ਸਮੱਗਰੀ 'ਤੇ ਜਾਓ

ਪੰਜ ਤਖ਼ਤ ਸਾਹਿਬਾਨ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
(ਪੰਜ ਤਖਤ ਤੋਂ ਮੋੜਿਆ ਗਿਆ)
ਪੰਜ ਤਖ਼ਤ ਸਾਹਿਬਾਨ is located in ਭਾਰਤ
ਤਖ਼ਤ ਸ਼੍ਰੀ ਅਕਾਲ ਸਾਹਿਬ
ਤਖ਼ਤ ਸ਼੍ਰੀ ਅਕਾਲ ਸਾਹਿਬ
ਤਖ਼ਤ ਸ਼੍ਰੀ ਦਮਦਮਾ ਸਾਹਿਬ
ਤਖ਼ਤ ਸ਼੍ਰੀ ਦਮਦਮਾ ਸਾਹਿਬ
ਤਖ਼ਤ ਸ੍ਰੀ ਕੇਸ਼ਗੜ੍ਹ ਸਾਹਿਬ
ਤਖ਼ਤ ਸ੍ਰੀ ਕੇਸ਼ਗੜ੍ਹ ਸਾਹਿਬ
ਤਖਤ ਸ਼੍ਰੀ ਹਜ਼ੂਰ ਸਾਹਿਬ
ਤਖਤ ਸ਼੍ਰੀ ਹਜ਼ੂਰ ਸਾਹਿਬ
ਤਖ਼ਤ ਸ੍ਰੀ ਪਟਨਾ ਸਾਹਿਬ
ਤਖ਼ਤ ਸ੍ਰੀ ਪਟਨਾ ਸਾਹਿਬ
ਭਾਰਤ ਦੇ ਨਕਸ਼ੇ ਵਿੱਚ ਪੰਜ ਤਖ਼ਤ

ਤਖ਼ਤ (ਸ਼ਾਹਮੁਖੀ: تخت; ਫ਼ਾਰਸੀ: تخت) ਸਿੱਖੀ ਦੇ ਸ਼੍ਰੋਮਣੀ ਅਦਾਰੇ ਹਨ। ਤਖ਼ਤ ਦਾ ਮਤਲਬ ਹੈ ਕੀ ਉਹ ਅਦਾਰਾ ਜੋ ਸਿੱਖੀ ਅਤੇ ਸਿੱਖਾਂ ਦੇ ਆਂਤਰਿਕ ਮਸਲਿਆਂ ਦੀ ਕੌਮਾਂਤਰੀ ਅਤੇ ਕੌਮੀ ਪਧਰ ਤੇ ਅਗਵਾਈ ਕਰਨ ਦੀ ਸਮਰਥਾ ਰੱਖਦਾ ਹੈ।ਪੰਜ ਤਖਤਾਂ 'ਚੋਂ ਤਿੰਨ ਤਖ਼ਤ ਸਾਹਿਬ, ਤਖ਼ਤ ਸ੍ਰੀ ਅਕਾਲ ਤਖ਼ਤ ਸਾਹਿਬ, ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਅਤੇ ਤਖ਼ਤ ਸ੍ਰੀ ਦਮਦਮਾ ਸਾਹਿਬ ਪੰਜਾਬ ਵਿੱਚ ਸਥਾਪਿਤ ਹਨ। ਦੋ ਤਖ਼ਤ ਸਾਹਿਬ, ਤਖ਼ਤ ਸ੍ਰੀ ਹਜੂਰ ਸਾਹਿਬ ਅਤੇ ਤਖ਼ਤ ਸ੍ਰੀ ਪਟਨਾ ਸਾਹਿਬ ਪੰਜਾਬ ਤੋਂ ਬਾਹਰ ਸਥਾਪਿਤ ਹਨ। ਅਸਲ ਵਿੱਚ ਉਹਨਾਂ ਗੁਰਦਵਾਰਿਆਂ ਨੂੰ ਹੀ ਤਖ਼ਤ ਮੰਨਿਆ ਗਿਆ ਹੈ ਜਿਥੋਂ ਕਦੇ ਵੀ ਕਿਸੇ ਗੁਰੂ ਸਾਹਿਬ ਨੇ ਹੁਕਮਨਾਮਾ ਜਾਰੀ ਕੀਤਾ ਹੋਵੇ। ਸਭ ਤਖਤਾਂ ਦੀ ਆਪੋ ਆਪਣੀ ਪ੍ਰਚਲਤ ਮੋਹਰ ਹੈ, ਜਿਸਨਾਲ ਉਹ ਆਪਣੇ ਹੁਕਮਨਾਮੇ ਲਾਗੂ ਕਰਨ ਲਈ ਪ੍ਰਮਾਣਿਤ ਕਰਦੇ ਹਨ।

ਸ੍ਰੀ ਅਕਾਲ ਤਖ਼ਤ ਸਾਹਿਬ ਸਭ ਤੋਂ ਪੁਰਾਤਨ ਤਖ਼ਤ ਸਾਹਿਬ ਹਨ। ਇਸ ਤਖ਼ਤ ਸਾਹਿਬ ਦੀ ਸਥਾਪਨਾ ਸਿੱਖਾਂ ਦੇ ਛੇਵੇਂ ਗੁਰੂ ਸ੍ਰੀ ਗੁਰੂ ਹਰਗੋਬਿੰਦ ਜੀ ਨੇ 1609 ਵਿੱਚ ਕੀਤੀ ਸੀ, ਅਤੇ ਅਕਾਲ ਤਖ਼ਤ ਨਾਂ ਦਿੱਤਾ (ਅਕਾਲ (ਭਾਵ ਰੱਬ) ਦਾ ਤਖ਼ਤ। ਇਸ ਤਖ਼ਤ ਸਾਹਿਬ ਨੂੰ ਹਰਮੰਦਰ ਸਾਹਿਬ ਦੀ ਦਰਸ਼ਨੀ ਡਿਉੜੀ ਦੇ ਸਾਮਣੇ ਸਥਾਪਿਤ ਕੀਤਾ ਗਿਆ ਹੈ। ਇੱਥੇ ਗੁਰੂ ਜੀ ਆਪਣਾ ਦਰਬਾਰ ਲੈਂਦੇ ਸਨ। ਬਾਅਦ ਵਿਚ, ਸਰਬਤ ਖਾਲਸਾ ਨੇ ਸਾਰੇ ਵਾਦ ਵਿਵਾਦਾਂ, ਜੰਗਾਂ ਅਤੇ ਸ਼ਾਂਤੀ ਸਥਾਪਤੀ ਦਾ ਸਾਰਾ ਨਿਪਟਾਰਾ ਇੱਥੇ ਹੀ ਕੀਤਾ।

ਇਥੇ ਕਿਸੇ ਸਮੇਂ ਢਾਢੀ ਵਾਰਾਂ ਗਾਉਣ ਦੀ ਸ਼ੁਰੂਆਤ ਹੋਈ ਸੀ, ਜੋ ਅਜੇ ਵੀ ਪ੍ਰਥਾ ਕਰਤ ਚਲੀ ਆ ਰਹੀ ਹੈ। ਤਖ਼ਤ ਸ੍ਰੀ ਪਟਨਾ ਸਾਹਿਬ ਦਾ ਦੂਜਾ ਸਥਾਨ ਹੈ। ਸਭ ਤਖਤਾਂ ਦਾ ਸਿੱਖੀ ਨੂੰ ਇੱਕ ਮੁਠ ਰਖਣ ਲਈ ਇਤਿਹਾਸ 'ਚ ਆਪੋ ਆਪਣਾ ਯੋਗਦਾਨ ਹੈ।

ਤਖ਼ਤ ਸ੍ਰੀ ਅਕਾਲ ਸਾਹਿਬ

[ਸੋਧੋ]

ਅਕਾਲ ਤਖ਼ਤ ਅੰਮ੍ਰਿਤਸਰ ਸਾਹਿਬ ਵਿਖੇ ਸਥਿਤ ਹੈ। ਇਹ ਸਿੱਖਾਂ ਦੇ ਧਾਰਮਿਕ ਅਖਤਿਆਰਾਂ ਦੀ ਮੁੱਢਲੀ ਗੱਦੀ ਤੇ ਰਾਜਨੀਤਕ ਸਰਬੱਤ ਖ਼ਾਲਸਾ ਦੀਵਾਨਾਂ ਦੀ ਮੰਜੀ ਹੈ।ਇਸ ਦੇ ਸ਼ਾਬਦਿਕ ਅਰਥ ਹਨ ‘ਕਾਲ ਤੋਂ ਰਹਿਤ ਪਰਮਾਤਮਾ ਦਾ ਸਿੰਘਾਸਨ’।15 ਜੂਨ 1606 ਨੂੰ ਸਿੱਖਾਂ ਦੇ ਛੇਵੇਂ ਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਨੇ ਇੱਥੇ ਤਖ਼ਤ ਦਾ ਇੱਕ ਢਾਂਚਾ ਆਪਣੇ ਹੱਥੀਂ ਨੀਂਹ ਰੱਖ ਕੇ ਭਾਈ ਬੁੱਢਾ ਜੀ ਰਾਹੀਂ ਮੁਕੰਮਲ ਕਰਵਾਇਆ ਤੇ ਇੱਥੌਂ ਸੰਗਤਾਂ ਦੇ ਨਾਂ ਪਹਿਲਾ ਹੁਕਮਨਾਮਾ ਜਾਰੀ ਕੀਤਾ ਜਿਸ ਵਿੱਚ ਹੋਰ ਵਸਤਾਂ ਭੇਂਟ ਵਿੱਚ ਲਿਆਣ ਤੋਂ ਇਲਾਵਾ ਸ਼ਸਤਰ ਤੇ ਘੋੜੇ ਆਦਿ ਭੇਂਟ ਕਰਨ ਦੀ ਆਗਿਆ ਕੀਤੀ ਗਈ। ਇਸ ਤਖ਼ਤ ਉੱਪਰ ਜੋ ਬਿਲਡਿੰਗ ਦਾ ਨਿਰਮਾਣ ਕਰਵਾਇਆ ਗਿਆ ਉਸ ਦਾ ਨਾਂ ਅਕਾਲ ਬੁੰਗਾ ਰੱਖਿਆ ਗਿਆ।

