ਸਮੱਗਰੀ 'ਤੇ ਜਾਓ

ਗੁਰੂ ਹਰਿਗੋਬਿੰਦ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
(ਗੁਰੂ ਹਰ ਗੋਬਿੰਦ ਜੀ ਤੋਂ ਮੋੜਿਆ ਗਿਆ)
ਸ਼੍ਰੀ ਗੂਰੁ ਹਰਿਗੋਬਿੰਦ ਸਾਹਿਬ ਜੀ
ਗੂਰੁ ਹਰਿਗੋਬਿੰਦ ਦੀ ਖ਼ਿਆਲੀ ਪੇਂਟਿੰਗ
ਨਿੱਜੀ
ਜਨਮ(1595-07-05)5 ਜੁਲਾਈ 1595
ਗੁਰੂ ਕੀ ਵਡਾਲ਼ੀ, ਅੰਮ੍ਰਿਤਸਰ, ਪੰਜਾਬ, ਮੁਗ਼ਲ ਸਲਤਨਤ (ਹੁਣ ਭਾਰਤ)
ਮਰਗਮਾਰਚ 19, 1644(1644-03-19) (ਉਮਰ 48)[4]
ਧਰਮਸਿੱਖੀ
ਜੀਵਨ ਸਾਥੀ
  • ਮਾਤਾ ਦਮੋਦਰੀ[1]
  • ਮਾਤਾ ਨਾਨਕੀ[2]
  • ਮਾਤਾ ਮਹਾ ਦੇਵੀ[3]
ਬੱਚੇਬਾਬਾ ਗੁਰਦਿੱਤਾ, ਸੂਰਜ ਮੱਲ, ਅਨੀ ਰਾਇ, ਅਟਲ ਰਾਇ , ਤੇਗ ਬਹਾਦਰ, ਅਤੇ ਬੀਬੀ ਵੀਰੋ
ਮਾਤਾ-ਪਿਤਾ
  • ਗੁਰ ਅਰਜਨ (ਪਿਤਾ)
  • ਮਾਤਾ ਗੰਗਾ (ਮਾਤਾ)
ਲਈ ਪ੍ਰਸਿੱਧ
  1. ਅਕਾਲ ਤਖ਼ਤ ਦੀ ਉਸਾਰੀ
  2. ਜੰਗਾਂ ਵਿੱਚ ਰੁੱਝਣ ਵਾਲ਼ੇ ਪਹਿਲੇ ਗੁਰੂ
  3. ਸਿੱਖਾਂ ਨੂੰ ਮਿਲਟ੍ਰੀ ਟ੍ਰੇਨਿੰਗ ਅਤੇ ਜੰਗੀ ਕਲਾ ਵਿੱਚ ਹਿੱਸਾ ਲੈਣ ਲਈ ਸਲਾਹ ਦਿੱਤੀ
  4. ਮੀਰੀ ਪੀਰੀ ਦੀ ਕਾਇਮੀ
  5. ਕੀਰਤਪੁਰ ਸਾਹਿਬ ਦੇ ਬਾਨੀ
  6. ਇਹ ਜੰਗਾ ਲੜੀਆਂ:
ਹੋਰ ਨਾਮਛੇਵੇਂ ਪਾਤਸ਼ਾਹ
ਮੀਰੀ ਪੀਰੀ ਦੇ ਮਾਲਕ
Senior posting
Predecessorਗੁਰ ਅਰਜਨ
ਵਾਰਸਗੁਰ ਹਰਿਰਾਇ

ਸ਼੍ਰੀ ਗੁਰ ਹਰਗੋਬਿੰਦ ਸਾਹਿਬ ਜੀ (5 ਜੁਲਾਈ 1595 – 19 ਮਾਰਚ 1644) ਸਿੱਖਾਂ ਦਸਾਂ ਵਿਚੋਂ ਛੇਵੇਂ ਗੁਰੂ ਸਨ।[5]

ਵਿੱਦਿਆ ਅਤੇ ਸ਼ਸਤਰ ਵਿੱਦਿਆ

[ਸੋਧੋ]

1603 ਵਿੱਚ (ਗੁਰੂ) ਹਰਗੋਬਿੰਦ ਜੀ ਦੀ ਵਿੱਦਿਆ ਅਤੇ ਸ਼ਸਤਰਾਂ ਦੀ ਸਿਖਲਾਈ ਲਈ ਬਾਬਾ ਬੁੱਢਾ ਜੀ ਨੂੰ ਜ਼ਿੰਮੇਵਰੀ ਸੌਂਪੀ ਗਈ। ਸ਼ਸਤਰ ਵਿੱਦਿਆ ਦਾ ਆਪ ਨੂੰ ਬਹੁਤ ਸ਼ੌਕ ਸੀ ਅਤੇ ਜਲਦੀ ਹੀ ਨਿਪੁੰਨ ਹੁੰਦੇ ਗਏ। ਬਾਬਾ ਬੁੱਢਾ ਜੀ ਆਪ ਨੂੰ ਦੇਖ ਕੇ ਮਹਾਂਬਲੀ ਯੋਧਾ ਹੋਣ ਦਾ ਆਖ ਦੇਂਦੇ ਸਨ।[ਹਵਾਲਾ ਲੋੜੀਂਦਾ]

