ਸਿਧ ਗੋਸਟਿ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਸਿਧ ਗੋਸਟ ਜਾਂ ਸਿਧ ਗੋਸਟਿ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਬਾਣੀ ਹੈ ਜੋ ਗੁਰੂ ਨਾਨਕ ਸਾਹਿਬ ਦੁਆਰਾ ਰਚਿਆ ਸਿਧਾਂ ਨਾਲ ਸ਼ਿਵਰਾਤਰੀ ਦੇ ਮੇਲੇ ਦੌਰਾਨ ਅੱਚਲ ਵਟਾਲੇ ਵਿਖੇ ਹੋਏ ਵਾਰਤਾਲਾਪ ਜਾਂ ਸੰਵਾਦ ਦਾ ਰਿਕਾਰਡ ਹੈ। ਇਸ ਵਿਚ ੭੩ ਪਦੇ ਹਨ।ਇਹ ਸਵਾਲ-ਜਵਾਬ ਦੀ ਸ਼ਕਲ ਵਿੱਚ ਹਨ।ਸਵਾਲ ਸਿਧਾਂ ਨੇ ਪੁੱਛੇ ਹਨ ਤੇ ਜਵਾਬ ਗੁਰੂ ਨਾਨਕ ਸਾਹਿਬ ਵੱਲੋਂ ਦਿੱਤੇ ਗਏ ਹਨ। ਇਹ ਵਾਰਤਾਲਾਪ ਅੰਤਰ ਧਰਮ ਵਿਚਾਰ ਵਟਾਂਦਰੇ ਦੀ ਇਕ ਉਦਾਹਰਨ ਹੈ ਜੋ ਗੁਰੂ ਸਾਹਿਬ ਨੇ ਉਸ ਸਮੇਂ ਵਿਚ ਕਾਇਮ ਕੀਤੀ। ਮਿਸਾਲ ਦੇ ਤੌਰ 'ਤੇ:

  1. ਪਦਾ ੪੩ ਵਿਚ ਸਵਾਲ ਹੈ [1]

"ਕਵਣ ਮੂਲੁ ਕਵਣ ਮਤਿ ਵੇਲਾ ॥ ਤੇਰਾ ਕਵਣੁ ਗੁਰੂ ਜਿਸ ਕਾ ਤੂ ਚੇਲਾ ॥" ਜਿਸ ਦਾ ਉੱਤਰ ਦਰਜ ਹੈ

"ਪਵਨ ਅਰੰਭੁ ਸਤਿਗੁਰ ਮਤਿ ਵੇਲਾ ॥ ਸਬਦੁ ਗੁਰੂ ਸੁਰਤਿ ਧੁਨਿ ਚੇਲਾ ॥"

  1. ਪਦਾ ੪ ਵਿਚ ਚਰਪਟ ਨਾਂ ਦਾ ਜੋਗੀ ਦਾ ਸਵਾਲ ਹੈ

"ਦੁਨੀਆ ਸਾਗਰੁ ਦੁਤਰੁ ਕਹੀਐ ਕਿਉ ਕਰਿ ਪਾਈਐ ਪਾਰੋ ॥ ਚਰਪਟੁ ਬੋਲੈ ਅਉਧੂ ਨਾਨਕ ਦੇਹੁ ਸਚਾ ਬੀਚਾਰੋ ॥ ਆਪੇ ਆਖੈ ਆਪੇ ਸਮਝੈ ਤਿਸੁ ਕਿਆ ਉਤਰੁ ਦੀਜੈ ॥ ਸਾਚੁ ਕਹਹੁ ਤੁਮ ਪਾਰਗਰਾਮੀ ਤੁਝੁ ਕਿਆ ਬੈਸਣੁ ਦੀਜੈ ॥੪॥"

ਜਿਸ ਦਾ ਜਵਾਬ ਹੈ: "ਜੈਸੇ ਜਲ ਮਹਿ ਕਮਲੁ ਨਿਰਾਲਮੁ ਮੁਰਗਾਈ ਨੈ ਸਾਣੇ ॥ ਸੁਰਤਿ ਸਬਦਿ ਭਵ ਸਾਗਰੁ ਤਰੀਐ ਨਾਨਕ ਨਾਮੁ ਵਖਾਣੇ ॥ ਰਹਹਿ ਇਕਾਂਤਿ ਏਕੋ ਮਨਿ ਵਸਿਆ ਆਸਾ ਮਾਹਿ ਨਿਰਾਸੋ ॥ ਅਗਮੁ ਅਗੋਚਰੁ ਦੇਖਿ ਦਿਖਾਏ ਨਾਨਕੁ ਤਾ ਕਾ ਦਾਸੋ ॥੫॥"

ਗੋਸ਼ਟੀ ਦਾ ਕਾਰਨ[ਸੋਧੋ]

