ਸਮੱਗਰੀ 'ਤੇ ਜਾਓ

ਬੰਗੀ ਨਿਹਾਲ ਸਿੰਘ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਪਿੰਡ ਬੰਗੀ ਨਿਹਾਲ ਸਿੰਘ ਤਹਿਸੀਲ ਤਲਵੰਡੀ ਸਾਬੋ ਅਧੀਨ ਪੈਂਦਾ ਜਿਲ੍ਹੇ ਬਠਿੰਡੇ ਦਾ ਅੰਦਾਜ਼ਨ 5000 ਵਸੋਂ ਵਾਲ਼ਾ ਨਗਰ ਹੈ ।

ਜਨਸੰਖਿਆ

[ਸੋਧੋ]

ਇਸ ਨਗਰ ਦੇ ਨੌਂ ਵਾਰਡਾਂ ਦੀ ਲੱਗਭਗ 2800 ਵੋਟ ਹੈ, ਇਸ ਪਿੰਡ ਨੂੰ ਬੰਗੀ ਛੋਟੀ, ਨਿੱਕੀ ਬੰਗੀ ਤੇ ਬੰਗੀ ਸਟੇਸ਼ਨ ਵਾਲੀ ਦੇ ਨਾਂ ਨਾਲ਼ ਵੀ ਜਾਣਿਆਂ ਜਾਂਦਾ ਹੈ |

2011 ਦੀ ਜਨ- ਗਣਨਾ ਅਨੁਸਾਰ ਇਸ ਪਿੰਡ ਦੀ ਅਬਾਦੀ 3979 ਹੈ, ਜਿਸ ਵਿੱਚੋਂ 2083 ਮਰਦ ਅਤੇ 1896 ਔਰਤਾਂ ਹੈ |ਪਿੰਡ ਵਿੱਚ ਕੁੱਲ 788 ਹਸਦੇ -ਵਸਦੇ ਪਰਿਵਾਰ ਹਨ |

2011 ਦੀ ਜਨ -ਗਣਨਾ ਅਨੁਸਾਰ ਪਿੰਡ ਦੀ ਸ਼ਾਖਰਤਾ /ਪੜ੍ਹੇ ਲਿਖਿਆਂ ਦੀ ਦਰ 57.13% ਹੈ,ਜਿਸ ਵਿੱਚੋਂ ਮਰਦ 63.59%ਅਤੇ ਔਰਤਾਂ 50.12% ਪੜ੍ਹੀਆਂ -ਲਿਖੀਆਂ ਹਨ |

ਭੂਗੋਲ ਅਤੇ ਅੰਕੜੇ

[ਸੋਧੋ]