ਪਿਤਾ ਦੀ ਸ਼ਹੀਦੀ

[ਸੋਧੋ]

ਜਹਾਂਗੀਰ ਸਮੇਂ ਦਾ ਹਾਕਮ ਬਣਿਆ ਅਤੇ ਉਸ ਦੇ ਹੁਕਮ ਨਾਲ ਹੀ ਪਿਤਾ ਗੁਰੂ ਅਰਜਨ ਦੇਵ ਜੀ ਨੂੰ ਤਸੀਹੇ ਦੇਕੇ ਸ਼ਹੀਦ ਕਰ ਦਿਤਾ ਗਿਆ। ਲਾਹੌਰ ਜਾਣ ਤੋਂ ਪਹਿਲਾਂ ਸੰਗਤਾਂ ਦੇ ਸਾਹਮਣੇ ਗੁਰਆਈ ਦੀ ਜ਼ਿੰਮੇਵਾਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਸੌਂਪ ਦਿੱਤੀ ਕਿਉਂਕਿ ਜਾਤ-ਅਭਿਮਾਨੀ ਕਾਜ਼ੀ ਅਤੇ ਗੁਰੂ ਘਰ ਦੇ ਵੈਰੀਆਂ ਨੇ ਜਹਾਂਗੀਰ ਤੋਂ ਮਈ 1606 ਵਿੱਚ ਗੁਰੂ ਸਾਹਿਬ ਨੂੰ ਕੈਦ ਕਰਨ ਦਾ ਹੁਕਮ ਜਾਰੀ ਕਰਵਾ ਦਿੱਤਾ ਸੀ। ਗੁਰੂ ਹਰਗੋਬਿੰਦ ਸਹਿਬ ਉਸ ਸਮੇਂ ਕੋਈ 11 ਸਾਲ ਦੇ ਸਨ। ਗੁਰੂ ਸਾਹਿਬ ਜੀ ਦੀ ਸ਼ਹਾਦਤ ਦਾ ਅਸਰ ਆਮ ਸਿੱਖਾਂ ਤੇ ਬਹੁਤ ਪਿਆ ਸੋ ਗੁਰੂ ਹਰਗੋਬਿੰਦ ਸਾਹਿਬ ਜੀ ਅਤੇ ਸਿੱਖਾਂ ਵਿੱਚ ਸ਼ਸਤ੍ਰ ਧਾਰੀ ਹੋਣ ਦਾ ਦ੍ਰਿੜ ਵਿਸ਼ਵਾਸ ਹੋ ਗਿਆ।[ਹਵਾਲਾ ਲੋੜੀਂਦਾ]

‘ਮੀਰੀ ਅਤੇ ਪੀਰੀ’

[ਸੋਧੋ]

"ਪੰਜ ਪਿਆਲੇ, ਪੰਜ ਪੀਰ ਛਟਮੁ ਪੀਰ ਬੈਠਾ ਗੁਰੁ ਭਾਰੀ। ਅਰਜਨ ਕਾਇਆ ਪਲਟਿ ਕੈ, ਮੂਰਤਿ ਹਰਿਗੋਬਿੰਦ ਸਵਾਰੀ। ਚਲੀ ਪੀੜੀ ਸੋਢੀਆਂ ਰੂਪ ਦਿਖਾਵਣਿ ਵਾਰੋ ਵਾਰੀ। ਦਲਭੰਜਨ ਗੁਰੁ ਸੂਰਮਾ ਵਡ ਯੋਧਾ ਬਹੁ ਪਰਉਪਕਾਰੀ। ਦਰਬਾਰੀ ਢਾਡੀ ਅਬਦੁੱਲਾ ਦੱਸਦਾ ਹੈ ਦੋ ਤਲਵਾਰੀ ਬੱਧੀਆਂ ਇੱਕ ਮੀਰੀ ਦੀ ਇੱਕ ਪੀਰੀ ਦੀ। ਇਕ ਅਜ਼ਮਤ ਦੀ ਇੱਕ ਰਾਜ ਦੀ ਇੱਕ ਰਾਖੀ ਕਰੇ ਵਜ਼ੀਰ ਦੀ। ਮੇਰੇ ਪਰਵਾਰ ਕੋਈ ਇਲਮ ਨਹੀਂ।"

