ਰਾਮਪੁਰਾ ਫੂਲ
ਰਾਮਪੁਰਾ ਫੂਲ | |
---|---|
ਸਹਿਰ | |
ਦੇਸ਼ | ਭਾਰਤ |
ਰਾਜ | ਪੰਜਾਬ |
ਜ਼ਿਲ੍ਹਾ | ਬਠਿੰਡਾ |
ਆਬਾਦੀ (2011) | |
• ਕੁੱਲ | 48,450 |
ਭਾਸ਼ਾਵਾਂ | |
• ਅਧਿਕਾਰਕ | ਪੰਜਾਬੀ |
ਸਮਾਂ ਖੇਤਰ | ਯੂਟੀਸੀ+5:30 (ਭਾਰਤੀ ਮਿਆਰੀ ਸਮਾਂ) |
ਪਿਨ ਕੋਡ | 151103 |
ਟੈਲੀਫੋਨ ਕੋਡ | +91 (0)1651 |
ਵਾਹਨ ਰਜਿਸਟ੍ਰੇਸ਼ਨ | PB-40 |
ਰਾਮਪੁਰਾ ਫੂਲ ਭਾਰਤੀ ਪੰਜਾਬ ਦੀ ਬਠਿੰਡਾ ਜ਼ਿਲ੍ਹਾ ਦੀ ਤਹਿਸੀਲ ਹੈ। ਇਹ ਸ਼ਹਿਰ ਬਠਿੰਡਾ ਚੰਡੀਗੜ੍ਹ ਸੜਕ ਉੱਪਰ ਸਥਿਤ ਹੈ।ਇਹ ਵਿਧਾਨ ਸਭਾ ਹਲਕਾ ਵੀ ਹੈ ਅਤੇ ਮਾਲਵੇ ਦਾ ਵੱਡਾ ਸ਼ਹਿਰ ਅਤੇ ਮੰਡੀ ਹੈ। ਦਰਅਸਲ ਰਾਮਪੁਰਾ ਅਤੇ ਫੂਲ ਦੋਨੋਂ ਅਲੱਗ ਅਲੱਗ ਸ਼ਹਿਰ ਅਤੇ ਕਸਬਾ ਹੈ। ਰਾਮਪੁਰਾ ਸ਼ਹਿਰ ਹੈ ਅਤੇ ਫੂਲ ਇੱਕ ਵੱਡਾ ਕਸਬਾਨੁਮਾ ਪਿੰਡ ਹੈ ਜਿਸ ਕਰ ਕੇ ਦੋਵਾਂ ਨੂੰ ਜ਼ਿਆਦਾਤਰ ਇੱਕ ਹੀ ਨਾਂ ਰਾਮਪੁਰਾ ਫੂਲ ਨਾਲ ਬੁਲਾਇਆ ਜਾਂਦਾ ਹੈ।
ਤਹਿਸੀਲ ਦੇ ਪਿੰਡਾਂ ਬਾਰੇ ਵਿਸ਼ੇਸ਼
[ਸੋਧੋ]- ਸ. ਜ਼ੋਰਾ ਸਿੰਘ, ਨੇ ਪੰਡਤ ਜਵਾਹਰ ਲਾਲ ਨਹਿਰੂ ਨੂੰ ਗ੍ਰਿਫਤਾਰ ਕੀਤਾ ਅਤੇ ਸਜ਼ਾ ਸੁਣਾਈ, ਇਸ ਸਬ-ਡਿਵੀਜ਼ਨ ਦੇ ਪਿੰਡ ਸੇਲਵਰਾਹ ਦਾ ਵਸਨੀਕ ਸੀ । ਉਸ ਸਮੇਂ ਉਹ ਜ਼ਿਲਾ ਫੂਲ ਦਾ ਨਾਜ਼ਮ ਸੀ । ਪੰਡਤ ਜਵਾਹਰ ਲਾਲ ਨਹਿਰੂ ਨੇ ਆਪਣੀ ਸਵੈ-ਜੀਵਨੀ ਵਿਚ ਸ. ਜ਼ੋਰਾ ਸਿੰਘ ਦਾ ਵਿਸ਼ੇਸ਼ ਜ਼ਿਕਰ ਕੀਤਾ ਹੈ।
