ਸਭਿਆਚਾਰਕ ਰੂਪਾਂਤਰਣ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਸਭਿਆਚਾਰਕ ਰੂਪਾਂਤਰਨ ਇੱਕ ਅਹਿਮ, ਅਟੱਲ ਪਰ ਅਤਿਅੰਤ ਸੂਖ਼ਮ ਪ੍ਰਕਿਰਿਆ ਹੈ। ਕ਼ੁਦਰਤ ਦੇ ਨਿਯਮ ਅਧੀਨ ਪ੍ਰਕਿਰਤੀ ਅੰਦਰ ਹਰ ਸ਼ੈ ਨਿਰੰਤਰ ਗਤੀ ਦੇ ਅਮਲ ਵਿਚੋਂ ਲੰਘ ਰਹੀ ਹੈ। ਸਭਿਆਚਾਰ ਰੁਪਾਂਤਰਣ ਦੇ ਸੰਦਰਭ ਵਿੱਚ ਸਭਿਆਚਾਰ ਵਿਗਿਆਨੀਆਂ ਨੇ ਪਰਿਵਰਤਨ ਜਾਂ ਤਬਦੀਲੀ ਦੀ ਥਾਂ ਰੁਪਾਂਤਰਣ ਸ਼ਬਦ ਨੂੰ ਤਰਜੀਹ ਦਿੱਤੀ ਹੈ। ਸੱਭਿਆਚਾਰ ਰੂਪਾਂ ਦਾ ਪਰਿਵਰਤਨ ਹੈ ਪਰ ਪਰਿਵਰਤਨ ਅਤੇ ਰੂਪਾਂਤਰਣ ਸ਼ਬਦਾਂ ਦੇ ਅਰਥਾਂ 'ਚ ਅੰਤਰ ਹੈ। ਪਰਿਵਰਤਨ ਇੱਕ-ਦਮ ਤੇਜ਼ੀ ਨਾਲ ਵਾਪਰਦਾ ਹੈ, ਉੱਥੇ ਰੁਪਾਂਤਰਣ ਦੀ ਪ੍ਰਕਿਰਿਆ ਧੀਮੀ ਹੁੰਦੀ ਹੈ। ਇਉਂ ਸਮਾਜ ਕੁੱਝ ਵਸਤ-ਵਰਤਾਰੇ ਰੂੜ੍ਹ ਹੋ ਕੇ ਸਭਿਆਚਾਰ ਦਾ ਹਿੱਸਾ ਬਣ ਜਾਂਦੇ ਹਨ। ਸੋ, ਸਭਿਆਚਾਰਕ ਰੂਪਾਂਤਰਨ ਸਭਿਆਚਾਰ ਵਿੱਚ ਆਉਣ ਵਾਲੇ ਪਰਿਵਰਤਨ ਲਈ ਹੀ ਵਰਤਿਆ ਜਾਂਦਾ ਹੈ। ਰੁਪਾਂਤਰਣ ਪ੍ਰਕਿਰਿਆ ਏਨੀ ਹੌਲੀ ਅਤੇ ਲੰਮੇ ਸਮੇਂ ਤੱਕ ਫੈਲੀ ਹੁੰਦੀ ਹੈ ਕਿ ਇਹ ਮਹਿਸੂਸ ਹੀ ਨਹੀਂ ਹੁੰਦੀ, ਜਦਕਿ ਦੂਜੇ ਸਭਿਆਚਾਰ ਏਨੀ ਤੇਜ਼ੀ ਨਾਲ ਬਦਲ ਰਹੇ ਹੁੰਦੇ ਹਨ ਕਿ ਪਹਿਲਾਂ ਸਭਿਆਚਾਰ ਖੜੋਤ ਦੀ ਅਵਸਥਾ ਵਿੱਚ ਲੱਗਦੇ ਹਨ। ਇਸ ਨੂੰ ਨਾਪਿਆ ਤੋਲਿਆ ਵੀ ਨਹੀਂ ਜਾ ਸਕਦਾ। ਰੁਪਾਂਤਰਣ ਪੁਰਾਣੇ ਰੂਪਾਂ ਨੂੰ ਅਧਾਰ ਬਣਾ ਕੇ ਨਵੇਂ ਦੀ ਸਿਰਜਨ ਪ੍ਰਕਿਰਿਆ ਹੈ। ਸੋ, ਇਹ ਲਚਕਦਾਰ ਪ੍ਰਕਿਰਿਆ ਹੈ, ਜਿਸ ਨਾਲ਼ ਸਭਿਆਚਾਰ ਦੇ ਅੰਗਾਂ ਵਿੱਚ ਨਵੀਆਂ ਵਸਤ-ਵਿਚਾਰਾਂ ਦਾ ਅਵਾਸ ਤੇ ਢਾਹ-ਮੁਖੀ ਵਸਤ-ਵਿਚਾਰਾਂ ਦਾ ਨਿਕਾਸ ਹੁੰਦਾ ਰਹਿੰਦਾ ਹੈ।

ਪਰਿਭਾਸ਼ਾ[ਸੋਧੋ]

ਪੰਜਾਬੀ ਸਭਿਆਚਾਰ ਹੋਰਨਾਂ ਸਭਿਆਚਾਰਾਂ ਦੇ ਮੁਕਾਬਲੇ ਤਰਲ ਹੈ ਤੇ ਇਸ ਦੀ ਰੁਪਾਂਤਰਣ ਗਤੀ ਵੀ ਤੇਜ਼ ਕਿਉਂਕਿ ਇਹ ਹਰ ਸਭਿਆਚਾਰ ਦੇ ਵਸਤ-ਵਰਤਾਰੇ ਨੂੰ ਛੇਤੀ ਗ੍ਰਹਿਣ ਕਰਦਾ ਹੈ, ਜਿਵੇਂ ਦੂਜੇ ਸਭਿਆਚਾਰ ਦਾ ਪਹਿਰਾਵਾ, ਖਾਣਾ-ਪੀਣਾ, ਤੇ ਰਹਿਣ-ਸਹਿਣ ਆਦਿ।

  1. ਡਾ. ਜੀਤ ਸਿੰਘ ਜੋਸ਼ੀ ਅਨੁਸਾਰ, “ਸਭਿਆਚਾਰਕ ਰੂਪਾਂਤ੍ਰਣ ਇੱਕ ਅਜਿਹੀ ਪ੍ਰਕਿਰਿਆ ਹੈ, ਜਿਹੜੀ ਸਮੁੱਚ ਨਾਲੋਂ 'ਜੁੱਜ' ਨਾਲ ਵਧੇਰੇ ਸੰਬੰਧ ਰੱਖਦੀ ਹੈ।[1]
  2. ਡਾ. ਜਸਵਿੰਦਰ ਸਿੰਘ ਅਨੁਸਾਰ, "ਸਭਿਆਚਾਰ ਰੁਪਾਂਤਰਣ ਇੱਕ ਅਹਿਮ, ਅਟੱਲ ਪਰ ਸੁਖ਼ਮ ਪਰ ਗੁੰਝਲਦਾਰ ਪ੍ਰਕਿਰਿਆ ਹੈ। ਹਰ ਸੱਭਿਆਚਾਰ ਦਵੰਦਵਾਦ, ਭੌਤਿਕਵਾਦ ਦੇ ਮੂਲ ਨਿਯਮਾਂ ਅਨੁਸਾਰ ਆਪਣੀ ਵਿਸ਼ੇਸ਼ ਪ੍ਰਕਿਰਤਕ ਪ੍ਰਕਿਰਿਆ ਅਨੁਸਾਰ ਨਿਰੰਤਰ ਰੁਪਾਂਤਰਿਤ ਹੁੰਦਾ ਰਹਿੰਦਾ ਹੈ। ਇਸ ਤੋਂ ਪਹਿਲਾਂ ਹੋਰ ਸੱਭਿਆਚਾਰਕ ਉਪ-ਅੰਗ 'ਚ ਪਰਿਵਰਤਨ ਹੁੰਦਾ ਹੈ। ਸਭਿਆਚਾਰ ਰੁਪਾਂਤਰਣ ਇਕ-ਦਮ ਤੱਟ, ਫੌਰੀ ਵਰਤਾਰਾ ਨਹੀਂ ਹੈ, ਸਗੋਂ ਸਭਿਆਚਾਰ ਰੁਪਾਂਤਰਣ ਇੱਕ ਅਤਿਅੰਤ ਪੇਚੀਦਾ, ਸੁਖ਼ਮ, ਬਹੁ-ਪਰਤੀ ਅਤੇ ਮੱਧਮ ਰਫ਼ਤਾਰ ਨਾਲ ਵਾਪਰਦਾ ਵਰਤਾਰਾ ਹੈ।[2]
  3. ਡਾ. ਗੁਰਬਖ਼ਸ਼ ਸਿੰਘ ਫਰੈਂਕ ਅਨੁਸਾਰ, "ਅਜੋਕੇ(ਵੀਹਵੀ ਸਦੀ ਦੇ ਅੰਤਲੇ ਦਹਾਕੇ) ਸਮੇਂ ਸਮਾਜਿਕ ਉਨਤੀ ਤੇਜ਼ੀ ਨਾਲ ਹੋ ਰਹੀ ਹੈ, ਭਾਵ ਸਭਿਆਚਾਰਕ ਰੁਪਾਂਤਰਰਣ ਤੇਜ਼ੀ ਨਾਲ ਹੋ ਰਿਹਾ ਹੈ, ਜਦਕਿ ਸਭਿਆਚਾਰ ਦੇ ਬਾਕੀ ਅੰਗ ਪ੍ਰਤੀਮਾਨਕ ਤੇ ਬੋਧਾਤਮਿਕ ਉਸੇ ਗਤੀ ਨਾਲ ਨਹੀਂ ਬਦਲਦੇ। ਸਭਿਆਚਾਰ ਵਿੱਚ ਜੋ ਪਰਿਵਰਤਨ ਆਉਂਦਾ ਹੈ, ਰੁਪਾਂਤਰਣ ਉਸੇ ਅਨੁਸਾਰ ਵਾਪਰਦਾ ਹੈ। ਇਸ ਸਭਿਆਚਾਰਕ ਰੁਪਾਂਤਰਣ ਦੇ ਸਭਿਆਚਾਰਕ ਇਨਕ਼ਲਾਬ ਲਈ ਸਮਾਜਿਕ ਪ੍ਰਬੰਧ ਦੀ ਟੁੱਟ-ਭੱਜ ਅਹਿਮ ਰੋਲ਼ ਅਦਾ ਕਰਦੀ ਹੈ।[3]

