈਟਰੋਲ ਪੰਪ ਅਤੇ ਇੱਕ ਫੋਕਲ ਪੁਆਇੰਟ (ਦਾਣਾ ਮੰਡੀ) ਵੀ ਸਥਿਤ ਹਨ।

ਪਿੰਡ ਵਿੱਚ ਵੱਖ ਵੱਖ ਧਰਮਾਂ ਦੇ ਧਾਰਮਿਕ ਅਸਥਾਨ ਬਣੇ ਹੋਏ ਹਨ ਜਿੱਥੇ ਲੋਕ ਆਪਣੀ ਸ਼ਰਧਾ ਅਨੁਸਾਰ ਨਤਮਸਤਕ ਹੁੰਦੇ ਹਨ।ਇਹਨਾ ਧਾਰਮਿਕ ਸਥਾਨਾਂ ਵਿੱਚੋਂ ਪ੍ਰਮੁੱਖ ਇਤਿਹਾਸਕ ਗੁਰਦੁਆਰਾ ਸਾਹਿਬ ਪਾਤਸ਼ਾਹੀ ਛੇਵੀ ਹੈ ਜਿਸ ਦਾ ਨੀਂਹ ਸੰਨ 1913 ਵਿੱਚ ਬਾਬਾ ਹੀਰਾ ਸਿੰਘ ਜੀ ਨੇ ਰੱਖੀ ਸੀ,ਉਸ ਸਮੇਂ ਇੱਥੇ ਇੱਕ ਖੂਹੀ ਸੀ ਇੱਥੇ ਹੀ ਬਾਬਾ ਹੀਰਾ ਸਿੰਘ ਜੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕੀਤਾ।ਬਾਬਾ ਹੀਰਾ ਸਿੰਘ ਜੀ ਗੁਰਦੁਆਰਾ ਪਾਤਸ਼ਾਹੀ ਛੇਵੀ ਸ਼ਹਿਣਾਦੇ ਪਹਿਲੇ ਗ੍ਰੰਥੀ ਸਨ।ਇਸ ਤੋ ਬਾਅਦ ਬਾਬਾ ਹੀਰਾ ਸਿੰਘ ਜੀ ਹਜ਼ੂਰ ਸਾਹਿਬ ਚਲੇ ਗਏ। ਉੱਥੇ ਉਹਨਾ ਲਗਾਤਾਰ 30 ਸਾਲ ਸੇਵਾ ਕੀਤੀ ਅਤੇ ਤਖਤ ਦੇ ਜਥੇਦਾਰ ਵੀ ਰਹੇ। ਉਹਨਾ ਦੇ ਹਜੂਰ ਸਾਹਿਬ ਚਲੇ ਜਾਣ ਤੋ ਬਾਅਦ ਗੁਰਦੁਆਰਾ ਪਾਤਸ਼ਾਹੀ ਛੇਵੀ ਦੀ ਸੇਵਾ ਬਾਬਾ ਸੁੰਦਰ ਸਿੰਘ, ਕਰਤਾਰ ਸਿੰਘ, ਚੰਨਣ ਸਿੰਘ ਮਿਸਤਰੀ ਆਦਿ ਜੀ ਨੇ ਕੀਤੀ। ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਦੇ ਪਹਿਲੇ ਪ੍ਰਧਾਨ ਮੁਖਤਿਆਰ ਸਿੰਘ ਜੀ ਨੰਬਰਦਾਰ ਬਣੇ ਅਤੇ ਹੁਣ ਮੌਜੂਦਾ ਪ੍ਰਧਾਨ ਦਲੀਪ ਸਿੰਘ ਜੀ ਖਾਲਸਾ ਹਨ।ਮੌਜੂਦਾ ਪ੍ਰਧਾਨ ਜੀ ਦੇ ਕਾਰਜਕਾਲ ਦੌਰਾਨ ਗੁਰਦੁਆਰਾ ਸਾਹਿਬ ਵਿਖੇ ਦਰਬਾਰ ਸਾਹਿਬ, ਲੰਗਰਹਾਲ,ਮੇਨ ਗੇਟ ਡਿਊਡੀ,ਕਮਰੇ ਅਤੇ ਹੋਰ ਬਹੁਤ ਸਾਰੇ ਕੰਮ ਪਿੰਡ ਦੀ ਸੰਗਤ ਦੇ ਸਹਿਯੋਗ ਨਾਲ ਕੀਤੇ ਗਏ ਹਨ। ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਵੱਲੋ ਹੁਣ ਗੁਰਦੁਆਰਾ ਸਾਹਿਬ ਦੇ ਪਿਛਲੇ ਪਾਸੇ ਪੰਚਾਇਤੀ ਛੱਪੜ ਭਰਕੇ ਇੱਕ ਸ਼ਾਨਦਾਰ ਧਰਮਸ਼ਾਲਾ(ਮੈਰਿਜ ਹਾਲ) ਬਣਾਇਆ ਜਾ ਰਿਹਾ ਹੈ, ਜਿਸ ਵਿੱਚ ਸਾਦਾ ਵਿਆਹ,ਭੋਗ ਅਤੇ ਕੋਈ ਹੋਰ ਸਮਾਗਮ ਬਹੁਤ ਹੀ ਘੱਟ ਖਰਚੇ ਵਿੱਚ ਕੀਤਾ ਜਾ ਸਕਿਆ ਕਰੇਗਾ ਜੋ ਕਿ ਆਮ ਲੋਕਾਂ ਲਈ ਬਹੁਤ ਹੀ ਲਾਹੇਵੰਦ ਹੋਣ ਦੇ ਨਾਲ ਨਾਲ ਇੱਕ ਚੰਗਾ ਉਪਰਾਲਾ ਅਤੇ ਸੰਦੇਸ਼ ਵੀ ਹੈ ਕਿ ਵਿਆਹਾਂ ਨੂੰ ਫ਼ਜੂਲ ਖਰਚ ਅਤੇ ਨਸਾ ਰਹਿਤ ਕੀਤਾ ਜਾਵੇ ਜੋ ਕਿ ਅੱਜ ਦੇ ਸਮੇਂ ਦੀ ਮੁੱਖ ਲੋੜ ਹੈ।