ਗੁਰੂ ਨਾਨਕ ਸਾਹਿਬ ਦੀਆਂ ਸਿਧਾਂ ਨਾਲ ਹੋਈਆਂ ਚਾਰ ਗੋਸ਼ਟੀਆਂ ਵਿਚੋਂ ਦੋ ਪ੍ਰਮੁੱਖ ਹਨ, ਪਹਿਲੀ ਸੁਮੇਰ ਪਰਬਤ ਵਾਲੀ ਤੇ ਦੂਸਰੀ ਜਿਸ ਦਾ ਰਿਕਾਰਡ ਉਪਰੋਕਤ ਬਾਣੀ ਵਿਚ ਹੈ।ਵਗੁਰੂ ਨਾਨਕ ਸਾਹਿਬ ਸ਼ਿਵਰਾਤ ਮੇਲੇ 'ਤੇ ਅਚੱਲ ਵਟਾਲੇ ਆਏ।ਸਿਧ ਜੋਗੀ ਆਮ ਤੌਰ ਤੇ ਇਸ ਮੇਲੇ 'ਤੇ ਸਭਾ ਲਾਇਆ ਕਰਦੇ ਸਨ। ਗੁਰੂ ਨਾਨਕ ਦੇ ਮੇਲੇ ਵਿਚ ਆੳੁਣ ਕਰਕੇ ਲੋਕ ੳੁਨ੍ਹਾਂ ਵੱਲ ਖਿੱਚੇ ਗਏ, ਜਿਸ ਕਾਰਨ ਸਿਧਾਂ ਨੇ ਸ਼ਕਤੀ ਪ੍ਰਦਰਸ਼ਨ ਹੇਤੂ ਰਾਸਧਾਰੀਆਂ ਦਾ ਉਨ੍ਹਾਂ ਦਾ ਉਗਰਾਹੀ ਵਾਲਾ ਲੋਟਾ ਛਿਪਾ ਦਿੱਤਾ ਤੇ ਉਨ੍ਹਾਂ ਨੂੰ ਨਾਨਕ ਤਪੇ ਕੋਲੋਂ ਲਭਾਣ ਲਈ ਪ੍ਰੇਰਿਆ।ਗੁਰੂ ਸਾਹਿਬ ਨੇ ਥੋੜੀ ਇਕਾਗਰਤਾ ਨਾਲ ਹੋਈ ਇਹ ਖੇਡ ਪ੍ਰਗਟਾਉਣ ਲਈ ਲੋਕਾਂ ਦੀ ਸਹਾਇਤਾ ਕੀਤੀ ਤੇ ਲੋਟਾ ਲਭਾ ਦਿੱਤਾ। ਜੋਗੀ ਕ੍ਰੋਧਿਤ ਹੋ ਕੇ ਗੁਰੂ ਸਾਹਿਬ ਨੂੰ ਸੰਵਾਦ ਰਾਹੀਂ ਹਰਾਉਣ ਲਈ ਆਏ।[2]

ਗੋਸ਼ਟੀ ਦਾ ਸਾਰ[ਸੋਧੋ]

ਇਸ ਗੋਸ਼ਟੀ ਵਿਚ ਨਾਮ,ਸ਼ਬਦ ਗੁਰੂ , ਆਤਮਾ-ਪ੍ਰਮਾਤਮਾ , ਹਉਮੈ , ਸ੍ਰਿਸ਼ਟੀ ,ਸੰਸਾਰ , ਜੀਵ , ਮਨਮੁਖ ,ਗੁਰਮੁਖ , ਉਦਾਸੀ ਮਾਰਗ, ਗ੍ਰਹਿਸਤ ਮਾਰਗ ਤੇ ਹੋਰ ਅਧਿਆਤਮਕ ਵਿਸ਼ਿਆਂ ਤੇ ਚਰਚਾ ਹੋਈ।ਸਿਧ ਤਪ, ਨਾਟਕ ਚੇਟਕ ਛੇ ਦਰਸ਼ਨਾਂ ਆਦਿ ਰਾਹੀਂ ਗੁਰੂ ਸਾਹਿਬ ਨੂੰ ਜੋਗ ਮੱਤ ਧਾਰਨ ਲਈ ਕਹਿੰਦੇ ਹਨ, ਜਦ ਕਿ ਗੁਰੂ ਸਾਹਿਬ ਬਾਹਰੀ ਭੇਖ ਦੀ ਥਾਂ ਗ੍ਰਹਿਸਤ ਵਿਚ ਮਾਇਆਵੀ ਬਿਰਤੀ ਤੋਂ ਉੱਪਰ ਰਹਿ ਕੇ ਸ਼ਬਦ ਗੁਰੂ ਤੇ ਸੁਰਤਿ ਧੁਨਿ ਚੇਲਾ ਦੇ ਸਿਧਾਂਤ ਨੂੰ ਪ੍ਰਕਾਸ਼ਮਾਨ ਕਰਦੇ ਹਨ।ਇਸ ਬਾਣੀ ਦੇ ਅਖੀਰਲੇ ਪਦੇ ਅਨੁਸਾਰ ਨਾ ਕੇਵਲ ਸਿਧ ਸਗੋਂ, ਛੇ ਦਰਸ਼ਨਾਂ ਦੇ ਪੰਡਤ ਵੀ ਗੁਰੂ ਸਾਹਿਬ ਦੁਆਰਾ ਦਰਸਾਏ ਨਾਮ ਮਾਰਗ ਦੇ ਕਾਬਲ ਹੋਏ।[2]

ਗੁਰੂ ਨਾਨਕ ਸਾਹਿਬ ਦੀਆਂ ਗੋਸ਼ਟੀਆਂ ਤੋਂ ਸੇਧ ਮਿਲਦੀ ਹੈ ਕਿ ਦੂਸਰੀ ਧਿਰ ਨੂੰ ਬਣਦਾ ਯੋਗ ਸਤਿਕਾਰ ਦੇ ਕੇ ਜੇ ਸੰਵਾਦ ਰਚਾਇਆ ਜਾਵੇ ਤਾਂ ਗੋਸ਼ਟੀਆਂ ਦੇ ਸਿੱਟੇ ਸਾਰਥਕ,ਸਿਹਤਮੰਦ ਤੇ ਉਸਾਰੂ ਨਿਕਲ ਸਕਦੇ ਹਨ।

ਹਵਾਲੇ[ਸੋਧੋ]