ਸੋ, ਸਭਿਆਚਾਰਕ-ਵਿਗਿਆਨੀ ਐਡਵਰਡ ਬੀ ਟਾਇਲਰ ਅਤੇ ਫਰਾਂਜ਼ ਬੋਸ ਨੂੰ ਵੀ ਪੜ੍ਹਦਿਆਂ ਪਤਾ ਲੱਗਦਾ ਹੈ ਕਿ ਸਭਿਆਚਾਰਕ ਰੂਪਾਂਤਰਨ ਦੀ ਪ੍ਰਕਿਰਿਆ ਦਾ ਮੂਲ ਆਧਾਰ ਆਰਥਿਕ ਪ੍ਰਬੰਧ ਅਤੇ ਇਸ ਪ੍ਰਬੰਧ ਵਿੱਚ ਆਏ ਪਰਿਵਰਤਨਾ ਅਨੁਕੂਲ ਹੁੰਦਾ ਹੈ, ਭਾਵੇਂ ਇਹ ਪ੍ਰਬੰਧ ਬਿਲਕੁਲ ਸਿੱਧਾ, ਸਰਲ ਪ੍ਰਤੱਖ ਅਤੇ ਫ਼ੌਰੀ ਨਾ ਵੀ ਹੋਵੇ। ਪੰਜਾਬੀ ਸਭਿਆਚਾਰ ਦੇ ਨਿਖੜਵੇਂ ਲੱਛਣ ਜੋ ਹਨ, ਉਹ ਸਭਿਆਚਾਰ ਰੁਪਾਂਤਰਣ ਦੀ ਦੇਣ ਹਨ।

ਸਭਿਆਚਾਰਕ ਰੂਪਾਂਤਰਨ ਦੇ ਕਾਰਕ[ਸੋਧੋ]

ਕਿਸੇ ਵੀ ਸਭਿਆਚਾਰ ਨੂੰ ਰੁਪਾਂਤਰਣ ਕਰਨ ਦੇ ਵੱਖ-ਵੱਖ ਕਾਰਕ ਹੋ ਸਕਦੇ ਹਨ।ਸੱਭਿਆਚਾਰ ਦਾ ਰਾਜਨੀਤਕ ਪੱਖ ਹੋਵੇ ਜਾਂ ਭੂਗੋਲਿਕ ਪੱਖ, ਇਹ ਕਾਰਕ ਹੀ ਹਨ, ਜਿਸ ਕਰਕੇ ਕਿਸੇ ਖਿੱਤੇ ਦੇ ਸਭਿਆਚਾਰ ਵਿੱਚ ਰੁਪਾਂਤਰਣ ਹੁੰਦਾ ਹੈ। ਇਹ ਕਾਰਕ ਹੇਠ ਲਿਖੇ ਪ੍ਰਕਾਰ ਦੇ ਹੋ ਸਕਦੇ ਹਨ। ਜਿਵੇਂ:

ਪ੍ਰਾਕ੍ਰਿਤ ਮਾਹੌਲ ਵਿੱਚ ਆਏ ਪਰਿਵਰਤਨ[ਸੋਧੋ]

“ਪ੍ਰਾਕ੍ਰਿਤਕ ਮਾਹੌਲ ਵਿੱਚ ਆਏ ਪਰਿਵਰਤਨ ਬੇਹੱਦ ਹੌਲੀ-ਹੌਲੀ ਅਤੇ ਹਜ਼ਾਰਾਂ ਸਾਲਾਂ ਦੇ ਅਰਸੇ ਉੱਤੇ ਫੈਲੇ ਹੁੰਦੇ ਹਨ, ਜਿਸ ਕਰਕੇ ਇਹ ਪੁੰਹਦੇ ਤੱਕ ਵੀ ਨਹੀਂ (ਜਿਵੇਂ ਕਿ ਹਿਮ-ਹਲਕੇ ਦਾ ਸੁੰਗੜਨਾ) ਜਾਂ ਫਿਰ ਅਚਨਚੇਤੀ ਤੇ ਤਬਾਹਕੁਨ ਹੋ ਸਕਦੇ ਹਨ (ਭੂਚਾਲ, ਜਵਾਲਾਮੁਖੀ, ਭਿਅੰਕਰ ਹੜ੍ਹ) ਕਿ ਇਹ ਮਨੁੱਖੀ ਸਮਾਜ ਨੂੰ ਏਨਾ ਸਮਾਂ ਹੀ ਨਹੀਂ ਦੇਂਦੇ ਕਿ ਉਹ ਇਹਨਾਂ ਦੇ ਅਨੁਕੂਲ ਆਪਣੇ ਆਪ ਨੂੰ ਢਾਲ ਸਕੇ।``[4]

ਸਮਾਜ ਦੇ ਅੰਦਰੂਨੀ ਕਾਰਨ[ਸੋਧੋ]

ਅੰਦਰੂਨੀ ਕਾਰਨਾਂ ਵਿੱਚ ਕਾਢ ਜਾਂ ਲੱਭਤ ਨੂੰ ਪਹਿਲਾ ਸਥਾਨ ਦਿੱਤਾ ਜਾਂਦਾ ਹੈ। ਕਾਢ ਜਾਂ ਲੱਭਤ ਦੋ ਤਰ੍ਹਾਂ ਦੀ ਹੋ ਸਕਦੀ ਹੈ-

  1. ਕਾਢ:ਜਦੋਂ ਕੋਈ ਵਸਤੂ ਪ੍ਰਕ੍ਰਿਰਤੀ ਵਿੱਚ ਤਾਂ ਹੋਵੇ ਪਰੰਤੂ ਹਾਲੇ ਮਨੁੱਖੀ ਗਿਆਨ ਅਤੇ ਵਰਤੋਂ ਦਾ ਹਿੱਸਾ ਨਾ ਬਣੀ ਹੋਵੇ। ਅੱਗ, ਭਾਫ, ਇੰਜਣ, ਲੀਵਰ ਆਦਿ।
  2. ਖੋਜ:ਜਦੋਂ ਕੋਈ ਵਸਤੂ ਮਨੁੱਖੀ ਗਿਆਨ ਅਤੇ ਵਰਤੋਂ ਦਾ ਭਾਗ ਤਾਂ ਪਹਿਲਾਂ ਹੀ ਹੋਵੇ ਪਰੰਤੂ ਵੱਖ-ਵੱਖ ਅੰਗਾਂ ਨੂੰ ਨਵੀਂ ਤਰਤੀਬ ਵਿੱਚ ਰੱਖ ਕੇ ਵਰਤਿਆ ਜਾਵੇ। ਜਿਵੇਂ ਰੇੜ੍ਹਾ ਗੱਡੀ ਉੱਤੇ ਪੰਜ-ਹਾਰਸ-ਪਾਵਰ ਦਾ ਮੋਟਰ ਇੰਜਣ ਰੱਖਣਾ।[5]
  3. ਸ਼ਹਿਰੀਕਰਨ: ਯੂਰਪ ਦੇ ਸੰਦਰਭ 'ਚ ਸ਼ਹਿਰੀਕਰਨ ਸਭਿਆਚਾਰ ਨੂੰ ਰੁਪਾਂਤਰਿਤ ਕਰਨ ਦਾ ਅੰਦਰੂਨੀ ਕਾਰਕ ਹੈ ਕਿਉਂਕਿ ਯੂਰਪ ਵਿੱਚ ਜੋ ਸ਼ਹਿਰੀਕਰਨ ਹੋਇਆ, ਉਹ ਅੰਦਰੂਨੀ ਪ੍ਰਭਾਵਾਂ ਕਰਕੇ ਸੀ ਨਾ ਕਿ ਬਾਹਰੀ ਪ੍ਰਭਾਵਾਂ ਕਰਕੇ। ਭਾਰਤੀ ਸੰਦਰਭ 'ਚ ਵੇਖਣ-ਜਾਚਣ ਨੂੰ ਇਉਂ ਲੱਗਦਾ ਹੈ, ਜਿਵੇਂ ਸ਼ਹਿਰੀਕਰਨ ਪੱਛਮੀ ਪ੍ਰਭਾਵਾਂ ਦੀ ਦੇਣ ਹੋਵੇ, ਪਰ ਭਾਰਤ 'ਚ ਸ਼ਹਿਰੀਕਰਨ ਇੱਥੇ ਬਦੇਸੀਆਂ ਦੀ ਆਮਦ ਤੋਂ ਪਹਿਲਾ ਸ਼ੁਰੂ ਹੋ ਗਿਆ ਸੀ। ਜਿਸਦੀ ਉਦਾਹਰਣ ਰੋਪੜ ਦਾ 'ਉਂਚਾ ਪਿੰਡ ਸੰਘੋਲ਼' ਹੈ। ਜਿੱਥੇ ਆਧੁਨਿਕ ਯੁੱਗ ਦੀ ਪੁਰੀ ਸ਼ਹਿਰੀ ਬਣਤਰ ਸੀ। ਡਾ. ਜਸਵਿੰਦਰ ਸਿੰਘ, "ਆਧੁਨਿਕੀਕਰਨ ਨੇ ਆਰਥਿਕ, ਰਾਜਸੀ ਅਤੇ ਸਭਿਆਚਾਰਕ ਸਮੁੱਚੇ ਸੱਤਾ ਦੇ ਕੇਂਦਰ ਸ਼ਹਿਰ ਨੂੰ ਬਣਾਇਆ ਹੈ। ਪੇਂਡੁ ਸਵੈ-ਨਿਰਭਰ ਆਰਥਿਕ ਵਿਵਸਥਾ ਦਾ ਮਸ਼ੀਨੀਕਰਨ, ਆਧੁਨਿਕਰਨ ਅਤੇ ਸ਼ਹਿਰੀਕਰਨ ਹੋਣ ਕਾਰਨ ਜ਼ਬਰੀ ਵਪਾਰੀਕਰਨ ਹੋਇਆ ਹੈ।"[6] ਅੰਗਰੇਜ਼ਾਂ ਦੀ ਆਮਦ ਨੇ ਸ਼ਹਿਰੀਕਰਨ ਨੂੰ ਠੱਲ ਪਾਈ ਕਿਉਂਕਿ ਅੰਗਰੇਜ਼ਾਂ ਨੇ ਕੱਚੇ-ਮਾਲ ਲਈ ਪਿੰਡਾਂ ਵਿਚਲੀ ਖੇਤੀਬਾੜੀ ਨੂੰ ਉਤਸ਼ਾਹਿਤ ਕਰਨਾ ਸ਼ੁਰੂ ਕਰ ਦਿੱਤਾ ਸੀ। ਆਧੁਨਿਕੀਕਰਨ ਨੇ ਆਰਥਿਕ, ਰਾਜਸੀ ਅਤੇ ਸਭਿਆਚਾਰਕ ਸਮੁੱਚੇ ਸੱਤਾ ਦੇ ਕੇਂਦਰ ਸ਼ਹਿਰ ਨੂੰ ਬਣਾਇਆ ਹੈ। ਪੇਂਡੁ ਸਵੈ-ਨਿਰਭਰ ਆਰਥਿਕ ਵਿਵਸਥਾ ਦਾ ਮਸ਼ੀਨੀਕਰਨ ਤੇ ਸ਼ਹਿਰੀਕਰਨ ਹੋਣ ਕਾਰਨ ਜ਼ਬਰੀ ਵਪਾਰੀਕਰਨ ਹੋਇਆ ਹੈ। ਸੋ, ਪਿੰਡਾਂ ਦਾ ਆਪਣੀ ਥਾਂ 'ਤੇ ਰਹਿਣਾ ਪਰ ਇੰਟਰਨੈੱਟ ਤੇ ਮੀਡੀਆ ਸੇਵਾਵਾਂ ਕਰਕੇ ਸ਼ਹਿਰੀ ਸੂਚਨਾਵਾਂ ਦਾ ਪਿੰਡਾਂ ਤੱਕ ਅਪੜਨ ਦੀ ਪ੍ਰਕਿਰਿਆ ਨੂੰ ਭਾਰਤੀ ਸੰਦਰਭ 'ਚ ਸ਼ਹਿਰੀਕਰਨ ਕਿਹਾ ਜਾਂਦਾ ਹੈ।

