ਪੰਜਾਬੀ ਨਾਟਕ ਬੀਜ ਤੋਂ ਬਿਰਖ ਤੱਕ
ਪੰਜਾਬੀ ਨਾਟਕ ਬੀਜ ਤੋਂ ਬਿਰਖ ਤੱਕ ਡਾ. ਸਤੀਸ਼ ਕੁਮਾਰ ਵਰਮਾ ਦੀ ਕਿਤਾਬ ਹੈ। ਇਸ ਵਿੱਚ ਪੰਜਾਬੀ ਨਾਟਕ ਦੇ ਬੀਜ ਰੂਪ ਤੋਂ ਲੈ ਕੇ ਬਿਰਖ਼ ਬਣਨ ਤੱਕ ਬਾਰੇ ਦੱਸਿਆ ਗਿਆ ਹੈ ਕਿ ਕਿਸ ਤਰ੍ਹਾਂ ਪੰਜਾਬੀ ਨਾਟਕ ਨੇ ਵਿਕਾਸ ਕੀਤਾ। ਪੰਜਾਬੀ ਨਾਟਕ ਦੀ ਵਿਸ਼ੇਸਤਾ ਇਹ ਹੈ ਕਿ ਇਹ 20ਵੀਂ ਸਦੀ ਦੇ ਦੌਰਾਨ ਨਾ ਕੇਵਲ ਬਾਕੀ ਭਾਰਤੀ ਭਾਸ਼ਾਵਾਂ ਦੇ ਸਮਾਨਾਂਤਰ ਤੁਰਿਆ ਬਲਕਿ ਆਧੁਨਿਕ ਵਿਸ਼ਵ ਨਾਟਕ ਦੇ ਹਾਣ ਦਾ ਹੋਣ ਦਾ ਵੀ ਪੂਰਾ ਯਤਨ ਕੀਤਾ। ਈਸਾਈ ਮਿਸ਼ਨਰੀਆ ਤੇ ਸਿੰਘ ਸਭਾ ਲਹਿਰ ਦੇ ਵਿਕਾਸ ਕਾਰਨ ਪੰਜਾਬੀ ਸਾਹਿਤ ਸੰਕ੍ਰਾਂਤੀ ਕਾਲ ਵਿਚੋਂ ਲੰਘਿਆ। ਇਸੇ ਸੰਕ੍ਰਾਂਤੀ ਕਾਲ ਵਿਚੋਂ ਨਵੇਂ ਸਾਹਿਤ ਰੂਪਾਂ ਦਾ ਪ੍ਰਚਲਨ ਹੋਇਆ। ਫਿਰ ਪੰਜਾਬ ਨਾਟਕ ਨੇ ਪਿੱਛੇ ਮੁੜਕੇ ਨਹੀਂ ਵੇਖਿਆ ਕਿਉਂਕਿ ਸੰਕ੍ਰਾਂਤੀ ਕਾਲ ਵਿਚੋਂ ਹੀ ਇਸ ਲਈ ਜ਼ਮੀਨ ਤਿਆਰ ਹੋ ਚੁੱਕੀ ਸੀ। 21ਵੀਂ ਸਦੀ ਦੇ ਪਹਿਲੇ ਦਹਾਕੇ ਨੂੰ ਪਾਰ ਕਰਕੇ ਦੂਜੇ ਦਹਾਕੇ ਵਿੱਚੋਂ ਪ੍ਰਵੇਸ਼ ਕਰਨ ਵਾਲਾ ਮੌਜੂਦਾ ਦੌਰ ਪੰਜਾਬੀ ਨਾਟਕ ਦਾ ਸਿਖ਼ਰ ਦਾ ਦੌਰ ਦਾ ਹੈ। ਪੰਜਾਬੀ ਨਾਟਕ ਸਿਧਾਂਤਕ ਚੇਤਨਾ ਦ੍ਰਿਸ਼ਟੀ ਤੋਂ, ਵਿਸ਼ਵੀਕਰਨ, ਉਤਰਆਧੁਨਿਕਤਾ, ਬਸਤੀਵਾਦ, ਨਾਰੀਚੇਤਨਾ, ਦਲਿਤ ਚੇਤਨਾ ਨੂੰ ਅੰਗੀਕਾਰ ਕਰਦਾ ਹੈ। ਇਹ ਭਾਰਤ ਦੇ ਵਿਭਿੰਨ ਸ਼ਹਿਰਾਂ ਵਿਦੇਸ਼ਾਂ ਵਿੱਚ ਫੈਲਦਾ ਹੋਇਆ ਆਪਣੇ ਲਈ ਨਵੀਂ ਜ਼ਮੀਨ ਤਿਆਰ ਕਰਦਾ ਹੈ। ਸਾਹਿਤ ਦੇ ਖੇਤਰ ਵਿੱਚ ਨਾਟਕ ਦੀ ਵਿਧਾ ਦਾ ਇਤਿਹਾਸ ਸਭ ਤੋਂ ਪੁਰਾਣਾ ਹੈ। ਜਦੋਂ ਪੂਰਬ ਤੋਂ ਪੱਛਮ ਦੇ ਮੁੱਢਲੇ ਦੌਰ ਵਿੱਚ ਸਾਹਿਤ ਰਚਨਾ ਕੇਵਲ ਕਾਵਿ ਦੇ ਮਾਧਿਅਮ ਵਿੱਚ ਹੁੰਦੀ ਸੀ, ਉਦੋਂ ਵੀ ਕਾਵਿ ਦੇ ਸਮਾਨਾਂਤਰ ਦੀ ਸਿਰਜਣਾ ਹੁੰਦੀ ਰਹੀ। ਪੂਰਬ ਵਿੱਚ ਸ਼੍ਰਵ-ਕਾਵਿ ਦੀ ਰਚਨਾ ਦੇ ਸਮਾਨਾਂਤਰ ਭਰਤਮੁਨੀ ਦੇ ਨਾਟਯ ਸ਼ਾਸਤਰ ਤੋਂ ਪ੍ਰਾਪਤ ਸਿਧਾਂਤ ਤੇ ਵੇਰਵਿਆਂ ਦੇ ਮੱਦੇ ਨਜ਼ਰ ਦ੍ਰਿਸ਼-ਕਾਵਿ ਦੀ ਸਿਰਜਣਾ ਰਾਹੀ ਨਾਟਕ ਦੀ ਵਿਧਾ ਦੀ ਹੋਂਦ ਦੀ ਸਥਾਪਤੀ ਅਤੇ ਦੂਸਰੇ ਪਾਸੇ ਪੱਛਮ ਦੇ ਪ੍ਰਸੰਗ ਵਿਚੋਂ ਅਰਸਤੂ ਦੇ ਕਾਵਿ ਸ਼ਾਸਤਰ ਤੋਂ ਮਿਲਦੇ ਨਾਟ ਸਿਧਾਂਤ ਦੇ ਪ੍ਰਸੰਗ ਅਧੀਨ ਯੂਨਾਨੀ ਨਾਟ-ਲਿਖਤਾਂ ਦੀ ਪ੍ਰਾਪਤੀ ਇਸ ਤੱਥ ਦਾ ਪ੍ਰਮਾਣ ਹਨ ਕਿ ਨਾਟਕ ਦੀ ਵਿਧਾ ਮੁੱਢ ਤੋਂ ਹੀ ਆਪਣਾ ਮਹੱਤਵ ਗ੍ਰਹਿਣ ਕਰਦੀ ਰਹੀ। ਇਸਦੇ ਪ੍ਰਮਾਣ ਵਜੋਂ ਹੜੱਪਾ ਤੇ ਮੋਹਿੰਜੋਦੜੋ ਦੀ ਉਦਾਹਰਣ ਦਿੱਤੀ ਜਾ ਸਕਦੀ ਹੈ। ਨਾਟਕ ਦੀ ਪਰੰਪਰਾ ਪੱਛਮ ਵਿੱਚ ਯੂਨਾਨੀ ਨਾਟਕ ਤੇ ਸ਼ੈਕਸਪੀਰੀਅਨ ਨਾਟਕ ਤੋਂ ਹੁੰਦੀ ਹੋਈ ਆਧੁਨਿਕ ਸਮਿਆਂ ਵਿਚੋਂ ਯਥਾਰਥਵਾਦੀ ਥੀਏਟਰ ਨਾਟ-ਸ਼ੈਲੀ, ਐਬਸਰਡ ਥੀਏਟਰ ਨਾਟ-ਸ਼ੈਲੀ, ਹੰਗਾਮੀ ਥੀਏਟਰ ਨਾਟ-ਸ਼ੈਲੀ ਆਦਿ ਸ਼ੈਲੀਆਂ ਰਾਹੀਂ ਪ੍ਰਵਾਨ ਚੜ੍ਹਦੀ ਹੈ।[1]
ਨਾਟਕ ਦਾ ਇਤਿਹਾਸ
[ਸੋਧੋ]2005 ਵਿਚੋਂ ਜਦੋਂ 'ਪੰਜਾਬੀ ਅਕਾਦਮੀ ਦਿੱਲੀ' ਤੋਂ ਪੰਜਾਬੀ ਨਾਟਕ ਦਾ ਇਤਿਹਾਸ ਛਪਿਆ ਤਾਂ ਇੱਕ ਯੱਗ ਸੰਪੂਰਨ ਹੋ ਗਿਆ, ਪਰੰਤੂ ਯੱਗ ਕਦੇ ਸੰਪੂਰਨ ਨਹੀਂ ਹੁੰਦੇ, ਇਸ ਲਈ ਨਿੱਤ ਹੋਰ ਜ਼ਿਆਦਾ ਆਹੂਤੀਆ ਪਾਉਣੀਆਂ ਪੈਂਦੀਆਂ ਹਨ। ਪੰਜਾਬੀ ਨਾਟਕ ਤੇ ਰੰਗਮੰਚ ਤੇ ਸਾਂਝੇ ਇਤਿਹਾਸ ਦਾ ਕੰਮ ਸ਼ੁਰੂ ਹੋਇਆ, ਜਿਹੜਾ ਨੈਸ਼ਨਲ ਸਕੂਲ ਆਫ਼ ਡਰਾਮਾ ਵੱਲੋਂ 2009 ਵਿੱਚ 'ਪੰਜਾਬੀ ਨਾਟਕ ਔਰ ਰੰਗਮੰਚ ਕੀ ਏਕ ਸਦੀ' (ਹਿੰਦੀ) ਦੇ ਰੂਪ ਵਿੱਚੋਂ ਸਾਹਮਣੇ ਆਇਆ 51 ਸਾਲਾਂ ਵਿਚੋਂ ਪਹਿਲੀ ਵਾਰ ਨੈਸ਼ਨਲ ਸਕੂਲ ਆਫ਼ ਡਰਾਮਾ ਨੇ ਇਸ ਪੰਜਾਬੀ ਨਾਟਕ ਤੇ ਰੰਗਮੰਚ, ਪੁਸਤਕ ਨੂੰ ਸਵੀਕਾਰ ਕੀਤਾ, ਪਹਿਲੀ ਵਾਰ ਇਸ ਸਕੂਲ ਤੋਂ ਵਿਧੀਵਤ ਇਤਿਹਾਸ ਛਪਿਆ ਸੀ ਜੋ ਕਿ 'ਪੰਜਾਬੀ ਭਾਸ਼ਾ' ਦਾ ਹੀ ਸੀ।[2]
1947 ਤੋਂ ਪਹਿਲਾਂ ਦਾ ਦੌਰ
[ਸੋਧੋ]ਡਾ. ਹਰਚਰਨ ਸਿੰਘ ਅਨੁਸਾਰ ਅਸਲ ਵਿੱਚ ਪੰਜਾਬੀ ਮੰਚ ਲਈ ਧਰਤੀ ਪਹਿਲੇ ਹੀ ਤਿਆਰ ਸ। ਸ਼ਰਧਾ ਰਾਮ ਫਿਲੌਰੀ ਨੇ ਲੋਕਾਂ ਦੀ ਕਿੱਤੋ ਵੀ ਗੱਲਬਾਤ ਨੂੰ ਵਰਤ ਕੇ ਆਈ. ਸੀ. ਨੰਦਾ ਲਈ 50 ਸਾਲ ਪਹਿਲਾ ਹੀ ਰਸਤਾ ਸਾਫ਼ ਕਰ ਦਿੱਤਾ ਸੀ।ਨਾਟਕ ਨੇ ਭਵਿੱਖ ਨੇ ਪੰਜਾਬੀ ਨਾਟਕ ਦੀਆਂ ਦਿਸ਼ਾਵਾਂ ਸਪਸ਼ਟ ਕਰ ਦਿੱਤੀਆਂ ਕਿਉਂਕਿ ਪੰਜਾਬੀ ਨਾਟਕ ਦੇ ਤਿੰਨੇ ਵਸਤੂਗਤ ਪਾਸਾਰ ਇਸ ਦੌਰ ਵਿਚਲੇ ਨਾਟਕਾਂ ਰਾਹੀਂ ਸਪਸ਼ਟ ਹੋ ਜਾਂਦੇ ਹਨ:
