ਸਮੱਗਰੀ 'ਤੇ ਜਾਓ

ਗੁਰੂ ਅਰਜਨ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
(ਗੁਰੂ ਅਰਜਨ ਦੇਵ ਤੋਂ ਮੋੜਿਆ ਗਿਆ)
ਸ੍ਰੀ ਗੁਰ ਅਰਜਨ ਦੇਵ ਸਾਹਿਬ ਜੀ
ਸ੍ਰੀ ਗੁਰ ਅਰਜਨ ਦੇਵ ਸਾਹਿਬ ਜੀ
ਗੁਰ ਅਰਜਨ ਸਾਹਿਬ ਦੀ ਯਾਦ ਵਿੱਚ ਗੁਰਦੁਆਰਾ ਡੇਰਾ ਸਾਹਿਬ
ਸਿਰਲੇਖਸਿੱਖ ਧਰਮ ਦੇ 5ਵੇਂ ਗੁਰੂ
ਨਿੱਜੀ
ਜਨਮ15 ਅਪ੍ਰੈਲ 1563
ਮਰਗ30 ਮਈ 1606(1606-05-30) (ਉਮਰ 43)[1]
ਦਫ਼ਨਗੁਰਦੁਆਰਾ ਡੇਰਾ ਸਾਹਿਬ, ਅੰਦਰੂਨ ਲਾਹੌਰ
ਧਰਮਸਿੱਖੀ
ਜੀਵਨ ਸਾਥੀਮਾਤਾ ਗੰਗਾ ਜੀ
ਬੱਚੇਹਰਿ ਗੋਬਿੰਦ
ਮਾਤਾ-ਪਿਤਾ
ਲਈ ਪ੍ਰਸਿੱਧ
ਹੋਰ ਨਾਮਪੰਜਵੇਂ ਪਾਤਸ਼ਾਹ
Senior posting
Predecessorਸ੍ਰੀ ਗੁਰੂ ਰਾਮਦਾਸ ਸਾਹਿਬ ਜੀ
ਵਾਰਸਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ


ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਜੀ (15 ਅਪ੍ਰੈਲ 1563 – 30 ਮਈ 1606) ਸਿੱਖਾਂ ਦੇ ਪੰਜਵੇ ਗੁਰੂ ਅਤੇ ਪਹਿਲੇ ਸ਼ਹੀਦ ਸਿੱਖ ਗੁਰੂ ਸਨ।

ਜੀਵਨ

[ਸੋਧੋ]

ਗੁਰ ਅਰਜਨ ਦਾ ਜਨਮ ਚੌਥੇ ਗੁਰੂ ਗੁਰੂ ਰਾਮਦਾਸ ਅਤੇ ਬੀਬੀ ਭਾਨੀ ਦੇ ਘਰ 19 ਵੈਸਾਖ, ਸੰਮਤ 1620 (15 ਅਪ੍ਰੈਲ, 1563) ਨੂੰ ਗੋਇੰਦਵਾਲ ਸਾਹਿਬ ਵਿਖੇ ਹੋਇਆ। ਆਪ ਸਿੱਖਾਂ ਦੇ ਪੰਜਵੇ ਗੁਰੂ ਸਨ[2] ਬਚਪਨ ਦੇ ਮੁੱਢਲੇ 11 ਸਾਲ ਆਪਣੇ ਨਾਨਾ ਗੁਰੂ ਅਮਰਦਾਸ ਦੀ ਦੇਖ-ਰੇਖ ਹੇਠ ਗੁਜ਼ਾਰਨ ਦੇ ਨਾਲ-ਨਾਲ ਆਪ ਜੀ ਨੇ ਨਾਨਾ ਗੁਰੂ ਤੋਂ ਗੁਰਮੁਖੀ ਦੀ ਵਿੱਦਿਆ ਦੀ ਮੁਹਾਰਤ ਹਾਸਲ ਕੀਤੀ, ਦੇਵਨਾਗਰੀ ਪਿੰਡ ਦੀ ਧਰਮਸ਼ਾਲਾ ਤੋਂ ਸਿੱਖੀ, ਸੰਸਕ੍ਰਿਤ ਦਾ ਗਿਆਨ ਪੰਡਿਤ ਬੇਣੀ ਕੋਲੋਂ, ਗਣਿਤ ਵਿੱਦਿਆ ਮਾਮਾ ਮੋਹਰੀ ਜੀ ਤੋਂ ਹਾਸਲ ਕੀਤੀ ਅਤੇ ਆਪ ਜੀ ਨੂੰ ਧਿਆਨ ਲਗਾਉਣ ਦੀ ਵਿੱਦਿਆ ਆਪ ਜੀ ਦੇ ਮਾਮਾ ਜੀ, ਬਾਬਾ ਮੋਹਨ ਜੀ ਨੇ ਸਿਖਾਈ।