ਸਮਾਜ ਦੇ ਬਹਿਰੂਨੀ ਕਾਰਨ[ਸੋਧੋ]

ਕੋਈ ਸਭਿਆਚਾਰ ਦੇਸ਼-ਖੰਡ ਤੋਂ ਬਾਹਰਲੇ ਪ੍ਰਭਾਵਾਂ ਅਧੀਨ ਵੀ ਰੁਪਾਂਤਿਰਤ ਹੁੰਦਾ ਹੈ, ਜਿਵੇਂ ਕਿਸੇ ਸਭਿਆਚਾਰ ਦੀ ਚੰਗੇਰੀ ਵਿਧੀ-ਬਣਤਰ ਨੂੰ ਅਪਣਾ ਲੈਣਾ ਜਾਂ ਨਕਲ ਕਰਨੀ। ਭਾਰਤ ਦੇ ਸੰਦਰਭ ਵਿੱਚ ਬਹਿਰੂਨੀ ਕਾਰਕ ਬਦੇਸੀ ਹਮਲਾਵਰ ਜਿਵੇਂ ਮੰਗੋਲ਼ਾਂ ਤੇ ਅੰਗਰੇਜ਼ਾਂ ਨੇ ਇੱਥੋਂ ਦੇ ਸਭਿਆਚਾਰ ਨੂੰ ਕਾਫ਼ੀ ਪ੍ਰਭਾਵਿਤ ਕੀਤਾ, ਜਿਸਦਾ ਪ੍ਰਭਾਵ ਪੰਜਾਬੀ ਸਭਿਆਚਾਰ 'ਤੇ ਵੀ ਪਿਆ। ਪੰਜਾਬ ਦੇ ਸੰਦਰਭ ਵਿੱਚ ਦੇਖੀਏ ਤਾਂ ਪੰਜਾਬੀ ਸਭਿਆਚਾਰ ਉੱਤੇ ਬਾਹਰੀ ਪ੍ਰਭਾਵ ਕਾਫ਼ੀ ਬਹੁਤਾਤ ਵਿੱਚ ਪਏ ਹਨ, ਇਸ ਲਈ ਪੰਜਾਬ ਇਸ ਦੀ ਵਧੀਆ ਉਦਾਹਰਣ ਹੈ ਕਿਉਂਕਿ ਪੰਜਾਬ ਦਾ ਪਹਿਰਾਵਾ, ਖਾਣ-ਪੀਣ, ਭਾਸ਼ਾ ਅਤੇ ਪ੍ਰਬੰਧਕੀ ਢਾਂਚਾ ਬਹਿਰੂਨੀ ਕਾਰਕਾਂ ਦੀ ਦੇਣ ਹੈ।

1. ਸਭਿਆਚਾਰਕ ਸੰਪਰਕ: ਸਭਿਆਚਾਰ ਸੰਪਰਕ ਵਿੱਚ ਜਦੋਂ ਦੋ ਜਾਂ ਦੋ ਤੋਂ ਵੱਧ ਸਮੂਹ ਆਪਸ ਵਿੱਚ ਇੱਕ ਸਮੇਂ ਜਾਂ ਸਥਾਨ 'ਤੇ ਇੱਕਠੇ ਰਹਿੰਦੇ ਹਨ, ਤਾਂ ਉਦੋਂ ਉਨ੍ਹਾਂ ਵਿੱਚ ਵਸਤ-ਵਰਤਾਰਿਆਂ ਦਾ ਆਦਾਨ-ਪ੍ਰਦਾਨ ਹੁੰਦਾ ਹੈ। ਇਸ ਵਿੱਚ ਸਭਿਆਚਾਰ ਦਾ ਰੁਪਾਂਤਰਣ ਤਿੰਨ ਤਰੀਕੇ ਨਾਲ ਹੋ ਸਕਦਾ ਹੈ। ਜਿਵੇਂ:

  • ਬਦੇਸੀ ਲੋਕਾਂ ਦੇ ਸਭਿਆਚਾਰ ਦਾ ਰੁਪਾਂਤਰਣ ਹੋ ਜਾਵੇ।
  • ਬਦੇਸੀ ਸਭਿਆਚਾਰ ਮੇਜ਼ਬਾਨ ਸਭਿਆਚਾਰ ਨੂੰ ਰੁਪਾਂਤਰਿਤ ਕਰ ਦੇਵੇ।
  • ਦੋਵੇਂ ਸਭਿਆਚਾਰ ਮਿਲ ਕੇ ਅਤੇ ਇੱਕ ਦੂਜੇ ਤੋਂ ਪ੍ਰਭਾਵਿਤ ਹੋ ਕੇ ਤੀਸਰੇ ਨਵੇਂ ਸਭਿਆਚਾਰ ਨੂੰ ਜਨਮ ਦੇ ਦੇਣ।

2. ਸਭਿਆਚਾਰੀਕਰਨ: ਸਭਿਆਚਾਰਕ ਸੰਪਰਕ ਤੇ ਸਭਿਆਚਾਰੀਕਰਨ 'ਚ ਅੰਤਰ ਹੈ ਕਿਉਂਕਿ ਜ਼ਿਆਦਾਤਰ ਸਭਿਆਚਾਰੀਕਰਨ ਨੂੰ ਸਮਾਜੀਕਰਨ ਦੇ ਅਰਥਾਂ ਵਿੱਚ ਮਿੱਥ ਲਿਆ ਜਾਂਦਾ ਹੈ, ਜਦਕਿ ਅਜਿਹਾ ਨਹੀਂ ਹੈ। ਸਭਿਆਚਾਰੀਕਰਨ ਦਾ ਅਰਥ ਕੁੱਝ ਖੁੱਸ ਜਾਣਾ ਜਾਂ ਮਨਫ਼ੀ ਹੋ ਜਾਣਾ ਹੈ। ਜਦੋਂ ਦੋ ਜਾਂ ਦੋ ਤੋਂ ਵੱਧ ਸਭਿਆਚਾਰ ਆਪਸ ਵਿੱਚ ਮਿਲਣਗੇ ਤਾਂ ਉਹ ਇੱਕ ਰਿਸ਼ਤੇ ਵਿੱਚ ਬੱਝਣਗੇ। ਉਹਨਾਂ ਵਿੱਚ ਇੱਕ ਪ੍ਰਭਾਵੀ ਸਭਿਆਚਾਰ ਤੇ ਇੱਕ ਪ੍ਰਭਾਵਅਧੀਨ ਸਭਿਆਚਾਰ ਹੋਵੇਗਾ, ਪ੍ਰਭਾਵਅਧੀਨ ਸਭਿਆਚਾਰ 'ਚੋਂ ਬਹੁਤ ਵਸਤ-ਵਰਤਾਰੇ ਦਾ ਨਿਕਾਸ ਹੋਏਗਾ, ਇਸ ਪ੍ਰਕਿਰਿਆ ਨੂੰ ਸਭਿਆਚਾਰੀਕਰਨ ਕਹਿੰਦੇ ਹਨ। ਗੁਰਬਖ਼ਸ਼ ਸਿੰਘ ਫਰੈਂਕ ਅਨੁਸਾਰ, "ਦੋ ਵੱਖ-ਵੱਖ ਸਭਿਆਚਾਰਾਂ ਵਾਲੇ ਜਨ ਸਮੂਹਾਂ ਦੇ ਸਿਧੇ ਵੱਡੇ-ਪੈਮਾਨੇ ਉੱਤੇ ਕਾਫ਼ੀ ਅਰਸੇ ਤੱਕ ਸੰਪਰਕ ਨੂੰ ਅਤੇ ਇਸ ਸੰਪਰਕ ਤੋਂ ਨਿਕਲਦੇ ਸਿੱਟਿਆਂ ਨੂੰ ਸੱਭਿਆਚਾਰੀਕਰਨ ਕਹਿੰਦੇ ਹਨ।”[7]

