ਬਾਬਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਬਾਬਰ
Babur idealisiert.jpg
ਬਾਬਰਨਾਮਾ ਦੇ ਇੱਕ ਪੁਰਾਣੇ ਸਚਿਤਰ ਖਰੜੇ ਵਿੱਚੋਂ ਬਾਬਰ ਦਾ ਪੋਰਟਰੇਟ
Flag of the Mughal Empire.svg 1st ਮੁਗ਼ਲ ਬਾਦਸ਼ਾਹ
ਸ਼ਾਸਨ ਕਾਲ 30 ਅਪਰੈਲ 1526 – 26 ਦਸੰਬਰ 1530
ਵਾਰਸ ਹੁਮਾਯੂੰ
Spouse ਆਇਸ਼ਾ ਸੁਲਤਾਨ ਬੇਗ਼ਮ
ਜੈਨਾਬ ਸੁਲਤਾਨ ਬੇਗਮ
ਮਸੂਮਾ ਸੁਲਤਾਨ ਬੇਗਮ
ਮਹਮ ਬੇਗਮ
ਦਿਲਦਾਰ ਬੇਗਮ
ਗੁਲਨਾਰ
ਗੁਲਰੁਖ ਬੇਗਮ
ਮੁਬਾਰਿਕਾ ਯੂਸਫਜ਼ਈ
ਔਲਾਦ ਹੁਮਾਯੂੰ, ਪੁੱਤਰ
ਕਾਮਰਾਨ ਮਿਰਜ਼ਾ, ਪੁੱਤਰ
ਅਸਕਰੀ ਮਿਰਜ਼ਾ, ਪੁੱਤਰ
ਹਿੰਦਲ ਮਿਰਜ਼ਾ, ਪੁੱਤਰ
ਅਲਵਰ ਮਿਰਜ਼ਾ, ਪੁੱਤਰ
ਫ਼ਖ਼ਰ-ਉਨ-ਨਿਸਾ, ਪੁੱਤਰੀ
ਗੁਲਰੰਗ ਬੇਗਮ, ਪੁੱਤਰੀ
ਗੁਲਬਦਨ ਬੇਗਮ, ਪੁੱਤਰੀ
ਗੁਲਚਿਹਰਾ ਬੇਗਮ, ਪੁੱਤਰੀ
ਅਲਤੂਨ ਬਿਸ਼ਿਕ, ਪੁੱਤਰ
ਪੂਰਾ ਨਾਂ
ਜ਼ਹੀਰੁੱਦੀਨ ਮੁਹੰਮਦ ਬਾਬਰ
ਘਰਾਣਾ ਤੈਮੂਰ ਵੰਸ਼
ਪਿਤਾ ਉਮਰ ਸ਼ੇਖ ਮਿਰਜਾ ਦੂਜਾ, ਫ਼ਰਗਨੇ ਦਾ ਅਮੀਰ
ਮਾਂ ਕਤਲੁਘ ਨਿਗਾਰ ਖ਼ਾਨੁਮ
ਜਨਮ 23 ਫ਼ਰਵਰੀ 1483
ਅੰਦੀਜਾਨ, ਉਜ਼ਬੇਕਸਤਾਨ
ਮੌਤ 26 ਦਸੰਬਰ 1530 (ਉਮਰ 47)
ਆਗਰਾ, ਹਿੰਦੁਸਤਾਨ
ਦਫ਼ਨ ਕਾਬੁਲ, ਅਫਗਾਨਿਸਤਾਨ
ਧਰਮ ਇਸਲਾਮ