- ਪਿੰਡ ਕੋਠਾ ਗੁਰੂ ਅਜਿਹਾ ਪਿੰਡ ਹੈ, ਜਿੱਥੇ 150 ਗੋਤਾਂ ਦੇ ਜੱਟ ਰਹਿੰਦੇ ਹਨ।
- ਰਿਆਸਤਾਂ ਸਮੇਂ ਪਿੰਡ ਦਿਆਲਪੁਰਾ ਮਿਰਜ਼ਾ ਡਾਕੂਆਂ ਦੀ ਪਨਾਹਗਾਹ ਸੀ । ਇਸ ਦਾ ਕਾਰਨ ਇਹ ਸੀ ਕਿ ਪਿੰਡ ਦਿਆਲਪੁਰਾ ਜੀਂਦ ਰਿਆਸਤ ਵਿਚ ਪੈਂਦਾ ਸੀ ਜਦੋਂ ਇਸ ਦੇ ਨਾਲ ਲਗਵੇਂ ਪਿੰਡ ਗੁੰਮਟੀ ਕਲਾਂ , ਨਾਭਾ ਰਿਆਸਤ ਵਿਚ, ਕੋਠਾ ਗੁਰੂ ਪਟਿਆਲਾ ਰਿਆਸਤ ਵਿਚ ਅਤੇ ਕਲਿਆਣ ਅੰਗਰੇਜ਼ੀ ਰਾਜ ਅਧੀਨ ਸੀ । ਦਿਆਲਪੁਰਾ ਮਿਰਜ਼ਾ , ਦੂਰ ਦੇ ਥਾਣੇ ਬਾਲਿਆਂਵਾਲੀ ਅਧੀਨ ਸੀ। ਇਸ ਤਰ੍ਹਾਂ ਡਾਕੂਆਂ ਨੂੰ ਛੱਡੇ ਜਾਣ ਦਾ ਕੋਈ ਖਤਰਾ ਨਹੀਂ ਸੀ ਹੁੰਦਾ।
- ਪਿੰਡ ਗੁਰੂ ਅਤੇ ਕੋਟ ਸ਼ਮੀਰ ਪੰਜਾਬ ਭਰ ਚੋਂ ਦੋ ਅਜਿਹੇ ਪਿੰਡ ਹਨ ਜਿੱਥੇ 1949 ਤਕ ਚੁੰਗੀ ਲਗਦੀ ਰਹੀ।
- ਇਕੱਲਾ ਪਿੰਡ ਭਾਈ ਰੂਪਾ ਪਟਿਆਲਾ , ਨਾਭਾ , ਬਾਗੜੀਆਂ ਅਤੇ ਭਦੌੜ ਚਾਰ ਰਿਆਸਤਾਂ ਵਿਚ ਪੈਂਦਾ ਸੀ । ਪਿੰਡ ਦਾ ਮਾਲੀਆ ਇਨ੍ਹਾਂ ਸਾਰੀਆਂ ਰਿਆਸਤਾਂ ਵਿਚ ਵੰਡਿਆ ਜਾਂਦਾ ਸੀ ਜਦੋਂ ਕਿ ਫੌਜਦਾਰੀ ਅਧਿਕਾਰ ਇਕੱਲੀ ਨਾਭਾ ਰਿਆਸਤ ਕੋਲ ਸਨ।