'ਅੰਗਰੇਜ਼ੀ ਦੇ ਸਕਾਲਰ 'ਐਰਿਕ ਮਾਰਕ ਨੇ 1990 ਈ: 'ਚ ਮਿਸ਼ਿਗਨ ਯੂਨੀਵਰਸਿਟੀ 'ਚ ਜੋ ਥੀਸਿਜ ਪੇਸ਼ ਕੀਤਾ, ਉਸ 'ਚ ਸਭਿਆਚਾਰੀਕਰਨ ਦੀ ਪਰਿਭਾਸ਼ਾ ਇਉਂ ਹੈ ਕਿ, 'ਕਿਸੇ ਇੱਕ ਪ੍ਰਭਾਵਸ਼ਾਲੀ ਸਭਕਆਚਾਰ ਦਾ ਪ੍ਰਭਾਵਅਧੀਨ ਆਏ ਸਭਿਆਚਾਰ 'ਤੇ ਸਿੱਧਾ ਫ਼ੌਜ ਜਾਂ ਰਾਜਨੀਤਿਕ ਜਿੱਤ ਉਪਰੰਤ ਕੀਤੇ ਬਦਲਾਅ ਨੂੰ ਸਭਿਆਚਾਰੀਕਰਨ ਕਹਿੰਦੇ ਹਨ।'[8]

ਸੋ, ਦੋ ਵੱਖ-ਵੱਖ ਸਭਿਆਚਾਰਾਂ ਵਾਲੇ ਜਨ-ਸਮੂਹਾਂ ਦੇ ਸਿੱਧੇ ਵੱਡੇ-ਪੈਮਾਨੇ ਉਤੇ ਕਾਫ਼ੀ ਅਰਸੇ ਤੱਕ ਸੰਪਰਕ ਨੂੰ ਅਤੇ ਇਸ ਸੰਪਰਕ ਤੋਂ ਨਿਕਲਦੇ ਸਿੱਟਿਆਂ ਨੂੰ ਸੱਭਿਆਚਾਰੀਕਰਨ ਕਿਹਾ ਜਾਂਦਾ ਹੈ।

3. ਪੱਛਮੀਕਰਨ: ਕਿਸੇ ਸਭਿਆਚਾਰ ਦੀ ਹੋਂਦ 'ਤੇ ਸਿੱਧੇ ਜਾਂ ਅਸਿੱਧੇ ਤਰੀਕੇ ਨਾਲ਼ ਪੱਛਮੀਕਰਨ ਦਾ ਪ੍ਰਭਾਵ ਜ਼ਰੂਰ ਪੈਂਦਾ ਹੈ। ਸਭਿਆਚਾਰ ਨੂੰ ਰੁਪਾਂਤਰਿਤ ਕਰਨ ਦਾ ਇਹ ਬਹਿਰੂਨੀ ਕਾਰਕ ਹੈ। ਪਿਛਲੇਰੇ ਸਮੇਂ ਵਿੱਚ ਭਾਰਤ ਦਾ ਸੰਬੰਧ ਪੱਛਮ ਨਾਲ਼ ਪੈਦਾ ਹੋਇਆ।ਇਸ ਪ੍ਰਭਾਵ ਨਾਲ਼ ਸਾਡੇ ਕੰਮ-ਕਾਜ ਪ੍ਰਭਾਵਿਤ ਹੋਏ। ਇਸ ਨਾਲ਼ ਸਭਿਆਚਾਰ 'ਤੇ ਵੀ ਪ੍ਰਭਾਵ ਪਿਆ। ਯੂਰਪ ਵਿੱਚੋਂ ਫਰਾਂਸੀਸੀ, ਪੁਰਤਗਾਲੀ ਤੇ ਬਰਤਾਨਵੀ ਭਾਰਤ ਵਿੱਚ ਆਏ। ਇਹਨਾਂ ਦੇ ਪ੍ਰਭਾਵ ਨੂੰ ਪੱਛਮੀਕਰਣ ਕਿਹਾ ਜਾਂਦਾ ਹੈ। 16ਵੀਂ ਸਦੀ ਈਸਟ ਇੰਡੀਆ ਕੰਪਨੀ ਭਾਰਤ ਆਉਂਦੀ ਹੈ, 1650 ਈ: ਦੇ ਕਰੀਬ ਸਾਡੇ ਕੋਲ ਐਲੋਪੈਥਿਕ(Alopathic) ਦਵਾਈਆਂ ਪਹੁੰਚ ਚੁੱਕੀਆਂ ਸਨ। ਇਸ ਪਿੱਛੋਂ ਈਸਾਈ ਮਿਸ਼ਨਰੀ ਆਏ, ਭਾਰਤ ਇੱਕ ਰਾਸ਼ਟਰ 'ਚ ਪਿਰੋਇਆ ਗਿਆ ਅਤੇ ਭਾਰਤ ਦਾ ਆਧੁਨਿਕ ਪ੍ਰਬੰਧਕੀ ਢਾਂਚਾ ਪੱਛਮੀਕਰਨ ਦੀ ਹੀ ਦੇਣ ਹੈ। ਪੰਜਾਬੀ ਸਾਹਿਤ ਦੇ ਸੰਦਰਭ ਵਿੱਚ ਆਲੋਚਕਾਂ ਦੀਆਂ ਧਾਰਨਾਵਾਂ 'ਤੇ ਪੱਛਮੀ ਆਲੋਚਨਾ ਦਾ ਬਹੁਤ ਪ੍ਰਭਾਵ ਪਿਆ ਹੈ। ਸਭਿਆਚਾਰ ਵਿੱਚ ਆਦਾਨ-ਪ੍ਰਦਾਨ ਦਾ ਇੱਕ ਪ੍ਰਭਾਵ ਪੱਛਮੀ ਦੇਸ਼ਾਂ ਭਾਵ ਯੂਰਪ 'ਤੇ ਵੀ ਪਿਆ ਕਿ ਭਾਰਤ ਨੇ ਯੂਰਪ ਨੂੰ ਬਹੁ-ਸਭਿਆਚਾਰ ਦਾ ਸੰਕਲਪ ਦਿੱਤਾ, ਜੋ ਪਿਛਲੇ 80-85 ਸਾਲਾਂ ਤੋਂ ਯੂਰਪ 'ਚ ਦਿਸਣ ਲੱਗਾ ਹੈ। ਸ਼ਹਿਰੀਕਰਨ, ਢੋਆ-ਢੁਆਈ 'ਚ ਸੁਖਾਲ਼ਾਪਣ,ਮਸ਼ੀਨੀਕਰਨ ਤੇ ਤਕਨੀਕੀ ਵਿਕਾਸ ਪੱਛਮੀਕਰਨ ਦੀ ਦੇਣ ਹੈ। ਡਾ. ਜਸਵਿੰਦਰ ਸਿੰਘ ਅਨੁਸਾਰ "ਪੰਜਾਬੀ ਸਭਿਆਚਾਰ ਵਿੱਚ ਰੂਪਾਂਤਰਨ ਦਾ ਇਹ ਅਮਲ ਇਤਨਾ ਵਿਆਪਕ ਅਤੇ ਡੂੰਘਾ ਹੈ ਕਿ ਸਾਡੇ ਪਹਿਰਾਵੇ, ਬੋਲੀ, ਸਾਹਿਤ, ਜੀਵਨ ਕੀਮਤਾਂ, ਵਿਹਾਰਕ ਪੈਟਰਨ ਇਥੋਂ ਤੱਕ ਕਿ ਰਿਸ਼ਤੇ ਬਦਲ ਗਏ ਹਨ।"[9]

4. ਵਿਸ਼ਵੀਕਰਨ: ਵੀਹਵੀਂ ਸਦੀ ਦੇ ਦੂਸਰੇ ਅੱਧ ਵਿੱਚ ਵਿਸ਼ਵ ਪੱਧਰ 'ਤੇ ਆਵਾਜਾਈ ਦੇ ਸਾਧਨਾਂ ਦੇ ਵਿਕਾਸ, ਸੂਚਨਾ ਤਕਨਾਲੋਜੀ ਦੇ ਵਿਕਾਸ ਨੇ ਵਿਸ਼ਵ ਨੂੰ ਇੱਕ ਪਿੰਡ ਵਿੱਚ ਬਦਲ ਦਿੱਤਾ ਹੈ। ਵਿਸ਼ਵ ਭਰ ਦੇ ਵਿਭਿੰਨ ਸਭਿਆਚਾਰ ਇੱਕ ਦੂਸਰੇ ਦੇ ਨੇੜੇ ਆ ਰਹੇ ਹਨ ਤੇ ਨਾਲ ਹੀ ਇੱਕ ਦੂਸਰੇ ਨੂੰ ਪ੍ਰਭਾਵਿਤ ਵੀ ਕਰ ਰਹੇ ਹਨ। ਇਸੇ ਕਰਕੇ ਵਿਸ਼ਵੀਕਰਨ ਸੰਬੰਧੀ ਬਹੁ-ਦੇਸ਼ਾਂ ਦਾ ਆਪਸੀ ਸਹਿ-ਸੰਬੰਧ, ਸੁਚੱਜਾ ਤਾਲਮੇਲ ਅਤੇ ਵਿਸ਼ਵ ਪੱਧਰ 'ਤੇ ਇੱਕ ਮੱਤ ਹੈ।