- ਸਮਾਜਿਕ ਵਿਹਾਰ
- ਮਨੋਵਿਗਿਆਨਕ ਵਿਹਾਰ
- ਰਾਜਸੀ ਵਿਹਾਰ
ਅੱਗੋਂ ਜਾ ਕੇ ਕ੍ਰਮਵਾਰ ਇਹ ਤਿੰਨੇ ਵਿਹਾਰ ਪੰਜਾਬੀ ਨਾਟਕ ਦੀ ਨਿਰੰਤਰ ਤੋਰ ਦਾ ਹਿੱਸਾ ਬਣਦੇ ਹਨ। ਪੰਜਾਬੀ ਨਾਟਕ ਤੇ ਰੰਗਮੰਚ ਨੂੰ ਹੋਂਦ ਵਿੱਚ ਲਿਆਉਣ ਲਈ ਕੁਝ ਪਰੰਪਰਾਵਾ ਜਾ ਸੰਸਥਾਵਾਂ ਦਾ ਵੀ ਹੱਥ ਹੈ।
- ਟੈਂਪਰੈਂਸ ਐਸੋਸੀਏਸ਼ਨ
- ਪਾਰਸੀ ਥੀਏਟਰ
- ਪੱਛਮੀ ਵਿਦਿਆ ਪ੍ਰਣਾਲੀ
- ਇਸਾਈ ਮਿਸ਼ਨਰੀਆਂ ਦੇ ਯਤਨ
20ਵੀਂ ਸਦੀ ਦੇ ਆਰੰਭ ਤੋਂ ਪਹਿਲਾਂ ਹੀ ਪੰਜਾਬੀ ਨਾਟਕ ਦੇ ਲਈ ਬਹੁਤ ਸਾਰੇ ਅਨੁਸਾਰੀ ਹਾਲਾਤ ਪੈਦਾ ਹੋ ਚੁੱਕੇ ਸਨ। ਪੱਛਮੀ ਸੱਭਿਆਚਾਰ ਦੇ ਸਕੂਲਾਂ ਦੇ ਖੁੱਲਣ ਕਾਰਨ ਲੋਕ ਪੱਛਮੀ ਪ੍ਰਭਾਵ ਥੱਲੇ ਆ ਰਹੇ ਸਨ। 1910-11 ਵਿੱਚ ਲਾਹੌਰ ਵਿੱਚ ਦੋ ਪੇਸ਼ਾਵਰ ਥੀਏਟਰ ਸਥਾਪਿਤ ਹੋ ਗਏ ਇੱਕ ਆਗ਼ਾ ਹਸ਼ਰ ਦਾ ਅਤੇ ਦੂਜਾ ਮਾਸਟਰ ਰਹਿਮਤ ਅਲੀ ਦਾ। ਇਉਂ ਇਸ ਪ੍ਰਸੰਗ ਨੂੰ ਜੇ ਪੰਜਾਬੀ ਨਾਟਕ ਦੇ ਨਿਕਾਸ ਦਾ ਆਧਾਰ ਮੰਨ ਲਿਆ ਜਾਵੇ ਤਾ ਇਸ ਵਿੱਚ ਕੋਈ ਅਤਿਕਥਨੀ ਨਹੀਂ ਹੋਵੇਗੀ। ਭਾਈ ਵੀਰ ਸਿੰਘ ਦੇ 1910 ਵਿੱਚ ਛਪੇ ਪਹਿਲੇ ਨਾਟਕ ਸੰਸਕ੍ਰਿਤ ਦੇ ਪ੍ਰਭਾਵਾ ਅਧੀਨ 'ਰਾਜਾ ਲੱਖਦਾਤਾ' ਨੂੰ ਲਿਆ ਜਾ ਸਕਦਾ ਹੈ। ਬਾਵਾ ਬੁੱਧ ਸਿੰਘ ਦਾ 1909 ਵਿੱਚ ਛਪਿਆ ਨਾਟਕ 'ਚੰਦਰ ਹਰੀ' ਸੀ। ਇਸ ਸਮੇਂ ਪੰਜਾਬ ਅੰਦਰ ਕੁਝ ਰਾਸਧਾਰੀਆਂ ਦੀਆਂ ਮੰਡਲੀਆ ਰਾਸਾ ਪਾਉਣ ਲੱਗ ਪਈਆਂ ਸਨ। ਇਸੇ ਦੌਰਾਨ ਹੀ ਪੰਜਾਬੀ ਨਾਟਕ ਤੇ ਰੰਗਮੰਚ ਦੀ ਉਤਪੱਤੀ ਸੰਭਵ ਹੋਈ, ਜਿਸਨੂੰ ਨਵੀਆਂ ਤੇ ਨਰੋਈਆਂ ਲੀਹਾਂ ਤੇ ਪਾਉਣ ਦਾ ਕੰਮ ਮਿਸਿਜ਼ ਨੌਰਾ ਰਿਚਡਜ਼ ਨੇ ਕੀਤਾ ਦਿਆਲ ਸਿੰਘ ਕਾਲਜ ਲਾਹੌਰ ਦੇ ਇੱਕ ਅੰਗਰੇਜ਼ ਪ੍ਰੋਫੈਸਰ ਦੀ ਪਤਨੀ ਸੀ ਤੇ 1911 ਵਿੱਚ ਲਾਹੌਰ ਆਈ ਸੀ। ਆਈ. ਸੀ. ਨੰਦਾ ਉਹਨਾਂ ਦਿਨਾਂ ਵਿੱਚ ਦਿਆਲ ਸਿੰਘ ਕਾਲਜ ਦਾ ਵਿਦਿਆਰਥੀ ਸੀ ਜਿਸ ਨੇ ਇਨ੍ਹਾਂ ਦੀ ਪ੍ਰੇਰਨਾ ਰਹੀ 1913 ਵਿੱਚ ਦੁਲਹਨ(ਸੁਹਾਗ) ਨਾਟਕ (ਅਸਲ 'ਚ ਇਕਾਂਗੀ) ਲਿਖਿਆ ਸੀ। ਐੱਸ. ਐੱਸ. ਭਟਨਾਗਰ ਦਾ 1912 ਵਿੱਚ ਕਰਾਮਾਤ, ਬਲਰਾਜ ਸਾਹਨੀ ਦਾ ਦੀਨੇ ਦੀ ਜੰਞ (1914) ਪੰਜਾਬੀ ਨਾਟਕ ਦੇ ਨਿਕਾਸ ਤੇ ਵਿਕਾਸ ਵਿੱਚ ਦੋ ਸਖਸੀਅਤਾਂ ਮਿਸਿਜ਼ ਨੌਰਾ ਤੇ ਆਈ. ਸੀ. ਨੰਦਾ ਦਾ ਮੁੱਢਲਾ ਯੋਗਦਾਨ ਹੈ।[3]
