ਸਮੱਗਰੀ 'ਤੇ ਜਾਓ

ਸਤਿੰਦਰ ਸਰਤਾਜ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਸਤਿੰਦਰ ਪਾਲ ਸਿੰਘ ਸੈਣੀ
ਸਤਿੰਦਰ ਸਰਤਾਜ 2016 ਵਿੱਚ ਪੰਜਾਬੀ ਯੂਨੀਵਰਸਿਟੀ, ਪਟਿਆਲਾ ਵਿਖੇ ਇੱਕ ਸਮਾਗਮ ਦੌਰਾਨ।
ਸਤਿੰਦਰ ਸਰਤਾਜ 2016 ਵਿੱਚ ਪੰਜਾਬੀ ਯੂਨੀਵਰਸਿਟੀ, ਪਟਿਆਲਾ ਵਿਖੇ ਇੱਕ ਸਮਾਗਮ ਦੌਰਾਨ।
ਜਾਣਕਾਰੀ
ਜਨਮ ਦਾ ਨਾਮਸਤਿੰਦਰ ਪਾਲ ਸਿੰਘ ਸੈਣੀ
ਉਰਫ਼ਸਤਿੰਦਰ ਸਰਤਾਜ, ਸਰਤਾਜ
ਜਨਮ31 ਅਗਸਤ 1982
ਬਜਰਾਵਰ, ਹੁਸ਼ਿਆਰਪੁਰ, ਪੰਜਾਬ, ਭਾਰਤ
ਵੰਨਗੀ(ਆਂ)ਸੂਫ਼ੀ ਸੰਗੀਤ
ਕਿੱਤਾਸ਼ਾਇਰ, ਗਾਇਕ, ਕਵੀ, ਸੰਗੀਤਕਾਰ, ਅਦਾਕਾਰ
ਸਾਜ਼ਸਾਜ਼-ਏ-ਸਰਤਾਜ, ਚਿਮਟਾ, ਹਰਮੋਨੀਅਮ, ਦਿਲਰੁਬਾ, ਢੋਲ
ਸਾਲ ਸਰਗਰਮ2003-ਵਰਤਮਾਨ
ਵੈਂਬਸਾਈਟhttps://www.satindersartaaj.com/

https://m.youtube.com/channel/UCctMH-Ubed9e2o2ZkDJAo_g https://m.facebook.com/SatinderSartaaj/ https://www.instagram.com/satindersartaaj/reels/?hl=en https://www.threads.net/@satindersartaaj https://www.snapchat.com/add/satindersartaaj

https://twitter.com/sufisartaaj?lang=en

ਸਤਿੰਦਰ ਸਰਤਾਜ (ਜਨਮ 31 ਅਗਸਤ, 1982) [1], ਪੂਰਾ ਨਾਂ ਸਤਿੰਦਰ ਪਾਲ ਸਿੰਘ ਸੈਣੀ, ਇੱਕ ਪੰਜਾਬੀ ਗਾਇਕ, ਲੇਖਕ, ਕਵੀ, ਸ਼ਾਇਰ, ਸੰਗੀਤਕਾਰ ਅਤੇ ਅਭਿਨੇਤਾ ਹਨ।[2] ਡਾ. ਸਤਿੰਦਰ ਸਰਤਾਜ ਦਾ ਜਨਮ ਹੁਸ਼ਿਆਰਪੁਰ ਜ਼ਿਲ੍ਹਾ ਦੇ ਪਿੰਡ ਬਜਰਾਵਰ[3] ਵਿੱਚ ਹੋਇਆ। ਸਰਤਾਜ ਜੀ ਨੇ ਚੰਗੀਆਂ ਐਲਬਮਾਂ ਜਿਵੇਂ ਕਿ ‘ਸਰਤਾਜ’, ‘ਚੀਰੇ ਵਾਲ਼ਾ ਸਰਤਾਜ’, ‘ਅਫ਼ਸਾਨੇ ਸਰਤਾਜ ਦੇ’, ‘ਰੰਗਰੇਜ਼’, ‘ਹਜ਼ਾਰੇ ਵਾਲ਼ਾ ਮੁੰਡਾ’, ‘ਸੀਜ਼ਨਸ ਆੱਫ਼ ਸਰਤਾਜ’ ਅਤੇ ‘ਟ੍ਰੈਵਲ ਡਾਇਰੀਜ਼’ ਆਦਿ ਦਿੱਤੀਆਂ ਹਨ ਅਤੇ ਇਸ ਲਈ ਉਨ੍ਹਾਂ ਨੇ ਲੋਕਾਂ ਦਾ ਪਿਆਰ ਤੇ ਸਨਮਾਨ ਵੀ ਹਾਸਲ ਕੀਤਾ ਹੈ। ਉਹ ਦੁਨੀਆ ਦੇ ਵੱਖ-ਵੱਖ ਦੇਸ਼ਾਂ ਵਿੱਚ ਵੀ ਲਾਈਵ ਸ਼ੋਅ (ਸਿੱਧਾ-ਪ੍ਰਸਾਰਨ) ਕਰ ਚੁੱਕੇ ਹਨ ਅਤੇ ਕਰ ਰਿਹੇ ਹਨ। ਉਨ੍ਹਾਂ ਨੇ ਆਪਣੇ ਹਿੱਟ ਗਾਣੇ ‘ਸਾਈਂ’ ਨਾਲ਼ ਪ੍ਰਸਿੱਧੀ ਹਾਸਿਲ ਕੀਤੀ; ਜਿਸ ਤੋਂ ਬਾਅਦ ਉਹ ਲਗਾਤਾਰ ਆਪਣੇ ਚਾਹੁਣ ਵਾਲ਼ੇ ਦੇਸੀਆਂ-ਪ੍ਰਦੇਸੀਆਂ ਦੀ ਪ੍ਰਸ਼ੰਸਾ ਹਾਸਿਲ ਕਰ ਰਹੇ ਹਨ। ਉਹ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ; ਜਿੱਥੇ ਕਿ ਉਹ ਖ਼ੁਦ ਪੜ੍ਹਦੇ ਤੇ ਪੜ੍ਹਾਉਂਦੇ ਵੀ ਰਹੇ ਹਨ; ਦੇ ਬ੍ਰੈਂਡ-ਐਂਬਸੇਡਰ ਵੀ ਹਨ। ਉਨ੍ਹਾਂ ਨੂੰ ਪੰਜਾਬੀ ਜ਼ੁਬਾਨ, ਪੰਜਾਬੀ ਸਭਿਆਚਾਰ, ਪਰੰਪਰਾਵਾਂ ਅਤੇ ਲੋਕ-ਧਾਰਾ ਦਾ ਵਿਦਵਾਨ ਮੰਨਿਆ ਜਾਂਦਾ ਹੈ। ਉਨ੍ਹਾਂ ਨੇ 2017 ਵਿੱਚ ਦ ਬਲੈਕ ਪ੍ਰਿੰਸ (The Black Prince) ਫ਼ਿਲਮ ਵਿੱਚ ਮਹਾਰਾਜਾ ਦਲੀਪ ਸਿੰਘ ਦੇ ਰੂਪ ਵਿੱਚ ਆਪਣੇ ਫ਼ਿਲਮੀ ਕੈਰੀਅਰ ਦੀ ਸ਼ੁਰੂਆਤ ਕੀਤੀ ਸੀ।

ਸ਼ੁਰੂਆਤੀ ਜੀਵਨ ਅਤੇ ਵਿਆਹ

[ਸੋਧੋ]

ਡਾ. ਸਤਿੰਦਰ ਸਰਤਾਜ ਦਾ ਜਨਮ ਇੱਕ ਸਿੱਖ ਪਰਿਵਾਰ ਵਿੱਚ ਪੰਜਾਬ ਦੇ ਜ਼ਿਲ੍ਹਾ ਹੁਸ਼ਿਆਰਪੁਰ ਦੇ ਇੱਕ ਪਿੰਡ ਬਜਰਾਵਰ ਵਿੱਚ ਹੋਇਆ। ਉਨ੍ਹਾਂ ਨੇ ਸ਼ੁਰੂਆਤੀ ਸਿੱਖਿਆ ਆਪਣੇ ਹੀ ਪਿੰਡ ਦੇ ਸਰਕਾਰੀ ਐਲੀਮੈਂਟਰੀ ਸਕੂਲ ਵਿੱਚੋਂ ਹਾਸਿਲ ਕੀਤੀ। ਤੀਜੀ ਕਲਾਸ ਵਿੱਚ ਹੀ ਉਨ੍ਹਾਂ ਨੇ ਆਪਣੇ ਪਿੰਡ ਦੀਆਂ ਬਾਲ-ਸਭਾਵਾਂ ਵਿੱਚ ਗਾਉਣਾ-ਵਜਾਉਣਾ ਸ਼ੁਰੂ ਕੀਤਾ। ਸਰਤਾਜ ਜੀ ਦੀ ਪਤਨੀ ਦਾ ਨਾਮ ਗੌਰੀ ਹੈ ਅਤੇ ਉਨ੍ਹਾਂ ਦਾ ਵਿਆਹ 9 ਦਸੰਬਰ 2010 ਨੂੰ ਚੰਡੀਗੜ੍ਹ ਦੇ ਤਾਜ ਹੋਟਲ ਵਿਖੇ ਹੋਇਆ ਸੀ।[4]

ਸਿੱਖਿਆ

[ਸੋਧੋ]

ਭਾਰਤ ਵਿੱਚ ਜ਼ਿਆਦਾਤਰ ਲੋਕ-ਗਾਇਕ ਅਤੇ ਫ਼ਿਲਮੀ-ਗਾਇਕ ਆਪਣੀ ਵਿਦਿਅਕ ਯੋਗਤਾ ਲਈ ਨਹੀਂ ਜਾਣੇ ਜਾਂਦੇ, ਪਰੰਤੂ ਸਰਤਾਜ ਜੀ ਨੇ ਆਪਣੀ ਸੰਗੀਤ ਦੀ ਡਿਗਰੀ ਗੌਰਮਿੰਟ ਕਾਲਜ, ਹੁਸ਼ਿਆਰਪੁਰ ਤੋਂ ਹਾਸਿਲ ਕੀਤੀ ਹੈ।[5] ਉਨ੍ਹਾਂ ਨੇ ਆਪਣੀ ਐੱਮ. ਫ਼ਿੱਲ ਦੀ ਡਿਗਰੀ ਸੂਫ਼ੀ-ਸੰਗੀਤ-ਗਾਉਣ ਵਿੱਚ ਕਰ ਕੇ ਆਪਣੇ ਆਪ ਨੂੰ ਸੂਫ਼ੀਆਨਾ ਸੰਗੀਤ ਕੈਰੀਅਰ ਵੱਲ ਕੇਂਦਰਿਤ ਕੀਤਾ ਅਤੇ ਇਸ ਤੋਂ ਬਾਅਦ ਆਪ ਜੀ ਨੇ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਤੋਂ ਸੂਫ਼ੀ ਗਾਇਨ ਵਿੱਚ ਪੀ. ਐੱਚ. ਡੀ. ਦੀ ਡਿਗਰੀ ਹਾਸਿਲ ਕੀਤੀ।[6] ਉਨ੍ਹਾਂ ਨੇ ਪੰਜਾਬ ਯੂਨੀਵਰਸਿਟੀ ਵਿੱਚ ਛੇ ਸਾਲ ਸੰਗੀਤ ਸਿਖਾਇਆ ਤੇ ਆਪ ਢੋਲ ਵਜਾ ਕੇ ਭੰਗੜਾ ਵੀ ਸਿਖਾਉਂਦੇ ਰਹੇ। ਉਨ੍ਹਾਂ ਨੇ ਇੱਕ ਸਰਟੀਫ਼ਿਕੇਟ ਕੋਰਸ ਅਤੇ ਫ਼ਾਰਸੀ ਭਾਸ਼ਾ ਵਿੱਚ ਡਿਪਲੋਮਾ ਵੀ ਪੂਰਾ ਕੀਤਾ[2] ਪੜ੍ਹਾਈ ਦੌਰਾਨ ਉਹ ਵੱਡੇ-ਵੱਡੇ ਸ਼ਾਇਰਾਂ, ਕਵੀਆਂ ਤੇ ਕਵੀਸ਼ਰਾਂ ਨੂੰ ਪੜ੍ਹਦੇ ਸਨ ਤੇ ਉਨ੍ਹਾਂ ਤੋਂ ਹੀ ਪ੍ਰੇਰਨਾ ਲੈ ਕੇ ਆਪ ਜੀ ਨੇ ਵੀ ਥੋੜ੍ਹੀ ਕਲਮ-ਘਿਸਾਈ ਸ਼ੁਰੂ ਕੀਤੀ। ਉਹ ਵੀ ਹੌਲ਼ੀ-ਹੌਲ਼ੀ ਸ਼ਾਇਰੀ ਕਰਨ ਲੱਗੇ। ਕਾਲਜ ਦੌਰਾਨ ਇੱਕ ਗੀਤ ‘ਤੀਜਾ ਰਾਤਰੀ ਦਾ ਪਹਿਰ’ ਲਿਖਦੇ ਸਮੇਂ ਉਨ੍ਹਾਂ ਨੂੰ ਆਪਣਾ ਤਖ਼ੱਲੁਸਸਰਤਾਜ’ ਅਹੁੜਿਆ।[7] ਗੀਤ ਦੇ ਬੋਲ ਸਨ ਕਿ:~

ਮੇਰੀ ਬੇਨਤੀ ਨੂੰ ਸੁਣ ਤਾਰੇ ਅੰਬਰਾਂ ਤੋਂ ਲੱਥੇ,

ਸਾਰੇ ਖ਼ੁਸ਼ੀ-ਖ਼ੁਸ਼ੀ ਆ ਕੇ ਵੱਸ ਗਏ ਸਾਡੇ ਮੱਥੇ,

ਓਸੇ ਦਿਨ ਤੋਂ ਹੈ ਸਾਡੇ ਸਿਰ ਤਾਰਿਆਂ ਦਾ ਤਾਜ;

ਤਾਂ ਹੀ ਯਾਰੋ ਮੈਂ ‘ਸਤਿੰਦਰ’ ਤੋਂ ਹੋਇਆ ‘ਸਰਤਾਜ’,

ਹੁਣ ਤਾਰੇ ‘ਸਰਤਾਜ’ ਨੂੰ ਸਜਾਉਣ ਲੱਗ ਪਏ,

ਚੁੱਪ-ਚਾਪ ਕਾਇਨਾਤ; ਤਾਰੇ ਗਾਉਣ ਲੱਗ ਪਏ।

ਪ੍ਰਫ਼ੌਰਮੈਂਸ

[ਸੋਧੋ]

ਸਰਤਾਜ ਜੀ ਨੇ 1999 ਵਿੱਚ ਪੰਜਾਬ ਵਿੱਚ ਮਜਲਿਸਾਂ (ਛੋਟੇ ਇਕੱਠਾਂ) ਵਿੱਚ ਗਾਉਣਾ ਸ਼ੁਰੂ ਕਰ ਦਿੱਤਾ।[8] ਉਨ੍ਹਾਂ ਨੇ ਜ਼ੀ ਟੀ.ਵੀ. ਦੇ ਇੱਕ ਅੰਤਾਕਸ਼ਰੀ ਸ਼ੋਅ ਵਿੱਚ ਹਿੱਸਾ ਲਿਆ; ਜੋ ਅਨੂ ਕਪੂਰ ਦੁਆਰਾ ਆਯੋਜਿਤ ਕੀਤਾ ਗਿਆ ਇੱਕ ਪ੍ਰਸਿੱਧ ਭਾਰਤੀ ਸੰਗੀਤਿਕ ਸ਼ੋਅ ਸੀ। ਇਸ ਵਿੱਚ ਸਰਤਾਜ ਜੀ ਨੇ ਲੋਕ ਵਰਗ ਵਿੱਚ ਪ੍ਰਦਰਸ਼ਨ ਕੀਤਾ ਅਤੇ ਬਹੁਤ ਪ੍ਰਸ਼ੰਸਾ ਜਿੱਤੀ। ਉਹ 24ਵੇਂ ਆਲ-ਇੰਡੀਆ ਲਾਈਟ ਵੋਕਲ ਫ਼ੈਸਟੀਵਲ ਵਿੱਚ ਪਹਿਲੇ ਰਨਰ-ਅੱਪ ਸਨ ਅਤੇ ਪੰਜਾਬ ਹੈਰੀਟੇਜ ਫ਼ਾਊਂਡੇਸ਼ਨ ਦੇ ਮੁਕਾਬਲਿਆਂ ਵਿੱਚ ਟਾੱਪਰ ਸਨ। 2 ਮਈ 2014 ਨੂੰ ਸਰਤਾਜ ਜੀ ਨੇ ਰਾਇਲ ਐਲਬਰਟ ਹਾਲ ਵਿੱਚ ਪਹਿਲੀ ਵਾਰ ਪ੍ਰਦਰਸ਼ਨ ਕੀਤਾ।[9] ਉਨ੍ਹਾਂ ਨੇ ਅਮਰੀਕਨ ਫ਼ਿਲਮ ਉਦਯੋਗ ਵਿੱਚ ਬਣੀ ਫ਼ਿਲਮ ‘ਦ ਬਲੈਕ ਪ੍ਰਿੰਸ ’ ਵਿੱਚ ਕੰਮ ਕੀਤਾ। ਇਸ ਵਿੱਚ ਸਰਤਾਜ ਜੀ ਨੇ ਮਹਾਰਾਜਾ ਦਲੀਪ ਸਿੰਘ ਦੀ ਭੂਮਿਕਾ ਨਿਭਾਈ। ਇਹ ਇੱਕ ਮਸ਼ਹੂਰ ਫ਼ਿਲਮ ਹੈ ਜੋ ਫ਼ਿਲਮ 21 ਜੁਲਾਈ 2017 ਨੂੰ ਰਿਲੀਜ਼ ਹੋਈ ਸੀ।[10]

ਦਾਰਸ਼ਨਿਕਤਾ

[ਸੋਧੋ]
ਸਤਿੰਦਰ ਸਰਤਾਜ

ਭਾਵੇਂ ਕਿ ਉਨ੍ਹਾਂ ਨੇ ਯੂਨੀਵਰਸਿਟੀ ਵਿੱਚ ਸਿੱਖਿਆ ਦਿੱਤੀ ਹੈ ਅਤੇ ਉਹ ਇੱਕ ਗਾਇਕ, ਸੰਗੀਤਕਾਰ ਅਤੇ ਅਭਿਨੇਤਾ ਹਨ; ਸਰਤਾਜ ਜੀ ਦਾ ਕਹਿਣਾ ਹੈ ਕਿ ਉਹ ਸ਼ਾਇਰੀ (ਖ਼ਸ ਤੌਰ ਤੇ ਪੰਜਾਬੀ/ ਮੁਗ਼ਲ ਸ਼ੈਲੀ ਦੀ ਕਵਿਤਾ) ਨੂੰ ਆਪਣਾ ਪਹਿਲੇ ਪਿਆਰ ਦੇ ਤੌਰ ’ਤੇ ਮੰਨਦੇ ਹਨ।[11]

ਸਰਤਾਜ ਜੀ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਦੂਜਾ ਪਿਆਰ ਪੁਰਾਣੀਆਂ ਇਤਿਹਾਸਿਕ ਇਮਾਰਤਾਂ ਹਨ। ਕਈ ਵਾਰਤਾਲਾਪਾਂ ਵਿੱਚ ਉਨ੍ਹਾਂ ਨੇ ਕੁਦਰਤ ਪ੍ਰਤੀ ਵੀ ਡੂੰਘੀ ਦਿਲਚਸਪੀ ਜ਼ਾਹਿਰ ਕੀਤੀ ਹੈ, ਇਸ ਲਈ ਉਹ ਆਪਣੇ ਪਿੰਡ ਵਿੱਚ ਇੱਕ ਫ਼ਾਰਮ-ਹਾਊਸ ਨੂੰ ਲਗਾਤਾਰ ਵਧਾ ਰਹੇ ਹਨ; ਜਿੱਥੇ ਉਨ੍ਹਾਂ ਦੇ ਪਿਤਾ ਸਰਪੰਚ ਸਨ।

ਸਰਤਾਜ ਜੀ ਦਾ ਕਹਿਣਾ ਹੈ ਕਿ ਵਪਾਰਕ ਸਫ਼ਲਤਾ ਉਨ੍ਹਾਂ ਦਾ ਉਦੇਸ਼ ਨਹੀਂ ਹੈ, ਹਾਲਾਂਕਿ ਅਕਸਰ ਇਹ ਮੰਨਦੇ ਹੋਏ ਕਿ ਉਹ ਸੰਗੀਤ ਸਮਾਰੋਹਾਂ ਦੇ ਦੌਰਾਨ ਉਨ੍ਹਾਂ ਨੂੰ ਦਰਸ਼ਕਾਂ ਦੀਆਂ ਇੱਛਾਵਾਂ ਅੱਗੇ ਝੁਕਣਾ ਪੈਂਦੇ ਹਨ ਜੋ ਉਨ੍ਹਾਂ ਦੇ ਪੁਰਾਣੇ ਗੀਤਾਂ ਨੂੰ ਪਿਆਰ ਕਰਦੇ ਹਨ।

ਡਿਸਕੋਗ੍ਰਾਫ਼ੀ

[ਸੋਧੋ]

ਸਰਤਾਜ ਜੀ ਨੇ ਆਪਣੀ ਪਹਿਲੀ ਐਲਬਮ ‘ਸਰਤਾਜ’ 2010 ਵਿੱਚ ਰਿਲੀਜ਼ ਕੀਤੀ।[12][13][14][15][16][17][18] [19]

ਨੋਟ:- [ST] ~ Single Track (A single song)

[M] ~ Movie Album

[EP] ~ Extended Play (A Song-Album of lesser songs than a full album)

ਸਾਲ ਐਲਬਮ ਸੰਗੀਤ ਰਿਕਾਰਡ ਲੇਬਲ
2010 ਸਰਤਾਜ ਜਤਿੰਦਰ ਸ਼ਾਹ ਸਪੀਡ ਰਿਕਾਰਡਜ਼
2011 ਚੀਰੇ ਵਾਲ਼ਾ ਸਰਤਾਜ ਜਤਿੰਦਰ ਸ਼ਾਹ ਮੂਵੀਬੌਕਸ ਬਰਮਿੰਘਮ ਲਿਮਟਡ[17]
2012 ਲਫ਼ਜ਼ਾਂ ਦੇ ਹਾਣਦਾ (ਸਰਤਾਜ ਲਾਈਵ) ਸਪੀਡ ਰਿਕਾਰਡਜ਼
2012 ਤੇਰੇ ਕ਼ੁਰਬਾਨ ਫ਼ਾਇਨਟੋਨ ਕੈਸੈਟ ਇੰਡਸਟਰੀ
2013 ਅਫ਼ਸਾਨੇ ਸਰਤਾਜ ਦੇ ਜਤਿੰਦਰ ਸ਼ਾਹ[15] ਫ਼ਿਰਦੌਸ ਪ੍ਰੋਡਕਸ਼ਨ[15]
2013 ਸਰਦਾਰ ਜੀ