ਇਹ ਨਗਰ ਬਠਿੰਡਾ -ਸਿਰਸਾ ਰੇਲਵੇ ,ਲਾਈਨ 'ਤੇ ਸਥਿਤ ਹੈ। ਇਸ ਦੀ ਬਠਿੰਡਾ ਤੋਂ ਦੂਰੀ 26 ਕਿਲੋਮੀਟਰ, ਰਾਮਾ ਮੰਡੀ ਤੋਂ 6 ਕਿਲੋਮੀਟਰ ਤੇ ਤਲਵੰਡੀ ਸਾਬੋ ਤੋਂ 11 ਕਿਲੋਮੀਟਰ ਹੈ। ਤਕਰੀਬਨ 7 ਮੋਘੇ -ਨਾਲਾਂ 'ਤੇ ਪਿੰਡ ਦਾ ਵਾਹੀਯੋਗ ਰਕਬਾ 3300 ਏਕੜ ਦੇ ਲੱਗਭਗ ਹੈ। ਬੰਗੀ ਨਿਹਾਲ ਸਿੰਘ ਦੇ ਨਾਲ਼ ਲਗਦੇ ਪਿੰਡ ਸੁਖਲੱਧੀ, ਬੰਗੀ ਰੁਲਦੂ, ਬੰਗੀ ਰੁੱਘੂ, ਮਾਨਵਾਲਾ, ਕਮਾਲੂ, ਰਾਮਾ, ਬਾਘਾ ਤੇ ਬੰਗੀ ਦੀਪਾ ਸਿੰਘ ਹਨ।ਪਿੰਡ ਦੀ ਜ਼ਮੀਨ ਉਪਜਾਊ ਹੈ ਅਤੇ ਧਰਤੀ ਹੇਠਲਾ ਪਾਣੀ ਸਿੰਚਾਈ ਲਈ ਵਧੀਆ ਅਤੇ ਤਕਰੀਬਨ 40 ਫੁੱਟ ਢੂੰਗਾ ਹੈ|ਕਿਸਾਨ ਕਣਕ, ਝੋਨਾ, ਮੂੰਗੀ, ਮੱਕੀ ਤੇ ਸਬਜ਼ੀਆਂ ਦੀ ਕਾਸ਼ਤਕਾਰੀ ਕਰਦੇ ਹਨ |ਪਿੰਡ ਵਿੱਚ ਕਈ ਯੁਵਾ ਕਲੱਬ ਕਾਰਜਸ਼ੀਲ ਹਨ | ਮਾਲਵਾ ਵੈਲਫ਼ੇਅਰ ਕਲੱਬ ਵੱਲੋਂ ਦਾਦਾ -ਪੋਤਾ ਪਾਰਕ, ਗੁਰੂ ਅੰਗਦ ਦੇਵ ਜੀ ਵਾਲੀਬਾਲ ਗਰਾਉਂਡ, ਬੱਸ ਅੱਡੇ ਆਦਿ ਦੇ ਨਿਰਮਾਣ ਕਾਰਜ ਦੇ ਨਾਲ਼ -ਨਾਲ਼ ਗਲੀਆਂ ਦੇ ਨੰਬਰ, ਦਿਸ਼ਾ -ਸੂਚਕ, ਗਲੀਆਂ 'ਚ ਸੋਲਰ ਲਾਈਟਾਂ ਤੇ ਸੋਹਣੇ ਰੁੱਖ ਲਾਏ ਹੋਏ ਹਨ |

ਇਤਿਹਾਸ, ਨਾਮਕਰਨ ਤੇ ਸਾਹਿਤਕ ਹਸਤੀਆਂ

[ਸੋਧੋ]

