ਵਿਸ਼ਵ ਚਿੜੀ ਦਿਵਸ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ
ਮਾਦਾ ਚਿੜੀ ਆਪਣੇ ਬੱਚੇ ਨੂੰ ਖਾਣਾ ਦਿੰਦੀ ਹੋਈ
ਵਿਸ਼ਵ ਚਿੜੀ ਦਿਵਸ ਤੇ ਚਿੜੀ ਦਾ ਘਰ

ਵਿਸ਼ਵ ਚਿੜੀ ਦਿਵਸ ਹਰ ਸਾਲ 20 ਮਾਰਚ ਨੂੰ ਮਨਾਇਆ ਜਾਂਦਾ ਹੈ।[1][2] ਚਿੜੀ ਇੱਕ ਅਜਿਹਾ ਪੰਛੀ ਹੈ ਜਿਸ ਦਾ ਪੰਜਾਬੀ ਸੱਭਿਆਚਾਰ ਵਿੱਚ ਅਹਿਮ ਸਥਾਨ ਹੈ। ਲੋਕ ਗੀਤਾਂ ਵਿੱਚ ਵੀ ਚਿੜੀ ਦਾ ਜ਼ਿਕਰ ਆਉਂਦਾ ਹੈ। ਚਿੜੀ ਇੱਕ ਬਹੁਤ ਹੀ ਸੰਵੇਦਨਸ਼ੀਲ ਪੰਛੀ ਹੈ। ਇਸੇ ਕਾਰਨ ਚਿੜੀ ਦੀ ਤੁਲਨਾ ਪੰਜਾਬੀ ਕੁੜੀ ਨਾਲ ਕੀਤੀ ਗਈ ਹੈ।

ਗੀਤਾਂ ਵਿੱਚ ਚਿੜੀਆਂ[ਸੋਧੋ]

ਕੁੜੀ ਦੇ ਵਿਆਹ ਮੌਕੇ ਗੀਤ ਗਾ ਕੇ ਚਿੜੀਆਂ ਨੂੰ ਯਾਦ ਕੀਤਾ ਜਾਂਦਾ ਹੈ। ਪੰਜਾਬ ਦੀ ਕੋਇਲ ਸੁਰਿੰਦਰ ਕੌਰ ਵੱਲੋਂ ਗਾਏ ਮਸ਼ਹੂਰ ਗੀਤ ਵਿੱਚ ਵੀ ਚਿੜੀਆਂ ਦਾ ਜ਼ਿਕਰ ਹੈ ਜਿਵੇਂ "‘ਸਾਡਾ ਚਿੜੀਆਂ ਦਾ ਚੰਬਾ ਵੇ ਬਾਬੁਲ ਅਸਾਂ ਉੱਡ ਜਾਣਾ।’" ਗੁਰੂ ਅਰਜਨ ਦੇਵ ਸਾਹਿਬ ਨੇ ਵੀ ਅੰਮ੍ਰਿਤ ਵੇਲੇ ਚਿੜੀਆਂ ਦੇ ਚਹਿਕਣ ਬਾਰੇ ਵਰਨਣ ਕੀਤਾ ਹੈ।

ਜਾਤੀਆਂ ਅਤੇ ਅਕਾਰ[ਸੋਧੋ]