ਜ਼ਹੀਰੁੱਦੀਨ ਮੁਹੰਮਦ ਬਾਬਰ ਬੇਗ (14 ਫ਼ਰਵਰੀ 1483 – 26 ਦਸੰਬਰ 1530) ਮੱਧ ਏਸ਼ੀਆ ਦਾ ਇੱਕ ਜੇਤੂ ਸੀ ਜਿਸਨੇ 1526 ਵਿੱਚ ਪਾਣੀਪਤ ਦੀ ਪਹਿਲੀ ਲੜਾਈ ਵਿੱਚ ਇਬਰਾਹਿਮ ਲੋਧੀ ਨੂੰ ਹਰਾ ਕੇ, ਭਾਰਤੀ ਉਪਮਹਾਂਦੀਪ ਵਿੱਚ ਮੁਗਲ ਸਲਤਨਤ ਦੀ ਨੀਂਹ ਰੱਖੀ ਅਤੇ ਮੁਗਲੀਆ ਸਲਤਨਤ ਦਾ ਪਹਿਲਾ ਬਾਦਸ਼ਾਹ ਬਣਿਆ। ਇਹ ਤੈਮੂਰ ਅਤੇ ਚੰਗੇਜ਼ ਖ਼ਾਨ ਦੇ ਵੰਸ਼ ਵਿੱਚੋਂ ਸੀ।

ਮੁਢਲਾ ਜੀਵਨ[ਸੋਧੋ]

ਉਮਰ ਸ਼ੇਖ ਮਿਰਜ਼ਾ, 1875-1900

ਬਾਬਰ ਦਾ ਜਨਮ ਫਰਗਨਾ ਘਾਟੀ ਦੇ ਅੰਦੀਜਾਨ ਨਾਮਕ ਸ਼ਹਿਰ ਵਿੱਚ ਹੋਇਆ ਸੀ ਜੋ ਹੁਣ ਉਜਬੇਕਿਸਤਾਨ ਵਿੱਚ ਹੈ। ਉਹ ਆਪਣੇ ਪਿਤਾ ਉਮਰ ਸ਼ੇਖ ਮਿਰਜ਼ਾ, ਜੋ ਫਰਗਨਾ ਘਾਟੀ ਦੇ ਸ਼ਾਸਕ ਸਨ ਅਤੇ ਜਿਸਨੂੰ ਉਸਨੇ ਇੱਕ ਮਧਰੇ ਕੱਦ ਦੇ ਤਗੜੇ ਜਿਸਮ, ਮਾਂਸਲ ਚਿਹਰੇ ਅਤੇ ਗੋਲ ਦਾੜੀ ਵਾਲੇ ਵਿਅਕਤੀ ਵਜੋਂ ਵਰਣਿਤ ਕੀਤਾ ਹੈ, ਅਤੇ ਮਾਤਾ ਕੁਤਲੁਗ ਨਿਗਾਰ ਖਾਨਮ ਦਾ ਜੇਠਾ ਪੁੱਤਰ ਸੀ। ਹਾਲਾਂਕਿ ਬਾਬਰ ਦਾ ਮੂਲ ਮੰਗੋਲਿਆ ਦੇ ਬਰਲਾਸ ਕਬੀਲੇ ਨਾਲ ਸੰਬੰਧਿਤ ਸੀ ਪਰ ਉਸ ਕਬੀਲੇ ਦੇ ਲੋਕਾਂ ਉੱਤੇ ਫਾਰਸੀ ਅਤੇ ਤੁਰਕ ਜਨਜੀਵਨ ਦਾ ਬਹੁਤ ਅਸਰ ਰਿਹਾ ਸੀ, ਉਹ ਇਸਲਾਮ ਵਿੱਚ ਪਰਿਵਰਤਿਤ ਹੋਏ ਅਤੇ ਉਨ੍ਹਾਂ ਨੇ ਤੁਰਕਸਤਾਨ ਨੂੰ ਆਪਣਾ ਵਾਸਸਥਾਨ ਬਣਾਇਆ। ਬਾਬਰ ਦੀ ਮਾਤ ਭਾਸ਼ਾ ਚਗਤਾਈ ਭਾਸ਼ਾ ਸੀ ਪਰ ਫਾਰਸੀ, ਜੋ ਉਸ ਸਮੇਂ ਉਸ ਸਥਾਨ ਦੀ ਆਮ ਬੋਲ-ਚਾਲ ਦੀ ਭਾਸ਼ਾ ਸੀ, ਵਿੱਚ ਵੀ ਉਹ ਨਿਪੁੰਨ/ਮਾਹਰ ਸੀ। ਉਸਨੇ ਚਾਗਤਾਈ ਵਿੱਚ ਬਾਬਰਨਾਮਾ ਦੇ ਨਾਮ ਨਾਲ ਆਪਣੀ ਜੀਵਨੀ ਲਿਖੀ।

