ਗਿਆਨੀ ਸੰਤ ਸਿੰਘ ਮਸਕੀਨ
ਸੰਤ ਸਿੰਘ ਮਸਕੀਨ | |
---|---|
ਜਨਮ | ਸੰਤ ਸਿੰਘ 1 ਜਨਵਰੀ 1934 |
ਮੌਤ | ਫਰਵਰੀ 18, 2005 | (ਉਮਰ 71)
ਰਾਸ਼ਟਰੀਅਤਾ | ਭਾਰਤ |
ਪੇਸ਼ਾ | ਸਿੱਖ ਧਰਮ ਸ਼ਾਸ਼ਤਰੀ ਅਤੇ ਵਿਦਵਾਨ |
ਸਰਗਰਮੀ ਦੇ ਸਾਲ | 1950-2005 |
ਜ਼ਿਕਰਯੋਗ ਕੰਮ | ਜਪੁ ਨੀਸਾਣ, ਗੁਰੂ ਚਿੰਤਨ, ਗੁਰੂ ਜੋਤੀ , ਤੀਜਾ ਨੇਤਰ, ਚੌਥਾ ਪਦ, ਪੰਚ ਪਰਵਾਨ, ਖੱਟ ਦਰਸ਼ਨ, ਪ੍ਰਭੂ ਸਿਮਰਨ, ਗੁਰਦੁਆਰਿਆਂ ਦਾ ਪ੍ਰਬੰਧਕੀ ਢਾਂਚਾ, ਪੰਜ ਵਿਕਾਰ ਤੇ ਚਾਰ ਜੁਗ, ਰਤਨਾਕਰ, ਰਸ ਧਾਰਾ, ਰਹਿਰਾਸ ਸਮਾਜ ਅਤੇ ਕਥਾਵਾਂ ਦੀਆਂ ਅਨੇਕਾਂ ਸੀਡੀਆਂ[1] |
ਜੀਵਨ ਸਾਥੀ | ਸੁੰਦਰ ਕੌਰ |
ਧਰਮ ਸੰਬੰਧੀ ਕੰਮ | |
ਲਹਿਰ | ਸਿੱਖੀ |
ਮੁੱਖ ਰੂਚੀਆਂ | ਕਥਾ |
ਪ੍ਰਸਿੱਧ ਵਿਚਾਰ | ਧਾਰਮਿਕ ਪ੍ਰਚਾਰ |
ਗਿਆਨੀ ਸੰਤ ਸਿੰਘ ਮਸਕੀਨ ਪੰਥ ਦੇ ਪ੍ਰਸਿੱਧ ਵਿਆਖਿਆਕਾਰ, ਮਹਾਨ ਕਥਾਵਾਚਕ, ਗੁਰਮਤਿ ਪ੍ਰਚਾਰ, ਦਲੇਰ ਤੇ ਧਾਰਮਿਕ ਜੀਵਨ ਵਾਲੇ ਪੂਰਨ ਗੁਰਸਿੱਖ ਸਨ।
ਮੁਢਲਾ ਜੀਵਨ
[ਸੋਧੋ]ਗਿਆਨੀ ਸੰਤ ਸਿੰਘ ਮਸਕੀਨ ਦਾ ਜਨਮ 1934 ਈ. ਨੂੰ ਪਿਤਾ ਕਰਤਾਰ ਸਿੰਘ ਦੇ ਗ੍ਰਹਿ ਮਾਤਾ ਰਾਮ ਕੌਰ ਜੀ ਦੀ ਕੁੱਖੋਂ ਕਸਬਾ ਲੱਕ ਮਰਵਤ ਜ਼ਿਲ੍ਹਾ ਬੰਨੂ (ਪਾਕਿਸਤਾਨ) ਵਿੱਚ ਹੋਇਆ। ਉਹਨਾਂ ਨੇ ਮੁੱਢਲੀ ਵਿੱਦਿਆ ਖਾਲਸਾ ਸਕੂਲ ਪਾਕਿਸਤਾਨ ਤੋਂ ਪ੍ਰਾਪਤ ਕੀਤੀ। ਉਪਰੰਤ ਗੌਰਮਿੰਟ ਹਾਈ ਸਕੂਲ ਵਿੱਚ ਦਾਖਲ ਹੋ ਗਏ, ਪਰ 1947 ਵਿੱਚ ਦੇਸ਼ ਦੀ ਵੰਡ ਹੋਣ ਕਾਰਨ ਮੈਟ੍ਰਿਕ ਦਾ ਇਮਤਿਹਾਨ ਨਾ ਦੇ ਸਕੇ। ਦੇਸ਼ ਵੰਡ ਤੋਂ ਬਾਅਦ ਗਿਆਨੀ ਜੀ ਰਾਜਸਥਾਨ ਦੇ ਜ਼ਿਲ੍ਹਾ ਅਲਵਰ ਵਿਖੇ ਵੱਸ ਗਏ।[2][3]