- ਬਠਿੰਡਾ ਜ਼ਿਲ੍ਹਾ ਦੀ ਸਬ-ਤਹਿਸੀਲ ਨਥਾਣਾ ਪਹਿਲਾਂ ਫਿਰੋਜ਼ਪੁਰ ਜ਼ਿਲ੍ਹੇ ਵਿਚ ਪੈਂਦੀ ਸੀ। ਇਕ ਵਾਰ ਪਾਕਿਸਤਾਨ ਰੇਡਿਓ ਤੋਂ ਪ੍ਰਸਾਰਿਤ ਹੁੰਦੇ ਇਕ ਪ੍ਰੋਗਰਾਮ ਵਿਚ ਬੋਲਿਆ ਗਿਆ, ਤੂੰ ਤਾਂ ਇਉਂ ਫਿਕਰਾਂ ਵਿਚ ਘਿਰਿਆ ਹੋਇਐਂ ਜਿਵੇਂ ਫਿਰੋਜ਼ਪੁਰ ਜ਼ਿਲ੍ਹਾ ਦੀ ਸਬ-ਤਹਿਸੀਲ ਨਥਾਣਾ , ਬਠਿੰਡਾ ਜ਼ਿਲੇ ਵਿਚ ਘਿਰੀ ਹੋਈ ਐ।
- ਕੁਝ ਸਾਲ ਪਹਿਲਾਂ ਰਾਮਪੁਰਾ ਫੂਲ ਲੋਕਾਂ ਨੂੰ ਅੱਲਾਂ ਪਾਉਣ ਦੀ ਬਹੁਤ ਆਦਤ ਸੀ, ਇਥੇ ਕੁਝ ਫੱਕਰ ਕਿਸਮ ਦੇ ਮੰਗਤੇ ਸਨ, ਜਿਨ੍ਹਾਂ ਨੂੰ ਆਪਾ, ਦੀਆ, ਢੇਰੀ, ਕਾਲੀ, ਮਾਈ ਆਦਿ ਨਾਲ ਜਾਣਿਆ ਜਾਂਦਾ ਸੀ। ਸਮੁੱਚੇ ਇਲਾਕੇ ਵਿਚ ਮਸ਼ਹੂਰ ਸਨ । ਸਕੂਲਾਂ ਦੇ ਜੁਆਕਾਂ ਤੋਂ ਇਲਾਵਾ ਵੱਡੇ ਵੀ ਇਨ੍ਹਾਂ ਨੂੰ ਉਕਤ ਨਾਂ ਲੈ ਕੇ ਛੇੜ ਦਿੰਦੇ ਅਤੇ ਫਿਰ ਇਹ ਫੱਕਰ, ਲੋਕਾਂ ਨੂੰ ਗਾਲ੍ਹਾਂ ਕੱਢਦੇ ਜਾਂ ਇੱਟ-ਰੋੜਾ ਚੁੱਕ ਕੇ ਵਗਾਹ ਮਾਰਦੇ।
- ਰਿਆਸਤਾਂ ਸਮੇਂ ਰਾਮਪੁਰਾ ਫੂਲ ਦਾ ਸੂਏ ਵਾਲਾ ਪਾਸਾ ਨਾਭਾ ਰਿਆਸਤ ਅਤੇ ਰੇਲਵੇ ਸਟੇਸ਼ਨ ਵਾਲਾ ਪਾਸਾ ਪਟਿਆਲਾ ਰਿਆਸਤ ਵਿਚ ਪੈਂਦਾ ਸੀ, ਦੋਵਾਂ ਵਿਚਕਾਰ ਸਿਰਫ ਰੇਲਵੇ ਲਾਈਨ ਸੀ। ਉਸ ਸਮੇਂ ਲੋਕ ਅਪਰਾਧ ਕਰ ਕੇ ਫੜੇ ਜਾਣ ਦੇ ਡਰੋਂ ਲਾਈਨ ਪਾਰ ਕਰ ਕੇ ਦੂਜੀ ਰਿਆਸਤ ਵਿਚ ਚਲੇ ਜਾਂਦੇ।
- ਪਿੰਡ ਗੁੰਮਟੀ ਕਲਾਂ ਅਤੇ ਪਿੰਡ ਕੋਠਾ ਗੁਰੂ ਜੂਹ ਵਿਚ ਸਿੱਧੂ ਬਰਾੜਾਂ ਦੀਆਂ ਆਪਸ ਵਿਚ 22 ਲੜਾਈਆਂ ਹੋਈਆਂ।
ਇਤਿਹਾਸਕ ਤਸਵੀਰਾਂ
