ਸਮੱਗਰੀ 'ਤੇ ਜਾਓ

ਸੁਰਜੀਤ ਬਿੰਦਰਖੀਆ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਸੁਰਜੀਤ ਬਿੰਦਰਖੀਆ
ਸੁਰਜੀਤ ਬਿੰਦਰਖੀਆ

ਸੁਰਜੀਤ ਬਿੰਦਰੱਖੀਆ (15 ਅਪਰੈਲ 1962- 17 ਨਵੰਬਰ 2003) ਪੰਜਾਬੀ ਗਾਇਕ ਸੀ। ਸੁਰਜੀਤ ਬਿੰਦਰੱਖੀਆ 15 ਅਪਰੈਲ 1962 ਨੂੰ ਪਿੰਡ ਬਿੰਦਰੱਖ ਜ਼ਿਲ੍ਹਾ ਰੋਪੜ ਵਿਖੇ ਪੈਦਾ ਹੋਇਆ, 41 ਸਾਲ ਦੀ ਛੋਟੀ ਜਿਹੀ ਉਮਰ ਵਿਚ, 17 ਨਵੰਬਰ 2003 ਨੂੰ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਿਆ। ਪੰਜਾਬੀ ਦੇ 34 ਗੀਤਕਾਰਾਂ ਦੇ ਗੀਤ ਬਿੰਦਰੱਖੀਆ ਨੇ ਗਾਏ ਹਨ। ਸਭ ਤੋਂ ਵੱਧ ਗੀਤ ਸ਼ਮਸ਼ੇਰ ਸੰਧੂ ਦੇ ਹਨ।

ਜ਼ਿੰਦਗੀ

[ਸੋਧੋ]

ਸੁਰਜੀਤ ਦਾ ਜਨਮ 15 ਅਪ੍ਰੈਲ 1962 ਨੂੰ ਰੋਪੜ ਜ਼ਿਲ੍ਹੇ ਦੇ ਪਿੰਡ ਬਿੰਦਰੱਖ ਵਿਖੇ ਨੂੰ ਪਿਤਾ ਸੁੱਚਾ ਸਿੰਘ ਅਤੇ ਮਾਤਾ ਗੁਰਚਰਨ ਕੌਰ ਦੇ ਪਰਿਵਾਰ ਵਿੱਚ ਹੋਇਆ।[1] ਉਸ ਦੇ ਪਿਤਾ ਜੀ ਮੰਨੇ-ਪ੍ਰਮੰਨੇ ਪਹਿਲਵਾਨ ਸਨ। ਆਪਣੇ ਪਿਤਾ ਨੂੰ ਘੁਲਦਿਆਂ ਦੇਖ ਸੁਰਜੀਤ ਬਿੰਦਰੱਖੀਆ ਅੰਦਰ ਵੀ ਪਹਿਲਵਾਨੀ ਦੀ ਚੇਟਕ ਲੱਗ ਗਈ ਪਰ ਜਲਦੀ ਹੀ ਉਸ ਨੇ ਇਸ ਨੂੰ ਅਲਵਿਦਾ ਆਖ ਦਿੱਤਾ। ਕਾਲਜ ਪੜ੍ਹਦਿਆਂ ਸੁਰਜੀਤ ਬਿੰਦਰੱਖੀਆ ਨੂੰ ਭੰਗੜੇ ਨਾਲ ਇਸ਼ਕ ਹੋ ਗਿਆ। ਉਸ ਨੇ ਕਾਲਜ ਦੀਆਂ ਸਟੇਜਾਂ ਉੱਤੇ ਬੋਲੀਆਂ ਅਤੇ ਭੰਗੜਾ ਪਾ ਕੇ ਆਪਣੀ ਕਾਬਲੀਅਤ ਦਾ ਲੋਹਾ ਮੰਨਵਾਇਆ। ਪ੍ਰਸਿੱਧ ਗਾਇਕ ਪੰਮੀ ਬਾਈ ਨੇ ਉਸ ਅੰਦਰਲੀ ਪ੍ਰਤਿਭਾ ਨੂੰ ਭਾਂਪਦਿਆਂ ਉਸ ਨੂੰ ਦਿੱਲੀ ਵਿਖੇ 1982 ਵਿੱਚ ਹੋਣ ਵਾਲੀਆਂ ਏਸ਼ਿਆਈ ਖੇਡਾਂ ਦੇ ਸਬੰਧ ਵਿੱਚ ਕਰਵਾਏ ਜਾ ਰਹੇ ਸੱਭਿਆਚਾਰਕ ਮੇਲੇ ਵਿੱਚ ਸ਼ਮੂਲੀਅਤ ਕਰਨ ਲਈ ਰਜ਼ਾਮੰਦ ਕਰ ਲਿਆ। ਸੁਰਜੀਤ ਬਿੰਦਰੱਖੀਏ ਨੇ ਆਪਣੀ ਦਮਦਾਰ ਆਵਾਜ਼ ਅਤੇ ਭੰਗੜੇ ਨਾਲ ਦਰਸ਼ਕਾਂ ਦੇ ਦਿੱਲ ਜਿੱਤ ਲਏ।

