ਸਮੱਗਰੀ 'ਤੇ ਜਾਓ

ਲਹਿਰੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਲਹਿਰੀ
ਪਿੰਡ
ਦੇਸ਼ ਭਾਰਤ
ਰਾਜਪੰਜਾਬ
ਜ਼ਿਲ੍ਹਾਬਠਿੰਡਾ ਜ਼ਿਲ੍ਹਾ
ਤਹਿਸੀਲਤਲਵੰਡੀ ਸਾਬੋ
ਖੇਤਰ
 • ਖੇਤਰਫਲ12.78 km2 (4.93 sq mi)
ਆਬਾਦੀ
 (2011)
 • ਕੁੱਲ2,934
ਭਾਸ਼ਾ
 • ਸਰਕਾਰੀਪੰਜਾਬੀ
 • ਸਥਾਨਕਪੰਜਾਬੀ
ਸਮਾਂ ਖੇਤਰਯੂਟੀਸੀ+5:30 (ਭਾਰਤੀ ਮਿਆਰੀ ਸਮਾਂ)
ਡਾਕ ਕੋਡ
151302

ਲਹਿਰੀ ਬਠਿੰਡਾ ਜ਼ਿਲ੍ਹੇ ਦੇ ਪ੍ਰਸਿੱਧ ਇਤਿਹਾਸਕ ਨਗਰ ਦਮਦਮਾ ਸਾਹਿਬ ਤਲਵੰਡੀ ਸਾਬੋ ਤੋਂ ਦੱਖਣ ਵਾਲੇ ਪਾਸੇ 14 ਕਿਲੋਮੀਟਰ ਦੀ ਦੂਰੀ ‘ਤੇ ਸਰਦੂਲਗੜ੍ਹ ਰੋਡ ਉੱਪਰ ਸਥਿਤ ਹੈ।

ਇਤਿਹਾਸ[ਸੋਧੋ]

ਇਸ ਪਿੰਡ ਦਾ ਮੁੱਢ ਬਾਬਾ ਸੂਰਤੀਆ ਵੰਸਾਵਲੀ ਤੋਂ ਅਲੱਗ ਹੋ ਕੇ ਬਾਬਾ ਅਕਾਲ ਨਾਂ ਦੇ ਇੱਕ ਬਜ਼ੁਰਗ ਨੇ ਮੋੜ੍ਹੀ ਗੱਡ ਕੇ ਬੰਨ੍ਹਿਆ ਸੀ। ਬਾਬਾ ਸੂਰਤੀਆ ਸਿੰਘ ਦੋ ਭਰਾ ਸਨ। ਪਿੰਡ ਦੇ ਹੱਦਬਸਤ ਨੰ. 139 ਅਤੇ ਕੁੱਲ ਰਕਬਾ 3190 ਏਕੜ ਹੈ। ਲਗਪਗ 4500 ਦੀ ਅਬਾਦੀ ਵਾਲੇ ਇਸ ਪਿੰਡ ਵਿੱਚ ਕਈ ਧਰਮਾਂ ਅਤੇ ਜਾਤਾਂ ਦੇ ਲੋਕ ਆਪਸੀ ਭਾਈਚਾਰਕ ਸਾਂਝ ਅਤੇ ਮਿਲਵਰਤਣ ਨਾਲ ਰਹਿ ਰਹੇ ਹਨ। ਪਿੰਡ ਦਾ ਪਿਛੋਕੜ ਸਿੱਧੂ ਬਰਾੜ ਭਾਈਚਾਰੇ ਦਾ ਹੈ ਅਤੇ ਚਹਿਲ, ਢਿੱਲੋਂ, ਵਿਰਕ, ਖੱਟੜਾ, ਸਰਾਂ ਅਤੇ ਮਾਨਸ਼ਾਹੀਆ ਗੋਤਰਾਂ ਦੇ ਕੁਝ ਘਰ ਹੋਰਾਂ ਪਿੰਡਾਂ ਤੋਂ ਆ ਕੇ ਇੱਥੇ ਵਸੇ ਹਨ। ਪਿੰਡ ਵਿੱਚ ਜ਼ਿਆਦਾਤਰ ਵਸੋਂ ਜੱਟ ਸਿੱਖਾਂ ਦੀ ਹੈ, ਇਸ ਤੋਂ ਇਲਾਵਾ ਮਜ੍ਹਬੀ ਸਿੱਖ, ਰਾਮਦਾਸੀਆ ਸਿੱਖ, ਨਾਈ ਸਿੱਖ, ਛੀਂਬਾ ਸਿੱਖ, ਬ੍ਰਾਹਮਣ, ਰਾਮਗੜ੍ਹੀਆ ਸਿੱਖ, ਮਹਿਰਾ ਸਿੱਖ ਮਹਾਜਨ ਅਤੇ ਮੁਸਲਿਮ ਭਾਈਚਾਰੇ ਦੀ ਵੀ ਵਸੋਂ ਹੈ।

ਧਾਰਮਿਕ ਸਥਾਨ[ਸੋਧੋ]