ਮੰਗੋਲ ਜਾਤੀ (ਜਿਸਨੂੰ ਫਾਰਸੀ ਵਿੱਚ ਮੁਗਲ ਕਹਿੰਦੇ ਸਨ) ਦਾ ਹੋਣ ਦੇ ਬਾਵਜੂਦ ਉਸਦੀ ਜਨਤਾ ਅਤੇ ਟਹਿਲਕਾਰ ਤੁਰਕ ਅਤੇ ਫਾਰਸੀ ਲੋਕ ਸਨ। ਉਸਦੀ ਫੌਜ ਵਿੱਚ ਤੁਰਕ, ਫਾਰਸੀ, ਪਸ਼ਤੋ ਦੇ ਇਲਾਵਾ ਬਰਲਾਸ ਅਤੇ ਮਧ ਏਸ਼ੀਆਈ ਕਬੀਲਿਆਂ ਦੇ ਲੋਕ ਵੀ ਸਨ।

ਕਿਹਾ ਜਾਂਦਾ ਹੈ ਕਿ ਬਾਬਰ ਬਹੁਤ ਹੀ ਤਕੜਾ ਅਤੇ ਸ਼ਕਤੀਸ਼ਾਲੀ ਸੀ। ਅਜਿਹਾ ਵੀ ਕਿਹਾ ਜਾਂਦਾ ਹੈ ਕਿ ਸਿਰਫ ਕਸਰਤ ਲਈ ਉਹ ਦੋ ਜਣਿਆਂ ਨੂੰ ਆਪਣੇ ਦੋਨੋਂ ਮੋਢਿਆਂ ਉੱਤੇ ਲੱਦ ਕੇ ਚੜ੍ਹਦੀ ਢਾਲ ਉੱਤੇ ਦੌੜ ਲੈਂਦਾ ਸੀ। ਦੰਤ ਕਥਾਵਾਂ ਦੇ ਅਨੁਸਾਰ ਬਾਬਰ ਆਪਣੇ ਰਾਹ ਵਿੱਚ ਆਉਣ ਵਾਲੇ ਸਾਰੇ ਨਦੀਆਂ ਨਾਲੇ ਤੈਰ ਕੇ ਪਾਰ ਕਰਦਾ ਸੀ। ਉਸਨੇ ਗੰਗਾ ਨੂੰ ਦੋ ਵਾਰ ਤੈਰ ਕਰ ਪਾਰ ਕੀਤਾ।[1]

ਬਾਬਰ ਦੀਆਂ ਭਾਰਤੀ ਜਿੱਤਾਂ[ਸੋਧੋ]

ਪਹਿਲੀਆਂ ਚਾਰ ਮੁਹਿੰਮਾਂ[ਸੋਧੋ]