  • ਪਰਿਭਾਸ਼ਾਵਾਂ:
  1. ਡਾ. ਸੁਰਜੀਤ ਸਿੰਘ ਅਨੁਸਾਰ, "ਆਦਰਸ਼ਕ ਰੂਪ ਵਿੱਚ ਗਲੋਬਕਾਰੀ ਦਾ ਸੰਬੰਧ ਦੇਸ਼ਾਂ ਵਿੱਚ ਵੱਧ ਰਹੇ ਵਸਤਾਂ ਅਤੇ ਸੇਵਾਵਾਂ ਦੇ ਵਪਾਰ, ਸਰਮਾਏ, ਤਕਨਾਲੋਜੀ, ਗਿਆਨ, ਸੂਚਨਾ ਅਤੇ ਲੋਕਾਂ ਦੇ ਅੰਤਰਰਾਸ਼ਟਰੀ ਅਦਾਨ-ਪ੍ਰਦਾਨ ਨਾਲ ਹੈ।"
  2. ਡਾ. ਗੁਰਭਗਤ ਅਨੁਸਾਰ, “ਵਿਸ਼ਵੀਕਰਨ ਬਿਨਾਂ ਪ੍ਰਭੂਸੱਤਾ ਖੋਹਣ ਦੇ ਦੇਸ਼ਾਂ ਜਾਂ ਰਾਜਾਂ ਨੂੰ ਪੂੰਜੀ ਆਧਾਰਿਤ ਮਹਾਂ ਆਰਥਿਕਤਾ ਵਿੱਚ ਬੰਨ੍ਹਣ ਦਾ ਯਤਨ ਹੈ।"
  3. ਪ੍ਰੋ. ਹਰਜਿੰਦਰ ਸਿੰਘ ਅਨੁਸਾਰ-ਸੰਸਾਰੀਕਰਨ / ਵਿਸ਼ਵੀਕਰਨ(Globalization) ਦੇ ਨਾਂ ਤੇ ਫੈਲਾਇਆ ਜਾ ਰਿਹਾ ਪੱਛਮੀ ਸਭਿਆਚਾਰ ਸਭਿਆਚਾਰਾਂ ਨੂੰ ਹਰ ਪੱਧਰ ਤੇ ਪ੍ਰਭਾਵਿਤ ਕਰ ਰਿਹਾ ਹੈ।[10] ਹਰ ਸਮਾਜ ਦੇ ਮਨੁੱਖ ਦੀਆਂ ਆਪਣੀਆਂ ਸਭਿਆਚਾਰਕ ਜੜਾਂ ਹੁੰਦੀਆਂ ਹਨ, ਜਿੰਨਾਂ ਨਾਲ ਉਹ ਅਚੇਤ ਜਾਂ ਸੁਚੇਤ ਪੱਧਰ ਤੇ ਜੁੜਿਆ ਰਹਿੰਦਾ ਹੈ। ਵਧੇਰੇ ਮੁਨਾਫ਼ਾ ਕਮਾਉਣ ਦੀ ਲਾਲਸਾ ਤਹਿਤ ਮਲਟੀਨੈਸ਼ਨਲ ਕੰਪਨੀਆਂ ਤੀਸਰੀ ਦੁਨੀਆ ਦੇ ਗ਼ਰੀਬ ਮੁਲਕਾਂ ਦੇ ਸਭਿਆਚਾਰਾਂ ਨੂੰ ਢਹਿ-ਢੇਰੀ ਕਰ ਕੇ "ਗਲੋਬਲੀ ਸਭਿਆਚਾਰ" ਸਥਾਪਤ ਕਰ ਰਹੀਆਂ ਹਨ। ਗਲੋਬਲੀ ਸਭਿਆਚਾਰ ਦੀ ਆੜ ਵਿੱਚ ਹੀ ਇਹ ਕੰਪਨੀਆਂ ਆਪਣਾ ਮਕ਼ਸਦ ਪੂਰਾ ਕਰ ਰਹੀਆਂ ਹਨ, ਜਿਸ ਦਾ ਅਰਥ ਖਾਸਾ ਪੈਸਾ ਕਮਾਉਣਾ ਹੈ।[11]
  4. ਭੁਪਿੰਦਰ ਸਿੰਘ ਖਹਿਰਾ ਅਨੁਾਸਰ, "ਵਿਸ਼ਵੀਕਰਨ ਦੀ ਪ੍ਰਕਿਰਿਆ ਵੱਡੇ ਅਤੇ ਵਿਕਸਿਤ ਸਭਿਆਚਾਰਾਂ ਦੇ ਪਾਸਾਰ ਅਤੇ ਛੋਟੇ ਤੇ ਅਮੀਰ ਸਭਿਆਚਾਰਾਂ ਦੇ ਨਿਘਾਰ ਦੀ ਪ੍ਰਕਿਰਿਆ ਬਣਦੀ ਜਾ ਰਹੀ ਹੈ।"[12]

ਵਿਸ਼ਵੀਕਰਨ ਦੀ ਪ੍ਰਕ੍ਰਿਆ ਨੇ 1980 ਤੋਂ ਬਾਅਦ ਜ਼ੋਰ ਫੜਿਆ ਹੈ। ਅਸਲ ਵਿੱਚ ਇਹ ਤਿੰਨ ਸੰਕਲਪ ਹਨ, ਜੋ ਇੱਕਠੇ ਹੋਂਦ ਵਿੱਚ ਆਏ। ਇਹਨਾਂ ਨੂੰ ਸੰਯੁਕਤ ਰੂਪ ਵਿੱਚ ਐੱਲ.ਪੀ.ਜੀ. (:ਸ਼ਭ) ਕਿਹਾ ਜਾਂਦਾ ਹੈ। ਇਹਨਾਂ ਦਾ ਪੂਰਾ ਨਾਮ ਹੈ ਲਿਬਰਲਾਈਜ਼ੇਸ਼ਨ ਪਰਾਈਵਟਾਈਜ਼ੇਸ਼ਨ ਅਤੇ ਗਲੋਬਲਾਈਜੇਸ਼ਨ। ਇਹ ਤਿੰਨੇ ਇੱਕ ਦੂਸਰੇ ਦੇ ਪੂਰਕ ਹਨ ਅਤੇ ਨਾਲ-ਨਾਲ ਚੱਲਦੇ ਹਨ।

  • ਭਾਰਤ ਵਿੱਚ ਵਿਸ਼ਵੀਕਰਨ ਦਾ ਪ੍ਰਭਾਵ: ਭਾਰਤ ਵਿੱਚ ਵਿਸ਼ਵੀਕਰਨ ਦੇ ਸੰਕਲਪ ਨੇ 1991 ਵਿੱਚ ਜ਼ੋਰ ਫੜਿਆ ਜਦੋਂ ਭਾਰਤ ਵਿੱਚ ਸ੍ਰੀ ਨਰਸਿਮਾ ਰਾਓ ਦੀ ਸਰਕਾਰ ਸੀ ਅਤੇ ਭਾਰਤ ਆਰਥਿਕ ਮੰਦਹਾਲੀ ਵਿਚੋਂ ਲੰਘ ਰਿਹਾ ਸੀ। ਵਿਸ਼ਵੀਕਰਨ ਇੱਕ ਅਜਿਹੀ ਪ੍ਰਕ੍ਰਿਆ ਹੈ, ਜਿਸਨੇ ਸਮੁੱਚੇ ਵਿਸ਼ਵ ਦੇ ਦੇਸ਼ਾਂ ਦੀ ਆਰਥਿਕ, ਸਮਾਜਿਕ, ਰਾਜਨੀਤਿਕ, ਸੱਭਿਆਚਾਰਕ ਪ੍ਰਕ੍ਰਿਆ ਨੂੰ ਪ੍ਰਭਾਵਿਤ ਕੀਤਾ ਹੈ। ਵਿਸ਼ਵੀਕਰਨ ਦੀ ਪ੍ਰਕ੍ਰਿਆ ਰਾਹੀਂ ਦੁਨੀਆ ਦੇ ਅਮੀਰ ਦੇਸ਼ ਜਿਵੇਂ ਅਮਰੀਕਾ, ਜਪਾਨ ਆਦਿ ਵਰਗੇ ਦੇਸ਼ ਵਿਕਾਸਸ਼ੀਲ ਦੇਸ਼ਾ ਨੂੰ ਬਸਤੀਆਂ ਦੀ ਤਰ੍ਹਾਂ ਵਰਤਦੇ ਹਨ।
  • ਪੰਜਾਬੀ ਸਭਿਆਚਾਰ ਦੇ ਸੰਦਰਭ 'ਚ:
  1. ਡਾ. ਰਾਜਵੀਰ ਕੌਰ ਅਨੁਸਾਰ, "ਪਿਛਲੇ ਦਹਾਕਿਆਂ ਤੋਂ ਵਿਸ਼ਵੀਕਰਨ ਦੀ ਪ੍ਰਕਿਰਿਆ ਨੇ ਵਿਸ਼ਵ ਦੇ ਸਮੁੱਚੇ ਸਭਿਆਚਾਰਾਂ ਨੂੰ ਹਿਲਾ ਕੇ ਰੱਖ ਦਿੱਤਾ ਹੈ। ਪੰਜਾਬ ਵੀ ਗਲੋਬਲੀਕਰਨ ਦੀ ਇਸ ਪ੍ਰਕਿਰਿਆ ਤੋਂ ਅਛੂਤਾ ਨਹੀਂ ਰਿਹਾ ਬਲਕਿ ਬਹੁਤ ਸਾਰੇ ਅੰਦਰੂਨੀ ਅਤੇ ਬਾਹਰੀ ਕਾਰਨਾਂ ਕਰਕੇ ਵਿਸ਼ਵ ਦੇ ਇਸ ਖਿੱਤੇ ਵਿੱਚ ਵਿਸ਼ਵੀਕਰਨ ਦੀ ਪ੍ਰਕਿਰਿਆ ਹੋਰ ਤੇਜ਼ ਹੋਈ ਹੈ। ਵਿਸ਼ਵੀਕਰਨ ਨੇ ਪੰਜਾਬ ਦੇ ਲੋਕਾਂ ਉਪਰ ਕਈ ਦਿਸ਼ਾਵਾਂ ਤੋਂ ਹੱਲੇ ਬੋਲੇ ਹਨ।[13]ਸਭਿਆਚਾਰ 'ਤੇ ਮੀਡੀਆ ਦਾ ਵੀ ਬਹੁਤ ਪ੍ਰਭਾਵ ਪਿਆ ਹੈ। ਜਿਸ ਸਭਿਆਚਾਰ ਰੂਪਾਂਤਰਣ 'ਚ ਅਹਿਮ ਭੂਮਿਕਾ ਨਿਭਾਈ ਹੈ।
  2. ਡਾ. ਭੁਪਿੰਦਰ ਸਿੰਘ ਖਹਿਰਾ ਅਨੁਸਾਰ, "ਪਿੰਡ ਇੱਕ ਸਵੈ-ਨਿਰਭਰ ਇਕਾਈ ਵਜੋਂ ਪਛਾਣ ਗੁਆ ਚੁਕਿਆ ਹੈ। ਪਿੰਡਾਂ ਵਿੱਚ ਸੰਯੁਕਤ ਪਰਿਵਾਰਾਂ ਦੀ ਗਿਣਤੀ ਨਾ ਮਾਤਰ ਰਹਿ ਗਈ ਹੈ। ਕੋੜਮੇ ਤੇ ਸ਼ਕੀਰੀਆਂ ਦੇ ਰਿਸ਼ਤੇ ਆਪਣੇ ਨਾਂ ਗੁਆ ਰਹੇ ਹਨ।"[14]

