ਅੰਤਰਰਾਸ਼ਟਰੀ ਮਜ਼ਦੂਰ ਦਿਵਸ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਸ਼ਿਕਾਗੋ ਦੀ ਹੇਅ ਮਾਰਕੀਟ ਦੇ ਸ਼ਹੀਦ -ਸੱਤ ਜਣੇ

ਅੰਤਰਰਾਸ਼ਟਰੀ ਮਜ਼ਦੂਰ ਦਿਵਸ[1] ਨੂੰ ਮਨਾਉਣ ਦੀ ਸ਼ੁਰੂਆਤ 1 ਮਈ 1886 ਤੋਂ ਮੰਨੀ ਜਾਂਦੀ ਹੈ[2] ਜਦੋਂ ਅਮਰੀਕਾ ਦੀਆਂ ਮਜ਼ਦੂਰ ਯੂਨੀਅਨਾਂ ਨੇ ਕੰਮ ਦਾ ਸਮਾਂ 8 ਘੰਟੇ ਤੋਂ ਵੱਧ ਨਾ ਰੱਖੇ ਜਾਣ ਲਈ ਹੜਤਾਲ ਕੀਤੀ ਸੀ। ਇਸ ਹੜਤਾਲ ਦੌਰਾਨ ਸ਼ਿਕਾਗੋ ਦੀ ਹੇਅ ਮਾਰਕੀਟ ਵਿੱਚ ਬੰਬ ਧਮਾਕਾ ਹੋਇਆ ਸੀ। ਇਹ ਬੰਬ ਕਿਸ ਨੇ ਸੁੱਟਿਆ ਕੋਈ ਪਤਾ ਨਹੀਂ। ਇਸ ਦੇ ਸਿੱਟੇ ਵਜੋਂ ਪੁਲੀਸ ਨੇ ਮਜਦੂਰਾਂ ਉੱਤੇ ਗੋਲੀ ਚਲਾ ਦਿੱਤੀ ਅਤੇ ਸੱਤ ਮਜਦੂਰ ਮਾਰ ਦਿੱਤੇ। "ਭਰੋਸੇਯੋਗ ਗਵਾਹਾਂ ਨੇ ਤਸਦੀਕ ਕੀਤੀ ਕਿ ਪਿਸਟਲਾਂ ਦੀਆਂ ਸਾਰੀਆਂ ਫਲੈਸ਼ਾਂ ਗਲੀ ਦੇ ਕੇਂਦਰ ਵਲੋਂ ਆਈਆਂ ਜਿਥੇ ਪੁਲਿਸ ਖੜੀ ਸੀ, ਅਤੇ ਭੀੜ ਵਲੋਂ ਇੱਕ ਵੀ ਫ੍ਲੈਸ਼ ਨਹੀਂ ਆਈ। ਇਸ ਤੋਂ ਵੀ ਅਗਲੀ ਗੱਲ, ਮੁਢਲੀਆਂ ਅਖਬਾਰੀ ਰਿਪੋਰਟਾਂ ਵਿੱਚ ਭੀੜ ਵਲੋਂ ਗੋਲੀਬਾਰੀ ਦਾ ਕੋਈ ਜ਼ਿਕਰ ਨਹੀਂ। ਮੌਕੇ ਤੇ ਇੱਕ ਟੈਲੀਗ੍ਰਾਫ ਖੰਭਾ ਗੋਲੀਆਂ ਨਾਲ ਹੋਈਆਂ ਮੋਰੀਆਂ ਨਾਲ ਪੁਰ ਹੋਇਆ ਸੀ, ਜੋ ਸਾਰੀਆਂ ਦੀਆਂ ਸਾਰੀਆਂ ਪੁਲਿਸ ਵਾਲੇ ਪਾਸੇ ਤੋਂ ਆਈਆਂ ਸਨ।"[3][4][5] ਭਾਵੇਂ ਇਨ੍ਹਾਂ ਘਟਨਾਵਾਂ ਦਾ ਅਮਰੀਕਾ[6] ਉੱਤੇ ਇਕਦਮ ਕੋਈ ਵੱਡਾ ਪ੍ਰਭਾਵ ਨਹੀਂ ਪਿਆ ਸੀ ਪਰ ਕੁਝ ਸਮੇਂ ਬਾਅਦ ਅਮਰੀਕਾ ਵਿੱਚ 8 ਘੰਟੇ ਕੰਮ ਕਰਨ ਦਾ ਸਮਾਂ ਨਿਸ਼ਚਿਤ ਕਰ ਦਿੱਤਾ ਗਿਆ ਸੀ। ਮੌਜੂਦਾ ਸਮੇਂ ਭਾਰਤ ਅਤੇ ਹੋਰ ਮੁਲਕਾਂ ਵਿੱਚ ਮਜ਼ਦੂਰਾਂ ਦੇ 8 ਘੰਟੇ ਕੰਮ ਕਰਨ ਸੰਬੰਧੀ ਕਾਨੂੰਨ ਲਾਗੂ ਹੈ।