ਤਖ਼ਤ ਸ੍ਰੀ ਪਟਨਾ ਸਾਹਿਬ

[ਸੋਧੋ]

ਤਖ਼ਤ ਸ੍ਰੀ ਪਟਨਾ ਸਾਹਿਬ ਸਿੱਖੀ ਦੇ ਪੰਜ ਤਖ਼ਤਾਂ ਵਿੱਚੋਂ ਇੱਕ ਹੈ। ਪਟਨਾ ਸਾਹਿਬ ਵਿਖੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜਨਮ (22 ਦਸੰਬਰ 1666) ਦੀ ਯਾਦਗਾਰ ਵੱਜੋਂ ਗੰਗਾ ਨਦੀ ਦੇ ਕਿਨਾਰੇ ਉੱਤੇ ਇੱਕ ਗੁਰਦੁਆਰਾ ਸਾਹਿਬ ਦੀ ਉਸਾਰੀ ਕੀਤੀ ਗਈ। ਮਹਾਰਾਜਾ ਰਣਜੀਤ ਸਿੰਘ(1780-1839) ਨੇ ਇਸ ਗੁਰਦੁਆਰਾ ਸਾਹਿਬ ਦੀ ਉਸਾਰੀ ਕਰਵਾਈ।

ਤਖ਼ਤ ਸ੍ਰੀ ਕੇਸ਼ਗੜ੍ਹ ਸਾਹਿਬ

[ਸੋਧੋ]

ਤਖਤ ਸ੍ਰੀ ਕੇਸ਼ਗੜ੍ਹ ਸਾਹਿਬ ਖਾਲਸੇ ਦੀ ਜਨਮਭੂਮੀ ਹੈ। ਇਸ ਸ਼ਹਿਰ ਨੂੰ ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਪਿੰਡ ਮਾਖੋਵਾਲ ਦੀ ਜ਼ਮੀਨ ਖਰੀਦ ਕੇ ਵਸਾਇਆ ਤੇ ਇਸ ਨੂੰ ਚੱਕ ਨਾਨਕੀ ਦੇ ਨਾਮ ਦਾ ਦਰਜ਼ਾ ਦਿੱਤਾ, ਬਾਅਦ ਵਿੱਚ ਇਹ ਅਸਥਾਨ ਆਨੰਦਪੁਰ ਸਾਹਿਬ ਦੇ ਨਾਮ ਨਾਲ ਪ੍ਰਸਿੱਧ ਹੋਇਆ | ਸ੍ਰੀ ਗੁਰੂ ਗੋਬਿੰਦ ਸਿੰਘ ਜੀ ਪੰਜ ਸਾਲ ਦੀ ਉਮਰ ਵਿੱਚ ਪਟਨਾ ਸਾਹਿਬ ਤੋਂ ਆਨੰਦਪੁਰ ਸਾਹਿਬ ਆਏ, ਅਤੇ ਇਥੋਂ ਹੀ ਆਪਣੇ ਪਿਤਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਹਿੰਦੂ ਧਰਮ ਦੀ ਰਾਖੀ ਲੇਈ ਸ਼ਹੀਦ ਹੋਣ ਲੇਈ ਦਿੱਲੀ ਨੂੰ ਭੇਜਿਆ |ਸੰਨ 1699 ਈ. (1756 ਬਿ.) ਦੀ ਵੈਸਾਖੀ ਵਾਲੇ ਦਿਨ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਪਹਿਲੀ ਵਾਰ ਖੰਡੇ ਬਾਟੇ ਦਾ ਅੰਮ੍ਰਿਤ ਤਿਆਰ ਕਰ ਕੇ ਖਾਲਸੇ ਦੀ ਸਾਜਨਾ ਕੀਤੀ |ਪੰਜਾ ਤਖ਼ਤਾਂ ਵਿਚੋਂ ਇਸ ਨੂੰ ਤੀਸਰਾ ਤਖ਼ਤ ਗਿਣਿਆ ਜਾਂਦਾ ਹੈ |