ਬਾਬਰ ਨੇ ਭਾਰਤ 'ਤੇ ਪਹਿਲੀ ਵਾਰ 1519 ਵਿੱਚ ਚੜ੍ਹਾਈ ਕੀਤੀ। ਇਸ ਚੜ੍ਹਾਈ ਵਿੱਚ ਉਸ ਨੇ ਬਾਜੌਰ ਤੇ ਭੇਰਾ ਤੇ ਅਧਿਕਾਰ ਕੀਤਾ। ਦੂਜੀ ਚੜ੍ਹਾਈ (1519) ਵਿੱਚ ਉਹ ਕੇਵਲ ਪਿਸ਼ਾਵਰ ਤੱਕ ਹੀ ਵਧ ਸਕਿਆ। ਉਸਦੀ ਤੀਜੀ ਮੁਹਿੰਮ 1520 ਵਿੱਚ ਬਾਬਰ ਨੇ ਸਭ ਤੋਂ ਪਹਿਲਾਂ ਭੇਰਾ ਦੇ ਲੋਕਾਂ ਤੋਂ ਬਦਲਾ ਲਿਆ ਕਿਉਂ ਕਿ ਭੇਰਾ ਦੇ ਲੋਕਾਂ ਨੇ ਬਾਬਰ ਦੇ ਸੈਨਿਕ ਅਧਿਕਾਰੀ ਹਿੰਦੂ ਬੇਗ ਨੂੰ ਮਾਰ ਭਜਾਇਆ ਸੀ ਅਤੇ ਉਹ ਸੁਤੰਤਰ ਹੋ ਗੲੇ ਸਨ। ਭੇਰਾ 'ਤੇ ਕਬਜ਼ਾ ਕਰਨ ਮਗਰੋਂ ਉਹ ਅੱਗੇ ਵਧਿਆ ਅਤੇ ਸਿਆਲਕੋਟ ਅਤੇ ਸੱਯਦਪੁਰ 'ਤੇ ਕਬਜ਼ਾ ਕਰ ਲਿਆ। ਆਉਣ ਵਾਲੇ ਕੁਝ ਸਾਲਾਂ ਵਿੱਚ ਉਸ ਨੇ ਕਾਬਲ ਵਿੱਚ ਆਪਣੀ ਸਥਿਤੀ ਨੂੰ ਦ੍ਰਿੜ ਕੀਤਾ। ਇਸੇ ਵਿੱਚ ਆਲਮ ਖਾਂ ਅਤੇ ਦੌਲਤ ਖਾਂ ਨੇ ਉਸ ਨੂੰ ਭਾਰਤ 'ਤੇ ਹਮਲਾ ਕਰਨ ਲਈ ਸੱਦਾ ਦਿੱਤਾ। ਇਹ ਬਾਬਰ ਲਈ ਸੁਨਹਿਰੀ ਅਵਸਰ ਸੀ। ਇਸ ਲਈ 1524 ਵਿੱਚ ਉਹ ਫਿਰ ਭਾਰਤ ਦੀ ਜਿੱਤ ਲਈ ਚਲ ਪਿਆ। ਉਹ ਭੇਰਾ ਹੁੰਦਿਆਂ ਲਾਹੌਰ ਪੁੱਜਾ। ਉਸ ਨੇ ਦਿੱਲੀ ਦੀ ਸੈਨਾ ਨੂੰ ਹਰਾਇਆ ਜਿਸ ਨੇ ਦੌਲਤ ਖਾਂ ਲੋਧੀ ਨੂੰ ਹਰਾਇਆ ਸੀ। ਫਿਰ ਮਗਰੋਂ ਦੀਪਾਲਪੁਰ ਪੁੱਜਾ। ਇੱਥੇ ਪ੍ਰਦੇਸ਼ਾਂ ਦੀ ਵੰਡ 'ਤੇ ਬਾਬਰ ਅਤੇ ਦੌਲਤ ਖਾਨ ਲੋਧੀ ਵਿੱਚ ਮਤਭੇਦ ਪੈਦਾ ਹੋ ਗਿਆ। ਬਾਬਰ ਨੇ ਦੀਪਾਲਪੁਰ ਆਲਮ ਖਾਂ ਨੂੰ ਸੌਂਪ ਦਿੱਤਾ ਅਤੇ ਆਪ ਸੈਨਿਕ ਤਿਆਰੀ ਲਈ ਕਾਬਲ ਪਰਤ ਗਿਆ।

ਪਾਨੀਪਤ ਦੀ ਪਹਿਲੀ ਲੜਾਈ[ਸੋਧੋ]