ਲਗਪਗ ਛੇ ਦਹਾਕੇ ਪਹਿਲਾਂ ਇਸ ਪਿੰਡ ਦਾ ਗੁਰਦੁਆਰਾ ਸਾਹਿਬ ਇਲਾਕੇ ਦੀ ਇੱਕ ਧਾਰਮਿਕ ਟਕਸਾਲ ਵਜੋਂ ਮਸ਼ਹੂਰ ਸੀ। ਇੱਥੋਂ ਦੇ ਮੁੱਖ ਸੇਵਾਦਾਰ ਸੰਤ ਬਾਬਾ ਗੁਰਦਿਆਲ ਸਿੰਘ ਉੱਚ ਕੋਟੀ ਦੇ ਗੁਰਮਤਿ ਪ੍ਰਚਾਰਕ ਸਨ ਅਤੇ ਇਲਾਕੇ ਦੇ ਕਈ ਪਿੰਡਾਂ ਦੇ ਸੈਂਕੜੇ ਸਿਖਿਆਰਥੀਆਂ ਨੇ ਉਨ੍ਹਾਂ ਪਾਸੋਂ ਗੁਰਬਾਣੀ ਗਿਆਨ ਹਾਸਲ ਕੀਤਾ। ਅੱਜ ਵੀ ਪਿੰਡ ਵਾਸੀ ਅਤੇ ਇਲਾਕੇ ਦੀਆਂ ਸੰਗਤਾਂ ਹਰ ਸਾਲ ਇਨ੍ਹਾਂ ਮਹਾਂਪੁਰਸ਼ਾਂ ਦੇ ਸਾਲਾਨਾ ਬਰਸੀ ਸਮਾਗਮ 1 ਫੱਗਣ ਅਤੇ 27 ਮੱਘਰ ਨੂੰ ਸ਼ਰਧਾ ਸਤਿਕਾਰ ਨਾਲ ਮਨਾਉਂਦੀਆਂ ਹਨ। ਪਿੰਡ ਦੇ ਉਦਾਸੀਨ ਡੇਰੇ ਦੇ ਸੇਵਕ ਮਰਹੂਮ ਸੰਤ ਬਾਬਾ ਸੂਰਜ ਮੁਨੀ ਵੀ ਗੁਰਬਾਣੀ ਦੇ ਵਿਦਵਾਨ ਗਿਆਤਾ ਸਨ ਅਤੇ ਉਨ੍ਹਾਂ ਦੀ ਵੀ ਇਲਾਕੇ ਵਿੱਚ ਪੂਰਨ ਮਹਿਮਾ ਸੀ। ਉਦਾਸੀਨ ਡੇਰੇ ਦੇ ਮੌਜੂਦਾ ਗੱਦੀਨਸ਼ੀਨ ਬਾਬਾ ਸਤਿ ਮੁਨੀ ਹਨ। ਪਿੰਡ ਦੇ ਵਾਲਮੀਕ ਭਾਈਚਾਰੇ ਵੱਲੋਂ ਬਾਬਾ ਵਾਲਮੀਕ ਦਾ ਮੰਦਰ ਅਤੇ ਰਾਮਦਾਸੀਆ ਭਾਈਚਾਰੇ ਵੱਲੋਂ ਭਗਤ ਰਵੀਦਾਸ ਦਾ ਮੰਦਰ ਉਸਾਰੀ ਅਧੀਨ ਹਨ।

ਇਲਾਕਾ ਨਿਵਾਸੀ[ਸੋਧੋ]