ਧਾਰਮਿਕ ਸੰਤ
[ਸੋਧੋ]ਗਿਆਨੀ ਜੀ ਰੁਚੀਆਂ ਦੀ ਪ੍ਰਬਲਤਾ ਦੇ ਕਾਰਨ ਧਾਰਮਿਕ ਸੰਤ ਬਣ ਗਏ। ਬੈਜਨਾਥ ਧਾਮ ਤੇ ਕਟਕ ਆਦਿ ਥਾਵਾਂ ’ਤੇ ਸਾਧੂਆਂ ਨਾਲ ਵਿਚਰਦੇ ਰਹੇ। ਉਹਨਾਂ ਨਿਰਮਲੇ ਸੰਤ ਗਿਆਨੀ ਬਲਵੰਤ ਸਿੰਘ ਪਾਸੋਂ ਬ੍ਰਹਮ ਵਿੱਦਿਆ, ਗੁਰਬਾਣੀ ਦੇ ਅਰਥ ਤੇ ਗੁਰਮਤਿ ਵਿੱਦਿਆ ਹਾਸਲ ਕੀਤੀ। ਸੰਤਾਂ ਦੀ ਸੰਗਤ ਸਦਕਾ ਕਥਾ ਕਰਨੀ ਆਰੰਭ ਕਰ ਦਿੱਤੀ। ਗੁਰਮਤਿ ਦੇ ਧਾਰਨੀ ਹੋਣ ਦੇ ਨਾਲ ਨਾਲ ਪੂਰਨ ਤਿਆਗੀ, ਸੰਜਮੀ, ਨਾਮਬਾਣੀ ਦੇ ਰਸੀਏ ਤੇ ਨਿਮਰਤਾ ਦੇ ਪੁੰਜ ਸਨ। ਉਹਨਾਂ ਦੀ ਕਥਾ ਵਿੱਚ ਇੰਨਾ ਰਸ ਸੀ ਕਿ ਦੂਰ-ਦੂਰ ਤੋਂ ਕਥਾ ਸੁਣਨ ਲਈ ਸੰਗਤਾਂ ਆਉਂਦੀਆਂ ਸਨ। ਮਸਕੀਨ ਜੀ ਦੇ ਕਥਾ ਕਰਨ ਦਾ ਢੰਗ ਆਮ ਕਥਾਕਾਰਾਂ ਨਾਲੋਂ ਨਿਵੇਕਲਾ ਸੀ। ਉਹ ਸੰਗਤਾਂ ਨੂੰ ਬਹੁਤ ਹੀ ਨਿਮਰਤਾ ਨਾਲ ਸਟੀਕ ਟਿੱਪਣੀਆਂ ਕਰਿਆ ਕਰਦੇ ਸਨ।
ਧਾਰਮਿਕ ਸਕੂਲ
[ਸੋਧੋ]ਗਿਆਨੀ ਜੀ ਨੂੰ ‘ਮਸਕੀਨ’ ਲਕਬ ਬਾਬਾ ਬਲਵੰਤ ਸਿੰਘ ਜੀ ਨੇ ਆਪ ਦਿੱਤਾ। 1958 ਵਿੱਚ ਉਹਨਾਂ ਦਾ ਵਿਆਹ ਬੀਬੀ ਸੁੰਦਰ ਕੌਰ ਨਾਲ ਹੋਇਆ। ਉਹਨਾਂ ਗ੍ਰਹਿਸਥੀ ਜੀਵਨ ਦੇ ਨਾਲ ਨਾਲ ਪ੍ਰਚਾਰ ਕਰਨ ਦਾ ਕੰਮ ਵੀ ਜਾਰੀ ਰੱਖਿਆ। 