ਹੁਕਮਨਾਮਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਜਾਣ-ਪਛਾਣ[ਸੋਧੋ]

ਹੁਕਮਨਾਮਾ ਪੁਰਾਤਨ ਪੰਜਾਬੀ ਵਾਰਤਕ ਦਾ ਨਮੂਨਾ ਹੈ।ਭਾਸ਼ਾਈ ਦ੍ਰਿਸ਼ਟੀ ਤੋਂ ਹੁਕਮਨਾਮਾ ਸ਼ਬਦ ਅਰਬੀ 'ਹੁਕਮ' ਅਤੇ ਫ਼ਾਰਸੀ 'ਨਾਮਹ' ਸ਼ਬਦ ਦਾ ਸੰਯੁਕਤ ਰੂਪ ਹੈ ਅਤੇ ਇਸਦਾ ਸਧਾਰਨ ਅਰਥ ਹੈ 'ਫ਼ਰਮਾਇਸ਼ ਵਾਲਾ ਪੱਤਰ'।[1] ਇੱਕ ਅਜਿਹਾ ਪੱਤਰ ਜਿਸ ਰਾਹੀਂ ਸਮੁੱਚੀ ਸੰਗਤ ਨੂੰ ਕੋਈ ਆਦੇਸ਼ ਦਿੱਤਾ ਜਾਵੇ।ਸਿੱਖ ਗੁਰੂਆਂ,ਹੋਰ ਧਾਰਮਿਕ ਆਗੂਆਂ ਦੁਆਰਾ ਆਪਣੇ ਸਰਧਾਲੂਆਂ ਨੂੰ ਲਿਖੇ ਗਏ ਪੱਤਰ ਨੂੰ ਵੀ ਹੁਕਮਨਾਮਾ ਕਿਹਾ ਜਾਂਦਾ ਹੈ।

ਆਰੰਭ[ਸੋਧੋ]

ਹੁਕਮਨਾਮੇ ਲਿਖੇ ਜਾਣ ਦੀ ਪ੍ਰਥਾ ਛੇਵੇਂ ਗੁਰੂ ਹਰਗੋਬਿੰਦ ਸਾਹਿਬ ਤੋਂ ਆਰੰਭ ਹੋਈ ਮੰਨੀ ਜਾ ਸਕਦੀ ਹੈ। ਕਿਉਂਕਿ ਗੁਰੂ ਅਰਜਨ ਦੇਵ ਜੀ ਦੁਆਰਾ ਕੋਈ ਹੁਕਮਨਾਮਾ ਨਹੀਂ ਲਿਖਿਆ ਗਿਆ।ਪਰ ਉਹਨਾਂ ਦੇ ਨੀਸਾਣ ਜ਼ਰੂਰ ਮਿਲਦੇ ਹਨ। ਨੀਸਾਣ ਤੋ ਭਾਵ ਨਿਸ਼ਾਨ। ਪੁਰਾਣੇ ਸਮਿਆਂ ਵਿੱਚ ਜਦੋਂ ਕੋਈ ਰਾਜਾ ਚਿੱਠੀ ਭੇਜਦਾ ਸੀ।ਉਹ ਚਿੱਠੀ ਤੇ ਜਾਂ ਤਾਂ ਆਪਣੇ ਦਸਤਖ਼ਤ ਕਰ ਦਿੰਦਾ ਸੀ ਅਤੇ ਜਾਂ ਕੋਈ ਨਿਸ਼ਾਨੀ ਲਾ ਦਿੰਦਾ ਸੀ। ਜਿਸ ਕਾਰਨ ਚਿੱਠੀ ਭੇਜੀ ਗਈ ਜਗ੍ਹਾ ਤੇ ਸਹੀ ਪ੍ਰਮਾਣਿਤ ਹੋ ਜਾਂਦੀ ਸੀ।[2] ਇਸ ਤੋਂ ਇਲਾਵਾ ਦਸਮ ਗੁਰੂ, ਬਾਬਾ ਬੰਦਾ ਸਿੰਘ ਬਹਾਦਰ ਅਤੇ ਗੁਰੂ ਪਤਨੀਆਂ ਦੇ ਹੁਕਮਨਾਮੇ ਮਿਲਦੇ ਹਨ।ਅੱਜ ਵੀ ਪ੍ਰਮੁੱਖ ਤਖਤਾਂ ਤੋਂ ਹੁਕਮਨਾਮੇ ਜਾਰੀ ਕੀਤੇ ਜਾਂਦੇ ਹਨ।