  1. ਇਸ ਪਿੰਡ ਦੇ ਜੰਮਪਲ ਮਰਹੂਮ ਜਥੇਦਾਰ ਇੰਦਰ ਸਿੰਘ ਲਹਿਰੀ ਦੇਸ਼ ਆਜ਼ਾਦੀ ਤੋਂ ਬਾਅਦ ਸੰਨ 1951 ਵਿੱਚ ਪੰਜਾਬ ਅਸੈਂਬਲੀ ਲਈ ਹੋਈਆਂ ਆਮ ਚੋਣਾਂ ਵਿੱਚ ਐਮਐਲਏ ਚੁਣੇ ਗਏ ਸਨ।
  2. ਪਿੰਡ ਦੇ ਵਸਨੀਕਾਂ ਮਰਹੂਮ ਜਥੇਦਾਰ ਗੁਰਦੇਵ ਸਿੰਘ, ਮਰਹੂਮ ਜਥੇਦਾਰ ਗੁਰਬਚਨ ਸਿੰਘ, ਗਿਆਨੀ ਜੋਗਿੰਦਰ ਸਿੰਘ ਅਤੇ ਸ੍ਰੀ ਗੁਰਦੇਵ ਸਿੰਘ ਸੰਤ ਨੇ ਧਰਮ ਯੁੱਧ ਮੋਰਚੇ ਅਤੇ ਪੰਜਾਬੀ ਸੂਬਾ ਮੋਰਚੇ ਸਮੇਂ ਕਾਫ਼ੀ ਸਮਾਂ ਜੇਲ੍ਹਾਂ ਕੱਟੀਆਂ।
  3. ਪਿੰਡ ਦੇ ਆਜ਼ਾਦੀ ਘੁਲਾਟੀਏ ਮਰਹੂਮ ਕਰਤਾਰ ਸਿੰਘ ਕੈਨੇਡੀਅਨ ਕਾਮਾਗਾਟਾਮਾਰੂ ਜਹਾਜ਼ ਦੇ ਉਨ੍ਹਾਂ ਮੁਸਾਫ਼ਰਾਂ ਵਿੱਚ ਸ਼ਾਮਲ ਸਨ ਜਿਹੜੇ ਕਲਕੱਤੇ ਦੀ ਬੰਦਰਗਾਹ ਤੋਂ ਪੁਲੀਸ ਦੀ ਗ੍ਰਿਫ਼ਤ ਵਿੱਚੋਂ ਬਚ ਨਿਕਲੇ ਸਨ। ਬਰਤਾਨੀਆ ਹਕੂਮਤ ਦੀਆਂ ਨਜ਼ਰਾਂ ਵਿੱਚ ਉਹ ਮਸ਼ਕੂਕ ਮੁਲਜ਼ਮ ਸਨ, ਪੁਲੀਸ ਨੇ ਉਨ੍ਹਾਂ ਦਾ ਪਿੱਛਾ ਕਰਦਿਆਂ ਪਿੰਡ ਲਹਿਰੀ ਤੋਂ ਗ੍ਰਿਫ਼ਤਾਰ ਕਰ ਲਿਆ ਸੀ ਅਤੇ ਦੇਸ਼ ਦੀ ਆਜ਼ਾਦੀ ਲਈ ਇਸ ਸੂਰਬੀਰ ਨੇ ਅਨੇਕਾਂ ਤਸ਼ੱਦਦ ਆਪਣੇ ਪਿੰਡੇ ਉੱਪਰ ਹੰਢਾਏ।
  4. ਪਿੰਡ ਦੇ ਜੰਮਪਲ ਮਰਹੂਮ ਬਾਬਾ ਹਜੂਰਾ ਸਿੰਘ ਬੋਤਾ ਪੈਪਸੂ ਦੇ ਵਿਸ਼ਵ ਪ੍ਰਸਿੱਧ ਦੌੜਾਕ ਸਨ। ਉਨ੍ਹਾਂ ਨੇ ਪੈਪਸੂ ਰਿਆਸਤ ਲਈ ਅਨੇਕਾਂ ਖਿਤਾਬੀ ਦੌੜਾਂ ਜਿੱਤੀਆਂ ਅਤੇ ਪਿੰਡ ਦਾ ਨਾਂ ਰੋਸ਼ਨ ਕੀਤਾ। ਪਿੰਡ ਦੇ ਬਜ਼ੁਰਗ ਦੱਸਦੇ ਹਨ ਕਿ ਜੇ ਦੂਜੀ ਸੰਸਾਰ ਜੰਗ ਲੱਗਣ ਕਾਰਨ ਓਲੰਪਿਕ ਖੇਡਾਂ ਮੁਲਤਵੀ ਨਾ ਹੁੰਦੀਆਂ ਤਾਂ ਇਸ ਮਹਾਨ ਅਥਲੀਟ ਨੇ ਓਲੰਪਿਕ ਮੈਡਲ ਵੀ ਜਿੱਤ ਲੈਣਾ ਸੀ। ਇਸ ਗੱਲ ਦਾ ਝੋਰਾ ਮਹਾਰਾਜਾ ਪਟਿਆਲਾ ਭੁਪਿੰਦਰ ਸਿੰਘ ਨੂੰ ਵੀ ਤਾਅ-ਜ਼ਿੰਦਗੀ ਰਿਹਾ।
  5. ਪੈਪਸੂ ਰਿਆਸਤ ਸਮੇਂ ਇਸ ਪਿੰਡ ਦੇ ਗੰਡਾ ਸਿੰਘ ਜ਼ੈਲਦਾਰ ਕੋਲ 12 ਪਿੰਡਾਂ ਦੀ ਜ਼ੈਲਦਾਰੀ ਸੀ।
  6. ਕਾਲਾ ਸਿੰਘ ਪੈਪਸੂ ਰਿਆਸਤ ਵਿੱਚ ਸਹਾਇਕ ਕੁਲੈਕਟਰ (ਤਹਿਸੀਲਦਾਰ) ਸਨ। ਇਨ੍ਹਾਂ ਸ਼ਖ਼ਸੀਅਤਾਂ ਉੱਪਰ ਪਿੰਡ ਵਾਸੀ ਅੱਜ ਵੀ ਫ਼ਖ਼ਰ ਕਰਦੇ ਹਨ।

ਵਿਦਿਆ[ਸੋਧੋ]

ਵਿਦਿਆ ਦਾ ਗਿਆਨ ਵੰਡਣ ਲਈ ਪਿੰਡ ਵਿੱਚ ਦੋ ਸੈਕੰਡਰੀ ਸਕੂਲ ਹਨ, ਇੱਕ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਅਤੇ ਦੂਜਾ ਗੁਰੂ ਹਰਗੋਬਿੰਦ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਹੈ।

ਹਵਾਲੇ[ਸੋਧੋ]