ਪਿੰਡ ਬੰਗੀ ਨਿਹਾਲ ਸਿੰਘ ਦਾ ਮੁੱਢ ਤਕਰੀਬਨ 200 ਸਾਲ ਪਹਿਲਾਂ ਬਾਬਾ ਨਿਹਾਲ ਸਿੰਘ ਸਿੱਧੂ ਨੇ ਬਨ੍ਹਿਆ | ਬਾਬਾ ਚੂਹੜ ਸਿੰਘ ਜੋ ਕਿ ਸੰਗਤ ਕਲਾਂ ਦੇ ਵਾਸੀ ਸਨ, ਉਹ ਪਟਿਆਲਾ ਰਿਆਸਤ ਦੀ ਸੈਨਾ ਵਿੱਚ ਅਫਸਰ ਸਨ, ਉਹਨਾਂ ਨੇ ਆਪਣੀ ਨੌਕਰੀ ਦੌਰਾਨ ਇੱਕ ਖੂੰਖਾਰ ਸ਼ੇਰ ਨੂੰ ਮਾਰਿਆ, ਜਿਸ ਤੋਂ ਖ਼ੁਸ਼ ਹੋ ਕੇ ਮਹਾਰਾਜ ਪਟਿਆਲਾ ਨੇ ਉਹਨਾਂ ਨੂੰ ਇਨਾਮ ਵਿੱਚ ਪਿੰਡ ਦਿੱਤਾ |ਬਾਬਾ ਚੂਹੜ ਸਿੰਘ ਦੇ ਆਵਦੇ ਔਲਾਦ ਨਹੀਂ ਸੀ ਪਰ ਉਹਨਾਂ ਦਾ ਭਰਾ ਨਿਹਾਲ ਸਿੰਘ ਵਿਆਹਿਆ ਹੋਇਆ ਸੀ, ਇਸ ਕਰ ਕੇ ਉਹਨਾਂ ਨੇ ਆਪਣੇ ਭਰਾ ਨਿਹਾਲ ਸਿੰਘ ਦੇ ਨਾਂ 'ਤੇ ਪਿੰਡ ਦੀ ਮੋਹੜੀ ਗੱਡੀ |ਅੱਜ ਇਸ ਨਗਰ ਵਿੱਚ ਬਾਬਾ ਨਿਹਾਲ ਸਿੰਘ ਦੀ ਸੱਤਵੀਂ ਪੀੜ੍ਹੀ ਵਿਚਰ ਰਹੀ ਹੈ |ਬੰਗੀ ਨਿਹਾਲ ਸਿੰਘ ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਚਰਨ -ਛੋਹ ਪ੍ਰਾਪਤ ਹੈ। ਗੁਰੂ ਗੋਬਿੰਦ ਸਿੰਘ ਜੀ ਪੱਕਾ ਕਲਾਂ ਤੋਂ ਤਲਵੰਡੀ ਸਾਬੋ ਜਾਂਦਿਆਂ ਇਸ ਨਗਰ ਵਿਖੇ ਕੁਝ ਸਮਾਂ ਰੁਕੇ ਸਨ, ਇੱਥੇ ਉਹਨਾਂ ਨੇ ਇੱਕ ਪਿੱਪਲ ਦੇ ਰੁੱਖ ਨਾਲ਼ ਘੋੜਾ ਬੰਨ੍ਹਿਆ ਤੇ ਸੰਗਤਾਂ ਨੂੰ ਪ੍ਰੇਮ -ਭਾਵ ਨਾਲ਼ ਮਿਲੇ| ਇੱਥੇ ਗੁਰੂ ਸਾਹਿਬ ਦਾ ਸਵਾਗਤ ਤਲਵੰਡੀ ਸਾਬੋ ਦੇ ਵਸਨੀਕ ਭਾਈ ਡੱਲਾ ਜੀ ਨੇ ਕੀਤਾ ।