[ਸੋਧੋ]ਫੂਲਕੀਆਂ ਮਿਸਲ ਦੇ ਮੋਢੀ ਕਸਬਾ ਫੂਲ ਟਾਊਨ (ਬਠਿੰਡਾ) ਦੇ ਕਿਲ੍ਹਾ ਮੁਬਾਰਕ ਦੀ ਇਹ ਤਸਵੀਰ ਤਕਰੀਬਨ ਸਾਲ 1965-66 ਵੇਲੇ ਦੀ ਹੈ। ਤਸਵੀਰ ਵਿਚ ਆਲੇ ਦੁਆਲੇ ਦੇ ਘਰ ਕੱਚੇ, ਪਿੰਡ ਦਾ ਘੇਰਾ ਸੀਮਤ ਅਤੇ ਦੂਰ ਖੇਤ ਨਜ਼ਰ ਆ ਰਹੇ ਹਨ। ਇਹ ਤਸਵੀਰ ਅਰਜਨ ਸਿੰਘ ਨੰਬਰਦਾਰ ਦੇ ਪੁੱਤਰ ਮਹਿੰਦਰ ਸਿੰਘ ਫੌਜੀ ਦੇ ਕੈਮਰੇ ਤੋਂ ਖਿੱਚੀ ਲੱਗਦੀ ਹੈ। ਪੂਰੇ ਫੂਲ ਪਿੰਡ ਵਿਚ ਮਹਿੰਦਰ ਸਿੰਘ ਕੋਲ ਹੀ ਇੱਕੋ ਇਕ ਕੈਮਰਾ ਹੁੰਦਾ ਸੀ, ਜਿਸਨੂੰ ਉਹ ਫੌਜ ਵਿਚ ਨੌਕਰੀ ਦੌਰਾਨ ਹੀ ਲਿਆਏ ਸਨ। ਮੇਰੇ (ਗੌਤਮ ਰਿਸ਼ੀ ਦੇ) ਪਿਤਾ ਬਲਬੀਰ ਸਿੰਘ ਪੰਡਿਤ ਅਤੇ ਖੁਸ਼ਹਾਲ ਸਿੰਘ ਬੀਸੀ ਦੋਵੇਂ ਮਹਿੰਦਰ ਸਿੰਘ ਤੋਂ ਇਸੇ ਕੈਮਰੇ 'ਤੇ ਫੋਟੋਗ੍ਰਾਫੀ ਸਿਖਦੇ ਸੀ। ਉਸ ਵੇਲੇ ਪਿੰਡ ਵਿਚ ਖਿੱਚੀਆਂ ਤਕਰੀਬਨ ਸਾਰੀਆਂ ਤਸਵੀਰਾਂ ਇਸੇ ਇਕਲੌਤੇ ਕੈਮਰੇ ਦੀ ਦੇਣ ਹਨ। ਕਿਲ੍ਹਾ ਮੁਬਾਰਕ ਫੂਲ ਦੇ ਮੁੱਖ ਦਰਵਾਜੇ 'ਤੇ ਇਕ ਦਰਜਨ ਦੇ ਕਰੀਬ ਘੋੜਾ-ਟਾਂਗੇ ਖੜੇ ਰਹਿੰਦੇ ਸੀ, ਜਿੰਨ੍ਹਾਂ ਵਿਚੋਂ ਤਕਰੀਬਨ ਸਾਰੇ ਸਵਾਰੀਆਂ ਲੈ ਕੇ ਮੰਡੀ (ਫੂਲ ਤੇ ਰਾਮਪੁਰਾ ਮੰਡੀ) ਨੂੰ ਹੀ ਜਾਇਆ ਕਰਦੇ ਸੀ। 6 ਕਿਲੋਮੀਟਰ ਸਫ਼ਰ ਦਾ ਕਿਰਾਇਆ ਪ੍ਰਤੀ ਸਵਾਰੀ 4 ਆਨੇ (25 ਪੈਸੇ) ਹੁੰਦਾ ਸੀ। ਗੱਜਣ ਸਿੰਘ, ਇੰਦਰ ਸਿੰਘ ਸੌਲ, ਬਚਨਾ ਰਾਮ, ਲਾਲ ਚੰਦ, ਜੀਤ ਸਿੰਘ ਲੌਹਾਰ, ਪੰਡਤ ਹਿਰਦਾ ਰਾਮ, ਬੋਘੜੀ ਵਗੈਰਾ ਘੋੜਾ-ਟਾਂਗਾ ਚਲਾਉਂਦੇ ਸੀ। ਸਿਰਫ਼ ਮੰਡੀ ਅਤੇ ਫੂਲ ਦੇ ਦਰਮਿਆਨ ਹੀ ਸੜਕ ਸੀ, ਜੋ ਅੱਗੇ ਕਰੀਬ ਤਿੰਨ ਕਿਲੋਮੀਟਰ ਦੂਰ ਨਹਿਰ ਉਤੇ ਬਣੇ ਘਰਾਟ ਤੱਕ ਹੀ ਜਾਂਦੀ ਸੀ। ਬਾਕੀ ਲਾਗਲੇ ਪਿੰਡਾਂ ਨੂੰ ਕੱਚੇ ਰਸਤੇ ਹੀ ਜਾਂਦੇ ਸਨ। ਫੂਲ ਕਸਬੇ ਵਿਚ ਦਾਖਲਾ ਮੰਡੀ ਵਾਲੇ ਪਾਸਿਓ ਇਕ ਵੱਡੇ ਕਿਲ੍ਹਾ ਨੁਮਾ ਦਰਵਾਜੇ ਤੋਂ ਹੀ ਹੁੰਦਾ ਸੀ, ਜੋ ਬਿਲਕੁਲ ਕਿਲ੍ਹਾ ਮੁਬਾਰਕ ਦੇ ਮੁੱਖ ਦਰਵਾਜੇ ਵਰਗਾ ਸੀ। ਦਰਵਾਜੇ ਦੇ ਦੋਵੇਂ ਪਾਸੇ ਕਮਰੇ ਬਣੇ ਹੋਏ ਸੀ ਤੇ ਪਹਿਰੇਦਾਰ ਖੜ੍ਹਦੇ ਸਨ। ਉਪਰ ਵੀ ਕਈ ਕਮਰੇ ਬਣੇ ਹੋਏ ਸੀ, ਜਿੰਨ੍ਹਾਂ ਵਿਚੋਂ ਇਕ 'ਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਸੀ। ਪਿੰਡ ਦੇ ਤਿੰਨ ਹੋਰ ਪਾਸੇ ਮਹਿਰਾਜ, ਢਿਪਾਲੀ ਤੇ ਕਚਹਿਰੀ ਵੱਲ ਵੀ ਦਰਵਾਜੇ ਬਣੇ ਹੋਏ ਸੀ, ਲੇਕਿਨ ਇਹ ਪਿੰਡ ਦਾ ਮੁੱਖ ਦੁਆਰ ਸੀ। ਫੂਲਕੀਆਂ ਮਿਸਲ ਦਾ ਪਿਛੋਕੜ ਭੱਟੀ ਰਾਜਪੂਤਾਂ ਦੇ ਰਾਜਾ ਜੈਸਲ ਨਾਲ ਸਬੰਧਤ ਹੈ। ਇਹ ਵੀ ਪ੍ਰਮਾਣ ਹਨ ਕਿ ਕਿਲ੍ਹਾ ਮੁਬਾਰਕ ਫੂਲ ਦੇ ਬਿਲਕੁਲ ਨੇੜਲੇ ਘਰਾਂ ਦੇ ਪੁਰਖਿਆਂ ਨੇ ਕਿਸੇ ਵੇਲੇ ਰਿਆਸਤ ਨਾਭਾ ਦੇ ਰਾਜ ਪ੍ਰਬੰਧਾਂ ਅਤੇ ਕਿਲ੍ਹੇ ਦੀ ਉਸਾਰੀ ਵਿਚ ਆਪਣਾ ਵਡਮੁੱਲਾ ਯੋਗਦਾਨ ਪਾਇਆ ਹੈ।[1]
ਹਵਾਲੇ
[ਸੋਧੋ]- ↑ ਗੌਤਮ ਰਿਸ਼ੀ