ਧਰਤ ਘੰਟਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਸਿਡਨੀ, 2008 ਦੇ ਧਰਤ ਘੰਟੇ ਸਮੇਂ

ਧਰਤ ਘੰਟਾ (ਅੰਗਰੇਜ਼ੀ: Earth Hour, ਗੁਰਮੁਖੀ: ਅਰਥ ਆਵਰ)[1] ਹਰ ਸਾਲ ਮਾਰਚ ਮਹੀਨੇ ਦੇ ਅਖੀਰਲੇ ਸ਼ਨੀਵਾਰ ਨੂੰ ਸਾਰੀ ਦੁਨੀਆ ਵਿੱਚ ਮਨਾਇਆ ਜਾਂਦਾ ਹੈ। ਇਸ ਦਿਨ ਰਾਤ 8:30 ਤੋਂ 9:30 ਤੱਕ ਸਾਰੇ ਬਿਜਲੀ ਨਾਲ ਚੱਲਣ ਵਾਲੇ ਉਪਕਰਣ ਬੰਦ ਕਰ ਦਿਤੇ ਜਾਂਦੇ ਹਨ ਤਾਂ ਕਿ ਬਿਜਲੀ ਦੀ ਬੱਚਤ ਕੀਤੀ ਜਾ ਸਕੇ ਅਤੇ ਵਾਤਾਵਰਣ ਨੂੰ ਪ੍ਰਦੂਸ਼ਣ ਤੋਂ ਬਚਾਇਆ ਜਾ ਸਕੇ।

ਇਤਿਹਾਸ[ਸੋਧੋ]

ਸੰਨ 2007 ਵਿੱਚ ਸਿਡਨੀ[2] ਤੋਂ ਸ਼ੁਰੂ ਹੋ ਕੇ ਸੰਨ 2014 ’ਚ 180 ਤੋਂ ਵੱਧ ਦੇਸ਼ਾਂ ਤਕ ਪਹੁੰਚ ਚੁੱਕੀ ਇਸ ਲਹਿਰ ਨੇ ਅੰਤਰਰਾਸ਼ਟਰੀ ਮੁਕਾਮ ਹਾਸਲ ਕਰ ਲਿਆ ਹੈ।

ਨਤੀਜ਼ੇ[ਸੋਧੋ]

ਪਿਛਲੇ ਸਾਲ ਦੇ ਧਰਤ ਘੰਟੇ ਅੰਕੜਿਆਂ ਤੋਂ ਸਿੱਧ ਹੋ ਚੁੱਕਿਆ ਹੈ ਕਿ ਕਰੋੜਾਂ ਕਾਰਬਨ ਉਤਸਰਜਨਾਂ ਦੀ ਕਟੌਤੀ ਤੋਂ ਇਲਾਵਾ ਬੇਸ਼ੁਮਾਰ ਯੂਨਿਟ ਬਿਜਲੀ ਬੱਚਤ ਇਸ ਲਹਿਰ ਦੇ ਅਹਿਮ ਹਾਸਲ ਹਨ। ਪਹਿਲੇ ਸਾਲ ਦੌਰਾਨ 22 ਲੱਖ ਲੋਕਾਂ ਅਤੇ 2000 ਵਪਾਰਕ ਘਰਾਣਿਆਂ ਨੇ ਇੱਕ ਘੰਟੇ ਲਈ ਲਾਈਟਾਂ ਬੰਦ ਰੱਖੀਆਂ ਤਾਂ ਇਸ ਦੌਰਾਨ ਪੈਦਾ ਹੋਏ ਨਤੀਜਿਆਂ ਨੇ ਸਾਰੀ ਦੁਨੀਆ ਦਾ ਧਿਆਨ ਆਪਣੇ ਵੱਲ ਖਿੱਚਿਆ।

ਦੇਸ਼ਾਂ ਦਾ ਯੋਗਦਾਨ[ਸੋਧੋ]