ਇਸ ਤੋ ਇਲਾਵਾ ਇੱਥੇ ਹੋਰ ਧਾਰਮਿਕ ਸਥਾਨ ਜਿਵੇਂ ਕਿ ਗੁਰਦੁਆਰਾ ਤੑਵੈਣੀ ਸਾਹਿਬ, ਗੁਰਦੁਆਰਾ ਬਾਬਾ ਜੀਵਨ ਸਿੰਘ ਜੀ, ਵਿਸ਼ਵਕਰਮਾ ਮੰਦਿਰ, ਗੁਰਦੁਆਰਾ ਭਿੜਾ,ਗੁਰਦੁਆਰ ਨਿਹੰਗਾ ਦੀ ਛਾਉਣੀ, ਗੁਰਦੁਆਰਾ ਦਸਵੀਂ ਵਾਲਾ (ਨੈਣੇਵਾਲ ਵਾਲਾ ਰੋਡ) ਗੀਤਾ ਭਵਨ, ਸਿਵਬਾਲਾ,ਬਾਬਾ ਰਾਮ ਥੰਮਣ,ਡੇਰਾ ਬਾਬਾ ਫਲਗੂ ਦਾਸ,ਬਾਬਾ ਭਾਈ ਮੂਲਾ,ਸਤਿਸੰਗ ਬਿਆਸ ਘਰ,ਪੀਰਖਾਨਾ,ਬਾਬਾ ਨੰਦ ਸਿੰਘ ਜੀ ਦੀ ਸਮਾਧ,ਡੇਰਾ ਬਾਬਾ ਬਗਲਾ(ਵਰਿਆਮ ਸਿੰਘ),ਮਸੀਤ ਆਦਿ ਧਾਰਮਿਕ ਸਥਾਨ ਹਨ। ਪੰਜਾਬ ਪੀਰਾਂ ਫਕੀਰਾਂ ਯੋਧਿਆਂ ਅਤੇ ਸ਼ਹੀਦਾ ਦੀ ਧਰਤੀ ਹੈ। ਇੱਥੇ ਹਰ ਰੋਜ ਹੀ ਕੋਈ ਨਾ ਕੋਈ ਤਿਉਹਾਰ ਮਨਾਇਆ ਜਾਂਦਾ ਹੈ ਅਤੇ ਮੇਲੇ ਲੱਗਦੇ ਹਨ। ਇਸ ਤਰ੍ਹਾ ਪਿੰਡ ਸ਼ਹਿਣਾਵਿਖੇ ਵੀ ਹਰ ਛੇ ਮਹੀਨੇ ਬਾਅਦ ਬੀਬੜੀਆਂ ਮਾਈਆਂ ਦਾ ਮੇਲਾ ਲੱਗਦਾ ਹੈ। ਜਿੱਥੇ ਲੋਕ ਦੂਰੋਂ ਦੂਰੋਂ ਆਪਣੀ ਸ਼ਰਧਾ ਅਨੁਸਾਰ ਹਾਜਰੀ ਭਰਦੇ ਹਨ। ਕਮੇਟੀ ਵੱਲੋ ਸਾਰੇ ਉਚਿਤ ਪ੍ਰਬੰਧ ਕੀਤੇ ਜਾਂਦੇ ਹਨ ਤਾ ਕਿ ਸ਼ਰਧਾਲੂਆਂ ਨੂੰ ਕਿਸੇ ਵੀ ਕਿਸਮ ਦੀ ਕੋਈ ਮੁਸ਼ਕਲ ਪੇਸ਼ ਨਾ ਆਵੇ।

ਹਵਾਲੇ

[ਸੋਧੋ]