ਆਸਾ ਦੀ ਵਾਰ
ਆਸਾ ਕੀ ਵਾਰ (ਜਾਂ ਵਾਰ ਆਸਾ) ਸਿੱਖਾਂ ਦੇ ਪਹਿਲੇ ਗੁਰੂ, ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਕਲਾਮ ਹੈ ਜੋ ਸਿੱਖਾਂ ਦਾ ਧਾਰਮਿਕ ਗ੍ਰੰਥ ਅਤੇ ਰਹਿਬਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਅਤੇ ਸਿੱਖਾਂ ਦੇ ਨਿਤਨੇਮ ਦਾ ਹਿੱਸਾ ਹੈ। ਇਸ ਬਾਣੀ ਨੂੰ ਪੰਜਵੇਂ ਗੁਰੂ, ਗੁਰੂ ਅਰਜਨ ਦੇਵ ਜੀ ਨੇ 24 ਪਉੜੀਆਂ ਅਤੇ 59 ਸਲੋਕ ਸੰਗ੍ਰਹਿਤ ਕਰ ਕੇ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਸਵੇਰੇ ਸੁਵਖਤੇ ਦੀ ਅਰਦਾਸ ਦੇ ਤੌਰ ਸ਼ਾਮਲ ਕੀਤਾ।[1] ਇਸ ਵਿੱਚ ਕੁਝ ਸਲੋਕ ਦੂਜੇ ਗੁਰੂ, ਗੁਰੂ ਅੰਗਦ ਦੇਵ ਜੀ ਦੇ ਵੀ ਸ਼ਾਮਲ ਕੀਤੇ ਗਏ ਹਨ ਜੋ ਪਉੜੀਆਂ ਦੇ ਥੀਮ ਤੇ ਸੰਦੇਸ਼ ਨਾਲ ਮੇਲ ਖਾਂਦੇ ਹਨ। ਇਹ ਬਾਣੀ ਸਮਕਾਲੀ ਸਮਾਜਿਕ, ਧਾਰਮਿਕ ਅਤੇ ਰਾਜਨੈਤਿਕ ਪਖੰਡਾਂ ਨੂੰ ਨੰਗਿਆਂ ਕਰਕੇ ਸੱਚ ਦਾ ਰਾਹ ਦਰਸਾਉਂਦੀ ਹੈ।
ਬਣਤਰ
[ਸੋਧੋ]ਆਸਾ ਕੀ ਵਾਰ, ਗੁਰੂ ਗ੍ਰੰਥ ਸਾਹਿਬ ਦੇ ਅੰਕ 462 ਤੋਂ ਲੈ ਕੇ 475 ਉੱਤੇ ਸੁਸ਼ੋਭਿਤ ਹੈ। ਇਸ ਬਾਣੀ ਨੂੰ ਅੰਮ੍ਰਿਤ ਵੇਲੇ ਰਾਗ ਆਸਾ ਵਿੱਚ 'ਟੁੰਡੇ ਅਸਰਾਜੇ ਕਈ ਧੁਨੀ'ਗਾਉਣ ਦਾ ਵਿਧਾਨ ਹੈ। ਇਹ ਵਾਰ ਗੁਰੂ ਨਾਨਕ ਦੇਵ ਜੀ ਦੀ ਸਰਬਪ੍ਰਿਯ ਅਤੇ ਪ੍ਰਸਿੱਧ ਰਚਨਾ ਹੈ। ਇਸ ਵਿੱਚ ਕੁਝ ਸਲੋਕ ਗੁਰੂ ਅੰਗਦ ਦੇਵ ਜੀ ਦੇ ਵੀ ਅੰਕਿਤ ਹਨ। ਇਨ੍ਹਾਂ ਸਲੋਕਾਂ ਵਿੱਚ 44 ਗੁਰੂ ਨਾਨਕ ਦੇਵ ਜੀ ਅਤੇ ਬਾਕੀ 15 ਸਲੋਕ ਗੁਰੂ ਅੰਗਦ ਦੇਵ ਜੀ ਦੁਆਰਾ ਰਚਿਤ ਹਨ। ਹਰ ਪਉੜੀ ਤੋਂ ਪਹਿਲਾਂ ਦੋ ਜਾਂ ਵਧੀਕ ਸਲੋਕ ਹਨ। ਇਸ ਵਾਰ ਵਿੱਚ ਵਰਤਿਆ ਪਉੜੀ ਰੂਪ (13, 16 ਮਾਤਰਾਂ) ਦਾ ਹੈ। ਪਉੜੀਆਂ ਨਾਲ ਸਲੋਕਾਂ ਦੀ ਵੰਡ ਇੱਕ ਸਮਾਨ ਨਹੀਂ ਹੈ। ਹਰ ਪਉੜੀ ਨਾਲ ਘੱਟੋ-ਘੱਟ ਦੋ ਅਤੇ ਵੱਧ ਤੋਂ ਵੱਧ ਪੰਜ ਸਲੋਕ ਹਨ। ਸਲੋਕ ਦੀਆਂ ਤੁਕਾਂ ਇਕਸਾਰ ਨਹੀਂ। ਦੋ ਤੋਂ ਲੈ ਕੇ 19 ਤੱਕ ਤੁਕਾਂ ਦ੍ਰਿਸ਼ਟੀਗੋਚਰ ਹੁੰਦੀਆਂ ਹਨ। ਹਰ ਪਉੜੀ ਪੰਜ ਤੁਕਾਂ ਦੀ ਹੈ। ਹਰ ਪਉੜੀ ਦੀ ਅੰਤਿਮ ਤੁਕ ਬਾਕੀਆਂ ਦੇ ਮੁਕਾਬਲੇ ਨਿੱਕੀ ਹੈ ਅਤੇ ਉਸ ਵਿੱਚ ਸਾਰੀ ਪਉੜੀ ਦਾ ਤੱਤ-ਸਾਰ ਸਮੋਇਆ ਹੋਇਆ ਹੈ। ਇਸ ਵਿਧਾਨ ਦਾ ਪਾਲਣ ਕੇਵਲ 22ਵੀਂ ਪਉੜੀ ਵਿੱਚ ਨਹੀਂ ਹੋਇਆ ਜਿੱਥੇ ਪੰਜ ਦੀ ਥਾਂ ਛੇ ਤੁਕਾਂ ਹਨ। ਕੀਰਤਨੀ ਆਸਾ ਕੀ ਵਾਰ ਵਿੱਚ ਹਰੇਕ ਸਲੋਕ ਤੋਂ ਪਹਿਲਾਂ ਚੌਥੇ ਗੁਰੂ, ਗੁਰੂ ਰਾਮਦਾਸ ਜੀ ਦੁਆਰਾ ਆਸਾ ਰਾਗ ਵਿੱਚ ਉਚਾਰੇ 'ਛੱਕੇ' ਵੀ ਗਾਏ ਜਾਂਦੇ ਹਨ।