ਇਸ ਦੌਰ ਦੇ ਨਾਟਕਕਾਰ
[ਸੋਧੋ]ਇਹ ਪਹਿਲੀ ਪੀੜੀ ਹੈ ਜੋ ਕਿ ਵੰਡ ਤੋਂ ਪਹਿਲਾਂ ਦੀ ਹੈ। ਇਸੇ ਵਿੱਚ ਪੰਜਾਬੀ ਨਾਟਕ ਆਪਣਾ ਵਿਕਾਸ ਕਰਦਾ ਹੋਇਆ ਆਪਣਾ ਵਿਲੱਖਣ ਪਰਿਪੇਖ ਸਿਰਜਦਾ ਹੈ। 1913 ਤੋਂ 1947 ਦਰਮਿਆਨ ਨਾਟਕ ਦੇ ਖੇਤਰ ਵਿੱਚ ਮਹੱਤਪੂਰਨ ਪਰਿਵਰਤਨ ਆਇਆ। ਇਸ ਵਿਚੋਂ ਆਈ. ਸੀ. ਨੰਦਾ ਤੋਂ ਇਲਾਵਾ ਹੋਰ ਕਈ ਨਾਟਕਕਾਰ ਨੇ ਰਚਨਾ ਆਰੰਭ ਕੀਤੀ।ਜਿਹਨਾਂ ਵਿਚੋਂ ਹਰਚਰਨ ਸਿੰਘ (ਕਮਲਾ ਕੁਮਾਰੀ) ਬਲਵੰਤ ਗਾਰਗੀ (1944 'ਲੋਹਾ ਕੁੱਟ') ਸੰਤ ਸਿੰਘ ਸੇਖੋਂ (1946 ਪੂਰੇ ਨਾਟਕ 'ਕਲਾਕਾਰ') ਗੁਰਦਿਆਲ ਸਿੰਘ ਖੋਸਲਾ (1944 ਪੂਰੇ ਨਾਟਕ 'ਬੂਹੇ ਬੈਠੀ ਧੀ') ਕਰਤਾਰ ਸਿੰਘ ਦੁੱਗਲ ਨੇ (1941 ਵਿੱਚ 'ਸਿਫ਼ਰ ਸਿਫ਼ਰ ਰਾਹੀਂ') ਪੰਜਾਬੀ ਨਾਟ ਖੇਤਰ ਵਿੱਚ ਪ੍ਰਵੇਸ਼ ਕੀਤਾ। ਇਨ੍ਹਾਂ ਨਾਟਕਾਂ ਦੀ ਮੁੱਖ ਸੁਰ ਸਮਾਜਿਕ ਵਿਹਾਰ ਦੀਆਂ ਅਨੇਕਾਂ ਪਰਤਾਂ ਦੀ ਪੇਸ਼ਕਾਰੀ ਰਹੀ ਹੈ, ਸਮਾਜ ਵਿੱਚ ਪਸਰੀਆਂ ਅਨੇਕਾਂ ਬੁਰਾਈਆਂ ਜਿਵੇਂ ਬਾਲ ਵਿਆਹ, ਵਿਧਵਾ ਵਿਆਹ, ਅਣਜੋੜ ਵਿਆਹ, ਵਹਿਮ-ਭਰਮ, ਅੰਧ ਵਿਸ਼ਵਾਸ ਇਸ ਦੌਰ ਦੇ ਨਾਟਕਾਂ ਦੇ ਵਿਸ਼ੇ ਵਸਤੂ ਬਣੇ। ਇਸੇ ਵਰ੍ਹੇ ਦੇਸ਼ ਵੰਡ ਤੋਂ ਪੰਜ ਸਾਲ ਪਹਿਲਾਂ 1942 ਵਿੱਚ ਇਸ ਲਹਿਰ ਦਾ ਜਨਮ ਹੋਇਆ ਇਸ ਤੋਂ ਅੱਗੇ ਪੰਜਾਬੀ ਓਪੇਰਾ ਦਾ ਜਨਮ ਹੋਇਆ, ਰਾਜਸੀ ਚੇਤਨਾ ਦੇ ਨਾਲ ਸੰਪੰਨ, ਇਸ ਨਾਟ ਰੂਪ ਦਾ ਵੀ ਪੰਜਾਬੀ ਨਾਟਕ ਦੇ ਇਤਿਹਾਸ ਵਿੱਚ ਵਿਸ਼ੇਸ਼ ਮਹੱਤਵ ਹੈ। 1913 ਤੋਂ 1947 ਦਰਮਿਆਨ (ਭਾਰਤੀ, ਪਾਕਿਸਤਾਨੀ, ਪਰਵਾਸੀ ਸੰਗਠਿਤ ਇਤਿਹਾਸ ਦੌਰਾਨ ਪੂਰਨ ਕਾਲ ਵਿੱਚ ਪੰਜਾਬੀ ਨਾਟਕ ਦਾ ਬਾਲ ਨਾਟਕ ਵੀ ਅਰਥ ਗ੍ਰਹਿਣ ਕਰਦਾਹੈ। ਇਸ ਵਿੱਚ ਯਥਾਰਥਵਾਦੀ ਸ਼ੈਲੀ ਮਹੱਤਵਪੂਰਨ ਰਹੀ। 'ਰੋਫ਼ੀ ਪੀਰ' ਦਾ ਨਾਟਕ ਅੱਖੀਆਂ ਹੈ।[4]