ਹਿੱਕ ਦੇ ਜ਼ੋਰ ਨਾਲ

[ਸੋਧੋ]

[[ਸੁਰਜੀਤ ਬਿੰਦਰੱਖੀਏ|ਸੁਰਜੀਤ ਬਿੰਦਰੱਖੀਆ ਦੀ ਖਿੱਚਵੀਂ ਆਵਾਜ਼ ਨੇ ਲੋਕ ਮਨਾਂ ਉੱਤੇ ਜਾਦੂਈ ਅਸਰ ਕੀਤਾ। ਉਹ ਆਪਣੀ ਪਲੇਠੀ ਕੈਸੇਟ ਨਾਲ ਹੀ ਉਸ ਸਮੇਂ ਦੇ ਹਿੱਟ ਕਲਾਕਾਰਾਂ ਦੀ ਕਤਾਰ ਵਿੱਚ ਆ ਖੜਾ ਹੋਇਆ। ਸਰੋਤੇ ਉਸ ਦੀਆਂ ਕੈਸੇਟਾਂ ਦਾ ਬੇਸਬਰੀ ਨਾਲ ਇੰਤਜ਼ਾਰ ਕਰਦੇ ਸਨ, ਵਿਆਹਾਂ ਵਿੱਚ ਡੀ.ਜੇ. ’ਤੇ ਵੱਜਣ ਵਾਲੇ ਗੀਤਾਂ ਵਿੱਚ ਬਹੁਗਿਣਤੀ ਗੀਤ ਸੁਰਜੀਤ ਬਿੰਦਰੱਖੀਏ ਦੇ ਹੀ ਹੁੰਦੇ ਸਨ। ਉਸ ਦੇ ਅਨੇਕਾਂ ਗੀਤਾਂ ਨੇ ਕੌਮਾਂਤਰੀ ਪੱਧਰ ’ਤੇ ਪ੍ਰਸਿੱਧੀ ਹਾਸਲ ਕੀਤੀ। ‘ਦੁਪੱਟਾ ਤੇਰਾ ਸੱਤ ਰੰਗ ਦਾ’ ਗੀਤ ਨੂੰ ਵਿਸ਼ਵ ਪੱਧਰ ਦੇ ਦਸ ਹਿੱਟ ਗੀਤਾਂ ਵਿੱਚ ਸ਼ਾਮਲ ਹੋਣ ਦਾ ਮਾਣ ਪ੍ਰਾਪਤ ਹੋਇਆ। ਸੁਰਜੀਤ ਬਿੰਦਰੱਖੀਏ ਦੀਆਂ ਹੁਣ ਤਕ ਮਾਰਕੀਟ ਵਿੱਚ ਆਈਆਂ ਲਗਪਗ 30 ਦੇ ਕਰੀਬ ਕੈਸੇਟਾਂ ਨੂੰ ਸਰੋਤਿਆਂ ਵੱਲੋਂ ਭਰਵਾਂ ਹੁੰਗਾਰਾ ਮਿਲਿਆ। ਗੀਤਕਾਰ ਸ਼ਮਸ਼ੇਰ ਸੰਧੂ ਦੀ ਕਲਮ ਅਤੇ ਬਿੰਦਰੱਖੀਏ ਦੀ ਆਵਾਜ਼ ਨੇ ਮਿਲ ਕੇ ਅਜਿਹਾ ਇਤਿਹਾਸ ਸਿਰਜਿਆ ਜਿਸ ਦੀ ਮਿਸਾਲ ਦੁਨੀਆ ਵਿੱਚ ਕਿਧਰੇ ਵੀ ਨਹੀਂ ਮਿਲਦੀ। ਉਸ ਦੇ ਅਨੇਕਾਂ ਗੀਤ ਜਿਨ੍ਹਾਂ ਵਿੱਚੋਂ ਦੁਪੱਟਾ ਤੇਰਾ ਸੱਤ ਰੰਗ ਦਾ, ਤੇਰੇ ’ਚੋਂ ਤੇਰਾ ਯਾਰ ਬੋਲਦਾ, ਲੱਕ ਟੁਣੂੰ ਟੁਣੂੰ, ਮੁੱਖੜਾ, ਪੇਕੇ ਹੁੰਦੇ ਮਾਂਵਾਂ ਨਾਲ, ਕੱਚੇ ਤੰਦਾਂ ਦੀਆਂ ਅੱਜ-ਕੱਲ੍ਹ ਯਾਰੀਆਂ ਅਤੇ ਮੈਂ ਤਿੜਕੇ ਘੜੇ ਦਾ ਪਾਣੀ ਆਦਿ ਗੀਤ ਅੱਜ ਵੀ ਹਵਾਵਾਂ ਵਿੱਚ ਆਪਣੀ ਮਹਿਕ ਬਿਖੇਰਦੇ ਹਨ। ਸੁਰਜੀਤ ਬਿੰਦਰੱਖੀਏ ਨੇ ਜਿਸ ਵੀ ਖੇਤਰ ਵਿੱਚ ਪੈਰ ਪਾਇਆ ਭਾਵੇਂ ਉਹ ਖੇਤਰ ਪਹਿਲਵਾਨੀ ਦਾ ਹੋਵੇ ਜਾਂ ਭੰਗੜੇ ਦਾ ਅਤੇ ਚਾਹੇ ਪੰਜਾਬੀ ਗਾਇਕੀ ਦਾ, ਕੁਦਰਤ ਹਮੇਸ਼ਾ ਉਸ ਉੱਤੇ ਮਿਹਰਬਾਨ ਰਹੀ।