ਸੰਨ 2012 ਵਿੱਚ ਰੂਸ ਦੇ ਸਮੁੰਦਰਾਂ ਅਤੇ ਜੰਗਲਾਂ ਦੇ ਪ੍ਰਦੂਸ਼ਣ ਨੂੰ ਨਿਯੰਤਰਿਤ ਕਰਨ ਲਈ ਜਿੱਥੇ 2 ਲੱਖ 50 ਹਜ਼ਾਰ ਲੋਕਾਂ ਨੇ ਆਵਾਜ਼ ਬੁਲੰਦ ਕੀਤੀ ਉੱਥੇ ਸੰਨ 2013 ’ਚ ਅਰਜਨਟੀਨਾ ਨੇ ਇਸ ਮੁਹਿੰਮ ਦੁਆਰਾ 3.4 ਮਿਲੀਅਨ ਹੈਕਟੇਅਰ ਜਲੀ-ਸੁਰੱਖਿਅਤ ਖੇਤਰਾਂ ਦੀ ਰੱਖਿਆ ਲਈ ਸੈਨੇਟ ਬਿੱਲ ਪਾਸ ਕਰਵਾਇਆ। ਭਾਰਤ ਵਿੱਚ ਉਹ ਪਿੰਡ ਜਿੱਥੇ ਅਜੇ ਤਕ ਬਿਜਲੀ ਨਹੀਂ ਪਹੁੰਚੀ, ਉੱਥੇ ਸੂਰਜੀ ਲਾਈਟਾਂ ਦੁਆਰਾ ਰੋਸ਼ਨੀ ਇਸ ਮੁਹਿੰਮ ਨੇ ਹੀ ਪਹੁੰਚਾਈ ਹੈ। ਸੰਨ 2013 ’ਚ 154 ਦੇਸ਼ਾਂ ਦੇ 7001 ਤੋਂ ਵੱਧ ਸ਼ਹਿਰਾਂ ਦੇ ਲਗਪਗ 10 ਕਰੋੜ ਲੋਕਾਂ ਨੇ ਭਾਗ ਲੈ ਕੇ ਇਤਿਹਾਸ ਸਿਰਜ ਦਿੱਤਾ ਸੀ।

ਭਾਰਤ ਦਾ ਯੋਗਦਾਨ[ਸੋਧੋ]

  • ਸੰਨ 2009 ’ਚ ਭਾਰਤ ਨੇ ਪਹਿਲੀ ਵਾਰ ਸ਼ਿਰਕਤ ਕੀਤੀ ਜਦੋਂ ਆਮਿਰ ਖ਼ਾਨ ਦੇ ਸਮਰਥਨ ਨਾਲ ਮੁੰਬਈ ਅਤੇ ਦਿੱਲੀ ਦੇ 58 ਸ਼ਹਿਰਾਂ ਦੇ 50 ਲੱਖ ਲੋਕਾਂ ਨੇ ਇਸ ਲਹਿਰ ਦਾ ਹਿੱਸਾ ਬਣ ਸ਼ਾਨਦਾਰ ਸਫ਼ਰ ਦੀ ਸ਼ੁਰੂਆਤ ਕੀਤੀ।
  • ਸੰਨ 2010 ’ਚ ਅਭਿਸ਼ੇਕ ਬੱਚਨ ਦੇ ਸਹਿਯੋਗ ਨਾਲ 128 ਸ਼ਹਿਰਾਂ ਦੇ 6 ਲੱਖ ਵਿਦਿਆਰਥੀਆਂ ਨੇ ਇਸ ਲਹਿਰ ਵਿੱਚ ਆਪਣਾ ਯੋਗਦਾਨ ਦਿੱਤਾ ਅਤੇ 120 ਪਬਲਿਕ ਅਤੇ ਪ੍ਰਾਈਵੇਟ ਸੈਕਟਰ ਅਦਾਰੇ ਵੀ ਸਹਿਮਤ ਹੋਏ। ਨਵੀਂ ਦਿੱਲੀ ਵਿਖੇ ਵਿੱਦਿਆ ਬਾਲਨ ਨੇ ਇਹ ਮੁਹਿੰਮ ਆਪਣੇ ਹੱਥ ਲਈ ਅਤੇ
  • ਸੰਨ 2011 ’ਚ ‘ਇੱਕ ਘੰਟੇ ਤੋਂ ਵੀ ਵੱਧ ਧਰਤ ਘੰਟਾ ਨੂੰ ਮਾਨਤਾ ਮਿਲੀ ਅਤੇ ਸਮੁੱਚੇ ਰਾਸ਼ਟਰਪਤੀ ਭਵਨ ਦੀ ਲਾਈਟ ਪਹਿਲੀ ਵਾਰ ਪੂਰੇ ਘੰਟੇ ਲਈ ਬੰਦ ਰੱਖੀ ਗਈ।
  • ਸਚਿਨ ਤੇਂਦੁਲਕਰ ਨੇ ਧਰਤ ਘੰਟਾ 2012 ਦੀ ਕਮਾਨ ਸੰਭਾਲੀ ਅਤੇ ਇਸ ਵੱਡੀ ਮੁਹਿੰਮ ਦਾ ਜ਼ੋਰਦਾਰ ਸਮਰਥਨ ਕਰਦਿਆਂ 150 ਸ਼ਹਿਰਾਂ ਤੋਂ 10 ਲੱਖ ਵਿਦਿਆਰਥੀਆਂ ਨੂੰ ਸਹਿਯੋਗ ਦੇਣ ਲਈ ਪ੍ਰੇਰਿਆ ਅਤੇ ਭਾਰਤ ਵਿੱਚ ਪਹਿਲੀ ਵਾਰ 30 ਮੁੱਖ ਸਮਾਰਕਾਂ ਤੇ ਮਕਬਰਿਆਂ ਦੀਆਂ ਲਾਈਟਾਂ ਘੰਟੇ ਭਰ ਲਈ ਬੰਦ ਰੱਖੀਆਂ।
  • ਸੰਨ 2013 ’ਚ ਅਜੈ ਦੇਵਗਨ ਅਤੇ ਕਈ ਹੋਰ ਸਿਤਾਰਿਆਂ ਨੇ ਇਸ ਦੀ ਮਹੱਤਤਾ ਨੂੰ ਦੇਖਦੇ ਹੋਏ ਸਮਰਥਨ ਦਿੱਤਾ।
  • ਸੰਨ 2014 ਯੁਵਾ ਅਭਿਨੇਤਾ ਅਰਜਨ ਕਪੂਰ ਨੂੰ ਧਰਤ ਘੰਟਾ ਦਾ ਬਰਾਂਡ ਅੰਬੈਸਡਰ ਬਣਾਇਆ ਗਿਆ ਹੈ। ਅਰਜਨ ਕਪੂਰ ਨੂੰ ਪੂਰਨ ਵਿਸ਼ਵਾਸ ਹੈ ਕਿ ਉਹ ਹਰ ਨੌਜੁਆਨ ਦਿਲ ਨੂੰ ਇਸ ਲਹਿਰ ਨਾਲ ਜੋੜ ਕੇ ਅੰਤਰਰਾਸ਼ਟਰੀ ਪੱਧਰ ਤਕ ਪਹੁੰਚਾਏਗਾ।