1960 ਵਿੱਚ ਉਹਨਾਂ ਆਪਣੇ ਗ੍ਰਹਿ ਵਿਖੇ ਗੁਰਮਤਿ ਸਮਾਗਮਾਂ ਦੀ ਸ਼ੁਰੂਆਤ ਕੀਤੀ। ਅਲਵਰ ਵਿਖੇ ਗੁਰੂ ਨਾਨਕ ਪਬਲਿਕ ਸਕੂਲ ਤੇ ਸ੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਗਿਆਨੀ ਜੀ ਦੀ ਦੇਖ-ਰੇਖ ਵਿੱਚ ਚੱਲ ਰਹੇ ਸਨ। ਇਨ੍ਹਾਂ ਸਕੂਲਾਂ ਵਿੱਚ ਪੜ੍ਹਦੇ ਗਰੀਬ ਬੱਚਿਆਂ ਨੂੰ ਮੁਫਤ ਕਿਤਾਬਾਂ ਤੇ ਵਰਦੀਆਂ ਦਿੰਦੇ ਸਨ। ਇਨ੍ਹਾਂ ਸਕੂਲਾਂ ਦਾ ਖਰਚਾ ਵੀ ਜ਼ਿਆਦਾਤਰ ਗਿਆਨੀ ਜੀ ਆਪ ਕਰਦੇ ਸਨ। ਅਲਵਰ ਵਿਖੇ ਮਸਕੀਨ ਜੀ ਦੀ ਸਰਪ੍ਰਸਤੀ ਹੇਠ ਸਾਲਾਨਾ ਗੁਰਮਤਿ ਸਮਾਗਮ ਮਨਾਇਆ ਜਾਂਦਾ ਸੀ।
ਨਿੱਤ ਕਿਰਿਆ ਤੇ ਜੀਵਨ ਢੰਗ
[ਸੋਧੋ]ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਉਪਰੰਤ ਉੱਚਾ ਤੇ ਵਜਦ ਵਿੱਚ ਨਿੱਤ-ਨੇਮ ਕਰਨਾ ਫਿਰ ਸਿਮਰਨ ਵਿੱਚ ਲੀਨ ਹੋ ਜਾਣਾ ਉਨ੍ਹਾਂ ਦਾ ਨਿੱਤ ਦਾ ਕਰਮ ਸੀ।ਗੁਰਦੁਆਰੇ ਜਾ ਕੇ ਕੁੱਝ ਦੇਰ ਕੀਰਤਨ ਜ਼ਰੂਰ ਸੁਨਣਾ ਫਿਰ ਹੀ ਕਥਾ ਤੇ ਬੈਠਣਾ। ਆਪ ਸਿੱਖੀ ਨਿਯਮਾਂ ਵਿੱਚ ਪਰਪੱਕ ਹੋਣ ਕਾਰਨ ਦੇਹਧਾਰੀ ਗੁਰੂਆਂ , ਪਖੰਡੀ ਸਾਧਾਂ, ਗੁਰਦੁਆਰਾ ਪ੍ਰਧਾਨਾਂ,ਸਕੱਤਰਾਂ ਆਦੀ ਦੇ ਪਾਜ ਉਜਾਗਰ ਕਰਨ ਤੋਂ ਸੰਕੋਚ ਨਹੀਂ ਕਰਦੇ ਸਨ।ਗੁਰਪੁਰਬਾਂ ਤੇ ਵਿਸ਼ੇਸ਼ ਸਮਾਗਮਾਂ ਤੇ ਭਾਰਤ ਤੋਂ ਬਿਨਾ ਬਾਹਰਲੇ ਦੇਸ਼ਾਂ ਕਾਬਲ, ਕੰਧਾਰ, ਕੁਵੈਤ, ਸਿੰਘਾਪੁਰ, ਮਲੇਸ਼ੀਆ, ਇੰਗਲੈਂਡ , ਈਰਾਨ ,ਕੈਨੇਡਾ,ਅਮਰੀਕਾ ਆਦਿ ਵਿੱਚ ਵੀ ਉਨ੍ਹਾਂ ਨੂੰ ਪ੍ਰਚਾਰ ਤੇ ਕਥਾ ਕਰਨ ਦੇ ਅਵਸਰ ਪ੍ਰਾਪਤ ਹੋਏ।[3]
ਇਨਸਾਈਕਲੋਪੀਡੀਆ