28 ਸਕਿੰਟ ਲੰਮੀ ਹੇਕ ਲਾ ਕੇ ਵਿਸ਼ਵ ਰਿਕਾਰਡ

[ਸੋਧੋ]

ਕੁਦਰਤ ਨੇ ਉਸ ਦੇ ਰਾਹਾਂ ਉੱਤੇ ਫੁੱਲ ਵਿਛਾ ਕੇ ਉਸ ਦਾ ਸਵਾਗਤ ਕੀਤਾ। ਸੁਰਜੀਤ ਬਿੰਦਰੱਖੀਏ ਨੇ 28 ਸਕਿੰਟ ਲੰਮੀ ਹੇਕ ਲਾ ਕੇ ਵਿਸ਼ਵ ਰਿਕਾਰਡ ਕਾਇਮ ਕੀਤਾ। ਉਸ ਨੇ ਮਿਰਜ਼ਾ, ਜੁਗਨੀ, ਟੱਪੇ ਅਤੇ ਬੀਟ ਗੀਤਾਂ ਨੂੰ ਵਿਲੱਖਣ ਅੰਦਾਜ਼ ਵਿੱਚ ਗਾ ਕੇ ਆਪਣੀ ਇੱਕ ਅਲਹਿਦਾ ਪਛਾਣ ਬਣਾਈ। ਉਸ ਦੇ ਗੀਤ ਪੰਜਾਬੀ ਦੀਆਂ ਨਾਮਵਰ ਫ਼ਿਲਮਾਂ ਵਿੱਚ ਵੀ ਗੂੰਜੇ। ਉੱਚੇ-ਲੰਮੇ ਕੱਦ-ਕਾਠ ਅਤੇ ਸੋਹਣੀ ਡੀਲ-ਡੌਲ ਦਾ ਮਾਲਕ ਸੁਰਜੀਤ ਬਿੰਦਰੱਖੀਆ ਜਦੋਂ ਕੁੜਤੇ, ਚਾਦਰੇ ਅਤੇ ਲਿਸ਼ਕਦੀ ਪੱਗ ਬੰਨ੍ਹ ਕੇ ਸਟੇਜ ਉੱਤੇ ਖੜ੍ਹ ਉੱਚੀ ਹੇਕ ਲਾਉਂਦਾ ਤਾਂ ਦਰਸ਼ਕ ਅਸ਼-ਅਸ਼ ਕਰ ਉੱਠਦੇ।

ਮੌਤ

[ਸੋਧੋ]

17 ਨਵੰਬਰ 2003 ਦੀ ਚੰਦਰੀ ਘੜੀ ਦਾ ਕਿਸੇ ਨੂੰ ਚਿੱਤ-ਚੇਤਾ ਵੀ ਨਹੀਂ ਸੀ ਜਦੋਂ ਪੰਜਾਬੀ ਗਾਇਕੀ ਦੇ ਅੰਬਰ ਦਾ ਚੰਨ ਸੁਰਜੀਤ ਬਿੰਦਰੱਖੀਆ ਸਦਾ-ਸਦਾ ਲਈ ਗੋਡੀ ਮਾਰ ਗਿਆ। ਅੱਜ ਉਸ ਦਾ ਪੁੱਤ ਗੀਤਾਜ ਬਿੰਦਰੱਖੀਆ ਆਪਣੇ ਪਿਤਾ ਦੇ ਪਾਏ ਹੋਏ ਪੂਰਨਿਆਂ ਉੱਤੇ ਚੱਲਣ ਲਈ ਯਤਨਸ਼ੀਲ ਹੈ।

ਹਵਾਲੇ

[ਸੋਧੋ]