ਸ਼ੈਲੀ ਅਤੇ ਬਣਤਰ[ਸੋਧੋ]

ਗੁਰੂ ਤੇਗ ਬਹਾਦਰ ਸਾਹਿਬ ਤੋਂ ਪਹਿਲਾਂ ਹੁਕਮਨਾਮਾ ਗੁਰੂ ਸਾਹਿਬਾਨ ਖੁਦ ਲਿਖਦੇ ਸੀ। ਪਰ ਦਸਮ ਗੁਰੂ ਸਮੇਂ ਹੁਕਮਨਾਮਾ ਲਿਖਣ ਦਾ ਕੰਮ ਵਿਸ਼ੇਸ਼ ਲਿਖਾਰੀ ਕਰਨ ਲੱਗ ਪਏ।ਗੁਰੂ ਸਾਹਿਬ ਕੀਤੀ ਹੋਈ ਲਿਖਤ ਤੇ ਕੇਵਲ ਨੀਸਾਣ ਪਾ ਦਿੰਦੇ ਸਨ। ਹਰ ਹੁਕਮਨਾਮੇ ਵਿੱਚ 'ੴਸਤਿਗੁਰ ਪ੍ਰਸਾਦਿ' ਪਾ ਕੇ ਸਮੁੱਚੀ ਸੰਗਤ ਨੂੰ ਸੰਬੋਧਿਤ ਕੀਤਾ ਜਾਂਦਾ ਹੈ। ਬਾਕੀ ਦਾ ਸਾਰਾ ਹੁਕਮਨਾਮਾ ਲਿਖਾਰੀ ਦੀ ਲਿਖਤ ਹੁੰਦਾ ਹੈ। ਵਸਤੂ ਪੱਖ ਤੋਂ ਹੁਕਮਨਾਮੇ ਦੇ ਤਿੰਨ ਭਾਗ ਮੰਨੇ ਜਾ ਸਕਦੇ ਹਨ। ਜਿਸ ਵਿੱਚ ਪਹਿਲਾ ਭਾਗ ਸੰਬੋਧਨ ਦਾ ਹੈ। ਇਸ ਭਾਗ ਵਿੱਚ ਉਹਨਾਂ ਸਾਰੇ ਵਿਅਕਤੀਆਂ ਦਾ ਦੇ ਨਾਵਾਂ ਦਾ ਵੇਰਵਾ ਹੁੰਦਾ ਹੈ। ਜਿੰਨਾਂ ਨੂੰ ਹੁਕਮਨਾਮਾ ਸੰਬੋਧਨ ਕਰਦਾ ਹੋਵੇ।ਦੂਜੇ ਭਾਗ ਚ ਉਹਨਾਂ ਵਸਤਾਂ ਦਾ ਵੇਰਵਾ ਹੁੰਦਾ ਹੈ ਜਿੰਨਾਂ ਦੀ ਮੰਗ ਸੰਬੋਧਿਤ ਸੰਗਤ ਤੋਂ ਕੀਤੇ ਗਈ ਹੈ। ਇਹ ਭਾਗ ਹੁਕਮਨਾਮੇ ਦਾ ਵਿਹਾਰਿਕ ਭਾਗ ਹੁੰਦਾ ਹੈ। ਸਾਹਿਤਕ ਪੱਖੋਂ ਇਸ ਭਾਗ ਦਾ ਬਹੁਤ ਮਹੱਤਵ ਹੈ। ਇਸ ਤਰਾਂ ਕਈ ਹੁਕਮਨਾਮੇ ਦਾ ਦੂਜੇ ਭਾਗ ਤੋਂ ਬਾਅਦ ਈ ਖਾਤਮ ਹੋ ਜਾਂਦੇ ਹਨ। ਪਰ ਕਈ ਵਾਰੀ ਤੀਜੇ ਭਾਗ ਵਿੱਚ ਹੁਕਮਨਾਮਾ ਲੈ ਕੇ ਜਾਣ ਵਾਲਾ ਮੇਵੜੇ ਬਾਰੇ ਲਿਖਿਆ ਜਾਂਦਾ ਹੈ ਕਿ ਉਸਨੂੰ ਇਸ ਸੇਵਾ ਬਦਲੇ ਕੀ ਭੇਂਟਾ ਕਰਨਾ ਹੈ। ਅੰਤ ਵਿੱਚ ਤਾਰੀਖ ਲਿਖ ਕੇ ਕੁਲ ਸਤਰਾਂ ਦੀ ਗਿਣਤੀ ਲਿਖੀ ਜਾਂਦਾ ਹੈ।[3]