ਹੋਰ ਕਾਰਕ[ਸੋਧੋ]

1. ਸਭਿਆਚਾਰਕ ਪਛੜੇਂਵਾ: ਸਭਿਆਚਾਰ ਦੇ ਅੰਗ ਵੱਖੋਂ ਵੱਖਰੇ ਹਨ, ਜਿਸ ਕਰਕੇ ਉਹਨਾਂ 'ਚ ਵੱਖ-ਵੱਖ ਗਤੀ ਨਾਲ ਪਰਿਵਰਤਨ ਹੁੰਦਾ ਹੈ। ਜਦੋਂ ਕਿ ਇੱਕ ਪੱਖ ਵਧੇਰੇ ਵਿਕਾਸ ਕਰ ਜਾਵੇ ਅਤੇ ਉਸਦੇ ਮੁਕਾਬਲੇ ਬਾਕੀ ਪੱਖ ਪ੍ਰਗਤੀ ਨਾ ਕਰ ਸਕਣ ਤਾਂ ਸਭਿਆਚਾਰਕ ਢਾਂਚੇ ਵਿੱਚ ਅਸੰਤੁਲਨ ਦੀ ਹਾਲਤ ਬਣ ਜਾਦੀ ਹੈ। ਇਸ ਹਾਲਤ ਨੂੰ ਸਭਿਆਚਾਰਕ ਪਛੜੇਂਵਾ ਕਿਹਾ ਜਾਂਦਾ ਹੈ। ਸਭਿਆਚਾਰਕ ਪਛੜੇਵਾਂ ਸਭਿਆਚਾਰਾਂ ਦੇ ਮੁਕਾਬਲੇ ਤੇ ਹੀ ਹੁੰਦਾ ਹੈ।[15] ਸਭਿਆਚਾਰਕ ਪਛੜੇਵਾਂ ਸਭਿਆਚਾਰ ਦੇ ਅੰਗਾਂ 'ਚ ਮੁਕਾਬਲੇ 'ਤੇ ਹੀ ਨਿਰਧਾਰਿਤ ਹੁੰਦਾ ਹੈ, ਜਿਵੇਂ ਇੱਕ ਸਿਸਟਮ ਵਿੱਚ ਵੱਖ ਵੱਖ ਅੰਗ ਜਾਂ ਅੰਸ਼ ਮਿਲ ਕੇ ਇੱਕ ਸਿਸਟਮ ਦੀ ਹੋਂਦ ਲਈ ਕਾਰਜਸ਼ੀਲ ਹੁੰਦੇ ਹਨ ਉਵੇਂ ਹੀ ਸਭਿਆਚਾਰ ਦੇ ਤਿੰਨ ਮੁੱਖ ਅੰਗ ਪਦਾਰਥਕ ਸਭਿਆਚਾਰ, ਬੋਧਾਤਮਕ ਸਭਿਆਚਾਰ ਅਤੇ ਪ੍ਰਤੀਮਾਨਕ ਸਭਿਆਚਾਰ ਆਪਸ ਵਿੱਚ ਅੰਤਰ ਕਿਰਿਆ ਦੇ ਸਬੰਧਾਂ ਵਿੱਚ ਬੱਝੇ ਹੋਏ ਸਭਿਆਚਾਰ ਦੀ ਹੋਂਦ ਲਈ ਕਾਰਜਸ਼ੀਲ ਹਨ। ਸਭਿਆਚਾਰ ਰੂਪਾਂਤਰਣ ਦੀ ਬਾਹਰੀ ਪ੍ਰਕਿਰਿਆ ਦੋਰਾਨ ਇਨ੍ਹਾਂ ਅੰਗਾਂ ਵਿੱਚ ਤਬਦੀਲੀ ਵਾਪਰਦੀ ਰਹਿੰਦੀ ਹੈ। ਇਸ ਦੋਰਾਨ ਤਬਦੀਲੀ ਦੀ ਪ੍ਰਕਿਰਿਆ ਹਰੇਕ ਅੰਗ ਵਿੱਚ ਇਕੋ ਜਿਹੀ ਨਹੀਂ ਹੰਦੀ। ਪਦਾਰਥਕ ਸਭਿਆਚਾਰ ਵਿੱਚ ਤਬਦੀਲੀ ਬੋਧਾਤਮਕ ਸਭਿਆਚਾਰ ਅਤੇ ਪ੍ਰਤੀਮਾਨਕ ਸਭਿਆਚਾਰ ਦੇ ਮੁਕਾਬਲਤਨ ਪਹਿਲਾਂ ਅਤੇ ਵਧੇਰੇ ਹੁੰਦੀ ਹੈ। ਪਹਿਲਾਂ ਪਦਾਰਥਕ ਸਭਿਆਚਾਰ ਵਿੱਚ ਤਬਦੀਲੀ ਵਾਪਰਦੀ ਹੈ ਪਰ ਬੋਧਾਤਮਕ ਸਭਿਆਚਾਰ ਅਤੇ ਪ੍ਰਤੀਮਾਨਕ ਸਭਿਆਚਾਰ ਵਿੱਚ ਤਬਦੀਲੀ ਤਟ-ਫਟ ਤੇ ਮਕਾਨਕੀ ਨਹੀਂ ਹੁੰਦੀ। ਪਦਾਰਥਕ ਸਭਿਆਚਰ ਵਿੱਚ ਤਬਦੀਲੀ ਫੌਰੀ ਤੌਰ 'ਤੇ ਦੂਸਰੇ ਅੰਗਾਂ ਉੱਤੇ ਅਸਰ ਨਹੀਂ ਪਾਉਂਦੀ। ਇਸ ਲਈ ਤਬਦੀਲੀ ਦੀ ਪ੍ਰਕਿਰਿਆ ਵਿੱਚ ਚੱਲ ਰਹੇ ਅੰਗਾਂ ਵਿੱਚ ਇੱਕ ਅੰੰਗ ਤੇਜ਼ੀ ਨਾਲ ਬਦਲਦਾ ਹੈ ਪਰ ਦੂਸਰੇ ਅੰਗ ਤਬਦੀਲੀ ਪੱਖੋਂ ਪਹਿਲੇ ਦੇ ਮੁਕਾਬਲੇ ਬਹੁਤ ਪਿੱਛੇ ਰਹਿ ਜਾਂਦੇ ਹਨ, ਪਿੱਛੇ ਰਹਿਣ ਦੀ ਇਸ ਸਥਿਤੀ ਨੂੰ ਹੀ ਸਭਿਆਚਾਰਕ ਪਛੜੇਵਾਂ ਕਿਹਾ ਜਾਂਦਾ ਹੈ। ਇੱਥੇ ਇਹ ਕਹਿਣਾ ਵੀ ਵਾਜਿਬ ਹੋਵੇਗਾ ਕਿ ਸਭਿਆਚਰਕ ਪਛੜੇਵਾਂ ਦੋ ਸਭਿਆਚਾਰਾਂ ਦੇ ਅੱਗੜ-ਪਿੱਛੜ ਰਹਿ ਜਾਣ ਦੀ ਸਥੀਤੀ ਨੂੰ ਨਹੀਂ ਕਹਿੰਦੇ ਸਭਿਆਚਾਰ ਦੇ ਅੰਗਾ ਵਿੱਚ ਆਈ ਤਬਦੀਲੀ ਅਤੇ ਇੱਕ ਅੰਗ ਦੇ ਦੂਜੇ ਅੰਗਾਂ ਦੇ ਮੁਕਾਬਲਤਨ ਤੇਜ਼ੀ ਨਾਲ ਬਦਲਣ 'ਤੇ ਬਾਕੀ ਦੇ ਅੰੰਗਾਂ ਦੇ ਕਾਫ਼ੀ ਪਿਛੇ ਰਹਿ ਜਾਣ ਦੀ ਸਥਿਤੀ ਨੂੰ ਕਿਹਾ ਜਾਂਦਾ ਹੈ। ਸਭਿਆਚਾਰਕ ਪਛੜੇਵੇਂ ਦੀ ਇਸ ਸਥਿਤੀ ਨੂੰ ਭਾਰਤੀ ਸਿੱਖਿਅਕ ਪਰੰਪਰਾ ਦੇ ਸੰਦਰਭ ਵਿੱਚ ਰੱਖ ਕੇ ਦੇਖਿਆ ਜਾ ਸਕਦਾ ਹੈ ਕਿ ਕਿਵੇਂ ਪਦਾਰਥਕ ਤਬਦੀਲੀਆਂ ਰਾਹੀਂ ਸੰਸਥਾਗਤ ਤਬਦੀਲੀਆਂ ਤਾਂ ਹੋਈਆਂ ਪਰ ਬੋਧਾਤਮਕ ਅਤੇ ਪ੍ਰਤੀਮਾਨਕ ਕਦਰਾਂ-ਕੀਮਤਾਂ ਦਾ ਪੈਟਰਨ ਲਗਭਗ ਉਸੇ ਤਰਾਂ ਹੀ ਚੱਲ ਰਿਹਾ ਹੈ। ਮੱਧਕਾਲੀਨ ਸਿਖਿਅਕ ਸੰਸਥਾਵਾਂ ਮਸਜਿਦ, ਮੰਦਰ, ਜਾਂ ਗੁਰੂਦਵਾਰੇ ਭਾਵੇਂ ਅਜੋਕੇ ਯੁੱਗ ਵਿੱਚ ਸਕੂਲ, ਕਾਲਜ ਜਾਂ ਯੂਨੀਵਰਸਿਟੀਆਂ ਦੇ ਰੂਪ ਵਿੱਚ ਬਦਲ ਗਏ ਹਨ ਪਰ ਨਾਲ ਹੀ ਗਿਆਨ ਬਾਰੇ ਸਾਡਾ ਬੋਧ ਵੀ ਬਦਲ ਚੱਕਿਆ ਹੈ ਪਰ ਇਹ ਗਿਆਨ ਦੀ ਪ੍ਰਾਪਤੀ ਤੋਂ ਛੁੱਟ ਸਿੱਖਿਆ ਦੇ ਪ੍ਰਮਾਣ ਵਜੋਂ ਡਿਗਰੀ ਤਕ ਹੀ ਸੀਮਤ ਹੋ ਗਿਆ ਹੈ, ਪਰ ਫਿਰ ਵੀ ਜਿਸ ਅੰਗ ਵਿੱਚ ਤਬਦੀਲੀ ਨਾ ਮਾਤਰ ਹੋਈ, ਉਹ ਹੈ ਪ੍ਰਤੀਮਾਨਕ ਸਭਿਆਚਾਰ। ਸੰਸਥਾਗਤ ਤਬਦੀਲੀਆਂ ਦੇ ਬਾਵਜੂਦ ਵੀ ਸਾਡੇ ਲਈ ਗੁਰੂ-ਸ਼ਿਸ ਦੇ ਪ੍ਰਤਿਮਾਨ ਜਾਂ ਕਦਰਾਂ ਉਹ ਹੀ ਹਨ, ਜੋ ਪੁਰਾਤਨ ਸਨ। ਇਨ੍ਹਾਂ ਵਿੱਚ ਤਬਦੀਲੀ ਦੂਸਰੇ ਅੰਗਾਂ ਦੇ ਮੁਕਾਬਲੇ ਬਹੁਤ ਘੱਟ ਅਤੇ ਹੌਲੀ ਪ੍ਰਕਿਰਿਆ ਦੋਰਾਨ ਹੋਈ ਹੈ।