ਬਾਬਰ ਦਾ ਪੰਜਵਾਂ ਹਮਲਾ 1525 ਦੇ ਅੰਤ ਵਿੱਚ ਹੋਇਆ। ਬਾਬਰ ਨੇ ਸਭ ਤੋਂ ਪਹਿਲਾਂ ਪੰਜਾਬ ਦੇ ਗਵਰਨਰ ਦੌਲਤ ਖਾਂ ਲੋਧੀ ਨੂੰ ਕਰਾਰੀ ਹਾਰ ਦਿੱਤੀ। ਸਿੱਟੇ ਵਜੋਂ ਬਾਬਰ ਨੇ ਸਾਰੇ ਪੰਜਾਬ ਨੂੰ ਆਪਣੇ ਅਧੀਨ ਕਰ ਲਿਆ। ਹੁਣ ਉਸ ਨੇ ਦਿੱਲੀ ਦੇ ਸੁਲਤਾਨ ਇਬਰਾਹਿਮ ਲੋਧੀ ਨਾਲ ਦੋ-ਦੋ ਹੱਥ ਕਰਨ ਦਾ ਫੈਸਲਾ ਕੀਤਾ। ਦਿੱਲੀ ਦਾ ਸੁਲਤਾਨ ਇਬਰਾਹਿਮ ਲੋਧੀ ਇੱਕ ਲੱਖ ਸੈਨਾ ਲੈ ਕੇ ਉਸ ਦੇ ਵਿਰੁੱਧ ਵਧਿਆ। ਦੋਹਾਂ ਪੱਖਾਂ ਦੀਆਂ ਸੈਨਾਵਾਂ ਨੇ ਪਾਨੀਪਤ ਦੇ ਮੈਦਾਨ ਵਿੱਚ ਡੇਰਾ ਲਾ ਲਿਆ ਪਰੰਤੂ 21 ਅਪ੍ਰੈਲ, 1526 ਨੂੰ ਸਵੇਰੇ ਇਬਰਾਹਿਮ ਲੋਧੀ ਦੀ ਸੈਨਾ ਨੇ ਬਾਬਰ ਦੀ ਸੈਨਾ 'ਤੇ ਹਮਲਾ ਕਰ ਦਿੱਤਾ। ਬਾਬਰ ਦੀ ਸੈਨਾ ਮੋਰਚਾ ਲਗਾਈ ਖੜ੍ਹੀ ਸੀ। ਦਿੱਲੀ ਦੇ ਸਿਪਾਹੀ ਇਹਨਾਂ ਨੂੰ ਦੇਖ ਕੇ ਠਿਠਕ ਗਏ। ਬਾਬਰ ਨੇ ਆਪਣੇ ਸੈਨਿਕਾਂ ਨੂੰ ਆਦੇਸ਼ ਦਿੱਤਾ ਅਤੇ ਕਿਹਾ ਕਿ ਦੁਸ਼ਮਣਾਂ ਦੇ ਸੈਨਿਕਾਂ ਨੂੰ ਪਿੱਛੇ ਘੇਰ ਲਓ। ਸਾਹਮਣੇ ਤੋਂ ਤੋਪਚੀਆਂ ਨੇ ਗੋਲੇ ਵਰਸਾਉਣੇ ਆਰੰਭ ਕਰ ਦਿੱਤੇ। ਇਸ ਦੀ ਅਗੁਵਾਈ ਉਸਤਾਦ ਅਲੀ ਅਤੇ ਮੁਸਤਫ਼ਾ ਕਰ ਰਹੇ ਸਨ। ਭਾਰੀ ਯੁੱਧ ਆਰੰਭ ਹੋਇਆ। ਅੱਗੇ ਤੋਪਾਂ ਦੀ ਵਰਖਾ ਅਤੇ ਪਿੱਛਿਓਂ ਨੇਜ਼ਿਆਂ ਦਾ ਮੀਂਹ ਵਰ੍ਹਿਆ। ਦੇਖਦਿਆਂ ਹੀ ਦੇਖਦਿਆਂ ਲਾਸ਼ਾਂ ਦੇ ਢੇਰ ਲੱਗ ਗੲੇ। ਦੁਪਹਿਰ ਤੱਕ ਯੁੱਧ ਸਮਾਪਤ ਹੋ ਗਿਆ। ਯੁੱਧ ਵਿੱਚ ਬਾਬਰ ਜੇਤੂ ਰਿਹਾ। ਸੁਲਤਾਨ ਇਬਰਾਹਿਮ ਲੋਧੀ ਆਪਣੇ ਹਜ਼ਾਰਾਂ ਸੈਨਿਕਾਂ ਸਹਿਤ ਮਾਰਿਆ ਗਿਆ।
ਪਾਨੀਪਤ ਦੀ ਪਹਿਲੀ ਲੜਾਈ ਨੂੰ ਇਤਿਹਾਸਿਕ ਦ੍ਰਿਸ਼ਟੀ ਤੋਂ ਬਹੁਤ ਮਹੱਤਵ ਪ੍ਰਾਪਤ ਹੈ। ਇਸ ਲੜਾਈ ਵਿੱਚ ਇੱਕ ਪਾਸੇ ਦਿੱਲੀ ਸਲਤਨਤ ਦਾ ਅੰਤ ਹੋਇਆ ਅਤੇ ਦੂਜੇ ਪਾਸੇ ਭਾਰਤ ਵਿੱਚ ਮੁਗਲ ਵੰਸ਼ ਦੀ ਸਥਾਪਨਾ ਹੋਈ।