ਹੁਕਮਨਾਮੇ[ਸੋਧੋ]

ਸਿੱਖ ਇਤਿਹਾਸ ਵਿੱਚ ਮੰਨੇ ਗਏ ਹੁਕਮਨਾਮਿਆਂ ਦਾ ਕੁਝ ਵੇਰਵਾ ਇਸ ਪ੍ਰਕਾਰ ਹੈ:[4] .ਛੇਵੇਂ ਗੁਰੂ ਸਾਹਿਬ ਦੇ ਦੋ ਨੀਸਾਣ ਅਤੇ ਦੋ ਹੁਕਮਨਾਮੇ .ਬਾਬਾ ਗੁਰਦਿੱਤਾ ਜੀ ਦੇ ਚਾਰ ਹੁਕਮਨਾਮੇ .ਅੱਠਵੇਂ ਗੁਰੂ ਹਰਿਕਿਸ਼੍ਰਨ ਜੀ ਦੇ ਛੇ ਹੁਕਮਨਾਮੇ .ਨੌਵੇਂ ਗੁਰੂ ਤੇਗ ਬਹਾਦਰ ਜੀ ਦੇ ੨੨ ਹੁਕਮਨਾਮੇ .ਮਾਤਾ ਗੁਜਰੀ ਜੀ ਦੇ ਦੋ ਹੁਕਮਨਾਮੇ .ਦਸਮ ਗੁਰੂ ਜੀ ਦੇ ੩੪ ਹੁਕਮਨਾਮੇ .ਬੰਦਾ ਸਿੰਘ ਬਹਾਦਰਦੇ ਦੋ ਹੁਕਮਨਾਮੇ .ਮਾਤਾ ਸੁੰਦਰੀ ਜੀ ਦੇ ਨੌ ਹੁਕਮਨਾਮੇ .ਇੱਕ ਹੁਕਮਨਾਮਾ ਅਕਾਲ ਤਖਤਦਾ .ਇੱਕ ਹੁਕਮਨਾਮਾ ਤਖਤ ਹਰਿਮੰਦਰ ਸਾਹਿਬ ਪਟਨਾ ਦਾ ਇਸ ਪ੍ਰਕਾਰ ੮੫ ਦੇ ਲਗਪਗ ਹੁਕਮਨਾਮਿਆਂ ਬਾਰੇ ਜਾਣਕਾਰੀ ਮਿਲੀ ਹੈ। ਜਿੰਨਾ ਵਿੱਚ ਸਭ ਤੋਂ ਜਿਆਦਾ ਹੁਕਮਨਾਮੇ ਦਸਮ ਗੁਰੂ ਦੇ ਹਨ। ਇਸ ਤੋਂ ਇਲਾਵਾ ੧੬੦੬ ਤੋਂ ੧੭੬੨ ਦਾ ਸਮਾਂ ਇਹਨਾਂ ਦੇ ਘੇਰੇ ਵਿੱਚ ਆ ਜਾਂਦਾ ਹੈ।

ਹਵਾਲੇ[ਸੋਧੋ]

  1. ਡਾ.ਰਤਨ ਸਿੰਘ ਜੱਗੀ, ਸਾਹਿੱਤ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ.
  2. ਕਰਨਜੀਤ ਸਿੰਘ, ਪੁਰਾਤਨ ਪੰਜਾਬੀ ਵਾਰਤਕ ਦਾ ਇਤਿਹਾਸ, ਪੰਜਾਬ ਅਕਾਦਮੀ ਦਿੱਲੀ, ਪੰਨਾ ਨੰਬਰ ੭੭,੭੮.
  3. ਡਾ.ਗੁਰਚਰਨ ਸਿੰਘ,ਮੱਧ-ਕਾਲੀਨ ਪੰਜਾਬੀ ਵਾਰਤਕ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਪੰਨਾ ਨੰਬਰ ੨੦੪
  4. ਡਾ.ਗੰਡਾ ਸਿੰਘ, ਹੁਕਮਨਾਮੇ,ਪੰਜਾਬੀ ਯੂਨੀਵਰਸਿਟੀ, ਪਟਿਆਲਾ.