ਤਖ਼ਤ ਸ਼੍ਰੀ ਦਮਦਮਾ ਸਾਹਿਬ

[ਸੋਧੋ]

ਤਖ਼ਤ ਸ਼੍ਰੀ ਦਮਦਮਾ ਸਾਹਿਬ ਪਿੰਡ ਸਾਬੋਕੀ ਤਲਵੰਡੀ ਪਾਸ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਪ੍ਰਸਿੱਧ ਅਸਥਾਨ, ਜਿਸ ਨੂੰ ਸਿੱਖਾਂ ਦੀ ਕਾਸ਼ੀ ਕਿਹਾ ਜਾਂਦਾ ਹੈ। ਡੱਲੇ ਸਿੱਖ ਦਾ ਪ੍ਰੇਮ ਦੇਖਕੇ ਕਲਗੀਧਰ ਨੇ ਇੱਥੇ ਕ਼ਰੀਬ ਸਾਢੇ ਨੌ ਮਹੀਨੇ ਨਿਵਾਸ ਕੀਤਾ। ਮਾਤਾ ਸੁੰਦਰੀ ਜੀ ਅਤੇ ਮਾਤਾ ਸਾਹਿਬ ਕੌਰ ਜੀ ਭਾਈ ਮਨੀ ਸਿੰਘ ਜੀ ਨੂੰ ਨਾਲ ਲੈਕੇ ਇਸ ਥਾਂ ਦਿੱਲੀ ਤੋਂ ਸ੍ਵਾਮੀ ਦੇ ਦਰਸ਼ਨ ਕਰਨ ਆਏ। ਦਸ਼ਮੇਸ਼ ਨੇ ਇਸੇ ਥਾਂ ਆਤਮਿਕ ਸ਼ਕਤੀ ਨਾਲ ਆਪਂਣੇ ਅਨੁਭਵ ਤੋਂ ਗੁਰੂ ਗ੍ਰੰਥ ਸਾਹਿਬ ਦਾ ਸੰਪੂਰਨ ਪਾਠ ਲਿਖਵਾਇਆ। ਫੂਲਵੰਸ਼ ਦੇ ਰਤਨ ਤਿਲੋਕ ਸਿੰਘ ਤੇ ਰਾਮ ਸਿੰਘ ਜੀ ਨੇ ਇੱਥੇ ਹੀ ਦਸ਼ਮੇਸ਼ ਤੋਂ ਅੰਮ੍ਰਿਤ ਪਾਨ ਕੀਤਾ। ਜੰਗਲ ਨੂੰ ਸਰਸਬਜ਼ ਕਰਨ ਲਈ ਨਹਿਰਾਂ ਦਾ ਵਰ ਭੀ ਇਸੇ ਥਾਂ ਬਖਸ਼ਿਆ ਹੈ। ਇਸ ਦਰਬਾਰ ਦੀ ਸੇਵਾ ਪੰਥ ਨੇ ਬਾਬਾ ਦੀਪ ਸਿੰਘ ਜੀ ਸ਼ਹੀਦ ਦੇ ਸਪੁਰਦ ਕੀਤੀ ਸੀ, ਜੋ ਹੁਣ ਉਸ ਦੀ ਵੰਸ਼ ਦੇ ਰਈਸ ਸ਼ਾਹਗ਼ਾਦਪੁਰ ਦੇ ਹੱਥ ਹੈ।

ਤਖਤ ਸ਼੍ਰੀ ਹਜ਼ੂਰ ਸਾਹਿਬ

[ਸੋਧੋ]

ਤਖਤ ਸ਼੍ਰੀ ਹਜੂਰ ਸਾਹਿਬ ਨੰਦੇੜ ਵਿੱਚ ਸਥਿਤ ਹੈ। ਇਹ ਉਹ ਸਥਾਨ ਹੈ ਜਿੱਥੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਪਣਾ ਸਰੀਰ ਪੰਜ ਤੱਤਾਂ ਵਿੱਚ ਮਿਲਾ ਕੇ ਆਤਮ ਜੋਤ ਪਰਮਾਤਮਾ ਵਿੱਚ ਮਿਲਾ ਦਿੱਤਾ| ਇੱਥੇ ਹੀ ਆਪ ਜੀ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰਗੱਦੀ ਸੌਂਪੀ |