ਕਨਵਾਹ ਦੀ ਲੜਾਈ[ਸੋਧੋ]

ਪਾਣੀਪਤ ਦੀ ਲੜਾਈ ਵਿੱਚ ਬਾਬਰ ਨੇ ਜਿੱਤ ਜਰੂਰ ਪ੍ਰਾਪਤ ਕਰ ਲਈ ਸੀ ਪਰੰਤੂ ਉਸਦਾ ਅਜੇ ਭਾਰਤ 'ਤੇ ਕਬਜ਼ਾ ਨਹੀਂ ਹੋਇਆ ਸੀ। ਉੱਤਰੀ ਭਾਰਤ ਵਿੱਚ ਉਸਦੇ ਰਾਹ ਵਿੱਚ ਸਭ ਤੋਂ ਵੱਡੀ ਰੋਕ ਮੇਵਾੜ ਦਾ ਰਾਣਾ ਸਾਂਗਾ ਸੀ। ਰਾਣਾ ਸਾਂਗਾ ਇੱਕ ਵੀਰ ਯੋਧਾ ਸੀ, ਉਸਦੀ ਸੈਨਿਕ ਸ਼ਕਤੀ ਵੀ ਅਸੀਮ ਸੀ। ਉਂਞ ਵੀ ਬਾਬਰ ਅਤੇ ਰਾਣਾ ਸਾਂਗਾ ਇੱਕ-ਦੂਜੇ ਦੇ ਦੁਸ਼ਮਣ ਬਣ ਚੁੱਕੇ ਸਨ, ਕਿਉਂਕਿ ਰਾਣਾ ਸਾਂਗਾ ਨੇ ਪਾਣੀਪਤ ਦੀ ਲੜਾਈ ਵਿੱਚ ਬਾਬਰ ਦੀ ਸਹਾਇਤਾ ਨਹੀਂ ਕੀਤੀ। ਇਸ ਲਈ ਦੋਹਾਂ ਵਿੱਚ ਯੁੱਧ ਅਟੱਲ ਸੀ। ਬਾਬਰ ਆਪਣੀਆਂ ਸੈਨਾਵਾਂ ਲੈ ਕੇ ਕਨਵਾਹ ਦੇ ਮੈਦਾਨ ਵਿੱਚ ਆ ਡਟਿਆ।
ਰਾਣਾ ਸਾਂਗਾ ਨਾਲ ਸੁਲਤਾਨ ਮਹਿਮੂਦ ਅਤੇ ਹਸਨ ਖ਼ਾਂ ਮੇਵਾਤੀ ਵੀ ਰਲੇ ਸਨ। ਇਸ ਤਰ੍ਹਾਂ ਉਸਦੇ ਸੈਨਿਕਾਂ ਦੀ ਸੰਖਿਆ ਬਾਬਰ ਦੇ ਸੈਨਿਕਾਂ ਤੋਂ ਕਿਤੇ ਜਿਆਦਾ ਹੋ ਗਈ ਸੀ। ਅਜੇ ਤੱਕ ਬਾਬਰ ਨੇ ਮੰਗੋਲਾਂ, ਉਜ਼ਬੇਗਾਂ ਅਤੇ ਅਫ਼ਗਾਨਾਂ ਨਾਲ ਹੀ ਯੁੱਧ ਲੜੇ ਸਨ। ਪਰੰਤੂ ਹੁਣ ਉਸਦੇ ਨੇ ਵੀਰ ਰਾਜਪੂਤਾਂ ਦਾ ਸਾਹਮਣਾ ਕਰਨਾ ਸੀ ਜੋ ਜਾਨ ਤੋਂ ਵੱਧ ਸਨਮਾਨ ਨੂੰ ਥਾਂ ਦਿੰਦੇ ਸਨ। ਜਦੋਂ ਮੁਗਲ ਸੈਨਿਕਾਂ ਨੇ ਰਾਜਪੂਤਾਂ ਦੀ ਵੀਰਤਾ ਦੇ ਚਰਚੇ ਸੁਣੇ ਤਾਂ ਉਹ ਹੌਂਸਲਾ ਖੋ ਬੈਠੇ। ਉਹਨੀਂ ਦਿਨੀਂ ਕਾਬਲ ਤੋਂ ਮੁਹੰਮਦ ਸ਼ਰੀਫ਼ ਨਾਂ ਦਾ ਇੱਕ ਜੋਤਸ਼ੀ ਭਾਰਤ ਆਇਆ। ਉਸਨੇ ਇਹ ਭਵਿੱਖਬਾਣੀ ਕੀਤੀ ਕਿ ਰਾਣਾ ਸਾਂਗਾ ਦੇ ਵਿਰੁੱਧ ਯੁੱਧ ਵਿੱਚ ਬਾਬਰ ਦੀ ਹਾਰ ਹੋਵੇਗੀ। ਇਸ ਨਾਲ ਮੁਗਲ ਸੈਨਿਕ ਹੋਰ ਵੀ ਹੌਂਸਲਾ ਢਾ ਗੲੇ। ਉਹਨੀਂ ਦਿਨੀਂ ਸੀਕਰੀ ਨਾਮਕ ਸਥਾਨ 'ਤੇ ਰਾਜਪੂਤਾਂ ਨੇ ਮੁਸਲਮਾਨਾਂ ਨੂੰ ਹਰਾ ਦਿੱਤਾ। ਮੁਗਲ ਸੈਨਿਕਾਂ ਨੂੰ ਹੁਣ ਵਿਸ਼ਵਾਸ ਹੋ ਗਿਆ ਕਿ ਮੁਹੰਮਦ ਦੀ ਭਵਿੱਖਬਾਣੀ ਸੱਚੀ ਸਿੱਧ ਹੋ ਕੇ ਰਹੇਗੀ। ਪਰੰਤੂ ਬਾਬਰ ਨੇ ਆਪਣੇ ਸੈਨਿਕਾਂ ਨੂੰ ਇਸਲਾਮ ਦੇ ਨਾਮ 'ਤੇ ਲੜਨ ਲਈ ਪ੍ਰੇਰਿਤ ਕੀਤਾ। ਬਾਬਰ ਨੇ ਆਪ ਸ਼ਰਾਬ ਨੂੰ ਕਦੇ ਨਾ ਛੂਹਣ ਦੀ ਕਸਮ ਖਾਦ੍ਹੀ। ਉਸਨੇ ਸ਼ਰਾਬ ਦੇ ਸਾਰੇ ਬਰਤਨ ਭਣਵਾ ਸੁੱਟੇ। ਨਾਲ ਹੀ ਉਸਨੇ ਮੁਸਲਮਾਨਾਂ ਤੋਂ ਤਮਗਾ ਨਾਮਕ ਕਰ ਲੈਣਾ ਬੰਦ ਕਰ ਦਿੱਤਾ। ਉਸਦੀ ਪ੍ਰਾਰਥਨਾ ਦਾ ਸੈਨਿਕਾਂ 'ਤੇ ਪੂਰਾ ਅਸਰ ਹੋਇਆ ਅਤੇ ਉਹ ਯੁੱਧ ਵਿੱਚ ਮਰ ਮਿਟਣ ਲਈ ਤਿਆਰ ਹੋ ਗੲੇ।
17 ਮਾਰਚ, 1527 ਨੂੰ ਠੀਕ 9 ਵਜੇ ਦੇ ਲਗਭਗ ਮੁਗਲ ਅਤੇ ਰਾਜਪੂਤ ਸੈਨਾਵਾਂ ਕਨਵਾਹ ਦੇ ਰਣਖੇਤਰ ਵਿੱਚ ਆਪਸ ਵਿੱਚ ਭਿੜ ਪਈਆਂ। ਇਸ ਯੁੱਧ ਵਿੱਚ ਵੀ ਬਾਬਰ ਨੇ ਆਪਣੀ ਸੈਨਾ ਦਾ ਸੰਗਠਨ ਪਾਣੀਪਤ ਦੀ ਲੜਾਈ ਵਾਂਗ ਰੱਖਿਆ। ਦੂਜੇ ਪਾਸੇ ਰਾਣਾ ਸਾਂਗਾ ਦੀ ਸੈਨਾ 2 ਲੱਖ ਦੇ ਲਗਭਗ ਸੀ। ਇਸ ਵਿੱਚ ਰਾਜਪੂਤ, ਮਹਿਮੂਦ ਲੋਧੀ ਅਤੇ ਹਸਨ ਖ਼ਾਂ ਮੇਵਾਤੀ ਦੀਆਂ ਸੈਨਾਵਾਂ ਸ਼ਾਮਿਲ ਸਨ। ਕਿਹਾ ਜਾਂਦਾ ਹੈ ਕਿ ਕੇਵਲ ਭੀਲਸਾ ਦੇ ਸਰਦਾਰ ਹੀ ਇਸ ਯੁੱਧ ਵਿੱਚ 30,000 ਘੋੜੇ ਲਿਆੲੇ ਸਨ। ਇਹ ਸਾਰੀ ਸੈਨਾ ਚਾਰ ਭਾਗਾਂ ਵਿੱਚ ਵੰਡੀ ਹੋਈ ਸੀ।