ਭਾਰਤ ਤੇ ਮਜ਼ਦੂਰ ਦਿਵਸ[ਸੋਧੋ]

ਚੇਨੱਈ ਦੇ ਮੇਰੀਨਾ ਬੀਚ ਤੇ ਮਜ਼ਦੂਰ ਦੀ ਜਿਤ

ਭਾਰਤ ਵਿੱਚ ਇੱਕ ਮਈ ਦਾ ਦਿਹਾੜਾ ਸਭ ਤੋਂ ਪਹਿਲਾਂ ਚੇਨੱਈ ਵਿੱਚ 1 ਮਈ 1923 ਨੂੰ ਮਨਾਉਣਾ ਸ਼ੁਰੂ ਕੀਤਾ ਗਿਆ ਸੀ। ਉਸ ਸਮੇਂ ਇਸ ਨੂੰ ਮਦਰਾਸ ਦਿਵਸ ਵਜੋਂ ਪ੍ਰਵਾਨਿਤ ਕਰ ਲਿਆ ਗਿਆ ਸੀ। ਇਸ ਦੀ ਸ਼ੁਰੂਆਤ ਭਾਰਤੀ ਮਜ਼ਦੂਰ ਕਿਸਾਨ ਪਾਰਟੀ ਦੇ ਨੇਤਾ ਕਾਮਰੇਡ ਸਿੰਗਰਾਵੇਲੂ ਚੇਟਿਆਰ ਨੇ ਸ਼ੁਰੂ ਕੀਤੀ ਸੀ। ਭਾਰਤ ਵਿੱਚ ਮਦਰਾਸ ਦੇ ਹਾਈਕੋਰਟ ਸਾਹਮਣੇ ਇੱਕ ਵੱਡਾ ਮੁਜਾਹਰਾ ਕਰ ਕੇ ਇੱਕ ਮਤਾ ਪਾਸ ਕਰ ਕੇ ਇਹ ਸਹਿਮਤੀ ਬਣਾਈ ਗਈ ਕਿ ਇਸ ਦਿਵਸ ਨੂੰ ਭਾਰਤ ਵਿੱਚ ਵੀ ਕਾਮੇ ਦਿਵਸ ਵਜੋਂ ਮਨਾਇਆ ਜਾਵੇ ਅਤੇ ਇਸ ਦਿਨ ਛੁੱਟੀ ਦਾ ਐਲਾਨ ਕੀਤਾ ਜਾਵੇ। ਭਾਰਤ ਸਮੇਤ ਲਗਪਗ 80 ਮੁਲਕਾਂ ਵਿੱਚ ਇਹ ਦਿਵਸ ਪਹਿਲੀ ਮਈ ਨੂੰ ਮਨਾਇਆ ਜਾਂਦਾ ਹੈ। ਇਸ ਪਿੱਛੇ ਤਰਕ ਹੈ ਕਿ ਇਹ ਦਿਨ ਅੰਤਰਰਾਸ਼ਟਰੀ ਮਜ਼ਦੂਰ ਦਿਵਸ ਵਜੋਂ ਪ੍ਰਵਾਨਿਤ ਹੋ ਚੁੱਕਿਆ ਹੈ।

ਉਦੇਸ਼[ਸੋਧੋ]

ਕਿਸੇ ਵੀ ਸਮਾਜ, ਦੇਸ਼, ਸੰਸਥਾ ਅਤੇ ਉਦਯੋਗ ਵਿੱਚ ਮਜ਼ਦੂਰਾਂ, ਕਾਮਿਆਂ ਅਤੇ ਮਿਹਨਤਕਸ਼ਾਂ ਦਾ ਅਹਿਮ ਰੋਲ ਹੁੰਦਾ ਹੈ। ਉਹਨਾਂ ਦੀ ਵੱਡੀ ਗਿਣਤੀ ਇਸ ਦੀ ਕਾਮਯਾਬੀ ਲਈ ਹੱਥੀਂ, ਅਕਲ-ਇਲਮ ਅਤੇ ਤਨਦੇਹੀ ਨਾਲ ਜੁਟੀ ਹੁੰਦੀ ਹੈ। ਕਿਸੇ ਵੀ ਉਦਯੋਗ ਵਿੱਚ ਕਾਮਯਾਬੀ ਲਈ ਮਾਲਕ, ਸਰਮਾਇਆ, ਕਾਮੇ ਅਤੇ ਸਰਕਾਰ ਅਹਿਮ ਧਿਰਾਂ ਹੁੰਦੀਆਂ ਹਨ। ਕਾਮਿਆਂ ਤੋਂ ਬਿਨਾਂ ਕੋਈ ਵੀ ਸਨਅਤੀ ਢਾਂਚਾ ਖੜਾ ਨਹੀਂ ਰਹਿ ਸਕਦਾ।