— ਭਾਈ ਗੁਰਦਾਸ ਜੀ

ਮੀਰੀ ਪੀਰੀ ਦਾ ਸਿਧਾਂਤ ਧਰਮ ਦੀ ਸ਼ਕਤੀ ਦੀ ਚੜ੍ਹਦੀ ਕਲਾ ਅਤੇ ਸਰਬੱਤ ਦੇ ਭਲੇ ਦੇ ਰਾਹ ਤੇ ਤੋਰਨਾ ਸੀ। ਸਤਿਗੁਰੂ ਸਾਹਿਬ ਨੇ ਆਪ ਵੀ ਦੋ ਤਲਵਾਰਾਂ ‘ਮੀਰੀ ਅਤੇ ਪੀਰੀ’ ਦੀਆਂ ਧਾਰਨ ਕਰ ਲਈਆਂ। ਗੁਰੂ ਹਰਗੋਬਿੰਦ ਸਾਹਿਬ ਜੀ ਨੇ ਸਿੱਖ ਸੰਗਤਾਂ ਵਿੱਚ ਨਗਦ ਭੇਟਾ ਦੇਣ ਦੀ ਥਾਂ ਆਪਣੀ ਜੁਆਨੀ ਅਰਪਨ ਕਰਨ ਅਤੇ ਸ਼ਸਤ੍ਰ ‘ਤੇ ਘੋੜੇ ਭੇਟਾ ਕਰਨ ਲਈ ਸੰਦੇਸ਼ ਭੇਜ ਦਿੱਤੇ। ਗੁਰੂ ਸਾਹਿਬ ਜੀ ਨੇ ਸਿੱਖਾਂ ਨੂੰ ਸ਼ਿਕਾਰ ਅਤੇ ਸ਼ਸਤ੍ਰ ਵਿੱਦਿਆ ਸਿਖਾਉਣ ਲਈ ਚੋਣਵੇਂ ਸੂਰਮੇ ਤਿਆਰ ਕੀਤੇ ਅਤੇ ਗੁਰੂ ਸਾਹਿਬ ਜੀ ਦੀ ਇਹ ਰੁਚੀ ਦੇਖ ਕੇ ਮਾਝੇ, ਮਾਲਵੇ ਅਤੇ ਦੁਆਬੇ ਵਿਚੋਂ ਕੋਈ ਪੰਜ ਸੌ ਜੁਆਨ ਆਪ ਦੀ ਸ਼ਰਨ ਵਿੱਚ ਇਕੱਠੇ ਹੀ ਗਏ। ਕਾਲ ਦੇ ਸਮੇਂ ਮੁਸਲਮਾਨ ਹਕੂਮਤ ਦੀ ਗਰੀਬਾਂ ਦੀ ਬਿਲਕੁਲ ਕੋਈ ਸਾਰ ਨਹੀਂ ਲਈ ਸੀ, ਇਸ ਕਰ ਕੇ ਕਈ ਮੁਸਲਮਾਨ ਵੀ ਸਤਿਗੁਰੂ ਜੀ ਦੀ ਨਵੀਂ ਬਣ ਰਹੀ ਫੌਜ ਵਿੱਚ ਭਰਤੀ ਹੋ ਗਏ।[ਹਵਾਲਾ ਲੋੜੀਂਦਾ]

ਅਕਾਲ ਤਖਤ

[ਸੋਧੋ]

ਅੰਮ੍ਰਿਤਸਰ ਸਿੱਖਾਂ ਦਾ ਕੇਂਦਰੀ ਅਸਥਾਨ ਸੀ। ਗੁਰੂ ਹਰਗੋਬਿੰਦ ਜੀ ਨੇ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਸਾਮ੍ਹਣੇ 1609 ਵਿੱਚ ਸ੍ਰੀ ਅਕਾਲ ਤਖਤ ਦੀ ਉਸਾਰੀ ਕੀਤੀ ਅਤੇ ਸੂਰਮਿਆ ਵਿੱਚ ਬੀਰ-ਰਸ ਭਰਨ ਲਈ ਯੋਧਿਆਂ ਦੀਆਂ ਵਾਰਾਂ ਦਾ ਗਾਇਨ ਸ਼ੁਰੂ ਕੀਤਾ। ਵਾਰਾਂ ਗਾਉਣ ਵਾਲੇ ਪਹਿਲੇ ਪਹਿਲੇ ਢਾਡੀ ਦਾ ਨਾਮ ਅਬਦੁੱਲਾ ਸੀ। 1627 ਵਿੱਚ ਗੁਰੂ ਜੀ ਨੇ ਕੀਰਤਪੁਰ ਸ਼ਹਿਰ ਦੀ ਸਥਾਪਨਾ ਕੀਤੀ। ਇੱਥੇ 9 ਸਾਲ ਸਮਾਂ ਗੁਜਾਰਿਆ।[ਹਵਾਲਾ ਲੋੜੀਂਦਾ]

ਸਿੱਖੀ ਦਾ ਪਰਚਾਰ

[ਸੋਧੋ]