[ਸੋਧੋ]ਮਸਕੀਨ ਜੀ ਗਿਆਨ ਦੇ ਭੰਡਾਰ ਸਨ। ਉਹਨਾਂ ਨੂੰ ਅੰਗਰੇਜ਼ੀ, ਪੰਜਾਬੀ, ਹਿੰਦੀ, ਉਰਦੂ, ਅਰਬੀ, ਫਾਰਸੀ ਭਾਸ਼ਾਵਾਂ ਦਾ ਗੂੜ੍ਹਾ ਗਿਆਨ ਸੀ।ਿੲਸ ਤੌ ਇਲਾਵਾ ਆਪ ਜੀ ਨੇ ਹਰ ਧਰਮ ਦੇ ਧਾਰਮਿਕ ਗੰਥਾਂ ਦਾ ਅਧੀਐਨ ਵੀ ਕੀਤਾ। ਮਸਕੀਨ ਜੀ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਸਿੱਖ ਇਤਿਹਾਸ ਅਤੇ ਸਿੱਖ ਧਰਮ ਨਾਲ ਸਬੰਧਤ ਪੁਰਾਤਨ ਤੇ ਵਰਤਮਾਨ ਗ੍ਰੰਥਾਂ ਦਾ ਡੂੰਘਾ ਗਿਆਨ ਸੀ। ਉਹ ਕਥਾ ਕਰਦੇ ਸਮੇਂ ਅਨੇਕਾਂ ਹੀ ਅਰਬੀ, ਫਾਰਸੀ ਦੇ ਸ਼ੇਅਰ ਪੇਸ਼ ਕਰਕੇ ਉਹਨਾਂ ਦੇ ਦ੍ਰਿਸ਼ਟਾਂਤ ਦੇ ਕੇ ਸਮਝਾਉਂਦੇ। ਉਹਨਾਂ ਨੇ ਦਸਮ ਗ੍ਰੰਥ, ਵੇਦ, ਉਪਨਿਸ਼ਦ ਅਤੇ ਹੋਰ ਸੰਸਕ੍ਰਿਤ ਸਾਹਿਤ ਦਾ ਮੁਤਾਲਿਆ ਕੀਤਾ ਹੋਇਆ ਸੀ। ਗਿਆਨ ਦਾ ਸਾਗਰ ਹੋਣ ਕਰਕੇ ਆਪ ਜੀ ਪੜ੍ਹੇ ਲਿਖੇ ਤੇ ਵੱਖੋ ਵੱਖ ਧਰਮਾਂ ਦੇ ਧਾਰਮਿਕ ਆਗੂਆਂ ਨੂੰ ਵੀ ਪੜ੍ਹਨੇ ਪਾ ਦਿੰਦੇ ।ਡਾ. ਅਲਾਮਾ ਇਕਬਾਲ, ਮਿਰਜ਼ਾ ਗ਼ਾਲਿਬ, ਮੀਰ ਤਕੀ ਮੀਰ ਵਰਗੇ ਉਸਤਾਦ ਸ਼ਾਇਰਾਂ ਦੇ ਕਲਾਮ ਉਹਨਾਂ ਨੂੰ ਜ਼ੁਬਾਨੀ ਯਾਦ ਸੀ। ਉਹ ਸਿੱਖ ਧਰਮ ਦੇ ਇਨਸਾਈਕਲੋਪੀਡੀਆ ਸਨ। ਉਹਨਾਂ ਸਿੱਖ ਧਰਮ ਦੇ ਪ੍ਰਚਾਰ, ਪਸਾਰ ਅਤੇ ਸਿੱਖ ਗੁਰੂਆਂ ਦੀਆਂ ਸਿੱਖਿਆਵਾਂ ਪੂਰੇ ਸੰਸਾਰ ਵਿੱਚ ਫੈਲਾਉਣ ਲਈ ਵਰਨਣਯੋਗ ਕੰਮ ਕੀਤਾ। ਮਸਕੀਨ ਜੀ ਨੇ 50 ਸਾਲ ਤਕ ਦੇਸ਼ਾਂ-ਵਿਦੇਸ਼ਾਂ ਵਿੱਚ ਗੁਰਮਤਿ ਦਾ ਪ੍ਰਚਾਰ ਕੀਤਾ। ਉਹਨਾਂ ਆਪਣੀ ਗੱਲ ਨੂੰ ਬਹੁਤ ਹੀ ਸਰਲ ਤੇ ਸਾਦੇ ਸ਼ਬਦਾਂ ਵਿੱਚ ਅਤੇ ਵੱਖ-ਵੱਖ ਦ੍ਰਿਸ਼ਟਾਂਤ ’ਤੇ ਵਾਰ-ਵਾਰ ਗੱਲ ਕਰਕੇ ਦੱਸਣ ਦੀ ਨਿਵੇਕਲੀ ਸ਼ੈਲੀ ਵਿਕਸਤ ਕੀਤੀ ਹੋਈ ਸੀ। ਉਹ ਇੱਕ ਗੱਲ ਨੂੰ ਵਾਰ-ਵਾਰ ਕਰਦੇ ਤਾਂ ਜੋ ਸੰਗਤਾਂ ਨੂੰ ਉਹਨਾਂ ਦਾ ਦੱਸਿਆ ਨੁਕਤਾ ਸਮਝ ਆ ਸਕੇ। ਮਸਕੀਨ ਜੀ ਜੋ ਕਹਿੰਦੇ, ਉਸ ’ਤੇ ਅਮਲ ਵੀ ਕਰਦੇ ਸਨ। ਇਹੀ ਕਾਰਨ ਹੈ ਕਿ ਉਹਨਾਂ ਦੀ ਕਥਾ ਵਿਆਖਿਆ ਦਾ ਅਸਰ ਸੰਗਤਾਂ ਵਿੱਚ ਰਚ-ਮਿਚ ਜਾਂਦਾ ਸੀ। ਉਹਨਾਂ ਦਾ ਲਿਬਾਸ ਬਹੁਦ ਸਾਦਾ ਸੀ। ਮਸਕੀਨ ਜੀ ਦੇਸ਼-ਵਿਦੇਸ਼ ਵਿੱਚ ਪ੍ਰਚਾਰ ਕਰਨ ਲਈ ਜਿੱਥੇ ਵੀ ਜਾਂਦੇ, ਰਿਹਾਇਸ਼ ਉਹ ਆਪਣੀ ਗੁਰਦੁਆਰੇ ਹੀ ਰੱਖਦੇ ਸਨ। ਪ੍ਰਸ਼ਾਦਾ ਵੀ ਉਹ ਗੁਰਦੁਆਰੇ ਦੇ ਲੰਗਰ ਵਿੱਚ ਹੀ ਛਕਦੇ ਸਨ। ਮਸਕੀਨ ਜੀ ਵੱਲੋਂ ਭਾਰਤ ਵਿੱਚ ਹਰ ਸਾਲ ਬਹੁਤ ਥਾਵਾਂ ’ਤੇ ਗੁਰਮਤਿ ਸਮਾਗਮ ਕਰਵਾਏ ਜਾਂਦੇ ਸਨ। ਉਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਦਿਵਸ ’ਤੇ ਪਟਨਾ ਸਾਹਿਬ ਵਿਖੇ, ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਗੁਰਪੁਰਬ ਅਤੇ ਦੀਵਾਲੀ ’ਤੇ ਸਿੱਖਾਂ ਦੇ ਕੇਂਦਰੀ ਧਾਰਮਿਕ ਅਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਅਤੇ ਮੰਜੀ ਸਾਹਿਬ ਦੇ ਦੀਵਾਨ ਹਾਲ ਵਿੱਚ ਸਵੇਰੇ ਸ਼ਾਮ ਕਥਾ ਅਤੇ ਗੁਰਬਾਣੀ ਦੀ ਵਿਆਖਿਆ 40 ਸਾਲ ਤੋਂ ਕਰਦੇ ਰਹੇ ਹਨ।
ਲਿਖਾਰੀ