ਗੁਰ ਅਮਰਦਾਸ ਦਾ ਸੱਚਖੰਡ ਵਾਪਸੀ ਦਾ ਸਮਾਂ ਨੇੜੇ ਆ ਜਾਣ ਕਰਕੇ ਤੀਜੇ ਗੁਰੂ ਸਾਹਿਬ ਜੀ ਨੇ 1 ਸਤੰਬਰ, 1574 ਚੌਥੇ ਗੁਰੂ ਰਾਮਦਾਸ ਜੀ ਨੂੰ ਗੁਰਗੱਦੀ ਬਖਸ਼ਿਸ਼ ਕੀਤੀ, ਬਾਬਾ ਬੁੱਢਾ ਜੀ ਨੇ ਗੁਰਿਆਈ ਤਿਲਕ ਦੀ ਰਸਮ ਅਦਾ ਕੀਤੀ, ਉਸੇ ਦਿਨ ਹੀ ਸ੍ਰੀ ਗੁਰੂ ਅਮਰਦਾਸ ਜੀ ਜੋਤੀ ਜੋਤਿ ਸਮਾਏ, ਇਸ ਤੋਂ ਬਾਅਦ ਸਾਲ 1574 ਵਿੱਚ ਹੀ ਸ੍ਰੀ ਗੁਰੂ ਰਾਮਦਾਸ, ਸ੍ਰੀ ਗੁਰੂ ਅਮਰਦਾਸ ਜੀ ਦੇ ਆਸ਼ੇ ਨੂੰ ਪੂਰਾ ਕਰਨ ਲਈ ਆਪਣੇ ਤਿੰਨੋਂ ਪੁੱਤਰਾਂ ਪ੍ਰਿਥੀ ਚੰਦ, ਸ੍ਰੀ ਮਹਾਂਦੇਵ ਅਤੇ ਸ੍ਰੀ (ਗੁਰੂ) ਅਰਜਨ ਦੇਵ ਜੀ ਨੂੰ ਨਾਲ ਲੈ ਕੇ ਗੁਰੂ ਕੇ ਚੱਕ (ਅੰਮ੍ਰਿਤਸਰ) ਆ ਗਏ; ਸਭ ਤੋਂ ਪਹਿਲੀ ਸੇਵਾ ਜੋ ਸ੍ਰੀ ਗੁਰੂ ਅਮਰਦਾਸ ਜੀ ਦੇ ਸਮੇਂ ਸੰਤੋਖਸਰ ਦੀ ਚਲ ਰਹੀ ਸੀ, ਉਸ ਨੂੰ ਅਰੰਭਿਆ ਅਤੇ ਜਿਸ ਟਾਹਲੀ ਹੇਠ ਬੈਠ ਕੇ ਆਪ ਜੀ ਸੇਵਾ ਕਰਵਾਇਆ ਕਰਦੇ ਸਨ, ਅੱਜਕਲ੍ਹ ਉਥੇ ਗੁਰਦੁਆਰਾ ਟਾਹਲੀ ਸਾਹਿਬ ਸੁਸ਼ੋਭਿਤ ਹੈ।