ਗੁਰੂ ਹਰਗੋਬਿੰਦ ਜੀ ਨੇ ਸਿੱਖ-ਧਰਮ ਦੇ ਪਰਚਾਰ ਵਿੱਚ ਵੀ ਵਿਸ਼ੇਸ਼ ਧਿਆਨ ਦਿੱਤਾ ਅਤੇ ਇੱਕ ਚੰਗੀ ਜੱਥੇਬੰਦੀ ਦੀ ਸਥਾਪਨਾ ਕੀਤੀ। 1612-13 ਵਿੱਚ ਦੁਆਬੇ ਅਤੇ ਮਾਲਵੇ ਵਿੱਚ ਸਿੱਖੀ ਦਾ ਪਰਚਾਰ ਕੀਤਾ ਅਤੇ ਇਸੇ ਸਮੇਂ ਗੁਰੂ ਸਾਹਿਬ ਦੀ ਪਾਰਖੂ ਅੱਖ ਨੇ ਪੈਂਦੇ ਖਾਂ ਤੇ ਖ਼ਾਸ ਮਿਹਰ ਕੀਤੀ। 1613 ਵਿੱਚ ਬਾਬਾ ਗੁਰਦਿੱਤਾ ਜੀ ਦਾ ਜਨਮ ਡਰੌਲੀ ਵਿੱਚ ਹੋਇਆ। ਇੱਥੇ ਹੀ ਸਾਧੂ ਨਾਮ ਦਾ ਇੱਕ ਸਰਵਰੀਆ ਗੁਰੂ ਸਾਹਿਬ ਜੀ ਦਾ ਸਿੱਖ ਬਣਿਆ ਜਿਸਦੇ ਘਰ ‘ਭਾਈ ਰੂਪ ਚੰਦ’ ਦਾ ਜਨਮ ਹੋਇਆ। ਅੰਮ੍ਰਿਤਸਰ ਦੀ ਤਰੱਕੀ ਵੱਲ ਵਿਸ਼ੇਸ਼ ਧਿਆਨ ਦਿੱਤਾ ਗਿਆ। ਸੰਗਤਾਂ ਦੇ ਪਾਣੀ ਲਈ ਰਾਮਸਰ ਅਤੇ ਬਿਬੇਕਸਰ ਨਾਮ ਦੇ ਸਰੋਵਰ ਬਣਵਾਏ ਅਤੇ ਅੰਮ੍ਰਿਤਸਰ ਦੀ ਰੱਖਿਆ ਲਈ ਲੋਹਗੜ੍ਹ ਦਾ ਕਿਲਾ ਬਣਵਾਇਆ।[ਹਵਾਲਾ ਲੋੜੀਂਦਾ]

ਜਹਾਂਗੀਰ ਦੀ ਕੈਦ

[ਸੋਧੋ]

ਜਹਾਂਗੀਰ ਨੂੰ ਗੁਰੂ ਸਾਹਿਬ ਜੀ ਦਾ ਹਰਮਨ ਪਿਆਰਾ ਹੋਣਾ ਪਸੰਦ ਨਾ ਆਇਆ। 1612 ਨੂੰ ਉਸਨੇ ਆਗਰੇ ਤੋਂ ਗੁਪਤ ਹੁਕਮ ਦੇਕੇ ਗੁਰੂ ਸਾਹਿਬ ਨੂੰ ਗਵਾਲੀਅਰ ਦੇ ਕਿਲੇ ਵਿੱਚ ਕੈਦ ਕਰਨ ਦਾ ਹੁਕਮ ਦੇ ਦਿੱਤਾ ਜਿਥੇ ਹੋਰ ਰਾਜਸੀ ਕੈਦੀ ਰੱਖੇ ਹੋਏ ਸਨ। ਗੁਰੂ ਸਾਹਿਬ ਜੀ ਦੇ ਦਰਸ਼ਨਾਂ ਲਈ ਸਿੱਖ ਦੂਰੋਂ ਨੇੜਿਉਂ ਗਵਾਲੀਅਰ ਪਹੁੰਚਦੇ ਪਰ ਉਹਨਾਂ ਨੂੰ ਗੁਰੂ ਸਾਹਿਬ ਜੀ ਦੇ ਦਰਸ਼ਨ ਨਾ ਕਰਨ ਦਿੱਤੇ ਜਾਂਦੇ। 1614 ਵਿੱਚ ਜਹਾਂਗੀਰ ਨੂੰ ਦਮੇ ਦਾ ਬੜਾ ਸਖ਼ਤ ਦੌਰਾ ਪਿਆ। ਆਖਿਰ ਉਸਨੇ ਫਕੀਰ ਮੀਆਂ ਮੀਰ ਦੇ ਕਹਿਣ ਤੇ ਰਿਹਾਈ ਦਾ ਹੁਕਮ ਦੇ ਦਿੱਤਾ। ਇਹ ਇਤਿਹਾਸਕ ਸੱਚਾਈ ਹੈ ਕਿ ਗੁਰੂ ਸਾਹਿਬ ਜੀ ਦੇ ਚੋਲੇ ਦੀਆਂ ਕਲੀਆਂ ਫੱੜ ਕੇ 52 ਰਾਜੇ ਵੀ ਜੇਲ ਵਿਚੋਂ ਰਿਹਾ ਹੋਏ ਸਨ।ਫਰਮਾ:ਬੇ ਹਵਾਲਾ ਇਸੇ ਕਰ ਕੇ ਆਪ ਨੂੰ ਬੰਦੀ ਛੋੜ ਨਾਮ ਨਾਲ ਵੀ ਯਾਦ ਕੀਤਾ ਜਾਂਦਾ ਹੈ।[ਹਵਾਲਾ ਲੋੜੀਂਦਾ]