[ST]

ਪਾਰਟਨਰਸ ਇਨ ਰਾਈਮ ਫ਼ਿਰਦੌਸ ਪ੍ਰੋਡਕਸ਼ਨ
2014 ਰੰਗਰੇਜ਼ ਪ੍ਰੇਮ & ਹਰਦੀਪ ਸੋਨੀ ਮਿਊਜ਼ਿਕ[15]
2015 ਚੌਪਈ ਸਾਹਿਬ ਜੀ-ਪਾਠ

[ST]

ਫ਼ਿਰਦੌਸ ਪ੍ਰੋਡਕਸ਼ਨਸ਼
2015 ਹਮਜ਼ਾ ਅਹਿਸਾਨ ਅਲੀ & ਮੌਂਟੂ ਫ਼ਿਰਦੌਸ ਪ੍ਰੋਡਕਸ਼ਨਸ਼[14]
2015 ਸਿਫ਼ਤ (ਸਾਈਂਆਂ ਦੇ ਦਰ ਤੋਂ)

[ST]

ਪਾਰਟਨਰਸ ਇਨ ਰਾਈਮ ਟੀ-ਸੀਰੀਜ਼
2016 ਹਜ਼ਾਰੇ ਵਾਲ਼ਾ ਮੁੰਡਾ ਜਤਿੰਦਰ ਸ਼ਾਹ ਸ਼ਮਾਰੂ ਇੰਟਰਟੈਨਮੈਂਟ ਲਿਮਟਿਡ[18]
2017 ਰੈਵੋਲਿਯੂਸ਼ਨ-ਦ ਸੌਂਗ ਆੱਫ਼ ਹੋਪ (ਰਾਹਵਾਂ ਨੂੰ ਰੌਸ਼ਨਾਈਏ)

[ST]

ਫ਼ਿਰਦੌਸ ਪ੍ਰੋਡਕਸ਼ਨਸ਼
2017 ਦ ਬਲੈਕ ਪ੍ਰਿੰਸ

[M] [EP]

ਪ੍ਰੇਮ & ਹਰਦੀਪ ਸਾਗਾ ਮਿਊਜ਼ਿਕ
2017 ਮਾਸੂਮੀਅਤ

[ST]

ਬੀਟ ਮਿਨਿਸਟਰ ਟੀ-ਸੀਰੀਜ਼
2018 ਸੀਜ਼ਨਸ ਆੱਫ਼ ਸਰਤਾਜ ਜਤਿੰਦਰ ਸ਼ਾਹ[16] ਸਾਗਾ ਮਿਊਜ਼ਿਕ[16]
2019 ਦਰਿਆਈ ਤਰਜਾਂ (ਸੈਵਨ ਰਿਵਰਜ਼) ਬੀਟ ਮਿਨਿਸਟਰ[16] ਸਾਗਾ ਮਿਊਜ਼ਿਕ[16]
2019 ਆਰਤੀ (ਅਕ਼ੀਦਤ-ਏ-ਸਰਤਾਜ)

[ST]

ਬੀਟ ਮਿਨਿਸਟਰ ਸਾਗਾ ਮਿਊਜ਼ਿਕ
2019 ਸ਼ਗੁਫ਼ਤਾ ਦਿਲੀ

[ST]

ਬੀਟ ਮਿਨਿਸਟਰ ਸਾਗਾ ਮਿਊਜ਼ਿਕ
2020 ਇੱਕੋ-ਮਿੱਕੇ

[M]

ਬੀਟ ਮਿਨਿਸਟਰ ਸਾਗਾ ਮਿਊਜ਼ਿਕ
2020 ਜ਼ਫ਼ਰਨਾਮਾਹ੍

[ST]

ਬੀਟ ਮਿਨਿਸਟਰ ਫ਼ਿਰਦੌਸ ਪ੍ਰੋਡਕਸ਼ਨਸ਼
2020 ਕੁਛ ਬਦਲ ਗਿਆ ਏ

[ST]

ਬੀਟ ਮਿਨਿਸਟਰ ਸਾਗਾ ਮਿਊਜ਼ਿਕ
2021 ਔਜ਼ਾਰ

[ST]

ਬੀਟ ਮਿਨਿਸਟਰ ਸਾਗਾ ਮਿਊਜ਼ਿਕ
2021 ਤਹਿਰੀਕ ਬੀਟ ਮਿਨਿਸਟਰ ਸਾਗਾ ਮਿਊਜ਼ਿਕ
2021 ਕ਼ਾਨੂੰਨ ਬਨਾਨੇ ਵਾਲੋਂ ਸੇ

[ST]

ਬੀਟ ਮਿਨਿਸਟਰ ਸਾਗਾ ਮਿਊਜ਼ਿਕ
2021 ਪਾਕੀਜ਼ਗੀ (ਸੱਜਣ ਨੂੰ ਮਿਲ਼ ਲਿਆ ਜਦ ਦਾ)

[ST]

ਬੀਟ ਮਿਨਿਸਟਰ ਟੀ-ਸੀਰੀਜ਼
2021 ਪਲੈਨੇਟ ਪੰਜਾਬ (ਪੂਰੀਆਂ ਤਰੱਕੀਆਂ ਨੇ)

[ST]

ਬੀਟ ਮਿਨਿਸਟਰ ਫ਼ਿਰਦੌਸ ਪ੍ਰੋਡਕਸ਼ਨਸ਼
2021 ਸ਼ਾਵਾ ਨੀ ਗਿਰਧਾਰੀ ਲਾਲ

[M] [ST]

ਜਤਿੰਦਰ ਸ਼ਾਹ ਹੰਬਲ ਮਿਊਜ਼ਿਕ
2022 ਕਮਾਲ ਹੋ ਗਿਆ

[ST]

ਮਨਨ ਭਾਰਦਵਾਜ ਟੀ-ਸੀਰੀਜ਼
2022 ਨਾਦਾਨ ਜਿਹੀ ਆਸ

[ST]

ਬੀਟ ਮਿਨਿਸਟਰ ਫ਼ਿਰਦੌਸ ਪ੍ਰੋਡਕਸ਼ਨਸ਼
2022 ਦਿਲ ਗਾਉਂਦਾ ਫ਼ਿਰਦਾ

[ST]

ਬੀਟ ਮਿਨਿਸਟਰ ਟੀ-ਸੀਰੀਜ਼
2022 ਤਿਤਲੀ

[ST]

ਬੀਟ ਮਿਨਿਸਟਰ ਜੁਗਨੂੰ
2022 ਜ਼ਰਾ ਫ਼ਾਸਲੇ ’ਤੇ

[ST]

ਬੀਟ ਮਿਨਿਸਟਰ ਜੁਗਨੂੰ
2022 ਜਾਣ ਕੇ ਭੁਲੇਖੇ

[ST]

ਬੀਟ ਮਿਨਿਸਟਰ ਜੁਗਨੂੰ
2023 ਸ਼ਾਇਰਾਨਾ ਸਰਤਾਜ (ਪੈਰਾਡਾਈਮ ਆੱਫ਼ ਪੋਇਟਰੀ) ਬੀਟ ਮਿਨਿਸਟਰ ਫ਼ਿਰਦੌਸ ਪ੍ਰੋਡਕਸ਼ਨਸ਼
2023 ਗੱਲਾਂ ਹੀ ਨੇ

[ST]

ਜਤਿੰਦਰ ਸ਼ਾਹ VYRL ਪੰਜਾਬੀ
2023 ਕਲੀ-ਜੋਟਾ

[M]

ਬੀਟ ਮਿਨਿਸਟਰ ਟਾਈਮਜ਼ ਮਿਊਜ਼ਿਕ
2023 ਪੈਰਿਸ ਦੀ ਜੁਗਨੀ

[ST]

ਪਾਰਟਨਰਸ ਇਨ ਰਾਈਮ ਟੀ-ਸੀਰੀਜ਼
2023-ਵਰਤਮਾਨ ਟ੍ਰੈਵਲ ਡਾਇਰੀਜ਼ (ਸਫ਼ਰਾਂ ਦੇ ਸਿਰਨਾਵੇਂ)

ਮੁਸਾਫ਼ਿਰ

ਨਜ਼ਰੀਆ

ਰਾਸਤੇ

ਬੀਟ ਮਿਨਿਸਟਰ ਸਪੀਡ ਰਿਕਾਰਡਸ
2024 ਸ਼ਾਇਰ

[M]

ਬੀਟ ਮਿਨਿਸਟਰ & ਗੈਗਜ਼ ਸਟੂਡੀਓਜ਼ ਸਪੀਡ ਰਿਕਾਰਡਸ
2024-ਵਰਤਮਾਨ ਈਕੋਜ਼ ਆੱਫ਼ ਲਵ

[EP]

ਬੀਟ ਮਿਨਿਸਟਰ ਟਾਈਮਜ਼ ਮਿਊਜ਼ਿਕ
2025 (ਹਾਲੇ ਰੀਲੀਜ਼ ਨਹੀਂ ਹੋਈ) ਆਪਣਾ ਅਰਸਤੂ

[M]

ਬੀਟ ਮਿਨਿਸਟਰ -

ਸਰਤਾਜ (2010)

[ਸੋਧੋ]

ਇਹ ਸਰਤਾਜ ਜੀ ਦੀ ਪਹਿਲੀ ਐਲਬਮ ਸੀ। ਇਸ ਐਲਬਮ ਦੇ ਗਾਣੇ ‘ਸਾਈਂ ’, ‘ਨਿੱਕੀ ਜਿਹੀ ਕੁੜੀ ’ ਅਤੇ ‘ਪਾਣੀ ਪੰਜਾਂ ਦਰਿਆਵਾਂ ਵਾਲ਼ਾ ’ ਨੂੰ ਬਹੁਤ ਪਸੰਦ ਕੀਤਾ ਗਿਆ।

ਸਥਾਨ ਗੀਤ ਦਾ ਨਾਂ
1 ਸਾਈਂ
2 ਪਾਣੀ ਪੰਜਾਂ ਦਰਿਆਵਾਂ ਵਾਲ਼ਾ
3 ਨਿੱਕੀ ਜਿਹੀ ਕੁੜੀ
4 ਫ਼ਿਲਹਾਲ ਹਵਾਵਾਂ ਰੁਮਕਦੀਆਂ
5 ਜਿੱਤ ਦੇ ਨਿਸ਼ਾਨ
6 ਦੁਆਵਾਂ ਕਰਦੀ ਅੰਮੀ
7 ਗੱਲ ਤਜੁਰਬੇ ਵਾਲ਼ੀ
8 ਦਿਲ ਪਹਿਲਾਂ ਜਿਹਾ ਨਹੀਂ ਰਿਹਾ
9 ਹੀਰੀਏ-ਫ਼ਕ਼ੀਰੀਏ
10 ਸਭ ’ਤੇ ਲਾਗੂ

ਗੀਤਾਂ ਦੇ ਬੋਲ :-

ਸਾਈਂ :~

ਕੋਈ ਅਲੀ ਆਖੇ, ਕੋਈ ਵਲੀ ਆਖੇ,

ਕੋਈ ਕਹੇ ਦਾਤਾ ਸੱਚੇ ਮਾਲਕਾਂ ਨੂੰ,

ਮੈਨੂੰ ਸਮਝ ਨਾ ਆਵੇ ਕੀ ਨਾਮ ਦੇਵਾਂ;

ਏਸ ਗੋਲ਼ ਚੱਕੀ ਦਿਆਂ ਚਾਲਕਾਂ ਨੂੰ,

ਰੂਹ ਦਾ ਅਸਲ ਮਾਲਿਕ ਓਹੀ ਮੰਨੀਏ ਜੀ;

ਜਿਹਦਾ ਨਾਮ ਲਈਏ ਤਾਂ ਸੁਰੂਰ ਹੋਵੇ,

ਅੱਖਾਂ ਖੁੱਲ੍ਹੀਆਂ ਨੂੰ ਮਹਿਬੂਬ ਦਿਸੇ,

ਅੱਖਾਂ ਬੰਦ ਹੋਵਣ ਤਾਂ ਹੁਜ਼ੂਰ ਹੋਵੇ,

ਕੋਈ ਸੌਣ ਵੇਲੇ, ਕੋਈ ਨ੍ਹਾਉਣ ਵੇਲੇ,

ਕੋਈ ਗਾਉਣ ਵੇਲੇ ਤੈਨੂੰ ਯਾਦ ਕਰਦਾ,

ਇੱਕ ਨਜ਼ਰ ਤੂੰ ਮਿਹਰ ਦੀ ਮਾਰ ਸਾਈਂ;

‘ਸਰਤਾਜ’ ਵੀ ਖੜਾ ਫ਼ਰਿਆਦ ਕਰਦਾ:~

ਸਾਈਂ ਵੇ ਸਾਡੀ ਫ਼ਰਿਆਦ ਤੇਰੇ ਤਾਈਂ;

ਸਾਈਂ ਵੇ ਬਾਹੋਂ ਫੜ ਬੇੜਾ ਬੰਨੇ ਲਾਈਂ,

ਸਾਈਂ ਵੇ ਮੇਰਿਆ ਗ਼ੁਨਾਹਾਂ ਨੂੰ ਲੁਕਾਈਂ,

ਸਾਈਂ ਵੇ ਹਾਜ਼ਰਾ-ਹਜ਼ੂਰ ਵੇ ਤੂੰ ਆਈਂ,

ਸਾਈਂ ਵੇ ਫੇਰਾ ਮਸਕੀਨਾਂ ਵੱਲ ਪਾਈਂ,

ਸਾਈਂ ਵੇ ਬੋਲ-ਖ਼ਾਕ ਸਾਰਾਂ ਦੇ ਪੁਗਾਈਂ,

ਸਾਈਂ ਵੇ ਹੱਕ ਵਿੱਚ ਫ਼ੈਸਲੇ ਸੁਣਾਈਂ,

ਸਾਈਂ ਵੇ ਹੌਲ਼ੀ-ਹੌਲ਼ੀ ਖ਼ਾਮੀਆਂ ਘਟਾਈਂ,

ਸਾਈਂ ਵੇ ‘ਮੈਂ’ ਨੂੰ ਮੇਰੇ ਅੰਦਰੋਂ ਮੁਕਾਈਂ,

ਸਾਈਂ ਵੇ ਡਿੱਗੀਏ ਤਾਂ ਫੜ ਕੇ ਉਠਾਈਂ,

ਸਾਈਂ ਵੇ ਦੇਖੀਂ ਨਾ ਭਰੋਸੇ ਆਜ਼ਮਾਈਂ,

ਸਾਈਂ ਵੇ ਔਖੇ-ਸੌਖੇ ਰਾਹਾਂ ’ਚੋਂ ਕਢਾਈਂ,

ਸਾਈਂ ਵੇ ਕਲਾ ਨੂੰ ਵੀ ਹੋਰ ਚਮਕਾਈਂ,

ਸਾਈਂ ਵੇ ਸੁਰਾਂ ਨੂੰ ਬਿਠਾ ਦੇ ਥਾਓਂ-ਥਾਈਂ,

ਸਾਈਂ ਵੇ ਤਾਲ ਵਿੱਚ ਤੁਰਨਾ ਸਿਖਾਈਂ,

ਸਾਈਂ ਵੇ ਸਾਜ਼ ਰੁੱਸ ਗਏ ਤਾਂ ਮਨਾਈਂ,

ਸਾਈਂ ਵੇ ਇਹਨਾਂ ਨਾਲ਼ ’ਵਾਜ ਵੀ ਰਲ਼ਾਈਂ,

ਸਾਈਂ ਵੇ ਅੱਖਰਾਂ ਦਾ ਮੇਲ ਤੂੰ ਕਰਾਈਂ,

ਸਾਈਂ ਵੇ ਕੰਨੀ ਕਿਸੇ ਗੀਤ ਦੀ ਫੜਾਈਂ,

ਸਾਈਂ ਵੇ ਸ਼ਬਦਾਂ ਦਾ ਸਾਥ ਵੀ ਨਿਭਾਈਂ,

ਸਾਈਂ ਵੇ ਨਗ਼ਮੇ ਨੂੰ ਫੜ ਕੇ ਜਗਾਈਂ,

ਸਾਈਂ ਵੇ ਸ਼ਾਇਰੀ ’ਚੇ ਅਸਰ ਵਸਾਈਂ,

ਸਾਈਂ ਵੇ ਜਜ਼ਬੇ ਦੀ ਵੇਲ ਨੂੰ ਵਧਾਈਂ,

ਸਾਈਂ ਵੇ ਘੁੱਟ-ਘੁੱਟ ਸਭ ਨੂੰ ਪਿਆਈਂ,

ਸਾਈਂ ਵੇ ਇਸ਼ਕ਼ੇ ਦਾ ਨਸ਼ਾ ਵੀ ਚੜ੍ਹਾਈਂ,

ਸਾਈਂ ਵੇ ਸੈਰ ਤੂੰ ਖ਼ਿਆਲਾਂ ਨੂੰ ਕਰਾਈਂ,

ਸਾਈਂ ਵੇ ਤਾਰਿਆਂ ਦੇ ਦੇਸ ਲੈ ਕੇ ਜਾਈਂ,

ਸਾਈਂ ਵੇ ਸੂਫ਼ੀਆਂ ਦੇ ਵਾਂਗਰਾਂ ਨਚਾਈਂ,

ਸਾਈਂ ਵੇ ਅਸੀਂ ਸੱਜ ਬੈਠੇ ਚਾਈਂ-ਚਾਈਂ,

ਸਾਈਂ ਵੇ ਥੋੜ੍ਹੀ-ਬਹੁਤੀ ਅਦਾ ਵੀ ਸਿਖਾਈਂ,

ਸਾਈਂ ਵੇ ਮੇਰੇ ਨਾਲ਼-ਨਾਲ਼ ਤੂੰ ਵੀ ਗਾਈਂ,

ਸਾਈਂ ਵੇ ਲਾਜ ‘ਸਰਤਾਜ’ ਦੀ ਬਚਾਈਂ,

ਸਾਈਂ ਵੇ ਭੁੱਲਿਆਂ ਨੂੰ ਉਂਗਲੀ ਫੜਾਈਂ,

ਸਾਈਂ ਵੇ ਅੱਗੇ ਹੋ ਕੇ ਰਾਹਾਂ ਰੌਸ਼ਨਾਈਂ,

ਸਾਈਂ ਵੇ ’ਨ੍ਹੇਰਿਆਂ ’ਚੇ ਪੱਲੇ ਨਾ ਛੁਡਾਈਂ,

ਸਾਈਂ ਵੇ ਜ਼ਿੰਦਗੀ ਦੇ ਬੋਝ ਨੂੰ ਚੁਕਾਈਂ,

ਸਾਈਂ ਵੇ ਫ਼ਿਕਰਾਂ ਨੂੰ ਹਵਾ ’ਚੇ ਉਡਾਈਂ,

ਸਾਈਂ ਵੇ ਸਾਰੇ ਲੱਗੇ ਦਾਗ਼ ਵੀ ਧੁਆਈਂ,

ਸਾਈਂ ਵੇ ਸਿੱਲੇ-ਸਿੱਲੇ ਨੈਣਾਂ ਨੂੰ ਸੁਕਾਈਂ,

ਸਾਈਂ ਵੇ ਦਿਲਾਂ ਦੇ ਗ਼ੁਲਾਬ ਮਹਿਕਾਈਂ,

ਸਾਈਂ ਵੇ ਬੱਸ ਪੱਟੀ ਪਿਆਰ ਦੀ ਪੜਾਈਂ,

ਸਾਈਂ ਵੇ ਪਾਕ-ਸਾਫ਼ ਰੂਹਾਂ ਨੂੰ ਮਿਲ਼ਾਈਂ,

ਸਾਈਂ ਵੇ ਬੱਚਿਆਂ ਦੇ ਵਾਂਗੂੰ ਸਮਝਾਈਂ,

ਸਾਈਂ ਵੇ ਮਾੜੇ ਕੰਮੋਂ ਘੂਰ ਕੇ ਹਟਾਈਂ,

ਸਾਈਂ ਵੇ ਖੋਟਿਆਂ ਨੂੰ ਖ਼ਰੇ ’ਚੇ ਮਿਲ਼ਾਈਂ,

ਸਾਈਂ ਵੇ ਲੋਹੇ ਨਾਲ਼ ਪਾਰਸ ਘਸਾਈਂ,

ਸਾਈਂ ਵੇ ਮਿਹਨਤਾਂ ਦੇ ਮੁੱਲ ਵੀ ਪੁਆਈਂ,

ਸਾਈਂ ਵੇ ਮਾੜਿਆਂ ਦੀ ਮੰਡੀ ਨਾ ਵਿਕਾਈਂ,

ਸਾਈਂ ਵੇ ਦੇਖੀਂ ਹੁਣ ਦੇਰ ਨਾ ਲਗਾਈਂ,

ਸਾਈਂ ਜ਼ਮੀਨ ਜਿਹੀਆਂ ਖ਼ੂਬੀਆਂ ਲਿਆਈਂ,

ਸਾਈਂ ਵੇ ਹਵਾ ਜਿਹੀ ਹਸਤੀ ਬਣਾਈਂ,

ਸਾਈਂ ਵੇ ਪਿਆਰਿਆਂ ਦੇ ਪੈਰਾਂ ’ਚੇ ਵਿਛਾਈਂ,

ਸਾਈਂ ਵੇ ਫ਼ਾਸਲੇ ਦੀ ਲੀਕ ਨੂੰ ਮਿਟਾਈਂ,

ਸਾਈਂ ਵੇ ਦਰਾਂ ਤੇ ਖੜੇ ਹਾਂ ਖ਼ੈਰ ਪਾਈਂ,

ਸਾਈਂ ਵੇ ਮਿਹਰਾਂ ਵਾਲ਼ੇ ਮੀਂਹ ਵੀ ਬਰਸਾਈਂ,

ਸਾਈਂ ਵੇ ਅਕਲਾਂ ਦੇ ਘੜੇ ਨੂੰ ਭਰਾਈਂ,

ਸਾਈਂ ਵੇ ਗੁੰਬਦ ਗ਼ਰੂਰ ਦੇ ਗਿਰਾਈਂ,

ਸਾਈਂ ਵੇ ਅੱਗ ਵਾਂਗੂੰ ਹੌਸਲੇ ਭਖਾਈਂ,

ਸਾਈਂ ਵੇ ਅੰਬਰਾਂ ਤੋਂ ਸੋਚ ਮੰਗਵਾਈਂ,

ਸਾਈਂ ਵੇ ਆਪੇ ਹੀ ’ਵਾਜ ਮਾਰ ਕੇ ਬੁਲਾਈਂ,

ਸਾਈਂ ਵੇ ਹੁਣ ਸਾਨੂੰ ਕੋਲ਼ ਵੀ ਬਿਠਾਈਂ,

ਸਾਈਂ ਵੇ ਆਪਣੇ ਹੀ ਰੰਗ ’ਚੇ ਰੰਗਾਈਂ,

ਸਾਈਂ ਮੈਂ ਹਰ ਵੇਲ਼ੇ ਕਰਾਂ “ਸਾਈਂ-ਸਾਈਂ”,

ਸਾਈਂ ਵੇ ਤੋਤੇ ਵਾਂਗੂੰ ਬੋਲ ਵੀ ਰਟਾਈਂ,

ਸਾਈਂ ਵੇ ਆਤਮਾ ਦਾ ਦੀਵਾ ਵੀ ਜਗਾਈਂ,

ਸਾਈਂ ਵੇ ਅਨਹਦ-ਨਾਦ ਤੂੰ ਵਜਾਈਂ,

ਸਾਈਂ ਰੁਹਾਨੀ ਕੋਈ ਤਾਰ ਛੇੜ ਜਾਈਂ,

ਸਾਈਂ ਵੇ ਸੱਚੀਂ ‘ਸਰਤਾਜ’ ਹੀ ਬਣਾਈਂ।


ਪਾਣੀ ਪੰਜਾਂ ਦਰਿਆਵਾਂ ਵਾਲ਼ਾ :~

“ ਪਾਣੀ ਪੰਜਾਂ ਦਰਿਆਵਾਂ ਵਾਲ਼ਾ ਨਹਿਰੀ ਹੋ ਗਿਆ,

ਮੁੰਡਾ ਪਿੰਡ ਦਾ ਸੀ ਸ਼ਹਿਰ ਆ ਕੇ ਸ਼ਹਿਰੀ ਹੋ ਗਿਆ,

ਯਾਦ ਰੱਖਦਾ ਵਿਸਾਖੀ; ਉਹਨੇ ਵੇਖਿਆ ਹੁੰਦਾ ਜੇ;

ਰੰਗ ਕਣਕਾਂ ਦਾ ਹਰੇ ਤੋਂ ਸੁਨਹਿਰੀ ਹੋ ਗਿਆ।


ਤੇਰਾ ਖ਼ੂਨ ਠੰਢਾ ਹੋ ਗਿਆ ਏ; ਖੌਲ਼ਦਾ ਨਹੀਂ ਏ,

ਇਹੋ ਵਿਰਸੇ ਦਾ ਮਸਲਾ ਮਖ਼ੌਲ ਦਾ ਨਹੀਂ ਏ,

ਤੈਨੂੰ ਅਜੇ ਨਹੀਂ ਖ਼ਿਆਲ, ਪਤਾ ਓਦੋਂ ਹੀ ਲੱਗੂਗਾ;

ਜਦੋਂ ਆਪ ਹੱਥੀਂ ਚੋਇਆ ਸ਼ਹਿਦ ਜ਼ਹਿਰੀ ਹੋ ਗਿਆ,

ਪਾਣੀ ਪੰਜਾਂ ਦਰਿਆਵਾਂ ਵਾਲ਼ਾ ਨਹਿਰੀ ਹੋ ਗਿਆ,

ਮੁੰਡਾ ਪਿੰਡ ਦਾ ਸੀ ਸ਼ਹਿਰ ਆ ਕੇ ਸ਼ਹਿਰੀ ਹੋ ਗਿਆ।


ਇਹਨਾਂ ਕਾਰਨਾਂ ਤੋਂ ਘਰ ’ਚੇ ਕਲ਼ੇਸ਼ ਜਿਹਾ ਰਹਿੰਦਾ,

ਪਹਿਲਾਂ ਕਦੀ-ਕਦੀ, ਹੁਣ ਤਾਂ ਹਮੇਸ਼ ਜਿਹਾ ਰਹਿੰਦਾ,

ਅੰਮੀ ਹੱਕ ’ਚੇ ਖਲੋਵੇ, ਬਾਪੂ ਟੱਕ ’ਚੇ ਖਲੋਵੇ,

ਸੁਖੀ ਵੱਸਦਾ ਏ; ਘਰ ਤਾਂ ਕਚਹਿਰੀ ਹੋ ਗਿਆ,

ਪਾਣੀ ਪੰਜਾਂ ਦਰਿਆਵਾਂ ਵਾਲ਼ਾ ਨਹਿਰੀ ਹੋ ਗਿਆ,

ਮੁੰਡਾ ਪਿੰਡ ਦਾ ਸੀ ਸ਼ਹਿਰ ਆ ਕੇ ਸ਼ਹਿਰੀ ਹੋ ਗਿਆ।


ਤੋਤਾ ਉੱਡਣੋਂ ਵੀ ਗਿਆ, ਨਾਲ਼ੇ ਬੋਲਣੋਂ ਵੀ ਗਿਆ,

ਭੈੜਾ ਚੁੰਝਾਂ ਨਾਲ ਗੰਢੀਆਂ ਨੂੰ ਖੋਲਣੋਂ ਵੀ ਗਿਆ,

ਹੁਣ ਮਾਰਦਾ ਏ ਸੱਪ ਡਾਢਾ ਸ਼ਾਮ ਤੇ ਸਵੇਰੇ;

ਕਿ ਵਟਾ ਕੇ ਜ਼ਾਤਾਂ ਮੋਰ ਉਹ ਕਲਹਿਰੀ ਹੋ ਗਿਆ,

ਪਾਣੀ ਪੰਜਾਂ ਦਰਿਆਵਾਂ ਵਾਲ਼ਾ ਨਹਿਰੀ ਹੋ ਗਿਆ,

ਮੁੰਡਾ ਪਿੰਡ ਦਾ ਸੀ ਸ਼ਹਿਰ ਆ ਕੇ ਸ਼ਹਿਰੀ ਹੋ ਗਿਆ।


ਦੇਖੋ ਕਿਹੋ ਜਿਹੇ ਰੰਗ ਚੜ੍ਹੇ ਨੌਜਵਾਨਾਂ ਉੱਤੇ,

ਮਾਣ ਭੋਰਾ ਵੀ ਨਹੀਂ ਰਿਹਾ ਗੁਰੂ ਦੀਆਂ ਸ਼ਾਨਾਂ ਉੱਤੇ,

ਚਾਰ ਅੱਖਰਾਂ ਨੂੰ ਬੋਲਣੇ ਦਾ ਕੋਲ਼ ਹੈ ਨਹੀਂ ਸਮਾਂ;

ਨਾਮ ‘ਗੁਰਮੀਤ ਸਿੰਘ’ ਸੀ ਜੋ ‘ਗੈਰੀ’ ਹੋ ਗਿਆ,

ਪਾਣੀ ਪੰਜਾਂ ਦਰਿਆਵਾਂ ਵਾਲ਼ਾ ਨਹਿਰੀ ਹੋ ਗਿਆ,

ਮੁੰਡਾ ਪਿੰਡ ਦਾ ਸੀ ਸ਼ਹਿਰ ਆ ਕੇ ਸ਼ਹਿਰੀ ਹੋ ਗਿਆ।


ਬੁੱਢੇ ਰੁੱਖਾਂ ਕੋਲ਼ੋਂ ਜਦੋਂ-ਜਦੋਂ ਲੰਘੀਆਂ ਹਵਾਵਾਂ,

ਉਹਨਾਂ ’ ਦੱਸੀਆਂ ਇਨ੍ਹਾਂ ਨੂੰ ਬੱਸ ਇੱਕ-ਦੋ ਇਛਾਵਾਂ;

“ਤੁਸੀਂ ਬੈਠ ਕੇ ਵਿਚਾਰੋ, ‘ਸਰਤਾਜ’ ਪਤਾ ਕਰੋ;

ਕਾਹਤੋਂ ਪੱਤਾ-ਪੱਤਾ ਟਾਹਣੀਆਂ ਦਾ ਵੈਰੀ ਹੋ ਗਿਆ”,

ਪਾਣੀ ਪੰਜਾਂ ਦਰਿਆਵਾਂ ਵਾਲ਼ਾ ਨਹਿਰੀ ਹੋ ਗਿਆ,

ਮੁੰਡਾ ਪਿੰਡ ਦਾ ਸੀ ਸ਼ਹਿਰ ਆ ਕੇ ਸ਼ਹਿਰੀ ਹੋ ਗਿਆ।


ਨਿੱਕੀ ਜਿਹੀ ਕੁੜੀ :~

ਅਸੀਂ ਗਏ ਘੁੰਮਣ ਤੇ ਕੋਲ਼ ਜੀਪ ਸੀ,

ਯਾਰਾਂ ਜਿਹੇ ਯਾਰ ਮਿਲ਼ੇ; ਲੱਗੀ ਸੀਪ ਸੀ,

ਦੇਖੀਆਂ ਪਹਾੜਾਂ ਉੱਤੇ ਰੁੱਖ-ਝਾੜੀਆਂ,

ਬੱਚੇ ਸਾਨੂੰ ਵੇਖ ਮਾਰਦੇ ਸੀ ਤਾੜੀਆਂ,

ਕਈ ਚੋਅ ’ਤੇ ਸੂਏ ਟੱਪੇ, ਥਾਂ ਲੱਭ ਗਈ,

ਜਿਹੜੀ ਅਸੀਂ ਭਾਲ਼ਦੇ ਸੀ; ਛਾਂ ਲੱਭ ਗਈ,

ਉੱਚੀ ਜਿਹੀ ਢਾਬ ਉੱਤੇ ਪਈ ਛੰਨ ਸੀ,

ਆ ਗਏ ਨਜ਼ਾਰੇ, ਹੋ ਗਈ ਧੰਨ-ਧੰਨ ਸੀ,

ਓਥੋਂ ਅਸੀਂ ਬੈਠ ਕੇ ਚੁਫ਼ੇਰਾ ਤੱਕਿਆ,

ਰੱਬ ਦਾ ਬਣਾਇਆ ਹੋਇਆ ਘੇਰਾ ਤੱਕਿਆ,

ਕੋਈ-ਕੋਈ ਜਾਂਵਦਾ ਸੀ ਸ਼ਹਿਰ ਵੱਲ ਨੂੰ,

ਕੋਈ ਬੈਠਾ ਸੁਣਦਾ ਦਾ ਹਵਾ ਦੀ ਗੱਲ ਨੂੰ,

ਕੋਈ ਬੰਨੇ ਪੱਗ ‘ਸਰਤਾਜ’ ਦੀ ਤਰਾਂ,

ਲਾਵੇ ਸਿਰ-ਪੇਚ ਮਹਾਰਾਜ ਦੀ ਤਰਾਂ,

ਹੋ ਕੇ ਫ਼ੇ’ ਤਿਆਰ ਤਸਵੀਰਾਂ ਲਾਹ ਲਈਆਂ,

ਵੱਡੀਆਂ ਕਰਾ ਕੇ ਮਹਿਫ਼ਲਾਂ ’ਚੇ ਲਾ ਲਈਆਂ,

ਤਿੱਲੇ ਵਾਲ਼ੀ ਜੁੱਤੀ ਉੱਤੇ ਧੂੜ ਪੈ ਗਈ,

ਕੰਬਲ਼ੀ ਦੀ ਖੰਭੀ ਕੰਡਿਆਂ ਨਾ’ ਖਹਿ ਗਈ,

ਜੰਗਲ਼ ’ਚ ਘੁੰਮਦੇ ਨੂੰ ਖੂੰਡੀ ਲੱਭ ਗਈ,

ਮੋਰਨੀ ਦੀ ਕੂਕ ਜਿਵੇਂ ਚੂੰਢੀ ਵੱਢ ਗਈ,

ਮੈਨੂੰ ਲੱਗੇ; ਬੇਲੇ ਮੱਝੀਆਂ ਮੈਂ ਚਾਰਦਾ,

ਉੱਤੇ ਨੂੰ ਨਿਗਾਹਾਂ, ਮੌਲਾ ਨੂੰ ਨਿਹਾਰਦਾ,

ਆਉਂਦੇ ਹੋਏ ਹੋਰ ਇੱਕ ਯਾਦ ਸੀ ਜੁੜੀ;

ਬਾਲਣ ਦੀ ਪੰਡ ਚੁੱਕੀ ਨਿੱਕੀ ਜਿਹੀ ਕੁੜੀ,

ਛੋਟੀ ਜਿਹੀ ਬਾਂਹ ’ਤੇ ਸੀ ਲਿਫ਼ਾਫ਼ਾ ਟੰਗਿਆ;

ਪਤਾ ਨਹੀਂ ਗਰੀਬਣੀ ਨੇ ਕਿਥੋਂ ਮੰਗਿਆ,

ਅਸੀਂ ਕੋਲ਼ੇ ਲੰਘੇ ਤਾਂ ਪਿਆਰੀ ਲੱਗੀ ਸੀ,

ਕੁੱਲ-ਕਾਇਨਾਤ ਤੋਂ ਨਿਆਰੀ ਲੱਗੀ ਸੀ,

ਅਸੀਂ ਗੱਡੀ ਰੋਕ ਲਈ ਸੀ ਓਸ ਵਾਸਤੇ,

ਉਹਨੂੰ ਜਾ ਕੇ ਮਿਲਾਂਗੇ ਜੀ ਇਸ ਆਸ ’ਤੇ,

ਪਰ ਗੱਡੀ ਵੇਖ ਰੁੱਕਦੀ ਉਹ ਡਰ ਗਈ ਸੀ,

ਪਤਾ ਹੀ ਨਹੀਂ ਲੱਗਿਆ ਕਿੱਧਰ ਗਈ ਸੀ,

ਪੰਡ ਤੇ ਲਿਫ਼ਾਫ਼ਾ ਬੱਚੀ ਸੁੱਟ ਦੌੜ ਗਈ,

ਸਾਡੀਆਂ ਖ਼ੁਆਹਿਸ਼ਾਂ ਨੂੰ ਲੁੱਟ ਦੌੜ ਗਈ,

ਉਹਨੂੰ ਸ਼ਾਇਦ ਲੱਗਿਆ “ਇਹ ਉਹ ਹੀ ਨੇ ਬੰਦੇ;

ਜੀਹਦੇ ਖੇਤੋਂ ਚੁੱਕੇ ਨੇ ਮੈਂ ਸੁੱਕੇ ਜਿਹੇ ਡੰਡੇ”,

ਪੁੱਛੋ ਨਾ ਜੀ, ਸੀਨੇ ਵਿੱਚ ਛੇਕ ਪੈ ਗਿਆ,

ਬਾਲਣ-ਲਿਫ਼ਾਫ਼ਾ ਵੇਖਦਾ ਹੀ ਰਹਿ ਗਿਆ,

ਪਤਾ ਨਹੀਂ ਸੀ ਕਿੰਨੀਆਂ ਰੀਝਾਂ ਨਾ’ ਚੁੱਕਿਆ,

ਹੁਣ ਮਰਜਾਣੀ ਨੇ ਸੀ ਰਾਹ ’ਤੇ ਸੁੱਟਿਆ,

ਮੈਨੂੰ ਇੰਞ ਲੱਗੇ “ਮੈ’ਥੋਂ ਪਾਪ ਹੋ ਗਿਆ”,

ਫ਼ੇਰ ‘ਸਰਤਾਜ’ ਚੁੱਪ-ਚਾਪ ਹੋ ਗਿਆ।


ਫ਼ਿਲਹਾਲ ਹਵਾਵਾਂ ਰੁਮਕਦੀਆਂ :~

ਫ਼ਿਲਹਾਲ ਹਵਾਵਾਂ ਰੁਮਕਦੀਆਂ, ਜਦ ਝੱਖੜ ਝੁੱਲੂ ਵੇਖਾਂਗੇ,

ਅਜੇ ਘੜਾ ਅਕਲ ਦਾ ਊਣਾ ਏ, ਜਦ ਭਰ ਕੇ ਡੁੱਲੂ ਵੇਖਾਂਗੇ।


ਹਾਲੇ ਤਾਂ ਸਾਡੇ ਬਾਗ਼ਾਂ ’ਚੇ ਨਿੱਤ ਕੂਕਦੀਆਂ ਨੇ ਮੋਰਨੀਆਂ

ਹਾਲੇ ਤਾਂ ਚਿੜੀਆਂ ਚਹਿਕਦੀਆਂ; ਸ਼ਹਿਤੂਤ ਖੁਆ ਕੇ ਤੋਰਨੀਆਂ,

ਜਦ ਸਾਡੇ ਉੱਜੜੇ ਵਿਹੜੇ ’ਚੇ ਬੋਲਣਗੇ ਉੱਲੂ; ਵੇਖਾਂਗੇ

ਅਜੇ ਘੜਾ ਅਕਲ ਦਾ ਊਣਾ ਏ, ਜਦ ਭਰ ਕੇ ਡੁੱਲੂ ਵੇਖਾਂਗੇ।


ਕੀ ਅਦਾ ਹੁੰਦੀ ਏ ਮੌਸਮ ਦੀ; ਨਾ ਪੋਹ ਦਾ ਪਤਾ, ਨਾ ਹਾੜਾਂ ਦਾ,

ਅਸੀਂ ਖੇਤ ਵੀ ਰੱਜ ਕੇ ਵੇਖੇ ਨਹੀਂ, ਸਾਨੂੰ ਕੀ ਪਤਾ ਪਹਾੜਾਂ ਦਾ,

ਅਜੇ ਤੱਕਿਆ ਨਹੀਂ ਕਪੂਰਥਲਾ, ਆਪਾਂ ਕਦ ਕੁੱਲੂ ਵੇਖਾਂਗੇ,

ਅਜੇ ਘੜਾ ਅਕਲ ਦਾ ਊਣਾ ਏ, ਜਦ ਭਰ ਕੇ ਡੁੱਲੂ ਵੇਖਾਂਗੇ।


ਜਿੱਥੇ ਜੀ ਕਰਦੈ; ਤੁਰ ਜਾਈਦੈ, ਸਾਡਾ ਤਾਂ ਕੋਈ ਠਿਕਾਣਾ ਨਹੀਂ,

ਜਾਂ ਮੁੜਨਾ ਨਹੀਂ ਹਫ਼ਤਾ-ਹਫ਼ਤਾ ਜਾਂ ਕਈ ਮਹੀਨੇ ਜਾਣਾ ਨਹੀਂ,

ਕਈ ਚਿਰ ਤੋਂ ਖਾਈਏ ਢਾਬੇ ਦੀ, ਘਰ ਫ਼ੁਲਕਾ ਫੁੱਲੂ; ਵੇਖਾਂਗੇ,

ਅਜੇ ਘੜਾ ਅਕਲ ਦਾ ਊਣਾ ਏ, ਜਦ ਭਰ ਕੇ ਡੁੱਲੂ ਵੇਖਾਂਗੇ।


ਅਸੀਂ ਸਭ ਨੂੰ ਦੱਸਦੇ ਫਿਰਦੇ ਹਾਂ; ਕਿ ਕਿੰਨਾ ਚੰਗਾ ਯਾਰ ਮੇਰਾ,

ਲੋਕਾਂ ਲਈ ਆਉਂਦੈ ਸਾਲ ਪਿੱਛੋਂ, ਉਹ ਰੋਜ਼ ਬਣੇ ਤਿਉਹਾਰ ਮੇਰਾ,

ਅਜੇ ਯਾਦ ਕਰੇਂਦਾ ਸ਼ਾਮ-ਸੁਬ੍ਹਾ, ਜਿਸ ਦਿਨ ਉਹ ਭੁੱਲੂ; ਵੇਖਾਂਗੇ,

ਅਜੇ ਘੜਾ ਅਕਲ ਦਾ ਊਣਾ ਏ, ਜਦ ਭਰ ਕੇ ਡੁੱਲੂ ਵੇਖਾਂਗੇ।


ਇੱਕ ਦਿਲੀ-ਤਮੰਨਾ ਸ਼ਾਇਰ ਦੀ; ਸਰਹੱਦ ਤੋਂ ਪਾਰ ਵੀ ਜਾ ਆਈਏ,

ਜੋ ਧਰਤੀ ਏ ਫ਼ਨਕਾਰਾਂ ਦੀ; ‘ਸਰਤਾਜ’ ਵੇ ਸੀਸ ਝੁਕਾ ਆਈਏ,

ਹਾਲੇ ਤਾਂ ਬੜੀਆਂ ਬੰਧਿਸ਼ਾਂ ਨੇ, ਜਦ ਰਸਤਾ ਖੁੱਲੂ ਵੇਖਾਂਗੇ,

ਅਜੇ ਘੜਾ ਅਕਲ ਦਾ ਊਣਾ ਏ, ਜਦ ਭਰ ਕੇ ਡੁੱਲੂ ਵੇਖਾਂਗੇ।


ਜਿੱਤ ਦੇ ਨਿਸ਼ਾਨ :~

ਜਿੱਤ ਦੇ ਨਿਸ਼ਾਨ ਸਦਾ ਲਾਏ ਜਾਂਦੇ ਝੰਡੇ ਨਾਲ਼,

ਪਹਿਲਾ ਵਾਰ ਕਲਮਾਂ ਦਾ, ਪਿੱਛੋਂ ਵਾਰ ਖੰਡੇ ਨਾਲ਼,

ਚਾਰ ਹੀ ਤਰੀਕਿਆਂ ਨਾ’ ਬੰਦਾ ਕਰੇ ਕੰਮ;