2. ਸਭਿਆਚਾਰਕ ਖਿੰਡਾਓ: ਸਮਾਜ ਦੇ ਬਾਹਰਲੇ ਕਾਰਨਾਂ ਵਿੱਚ ਅੰਸ਼-ਪਾਸਾਰ ਨੂੰ ਪਹਿਲੀ ਥਾਂ ਦਿੱਤੀ ਗਈ ਹੈ। ਜਦੋਂ ਇੱਕ ਸਮਾਜ ਵੱਲੋਂ ਕੀਤੀ ਗਈ ਕਾਢ ਨੂੰ ਦੂਜੇ ਸਮਾਜ ਆਪਣਾ ਲੈਣ ਤਾਂ ਇਸ ਅਮਲ ਨੂੰ ਖਿੰਡਾਅ ਜਾਂ ਅੰਸ਼-ਪਸਾਰ ਕਹਿੰਦੇ ਹਨ। ਸਾਰੀਆਂ ਹੀ ਮਹੱਤਵਪੂਰਨ ਕਾਢਾਂ ਇੱਕ ਥਾਂ ਹੋਈਆਂ ਸਨ, ਜਿਥੋਂ ਇਹ ਦੁਨੀਆ ਦੇ ਬਾਕੀ ਖਿੱਤਿਆਂ ਵਿੱਚ ਫ਼ੈਲੀਆਂ, ਤਾਂ ਇਹ ਸਭਿਆਚਾਰਕ-ਖਿੰਡਾਓ ਅਧਿਨ ਆਉਂਦੀਆਂ ਹਨ।[16] ਹਰ ਸਭਿਆਚਾਰ ਵਿੱਚ ਆਪਣੇ ਅੰਸ਼ ਬਹੁਤ ਘੱਟ ਹੁੰਦੇ ਹਨ, ਉਸਨੇ ਬਹੁਤੇ ਅੰਸ਼ ਸਭਿਆਚਾਰਾਂ ਤੋਂ ਲੈ ਕੇ ਆਪਣੇ ਸਭਿਆਚਾਰਕ ਸਿਸਟਮ ਵਿੱਚ ਫਿੱਟ ਕੀਤੇ ਹੁੰਦੇ ਹਨ।

ਪ੍ਰਭਾਵ[ਸੋਧੋ]

ਸਭਿਆਚਾਰਕ ਰੁਪਾਂਤਰਣ ਦਾ ਪ੍ਰਮੁੱਖ ਪ੍ਰਭਾਵ ਇਹ ਹੈ ਕਿ ਆਪਸੀ ਮੇਲ-ਮਿਲਾਪ ਵਿੱਚ ਕਮੀ ਆਈ ਹੈ। ਵਿਸ਼ਵੀਕਰਨ(Globalization) ਦੇ ਪਸਾਰ ਨਾਲ ਤਕਨਾਲੌਜੀ ਵਿੱਚ ਵਾਧਾ ਹੋਇਆ ਹੈ, ਇਸ ਦਾ ਅਸਰ ਲੋਕਾਂ ਦੇ ਆਪਸੀ ਮੇਲ ਮਿਲਾਪ 'ਤੇ ਪਿਆ ਹੈ। ਹੁਣ ਸੱਥਾਂ ਨਹੀਂ ਜੁੜਦੀਆਂ ਅਤੇ ਨਾ ਹੀ ਮੇਲੇ ਲੱਗਦੇ ਹਨ। ਹੁਣ ਲੋਕ ਇੰਟਰਨੈੱਟ ਰਾਹੀਂ ਆਪਸ ਵਿੱਚ ਰਾਬਤਾ ਕਾਇਮ ਕਰਦੇ ਹਨ। ਇੰਟਰਨੈੱਟ ਜ਼ਰੀਏ ਲੋਕ ਦੁਨੀਆ ਦੇ ਕਿਸੇ ਵੀ ਕੋਨੇ ਵਿੱਚ ਬੈਠ ਕੇ ਇੱਕ ਦੂਸਰੇ ਨਾਲ ਸੰਪਰਕ ਕਾਇਮ ਕਰ ਸਕਦੇ ਹਨ। ਸੋ, 21ਵੀਂ ਸਦੀ ਵਿੱਚ ਤਕਨੀਕੀ-ਵਿਗਿਆਨ ਵਿੱਚ ਉੱਨਤੀ ਦੇ ਪ੍ਰਭਾਵ ਨਾਲ਼ ਸਭਿਆਚਾਰ ਕਾਫ਼ੀ ਹੱਦ ਤੱਕ ਰੁਪਾਂਤਰਿਤ ਹੋਇਆ ਹੈ।

ਸੋ, ਇਹ ਤੱਤ ਸਭਿਆਚਾਰ ਨੂੰ ਰੁਪਾਂਤਿਰਤ ਕਰਨ 'ਚ ਰੋਲ ਨਿਭਾਉਂਦੇ ਹਨ। ਇਹ ਰੁਪਾਂਤਰਣ ਨਿੱਕੇ ਪੱਧਰ ਤੋਂ ਲੈ ਕੇ ਵੱਡੇ ਪੱਧਰ ਤੱਕ ਅਤੇ ਤੇਜ਼ ਵੀ ਅਤੇ ਧੀਮੀ ਗਤੀ ਨਾਲ ਵੀ ਭਾਵ ਦੋਹਾਂ ਤਰੀਕਿਆਂ ਨਾਲ਼ ਹੋ ਰਿਹਾ ਹੈ। ਇਹ ਵੀ ਮਸਲਾ ਹੈ ਕਿ ਇਹ ਰੁਪਾਂਤਰਣ ਉਸਾਰੂ ਹੈ ਜਾਂ ਨਿਘਾਰੂ ਹੈ ਪਰ ਇਸ ਦੀ ਨਬਜ਼ ਅਨੁਸਾਰ ਇਸ ਸੰਬੰਧੀ ਧਿਆਨ ਦੇਣ ਨਾਲ਼ ਹੀ ਸਭਿਆਚਾਰ ਨਾਲ਼ ਜੁੜੀ ਲੋਕਾਈ ਦੀ ਹੋਂਦ ਸਥਾਪਿਤ ਰਹਿ ਸਕਦੀ ਹੈ ਤੇ ਵਿਕਾਸ ਕਰ ਸਕਦੀ ਹੈ।

ਸਿੱਟਾ[ਸੋਧੋ]