ਬੰਦੀ ਛੋੜ

[ਸੋਧੋ]

ਗਵਾਲੀਅਰ ਦੇ ਕਿਲੇ 'ਚੋਂ ਰਿਹਾਅ ਹੋਣ ਅਤੇ ਜਹਾਂਗੀਰ ਵੱਲੋਂ ਨਜ਼ਰਬੰਦ ਕੀਤੇ ਗਏ 52 ਪਹਾੜੀ ਰਾਜਿਆਂ ਦੀ ਰਿਹਾਈ ਕਰਵਾਉਣ ਉਪ੍ਰੰਤ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਦਰਬਾਰ ਸਾਹਿਬ ਅੰਮ੍ਰਿਤਸਰ ਪਹੁੰਚਣ ਵਾਲੇ ਦਿਨ ਨੂੰ ਅਸੀਂ ਬੰਦੀ ਛੋੜ ਦਿਵਸ ਦਾ ਨਾਮ ਦੇ ਕੇ ਹਰ ਸਾਲ ਬੰਦੀ ਛੋੜ ਦਿਵਸ ਮਨਾਉਂਦੇ ਹਾਂ। ਹਰ ਸਿੱਖ ਨੂੰ ਸ਼ਬਦ ਗੁਰੂ ਦਾ ਗਿਆਨ ਦੇ ਕੇ ਕਰਮਕਾਂਡਾਂ, ਵਹਿਮਾਂ, ਭਰਮਾਂ ਦੀ ਕੈਦ ਵਿੱਚੋਂ ਵੀ ਮੁਕਤ ਕਰਵਾਇਆ ਸੀ, ਤਾਂ ਕੀ ਤੁਸੀਂ ਨਹੀਂ ਚਾਹੁੰਦੇ ਕਿ ਗੁਰੂ ਦੇ ਗਿਆਨ ਦੀ ਵਰਤੋਂ ਕਰ ਕੇ ਕਰਮਕਾਂਡਾਂ, ਵਹਿਮਾਂ, ਭਰਮਾਂ ਦੀ ਇਸ ਕੈਦ ਵਿੱਚੋਂ ਵੀ ਮੁਕਤ ਹੋਣਾ ਹੈ।[ਹਵਾਲਾ ਲੋੜੀਂਦਾ]

ਭਾਈ ਬਿਧੀ ਚੰਦ ਅਤੇ ਘੋੜੇ

[ਸੋਧੋ]

ਕਾਬਲ ਦਾ ਇੱਕ ਸਿੱਖ-ਮਸੰਦ ਗੁਰੂ ਸਾਹਿਬ ਲਈ ਦੋ ਵਧੀਆ ਘੋੜੇ ਲੈਕੇ ਆ ਰਿਹਾ ਸੀ ਕਿ ਲਾਹੌਰ ਦੇ ਤੁਰਕ ਹਾਕਮਾਂ ਨੇ ਖੋਹ ਲਏ। ਭਾਈ ਬਿਧੀ ਚੰਦ ਨੇ ਦੋਨੋਂ ਘੋੜੇ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸਨ, ਵਾਪਸ ਲਿਆਂਦੇ। ਇਸ ਸਭ ਦਾ ਬਦਲਾ ਲੈਣ ਲਈ ਲਾਹੌਰ ਤੋਂ ਇਸ ਵਾਰੀਂ ਲਾਲਾਬੇਗ ਅਤੇ ਕਮਰਬੇਗ ਦੀ ਕਮਾਨ ਹੇਠ ਤੁਰਕਾਂ ਨੇ ਚੜ੍ਹਾਈ ਕਰ ਦਿਤੀ। ਇਹ ਬਹੁਤ ਕਰਾਰਾ ਜੰਗ ਸੀ। ਦੋਨਾਂ ਧਿਰਾਂ ਦਾ ਜਾਨੀ ਨੁਕਸਾਨ ਬਹੁਤ ਹੋਇਆ। ‘ਡਰੌਲੀ’ ਦੀ ਇਸ ਲੜਾਈ ਵਿੱਚ ਤੁਰਕ ਸਰਦਾਰ ਮਾਰੇ ਗਏ ਅਤੇ ਇਸ ਜੰਗ ਦੀ ਯਾਦ ਵਿੱਚ ਗੁਰੂ ਸਾਹਿਬ ਨੇ ‘ਗੁਰੂ ਸਰ’ ਨਾਮ ਦਾ ਇੱਕ ਸਰੋਵਰ ਬਣਵਾਇਆ।[ਹਵਾਲਾ ਲੋੜੀਂਦਾ]