ਸਦਾ ਸ਼ੌਕ ਨਾਲ਼, ਪਿਆਰ ਨਾਲ਼, ਲਾਲਚ ਜਾਂ ਡੰਡੇ ਨਾਲ਼।


ਰਜ਼ਾ ਵਿੱਚ ਰਹਿ ਕੇ ਕਿੱਦਾਂ ਮਨ ਹੁੰਦਾ ਭਾਣਾ; ਸਿੱਖ,

ਦਾਤੇ ਦੀਆਂ ਦਿੱਤੀਆਂ ਦਾ ਸ਼ੁਕਰ ਮਨਾਣਾ ਸਿੱਖ,

ਉਹ ਵੀ ਤਾਂ ਗੁਜ਼ਾਰਾ ਵੇਖ ਕਰਦੇ ਵਿਦੇਸ਼ਾਂ ਵਿੱਚ;

ਸਬਜੀ ਵੀ ਕੱਟਦੇ ਜੋ ਕੌਲੀਆਂ ਦੇ ਕੰਢੇ ਨਾਲ਼,

ਚਾਰ ਹੀ ਤਰੀਕਿਆਂ ਨਾ’ ਬੰਦਾ ਕਰੇ ਕੰਮ;

ਸਦਾ ਸ਼ੌਕ ਨਾਲ਼, ਪਿਆਰ ਨਾਲ਼, ਲਾਲਚ ਜਾਂ ਡੰਡੇ ਨਾਲ਼।


ਸੜਕਾਂ ਤੋਂ ਛੱਲੀਆਂ ਖ਼ਰੀਦ ਕੀ ਖ਼ਬਰ ਹਊ,

ਮੇਰਿਆਂ ਕਿਸਾਨਾਂ ਜਿੰਨਾ ਕੀਹਦੇ ਕੋ’ ਸਬਰ ਹਊ,

ਰੱਤੀ-ਰੱਤੀ ਮੱਕੀ ਨੂੰ ਜਵਾਨ ਹੁੰਦਾ ਵੇਖਦਾ ਏ;

ਜਦੋਂ ਕਾਮਾ ਧੁੱਪੇ ਗੁੱਡੇ ਖੇਤ ਰੰਬੇ ਚੰਡੇ ਨਾਲ਼,

ਚਾਰ ਹੀ ਤਰੀਕਿਆਂ ਨਾ’ ਬੰਦਾ ਕਰੇ ਕੰਮ;

ਸਦਾ ਸ਼ੌਕ ਨਾਲ਼, ਪਿਆਰ ਨਾਲ਼, ਲਾਲਚ ਜਾਂ ਡੰਡੇ ਨਾਲ਼।


ਇੱਕ-ਅੱਧਾ ਗੁਣ ਦਿੱਤਾ ਰੱਬ ਜੀ ਨੇ ਸਾਰਿਆਂ ਨੂੰ,

ਕਰੀਦਾ ਮਜ਼ਾਕ ਨਹੀਂਓ ਭੋਲ਼ਿਆਂ-ਵਿਚਾਰਿਆਂ ਨੂੰ,

ਘੋੜਾ ਏਂ; ਤਾਂ ਤੇਜ਼ ਰਫ਼ਤਾਰ ’ਤੇ ਹੀ ਮਾਣ ਕਰੀਂ,

ਭਾਰ ਖਿੱਚਣੇ ’ਚੇ ਤਾਂ ਮੁਕਾਬਲਾ ਨਹੀਂ ਸੰਢੇ ਨਾਲ਼,

ਚਾਰ ਹੀ ਤਰੀਕਿਆਂ ਨਾ’ ਬੰਦਾ ਕਰੇ ਕੰਮ;

ਸਦਾ ਸ਼ੌਕ ਨਾਲ਼, ਪਿਆਰ ਨਾਲ਼, ਲਾਲਚ ਜਾਂ ਡੰਡੇ ਨਾਲ਼।


ਤੁਸੀਂ ਜੋ ਵੀ ਆਖੋ, ਇਹੋ ਸ਼ਾਮੀਂ ਘੁੱਟ ਲਾ ਹੀ ਲੈੰਦੇ,

ਨਸ਼ਾ ਜੇ ਨਹੀਂ ਹੁੰਦਾ, ਚੱਲੋ ਸਿਰ ਤਾਂ ਘੁਮਾ ਹੀ ਲੈਂਦੇ,

ਪੀਣ ਵਾਲ਼ੇ ਪੀਣ ਦਾ ਜੁਗਾੜ ਤਾਂ ਬਣਾ ਹੀ ਲੈੰਦੇ;

ਅੰਡੇ ਨਾਲ਼, ਗੰਢੇ ਨਾਲ਼, ਖ਼ਾਰੇ ਨਾਲ਼, ਠੰਢੇ ਨਾਲ਼,

ਚਾਰ ਹੀ ਤਰੀਕਿਆਂ ਨਾ’ ਬੰਦਾ ਕਰੇ ਕੰਮ;

ਸਦਾ ਸ਼ੌਕ ਨਾਲ਼, ਪਿਆਰ ਨਾਲ਼, ਲਾਲਚ ਜਾਂ ਡੰਡੇ ਨਾਲ਼।


ਪੱਥਰਾਂ ਦੇ ਵਰਗਾ ਫੇ’ ਜਿਗਰਾ ਬਣਾਉਣਾ ਪੈਂਦਾ,

ਸੁਣ ‘ਸਰਤਾਜ’ ਲਹੂ ਵੇਖ ਕੇ ਵੀ ਗਾਉਣਾ ਪੈਂਦਾ,

ਉਨ੍ਹਾਂ ਨੇ ਕੀ ਪੁੱਜਣਾ ਏ ਮੰਜ਼ਿਲਾਂ ’ਤੇ, ਦੱਸੋ ਭਲਾ;

ਜਿਹੜੇ ਰਾਹਾਂ ਛੱਡ ਬਹਿ ਗਏ ਪੈਰੀਂ ਚੁੱਭੇ ਕੰਡੇ ਨਾਲ਼,

ਚਾਰ ਹੀ ਤਰੀਕਿਆਂ ਨਾ’ ਬੰਦਾ ਕਰੇ ਕੰਮ;

ਸਦਾ ਸ਼ੌਕ ਨਾਲ਼, ਪਿਆਰ ਨਾਲ਼, ਲਾਲਚ ਜਾਂ ਡੰਡੇ ਨਾਲ਼।


ਦੁਆਵਾਂ ਕਰਦੀ ਅੰਮੀ :~

ਉਂਞ ਦੁਨੀਆ ’ਤੇ ਪਰਬਤ ਲੱਖਾਂ, ਕੁਝ ਉਸ ਤੋਂ ਉੱਚੀਆਂ ਥਾਂਵਾਂ ਨੇ,

ਕੰਡੇ ਜਿਨ੍ਹਾਂ ’ ਛੁਪਾ ਲਏ ਹਿੱਕ ਵਿੱਚ; ਕੁਝ-ਕੁ ਐਸੀਆਂ ਰਾਹਵਾਂ ਨੇ,

ਚੀਸਾਂ ਲੈ ਅਸੀਸਾਂ ਦੇਂਦੀ, ਜ਼ਖ਼ਮਾਂ ਬਦਲੇ ਕਸਮਾਂ ਵੇ,

ਆਪਣੇ ਲਈ ‘ਸਰਤਾਜ’ ਕਦੀ ਵੀ ਕੁਝ ਨਹੀਂ ਮੰਗਿਆ ਮਾਂਵਾਂ ਨੇ।


ਦੂਰੋਂ ਬੈਠ ਦੁਆਵਾਂ ਕਰਦੀ ਅੰਮੀ,

ਦੁੱਖ ਸਾਡੇ ਲੇਖਾਂ ਦੇ ਜਰਦੀ ਅੰਮੀ,

ਵਿਹੜੇ ਵਿੱਚ ਬੈਠੀ ਦਾ ਜੀ ਜਿਹਾ ਡੋਲੇ;

ਸਾਨੂੰ ਨਾ ਕੁਝ ਹੋ ਜਾਏ; ਡਰਦੀ ਅੰਮੀ।


ਦੁਨੀਆ ’ਤੇ ਸੁੱਖ, ਸਬਰ, ਸ਼ਾਂਤੀ ਤਾਂ ਏ;

ਕਿਉਂਕਿ ਸਭਨਾਂ ’ ਕੋਲ਼ ਅਮੁੱਲੀ ਮਾਂ ਏ,

ਤਾਪ ਚੜ੍ਹੇ; ਸਿਰ ਪੱਟੀਆਂ ਧਰਦੀ ਅੰਮੀ,

ਸਾਨੂੰ ਨਾ ਕੁਝ ਹੋ ਜਾਏ; ਡਰਦੀ ਅੰਮੀ।


ਰੱਬ ਨਾ ਕਰੇ ਕਿ ਐਸੀ ਬਿਪਤਾ ਆਏ;

ਢਿੱਡੋਂ ਜੰਮਿਆ ਪਹਿਲਾ ਹੀ ਨਾ ਤੁਰ ਜਾਏ;

ਇਹ ਗੱਲ ਸੁਣਦੇ-ਸਾਰ ਹੀ ਮਰਦੀ ਅੰਮੀ,

ਸਾਨੂੰ ਨਾ ਕੁਝ ਹੋ ਜਾਏ; ਡਰਦੀ ਅੰਮੀ।


ਧੁੱਪਾਂ ਵਿੱਚ ਚੁੰਨੀ ਨਾਲ ਕਰਦੀ ਛਾਂਵਾਂ,

ਪੋਹ-ਮਾਘ ਵੀ ਜਰਨ ਕਰੜੀਆਂ ਮਾਂਵਾਂ,

ਸਾਨੂੰ ਦਿੰਦੀ ਨਿੱਘ ਤੇ ਠਰਦੀ ਅੰਮੀ,

ਸਾਨੂੰ ਨਾ ਕੁਝ ਹੋ ਜਾਏ; ਡਰਦੀ ਅੰਮੀ।


ਜਿਨ੍ਹਾਂ ਨੇ ਮਾਂਵਾਂ ਦਾ ਮੁੱਲ ਨਹੀਂ ਪਾਇਆ;

ਮੰਦ-ਭਾਗਿਆਂ ’ ਡਾਢਾ ਪਾਪ ਕਮਾਇਆ,

ਅੰਦਰੋ-ਅੰਦਰੀ ਜਾਂਦੀ ਖਰਦੀ ਅੰਮੀ,

ਸਾਨੂੰ ਨਾ ਕੁਝ ਹੋ ਜਾਏ; ਡਰਦੀ ਅੰਮੀ।


ਵੈਸੇ ਤਾਂ ਰਿਸ਼ਤੇ ਨੇ ਹੋਰ ਬਥੇਰੇ;

ਪਰ ਮਾਂਵਾਂ ਦੇ ਬਾਝੋਂ ਕਰੀਂ ਹਨੇਰੇ,

ਰੌਣਕ ਹੈ ‘ਸਰਤਾਜ’ ਦੇ ਘਰ ਦੀ ਅੰਮੀ,

ਸਾਨੂੰ ਨਾ ਕੁਝ ਹੋ ਜਾਏ; ਡਰਦੀ ਅੰਮੀ।


ਗੱਲ ਤਜੁਰਬੇ ਵਾਲ਼ੀ :~

ਜੇ ਕੋਈ ਦੱਸੇ ਗੱਲ ਤਜੁਰਬੇ ਵਾਲ਼ੀ; ਤਾਂ ਸੁਣ ਲਈਏ, ਗਲ਼ ਨਾ ਪਈਏ,

ਬਣ ਜਾਈਏ ਉਸਤਾਦ ਜੀ ਭਾਵੇਂ; ਤਾਂ ਵੀ ਸਿੱਖਦੇ ਰਹੀਏ, ਨੀਵੇਂ ਬਹੀਏ।


ਕਈਆਂ ਨੇ ਸਮਝਾਇਆ ਉਸਨੂੰ “ਗੱਲ ਸੁਣ ਮਸਤ-ਮਲੰਗਾ; ਨਾ ਕਰ ਦੰਗਾ, ਨ੍ਹਾ ਲੈ ਗੰਗਾ”,

ਉਸਨੇ ਕਿਹਾ “ਸਨਾਨਾਂ ਦਾ ਤਾਂ ਰੋਜ਼ ਹੀ ਰਹਿੰਦਾ ਪੰਗਾ, ਐਦਾਂ ਹੀ ਚੰਗਾ, ਰੱਬ ਰੰਗ-ਰੰਗਾ,

ਅੱਧਾ ਹੀ ਘੰਟਾ ਨਸ਼ੇ ਜਿਹੇ ਵਿੱਚ ਯਾਰ ਦੇ ਲੇਖੇ ਲਾ ਲਓ, ਸੁਰਤ ਟਿਕਾ ਲਓ, ਜ਼ਰਾ ਧਿਆ ਲਓ,

ਫ਼ਿਰ ਤਾਂ ਭਾਵੇਂ ਗੱਲੀਂ-ਬਾਤੀਂ ਚੰਨ ਵੀ ਹੇਠਾਂ ਲਾਹ ਲਓ, ਨਾਮ ਕਰਾ ਲਓ, ਬੋਝੇ ਪਾ ਲਓ”,

ਓਏ ਮਸਤਾਂ ਕੋਲ਼ੋਂ ਮੱਤ ਲੈ ਮਿੱਤਰਾ, ਇਹਨਾਂ ਨਾਲ਼ ਨਾ ਖਹੀਏ, ਇਹ ਉਸਰਈਏ, ਚਰਨੀਂ ਢਹੀਏ,

ਜੇ ਕੋਈ ਦੱਸੇ ਗੱਲ ਤਜੁਰਬੇ ਵਾਲ਼ੀ; ਤਾਂ ਸੁਣ ਲਈਏ, ਗਲ਼ ਨਾ ਪਈਏ,

ਬਣ ਜਾਈਏ ਉਸਤਾਦ ਜੀ ਭਾਵੇਂ; ਤਾਂ ਵੀ ਸਿੱਖਦੇ ਰਹੀਏ, ਨੀਵੇਂ ਬਹੀਏ।


ਇਹ ਜੋ ਥੋ’ਨੂੰ ਨਜ਼ਰੀਂ ਆਉਂਦੇ ਚੋਬਰ ਚੌੜੇ-ਸੀਨੇ, ਯਾਰ ਨਗੀਨੇ, ਮਾਂ ਦੇ ਦੀਨੇ,

ਹੁਸਨ ਵਾਲ਼ਿਆਂ ਨਾਲ਼ ਨਾ ਗੱਲ ਕਰ ਸਕਦੇ ਕਈ ਮਹੀਨੇ, ਆਉਣ ਪਸੀਨੇ, ਗੋਲੇ ਚੀਨੇ,

ਚੁੱਪ ਕਰਕੇ ਬਿਸਤਰ ਵਿੱਚ ਪੈ ਜਓ, ਜੇ ਹੋਵੇ ਘੁੱਟ ਪੀਤੀ, ਛਿੱਟ-ਕੁਲੀਤੀ, ਕਰੀ ਕੁਰੀਤੀ,

ਅੱਖੀਆਂ ਸਾਹਵੇਂ ਘੁੰਮਦੀ ਜ਼ਿੰਦਗੀ ਯਾਰ ਨਾਲ਼ ਜੋ ਬੀਤੀ, ਉਸਦੀ ਨੀਤੀ, ਲਾਈ ਪ੍ਰੀਤੀ;

“ਨੀ ਆ ਜਾ, ਆ ਜਾ ਖ਼ਾਬਾਂ ਦੇ ਵਿੱਚ, ਨੀ ਅੜੀਏ, ਸੁਰਮਈਏ, ਜਿੰਦੜੀ ਦਈਏ, ਹੁਣ ਕੀ ਕਹੀਏ”,

ਜੇ ਕੋਈ ਦੱਸੇ ਗੱਲ ਤਜੁਰਬੇ ਵਾਲ਼ੀ; ਤਾਂ ਸੁਣ ਲਈਏ, ਗਲ਼ ਨਾ ਪਈਏ,

ਬਣ ਜਾਈਏ ਉਸਤਾਦ ਜੀ ਭਾਵੇਂ; ਤਾਂ ਵੀ ਸਿੱਖਦੇ ਰਹੀਏ, ਨੀਵੇਂ ਬਹੀਏ।


ਸ਼ਾਇਰੀ ਦਾ ਘਰ ਦੂਰ ‘ਸਤਿੰਦਰਾ’, ਗਾਇਕੀ ਉਹ’ ਤੋਂ ਦੂਣੀ, ਲਗਾ ਲੈ ਧੂਣੀ; ਜੇ ਮੰਜ਼ਲ ਛੂਹਣੀ,

ਕਿੱਦਾਂ ਗੀਤ ਲਿਖੇਂਗਾ; ਗਾਗਰ ਲਫ਼ਜ਼ਾਂ ਵਾਲ਼ੀ ਊਣੀ, ਪਿਆਰ ਵਿਹੂਣੀ, ਸੋਚ ਅਲੂਣੀ,

ਹੁਣ ਤੂੰ ਆਪੇ ਹੀ ਦੱਸ ਕਿ ਕਿੱਦਾਂ ਪਾ ਲਊ ਲਿਸ਼ਕੇ ਭੰਗੜਾ; ਬੰਦਾ ਲੰਗੜਾ, ਸਾਹ ਲਏ ਚੰਗੜਾ,

ਲੋਕਾਂ ਨੂੰ ਕੀ ਦੇਵੇਗਾ ਜੀ ਖ਼ੁਦ ਹੀ ਜਿਹੜਾ ਨੰਗੜਾ, ਕਰਮਾਂ-ਸੰਧੜਾ, ਨੀਤੋਂ-ਮੰਗੜਾ,

ਤੇਰੀ ਤਾਂ ਔਕਾਤ ‘ਸਤਿੰਦਰਾ’ ਓਸ ਬੁਲਬੁਲੇ ਜਿਹੀਏ; ਲੈ ਹਸਤੀ ਗਈਏ, ਜੀ ਹੁਣ ਕੀ ਕਹੀਏ,

ਜੇ ਕੋਈ ਦੱਸੇ ਗੱਲ ਤਜੁਰਬੇ ਵਾਲ਼ੀ; ਤਾਂ ਸੁਣ ਲਈਏ, ਗਲ਼ ਨਾ ਪਈਏ,

ਬਣ ਜਾਈਏ ਉਸਤਾਦ ਜੀ ਭਾਵੇਂ; ਤਾਂ ਵੀ ਸਿੱਖਦੇ ਰਹੀਏ, ਨੀਵੇਂ ਬਹੀਏ।


ਫੋਟੋ ਰੱਖੀ ‘ਖ਼ਾਨ ਸਾਹਬ’ ਦੀ ਵੱਡੀ ਜਿਹੀ ਕਰਵਾ ਕੇ, ਕੰਧ ਲਟਕਾ ਕੇ, ਮਾਲ਼ਾ ਪਾ ਕੇ,

ਇਹਨੂੰ ਆਖੋ; ਉਹਨਾਂ ਵਾਂਗੂੰ ਦੱਸੇ ਤਾਨ ਲਗਾ ਕੇ, ਥੋੜਾ ਗਾ ਕੇ, ਗਲ਼ਾ ਘੁਮਾ ਕੇ,

ਫੋਕੀ ਫੜ ਜਿਹੀ ਮਾਰ ਮੁਕਾਵੇਂ; ਐਂ ‘ਸਰਤਾਜ’ ਨਹੀਂ ਸਰਨਾ, ਪੈਂਦਾ ਮਰਨਾ, ਸਭ ਕੁਝ ਹਰਨਾ,

ਮੰਗ ਫ਼ਨਕਾਰੀ ਦਾਤੇ ਕੋਲ਼ੋਂ, ਗਲ਼ ਵਿੱਚ ਪਾ ਲੈ ਪਰਨਾ, ਆਵੀਂ ਘਰ ਨਾ; ਜੇ ਕੁਝ ਕਰਨਾ,

ਡੇਰਾ ਲਾ ਲੈ ਦਰ ’ਤੇ, ਭਾਵੇਂ ਸੌ-ਸੌ ਦੁਖੜੇ ਸਹੀਏ, “ਸੀ” ਨਾ ਕਹੀਏ, ਨੀਵੇਂ ਰਹੀਏ,

ਜੇ ਕੋਈ ਦੱਸੇ ਗੱਲ ਤਜੁਰਬੇ ਵਾਲ਼ੀ; ਤਾਂ ਸੁਣ ਲਈਏ, ਗਲ਼ ਨਾ ਪਈਏ,

ਬਣ ਜਾਈਏ ਉਸਤਾਦ ਜੀ ਭਾਵੇਂ; ਤਾਂ ਵੀ ਸਿੱਖਦੇ ਰਹੀਏ, ਨੀਵੇਂ ਬਹੀਏ।


ਦਿਲ ਪਹਿਲਾਂ ਜਿਹਾ ਨਹੀਂ ਰਿਹਾ :~

ਦਿਲ ਪਹਿਲਾਂ ਜਿਹਾ ਨਹੀਂ ਰਿਹਾ, ਇਹ ਕਠੋਰ ਹੋ ਗਿਆ,

ਵੇਖੇ ਦੁਨੀਆ ਦੇ ਰੰਗ; ਥੋੜ੍ਹਾ ਹੋਰ ਹੋ ਗਿਆ।


ਉਹ ਵੀ ਸਮੇਂ ਸੀ; ਹਵਾ ਸੀ ਜਦੋਂ ਲਗਦੀ ਗੁਲਾਬੀ,

ਅਰਮਾਨਾਂ ਦੇ ਸੰਦੂਕ ਦੀ ਸੀ ਸਾਡੇ ਕੋਲ਼ ਚਾਬੀ,

ਹੁਣ ਆਪਣੀਆਂ ਸੱਧਰਾਂ ਦਾ ਚੋਰ ਹੋ ਗਿਆ,

ਦਿਲ ਪਹਿਲਾਂ ਜਿਹਾ ਨਹੀਂ ਰਿਹਾ, ਇਹ ਕਠੋਰ ਹੋ ਗਿਆ।


ਕਦੇ ਪਿੱਪਲ਼ਾਂ ਦੇ ਪੱਤਿਆਂ ਦੀ ਪੀਪਨੀ ਬਣਾਉਣੀ,

ਕਦੇ ਖੜ੍ਹ ਦਰਵਾਜ਼ਿਆਂ ਦੀ ਢੋਲਕੀ ਵਜਾਉਣੀ,

ਹੁਣ ਨਗ਼ਮਾ-ਸਾਰੰਗੀਆਂ ਦਾ ਸ਼ੋਰ ਹੋ ਗਿਆ,

ਦਿਲ ਪਹਿਲਾਂ ਜਿਹਾ ਨਹੀਂ ਰਿਹਾ, ਇਹ ਕਠੋਰ ਹੋ ਗਿਆ।


ਹੁਣ ਅੱਧੀਆਂ ਰਾਤਾਂ ਨੂੰ ਕਦੇ ਗਿਣੇ ਨਹੀਂਓ ਤਾਰੇ,

ਹੁਣ ਬੱਦਲ਼ਾਂ ਦੇ ਨਾਲ਼ ਵੀ ਨਹੀਂ ਭਰੀਦੇ ਹੁੰਗਾਰੇ,

ਚੰਦ ਨਕਲੀ ਬਣਾ ਕੇ ਮੈਂ ਚਕੋਰ ਹੋ ਗਿਆ,

ਦਿਲ ਪਹਿਲਾਂ ਜਿਹਾ ਨਹੀਂ ਰਿਹਾ, ਇਹ ਕਠੋਰ ਹੋ ਗਿਆ।


ਓਦੋਂ ਜਾਪਦਾ ਸੀ; “ਟੁੱਟਣੀ ਨਹੀਂ ਸਾਂਝ ਬੜੀ ਪੱਕੀ”,

ਅੱਜ ਗ਼ੌਰ ਨਾਲ਼ ਜਦੋਂ ਬੁਨਿਆਦ ਉਹਦੀ ਤੱਕੀ,

ਓਹੋ ਰਿਸ਼ਤਾ ਬੜਾ ਹੀ ਕਮਜ਼ੋਰ ਹੋ ਗਿਆ,

ਦਿਲ ਪਹਿਲਾਂ ਜਿਹਾ ਨਹੀਂ ਰਿਹਾ, ਇਹ ਕਠੋਰ ਹੋ ਗਿਆ।


ਮੈਨੂੰ ਐਸਾ ਇੱਕ ਗੀਤ ‘ਸਰਤਾਜ’ ਨੇ ਸੁਣਾਇਆ;

ਇੰਞ ਲੱਗਦਾ ਕਿਸੇ ਨੇ ਬਾਹੋਂ ਫੜ ਕੇ ਜਗਾਇਆ,

ਉਹਦਾ ਗੀਤ ਸੁਣ ਨਵਾਂ ਤੇ ਨਕੋਰ ਹੋ ਗਿਆ,

ਦਿਲ ਪਹਿਲਾਂ ਜਿਹਾ ਨਹੀਂ ਰਿਹਾ, ਇਹ ਕਠੋਰ ਹੋ ਗਿਆ।


ਹੀਰੀਏ-ਫ਼ਕ਼ੀਰੀਏ :~

ਮੇਰੀ ਹੀਰੀਏ-ਫ਼ਕ਼ੀਰੀਏ, ਨੀ ਸੋਹਣੀਏ;

ਤੇਰੀ ਖ਼ੁਸ਼ਬੂ ਨਸ਼ੀਲੀ ਮਨ-ਮੋਹਣੀਏ।


ਯਾਦ ਆਵੇ ਤੇਰੀ; ਦੇਖਾਂ ਜਦੋਂ ਚੰਦ ਮੈਂ,

ਤੂੰ ਹੀ ਦਿਸੇਂ ਜਦੋਂ ਅੱਖਾਂ ਕਰਾਂ ਬੰਦ ਮੈਂ,

ਮੈਨੂੰ ਲੱਗੇਂ ਰਾਧਾ ਤੂੰ ਤੇ ਲਾਲ ਨੰਦ ਮੈਂ;

ਕਾਸ਼ ਤੈਨੂੰ ਵੀ ਹੋਵਾਂ ਐਦਾਂ ਪਸੰਦ ਮੈਂ,

ਕਾਹਤੋਂ ਨੀਂਦ ’ਚੋਂ ਜਗਾਇਆ ਨੀ ਪ੍ਰਾਹੁਣੀਏ,

ਤੇਰੀ ਖ਼ੁਸ਼ਬੂ ਨਸ਼ੀਲੀ ਮਨ-ਮੋਹਣੀਏ।


ਦੇਖ ਗੱਲ ਤੇਰੀ ਕਰਦੇ ਨੇ ਤਾਰੇ ਵੀ,

ਨਾਲ਼ੇ ਮੇਰੇ ਵੱਲਾਂ ਕਰਦੇ ਇਸ਼ਾਰੇ ਵੀ,

ਇਹੀ ਯਾਰ ਮੇਰੇ, ਇਹੀ ਨੇ ਸਹਾਰੇ ਵੀ,

ਪਰ ਚੰਗੇ ਤੇਰੇ ਲੱਗਦੇ ਨੇ ਲਾਰੇ ਵੀ,

ਸਾਨੂੰ ਰਾਹਾਂ ʼਚ ਨਾ ਰੋਲ਼ ਲਾਰੇ-ਲਾਉਣੀਏ,

ਤੇਰੀ ਖ਼ੁਸ਼ਬੂ ਨਸ਼ੀਲੀ ਮਨ-ਮੋਹਣੀਏ।


ਕੇਹਾ ਪਾਇਆ ਏ ਪਿਆਰ ਵਾਲ਼ਾ ਜਾਲ਼ ਨੀ;

ਜਿੱਥੇ ਜਾਵਾਂ ਤੇਰੀ ਯਾਦ ਜਾਂਦੀ ਨਾਲ਼ ਨੀ,

ਇਹ ਤਾਂ ਰੋਗ ਮੈਂ ਅਵੱਲਾ ਲਿਆ ਪਾਲ਼ ਨੀ,

ਸ਼ਾਮ ਪੈਂਦੇ ਹੀ ਦਿੰਦਾ ਏ ਦੀਵੇ ਬਾਲ਼ ਨੀ,

ਮੇਰੀ ਮੰਨ ਅਰਜ਼ੋਈ ਅੱਗ-ਲਾਉਣੀਏ,

ਤੇਰੀ ਖ਼ੁਸ਼ਬੂ ਨਸ਼ੀਲੀ ਮਨ-ਮੋਹਣੀਏ।


ਮੈਂ ਤਾਂ ਚਿੜੀਆਂ ਨੂੰ ਪੁੱਛਾਂ; “ਕੁਝ ਬੋਲੋ ਨੀ,

ਕਦੋਂ ਆਊ ਮੇਰੀ ਹੀਰ; ਭੇਦ ਖੋਲੋ ਨੀ,

ਤੁਸੀਂ ਜਾਓ, ਸੱਚੀਂ ਜਾਓ, ਉਹਨੂੰ ਟੋਲ੍ਹੋ ਨੀ,

ਜਾ ਕੇ ਫੁੱਲਾਂ ਵਾਲ਼ਾ ਜੰਗਲ ਫ਼ਰੋਲੋ ਨੀ;

ਉਹ ਗੁਲਾਬ ਦੀਆਂ ਪੱਤੀਆਂ ʼਚੇ ਹੋਣੀ ਏ”,

ਤੇਰੀ ਖ਼ੁਸ਼ਬੂ ਨਸ਼ੀਲੀ ਮਨ-ਮੋਹਣੀਏ।


ਪਹਿਲਾਂ ਪੋਲੇ ਜਿਹੇ ਚੈਨ ’ ਤੂੰ ਚੁਰਾ ਲਿਆ,

ਫ਼ੇਰ ਨੀਂਦ ਨੂੰ ਖ਼ਾਬਾਂ ਦੇ ਨਾਮੇ ਲਾ ਲਿਆ,

ਸਾਡਾ ਦੁਨੀਆ ਤੋਂ ਸਾਥ ਵੀ ਛੁਡਾ ਲਿਆ,

ਫ਼ੇਰ ਝਾਕਾ ਜਿਹਾ ਦੇ ਕੇ ਮੂੰਹ ਘੁੰਮਾ ਲਿਆ,

ਕਿਵੇਂ ਪੁਣੇ ਜਜ਼ਬਾਤ ਸਾਡੇ ਪੋਣੀਏ,

ਤੇਰੀ ਖ਼ੁਸ਼ਬੂ ਨਸ਼ੀਲੀ ਮਨ-ਮੋਹਣੀਏ।


ਇਹ ‘ਸਤਿੰਦਰ’ ਜੋ ਗਾਉਂਦਾ; ਇਹਨੂੰ ਗਾਣ ਦੇ,

ਇਹ ਤਾਂ ਹੋ ਗਿਆ ਸ਼ੁਦਾਈ; ਰੌਲ਼ਾ ਪਾਣ ਦੇ,

ਬੱਸ ਪਿਆਰ ਵਾਲ਼ੀ ਛੱਤਰੀ ਤੂੰ ਤਾਣ ਦੇ,

ਬਾਕੀ ਰੱਬ ਜੋ ਕਰੇਂਦਾ; ਕਰੀ ਜਾਣ ਦੇ,

ਸਾਨੂੰ ਦਿਲ ʼਚੇ ਵਸਾ ਲੈ ਪੱਟ-ਹੋਣੀਏ,

ਤੇਰੀ ਖ਼ੁਸ਼ਬੂ ਨਸ਼ੀਲੀ ਮਨ-ਮੋਹਣੀਏ।ਸਭ ’ਤੇ ਲਾਗੂ :~

ਜੋ ਸਭ ’ਤੇ ਲਾਗੂ ਹੋ ਜਵੇ; ਗੱਲ ਓਹੀ ਹੁੰਦੀ ਠੀਕ,

ਸਿੱਧੇ-ਸਾਧੇ ਢੰਗ ਨਾਲ਼ ਆਖੀਏ ਭਾਵੇਂ ਰਮਜ਼ ਹੋਵੇ ਬਾਰੀਕ,

ਐਥੇ ਕੋਈ ਕਿਸੇ ਤੋਂ ਘੱਟ ਨਹੀਂ; ਸਭ ਇੱਕ ਤੋਂ ਇੱਕ ਵਧੀਕ,

ਪਹਿਲਾਂ ਕਈ ਹਜ਼ਾਰਾਂ ਸਾਲ ਸੀ ਹੁੰਦੇ ਸਾਈਂਸਦਾਨ ‘ਗ੍ਰੀਕ’,

ਫ਼ਿਰ ਵੀ ਅਮਰੀਕਾ ਦੇ ਨਾਮ ਤੋਂ ਰੱਖਦੇ ਪੁੱਤ ਦਾ ਨਾਂਅ ‘ਅਮਰੀਕ’,

ਜੀ ਇੱਕ ਸੜਕ ਹੈ ਜਾਂਦੀ ਦੋਸਤੋ ਐਥੋਂ ਇੰਗਲਿਸਤਾਨਾਂ ਤੀਕ;

ਓਥੇ ਕੁੜੀ ‘ਓਪੇਰਾ’ ਨਾਮ ਦੀ; ਉਹਦੀ ਸਭ ਤੋਂ ਉੱਚੀ ਚੀਕ,

‘ਰੋਮਨ’ ਖ਼ੁਦ ਨੂੰ ਉੱਚੇ ਦੱਸਦੇ; ਜੋ ਰੋਮ ਸ਼ਹਿਰ ਵਸਨੀਕ,

ਖ਼ੁਦ ਵੀ ਪੜ੍ਹਿਆ ਹੁੰਦਾ ਕਾਸ਼ ਉਨ੍ਹਾਂ ਨੇ ‘ਬਾਈਬਲ’ ਵਾਲ਼ਾ ਸਟੀਕ,

ਸਾਰੀ ਦੁਨੀਆ ਸਾਂਝੀਵਾਲਤਾ; ਰੱਬ ਸਭ ਦੇ ਵਿੱਚ ਸ਼ਰੀਕ,

ਕਾਹਤੋਂ ਖਿੱਚ ’ਤੀ ਤੂੰ ਪਰਮਾਤਮਾ ਗੋਰੇ-ਕਾਲ਼ੇ ਵਿੱਚ ਇਹ ਲੀਕ,

ਖ਼ੌਰੇ ਕਿਹੜੇ ਲੋਕ ਸ਼ਨਿੱਚਰੀ ਤੇ ਕਿਹੜੇ ਨੇ ਮੰਗਲ਼ੀਕ,

ਜੀ ਕੋਈ ਪਾਏ ਫ਼ਿਰੋਜ਼ਾ ਮੋਤੀ, ਨੀਲਮ ਹੀਰਾ ਅਤੇ ਅਕੀਕ,

ਚੱਲ ਛੱਡ ਤੂੰ ਕੀ ਲੈਣਾ ਦੋਸਤਾ, ਤੇਰੇ ਸਾਰੇ ਹੀ ਯਾਰ ਰਫ਼ੀਕ,

ਤੇਰੀ ਚਾਹ ਵੀ ਠੰਢੀ ਹੋ ਗਈ, ਹੁਣ ਪੀ ਜਾ ਲਾ ਕੇ ਡੀਕ,

ਜੇ ਤੂੰ ਚਾਹੁੰਦੈਂ ਸ਼ਾਇਰੀ ਆ ਜਵੇ; ਤਾਂ ਲੱਭ ਲੈ ਥਾਂ ਰਮਣੀਕ,

ਤੂੰ ਵਿੰਗ-ਵਲ਼ੇਵੇ ਛੱਡ ਜੇ ਹੋਣਾ ਲੋਕਾਂ ਦੇ ਨਜ਼ਦੀਕ,

ਜੀ ਮੈਂ ਲੈ ਕੇ ਹਾਜ਼ਰ ਹੋ ਗਿਆ ਮੇਰੀ ਜਿੰਨੀ ਸੀ ਤੌਫ਼ੀਕ;

ਇਹੀ ਕਰੋ ਕ਼ਬੂਲ ਸਰੋਤਿਓ ਤੇ ਕਰ ਦੇਣਾ ਤਸਦੀਕ,

ਕਿਧਰੇ ਭੁੱਲ ਨਾ ਜਾਇਓ ਮਹਿਰਮੋ ਵੇ ਮਹਿਫ਼ਿਲ ਵਾਲ਼ੀ ਤਰੀਕ,

ਜੀ ਰੱਬ ਕਰੇ ਕਿ ਹੁਣ ‘ਸਰਤਾਜ’ ਦੀ ਹਰ ਇੱਕ ਨੂੰ ਰਹੇ ਉਡੀਕ।

ਚੀਰੇ ਵਾਲ਼ਾ ਸਰਤਾਜ (2011)

[ਸੋਧੋ]

ਇਹ ਸਰਤਾਜ ਦੀ ਦੂਜੀ ਐਲਬਮ ਹੈ। ਪਹਿਲੀ ਐਲਬਮ ਵਾਂਗ ਹੀ ਇਸਦਾ ਸੰਗੀਤ ਜਤਿੰਦਰ ਸ਼ਾਹ ਦਾ ਹੈ ਤੇ ਲੇਬਲ ਸਪੀਡ ਰਿਕਾਰਡਸ ਹੈ। ਇਸ ਐਲਬਮ ਦੇ ਗਾਣੇ ‘ਚੀਰੇਵਾਲ਼ਿਆ’, ‘ਦਸਤਾਰ’, ‘ਯਾਮ੍ਹਾ’ ਅਤੇ ‘ਮੋਤੀਆ ਚਮੇਲੀ’ ਬਹੁਤ ਪਸੰਦ ਕੀਤੇ ਗਏ।

ਸਥਾਨ ਗੀਤ ਦਾ ਨਾਂ
1 ਚੀਰੇਵਾਲ਼ਿਆ
2 ਦਿਲ ਸਭ ਦੇ ਵੱਖਰੇ
3 ਦੌਲਤਾਂ
4 ਆਦਮੀ
5 ਬਿਨਾਂ ਮੰਗਿਓਂ ਸਲਾਹ
6 ਬੱਲੇ-ਬੱਲੇ (ਹੁਣ ਦੇਰ ਨਹੀਂ)
7 ਇਸ਼ਕ਼ੇ ਲਈ ਕ਼ੁਰਬਾਨੀਆਂ
8 ਦਸਤਾਰ
9 ਯਾਮ੍ਹਾ
10 ਮੋਤੀਆ ਚਮੇਲੀ

ਗੀਤਾਂ ਦੇ ਬੋਲ :-

ਚੀਰੇਵਾਲ਼ਿਆ :~

ਜ਼ੋਏ-ਜ਼ਾਲਮਾ; ਵੇ ਤੂੰ ਨਾ ਸਾਰ ਲੈੰਦਾ, ਯਾਦਾਂ ਤੇਰੀਆਂ ਤੇਰੇ ਤੋਂ ਚੰਗੀਆਂ ਨੇ,

ਨੀਂਦਾਂ ਮੇਰੀਆਂ ਤੇਰਿਆਂ ਸੁਪਨਿਆਂ ਨੇ ਵਾਰ-ਵਾਰ ਵੇ ਵੈਰੀਆ ਡੰਗੀਆਂ ਨੇ,

ਬੇ-ਸ਼ੱਕ ਤੂੰ ਪਰਤ ਕੇ ਵੇਖਿਆ ਨਹੀਂ; ‘ਸਰਤਾਜ’ ਰੀਝਾਂ ਸੂਲ਼ੀ ਟੰਗੀਆਂ ਨੇ;

ਅਸੀਂ ਫ਼ੇਰ ਵੀ ਚੁੰਨੀਆਂ ਚਾਅਵਾਂ ਦੀਆਂ ਤੇਰੇ ਚੀਰੇ ਦੇ ਵਰਗੀਆਂ ਰੰਗੀਆਂ ਨੇ।


ਮੇਰਿਆ ਚੰਨਣਾ, ਚੰਨਣਾ ਵੇ ਦੱਸ ਤੂੰ ਕੀਕਣ ਮੰਨਣਾ ਵੇ,

ਕਾਹਤੋਂ ਲਾਈਆਂ ਨੇ ਦੇਰਾਂ, ਵੇ ਮੈਂ ਅੱਥਰੂ ਪਈ ਕੇਰਾਂ,

ਤੈਨੂੰ ’ਵਾਜਾਂ ਪਈ ਮਾਰਾਂ, ਮੇਰੀਆਂ ਮਿੰਨਤਾਂ ਹਜ਼ਾਰਾਂ,

ਪਾਣੀ ਰਾਵੀ ਦਾ ਵਗਦੈ, ਤੇਰਾ ਚੇਤਾ ਵੀ ਠੱਗਦੈ,

ਤੇਰਾ ਚੀਰਾ ਰੰਗਵਾਵਾਂ, ਬਣ ਕੇ ਸ਼ੀਸ਼ਾ ਵਹਿ ਜਾਵਾਂ;

ਤੇਰੇ ਸਾਹਵੇਂ ਓ ਚੰਨਣਾ; ਜੇ ਤੂੰ ਆਵੇਂ ਓ ਚੰਨਣਾ,

ਵੇ ਗੱਲ ਸੁਣ ਛੱਲਿਆ, ਛੱਲਿਆ ਵੇ “ਕਿਹੜਾ ਵਤਨਾ ਮੱਲਿਆ ਵੇ”,

ਛੱਲਾ ਬੇੜੀ ਦਾ ਪੂਰੇ, ਵਤਨ ਮਾਹੀਏ ਦਾ ਦੂਰ ਏ, ਜਾਣਾ ਪਹਿਲੇ ਹੀ ਪੂਰੇ, ਚੀਰੇਵਾਲ਼ਿਆ,

ਅਸੀਂ ਪੁੱਛਦੇ ਰਹਿੰਦੇ ਹਾਂ ਸੱਚੇ ਰੱਬ ਤੋਂ,

ਤੂੰ ਵੀ ਤਾਂ ਕਿਤੋਂ ਬੋਲ ਵੇ ਚੰਨਾ, ਓ ਚੀਰੇਵਾਲ਼ਿਆ,

ਚੀਰੇਵਾਲ਼ਿਆ ਯਾਦਾਂ ਦਾ ਦੀਵਾ ਬਾਲ਼ਿਆ,

ਇਹ ਜਿੰਦ ਚੱਲੀ ਡੋਲ ਵੇ ਚੰਨਾ, ਓ ਚੀਰੇਵਾਲ਼ਿਆ।


ਤੇਰਾ ਦੂਰ ਕਿਸੇ ਦੇਸ ਨਾਲ਼ ਨਾਤਾ ਤੇ ਸਾਡਾ ਪਿੰਡ ਢੱਕੀਆਂ ਦੇ ਓਹਲੇ,

ਕੂਲ਼ੇ ਚਾਅਵਾਂ ਨੂੰ ਬਚਾਵਾਂ ’ਨ੍ਹੇਰੀ ਗ਼ਮਾਂ ਦੀ ਤੋਂ ਬੈਠੀ ਆਸਾਂ ਥੱਕੀਆਂ ਦੇ ਓਹਲੇ,

ਰਾਤੀਂ ਤਾਰਿਆਂ ਦੇ ਨਾਲ ਦੁੱਖ ਫ਼ੋਲੀਏ,

ਓਏ ਤੂੰ ਵੀ ਤਾਂ ਫ਼ਰੋਲ ਵੇ ਚੰਨਾ, ਓ ਚੀਰੇਵਾਲ਼ਿਆ,

ਚੀਰੇਵਾਲ਼ਿਆ ਕਿੱਥੇ ਨਹੀਂ ਤੈਨੂੰ ਭਾਲ਼ਿਆ,

ਮਿੱਟੀ ’ਚ ਰੂਹ ਨਾ ਰੋਲ਼ ਵੇ ਚੰਨਾ, ਓ ਚੀਰੇਵਾਲ਼ਿਆ।


ਸਾਡੇ ਸਦੀਆਂ ਦੇ ਵਾਂਗੂੰ ਦਿਨ ਬੀਤਦੇ ਤੇ ਖੁੱਲ੍ਹੀ ਰਹਿੰਦੀ ਨੈਣਾਂ ਵਾਲ਼ੀ ਬਾਰੀ,

ਹੁਣ ਖ਼ਬਰ ਰਹੀ ਨਾ ਆਸੇ-ਪਾਸੇ ਦੀ ਤੇ ਚੜ੍ਹੀ ਰਹਿੰਦੀ ਖ਼ਿਆਲਾਂ ਨੂੰ ਖ਼ੁਮਾਰੀ,

ਦੇਖੀਂ ਕਰ ਨਾ ਜਾਵੀਂ ਤੂੰ ਹੇਰਾ-ਫ਼ੇਰੀਆਂ,

ਇਹ ਰੀਝਾਂ ਅਣਭੋਲ ਵੇ ਚੰਨਾ, ਓ ਚੀਰੇਵਾਲ਼ਿਆ,

ਚੀਰੇਵਾਲ਼ਿਆ ਮੈਂ ਉਮਰਾਂ ਨੂੰ ਟਾਲ਼ਿਆ ਤੇ ਸਾਹੀਂ ਲਿਆ ਘੋਲ਼ ਵੇ ਚੰਨਾ, ਓ ਚੀਰੇਵਾਲ਼ਿਆ।


ਤੇਰੇ ਬੋਲ ਰਹਿੰਦੇ ਹਰ ਵੇਲ਼ੇ ਗੂੰਜਦੇ ਤੇ ਭੌਰੇ ਐਵੀਂ ਛੇੜਦੇ ਰਹਿੰਦੇ ਨੇ,

ਜੇ ਉਮੀਦਾਂ ਦੇ ਰੁਮਾਲ ਉੱਤੇ ਨਾਮ ਕੱਢੀਏ ਤਾਂ ਇਹ ਉਧੇੜਦੇ ਰਹਿੰਦੇ ਨੇ,

ਜਾਂ ਤਾਂ ਸਾਡੇ ਕੋਲ਼ ਆ ਜਾ ਮੇਰੇ ਮਹਿਰਮਾਂ

ਜਾਂ ਸੱਦ ਸਾਨੂੰ ਕੋਲ਼ ਵੇ ਚੰਨਾ, ਓ ਚੀਰੇਵਾਲ਼ਿਆ,

ਚੀਰੇਵਾਲ਼ਿਆ ਵੇ ਲੋਕਾਂ ਨੇ ਉਛਾਲ਼ਿਆ

ਇਹ ਕ਼ਿੱਸਾ ਅਨਮੋਲ ਵੇ ਚੰਨਾ, ਓ ਚੀਰੇਵਾਲ਼ਿਆ।


ਸ਼ਾ-ਅੱਲ੍ਹਾ ਰੱਬ ਸੱਚਾ ਭਾਗਾਂ ਵਾਲ਼ਾ ਦਿਨ ਦੇਵੇ, ਸ਼ਗਨਾਂ ਦੀ ਰਾਤ ਲੈ ਕੇ ਆਏ,

ਮੈਂ ਉਡੀਕਾਂ ‘ਸਰਤਾਜ’ ਸਾਡੇ ਵਿਹੜੇ ਕਦੋਂ ਸੱਜ ਕੇ ਬਰਾਤ ਲੈ ਕੇ ਆਏ,

ਤੱਕਾਂ ਕਲਗੀ ਲਗਾ ਕੇ ਘੋੜੀ ਚੜ੍ਹਿਆ,

ਖ਼ਾਬਾਂ ’ਚੇ ਵੱਜੇ ਢੋਲ ਵੇ ਚੰਨਾ, ਓ ਚੀਰੇਵਾਲ਼ਿਆ,

ਚੀਰੇਵਾਲ਼ਿਆ ਹਾੜਾਂ ਕਮਾਊ ਬਾਹਲ਼ਿਆ,

ਇਸ਼ਕ਼ ਸਾਹਵਾਂ-ਤੋਲ ਵੇ ਚੰਨਾ, ਓ ਚੀਰੇਵਾਲ਼ਿਆ।


ਦਿਲ ਸਭ ਦੇ ਵੱਖਰੇ :~

ਮੈਨੂੰ ਦਿਸਣ ਸੁਫ਼ਨਿਆਂ ’ਚੇ

ਜੀ ਘੜੇ ਗੁਲਾਬੀ, ਲਹਿਰੀਏ ਨਾਭੀ-

ਲਾਲ ਜਿਹੇ ਰੰਗੇ; ਧੁੱਪੇ ਨੇ ਟੰਗੇ;