ਕਿਰਤੀਆਂ ਦੇ ਵਰਤਮਾਨ ਹਾਲਾਤ[ਸੋਧੋ]

ਭਾਰਤ ਵਿੱਚ 1991 ਤੋਂ ਬਾਅਦ ਦਾ ਸਮਾਂ ਕਿਰਤ ਸੁਧਾਰਾਂ ਦੇ ਸਮੇਂ ਵਜੋਂ ਜਾਣਿਆ ਜਾਂਦਾ ਹੈ।[7]

ਮਹਾਤਮਾ ਗਾਂਧੀ ਦੇ ਵਿਚਾਰ[ਸੋਧੋ]

ਮਹਾਤਮਾ ਗਾਂਧੀ ਨੇ ਕਿਹਾ ਸੀ ਕਿ ਕਿਸੇ ਦੇਸ਼ ਦੀ ਤਰੱਕੀ ਉਸ ਦੇਸ਼ ਦੇ ਕਾਮਿਆਂ ਅਤੇ ਕਿਸਾਨਾਂ ਉੱਤੇ ਨਿਰਭਰ ਕਰਦੀ ਹੈ। ਉਦਯੋਗਪਤੀ, ਮਾਲਕ ਜਾਂ ਪ੍ਰਬੰਧਕ ਸਮਝਣ ਦੀ ਬਜਾਏ ਆਪਣੇ-ਆਪ ਨੂੰ ਟਰੱਸਟੀ ਸਮਝਣ। ਲੋਕਰਾਜੀ ਢਾਂਚੇ ਵਿੱਚ ਤਾਂ ਸਰਕਾਰ ਵੀ ਲੋਕਾਂ ਵੱਲੋਂ ਚੁਣੀ ਜਾਂਦੀ ਹੈ ਜੋ ਸਿਆਸੀ ਲੋਕਾਂ ਨੂੰ ਆਪਣੇ ਦੇਸ਼ ਦੀ ਵਾਗਡੋਰ ਟਰੱਸਟੀ ਦੇ ਰੂਪ ਵਿੱਚ ਸੌਂਪਦੇ ਹਨ। ਉਹ ਪ੍ਰਬੰਧ ਚਲਾਉਣ ਲਈ ਮਜ਼ਦੂਰਾਂ, ਕਾਮਿਆਂ ਅਤੇ ਕਿਸਾਨਾਂ ਦੀ ਬਿਹਤਰੀ, ਭਲਾਈ ਤੇ ਵਿਕਾਸ, ਅਮਨ ਅਤੇ ਕਾਨੂੰਨੀ ਵਿਵਸਥਾ ਬਣਾਏ ਰੱਖਣ ਲਈ ਵਚਨਬੱਧ ਹੁੰਦੇ ਹਨ। ਮਜ਼ਦੂਰਾਂ ਅਤੇ ਕਿਸਾਨਾਂ ਦੀ ਵੱਡੀ ਗਿਣਤੀ ਦਾ ਰਾਜ ਪ੍ਰਬੰਧ ਵਿੱਚ ਬੜਾ ਯੋਗਦਾਨ ਹੈ। ਸਰਕਾਰ ਦਾ ਰੋਲ ਉਦਯੋਗਿਕ ਸ਼ਾਂਤੀ, ਉਦਯੋਗਪਤੀਆਂ ਅਤੇ ਮਜ਼ਦੂਰਾਂ ਦਰਮਿਆਨ ਸੁਖਾਵੇਂ, ਸ਼ਾਂਤਮਈ ਤੇ ਪਰਿਵਾਰਕ ਸਬੰਧ ਕਾਇਮ ਕਰਨਾ, ਝਗੜੇ ਤੇ ਟਕਰਾਅ ਦੀ ਸੂਰਤ ਵਿੱਚ ਉਹਨਾਂ ਦਾ ਸਮਝੌਤਾ ਅਤੇ ਸੁਲਾਹ ਕਰਵਾਉਣ ਦਾ ਪ੍ਰਬੰਧ ਕਰਨਾ ਅਤੇ ਉਹਨਾਂ ਦੇ ਮਸਲਿਆਂ ਨੂੰ ਉਦਯੋਗਿਕ ਟ੍ਰਿਬਿਊਨਲ ਕਾਇਮ ਕਰ ਕੇ ਨਿਰਪੱਖਤਾ ਤੇ ਪਾਰਦਰਸ਼ੀ ਢੰਗ ਨਾਲ ਕੁਦਰਤੀ ਨਿਆਂ ਦੇ ਅਸੂਲ ਦੇ ਸਿਧਾਂਤ ਅਨੁਸਾਰ ਇਨਸਾਫ਼ ਪ੍ਰਦਾਨ ਕਰਨਾ ਅਤੇ ਉਹਨਾਂ ਦੀ ਬਿਹਤਰੀ ਲਈ ਸਮੇਂ-ਸਮੇਂ ਸਿਰ ਕਾਨੂੰਨੀ ਅਤੇ ਜਾਬਤਾ ਪ੍ਰਣਾਲੀ ਨਿਰਧਾਰਤ ਕਰਨਾ ਹੈ।