ਯੁੱਧ ਦਾ ਆਰੰਭ ਰਾਜਪੂਤਾਂ ਨੇ ਕੀਤਾ। ਉਨ੍ਹਾਂ ਨੇ ਬਾਬਰ ਦੇ ਸੱਜੇ ਪਾਸੇ ਤੇ ਹਮਲਾ ਕੀਤਾ। ਕੁਝ ਸਮੇਂ ਲਈ ਅਜਿਹਾ ਪ੍ਰਤੀਤ ਹੋਣ ਲੱਗਾ ਕਿ ਰਾਜਪੂਤਾਂ ਦੀ ਜਿੱਤ ਹੋਵੇਗੀ। ਪਰੰਤੂ ਉਸਤਾਦ ਅਲੀ ਦੇ ਤੋਪਖਾਨੇ ਦੇ ਗੋਲਿਆਂ ਨੇ ਉਨ੍ਹਾਂ ਵਿੱਚ ਹਫੜਾ-ਦਫੜੀ ਮਚਾ ਦਿੱਤੀ। ਤੋਪਾਂ ਦੇ ਵਾਰ ਤੋਂ ਬਚਣ ਲਈ ਦੁਸ਼ਮਣ ਦੇ ਸੈਨਿਕ ਸਾਰੀਆਂ ਦਿਸ਼ਾਵਾਂ ਵਿੱਚ ਨੱਠ ਗੲੇ। ਰਾਣਾ ਸਾਂਗਾ ਵੀ ਜਖ਼ਮੀ ਹੋ ਕੇ ਰਣ-ਖੇਤਰ ਵਿੱਚੋਂ ਭੱਜ ਗਿਆ। ਇਸ ਤਰ੍ਹਾਂ ਬਾਬਰ ਜੇਤੂ ਰਿਹਾ।

ਹਵਾਲੇ[ਸੋਧੋ]

  1. A comprehensive history of medieval IndiaVolume 2 of A comprehensive history of India, Pran Nath Chopra, B.N. Puri, M.N. Das, Sterling Publishers Pvt. Ltd, 2003, ISBN 978-81-207-2508-9, ... Bold, courageous, energetic and adventurous, he was physically so strong that with one man under each arm, he could run along the rampart of a fort without any difficulty ...

ਬਾਹਰੀ ਕੜੀਆਂ[ਸੋਧੋ]