ਵਿਸ਼ਵ ਪੱਧਰ ’ਤੇ ਚਿੜੀਆਂ ਦੀਆਂ ਕੁੱਲ 24 ਪ੍ਰਜਾਤੀਆਂ ਪਾਈਆਂ ਜਾਂਦੀਆਂ ਹਨ। ਇਹ ਇੱਕ 5-6 ਇੰਚ ਆਕਾਰ ਦਾ ਛੋਟਾ ਪੰਛੀ ਹੈ ਜੋ ਦਾਣੇ, ਕੀੜੇ-ਮਕੌੜੇ, ਬੀਜ ਆਦਿ ਖਾ ਕੇ ਗੁਜ਼ਾਰਾ ਕਰਦੀ ਹੈ। ਚਿੜੀਆਂ ਆਮ ਕਰ ਕੇ ਪਿੰਡਾਂ ਅਤੇ ਸ਼ਹਿਰਾਂ ਵਿੱਚ ਘਰਾਂ ਦੀਆਂ ਬਾਲੇ ਵਾਲੀਆਂ ਛੱਤਾਂ, ਝਾੜੀਆਂ ਵਿੱਚ ਛੋਟੇ-ਛੋਟੇ ਤਿਣਕਿਆਂ ਅਤੇ ਘਾਹ-ਫੂਸ ਨਾਲ ਆਲਣੇ ਬਣਾ ਕੇ ਰਹਿੰਦੀਆਂ ਹਨ। ਨਰ ਚਿੜੀ ਦਾ ਆਕਾਰ ਮਾਦਾ ਚਿੜੀ ਨਾਲੋਂ ਵੱਡਾ ਹੁੰਦਾ ਹੈ। ਮਾਦਾ ਚਿੜੀ 5-7 ਅੰਡੇ ਦਿੰਦੀ ਹੈ ਅਤੇ 14-17 ਦਿਨਾਂ ਬਾਅਦ ਬੋਟ ਨਿਕਲ ਆਉਂਦੇ ਹਨ ਜੋ ਦੇਖਣ ਨੂੰ ਬਹੁਤ ਸੋਹਣੇ ਲੱਗਦੇ ਹਨ।

ਚਿੜੀਆਂ ਦੀ ਹੋਂਦ ਨੂੰ ਖ਼ਤਰਾ[ਸੋਧੋ]