ਫਿਰ ਗੁਰ ਰਾਮਦਾਸ ਨੇ ਸੰਨ 1577 ਵਿੱਚ ਪਿੰਡ ਤੁੰਗ ਦੇ ਜ਼ਿਮੀਂਦਾਰਾਂ ਨੂੰ 700 ਅਕਬਰੀ ਮੋਹਰਾਂ ਦੇ ਕੇ ਪੰਜ ਸੌ ਵਿੱੱਘੇ ਜ਼ਮੀਨ ਗੁਰੂ ਕੇ ਚੱਕ ਵਾਲੀ ਥਾਂ ਪ੍ਰਾਪਤ ਕੀਤੀ ਸੀ, ਜਿਸ ਦਾ ਨਾਮ ਬਾਅਦ ਵਿੱਚ ਚੱਕ ਰਾਮਦਾਸ ਪੈ ਗਿਆ। ਇਸੇ ਸਾਲ ਸ੍ਰੀ ਗੁਰੂ ਰਾਮਦਾਸ ਜੀ ਨੇ ਦੁੱੱਖਭੰਜਨੀ ਬੇਰੀ ਵਾਲੇ ਥਾਂ ਇੱਕ ਸਰੋਵਰ ਦੀ ਖੁਦਵਾਈ ਆਰੰਭੀ, ਜਿਸ ਨੂੰ ਬਾਅਦ ਵਿੱਚ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਸੰਪੂਰਨ ਕੀਤਾ। ਇਸ ਸਰੋਵਰ ਦਾ ਨਾਮ ਆਪਣੀ ਦੂਰਅੰਦੇਸ਼ੀ ਨਾਲ ਅੰਮ੍ਰਿਤਸਰ ਰੱਖਿਆ। ਇਸ ਤੋਂ ਹੀ ਇਸ ਨਗਰ ਦਾ ਨਾਮ ਅੰਮ੍ਰਿਤਸਰ ਪਿਆ।

ਵਿਆਹ,ਪੁੱਤਰ ਦੀ ਦਾਤ ਤੇ ਗੁਰਿਆਈ

[ਸੋਧੋ]

ਸ੍ਰੀ ਗੁਰੂ ਅਰਜਨ ਦੇਵ ਜੀ ਦਾ ਵਿਆਹ 23 ਹਾੜ ਸੰਮਤ 1636 ਨੂੰ ਮੌ ਪਿੰਡ (ਤਹਿਸੀਲ ਫਿਲੌਰ) ਦੇ ਵਸਨੀਕ ਸ੍ਰੀ ਕਿਸ਼ਨ ਚੰਦ ਜੀ ਦੀ ਸਪੁੱਤਰੀ ਮਾਤਾ ਗੰਗਾ ਜੀ ਨਾਲ ਹੋਇਆ, ਉਸ ਵੇਲੇ ਆਪ ਜੀ ਦੀ ਉਮਰ 16 ਸਾਲ ਦੀ ਸੀ।ਜਦ ਮਾਤਾ ਗੰਗਾ ਜੀ ਮਨ ਵਿੱਚ ਪੁੱਤਰ ਪ੍ਰਾਪਤੀ ਦੀ ਇੱਛਾ ਲੈ ਬਾਬਾ ਬੁੱਢਾ ਜੀ ਲਈ ਹੱਥੀਂ ਪ੍ਰਸ਼ਾਦਾ ਤਿਆਰ ਕਰਕੇ,ਬੀੜ ਸਾਹਿਬ ਪੁੱਜੇ ਤਾਂ ਪਰਸ਼ਾਦ ਛਕਣ ਲੱਗਿਆਂ ਪ੍ਰਸੰਨ ਚਿਤ ਮੁਦਰਾ ਵਿੱਚ ਹੋਏ ਬਾਬਾ ਜੀ ਦੇ ਵਰਦਾਨ ਨਾਲ ਮਾਤਾ ਗੰਗਾ ਜੀ ਦੀ ਕੁੱਖੋਂ 21 ਹਾੜ ਸੰਮਤ 1652 (19 ਜੂਨ 1595) ਨੂੰ ਛੇਵੇਂ ਗੁਰੂ, ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਯੋਧਾ ਪੁੱਤਰ ਦਾ ਜਨਮ ਹੋਇਆ ਸੀ।

ਇਧਰ ਸ੍ਰੀ ਗੁਰੂ ਰਾਮਦਾਸ ਜੀ ਨੇ ਆਪਣੇ ਨਿੱਕੇ ਸਪੁੱਤਰ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਧਰਮ ਪ੍ਰਤੀ ਲਗਨ, ਪਿਆਰ, ਸਤਿਕਾਰ, ਸੁਭਾਅ ਵਿੱਚ ਨਿਮਰਤਾ ਆਦਿ ਦੇ ਗੁਣਾਂ ਨੂੰ ਦੇਖਦੇ ਹੋਏ 1 ਸਤੰਬਰ 1581 ਨੂੰ ਜੋਤੀ ਜੋਤਿ ਸਮਾਉਣ ਵੇਲੇ ਸ੍ਰੀ ਗੋਇੰਦਵਾਲ ਸਾਹਿਬ ਵਿਖੇ, ਬਾਬਾ ਬੁੱਢਾ ਸਾਹਿਬ ਜੀ ਹੱਥੋਂ ਗੁਰਿਆਈ ਦਾ ਤਿਲਕ ਬਖਸ਼ਿਸ਼ ਕੀਤਾ ਅਤੇ ਆਪ ਚੌਥੇ ਗੁਰੂ ਉਸੇ ਦਿਨ ਹੀ ਜੋਤੀ ਜੋਤਿ ਸਮਾ ਗਏ। ਉਸ ਵਕਤ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਉਮਰ 18 ਸਾਲ ਦੀ ਸੀ। ਦਸਤਾਰਬੰਦੀ ਦੀ ਰਸਮ ਤੋਂ ਬਾਅਦ ਆਪ ਜੀ ਅਕਤੂਬਰ ਮਹੀਨੇ ਸ੍ਰੀ ਅੰਮ੍ਰਿਤਸਰ ਆ ਗਏ।

ਹਰਿਮੰਦਰ ਸਾਹਿਬ ਤੇ ਹੋਰ ਗੁਰਦੁਆਰਿਆਂ ਦੀ ਸਥਾਪਨਾ

[ਸੋਧੋ]

ਗੁਰਗੱਦੀ ਤੇ ਬਿਰਾਜਮਾਨ ਹੋ ਕੇ ਆਪ ਜੀ ਨੇ ਧਰਮ ਪ੍ਰਚਾਰ ਦੇ ਨਾਲ-ਨਾਲ ਗੁਰੂ ਰਾਮਦਾਸ ਜੀ ਵੱਲੋਂ ਅਰੰਭੇ ਕਾਰਜਾਂ ਨੂੰ ਨੇਪਰੇ ਚਾੜ੍ਹਨਾ ਸ਼ੁਰੂ ਕੀਤਾ। ਸੰਗਤਾਂ ਦੇ ਨਾਲ-ਨਾਲ ਬਾਬਾ ਬੁੱਢਾ ਜੀ ਅਤੇ ਭਾਈ ਸਾਲ੍ਹੋ ਜੀ ਨੂੰ ਇਨ੍ਹਾਂ ਕੰਮਾਂ ਲਈ ਜਥੇਦਾਰ ਥਾਪਿਆ ਅਤੇ ਨਾਲ ਹੀ ਆਪ ਜੀ ਨੇ ਦੂਰ-ਦੂਰ ਤਕ ਗੁਰਸਿੱਖੀ ਨੂੰ ਪ੍ਰਚਾਰਿਆ। ਆਗਰੇ ਤੋਂ ਚੱਲ ਕੇ ਗੁਰੂ ਸਾਹਿਬ ਦੇ ਦਰਸ਼ਨਾਂ ਹਿਤ ਭਾਈ ਗੁਰਦਾਸ ਜੀ ਅੰਮ੍ਰਿਤਸਰ ਵਿਖੇ 1583 ਦੇ ਆਰੰਭ ਵਿੱਚ ਗੁਰੂ ਸਾਹਿਬ ਨੂੰ ਮਿਲੇ। ਸ੍ਰੀ ਗੁਰੂ ਅਰਜਨ ਦੇਵ ਜੀ ਵੱਲੋਂ ਆਰੰਭੀ ਸੰਨ 1586 ਈਃ ਵਿੱਚ ਸੰਤੋਖਸਰ ਗੁਰਦੁਆਰਾ ਸਾਹਿਬ ਦੀ ਸੇਵਾ ਵਿੱਚ ਭਾਈ ਗੁਰਦਾਸ ਜੀ ਨੇ ਅਹਿਮ ਯੋਗਦਾਨ ਪਾਇਆ, ਸਿੱਖੀ ਨੂੰ ਮਜ਼ਬੂਤ ਕਰਨ ਲਈ ਗੁਰੂ ਸਾਹਿਬ ਜੀ ਨੇ 3 ਜਨਵਰੀ, 1588 (ਮਾਘੀ ਵਾਲੇ ਦਿਨ) ਸ੍ਰੀ ਗੁਰੂ ਅਰਜਨ ਦੇਵ ਜੀ ਨੇ ਸ੍ਰੀ ਹਰਿਮੰਦਰ ਸਾਹਿਬ ਦੀ ਨੀਂਹ ਰੱਖਣ ਦਾ ਪਵਿੱਤਰ ਕੰਮ ਮੁਸਲਮਾਨ ਫਕੀਰ ਸਾਈਂ ਮੀਆਂ ਮੀਰ (ਪੂਰਾ ਨਾਮ ਮੁਅਈਨ-ਉਲ-ਅਸਲਾਮ) ਤੋਂ ਕਰਵਾਇਆ। ਸ੍ਰੀ ਹਰਿਮੰਦਰ ਸਾਹਿਬ ਦੇ ਚਾਰੇ ਪਾਸੇ ਦਰਵਾਜ਼ੇ ਰਖਵਾਉਣ ਦਾ ਗੁਰੂ ਸਾਹਿਬ ਦਾ ਮੰਤਵ ਸਾਰੇ ਧਰਮਾਂ ਨੂੰ ਬਰਾਬਰ ਦਾ ਸਤਿਕਾਰ ਦੇਣਾ ਸੀ। ਸਰੋਵਰ ਵਿੱਚ ਬਿਰਾਜਮਾਨ ਸ੍ਰੀ ਹਰਿਮੰਦਰ ਸਾਹਿਬ ਦੀ ਮੂਰਤ ਅਤੇ ਦਿਨ-ਰਾਤ ਹੁੰਦਾ ਗੁਰਬਾਣੀ ਦਾ ਕੀਰਤਨ ਸੁਣ ਕੇ ਅਤੇ ਅਚਰਜ ਨਜ਼ਾਰੇ ਤੱਕ ਕੇ ਦੇਖਣ ਵਾਲੇ ਦੇ ਮਨ ਵਿੱਚ ਅਜਿਹਾ ਸਵਾਲ ਪੈਦਾ ਹੈ ਕਿ ਕੀ ਇਸ ਤੋਂ ਅੱਗੇ ਵੀ ਕੋਈ ਸੱਚਖੰਡ ਹੈ?