ਗੁਰੂ ਨਾਨਕ ਤੇ ਭਾਈ ਲਾਲੋ[ਸੋਧੋ]

ਭਾਰਤੀ ਸੰਦਰਭ ਵਿੱਚ ਗੁਰੂ ਨਾਨਕ ਦੇਵ ਜੀ ਨੇ ਕਿਸਾਨਾਂ, ਮਜ਼ਦੂਰਾਂ ਅਤੇ ਕਿਰਤੀਆਂ ਦੇ ਹੱਕ ’ਚ ਆਵਾਜ਼ ਉਠਾਈ ਸੀ ਅਤੇ ਉਸ ਸਮੇਂ ਦੇ ਹੰਕਾਰੀ ਅਤੇ ਲੁਟੇਰੇ ਹਾਕਮ ਮਲਿਕ ਭਾਗੋ ਦੀ ਰੋਟੀ ਨਾ ਖਾ ਕੇ ਉਸ ਦਾ ਹੰਕਾਰ ਤੋੜਿਆ ਅਤੇ ਭਾਈ ਲਾਲੋ ਦੀ ਕਿਰਤ ਦੀ ਕਮਾਈ ਨੂੰ ਸਤਿਕਾਰ ਦਿੱਤਾ ਸੀ। ਗੁਰੂ ਨਾਨਕ ਦੇਵ ਜੀ ਨੇ ‘ਕਿਰਤ ਕਰਨਾ, ਨਾਮ ਜਪਣਾ, ਵੰਡ ਛਕਣਾ ਅਤੇ ਦਸਵੰਧ ਕੱਢਣਾ ਦਾ ਸੰਦੇਸ਼ ਦਿੱਤਾ। ਗ਼ਰੀਬ ਮਜ਼ਦੂਰ ਅਤੇ ਕਾਮੇ ਦਾ ਹਲੀਮੀ ਰਾਜ ਸਥਾਪਿਤ ਕਰਨ ਲਈ ਮਨਮੁਖ ਤੋਂ ਗੁਰਮੁਖ ਤਕ ਦੀ ਯਾਤਰਾ ਕਰਨ ਦਾ ਸੰਦੇਸ਼ ਦਿੱਤਾ। ਇਸੇ ਕਰ ਕੇ 1 ਮਈ ਨੂੰ ਭਾਈ ਲਾਲੋ ਦਿਵਸ ਵਜੋਂ ਵੀ ਸਿੱਖ ਜਗਤ ਵਿੱਚ ਮਨਾਇਆ ਜਾਂਦਾ ਹੈ।

ਗੈਲਰੀ[ਸੋਧੋ]

ਹਵਾਲੇ[ਸੋਧੋ]

  1. http://en.wikipedia.org/wiki/International_Labor_Day
  2. ਡਾ. ਹਜ਼ਾਰਾ ਸਿੰਘ ਚੀਮਾ ਮਈ ਦਿਵਸ ਦਾ ਇਤਿਹਾਸਕ ਮਹੱਤਵ ਅਤੇ ਪਿਛੋਕੜ [1]
  3. Avrich. The Haymarket Tragedy. pp. 208–209.
  4. "Patrolman Mathias J. Degan". The Officer Down Memorial Page, Inc.
  5. "Act II: Let Your Tragedy Be Enacted Here". The Dramas of Haymarket. Chicago Historical Society. 2000. Archived from the original on 2008-01-15. Retrieved 2013-05-01. {{cite web}}: Unknown parameter |dead-url= ignored (help)
  6. http://www.ilo.org/global/lang--en/index.htm
  7. ਅੰਮ੍ਰਿਤ ਢਿੱਲੋਂ ਮਜਦੂਰ ਦਿਵਸ ਅਤੇ ਕਿਰਤ ਸੁਧਾਰ