ਅਰਥ ਅਤੇ ਫਰਜ਼[ਸੋਧੋ]

ਧਰਤ ਘੰਟਾ ਕਦੇ ਵੀ ਕਾਰਬਨ ਉਤਸਰਜਨਾਂ ਨੂੰ ਘਟਾਉਣ ਜਾਂ ਬਿਜਲੀ ਬੱਚਤ ਮੁਹਿੰਮ ਵਜੋਂ ਦਾਅਵਾ ਨਹੀਂ ਕਰਦਾ ਸਗੋਂ ਇਹ ਇੱਕ ਪ੍ਰੇਰਨਾ ਸਰੋਤ ਕਾਰਜ ਹੈ। ਲਾਈਟਾਂ ਬੰਦ ਰੱਖਣ ਤੋਂ ਭਾਵ ਇਹ ਨਹੀਂ ਕਿ ਸਾਰੀਆਂ ਲਾਈਆਂ ਬੰਦ ਕਰ ਕੇ ਅਸੀਂ ਹਨੇਰੇ ’ਚ ਰਹਿਣਾ ਹੈ, ਬਲਕਿ ਉਹਨਾਂ ਇਮਾਰਤਾਂ, ਹੋਟਲਾਂ, ਹਸਪਤਾਲਾਂ, ਜਨਤਕ ਸਥਾਨਾਂ ਆਦਿ ਵਿੱਚ ਬਲ ਰਹੀਆਂ ਗ਼ੈਰ-ਜ਼ਰੂਰੀ ਲਾਈਟਾਂ ਨੂੰ ਇੱਕ ਘੰਟੇ ਲਈ ਬੰਦ ਰੱਖਣਾ ਹੈ। ਉਹ ਸਾਰੇ ਉਪਕਰਣ ਜੋ ਫਾਲਤੂ ਚੱਲ ਰਹੇ ਹਨ ਉਹਨਾਂ ਨੂੰ ਬੰਦ ਰੱਖਣਾ ਹੈ ਨਾ ਕਿ ਘਰਾਂ ਤੇ ਦਫ਼ਤਰਾਂ ਦੇ ਫ਼ਰਿੱਜ ਜਾਂ ਹੋਰ ਜ਼ਰੂਰੀ ਉਪਕਰਨਾਂ ਨੂੰ। ‘ਧਰਤ ਘੰਟਾ’ ਅਸਲ ਵਿੱਚ ਅਗਲੀ ਪੀੜ੍ਹੀ ਦਾ ਨਵਾਂ ਆਗਾਜ਼ ਹੈ, ਉਸ ਭਵਿੱਖ ਦਾ ਨਿਰਮਾਣ ਕਰਨਾ ਹੈ, ਜਿੱਥੇ ਕੇਵਲ ਊਰਜਾ ਦੀ ਖ਼ਪਤ ਨੂੰ ਘਟਾਉਣ ਲਈ ਨਹੀਂ ਬਲਕਿ ਊਰਜਾ ਦੀ ਬੇਵਜ੍ਹਾ ਹੋ ਰਹੀ ਬਰਬਾਦੀ ਨੂੰ ਰੋਕਣਾ ਹੈ।

ਹਵਾਲੇ[ਸੋਧੋ]

  1. "ਪੁਰਾਲੇਖ ਕੀਤੀ ਕਾਪੀ". Archived from the original on 2014-02-02. Retrieved 2014-03-29. {{cite web}}: Unknown parameter |dead-url= ignored (help)
  2. "ਪੁਰਾਲੇਖ ਕੀਤੀ ਕਾਪੀ". Archived from the original on 2014-02-02. Retrieved 2014-03-29. {{cite web}}: Unknown parameter |dead-url= ignored (help)