[ਸੋਧੋ]ਮਸਕੀਨ ਜੀ ਜਿੱਥੇ ਚੰਗੇ ਬੁਲਾਰੇ ਸਨ, ਉਥੇ ਉਹ ਕਲਮ ਦੇ ਧਨੀ ਵੀ ਸਨ। ਉਨ੍ਹਾਂ ਦਾ ਕਥਾ ਢੰਗ ਆਮ ਕਥਾ-ਵਾਚਕਾਂ ਤੋਂ ਨਵੇਕਲਾ ਹੈ। ਸ਼ੁਰੂ ਕੀਤੇ ਮਜ਼ਮੂਨ ਨੂੰ ਅਨੇਕ ਉਦਾਹਰਣ ਦੇਣ ਬਾਦ ਉੱਥੇ ਵਾਪਸ ਆ ਜਾਣਾ ਉਨ੍ਹਾਂ ਦੀ ਵਿਸ਼ੇਸ਼ਤਾ ਸੀ। ਸਰੋਤੇ ਬੁੱਤ ਬਣ ਕੇ ਚੁੱਪ-ਚਾਪ ਉਨ੍ਹਾਂ ਦੀ ਕਥਾ ਦਾ ਅਨੰਦ ਮਾਣਦੇ। ਉਹਨਾਂ ਨੇ ਜਪੁ ਨੀਸਾਣ, ਗੁਰੂ ਚਿੰਤਨ, ਗੁਰੂ ਜੋਤੀ, ਬ੍ਰਹਮ ਗਿਆਨ, ਤੀਜਾ ਨੇਤਰ, ਪੰਜ ਤੱਤ, ਧਰਮ ਤੇ ਮਨੁੱਖ, ਮਸਕੀਨ ਜੀ ਦੇ ਲੈਕਚਰ ਸਮੇਤ ਇੱਕ ਦਰਜਨ ਤੋਂ ਵੀ ਵੱਧ ਪੁਸਤਕਾਂ ਸਿੱਖ ਜਗਤ ਨੂੰ ਭੇਟ ਕੀਤੀਆਂ ਹਨ। ਮਸਕੀਨ ਜੀ ਦੇ ਲੈਕਚਰ ਕੈਸੇਟਾਂ ਅਤੇ ਸੀਡੀਜ਼ ਰਾਹੀਂ ਵੀ ਮਾਰਕੀਟ ਵਿੱਚ ਉਪਲਬਧ ਹਨ।[4] ਈ.ਟੀ.ਸੀ. ਚੈਨਲ ਪੰਜਾਬੀ ਤੋਂ ਰੋਜ਼ਾਨਾ ਸਵੇਰੇ ਉਹਨਾਂ ਦੀ ਲੜੀਵਾਰ ਕਥਾ ਆਉਂਦੀ ਰਹੀ।
ਸਨਮਾਨ
[ਸੋਧੋ]- ਮਸਕੀਨ ਜੀ ਨੂੰ ਪੰਥ ਰਤਨ ਦੀ ਉਪਾਧੀ ਤੇ ਦੇਸ਼-ਵਿਦੇਸ਼ ਵਿੱਚ ਅਨੇਕਾਂ ਮਾਣ-ਸਨਮਾਨਾਂ ਨਾਲ ਸਨਮਾਨਤ ਕੀਤਾ ਗਿਆ।
- 20 ਮਾਰਚ 2005 ਨੂੰ ਸ੍ਰੀ ਅਕਾਲ ਤਖ਼ਤ ਅੰਮ੍ਰਿਤਸਰ ਤੋਂ ਮਸਕੀਨ ਜੀ ਦੀ ਮੌਤ ਉਪਰੰਤ ‘ਗੁਰਮਤਿ ਵਿੱਦਿਆ ਮਾਰਤੰਡ’ ਦੀ ਉਪਾਧੀ ਨਾਲ ਨਿਵਾਜਿਆ ਗਿਆ। [5]
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਜੋਗਿੰਦਰ ਸਿੰਘ ਵੇਦਾਂਤੀ ਵੱਲੋਂ ਸਨਮਾਨ ਪੱਤਰ, ਤਸ਼ਤਰੀ, ਸਿਰੋਪਾਓ, ਸਿਰੀ ਸਾਹਿਬ ਨਾਲ ਮਸਕੀਨ ਜੀ ਦੀ ਧਰਮ ਪਤਨੀ ਬੀਬੀ ਸੁੰਦਰ ਕੌਰ ਨੂੰ ਸਨਮਾਨਤ ਕੀਤਾ ਗਿਆ।