ਲਲਾਰਨ ਪਾਉਂਦੀ ਜੀ ਲੀੜੇ ਸੁੱਕਣੇ,

ਕਈ ਛਿੰਦੀਆਂ ਲਾਡਲੀਆਂ

ਪਾਲਕੀ ਚੜੀਆਂ, ਮਹਿਲ ਵਿੱਚ ਵੜੀਆਂ,

ਜੀ ਖੇਖਣ-ਪਿੱਟੀਆਂ, ਨਾਜ਼ ਨਹੀਂ ਮੁੱਕਣੇ,

ਕੋਈ ਹੇਕ ਸਮੁੰਦਰੀ ਜਿਹੀ,

ਪੌਣ ਦੇ ਵਰਗੀ, ਅੰਦਰ ਘਰ ਕਰ ਗਈ,

ਨੀ ਚੜੀ ਚੁਬਾਰੇ ਤੇ ਗਿਣਦੀ ਤਾਰੇ;

ਤੂੰ ਦੱਸ; ਕਿਉਂ ਪਰੀਏ,

ਦਿਲ ਸਭ ਦੇ ਵੱਖਰੇ ਜੀ,

ਕਿਸੇ ਦੀ ਲੋਰ, ਕਿਸੇ ਦਾ ਜ਼ੋਰ,

ਅਸੀਂ ਕੀ ਕਰੀਏ।


ਮੁੱਲ ਮੰਗਿਆ ਕਾਲ਼ਖ ਦਾ

ਜਦੋਂ ਇੱਸ ਮੱਸਿਆ ’ ; ਧਰੂ’ ਵੀ ਹੱਸਿਆ,

ਵੇਖ ਕੇ ਭਾਣਾ ਕੋਈ ਮਰਜਾਣਾ

ਅੱਗੇ ਨਹੀਂ ਆਇਆ,

ਪਰਛਾਵੇਂ ਨੂੰ ਪੁੱਛਿਆ;

“ਵੇ ਤੂੰ ਤਾਂ ਆ ਜਾ, ਵੇ ਸਾਥ ਨਿਭਾ ਜਾ”,

ਤੇ ਅੱਗਿਓਂ ਉਸ ਨੇ ਜਵਾਬ ਸੁਣਾਇਆ;

“ਸਾਡੀ ਕੀ ਹਸਤੀ ਜੀ,

ਅਸੀਂ ਤਾਂ ਹਾਏ; ਚਾਨਣ ਦੇ ਜਾਏ,

ਉਹਦੇ ਸੰਗ ਜੰਮੀਏ, ਉਹਦੇ ਸੰਗ ਮਰੀਏ”,

ਦਿਲ ਸਭ ਦੇ ਵੱਖਰੇ ਜੀ,

ਕਿਸੇ ਦੀ ਲੋਰ, ਕਿਸੇ ਦਾ ਜ਼ੋਰ,

ਅਸੀਂ ਕੀ ਕਰੀਏ।


ਜਦੋਂ ਅੱਖੀਆਂ ਲੜ ਜਾਵਣ

ਓਦੋਂ ਚਹੁੰ ਪਾਸੇ ਬਿਖ਼ਰਦੇ ਹਾਸੇ,

ਤੀਲੇ ਜੋ ਘਾਹ ਦੇ, ਪੱਤੇ ਵੀ ਰਾਹ ਦੇ

ਲੱਗਣ ਫੁੱਲ-ਕਲੀਆਂ,

ਖ਼ੁਸ਼ਬੋਆਂ ਆਵਣ ਜੀ

ਓਦੋਂ ਤਾਂ ਅੱਕ ’ਚੋਂ, ਕਿੱਕਰ ਦੇ ਸੱਕ ’ਚੋਂ;

ਪੇਂਜੀ ਤੇ ਜੂਹੀ ਜਿਵੇਂ ਹੋਣ ਮਲ਼ੀਆਂ,

ਪਰ ਮੌਸਮ ਦਰਦਾਂ ਦੇ

ਜਦੋਂ ਨੇ ਆਉਂਦੇ; ਤਾਂ ਹੋਸ਼ ਭੁਲਾਉਂਦੇ,

ਐਸੇ ਇੱਕ ਗੱਲ ਤੋਂ, ਪੀੜ ਦੇ ਸੱਲ ਤੋਂ

ਆਪਾਂ ਤਾਂ ਡਰੀਏ,

ਦਿਲ ਸਭ ਦੇ ਵੱਖਰੇ ਜੀ,

ਕਿਸੇ ਦੀ ਲੋਰ, ਕਿਸੇ ਦਾ ਜ਼ੋਰ,

ਅਸੀਂ ਕੀ ਕਰੀਏ।


ਜਜ਼ਬਾਤ ਮਲੂਕ ਜਿਹੇ

ਦੇਖੀਂ ਜੇ ਰੁਲ਼ ਗਏ, ਝੱਖੜ ਜੇ ਝੁਲ਼ ਗਏ;

ਤਾਂ ਕੁਝ ਨਹੀਂ ਰਹਿਣਾ, ਪੱਲੇ ਵਿੱਚ ਪੈਣਾ

ਰਾਂਝੇ ਦਾ ਠੂਠਾ,

ਪਊ ਜਰਨਾ ਲੇਖਾਂ ਨੂੰ,

ਦੋਸ਼ ਦੇਣੇ ਰੱਬ ’ਤੇ, ਗਲ਼ੇ ਪਏ ਯੱਬ ’ਤੇ

ਗਲ਼ੀਂ ਪਾ ਪਰਨੇ ਦਸਤਖ਼ਤ ਕਰਨੇ

ਤੇ ਲਾਉਣਾ ’ਗੂਠਾ,

ਫ਼ੇਰ ਇੱਕੋ ਹੀ ਹੱਲ ਏ;

ਵੇਚ ਕੇ ਹਾਸਾ, ਉਮਰ ਦਾ ਕਾਸਾ

ਜੀ ਤੁਪਕਾ-ਤੁਪਕਾ ਗ਼ਮਾਂ ਸੰਗ ਭਰੀਏ,

ਦਿਲ ਸਭ ਦੇ ਵੱਖਰੇ ਜੀ,

ਕਿਸੇ ਦੀ ਲੋਰ, ਕਿਸੇ ਦਾ ਜ਼ੋਰ,

ਅਸੀਂ ਕੀ ਕਰੀਏ।


ਅਸੀਂ ਖ਼ੁਦ ਬੇ-ਸਮਝ ਹੋਏ

ਤੈਨੂੰ ਸਮਝਾਉਂਦੇ, ਪੱਲੇ ਗੱਲ ਪਾਉਂਦੇ;

“ਸਮੇਂ ਦੇ ਕਾਰੇ ਬੜੇ ਹੀ ਭਾਰੇ,

ਤੂੰ ਛੱਡ ਨਾਦਾਨੀ,

ਉਸ ਅਸਲੀ ਆਸ਼ਿਕ਼ ਤੋਂ

ਬਿਨਾਂ ਤਾਂ ਹੋਰ ਸੱਭੇ ਨੇ ਚੋਰ;

ਜੋ ਮਹਿਰਮ ਬਣਦੇ ਦਿਲਾਂ ਦੇ ਜਾਨੀ,

ਤੈਨੂੰ ਬੰਨ ਲੈ ਜਾਵਣਗੇ

ਵੇਖ ਲਈਂ ਲੋਕੀਂ, ਭਾਵੇਂ ਤੂੰ ਰੋਕੀਂ,

ਦੱਸੇ ਇੱਕ ਪਾਜ ਤੈਨੂੰ ‘ਸਰਤਾਜ’;

ਨੀ ਨਿੱਸਰੀ ਚਰੀਏ”,

ਦਿਲ ਸਭ ਦੇ ਵੱਖਰੇ ਜੀ,

ਕਿਸੇ ਦੀ ਲੋਰ, ਕਿਸੇ ਦਾ ਜ਼ੋਰ,

ਅਸੀਂ ਕੀ ਕਰੀਏ।


ਦੌਲਤਾਂ :~

ਦੌਲਤਾਂ ਤਾਂ ਜੱਗ ’ਤੇ ਬਥੇਰੀਆਂ, ਪੈਸੇ ਤੋਂ ਜ਼ਰੂਰੀ ਹੁੰਦੀ ਪੱਤ ਜੀ,

ਬਾਕੀ ਤੁਸੀਂ ਮੇਰੇ ਤੋਂ ਸਿਆਣੇ ਓਂ, ਮੈਂ ਤਾਂ ਇਹੋ ਕੱਢਿਆ ਏ ਤੱਤ ਜੀ।


ਖ਼ੂਨ ਦੇ ਨਿਸ਼ਾਨ ਕਿੱਥੋਂ ਮਿਟਦੇ; ਔਖੇ ਬੜੇ ਦਾਗ਼ ਵੈਸੇ ਧੋਵਣੇ,

ਦੱਸਣੇ ਦੀ ਲੋੜ ਤਾਂ ਨਹੀਂ ਜਾਪਦੀ, ਤੁਸੀਂ ਵੀ ਤਾਂ ਵੇਖੇ-ਸੁਣੇ ਹੋਵਣੇ,

ਜੀ ਉਹ ਸੁੱਖਾਂ ਦੀਆਂ ਨੀਂਦਰਾਂ ਨਹੀਂ ਮਾਣਦੇ; ਪੀਂਦੇ ਜੋ ਨਿਮਾਣਿਆਂ ਦੀ ਰੱਤ ਜੀ,

ਬਾਕੀ ਤੁਸੀਂ ਮੇਰੇ ਤੋਂ ਸਿਆਣੇ ਓਂ, ਮੈਂ ਤਾਂ ਇਹ ਹੀ ਕੱਢਿਆ ਏ ਤੱਤ ਜੀ।


ਜ਼ਿੰਦਗੀ ਦੀ ਘੋਲ਼ ਵੀ ਅਜੀਬ ਹੈ; ਸਦਾ ਹੀ ਸ਼ਰੀਫ਼ ਜਾਵੇ ਹਾਰਦਾ,

ਚਿੱਤ ਨਾ ਡੁਲਾਇਓ ਪਰ ਸੂਰਿਓ; ਵੇਖਿਓ ਨਜ਼ਾਰਾ ਜਾਂਦੀ ਵਾਰ ਦਾ,

ਸੱਚ ਤੇ ਈਮਾਨ ਵਾਲ਼ੇ ਬੰਦੇ ਦੀ ਆਖ਼ਰਾਂ ਨੂੰ ਉੱਤੇ ਹੁੰਦੀ ਲੱਤ ਜੀ,

ਬਾਕੀ ਤੁਸੀਂ ਮੇਰੇ ਤੋਂ ਸਿਆਣੇ ਓਂ, ਮੈਂ ਤਾਂ ਇਹ ਹੀ ਕੱਢਿਆ ਏ ਤੱਤ ਜੀ।


ਸਾਡੀ ਕੀ ਔਕਾਤ; ਅਸੀਂ ਬੋਲੀਏ, ਐਵੇਂ ਜ਼ਰਾ ਦਿਲ ’ਚੇ ਗ਼ੁਬਾਰ ਸੀ,

’ਕੱਲੇ ਬਹਿ ਕੇ ਕਾਗ਼ਜ਼ਾਂ ’ਤੇ ਲਾਹ ਲਿਆ; ਸੋਚ ਸਾਡੀ ਉੱਤੇ ਜਿਹੜਾ ਭਾਰ ਸੀ,

ਜੀ ਗ਼ੁੱਸਾ ਨਾ ਮਨਾਇਓ ਕਿਸੇ ਗੱਲ ਦਾ, ਛੋਟਿਆਂ ਦੀ ਛੋਟੀ ਹੁੰਦੀ ਮੱਤ ਜੀ,

ਬਾਕੀ ਤੁਸੀਂ ਮੇਰੇ ਤੋਂ ਸਿਆਣੇ ਓਂ, ਮੈਂ ਤਾਂ ਇਹ ਹੀ ਕੱਢਿਆ ਏ ਤੱਤ ਜੀ।


ਪੰਜ ਐਬ ਬੜੀ ਛੇਤੀ ਬਹੁੜਦੇ, ਓਹੀ ਚੰਗਾ ਰਿਹਾ ਜੀਹਨੇ ਮੋੜ ’ਤੇ,

ਅਸੀਂ ਐਵੇਂ ਲੀਕਾਂ ਜਿਹੀਆਂ ਮਾਰੀਆਂ, ਰੱਬ ਨੇ ਸਲੀਕੇ ਨਾਲ਼ ਜੋੜ ’ਤੇ;

‘ਸੁਰਾਂ’, ‘ਸਾਹ’, ‘ਸਰੋਤੇ’, ‘ਸਮਾਂ’, ‘ਸਾਜ਼’ ਤੇ ‘ਸੂਫ਼ੀ’ ‘ਸਰਤਾਜ’ ਸੱਸੇ ਸੱਤ ਜੀ,

ਬਾਕੀ ਤੁਸੀਂ ਮੇਰੇ ਤੋਂ ਸਿਆਣੇ ਓਂ, ਮੈਂ ਤਾਂ ਇਹ ਹੀ ਕੱਢਿਆ ਏ ਤੱਤ ਜੀ।


ਆਦਮੀ :~

ਹਰ ਆਦਮੀ ’ਚ ਹੁੰਦਾ ਇੱਕ ਨੇਕ ਇਨਸਾਨ,

ਹਰ ਆਦਮੀ ’ਚ ਇੱਕ ਬਦਮਾਸ਼ ਹੁੰਦਾ ਏ,

ਹਰ ਆਦਮੀ ’ਚ ਹੁੰਦਾ ਇੱਕ ਫ਼ੱਕਰ-ਫ਼ਕੀਰ,

ਹਰ ਆਦਮੀ ਦੇ ਅੰਦਰ ਅਯਾਸ਼ ਹੁੰਦਾ ਏ।


ਹੋਣ ਜਿੱਦਾਂ ਦੇ ਹਾਲਾਤ; ਬੰਦਾ ਓਦਾਂ ਦਾ ਹੋ ਜਾਂਦਾ,

ਕਦੀ ਚੋਪੜੀ ਵੀ ਸੁੱਟੇ, ਕਦੀ ਸੁੱਕੀਆਂ ਵੀ ਖਾਂਦਾ,

ਜਿਹੜਾ ਬੰਦਾ ਖ਼ੁਸ਼ੀ-ਖੇੜਿਆਂ ’ਚੇ ਅੰਬਰਾਂ ’ਤੇ ਉੱਡੇ;

ਓਹੀ ਦੁੱਖਾਂ ਵਿੱਚ ਅੱਤ ਦਾ ਨਿਰਾਸ਼ ਹੁੰਦਾ ਏ,

ਹਰ ਆਦਮੀ ’ਚ ਹੁੰਦਾ ਇੱਕ ਫ਼ੱਕਰ-ਫ਼ਕੀਰ,

ਹਰ ਆਦਮੀ ਦੇ ਅੰਦਰ ਅਯਾਸ਼ ਹੁੰਦਾ ਏ।


ਇੱਥੇ ਜੀਹਦਾ ਜ਼ਿਆਦਾ ਜ਼ੋਰ; ਉਹਦਾ ਓਨਾ ਜ਼ਿਆਦਾ ਧੰਦਾ,

ਸੱਚੇ ਰੱਬ ਦੀਆਂ ਨਿਆਮਤਾਂ ਨੂੰ ਗੌਲ਼ਦਾ ਨਹੀਂ ਬੰਦਾ,

ਏਸ ਧਰਤੀ ’ਤੇ ਹੱਕ ਚੱਲੋ ਵੱਧ-ਘੱਟ ਹੋਣੇ;

ਪਰ ਇੱਕੋ ਜਿੰਨਾ ਸਭ ਦਾ ਆਕਾਸ਼ ਹੁੰਦਾ ਏ,

ਹਰ ਆਦਮੀ ’ਚ ਹੁੰਦਾ ਇੱਕ ਫ਼ੱਕਰ-ਫ਼ਕੀਰ,

ਹਰ ਆਦਮੀ ਦੇ ਅੰਦਰ ਅਯਾਸ਼ ਹੁੰਦਾ ਏ।


ਜੀਹਨੂੰ ਜਾਨ ਤੋਂ ਪਿਆਰੇ ਸੀਗੇ ਆਪਣੇ ਨਿਆਣੇ;

ਪਿੱਛੇ ਭਾਗਾਂ ਵਾਲ਼ੀ ਛੱਡ ਗਿਆ ਖ਼ੌਰੇ ਕੀਹਦੇ ਭਾਣੇ,

ਜਿਹਨੂੰ ਝੋਲ਼ਾ ਦੇ ਕੇ ਭੇਜਿਆ ਸੀ ਰਾਤੀਂ ਲੈਣ ਦਾਣੇ;

ਸੁਬ੍ਹਾ ਓਹੀ ਅਖ਼ਬਾਰ ਵਿੱਚ ਲਾਸ਼ ਹੁੰਦਾ ਏ,

ਹਰ ਆਦਮੀ ’ਚ ਹੁੰਦਾ ਇੱਕ ਫ਼ੱਕਰ-ਫ਼ਕੀਰ,

ਹਰ ਆਦਮੀ ਦੇ ਅੰਦਰ ਅਯਾਸ਼ ਹੁੰਦਾ ਏ।


ਜਿਨ੍ਹਾਂ ’ ਦੁਨੀਆ ’ਤੇ ਉੱਚਾ-ਸੁੱਚਾ ਨਾਮਣਾ ਕਮਾਇਆ;

ਉਹਨਾਂ ’ ਔਕੜਾਂ-ਮੁਸੀਬਤਾਂ ਨੂੰ ਪਿੰਡੇ ’ਤੇ ਹੰਢਾਇਆ,

ਹਰ ਮੋੜ ਉੱਤੇ ਉਹਨਾਂ ’ ਇਹੀ ਸਾਬਤ ਕਰਾਇਆ;

ਕਿ ਬੁੱਤ ਸੱਟਾਂ ਸਹਿ-ਸਹਿ ਕੇ ਹੀ ਤਰਾਸ਼ ਹੁੰਦਾ ਏ,

ਹਰ ਆਦਮੀ ’ਚ ਹੁੰਦਾ ਇੱਕ ਫ਼ੱਕਰ-ਫ਼ਕੀਰ,

ਹਰ ਆਦਮੀ ਦੇ ਅੰਦਰ ਅਯਾਸ਼ ਹੁੰਦਾ ਏ।


ਤੇਰੇ ਵੱਸ ਦੀ ਨਹੀਂ ਗੱਲ, ਚੱਲ ਛੱਡ ‘ਸਰਤਾਜ’,

ਜੀਹਨੇ ਦੁਨੀਆ ਬਣਾਈ; ਆਪੇ ਜਾਣਦਾ ਏ ਰਾਜ਼,

ਇਹੋ ਗੁੰਝਲ਼ਾਂ ਦਿਮਾਗ਼ ਦੀਆਂ ਖੁੱਲ੍ਹਦੀਆਂ ਓਦੋਂ;