1947 ਤੋਂ ਬਾਅਦ ਦਾ ਦੌਰ
[ਸੋਧੋ]1947 ਤੋਂ ਬਾਅਦ ਦਾ ਪੰਜਾਬੀ ਸਾਹਿਤ ਦੀ ਤਕਸੀਮ:-
- ਭਾਰਤੀ ਪੰਜਾਬੀ ਸਾਹਿਤ।
- ਪਾਕਿਸਤਾਨੀ ਪੰਜਾਬੀ ਸਾਹਿਤ।
1. ਪਾਕਿਸਤਾਨੀ ਪੰਜਾਬੀ ਸਾਹਿਤ (ਨਾਟਕ):- ਦੇਸ਼ ਵੰਡ ਤੋਂ ਬਾਅਦ ਪੰਜਾਬੀ ਸਾਹਿਤ ਦੋ ਹਿੱਸਿਆਂ ਵਿੱਚ ਵੰਡਿਆ ਗਿਆ ਜਾਂ ਫਿਰ ਇਸਦੀਆਂ ਦੋ ਧਰਾਵਾਂ ਬਣ ਗਈਆਂ। ਪੱਛਮੀ ਪੰਜਾਬ ਦੇ ਵਿਦਵਾਨਾਂ ਅਨੁਸਾਰ ਪਾਕਿਸਤਾਨੀ ਪੰਜਾਬੀ ਨਾਟਕ ਵੰਡ ਤੋਂ ਵੀ ਪਹਿਲਾਂ ਆਰੰਭ ਹੋ ਜਾਂਦਾ ਹੈ। ਉਹ 'ਜੋਸ਼ੂਆ ਫਜ਼ਲਦੀਨ' ਤੋਂ ਪਾਕਿਸਤਾਨੀ ਨਾਟਕ ਦਾ ਮੁੱਢ ਬੰਨਣ ਬਹਿ ਜਾਂਦੇ ਹਨ। ਪੰਰਤੂ ਪਾਕਿਸਤਾਨੀ ਪੰਜਾਬੀ ਨਾਟਕ ਦਾ ਮੁੱਢ 1947 ਤੋਂ ਹੀ ਮੰਨਿਆ ਜਾਵੇਗਾ। ਲਾਹੌਰ ਦੀਆਂ ਸਾਹਿਤਕ ਸਰਗਰਮੀਆਂ ਦੇ ਵਿਰਸੇ ਨੇ ਪਾਕਿਸਤਾਨ ਦੇ ਵਰਤਮਾਨ ਸਾਹਿਤ ਨੂੰ ਪ੍ਰਵਾਭਿਤ ਕੀਤਾ। ਪਾਕਿਤਸਾਨ ਦੇ ਲਾਹੌਰ ਰੇਡੀਓ ਦੇ ਵਿਰਸੇ ਨੇ ਪਾਕਿਸਤਾਨ ਟੈਲੀਵਿਜ਼ਨ ਲਈ ਭਰਪੂਰ ਜ਼ਮੀਨ ਤੋਂ ਕੀਤੀ। ਰੇਡੀਓ ਤੇ ਟੀ.ਵੀ. ਨਾਟਕਾਂ ਦੇ ਪਾਕਿਸਤਾਨ ਦੇ ਵਿੱਚ ਉੱਚੇ ਮੁਕਾਮ ਹਾਸਿਲ ਕੀਤੇ। ਲਿਖਣ ਵਾਲੇ ਨਾਟਕਕਾਰ, ਮੇਜਰ ਇਸ਼ਹਾਕ ਮੁਹੰਮਦ (ਕੁਕਨੂਸ ਤੇ ਮੁਸੱਲੀ ਨਾਟਕ), ਨਜ਼ਮ ਹੂਸੈਨ ਸੱਯਦ ਤੇ ਸ਼ਾਹਿਦ ਨਦੀਮ (ਬੁੱਲਾ, ਰੁੱਖ ਦਰਿਆ) ਪੂਰੇ ਨਾਟਕਕਾਰ ਹਨ। ਮਦੀਹਾ ਗੌਹਰ ਤੇ ਸਾਹਿਦ ਨਦੀਮ ਅਜੌਕਾ ਥੀਏਟਰ ਬਹੁਤ ਪ੍ਰਸਿੱਧ ਹੋਇਆ। ਇਨ੍ਹਾਂ ਦੀਆਂ ਰੰਗਮੰਚੀ ਪੇਸ਼ਕਾਰੀਆਂ 'ਇੱਟ', 'ਝੱਲੀ ਕਿਥੇ ਜਾਵੇ' ਤੇ ‘ਮਰਿਆ ਹੋਇਆ ਕੁੱਤਾ' ਉਘੀਆਂ ਸਮਾਜਿਕ ਆਰਥਿਕ ਸਮੱਸਿਆਵਾਂ ਬੜੇ ਅਸਰਦਾਰ ਢੰਗ ਨਾਲ ਪ੍ਰਸਤੁਤ ਕਰਦੀਆਂ ਹਨ। ਪੰਜਾਬੀ ਨਾਟਕ ਦੇ ਆਰੰਭ ਤੋਂ ਪਾਕਿਸਤਾਨੀ ਪੰਜਾਬੀ ਨਾਟਕ ਦੀ ਪਹਿਲੀ ਪੁਸਤਕ 'ਹਵਾ ਦੇ ਹਉਕੈ (1957) ਹੈ। ਪਾਕਿਸਤਾਨ ਵਿੱਚ ਰੇਡਿਓ, ਟੀ.ਵੀ. ਅਤੇ ਸਟੇਜ ਤਿੰਨ ਪ੍ਰਕਾਰ ਦੇ ਨਾਟਕ ਦੀ ਪੇਸ਼ਕਾਰੀ ਹੁੰਦੀ ਸੀ। ਸਰਮਦ ਸਹਿਬਾਈ, ਫਖ਼ਰ ਜਮਾਨ, ਅਸ਼ਫਾਕ ਅਹਿਮਦ, ਬਾਨੋ ਕੁਟਸੀਆ, ਮਨੂਭਾਈ, ਨਜ਼ਰ ਫਾਤਿਮਾ, ਨਵਾਜ਼, ਆਗਾ ਅਸ਼ਰਫ ਹਨ। ਇਹ ਨਾਟਕ ਵਿੱਚ ਪ੍ਰਤੀਕਾਂ ਦੀ ਵਰਤੋਂ ਕਰਦੇ ਹਨ।[5]
ਭਾਰਤੀ ਪੰਜਾਬੀ ਸਾਹਿਤ
[ਸੋਧੋ]ਵੰਡ ਤੋਂ ਬਾਅਦ ਇਸਦਾ ਦੂਜਾ ਦੌਰ ਸ਼ੁਰੂ ਹੁੰਦਾ ਹੈ ਜਿਸਨੂੰ ਅੱਗੇ ਤਿੰਨ ਭਾਗਾਂ ਵਿੱਚ ਵੰਡਿਆ ਗਿਆ ਹੈ। ਜਿਵੇਂ ਕਿ 1947 ਤੋਂ 1975 ਤੱਕ, 1975 ਤੋਂ 1990, 1990 ਤੋਂ 2013 ਤੱਕ ਅਲੱਗ-ਅਲੱਗ ਪੀੜੀਆਂ ਦੇ ਨਾਟਕਕਾਰ ਹਨ। ਜਿਹਨਾਂ ਨੇ ਆਪਦੀਆਂ ਰਚਨਾਵਾਂ ਦਿੱਤੀਆਂ ਹਨ।
1947 ਤੋਂ 1975 ਦਾ ਦੌਰ
[ਸੋਧੋ]ਸੁਰਜੀਤ ਸਿੰਘ ਸੇਠੀ, ਕਪੂਰ ਸਿੰਘ ਘੁੰਮਣ, ਹਰਸਰਨ ਸਿੰਘ, ਗੁਰਚਰਨ ਸਿੰਘ ਜਸੂਜਾ, ਪਰਿਤੋਸ਼ ਗਾਰਗੀ, ਅਮਰੀਕ ਸਿੰਘ ਆਦਿ ਨੇ ਮੁੱਢਲੇ ਰੂਪ ਵਿੱਚ ਸਮਾਜੀ ਸਮੱਸਿਆਵਾਂ ਅਤੇ ਮੁੜ ਮਨੋਵਿਗਿਆਨਿਕ ਵਿਸ਼ਲੇਸ਼ਣ ਦਾ ਰਾਹ ਫੜਿਆ। ਇਹ ਦੌਰ ਇਪਟਾ ਤੇ ਓਪੇਰਾ ਦੇ ਸਿਖਰ ਦਾ ਦੌਰ ਹੈ। ਇਹਨਾਂ ਦੇ ਨਾਟਕ ਯਥਾਰਥਵਾਦੀ ਨਾਟਕ ਸ਼ੈਲੀ ਰਾਹੀਂ ਪ੍ਰਵਾਨ ਚੜੇ। ਇਸ ਵਿੱਚ ਪੱਛਮੀ ਨਾਟ ਸ਼ੈਲੀ ਤੋਂ ਇਲਾਵਾ ਐਪਿਕ ਥੀਏਟਰ, ਐਬਸਰਡ ਥੀਏਟਰ, ਹੰਗਾਮੀ ਥੀਏਟਰ ਪ੍ਰਵੇਸ਼ ਹੁੰਦਾ ਹੈ। ਇਥੇ ਲੋਕ ਨਾਟ ਸ਼ੈਲੀ ਨੂੰ ਵੀ ਅਪਣਾਇਆ ਗਿਆ ਹੈ। ਇਹ ਪੜਾਅ ਨਵੀਆਂ ਚੁਣੋਤੀਆਂ ਦਾ ਦੌਰ ਸੀ।
1975 ਤੋਂ 1990 ਦਾ ਦੌਰ
[ਸੋਧੋ]1975 ਤੋਂ ਬਾਦ ਇਪਟਾ ਦੇ ਉਤਰਾਧਿਕਾਰੀ ਵਜੋਂ ਗੁਰਸ਼ਰਨ ਸਿੰਘ ਨੇ ਮਲਵਈ ਖੇਤਰ ਵਿੱਚ ਰੰਗ ਕਰਮੀਆਂ ਕਰਨ ਵਾਲੇ ਨਾਟ ਗਰੁੱਪਾਂ ਨੇ ਲੋਕ-ਨਾਟ ਸ਼ੈਲੀਆਂ ਨੂੰ ਅਪਣਾਇਆ। 1975 ਤੋਂ 1980 ਪੰਜਾਬੀ ਸਾਹਿਤ ਲਈ 20ਵੀਂ ਸਦੀ ਦਾ ਨੌਵਾਂ ਦਹਾਕਾ ਵਿਸ਼ੇਸ਼ ਮਹਤੱਵ ਦਾ ਧਾਰਨੀ ਹੈ। ਪੰਜਾਬ ਸੰਕਟ ਦੀ ਝਲਕ 1978 ਦੇ ਨੇੜੇ-ਤੇੜੇ ਮਿਲਣੀ ਸ਼ੁਰੂ ਹੋ ਗਈ ਸੀ। ਸੋਵੀਅਤ ਯੂਨੀਅਨ ਦੀ ਟੁੱਟ ਭੱਜ ਦੇ ਅਸਰ ਵੀ ਇਸ ਦਹਾਕੇ ਵਿੱਚ ਬਣਨੇ ਆਰੰਭ ਹੋ ਗਏ। ਸਪਰੂ ਨਾਟਕ ਦੇ ਵਿਰੋਧ ਵਿੱਚ ਚਰਨਦਾਸ ਸਿੱਧੂ ਰਾਹੀਂ ਪੰਜਾਬੀ ਨਾਟਕ ਦੀ ਤੀਜੀ ਪੀੜੀ ਦਾ ਉਥਾਨ ਹੋਇਆ ਜਿਸ ਵਿੱਚ ਅਮਰਜੀਤ ਗਰੇਵਾਲ, ਰਵਿੰਦਰ ਰਵੀ, ਅਜਾਇਬ ਕਮਲ, ਦਵਿੰਦਰ ਦਮਨ, ਦੇਵਿੰਦਰ ਸਿੰਘ, ਦਰਸ਼ਨ ਮਿਤਵਾ, ਸ. ਨ. ਸੇਵਕ ਆਦਿ ਨਾਟਕਾਰਾਂ ਨੇ ਵੀ ਆਪਣਾ ਯੋਗਦਾਨ ਪਾਇਆ। ਮੁੱਢਲੇ ਨਾਟਕਕਾਰ ਆਤਮਜੀਤ ਤੇ ਅਜਮੇਰ ਸਿੰਘ ਔਲਖ ਇਹ ਯੁਵਕ ਮੇਲਿਆਂ ਰਾਹੀਂ ਰੋਸ਼ਨੀ ਵਿੱਚ ਆਏ। ਇਸ ਵਿੱਚ ਮਾਲਵੇ ਦੀ ਕਿਸਾਨੀ, ਆਰਥਿਕ ਤੌਰ 'ਤੇ ਨਪੀੜੇ ਲੋਕ, ਰਾਜਨੀਤਿਕ ਦੌਰ ਦੇ ਵਿਛੁੰਨੇ ਲੋਕਾਂ ਨੂੰ ਵਿਸ਼ੇ ਵਸਤੂ ਜਵੋਂ ਲਿਆ ਗਿਆ।[6]
1990 ਤੋਂ 2013 ਦਾ ਦੌਰ
[ਸੋਧੋ]1990 ਤੋਂ 2013 ਵਿੱਚ ਨਵੇਂ ਨਾਟਕਾਰਾਂ ਦੀ ਇੱਕ ਭਰੀ ਫਸਲ ਸਾਹਮਣੇ ਆਈ ਜਿਸ ਦੀ ਗਿਣਤੀ ਵੀ ਪਹਿਲੀਆਂ ਪੀੜੀਆਂ ਦੇ ਨਾਟਕਾਰਾਂ ਨਾਲੋਂ ਵੱਧ ਸੀ ਤੇ ਇਹ ਗੁਣ ਪੱਖੋਂ ਵੀ ਪੁਰਾਣੇ ਨਾਟਕਕਾਰਾ ਨਾਲੋਂ ਕੁਝ ਨਵਾਂ ਸਿਰਜਣ ਦੇ ਆਹਰ ਵਿੱਚ ਸਨ। ਇਨ੍ਹਾਂ ਨਾਟਕਕਾਰਾਂ ਵਿੱਚ ਡਾ. ਸਤੀਸ਼ ਵਰਮਾ, ਮਨਜੀਤ ਪਾਲ ਕੌਰ, ਪਾਲੀ ਭੁਪਿੰਦਰ, ਸਵਰਾਜਬੀਰ, ਜਤਿੰਦਰ ਬਰਾੜ, ਵਰਿਆਮ ਮਸਤ, ਦੇਵਿੰਦਰ ਕੁਮਾਰ, ਨਸੀਬ ਬਵੇਜਾ, ਕੁਲਦੀਪ ਸਿੰਘ ਦੀਪ, ਰਾਣਾ ਜੰਗ ਬਹਾਦਰ, ਕੇਵਲ ਧਾਲੀਵਾਲ, ਸੋਮਪਾਲ ਹੀਰਾ, ਸਾਹਿਬ ਸਿੰਘ, ਜਗਦੀਸ਼ ਸਚਦੇਵਾ, ਸਰਬਜੀਤ ਔਲਖ, ਬਲਦੇਵ ਸਿੰਘ, ਕਿਰਪਾਲ ਕਜ਼ਾਕ, ਰਾਣਾ ਰਣਬੀਰ ਆਦਿ ਸ਼ਾਮਿਲ ਹਨ। ਇਸ ਪੜਾਅ ਦੀ ਵਿਲੱਖਣਤਾ ਇਹ ਹੈ ਕਿ ਇਕੋ ਸਮੇਂ ਚਾਰ ਪੀੜੀਆਂ ਪੰਜਾਬੀ ਨਾਟਕਕਾਰੀ ਵਿੱਚ ਕਾਰਜਸ਼ੀਲ ਰਹਿੰਦੀਆਂ ਹਨ। ਇਸ ਨਾਟਕ ਤੇ ਥੀਏਟਰ ਦਾ ਇੱਕ ਸੰਤੁਲਨ ਸਥਾਪਿਤ ਹੋਇਆ। ਇਨ੍ਹਾਂ ਵਿੱਚ ਨਾਟਕੀ ਸੂਝ ਤੇ ਰੰਗਮੰਚੀ ਚੇਤਨਾ ਬਰਾਬਰ ਮਾਤਰਾ ਵਿੱਚ ਮੌਜੂਦ ਹੈ। ਇਹਨਾਂ ਨੇ ਨਾਰੀ ਚੇਤਨਾ ਤੇ ਦਲਿਤ ਚੇਤਨਾ ਦੇ ਪ੍ਰਸੰਗਾਂ ਨੂੰ ਛੋਹਿਆ ਹੈ। ਇਹ ਨਾਟਕ ਮੂਲ ਰੂਪ ਵਿੱਚ ਨਾਰੀ ਸੰਵੇਦਨਾਂ ਤੋਂ ਨਾਰੀ ਚੇਤਨਾ ਤੱਕ ਦੀ ਯਾਤਰਾ ਕਰਦਾ ਹੈ। ਇਸ ਵਿੱਚ ਨਾਰੀਵਾਦ ਵੀ ਝਲਕ ਦਿੰਦਾ ਜਾਪਦਾ ਹੈ, ਨਾਰੀ ਚੇਤਨਾ ਦੇ ਪੜਾਅ ਤੇ ਖੜੋ ਕੇ ਇਉਂ ਇਸ ਪੜਾਅ ਦਾ ਨਾਟਕ ਅਜਿਹੇ ਪ੍ਰਸੰਗਾਂ ਦੀ ਝਲਕ ਦਿੰਦਾ ਹੈ।ਜਿਸ ਦੇ ਭਵਿੱਖੀ ਵਿਸਤਾਰਾਂ ਦੀਆਂ ਸੰਭਾਵਨਾਵਾਂ ਤੋ ਇਨਕਾਰ ਨਹੀਂ ਕੀਤਾ ਜਾ ਸਕਦਾ।[7]
ਪਰਵਾਸੀ ਪੰਜਾਬੀ ਸਾਹਿਤ