  1. ਚਿੜੀਆਂ ਦੀ ਹੋਂਦ ਨੂੰ ਸਭ ਤੋਂ ਵੱਧ ਖ਼ਤਰਾ ਮੋਬਾਈਲ ਫੋਨ ਦੇ ਟਾਵਰਾਂ ਵਿੱਚੋਂ ਨਿਕਲਦੀਆਂ ਸੂਖ਼ਮ ਤਰੰਗਾਂ ਤੋਂ ਹੈ। ਤਕਨੀਕ ਇਜਾਦ ਕੀਤੀ ਜਾ ਸਕਦੀ ਹੈ ਜਿਸ ਨਾਲ ਟਾਵਰਾਂ ਵਿੱਚੋਂ ਨਿਕਲਣ ਵਾਲੀਆਂ ਤਰੰਗਾਂ ਦਾ ਚਿੜੀਆਂ ’ਤੇ ਅਸਰ ਨਾ ਹੋਵੇ।
  2. ਸਮੇਂ ਦੇ ਨਾਲ ਝਾੜੀਆਂ/ਦਰੱਖਤਾਂ ਦੀ ਜਗ੍ਹਾ ਅਜਿਹੇ ਦਰੱਖਤਾਂ ਨੇ ਲੈ ਲਈ ਹੈ ਜਿਸ ਉੱਪਰ ਚਿੜੀਆਂ ਆਪਣਾ ਆਲਣਾ ਨਹੀਂ ਬਣਾ ਸਕਦੀਆਂ। ਅਜਿਹੇ ਦਰੱਖਤ ਲਾਉਣ ਦੀ ਜ਼ਰੂਰਤ ਹੈ ਜਿਸ ਉੱਪਰ ਚਿੜੀਆਂ ਨੂੰ ਆਲਣੇ ਬਣਾ ਸਕਣ।
  3. ਸ਼ਹਿਰਾਂ ਵਿੱਚ ਘਰਾਂ ਦੇ ਵਿਹੜਿਆਂ ਵਿੱਚ ਮਸਨੂਈ ਲੱਕੜ ਦੇ ਬਕਸੇ ਦੇ ਆਲਣੇ ਬਣਾ ਕੇ ਟੰਗਣੇ ਚਾਹੀਦੇ ਹਨ। ਅਜਿਹਾ ਕਰਨ ਨਾਲ ਪੰਛੀਆਂ ਖ਼ਾਸ ਕਰ ਕੇ ਚਿੜੀਆਂ ਨੂੰ ਰੈਣ ਬਸੇਰਾ ਮੁਹੱਈਆ ਕਰਵਾਇਆ ਜਾ ਸਕਦਾ ਹੈ।
  4. ਵਿਸ਼ਵ ਚਿੜੀ ਦਿਵਸ ’ਤੇ ਸਕੂਲਾਂ ਅਤੇ ਕਾਲਜਾਂ ਵਿੱਚ ਸੈਮੀਨਾਰ, ਪੇਂਟਿੰਗ ਮੁਕਾਬਲੇ ਕਰਵਾ ਕੇ ਬੱਚਿਆਂ ਵਿੱਚ ਇਸ ਖ਼ਤਮ ਹੋ ਰਹੇ ਪੰਛੀ ਨੂੰ ਬਚਾਉਣ ਲਈ ਚੇਤਨਾ ਪੈਦਾ ਕਰਨੀ ਚਾਹੀਦੀ ਹੈ। ਇਸ ਕੰਮ ਲਈ ਗੈਰ-ਸਰਕਾਰੀ ਸੰਗਠਨਾਂ ਦਾ ਸਹਿਯੋਗ ਵੀ ਲਿਆ ਜਾ ਸਕਦਾ ਹੈ।
  5. ਮਨੁੱਖ ਦੀ ਜੀਵਨ ਸ਼ੈਲੀ ਵਿੱਚ ਆਏ ਬਦਲਾਅ, ਕਿਸਾਨਾਂ ਦੁਆਰਾ ਪੈਦਾਵਾਰ ਵਿੱਚ ਵਾਧਾ ਕਰਨ ਦੇ ਲਾਲਚਵੱਸ ਅੰਨ੍ਹੇਵਾਹ ਕੀਟਨਾਸ਼ਕ ਜ਼ਹਿਰਾਂ ਦੀ ਵਰਤੋਂ ਕਰਨ, ਮੋਬਾਈਲਾਂ ਦੀ ਵਧ ਰਹੀ ਵਰਤੋਂ ਅਤੇ ਖੁਰਾਕ ਦੀ ਘਾਟ ਕਾਰਨ ਚਿੜੀਆਂ ਦਾ ਵਜੂਦ ਖ਼ਤਰੇ ਵਿੱਚ ਪੈ ਗਿਆ ਹੈ।
  6. ਜੇਕਰ ਇਸ ਪੰਛੀ ਦੀ ਪ੍ਰਜਾਤੀ ਖ਼ਤਮ ਹੋ ਗਈ ਤਾਂ ਭਵਿੱਖ ਦੀ ਪੀੜ੍ਹੀ ਚਿੜੀ ਨੂੰ ਫੋਟੋਆਂ ਵਿੱਚ ਹੀ ਦੇਖਿਆ ਕਰੇਗੀ।

ਲੋਕਾਂ ਅੰਦਰ ਚੇਤਨਤਾ ਪੈਦਾ ਕਰੋ[ਸੋਧੋ]

ਅੱਜ ਅਸੀਂ ‘ਵਿਸ਼ਵ ਚਿੜੀ ਦਿਵਸ’ ਮਨਾ ਕੇ ਲੋਕਾਂ ਅੰਦਰ ਚੇਤਨਤਾ ਪੈਦਾ ਕਰੀਏ ਤਾਂ ਜੋ ਇਸ ਮਾਸੂਮ ਪੰਛੀ ਦੀ ਖ਼ਤਮ ਹੋ ਰਹੀ ਪ੍ਰਜਾਤੀ ਨੂੰ ਬਚਾਇਆ ਜਾ ਸਕੇ।

ਹਵਾਲੇ[ਸੋਧੋ]