ਨੰਗਲ ਸਰਸਾ ਦੀ ਲੜਾਈ

[ਸੋਧੋ]

ਨਿੱਤ ਦੇ ਮੁਗ਼ਲ ਹਮਲਿਆਂ ਨੂੰ ਸਾਹਮਣੇ ਰੱਖ ਕੇ ਗੁਰੂ ਹਰਿਗੋਬਿੰਦ ਸਾਹਿਬ, ਕੀਰਤਪੁਰ ਚਲੇ ਗਏ ਸਨ ਅਤੇ 3 ਮਈ, 1635 ਤੋਂ ਮਗਰੋਂ ਉਥੇ ਹੀ ਰਹਿਣ ਲੱਗ ਪਏ ਸਨ। ਕੀਰਤਪੁਰ ਸਾਹਿਬ ਵਿੱਚ ਰਹਿੰਦਿਆਂ ਗੁਰੂ ਸਾਹਿਬ ਕੋਲ ਬਿਲਾਸਪੁਰ, ਨਾਹਨ, ਗੁਲੇਰ, ਨਦੌਣ, ਖੰਡੂਰ (ਮਗਰੋਂ ਨਾਲਾਗੜ੍ਹ) ਅਤੇ ਕਈ ਹੋਰ ਰਿਆਸਤਾਂ ਦੇ ਰਾਜੇ ਆਉਣ ਲੱਗ ਪਏ। ਇਹਨਾਂ ਦਿਨਾਂ ਵਿੱਚ ਹੀ ਰੂਪੜ (ਹੁਣ ਰੋਪੜ) ਦੇ ਨਵਾਬ ਨੇ ਖੰਡੂਰ ‘ਤੇ ਹਮਲਾ ਕਰਨ ਦੀ ਧਮਕੀ ਦਿਤੀ ਤਾਂ ਉਥੋਂ ਦਾ ਰਾਜਾ ਹਰੀ ਚੰਦ, ਗੁਰੂ ਸਾਹਿਬ ਕੋਲ ਅਰਜ਼ ਕਰਨ ਆ ਪੁੱਜਾ। ਗੁਰੂ ਸਾਹਿਬ ਨੇ ਉਸ ਦੀ ਮਦਦ ਕਰਨ ਵਾਸਤੇ ਆਪਣੇ ਬੇਟੇ (ਬਾਬਾ) ਗੁਰਦਿਤਾ ਜੀ ਦੀ ਅਗਵਾਈ ਹੇਠ ਸਿੱਖਾਂ ਦਾ ਇੱਕ ਜੱਥਾ ਭੇਜ ਦਿਤਾ। ਪਹਿਲੀ ਜੁਲਾਈ, 1635 ਦੇ ਦਿਨ ਨੰਗਲ ਗੁੱਜਰਾਂ (ਹੁਣ ਨੰਗਲ ਸਰਸਾ) ਪਿੰਡ ਵਿੱਚ ਦੋਹਾਂ ਫ਼ੌਜਾਂ ਵਿਚਕਾਰ ਜ਼ਬਰਦਸਤ ਲੜਾਈ ਹੋਈ ਜਿਸ ਵਿੱਚ ਰੋਪੜ ਦੀਆਂ ਫ਼ੌਜਾਂ ਦਾ ਬੜਾ ਨੁਕਸਾਨ ਹੋਇਆ ਅਤੇ ਉਹ ਬੁਰੀ ਤਰ੍ਹਾਂ ਹਾਰ ਕੇ ਭੱਜ ਗਈਆਂ। ਇਸ ਉੱਤੇ ਰੋਪੜ ਦੇ ਨਵਾਬ ਨੇ ਕੋਟਲਾ ਸ਼ਮਸ ਖ਼ਾਨ (ਹੁਣ ਕੋਟਲਾ ਨਿਹੰਗ ਖ਼ਾਨ) ਦੇ ਮਾਲਕ ਸ਼ਮਸ ਖ਼ਾਨ ਰਾਹੀਂ ਗੁਰੂ ਸਾਹਿਬ ਦੀ ਸਰਦਾਰੀ ਕਬੂਲ ਕਰ ਲਈ ਤੇ ਉਸ ਨੇ ਗੁਰੂ ਸਾਹਿਬ ਨੂੰ ਆਪਣੇ ਮਹਿਲ ਵਿੱਚ ਦਾਅਵਤ ਉੱਤੇ ਬੁਲਾਇਆ। ਗੁਰੂ ਸਾਹਿਬ, 18 ਜੁਲਾਈ, 1635 ਦੇ ਦਿਨ ਰੋਪੜ ਪੁੱਜੇ ਤੇ ਇੱਕ ਰਾਤ ਉਹ ਨਵਾਬ ਦੇ ਮਹਿਲ ਵਿੱਚ ਮਹਿਮਾਨ ਬਣ ਕੇ ਰਹੇ। 19 ਤੇ 20 ਤਾਰੀਖ਼ ਨੂੰ ਗੁਰੂ ਸਾਹਿਬ ਕੋਟਲਾ ਸ਼ਮਸ ਖ਼ਾਨ (ਹੁਣ ਕੋਟਲਾ ਨਿਹੰਗ ਖ਼ਾਨ) ਵਿੱਚ ਖ਼ਾਨ ਦੇ ਘਰ ਵਿੱਚ ਰਹੇ। ਇਸ ਮਗਰੋਂ ਜਦ ਤਕ ਗੁਰੂ ਸਾਹਿਬ ਕੀਰਤਪੁਰ ਸਾਹਿਬ ਵਿੱਚ ਰਹੇ, ਕਿਸੇ ਵੀ ਮੁਗ਼ਲ ਨੇ ਕਿਸੇ ਵੀ ਹਿੰਦੂ ਰਿਆਸਤ ਉੱਤੇ ਹਮਲਾ ਕਰਨ ਦੀ ਕੋਸ਼ਿਸ਼ ਨਹੀਂ ਕੀਤੀ।[ਹਵਾਲਾ ਲੋੜੀਂਦਾ]