ਸੰਤ ਬਾਬਾ ਜੋਗੀਰਾਜ ਸਿੰਘ ਖ਼ਾਲਸਾ ਨੇ ਇੱਥੇ ਗੁਰਦੁਆਰਾ ਗੁਪਤਸਰ ਸਾਹਿਬ (ਪਾਤਸ਼ਾਹੀ ਦਸਵੀਂ) ਦਾ ਨਿਰਮਾਣ ਕਰਵਾਇਆ ਅਤੇ ਇੱਕ ਭੋਰਾ ਸਾਹਿਬ ਵੀ ਤਿਆਰ ਕੀਤਾ |ਇਸ ਗੁਰੂ ਘਰ ਦੀ ਹੁਣ ਗੁਰਦੁਆਰਾ ਪਰਮੇਸ਼ਰ ਦੁਆਰ ਪਟਿਆਲਾ ਦੀ ਤਰਜ਼ 'ਤੇ ਨਵ -ਉਸਾਰੀ ਹੋ ਰਹੀ ਹੈ। ਇੱਥੇ ਪਵਿੱਤਰ ਸਰੋਵਰ ਵੀ ਬਣਿਆ ਹੋਇਆ ਹੈ। ਪੁੰਨਿਆਂ, ਮੱਸਿਆ ਅਤੇ ਬਾਬਾ ਜੋਗੀਰਾਜ ਸਿੰਘ ਖ਼ਾਲਸਾ ਦੀ ਬਰਸੀ ਮੌਕੇ ਸੰਗਤਾਂ ਵੱਡੀ ਗਿਣਤੀ ਵਿੱਚ ਹਾਜ਼ਰੀਆਂ ਭਰਦੀਆਂ ਹਨ |ਇਸ ਪਿੰਡ ਵਿੱਚ ਜੱਟ ਸਿੱਖ, ਮਜ੍ਹਬੀ ਸਿੱਖ, ਬੌਰੀਏ ਸਿੱਖ, ਰਾਮਦਾਸੀਏ ਸਿੱਖ, ਬਾਜ਼ੀਗਰ, ਮਿਸਤਰੀ, ਬ੍ਰਾਹਮਣ, ਦਰਜੀ, ਘੁਮਿਆਰ ਆਦਿ ਭਾਈਚਾਰੇ ਰਲ਼ -ਮਿਲ਼ ਕੇ ਰਹਿੰਦੇ ਹਨ। ਜੱਟਾਂ 'ਚੋਂ ਸਿੱਧੂ, ਮਾਨ, ਗਿੱਲ, ਸੰਧੂ, ਬੁੱਟਰ, ਭੁੱਲਰ, ਚੱਠਾ, ਧਾਲੀਵਾਲ, ਢਿੱਲੋਂ, ਬਰਾੜ ਆਦਿ ਗੋਤਾਂ ਨਾਲ਼ ਸੰਬੰਧਤ ਹਨ। ਲੋਕਾਂ ਦਾ ਮੁੱਖ ਕਿੱਤਾ ਖੇਤੀਬਾੜੀ ਹੈ।