ਜਦੋਂ ਪਰਦਾ ਖ਼ੁਦਾਈ ਵਾਲ਼ਾ ਫ਼ਾਸ਼ ਹੁੰਦਾ ਏ,

ਹਰ ਆਦਮੀ ’ਚ ਹੁੰਦਾ ਇੱਕ ਫ਼ੱਕਰ-ਫ਼ਕੀਰ,

ਹਰ ਆਦਮੀ ਦੇ ਅੰਦਰ ਅਯਾਸ਼ ਹੁੰਦਾ ਏ।


ਬਿਨਾਂ ਮੰਗਿਓਂ ਸਲਾਹ :~

ਬਿਨਾਂ ਮੰਗਿਓਂ ਸਲਾਹ ਨਹੀਂ ਦੇਣੀ ਚਾਹੀਦੀ; ਕਦਰ ਐਦਾਂ ਘੱਟ ਜਾਂਦੀ ਏ,

ਐਵੇਂ ਰੋਜ਼ ਹੀ ਜੇ ਜਾ ਕੇ ਡੇਰੇ ਲਾ ਲਵੋ; ਇੱਜ਼ਤ ਹੋਣੋਂ ਹੱਟ ਜਾਂਦੀ ਏ।


ਇੱਕ-ਦੋ ਮਹੀਨਿਆਂ ਦੀ ਯਾਰੀ ਵੀ ਕੀ ਕਰਨੀ,

ਰੋਜ਼-ਰੋਜ਼ ਨਵੇਂ ਦੀ ਤਿਆਰੀ ਵੀ ਕੀ ਕਰਨੀ,

ਬਹੁਤੇ ਸੱਜਣ ਬਣਾਉਣ ਦੀ ਵੀ ਲੋੜ ਨਹੀਂ ਕਿ ਇੱਕ ਨਾ’ ਵੀ ਕੱਟ ਜਾਂਦੀ ਏ,

ਐਵੇਂ ਰੋਜ਼ ਹੀ ਜੇ ਜਾ ਕੇ ਡੇਰੇ ਲਾ ਲਵੋ; ਇੱਜ਼ਤ ਹੋਣੋਂ ਹੱਟ ਜਾਂਦੀ ਏ।


ਪਾਰਖੂ ਨਿਗਾਹਾਂ ਨਾਲ਼ ਵੇਖ ਲਈਂ ਤੇ ਜਾਣ ਲਈਂ;

ਕਿਹੜਾ ਕਿੰਨੇ ਜੋਗਾ; ਉਹਦਾ ਮੁੱਲ ਪਹਿਚਾਣ ਲਈਂ,

ਤੂੰ ਦੇਖੀਂ ਪੱਥਰ ਨਾ ਬੋਝੇ ਵਿੱਚ ਪਾ ਲਵੀਂ; ਕਮੀਜ਼ ਐਦਾਂ ਫੱਟ ਜਾਂਦੀ ਏ,

ਐਵੇਂ ਰੋਜ਼ ਹੀ ਜੇ ਜਾ ਕੇ ਡੇਰੇ ਲਾ ਲਵੋ; ਇੱਜ਼ਤ ਹੋਣੋਂ ਹੱਟ ਜਾਂਦੀ ਏ।


ਡਾਢਿਆਂ ਦੇ ਸਾਹਵੇਂ ਕਦੀ ਆਕੜਾਂ ਵਿਖਾਈਏ ਨਾ,

ਕਦੀ ਵੀ ਕੁਦਰਤਾਂ ਦੇ ਨਾਲ਼ ਮੱਥੇ ਡਾਹੀਏ ਨਾ,

ਜਿਹੜੇ ਰੁੱਖ ਨਾ ਝੁਕਣ; ਯਾਰੋ ਉਹਨਾਂ ਨੂੰ ਹਨੇਰੀ ਜੜ੍ਹੋਂ ਪੱਟ ਜਾਂਦੀ ਏ,

ਐਵੇਂ ਰੋਜ਼ ਹੀ ਜੇ ਜਾ ਕੇ ਡੇਰੇ ਲਾ ਲਵੋ; ਇੱਜ਼ਤ ਹੋਣੋਂ ਹੱਟ ਜਾਂਦੀ ਏ।


ਕਿੰਨਾ ਕੁਝ ਸਿੱਖਿਆ ਤੇ ਕੀ-ਕੀ ਹੈ ਬਣਾ ਲਿਆ,

ਰੱਬ ਨੂੰ ਵੀ ਬਾਹੋਂ ਫੜ ਸਾਹਮਣੇ ਬਿਠਾ ਲਿਆ,

ਮੈਂ ਹੈਰਾਨ ਹਾਂ; ਮਿੱਠੀ ਜਿਹੀ ਰਸ ਗੰਨੇ ਦੀ ਦਾਰੂ ’ਚੇ ਕਿੱਦਾਂ ਵੱਟ ਜਾਂਦੀ ਏ,

ਐਵੇਂ ਰੋਜ਼ ਹੀ ਜੇ ਜਾ ਕੇ ਡੇਰੇ ਲਾ ਲਵੋ; ਇੱਜ਼ਤ ਹੋਣੋਂ ਹੱਟ ਜਾਂਦੀ ਏ।


ਉਹਦਿਆਂ ਇਸ਼ਾਰਿਆਂ ਤੋਂ ਬਿਨਾਂ ਪੱਤਾ ਝੁਲੇ ਨਾ,

ਲੱਗ ਜਾਂਦੇ ਘੁਣ, ਤਾਕੀ ਲੇਖਾਂ ਵਾਲ਼ੀ ਖੁੱਲੇ ਨਾ,

ਜਦੋਂ ਹੋ ਜਵੇ ਸਵੱਲੀ ਨਿਗ੍ਹਾ ਮੌਲਾ ਦੀ ਤਾਂ ਬਾਜ਼ੀ ਵੀ ਪਲਟ ਜਾਂਦੀ ਏ,

ਐਵੇਂ ਰੋਜ਼ ਹੀ ਜੇ ਜਾ ਕੇ ਡੇਰੇ ਲਾ ਲਵੋ; ਇੱਜ਼ਤ ਹੋਣੋਂ ਹੱਟ ਜਾਂਦੀ ਏ।


’ਨ੍ਹੇਰੇ ਵਿੱਚ ਬੈਠਾ ਬੰਦਾ ਹੋ ਰਿਹਾ ਨਿਹਾਲ ਹੈ,

ਇਹ ਜੋ ਤੈਨੂੰ ਦਿਸਦਾ; ਇਹ ਸਾਰਾ ਮਾਇਆ-ਜਾਲ਼ ਹੈ,

ਦੇਖੀਂ ਫ਼ਿਲਮਾਂ ਦੇ ਵਾਂਗੂੰ ਛਾਲ਼ ਮਾਰੀਂ ਨਾ ਕਿ ਐਦਾਂ ਲੱਗ ਸੱਟ ਜਾਂਦੀ ਏ,

ਐਵੇਂ ਰੋਜ਼ ਹੀ ਜੇ ਜਾ ਕੇ ਡੇਰੇ ਲਾ ਲਵੋ; ਇੱਜ਼ਤ ਹੋਣੋਂ ਹੱਟ ਜਾਂਦੀ ਏ।


ਕੋਸ਼ਿਸ਼ ਕਰੀਦੀ; ਚੰਗਾ ਬੋਲ ਮੂੰਹੋਂ ਕੱਢੀਏ,

ਪਿੱਠ ਪਿੱਛੇ ਮਿੱਤਰਾ ਚੁਗਲੀਆਂ ਨਾ ਵੱਢੀਏ,

ਜਿਹੜੀ ਗੱਲ ਰਹੋ ਹਰ ਵੇਲੇ ਬੋਲਦੇ; ਜ਼ੁਬਾਨ ਓਹੀ ਰੱਟ ਜਾਂਦੀ ਏ,

ਐਵੇਂ ਰੋਜ਼ ਹੀ ਜੇ ਜਾ ਕੇ ਡੇਰੇ ਲਾ ਲਵੋ; ਇੱਜ਼ਤ ਹੋਣੋਂ ਹੱਟ ਜਾਂਦੀ ਏ।


ਪ੍ਰੀਤ ਜੇ ਲਗਾਈਏ ਫ਼ੇਰ ਸਿੱਖੀਏ ਨਿਭਾਉਣਾ ਵੀ;

ਨਹੀਂ ਤਾਂ ਫ਼ੇਰ ਮਿੱਤਰਾ ਵੇ ਪੈਂਦਾ ਪਛਤਾਉਣਾ ਵੀ,

ਜਦੋਂ ਸਿਰ ’ਤੇ ਸ਼ੁਦਾਈ-ਪੁਣਾ ਛਾ ਜਵੇ; ਤਾਂ ਹੀਰ ਹੀਰਾ ਚੱਟ ਜਾਂਦੀ ਏ,

ਐਵੇਂ ਰੋਜ਼ ਹੀ ਜੇ ਜਾ ਕੇ ਡੇਰੇ ਲਾ ਲਵੋ; ਇੱਜ਼ਤ ਹੋਣੋਂ ਹੱਟ ਜਾਂਦੀ ਏ।


ਫ਼ਿਤਰਤ ਆਦਮੀ ਦੀ ਸਦਾ ਤੋਂ ਇਹ ਰਹੀ ਏ,

ਤਾਂ ਹੀ ਤਾਂ ‘ਸਤਿੰਦਰ’ ਨੇ ਗੱਲ ਇਹੋ ਕਹੀ ਏ;

“ਚੰਗੀ ਚੀਜ਼ ਨੂੰ ਨਾ ਵੇਖੇਂ, ਮਾੜੀ ਚੀਜ਼ ਵੱਲ ਦੇਖੋ; ਨਿਗ੍ਹਾ ਝੱਟ ਜਾਂਦੀ ਏ”,

ਐਵੇਂ ਰੋਜ਼ ਹੀ ਜੇ ਜਾ ਕੇ ਡੇਰੇ ਲਾ ਲਵੋ; ਇੱਜ਼ਤ ਹੋਣੋਂ ਹੱਟ ਜਾਂਦੀ ਏ।


ਫ਼ੱਕਰਾਂ ਦੇ ਵਾਂਗ ਨੀਵਾਂ ਹੋ ਜਾ ‘ਸਰਤਾਜ’ ਤੂੰ,

ਜਿਨ੍ਹਾਂ ’ ਲੱਖਾਂ ਤਾਰੇ; ਹੋ ਜਾ ਉਨ੍ਹਾਂ ਦਾ ਮੁਹਤਾਜ ਤੂੰ,

ਜਿਹੜੀ ਰੂਹ ਨੇ ਕਮਾਈਆਂ ਰੱਬੀ-ਦੌਲਤਾਂ; ਜਹਾਨੋਂ ਓਹੀ ਖੱਟ ਜਾਂਦੀ ਏ,

ਐਵੇਂ ਰੋਜ਼ ਹੀ ਜੇ ਜਾ ਕੇ ਡੇਰੇ ਲਾ ਲਵੋ; ਇੱਜ਼ਤ ਹੋਣੋਂ ਹੱਟ ਜਾਂਦੀ ਏ।


ਬੱਲੇ-ਬੱਲੇ (ਹੁਣ ਦੇਰ ਨਹੀਂ) :~

ਹੁਣ ਦੇਰ ਨਹੀਂ, ਦਿਨਾਂ ’ਚੇ ਰੱਬ ਛੇਤੀ ਹੀ ਕਰਾਊ ਬੱਲੇ-ਬੱਲੇ,

ਲਾ ਲੈ ਢੋਲਕੀ ਨੂੰ ਆਟਾ, ਪਾ ਲੈ ਪੰਜੇ ਉਂਗਲ਼ਾਂ ਦੇ ਵਿੱਚ ਛੱਲੇ।


“ਮੇਰਾ ਜ਼ਾਤੀ ਏ ਖ਼ਿਆਲ; ਕਿ ਖ਼ੁਆਬ ਹੁੰਦੇ ਜ਼ਿੰਦਗੀ ਦੇ ਸ਼ੀਸ਼ੇ;

ਬੰਦੇ ਖ਼ੁਦਾ ਦੇ ਕਰੀਬ ਜੋ ਜਨਾਬ ਹੁੰਦੇ, ਜ਼ਿੰਦਗੀ ਦੇ ਸ਼ੀਸ਼ੇ”;

ਰਾਤੀਂ ਸੁਫ਼ਨੇ ’ਚ ਮੈਨੂੰ ਇੱਕ ਪੀਰ ਨੇ ਸੁਨੇਹੇ ਐਸੇ ਘੱਲੇ,

ਲਾ ਲੈ ਢੋਲਕੀ ਨੂੰ ਆਟਾ, ਪਾ ਲੈ ਪੰਜੇ ਉਂਗਲ਼ਾਂ ਦੇ ਵਿੱਚ ਛੱਲੇ।


ਇਹੋ ਸ਼ੌਹਰਤ ਤੇ ਦੌਲਤ ਹਰੇਕ ਨੂੰ ਤਾਂ ਪਚਦੀ ਵੀ ਹੈ ਨਹੀਂ,

ਏਸ ਪਿੱਛਿਓਂ ਜ਼ਮੀਰ ਚੰਗੇ-ਚੰਗਿਆਂ ਦੀ ਬਚਦੀ ਵੀ ਹੈ ਨਹੀਂ,

ਦੋ-ਦੋ ਫ਼ੁੱਟ ਉੱਚੇ ਚੱਲਦੇ, ਜ਼ਮੀਨ ਤੋਂ ਉੱਤਰਦੇ ਨਹੀਂ ਥੱਲੇ,

ਲਾ ਲੈ ਢੋਲਕੀ ਨੂੰ ਆਟਾ, ਪਾ ਲੈ ਪੰਜੇ ਉਂਗਲ਼ਾਂ ਦੇ ਵਿੱਚ ਛੱਲੇ।


ਤੈਨੂੰ ਮੇਰੀ ਏ ਸਲਾਹ ਕਿ; ਹੁਣ ਮਿਹਨਤਾਂ ਨੂੰ ਹੋਰ ਵੀ ਵਧਾ ਲੈ,

ਫੇਰ ਖ਼ੁਰ ਨਾ ਜਾਈਂ, ਤੂੰ ਵੇਖੀਂ ਹੁਣ ਤੋਂ ਹੀ ਖ਼ੁਦ ਨੂੰ ਪਕਾ ਲੈ,

ਯਾਰਾ ਯੋਜਨਾ ਬਣਾ ਲੈ ਕਿਤੇ ਬੈਠ ਕੇ ਇਕਾਂਤ ਵਿੱਚ ’ਕੱਲੇ,

ਲਾ ਲੈ ਢੋਲਕੀ ਨੂੰ ਆਟਾ, ਪਾ ਲੈ ਪੰਜੇ ਉਂਗਲ਼ਾਂ ਦੇ ਵਿੱਚ ਛੱਲੇ।


ਸੱਤ ਸਾਗਰਾਂ ਤੋਂ ਪਾਰ ‘ਸਰਤਾਜ’ ਤੇਰੀ ਪੁੱਜੀ ਫ਼ਨਕਾਰੀ,

ਮੇਰਾ ਦਿਲੋਂ ਸਤਿਕਾਰ; ਜਿਨ੍ਹਾਂ ’ ਐਹੋ ਜਿਹੀ ਕਲਾ ਸਤਿਕਾਰੀ,

ਆਹ ਜ਼ਰਾ ਸਾਂਭਿਓ ਪਿੱਛੋਂ, ਕਿ ਹੁਣ ਯਾਰ ਤਾਂ ਉਡਾਰੀ ਮਾਰ ਚੱਲੇ,

ਲਾ ਲੈ ਢੋਲਕੀ ਨੂੰ ਆਟਾ, ਪਾ ਲੈ ਪੰਜੇ ਉਂਗਲ਼ਾਂ ਦੇ ਵਿੱਚ ਛੱਲੇ।


ਇਸ਼ਕ਼ੇ ਲਈ ਕ਼ੁਰਬਾਨੀਆਂ :~

ਹੁਣ ਨਹੀਂ ਕਰਦਾ ਕੋਈ ਇਸ਼੍ਕ਼ੇ ਲਈ ਕ਼ੁਰਬਾਨੀਆਂ,

ਪਿਹਲਾਂ ਵਫ਼ਾਦਾਰ ਸੀ, ਅੱਜ ਦੇ ਆਸ਼ਿਕ਼ ਸਿਆਣੇ,

ਬਾਰ੍ਹਾਂ ਸਾਲ ਚਰਾਈਆਂ ਮੱਝੀਆਂ ਰਾਂਝੇ ਚਾਕ ਨੇ;

ਅੱਜ-ਕੱਲ੍ਹ ਰਾਂਝੇ ਬਣ ਗਏ ਐਸ ਉਮਰ ਦੇ ਨਿਆਣੇ।


ਇਸ਼੍ਕ਼ ਇਬਾਦਤ ਸੀ; ਜਦ ਯਾਰ ਖ਼ੁਦਾ ਸੀ; ਉਸ ਵੇਲੇ;

ਦੀਨ-ਈਮਾਨ ਓਦੋਂ ਸੀ ਕਰਕੇ ਕੌਲ ਪੁਗਾਣੇ,

ਪਰ ਹੁਣ ਵਿਕਦੇ ਰੱਬ ਬਜ਼ਾਰੀਂ ਸਸਤੇ ਭਾਅ ਲਗਦੇ,

ਕੈਸੀ ਬਣੀ ਇਬਾਦਤ ਰੱਬ ਦੀ; ਓਹੀ ਜਾਣੇ।


ਪਾਕ ਮੁਹੱਬਤ ਪਹਿਲਾਂ ਦਿਲ ਮਿਲ਼ਿਆਂ ਦੇ ਸੌਦੇ ਸੀ;

ਹੁਣ ਤਾਂ ਸੋਚ-ਸਮਝ ਕੇ ਬੁਣਦੇ ਤਾਣੇ-ਬਾਣੇ,

ਅੱਖੀਆਂ ਮੀਚ ਕੇ ਹੁਣ ਕੋਈ ਛਾਲ ਝਨਾਂ’ ਵਿੱਚ ਮਾਰੇ ਨਾ,

ਬੱਸ ਚੁੱਪ ਕਰਕੇ ਮੰਨ ਲੈਂਦੇ ਨੇ ਰੱਬ ਦੇ ਭਾਣੇ।


ਕੋਈ ਨਹੀਂ ਲੜ ਕੇ ਮਰਦਾ ਅੱਜ-ਕੱਲ੍ਹ ਵਾਂਗਰ ਮਿਰਜ਼ੇ ਦੇ,

ਪਲ ਵਿੱਚ ਕਰਨ ਕਿਨਾਰਾ ਬਣ ਕੇ ਬੀਬੇ-ਰਾਣੇ,

ਅੱਖੀਆਂ ਯਾਰ ਦੀਆਂ ਵਿੱਚ ਨਸ਼ਾ ਕਿਸੇ ਨੂੰ ਦਿਸਦਾ ਨਹੀਂ;

ਹੁਣ ਤਾਂ ਸੌਂ ਜਾਂਦੇ ਨੇ ਬੋਤਲ ਰੱਖ ਸਿਰ੍ਹਾਣੇ।


ਕੀ ਹੁਣ ਗੱਲ ਸੁਣਾਈਏ ਸ਼ੀਰੀਂ ਤੇ ਫ਼ਰਿਹਾਦਾਂ ਦੀ,

ਡਾਢੇ ਔਖੇ ਪਰਬਤ ਪਾੜ ਕੇ ਨੀਰ ਵਹਾਣੇ,

ਕਰਕੇ ਅੱਖ-ਮਟੱਕੇ ਇਸ਼੍ਕ਼ ਲੜਾਉਣੇ ਸੌਖੇ ਨਹੀਂ,

ਹੁੰਦੀ ਮੁਸ਼ਕਿਲ ਇਹ ਜਦ ਪੈਂਦੇ ਤੋੜ ਨਿਭਾਣੇ।


ਅੱਖੀਂ ਦੇਖ ਕੇ ਇੱਕ ਵੀ ਦੁਖੜਾ ਹੰਝੂ ਕਿਰਦਾ ਨਹੀਂ;

ਹੁਣ ਤਾਂ ਹੱਸਦੇ-ਹੱਸਦੇ ਜਾਂਦੇ ਲੋਕ ਮਕਾਣੇ,

ਜੇ ਕੋਈ ਵਾਂਗ ‘ਸਤਿੰਦਰ’ ਗੱਲ ਕਰੇ ਜਜ਼ਬਾਤਾਂ ਦੀ;

ਉਹਨੂੰ ਕਹਿੰਦੇ; “ਇਹਦੀ ਹੈ ਨਹੀਂ ਅਕਲ ਟਿਕਾਣੇ”।


ਦਸਤਾਰ :~

دستور دستار داده امیری

این بخشش ما هم دستگیری

علم بردارید، بار عزت

به آب سر داد در این سفر

(ਦਸਤੂਰ-ਏ-ਦਸਤਾਰ ਦੌਦ੍ਹੈਹ ਅਮੀਰੀ।

ਈਮ-ਬਕ਼ਸ਼ਿਸ਼-ਏ-ਮਾ-ਓ-ਹਮ ਦਸਤਗੀਰੀ।

ਅਲਮ-ਬਰਦਾਰੀ-ਏ-ਕਾਰੇ-ਇੱਜ਼ਤ,

ਬੀ ਔਂ ਬ ‘ਸਰਤਾਜ’, ਦਰ ਈਂ ਸਫ਼ੀਰੀ।)


ਜੇ ਖ਼ੁਦ ਚਾਹੀਏ ਸਤਿਕਾਰ; ਤਾਂ ਸਭ ਦੀ ਇੱਜ਼ਤ ਕਰਨੀ ਚਾਹੀਦੀ,

ਦੁਸ਼ਮਣ ਵੀ ਹੋਵੇ ਭਾਵੇਂ; ਦਸਤਾਰ ਕਦੇ ਨਹੀਂ ਲਾਹੀਦੀ।


ਹਾਲੇ ਤਾਂ ਸ਼ੁਰੂਆਤਾਂ ਮਿੱਤਰਾ ਰੱਬ ਦੇ ਬਖ਼ਸ਼ੇ ਕਾਜ ਦੀਆਂ,

ਬੜੀਆਂ ਲੰਬੀਆਂ ਰਾਹਵਾਂ ਨੇ ‘ਸਤਿੰਦਰ’ ਤੋਂ ‘ਸਰਤਾਜ’ ਦੀਆਂ,

ਸਦਾ ਸਫ਼ਰ ਵਿੱਚ ਚੱਲਦੇ ਰਹਿਣਾ; ਇਹੀ ਕਿਸਮਤ ਰਾਹੀ ਦੀ,

ਦੁਸ਼ਮਣ ਵੀ ਹੋਵੇ ਭਾਵੇਂ; ਦਸਤਾਰ ਕਦੇ ਨਹੀਂ ਲਾਹੀਦੀ।


ਮੁਲਕ ਤਰੱਕੀ ਦੇ ਰਾਹ ਤੁਰਿਆ, ਹੁਣ ਨਾ ਗੱਡੀ ਰੋਕ ਦਿਓ,

ਕੀਮਤ ਬੜੀ ਜਵਾਨੀ ਦੀ, ਐਵੇਂ ਨਾ ਭੱਠੀ ਝੋਕ ਦਿਓ,

ਨਸ਼ਿਆਂ ਤੋਂ ਪਰਹੇਜ਼ ਕਰ ਲਿਓ; ਇਹੀ ਵਜ੍ਹਾ ਤਬਾਹੀ ਦੀ,

ਦੁਸ਼ਮਣ ਵੀ ਹੋਵੇ ਭਾਵੇਂ; ਦਸਤਾਰ ਕਦੇ ਨਹੀਂ ਲਾਹੀ ਦੀ।


ਜਿਨ੍ਹਾਂ ’ ਬਚਾਈਆਂ ਇੱਜ਼ਤਾਂ ’ਤੇ ਜੋ ਸਭ ਕੁਝ ਥੋ’ਦੂੰ ਵਾਰ ਗਏ;