ਯੁੱਧ

[ਸੋਧੋ]

ਅੰਮਿ੍ਤਸਰ ਦੀ ਲੜਾਈ÷ 1634 ਈ: ਵਿੱਚ ਸ਼ਾਹਜਹਾਂ ਦੇ ਸੈਨਾਪਤੀ ਗੁਲਾਮ ਰਸੂਲ ਖਾਂ ਅਤੇ ਮੁਖਲਿਸ ਖਾਂ ਅਤੇ ਸਿੱਖਾਂ ਵਿੱਚਕਾਰ ਬਾਜ਼ ਦੇ ਕਾਰਨ ਹੋਈ। ਜਿਸ ਵਿੱਚ ਗੁਰੂ ਜੀ ਦੀ ਜਿੱਤ ਹੋਈ। ਇਹ ਗੁਰੂ ਜੀ ਦੀ ਸ਼ਾਹਜਹਾਂ ਨਾਲ ਪਹਿਲੀ ਲੜਾਈ ਸੀ। ਕਰਤਾਰਪੁਰ ਦੀ ਲੜਾਈ÷ ਇਹ ਲੜਾਈ 1635 ਈ: ਵਿੱਚ ਹੋਈ। ਪੈਂਦੇ ਖਾਂ ਨੇ ਜਲੰਧਰ ਦੇ ਸੂਬੇਦਾਰ ਨੂੰ ਆਪਣੇ ਨਾਲ ਗੰਢ ਲਿਆ ਅਤੇ ਲਾਹੌਰ ਦੇ ਨਵਾਬ ਨੇ ਕਾਲੇ ਖਾਂ ਦੀ ਕਮਾਨ ਹੇਠ ਫੌਜ ਤੋਰ ਦਿੱਤੀ। ‘ਕਰਤਾਰਪੁਰ’ ਦੀ ਇਸ ਲੜਾਈ ਵਿੱਚ ਸ਼ਹਿਰ ਨੂੰ ਘੇਰ ਲਿਆ ਗਿਆ। ਹੋਰ ਸਿੱਖ ਯੋਧਿਆਂ ਦਾ ਨਾਲ 14 ਸਾਲ ਦੇ ਤੇਗ ਬਹਾਦਰ (ਪਹਿਲਾ ਨਾਮ ਤਿਆਗ ਮੱਲ) ਜੀ ਵੀ ਮੈਦਾਨੇ ਜੰਗ ਵਿੱਚ ਲੜੇ। ਆਖਿਰ ਪੈਂਦੇ ਖਾਂ ਗੁਰੂ ਸਾਹਿਬ ਜੀ ਦੇ ਸਾਮ੍ਹਣੇ ਆਇਆ ਅਤੇ ਗੁਰੂ ਜੀ ਉੱਤੇ ਕਈ ਵਾਰ ਕੀਤੇ ਪਰ ਕੁਝ ਨਾ ਵਿਗਾੜ ਸਕਿਆ ਜੱਦ ਕਿ ਗੁਰੂ ਸਾਹਿਬ ਜੀ ਦੇ ਇਕੋ ਵਾਰ ਨਾਲ ਜਖ਼ਮੀ ਹੋਕੇ ਘੋੜੇ ਤੋਂ ਡਿੱਗ ਪਿਆ ਅਤੇ ਉਸ ਦਾ ਅੰਤ ਨੇੜੇ ਆਗਿਆ। ਪੈਂਦੇ ਖਾਂ ਦਾ ਦਾਮਾਦ ਕਾਲੇ ਖਾਂ ਨੇ ਵੀ ਗੁਰੂ ਜੀ ਨੂੰ ਯੁੱਧ ਲਈ ਲਲਕਾਰਿਆ ਅਤੇ ਤਲਵਾਰ ਦਾ ਵਾਰ ਕੀਤਾ। ਗੁਰੂ ਜੀ ਨੇ ਵਾਪਸੀ ਵਾਰ ਕੀਤਾ ਅਤੇ ਆਖਿਆਂ ਕਾਲੇ ਖਾਂ,ਵਾਰ ਇਉਂ ਨਹੀਂ ਇਉਂ ਕਰੀ ਦਾ ਹੈ ਅਤੇ ਆਪਣੇ ਵਾਰ ਨਾਲ ਕਾਲੇ ਖਾਂ ਦੇ ਮੋਢੇ ਤੋਂ ਐਸਾ ਚੀਰ ਪਾਇਆ ਜਿਵੇਂ ਕਿਸੇ ਨੇ ਜੰਜੂ ਪਾਇਆ ਹੋਵੇ। ਇਹ ਯੁਧ 1635 ਦਾ ਹੈ ਜਿਸ ਵਿੱਚ ਮੁਸਲਮਾਨੀ ਫੌਜ ਨੇ ਭੱਜ ਕੇ ਜਾਣ ਬਚਾਈ। 1635ਈ: ਵਿੱਚ ਹੀ ਫਗਵਾੜਾ ਦਾ ਯੁੱਧ ਹੋਇਆ। ਜਿਸ ਵਿੱਚ ਭਾਈ ਦਾਸਾ ਜੀ ਅਤੇ ਭਾਈ ਸੁਲੇਹਾ ਜੀ ਸ਼ਹੀਦ ਹੋਏ। ਇਸ ਵਿੱਚ ਗੁਰੂ ਜੀ ਦੀ ਹਾਰ ਹੋਈ। 1638 ਵਿੱਚ ਬਾਬਾ ਗੁਰਦਿਤਾ ਜੀ ਚਲਾਨਾ ਕਰ ਗਏ।[ਹਵਾਲਾ ਲੋੜੀਂਦਾ]