[ਸੋਧੋ]ਭਾਰਤ ਅਤੇ ਪਾਕਿਸਤਾਨ ਤੋਂ ਬਾਹਰਲੇ ਦੇਸ਼ਾਂ ਵਿੱਚ ਰਚੇ ਗਏ ਨਾਟਕਾਂ ਨੂੰ 'ਪਰਵਾਸੀ ਪੰਜਾਬੀ' ਨਾਟਕ ਵਜੋਂ ਸਵੀਕਾਰਿਆ ਜਾਣਾ ਚਾਹੀਦਾ ਹੈ।ਉਥੇ ਰਹਿਣ ਨੂੰ 'ਪਰਵਾਸੀ' ਮੰਨ ਕੇ ਤੁਰਿਆ, ਉੱਥੋਂ ਦੇ ਲੇਖਕਾਂ ਵੱਲੋਂ ਰਚੇ ਗਏ ਸਾਹਿਤ ਲਈ ਪਰਵਾਸੀ ਪੰਜਾਬੀ ਸਾਹਿਤ ਟਰਮ ਵਰਤੀ ਦੀ ਹੈ। ਦਰਸ਼ਨ ਸਿੰਘ ਗਿਆਨੀ, ਤਰਸੇਮ ਨੀਲਗਿਰੀ, ਲੱਖਾ ਸਿੰਘ ਜੌਹਰ, ਇਹ ਇੰਗਲੈਂਡ ਵਾਸੀ ਹਨ, ਅਜਾਇਬ ਕਮਲ (ਕੀਨੀਆ), ਸਾਧੂ-ਸੁਖਵੰਤ ਹੁੰਦਲ (ਕੈਨੇਡਾ) ਨਾਟ ਜੋੜੀ। ਦਵਿੰਦਰ ਰਵੀ (ਕੈਨੇਡਾ), ਅਜਮੇਰ ਰੋਡੇ, ਸੁਰਜੀਤ ਕਲਸੀ, ਅਮਨਪਾਲ ਸਾਰਾ, ਰਾਜਵੰਤ ਕੌਰ ਮਾਨ, ਨਾਹਰ ਸਿੰਘ ਔਜਲਾ ਆਦਿ ਰੰਗਕਰਮੀਆਂ ਦਾ ਰੋਲ ਮਹੱਤਵਪੂਰਨ ਹਨ।[8]
ਹਵਾਲੇ
[ਸੋਧੋ]- ↑ Lua error in ਮੌਡਿਊਲ:Citation/CS1 at line 3162: attempt to call field 'year_check' (a nil value).
- ↑ Lua error in ਮੌਡਿਊਲ:Citation/CS1 at line 3162: attempt to call field 'year_check' (a nil value).
- ↑ Lua error in ਮੌਡਿਊਲ:Citation/CS1 at line 3162: attempt to call field 'year_check' (a nil value).
- ↑ Lua error in ਮੌਡਿਊਲ:Citation/CS1 at line 3162: attempt to call field 'year_check' (a nil value).
- ↑ Lua error in ਮੌਡਿਊਲ:Citation/CS1 at line 3162: attempt to call field 'year_check' (a nil value).
- ↑ Lua error in ਮੌਡਿਊਲ:Citation/CS1 at line 3162: attempt to call field 'year_check' (a nil value).
- ↑ Lua error in ਮੌਡਿਊਲ:Citation/CS1 at line 3162: attempt to call field 'year_check' (a nil value).
- ↑ Lua error in ਮੌਡਿਊਲ:Citation/CS1 at line 3162: attempt to call field 'year_check' (a nil value).