ਮਾਫ਼ ਜ਼ਮੀਰ ਨੇ ਕਰਨਾ ਨਹੀਂ; ਜੇ ਉਹ ਵੀ ਦਿਲੋਂ ਵਿਸਾਰ ਗਏ,

ਮਹਿੰਗੀ ਏ ਕ਼ੁਰਬਾਨੀ; ਭੁੱਲ ਨਾ ਜਾਇਓ ਸੰਤ-ਸਿਪਾਹੀ ਦੀ,

ਦੁਸ਼ਮਣ ਵੀ ਹੋਵੇ ਭਾਵੇਂ; ਦਸਤਾਰ ਕਦੇ ਨਹੀਂ ਲਾਹੀਦੀ।


ਇਸ ਜ਼ਮੀਨ ਦਾ ਸਦੀਆਂ ਤੋਂ ਇਤਿਹਾਸ ਫ਼ੋਲ ਕੇ ਵੇਖ ਲਿਓ,

ਓਸ ਵਕਤ ਦੇ ਸ਼ਾਇਰਾਂ ਦੇ ਅਹਿਸਾਸ ਫ਼ੋਲ ਕੇ ਵੇਖ ਲਿਓ;

ਆਬਰੂਆਂ ਲਈ ਲੋੜ ਹਮੇਸ਼ਾ ਰਹੀ ਏ ਲਾਲ ਸਿਆਹੀ ਦੀ,

ਦੁਸ਼ਮਣ ਵੀ ਹੋਵੇ ਭਾਵੇਂ; ਦਸਤਾਰ ਕਦੇ ਨਹੀਂ ਲਾਹੀਦੀ।


ਛੋਟੀ ਉਮਰ ਨਿਆਣੀ ਦੇ ਵਿੱਚ ਮੋਹ ਛੇਤੀ ਪੈ ਜਾਂਦਾ ਏ,

ਜਿਸਨੂੰ ਸ਼ਾਇਰ “ਇਸ਼੍ਕ਼” ਆਖਦੇ; ਉਹ ਛੇਤੀ ਪੈ ਜਾਂਦਾ ਏ,

ਕੋਈ ਅੱਲੜ੍ਹ ਕੱਤਿਆ ਜਾਵੇਗਾ; ਨਹੀਂ ਗਲ਼ੀ ’ਚੇ ਚਰਖੀ ਡਾਹੀਦੀ,

ਦੁਸ਼ਮਣ ਵੀ ਹੋਵੇ ਭਾਵੇਂ; ਦਸਤਾਰ ਕਦੇ ਨਹੀਂ ਲਾਹੀਦੀ।


ਮਾੜੀ-ਮੋਟੀ ਗ਼ਲਤੀ ਮੇਰੇ ਮਿੱਤਰਾ ਹੋ ਹੀ ਜਾਂਦੀ ਏ,

ਪਾਉਂਦੇ-ਪਾਉਂਦੇ ਬੋਤਲ ਵਿੱਚੋਂ ਦਾਰੂ ਚੋਅ ਹੀ ਜਾਂਦੀ ਏ,

ਪਰ ਮਿਲ਼ਣ ਦੇ ਰਸਤੇ ਖੁੱਲ੍ਹੇ ਰੱਖੀਏ, ਲੀਕ ਕਦੇ ਨਹੀਂ ਵਾਹੀਦੀ,

ਦੁਸ਼ਮਣ ਵੀ ਹੋਵੇ ਭਾਵੇਂ; ਦਸਤਾਰ ਕਦੇ ਨਹੀਂ ਲਾਹੀਦੀ।


ਅੰਮੀ ਕੋਲ਼ੋਂ ਦੂਰ ਜਾਣ ਦੇ ਨਾਂਅ ਤੋਂ ਵੀ ਸੀ ਘਾਬਰੀਆਂ,

ਜਦ ਮਾਲਕ ਨੇ ਲਾਵਾਂ ਪੜ੍ਹੀਆਂ; ਕਰਦੀ ਫ਼ੇਰ ਬਰਾਬਰੀਆਂ,

ਬੀਬੀ ਧੀ ਬਾਬਲ ਦੇ ਘਰ ਦੀ ‘ਸੋਹਣੀ’ ਬਣ ਗਈ ਮਾਹੀ ਦੀ,

ਦੁਸ਼ਮਣ ਵੀ ਹੋਵੇ ਭਾਵੇਂ; ਦਸਤਾਰ ਕਦੇ ਨਹੀਂ ਲਾਹੀਦੀ।


ਮਸਾਂ ਦਿਖਾਏ ਦਿਨ ਮੌਲਾ ਨੇ; ਦਿਨ ਆਏ ਖ਼ੁਸ਼ਹਾਲੀ ਦੇ,

ਸਾਰੀ ਉਮਰੇ ਪਾਣੀ ਪਾ ਕੇ ਬਾਗ਼ ਹਰੇ ਹੋਏ ਮਾਲੀ ਦੇ,

ਬੇਟਾ ਬਣ ਗਿਆ ਬਾਬੂ, ਹੁਣ ਤਾਂ ਟਹੁਰ ਹੈ ਅਫ਼ਸਰ-ਸ਼ਾਹੀ ਦੀ,

ਦੁਸ਼ਮਣ ਵੀ ਹੋਵੇ ਭਾਵੇਂ; ਦਸਤਾਰ ਕਦੇ ਨਹੀਂ ਲਾਹੀਦੀ।


ਬਹੁਤੇ ਫ਼ਲਸਫ਼ਿਆਂ ਨੂੰ ਛੱਡ ਤੂੰ, ਇੱਕ ਗੱਲ ਸੁਣ ਲੈ ਸਾਫ਼ ਜਿਹੀ;

ਜ਼ਿੰਦਗੀ ਵਾਲ਼ੀ ਖੇਡ ‘ਸਤਿੰਦਰਾ’ ਦੋ ਸਾਹਾਂ ਦੀ ਭਾਫ਼ ਜਿਹੀ,

ਫ਼ਿਰ ਰੂਹ ਤੇਰੀ ਨੇ ਉੱਡ ਜਾਣਾ ਜਿਉਂ ਉੱਡਦੀ ਖੰਬੀ ਕਾਹੀ ਦੀ,

ਦੁਸ਼ਮਣ ਵੀ ਹੋਵੇ ਭਾਵੇਂ; ਦਸਤਾਰ ਕਦੇ ਨਹੀਂ ਲਾਹੀਦੀ।


ਯਾਮ੍ਹਾ :~

ਅੱਧੀ ਕਿੱਕ ’ਤੇ ਸਟਾਰ੍ਟ ਮੇਰਾ ਯਾਮ੍ਹਾ; ਨੀ ਹੋਰ ਦੱਸ ਕੀ ਭਾਲ਼ਦੀ,

ਪਾ ਲਈ ਜੀਨ, ਪਰ੍ਹਾਂ ਰੱਖ ’ਤਾ ਪਜਾਮਾ; ਨੀ ਹੋਰ ਦੱਸ ਕੀ ਭਾਲ਼ਦੀ।


ਬੂਟ ਲੈ ਨਹੀਂ ਹੁੰਦੇ, ਮੈਂ ਬੁਲਟ ਕਿੱਥੋਂ ਲੈ ਲਵਾਂ,

ਸਾਡਾ ਤਾਂ ਕੋਈ ਅੰਕਲ ਵੀ ਹੈ ਨਹੀਂ; ਜੀਹਨੂੰ ਕਹਿ ਲਵਾਂ,

ਨਾਲ਼ੇ ਪੰਪ ਵਾਲ਼ਾ ਕਿਹੜਾ ਸਾਡਾ ਮਾਮਾ; ਨੀ ਹੋਰ ਦੱਸ ਕੀ ਭਾਲ਼ਦੀ,

ਅੱਧੀ ਕਿੱਕ ’ਤੇ ਸਟਾਰ੍ਟ ਮੇਰਾ ਯਾਮ੍ਹਾ; ਨੀ ਹੋਰ ਦੱਸ ਕੀ ਭਾਲ਼ਦੀ।


ਕਹਿੰਦੇ; “ਥੋਡਾ ਮੁੰਡਾ ਸਾਰਾ ਦਿਨ ਮਾਰੇ ਗੇੜੀਆਂ”,

ਝੂਠਾ ਇਲਜ਼ਾਮ; ਕਹਿੰਦੇ; “ਕੁੜੀਆਂ ਵੀ ਛੇੜੀਆਂ”;

ਸਾਡੇ ਘਰ ਦਿੱਤਾ ਡੀ.ਸੀ. ਨੇ ਓਲ਼ਾਮ੍ਹਾ; ਨੀ ਹੋਰ ਦੱਸ ਕੀ ਭਾਲ਼ਦੀ,

ਅੱਧੀ ਕਿੱਕ ’ਤੇ ਸਟਾਰ੍ਟ ਮੇਰਾ ਯਾਮ੍ਹਾ; ਨੀ ਹੋਰ ਦੱਸ ਕੀ ਭਾਲ਼ਦੀ।


ਉੰਞ ਭਾਵੇਂ ਗੁਰਾਂ ਦੇ ਦੁਆਰੇ ਕਦੀ ਜਾਵੇ ਨਾ;

ਪਰ ਮੰਗਲ਼’ ਨੂੰ ਮੰਦਰ ਤੋਂ ਨਾਗਾ ਕਦੀ ਪਾਵੇ ਨਾ,

ਕਰੇ “ਹਰੇ ਕ੍ਰਿਸ਼ਨਾ” ਜੀ “ਹਰੇ ਰਾਮਾ”; ਨੀ ਹੋਰ ਦੱਸ ਕੀ ਭਾਲ਼ਦੀ,

ਅੱਧੀ ਕਿੱਕ ’ਤੇ ਸਟਾਰ੍ਟ ਮੇਰਾ ਯਾਮ੍ਹਾ; ਨੀ ਹੋਰ ਦੱਸ ਕੀ ਭਾਲ਼ਦੀ।


ਚਾਹੁੰਦਾ ਏ, ਸਟਿੱਕਰ ’ਤੇ ਨਾਮ ਵੀ ਲਿਖਾਉਂਦਾ ਏ,

ਸਾਰਾ-ਸਾਰਾ ਦਿਨ ਬੈਠਾ ਰਿੰਮ ਚਮਕਾਉਂਦਾ ਏ,

ਕਿਸੇ ਕੰਮ ਦਾ ਨਹੀਂ ਰਿਹਾ ਮੁੰਡਾ ਕਾਮਾ; ਨੀ ਹੋਰ ਦੱਸ ਕੀ ਭਾਲ਼ਦੀ,

ਅੱਧੀ ਕਿੱਕ ’ਤੇ ਸਟਾਰ੍ਟ ਮੇਰਾ ਯਾਮ੍ਹਾ; ਨੀ ਹੋਰ ਦੱਸ ਕੀ ਭਾਲ਼ਦੀ।


ਨਾਕੇ ਵਾਲ਼ਿਆਂ ਨਾ’ ਪਾਉਣੀ ਪੈ ਗਈ ਆ ਲਿਹਾਜ ਵੀ;

ਇਹੋ ਜਿਹੇ ਕੰਮ ਹੁਣ ਕਰੇ ‘ਸਰਤਾਜ’ ਵੀ,

ਸਾਰਾ ਤੇਰੇ ਪਿੱਛੇ ਕੀਤਾ ਈ ਡਰਾਮਾ; ਨੀ ਹੋਰ ਦੱਸ ਕੀ ਭਾਲ਼ਦੀ,

ਅੱਧੀ ਕਿੱਕ ’ਤੇ ਸਟਾਰ੍ਟ ਮੇਰਾ ਯਾਮ੍ਹਾ; ਨੀ ਹੋਰ ਦੱਸ ਕੀ ਭਾਲ਼ਦੀ।


ਬਦਲੇ ਨੇ ਨੇਤਾ, ਸ਼ਾਇਦ ਦਿਨ ਚੰਗੇ ਆਉਣਗੇ;

ਦੇਖੀਂ ਐਂਡਾਇਵਰਾਂ ’ਤੇ ਯਾਰ ਗੇੜੀ ਲਾਉਣਗੇ,

ਲਾਹ ਕੇ ‘ਬੁਸ਼’ ਮੈਂ ਜਿਤਾਇਆ ਈ ‘ਓਬਾਮਾ’; ਨੀ ਹੋਰ ਦੱਸ ਕੀ ਭਾਲ਼ਦੀ,

ਅੱਧੀ ਕਿੱਕ ’ਤੇ ਸਟਾਰ੍ਟ ਮੇਰਾ ਯਾਮ੍ਹਾ; ਨੀ ਹੋਰ ਦੱਸ ਕੀ ਭਾਲ਼ਦੀ।

ਮੋਤੀਆ ਚਮੇਲੀ :~

ਸਰਤਾਜ ਲਾਈਵ (2012)

[ਸੋਧੋ]

ਇਹ ਸਰਤਾਜ ਦੀ ਲਾਈਵ ਐਲਬਮ ਹੈ। ਇਹ ਸ਼ੋਅ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਅਤੇ ਆਈ.ਈ.ਟੀ. ਭੱਦਲ ਵਿਖੇ ਹੋਏ ਸੀ।

ਅਫਸਾਨੇ ਸਰਤਾਜ ਦੇ (2013)

[ਸੋਧੋ]

ਇਹ ਐਲਬਮ ਬਹੁਤ ਸਫਲ ਹੋਈ ਸੀ ਅਤੇ ਇਸ ਦਾ ਲੇਬਲ ਫ਼ਿਰਦੌਸ ਪ੍ਰੋਡਕਸ਼ਨ ਹੈ। ਇਸ ਐਲਬਮ ਦੇ ਗੀਤ - ਸੂਹੇ ਖ਼ਤ, ਮੌਲਾ ਜੀ, ਪੁੱਤ ਸਾਡੇ, ਆਖਰੀ ਅਪੀਲ ਬਹੁਤ ਸਫਲ ਹੋਏ ਸਨ।

ਸਥਾਨ ਗੀਤ ਦਾ ਨਾਂ
1 ਸੂਹੇ ਖ਼ਤ
2 ਖਿਡਾਰੀ
3 ਆਖਰੀ ਅਪੀਲ
4 ਜੰਗ ਜਾਣ ਵਾਲੇ
5 ਕੁੜੀਓ ਰੋਇਆ ਨਾ ਕਰੋ
6 ਖਿਲਾਰਾ
7 ਦਰਦ ਗਰੀਬਾਂ ਦਾ
8 ਦਰੱਖਤਾਂ ਨੂੰ
9 ਪੁੱਤ ਸਾਡੇ
10 ਮੌਲਾ ਜੀ

ਫ਼ਿਲਮੀ ਜੀਵਨ

[ਸੋਧੋ]

ਸਰਤਾਜ਼ ਨੂੰ 2004 'ਚ ਫ਼ਿਲਮ ਲਈ ਪ੍ਰਸਤਾਵ ਆਇਆ, ਪਰ ਉਸ ਸਮੇਂ ਉਸ ਨੇ ਕਿਹਾ ਕਿ ਮੈਂ ਹਾਲੇ ਇਨ੍ਹਾਂ ਕਾਬਿਲ ਨਹੀਂ ਕਿ ਅਦਾਕਾਰੀ ਕਰ ਸਕਾਂ। ਸਮੇਂ ਦੇ ਵਹਾਅ ਨਾਲ ਸਤਿੰਦਰ ਸਰਤਾਜ਼ ਨੇ ਫ਼ਿਲਮਾਂ ਵਿੱਚ ਵੀ ਕਦਮ ਰੱਖਿਆ। ਸਰਤਾਜ਼ ਨੇ ਆਪਣਾ ਡੈਬਿਊ ਵੀ ਹਾਲੀਵੁੱਡ ਸਿਨੇਮਾ ਤੋਂ ਕੀਤਾ ਹੈ। ਉਸ ਨੇ 2017 ਵਿੱਚ ਆਈ ਫ਼ਿਲਮ ਦਿ ਬਲੈਕ ਪ੍ਰਿੰਸ(ਫ਼ਿਲਮ) ਵਿੱਚ ਸਰਤਾਜ਼ ਮਹਾਰਾਜਾ ਦਲੀਪ ਸਿੰਘ ਦਾ ਕਿਰਦਾਰ ਨਿਭਾਇਆ ਹੈ। 21 ਜੁਲਾਈ 2017 ਨੂੰ ਰਿਲੀਜ਼ ਹੋਈ ਇਹ ਫ਼ਿਲਮ ਮਹਾਰਾਜਾ ਦਲੀਪ ਸਿੰਘ ਸਿੰਘ ਦੇ ਜੀਵਨ ਦੇ ਦੁਖਾਂਤ ਨੂੰ ਪੇਸ਼ ਕਰਦੀ ਹੈ।

ਫ਼ਿਲਮੋਗ੍ਰਾਫੀ

[ਸੋਧੋ]
ਸਾਲ ਫ਼ਿਲਮ ਭੂਮਿਕਾ ਨੋਟਸ
2017 ਦ ਬਲੈਕ ਪ੍ਰਿੰਸ ਮਹਾਰਾਜਾ ਦਲੀਪ ਸਿੰਘ ਅਮਰੀਕਨ ਫ਼ਿਲਮ
2019 ਇੱਕੋ-ਮਿੱਕੇ ਨਿਹਾਲ ਪੰਜਾਬੀ ਫ਼ਿਲਮ
2023 ਕਲੀ-ਜੋਟਾ ਦੀਦਾਰ ਪੰਜਾਬੀ ਫ਼ਿਲਮ
2024 ਸ਼ਾਇਰ ਸੱਤਾ (ਸਰਤਾਜ) ਪੰਜਾਬੀ ਫ਼ਿਲਮ
2025 (ਹਾਲੇ ਰੀਲੀਜ਼ ਨਹੀਂ ਹੋਈ) ਆਪਣਾ ਅਰਸਤੂ ਪੰਜਾਬੀ ਫ਼ਿਲਮ
ਫ਼ੈਨ ਸਰਤਾਜ
ਨਾਮ ਉਮਰ ਪਤਾ ਨੰਬਰ ਇੰਸਟਾਗ੍ਰਾਮ
ਸਵਿੰਦਰ ਸਿੰਘ ਉੱਨੀ ਤਰਾਵੜੀ 7056195532 https://www.instagram.com/sawinder__singh/?hl=en

ਹਵਾਲੇ

[ਸੋਧੋ]
 1. "ਪੁਰਾਲੇਖ ਕੀਤੀ ਕਾਪੀ". Archived from the original on 2016-12-21. Retrieved 2016-12-11. {{cite web}}: Unknown parameter |dead-url= ignored (|url-status= suggested) (help)
 2. 2.0 2.1 Sharma, S.D. (17 February 2006). "Sufiana Spell". The Tribune Lifestyle. Chandigarh. Retrieved 16 October 2010.
 3. "Gurudwara Shri Chukhandgarh Sahib, Bajrawar". www.historicalgurudwaras.com. Retrieved 2019-04-19.
 4. "Satinder Sartaaj". desiblitz.com.
 5. "Satinder Sartaaj". satindersartaaj.com. Retrieved 2019-04-14.
 6. "SATINDER SARTAAJ BIOGRAPHY". www.punjabish.com. Archived from the original on 2012-02-03. Retrieved 2019-06-27. {{cite web}}: Unknown parameter |dead-url= ignored (|url-status= suggested) (help)
 7. "Official website of Satinder Sartaaj". Retrieved 16 October 2010.
 8. "Interview with Raaj 91.3FM (UK)". YouTube. Retrieved 17 February 2018.
 9. "Royal Albert Hall poster". Punjab2000.
 10. "The Black Prince movie review: Strong subject, poorly executed". Hindustani Times. 22 July 2017. Retrieved 11 March 2018. {{cite web}}: Cite has empty unknown parameter: |dead-url= (help)
 11. "PTC Punjabi - Showcase Black Prince". YouTube. Retrieved 18 February 2018.
 12. "Desiest: Satinder Sartaaj's Albums". Archived from the original on 2010-01-31. Retrieved 2019-06-27. {{cite web}}: Unknown parameter |dead-url= ignored (|url-status= suggested) (help)
 13. "Satinder Sartaaj". satindersartaaj.com. Retrieved 2019-04-14.[permanent dead link]
 14. 14.0 14.1 "Satinder Sartaaj". satindersartaaj.com. Retrieved 2019-04-14.[permanent dead link]
 15. 15.0 15.1 15.2 15.3 "Satinder Sartaaj". satindersartaaj.com. Retrieved 2019-04-14.[permanent dead link]
 16. 16.0 16.1 16.2 16.3 16.4 "Satinder Sartaaj". satindersartaaj.com. Retrieved 2019-04-14.[permanent dead link]
 17. 17.0 17.1 "Satinder Sartaaj". satindersartaaj.com. Retrieved 2019-04-14.[permanent dead link]
 18. 18.0 18.1 "Satinder Sartaaj". satindersartaaj.com. Retrieved 2019-04-14.[permanent dead link]
 19. "Satinder Sartaaj launch new album seven rivers Song Gurmukhi Da Beta". Newsgraph Media. 22 June 2019. Archived from the original on 22 ਜੂਨ 2019. Retrieved 27 ਜੂਨ 2019. {{cite web}}: Cite has empty unknown parameter: |7= (help); Unknown parameter |dead-url= ignored (|url-status= suggested) (help)