ਅੰਤਿਮ ਸਮਾਂ

[ਸੋਧੋ]

ਗੁਰੂ ਸਾਹਿਬ ਜੀ ਨੇ ਹਰ ਪਾਸੇ ਸਿੱਖੀ ਦਾ ਪਰਚਾਰ ਕੀਤਾ ਅਤੇ ਆਮ ਜਨਤਾ ਨੂੰ ਕਰਮ ਕਾਂਡਾਂ ਅਤੇ ਵਹਿਮਾਂ ਭਰਮਾਂ ਤੋਂ ਕਢਿਆ। 1635 ਵਿੱਚ ਦਾਰਾ ਸ਼ਿਕੋਹ ਪੰਜਾਬ ਦਾ ਗਵਰਨਰ ਬਣਿਆ ਅਤੇ ਜੋ ਧਾਰਮਿਕ ਪੱਖ ਤੋਂ ਤੰਗ ਦਿਲ ਨਹੀਂ ਸੀ। ਸੋ 1644 ਤੱਕ ਅਮਨ ਸ਼ਾਂਤੀ ਦੇ ਸਮੇਂ ਸਿੱਖ ਧਰਮ ਦਾ ਪਰਚਾਰ ਜਾਰੀ ਰਿਹਾ। ਅੰਤ ਵੇਲਾ ਨੇੜੇ ਜਾਣਕੇ ਗੁਰੂ ਸਾਹਿਬ ਜੀ ਨੇ ਗੁਰਗੱਦੀ ਆਪਣੇ ਪੋਤਰੇ (ਪੁੱਤਰ ਬਾਬਾ ਗੁਰ ਦਿਤਾ ਜੀ) ਹਰਿ ਰਾਏ ਜੀ ਨੂੰ ਸੌਂਪੀ ਅਤੇ 3 ਮਾਰਚ 1644 ਨੂੰ 49 ਸਾਲ ਦੀ ਉਮਰ ਵਿੱਚ ਜੋਤੀ ਜੋਤ ਸਮਾ ਗਏ।[ਹਵਾਲਾ ਲੋੜੀਂਦਾ]

ਹਵਾਲੇ

[ਸੋਧੋ]
  1. Gurnek Singh. "DAMODARI, MATA". Encyclopaedia of Sikhism. Punjabi University Patiala. Retrieved 12 August 2017.
  2. Banerjee, A. C. "NANAKI, MATA". Encyclopaedia of Sikhism. Punjabi University Patiala. Retrieved 12 August 2017.
  3. Gurnek Singh. "MAHA DEVI, MATA". Encyclopaedia of Sikhism. Punjabi University Patiala. Retrieved 12 August 2017.
  4. Fauja Singh. "HARGOBIND, GURU (1595-1644)". Encyclopaedia of Sikhism. Punjabi University, Patiala. Retrieved 12 August 2017.
  5. HS Syan (2013), Sikh Militancy in the Seventeenth Century, IB Tauris, ISBN 978-1780762500, pages 48–55