ਪਿੰਡ ਦੇ ਸਾਹਿਤਕਾਰ ;

ਪਿੰਡ ਬੰਗੀ ਨਿਹਾਲ ਸਿੰਘ ਨੂੰ ਮਾਣ ਹੈ ਕਿ ਇਸ ਧਰਤੀ ਨੇ ਅਨੇਕਾਂ ਲਿਖਾਰੀ ਪੈਦਾ ਕੀਤੇ ਹਨ |ਬਾਬਾ ਹਰਨੇਕ ਸਿੰਘ ਮੁਸਾਫ਼ਿਰ ਜਿਹੜੇ ਬੜਾ ਗੁੜ੍ਹਾ ਪਿੰਡ ਤੋਂ ਆ ਕੇ ਸਾਲ 1993 ਵਿੱਚ ਬੰਗੀ ਨਿਹਾਲ ਸਿੰਘ ਵਿਖੇ ਗੁਰਦੁਆਰਾ ਸਿੰਘ ਸਭਾ ਸਾਹਿਬ ਦੇ ਮੁੱਖ ਸੇਵਾਦਾਰ ਬਣੇ |ਉਹ ਗੁਰਬਾਣੀ ਦੇ ਗਿਆਤਾ ਹੋਣ ਦੇ ਨਾਲ਼ -ਨਾਲ਼ ਪ੍ਰਸਿੱਧ ਗ਼ਜ਼ਲਗੋ ਸਨ |ਦੀਪਕ ਜੈਤੋਈ ਦੇ ਲਾਡਲੇ ਸ਼ਾਗਿਰਦ ਬਾਬਾ ਜੀ ਤੋਂ ਸਾਹਿਤਕ ਤਾਲੀਮ ਲੈ ਕੇ ਅੱਜ ਕੁਲਦੀਪ ਬੰਗੀ ਅਧਿਆਪਨ ਦੇ ਨਾਲ਼ -ਨਾਲ਼ ਉਮਦਾ ਗ਼ਜ਼ਲ ਲਿਖ ਕੇ ਪਿੰਡ ਦਾ ਨਾਂ ਰੌਸ਼ਨ ਕਰ ਰਿਹਾ ਹੈ |ਇਸ ਪ੍ਰਕਾਰ ਦਿਲਜੀਤ ਬੰਗੀ ਨੇ 'ਝਨਾਂ ਦੇ ਪਾਣੀਆਂ' 'ਚੰਨ ਤਾਰਿਆਂ 'ਚੋਂ ਦਿਸਦੀ ਅਕਿਰਤੀ', ਤਰਸੇਮ ਸਿੰਘ ਬੁੱਟਰ ਨੇ ਕਾਵਿ -ਪੁਸਤਕ 'ਸਰਹੱਦਾਂ ' ਤੋਂ ਇਲਾਵਾ ਅਖ਼ਬਾਰ -ਰਸਾਲਿਆਂ ਅਤੇ ਪੰਜਾਬ ਸਕੂਲ ਸਿੱਖਿਆ ਬੋਰਡ ਦੀਆਂ ਪੰਜਾਬੀ ਪਾਠ -ਪੁਸਤਕਾਂ ਲਈ ਪਾਠ ਲਿਖ ਕੇ ਪਿੰਡ ਦਾ ਨਾਂ ਬੁਲੰਦ ਕੀਤਾ ਹੈ |ਇਸ ਪ੍ਰਕਾਰ ਦਿਲਜੀਤ ਬੰਗੀ ਦੀਆਂ ਹੋਣਹਾਰ ਧੀਆਂ ਪੁਨੀਤ ਤੇ ਨਵਨੀਤ ਨੇ ਛੋਟੀ ਉਮਰੇ ਕਈ ਕਿਤਾਬਾਂ ਲਿਖ ਕੇ ਨਵੀਆਂ ਪੈੜਾਂ ਪਾਈਆਂ ਹਨ |ਸਵ :ਜੋਗਿੰਦਰ ਸਿੰਘ ਸੰਧੂ,ਕੁਲਦੀਪ ਸੰਧੂ, ਲੋਕ -ਗਾਇਕ ਨਵਦੀਪ ਸੰਧੂ,ਥਾਣੇਦਾਰ ਪਰਮਿੰਦਰ ਬੰਗੀ,ਸਤਪਾਲ ਬੰਗੀ, ਕੁਲਦੀਪ ਬੰਗੀ ਮਿਸਤਰੀ ਤੇ ਜੁਗਰਾਜ ਸਿੰਘ ਮਿਸਤਰੀ ਦੇ ਲਿਖੇ ਕਈ ਗੀਤ ਰਿਕਾਰਡ ਵੀ ਹੋਏ ਹਨ |ਮਾਸਟਰ ਗੁਰਮੇਲ ਸਿੰਘ ਬੰਗੀ,ਵਿਪਨਪਾਲ ਕੌਰ ਬੁੱਟਰ ਦੀਆਂ ਅਨੇਕਾਂ ਕਵਿਤਾਵਾਂ ਅਤੇ ਵਾਰਤਕ ਰਚਨਾਵਾਂ ਅਖ਼ਬਾਰ -ਰਸਾਲਿਆਂ 'ਚ ਪ੍ਰਕਾਸ਼ਤ ਹੋਈਆਂ ਹਨ |ਇਸ ਪ੍ਰਕਾਰ ਸਵ :ਪ੍ਰਸ਼ੋਤਮ ਬੰਗੀ, ਮੇਹਲੀ ਬੰਗੀ, ਗੁਰਮੀਤ ਸਿੰਘ ਬੁੱਟਰ, ਹਰਮਨ ਬੁੱਟਰ ਆਦਿ ਨੇ ਨੇ ਸੋਹਣੀ ਕਲਮਕਾਰੀ ਕੀਤੀ ਹੈ | [1]

ਮੁੱਖ ਥਾਵਾਂ

[ਸੋਧੋ]