ਸਭਿਆਚਾਰਕ ਰੁਪਾਂਤਰਣ ਪਰਿਵਰਤਨ ਦਾ ਹੀ ਦੂਜਾ ਨਾਂ ਕਿਸੇ ਹੱਦ ਤੱਕ ਕਿਹਾ ਜਾ ਸਕਦਾ ਹੈ। ਸਭਿਆਚਾਰ ਬਦਲਦਾ ਰਹਿੰਦਾ ਹੈ। ਕ਼ੁਦਰਤ ਜਾਂ ਪ੍ਰਕਿਰਤੀ ਵਿੱਚ ਤਬਦੀਲੀਆਂ ਹੁੰਦੀਆਂ ਰਹਿੰਦੀਆ ਹਨ ਜੋ ਕਿ ਸੰਘਰਸ਼ ਵਿਚੋਂ ਹੀ ਉਤਪੰਨ ਹੁੰਦੀ ਹੈ। ਸੋ, ਸਭਿਆਚਾਰਕ ਰੁਪਾਂਤਰਣ ਇੱਕ ਗਤੀਸ਼ੀਲ ਰਹਿਣ ਵਾਲ਼ੇ ਸਦੀਵੀ ਵਰਤਾਰਿਆਂ 'ਚੋਂ ਇੱਕ ਹੈ।

ਸਹਾਇਕ ਪੁਸਤਕ ਸੂਚੀ[ਸੋਧੋ]

  1. ਪ੍ਰੋ. ਗੁਰਬਖ਼ਸ਼ ਸਿੰਘ ਫ਼ਰੈਂਕ- ਸਭਿਆਚਾਰ ਅਤੇ ਪੰਜਾਬੀ ਸਭਿਆਚਾਰ, 1987, ਵਾਰਿਸ ਸ਼ਾਹ ਫਾਊਂਡੇਸ਼ਨ, ਅੰਮ੍ਰਿਤਸਰ, 2012, ਪੰਨਾਂ ਨੰ.-55
  2. ਡਾ. ਜਸਵਿੰਦਰ ਸਿੰਘ - ਪੰਜਾਬੀ ਸੱਭਿਆਚਾਰ ਪਛਾਣ ਚਿੰਨ੍ਹ,ਗ੍ਰੇਸੀਅਸ ਬੁੱਕ ਡਿਪੂ, 2012 (ਦੂਜੀ ਪ੍ਰਕਾਸਨਾ), ਪੰਨ੍ਹਾਂ ਨੰ. 188
  3. ਡਾ. ਜੀਤ ਸਿੰਘ ਜੋਸ਼ੀ- ਸਭਿਆਚਾਰ ਅਤੇ ਲੋਕਧਾਰਾ ਦੇ ਮੂਲ ਸਰੋਕਾਰ, ਲਾਹੌਰ ਬੁੱਕ ਸ਼ਾਪ, ਲੁਧਿਆਣਾ, 2004, ਪੰਨਾ ਨੰ. 159
  4. ਪ੍ਰੋ. ਗੁਰਬਖ਼ਸ਼ ਸਿੰਘ ਫ਼ਰੈਕ- ਸਭਿਆਚਾਰ ਅਤੇ ਪੰਜਾਬੀ ਸਭਿਆਚਾਰ, ਵਾਰਿਸ ਸ਼ਾਹ ਫਾਊਂਡੇਸ਼ਨ, ਅੰਮ੍ਰਿਤਸਰ, 2012 ਪੰਨਾਂ ਨੰ. 61

ਹਵਾਲੇ[ਸੋਧੋ]

  1. ਡਾ. ਜੀਤ ਸਿੰਘ ਜੋਸ਼ੀ, ਸਭਿਆਚਾਰ ਅਤੇ ਲੋਕਧਾਰਾ ਦੇ ਮੂਲ ਸਰੋਕਾਰ, ਲਾਹੌਰ ਬੁੱਕ ਸ਼ਾਪ, ਲੁਧਿਆਣਾ, 2004, ਪੰਨਾ ਨੰ: 157
  2. ਡਾ. ਜਸਵਿੰਦਰ ਸਿੰਘਸਭਿਆਚਰਕ-ਪਛਾਣ ਚਿੰਨ੍ਹ, ਗਰੇਸੀਅਸ ਬੁੱਕ ਡਿਪੂ, 2012, ਪੰਨਾ-23
  3. ਪ੍ਰੋ. ਗੁਰਬਖ਼ਸ਼ ਸਿੰਘ ਫ਼ਰੈਂਕ- ਸਭਿਆਚਾਰ ਅਤੇ ਪੰਜਾਬੀ ਸਭਿਆਚਾਰ, ਵਾਰਿਸ ਸ਼ਾਹ ਫਾਊਂਡੇਸ਼ਨ ਅੰਮ੍ਰਿਤਸਰ, 2012, ਪੰਨਾ ਨੰ.-17
  4. ਪ੍ਰੋ. ਗੁਰਬਖਸ਼ ਸਿੰਘ ਫ਼ਰੈਕ, ਸਭਿਆਚਾਰ ਅਤੇ ਪੰਜਾਬੀ ਸਭਿਆਚਾਰ, ਵਾਰਿਸ ਸ਼ਾਹ ਫਾਊਂਡੇਸ਼ਨ, ਅੰਮ੍ਰਿਤਸਰ, 2012, ਪੰਨਾ ਨੰ: 56
  5. ਡਾ. ਜਸਵਿੰਦਰ ਸਿੰਘ, ਪੰਜਾਬੀ ਸਭਿਆਚਾਰ: ਪਛਾਣ ਚਿੰਨ੍ਹ, ਗ੍ਰੇਸੀਅਸ ਬੁੱਕ ਡਿਪੂ, ਪਟਿਆਲਾ, 2012, ਪੰਨਾ ਨੰ: 158
  6. ਡਾ. ਜਸਵਿੰਦਰ ਸਿੰਘ- ਪੰਜਾਬੀ ਸਭਿਆਚਾਰ ਪਛਾਣ ਚਿੰਨ੍ਹ ਪੰਨਾਂ ਨੰ. 194-195,
  7. ਪ੍ਰੋ. ਗੁਰਬਖ਼ਸ਼ ਸਿੰਘ ਫ਼ਰੈਕ- ਸਭਿਆਚਾਰ ਅਤੇ ਪੰਜਾਬੀ ਸਭਿਆਚਾਰ, 1987, ਪੰਨਾਂ ਨੰ. 61
  8. 1960 ਤੋਂ 1985 ਤੱਕ ਦੀ ਕਵਿਤਾ ਦਾ ਸਭਿਆਚਾਰਕ ਅਧਿਐਨ:ਜਸਪਾਲ ਸਿੰਘ, 1995, ਪੰਜਾਬੀ ਯੂਨੀਵਰਸਿਟੀ, ਪਟਿਆਲ਼ਾ।
  9. ਡਾ. ਜਸਵਿੰਦਰ ਸਿੰਘ, ਪੰਜਾਬੀ ਸਭਿਆਚਾਰ: ਪਛਾਣ ਚਿੰਨ੍ਹ, ਗ੍ਰੇਸੀਅਸ ਬੁੱਕ ਡਿਪੂ, ਪਟਿਆਲਾ, 2012, ਪੰਨਾ ਨੰ: 197
  10. ਡਾ. ਹਰਦਿਲਜੀਤ ਸਿੰਘ ਗੋਸਲ (ਸੰਪਾ.), ਪੰਜਾਬੀ ਸਭਿਆਚਾਰ ਅਤੇ ਸਾਹਿਤ ਦੇ ਸੰਚਾਰ ਮਾਧਿਅਮ: ਗਲੋਬਲੀ ਪਰਿਪੇਖ,ਪੰਨਾ-42
  11. ਡਾ. ਹਰਦਿਲਜੀਤ ਸਿੰਘ ਗੋਸਲ (ਸੰਪਾ.), ਪੰਜਾਬੀ ਸਭਿਆਚਾਰ ਅਤੇ ਸਾਹਿਤ ਦੇ ਸੰਚਾਰ ਮਾਧਿਅਮ: ਗਲੋਬਲੀ ਪਰਿਪੇਖ, ਪੰਨਾ-40-41
  12. ਡਾ. ਭੁਪਿੰਦਰ ਸਿੰਘ ਖਹਿਰਾ, ਲੋਕਧਾਰਾ ਭਾਸ਼ਾ ਅਤੇ ਸਭਿਆਚਾਰ, ਪੈਪਸੂ ਬੁੱਕ ਡਿਪੂ, ਪਟਿਆਲ਼ਾ, 2013, ਪੰਨਾ ਨੰ: 205
  13. ਡਾ. ਰਾਜਵੀਰ ਕੌਰ, (ਲੇਖ) ਪੰਜਾਬੀ ਸਭਿਆਚਾਰੀਕਰਨ ਅਤੇ ਗਲੋਬਲੀਕਰਨ, ਪ੍ਰੋ.ਸ਼ੈਰੀ ਸਿੰਘ (ਸੰਪਾ.), ਪੰਜਾਬੀ ਸਭਿਆਚਾਰ ਵਿਭਿੰਨ ਪਰਿਪੇਖ, ਪੰਨਾ-120
  14. ਭੁਪਿੰਦਰ ਸਿੰਘ ਖਹਿਰਾ, ਲੋਕਧਾਰਾ,ਭਾਸ਼ਾ ਤੇ ਸਭਿਆਚਾਰ, ਪੈਪਸੂ ਬੁੱਕ ਡਿਪੂ, ਪਟਿਆਲ਼ਾ, ਪੰਨਾ-210-11
  15. ਡਾ. ਜੀਤ ਸਿੰਘ ਜੋਸ਼ੀ- ਸਭਿਆਚਾਰ ਅਤੇ ਲੋਕਧਾਰਾ ਦੇ ਮੂਲ ਸਰੋਕਾਰ, ਪੰਨਾਂ ਨੰ.-159
  16. ਪ੍ਰੋ. ਗੁਰਬਖ਼ਸ਼ ਸਿੰਘ ਫ਼ਰੈਕ- ਸਭਿਆਚਾਰ ਅਤੇ ਪੰਜਾਬੀ ਸਭਿਆਚਾਰ, 1987, ਪੰਨਾਂ ਨੰ.-59