- ਇਸ ਮੌਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ‘ਭਾਈ ਗੁਰਦਾਸ ਪੁਰਸਕਾਰ’ ਨਾਲ ਸਨਮਾਨਤ ਕੀਤਾ ਗਿਆ।
ਮੌਤ
[ਸੋਧੋ]ਪੰਥ ਦੇ ਪ੍ਰਸਿੱਧ ਵਿਦਵਾਨ, ਕਥਾਵਾਚਕ, ਗਿਆਨੀ ਸੰਤ ਸਿੰਘ ਜੀ ਮਸਕੀਨ 18 ਫਰਵਰੀ, 2005 ਈ. ਦਿਨ ਸ਼ੁੱਕਰਵਾਰ ਨੂੰ 71 ਸਾਲ ਦੀ ਉਮਰ ਬਤੀਤ ਕਰਕੇ ਗੁਰੂ ਚਰਨਾਂ ਵਿੱਚ ਜਾ ਬਿਰਾਜੇ।
ਹਵਾਲੇ
[ਸੋਧੋ]- ↑ ਜੌੜ, ਗਿਆਨੀ ਬਲਵਿੰਦਰ ਸਿੰਘ (2007). ਜੀਵਨੀ ਗਿਆਨੀ ਸੰਤ ਸਿੰਘ ਜੀ ਮਸਕੀਨ. ਗੁਰ ਜਯੋਤੀ ਐਟਰਪ੍ਰਾਈਜਜ਼ , ਅਲਵਰ ,ਰਾਜਸਥਾਨ. Archived from the original on 2024-03-30. Retrieved 2021-02-28.
- ↑ "ਪੁਰਾਲੇਖ ਕੀਤੀ ਕਾਪੀ". Archived from the original on 2014-05-17. Retrieved 2014-04-30.
{{cite web}}
: Unknown parameter|dead-url=
ignored (|url-status=
suggested) (help) - ↑ 3.0 3.1 ਮਸਕੀਨ, ਗਿਆਨੀ ਸੰਤ ਸਿੰਘ (1979). ਗੁਰੂ -ਚਿੰਤਨ. ਅਲਵਰ ਰਾਜਸਥਾਨ: ਗਿ. ਸੰਤ ਸਿੰਘ ਮਸਕੀਨ , ਸੀਸ ਗਰਾਂ, ਅਲਵਰ ( ਰਾਜਿਸਥਾਨ). pp. 1–8.
- ↑ "All songs by Giani Sant Singh Maskeen". SikhNet (in ਅੰਗਰੇਜ਼ੀ). Retrieved 2021-02-28.
- ↑ "Sant Singh Maskeen ji". sikhrolemodel.com (in ਅੰਗਰੇਜ਼ੀ (ਅਮਰੀਕੀ)). Retrieved 2021-02-28.[permanent dead link]