ਪਿੰਡ ਵਿੱਚ ਤਿੰਨ ਗੁਰੂ ਘਰ, ਗੁਰਦੁਆਰਾ ਗੁਪਤਸਰ ਸਾਹਿਬ (ਪਾਤਸ਼ਾਹੀ ਦਸਵੀਂ), ਗੁਰਦੁਆਰਾ ਸਿੰਘ ਸਭਾ ਸਾਹਿਬ, ਗੁਰਦੁਆਰਾ ਗੁਰੂ ਗੋਬਿੰਦ ਸਿੰਘ ਜੀ ਮਾਰਗ ਹਨ। ਇਸ ਤੋਂ ਇਲਾਵਾ ਪਿੰਡ ਵਿੱਚ ਬਾਬੇ ਰਾਮਦੇਵ ਦਾ ਮੰਦਰ, ਮਾਤਾ ਮਸ਼ਾਣੀ ਰਾਣੀ ਦਾ ਮੰਦਰ, ਬਾਬਾ ਚੂਹੜ੍ ਸਿੰਘ ਦੀ ਸਮਾਰਕ, ਬਾਬਾ ਖੇਤਰਪਾਲ /ਬਾਬਾ ਜੰਡ ਅਤੇ ਬੌਰੀਏ ਸਿੱਖਾਂ ਦੀ ਛੱਪੜੀ ਆਦਿ ਧਾਰਮਿਕ ਆਸਥਾ ਦੇ ਕੇਂਦਰ ਹਨ। ਪਿੰਡ ਦੀਆਂ ਜਨਤਕ ਥਾਵਾਂ 'ਚੋਂ ਸਰਕਾਰੀ ਪ੍ਰਾਇਮਰੀ ਸਕੂਲ, ਅਕਾਲ ਅਕੈਡਮੀ, ਸਿਹਤ ਵਿਭਾਗ ਦਾ ਮੁੱਢਲਾ ਸਿਹਤ ਕੇਂਦਰ, ਬਿਜਲੀ ਵਿਭਾਗ ਦਾ ਗਰਿੱਡ, ਆਂਗਣਵਾੜੀ ਕੇਂਦਰ, ਸਹਿਕਾਰਤਾ ਵਿਭਾਗ ਦੀ ਸਹਿਕਾਰੀ ਸਭਾ, ਸ਼ਮਸ਼ਾਨ ਘਾਟ,6 ਧਰਮਸ਼ਾਲਾਵਾਂ, ਤਿੰਨ ਛੱਪੜ, ਚਾਰ ਬੱਸ ਅੱਡੇ, ਰੇਲਵੇ ਸਟੇਸ਼ਨ, ਦੋ ਆਰ. ਓ., ਸ਼ੇਰ ਏ ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਸਰਕਾਰੀ ਜਿੰਮ, ਓਪਨ ਜਿੰਮ, ਗੁਰੂ ਅੰਗਦ ਦੇਵ ਵਾਲੀਬਾਲ ਗਰਾਉਂਡ, ਦਾਦਾ -ਪੋਤਾ ਪਾਰਕ,ਜਲ -ਘਰ ਤੇ ਉਸਾਰੀ ਅਧੀਨ ਲਾਇਬਰੇਰੀ ਪ੍ਰਮੁੱਖ ਹਨ। ਪਿੰਡ ਦੇ ਪਹਿਲੇ ਸਰਪੰਚ ਬੰਤ ਸਿੰਘ ਬੁੱਟਰ ਸਨ, ਉਸ ਤੋਂ ਬਾਅਦ ਜਥੇਦਾਰ ਜੰਗੀਰ ਸਿੰਘ,ਗੁਰਦੇਵ ਸਿੰਘ ਸਿੱਧੂ, ਬਸੰਤ ਸਿੰਘ ਸਿੱਧੂ, ਕੌਰ ਸਿੰਘ ਮਾਨ, ਕਾਕਾ ਰਾਜਿੰਦਰ ਸਿੰਘ ਸਿੱਧੂ, ਗੁਰਿੰਦਰ ਕੌਰ ਸਿੱਧੂ, ਹਰਮੇਲ ਸਿੰਘ ਸਿੱਧੂ, ਪਰਮਜੀਤ ਕੌਰ, ਰਾਜਿੰਦਰ ਸਿੰਘ ਖਾਲਸਾ ਸਰਪੰਚ ਰਹੇ ਹਨ |ਮੌਜੂਦਾ ਸਮੇਂ ਸਰਪੰਚ ਕੁਲਦੀਪ ਸਿੰਘ ਜੀ ਹਨ।

ਹਵਾਲੇ

[ਸੋਧੋ]

ਮੇਰਾ ਪਿੰਡ, ਮੇਰਾ ਮਾਣ https://www.punjabinfoline.com/pa/news-11sud48

  1. ਸਵੈ ਪ੍ਰਮਾਣਕ ਕਥਨ