1590 ਤਕ ਗੁਰੂ ਸਾਹਿਬ ਸ੍ਰੀ ਹਰਿਮੰਦਰ ਸਾਹਿਬ ਦੀ ਸੇਵਾ ਵਿੱਚ ਰੁੱਝੇ ਰਹੇ ਅਤੇ ਇਸੇ ਹੀ ਸਾਲ ਗੁਰੂ ਸਾਹਿਬ ਨੇ 15 ਅਪ੍ਰੈਲ 1590 ਈ. ਬਾਬਾ ਬੁੱਢਾ ਜੀ ਦੇ ਅਰਦਾਸਾ ਸੋਧਣ ਉਪਰੰਤ ਤਰਨ ਤਾਰਨ ਸਰੋਵਰ ਦੀ ਨੀਂਹ ਰੱਖੀ, ਕਿਉਂਕਿ ਸਿੱਖੀ ਦੇ ਅਸੂਲ ਹਨ, ਆਪ ਤਰਨਾ ਅਤੇ ਦੂਜਿਆਂ ਨੂੰ ਤਾਰਨਾ ਅਤੇ ਗੁਰੂ ਸਾਹਿਬ ਦਾ ਮਨੋਰਥ ਗੁਰੂ ਨਾਨਕ ਸਾਹਿਬ ਦੀ ਸਿੱਖੀ ਨੂੰ ਪ੍ਰਚਾਰਨਾ ਸੀ ਅਤੇ ਖਾਸ ਕਰਕੇ ਇਸ ਇਲਾਕੇ ਦੇ ਹਾਕਮ ਨੂਰਦੀਨ ਅਤੇ ਉਸ ਦੇ ਪੁੱਤਰ ਅਮੀਰ ਦੀਨ ਅਤੇ ਸਖੀ ਸਰਵਰਾਂ ਦੇ ਵਧ ਰਹੇ ਮੁਸਲਮਾਨੀ ਪ੍ਰਭਾਵ ਨੂੰ ਰੋਕਣਾ ਸੀ, ਇਸ ਲਈ ਆਪ ਜੀ ਖੁਦ ਪ੍ਰਚਾਰ ਹਿੱਤ ਖਡੂਰ ਸਾਹਿਬ ਅਤੇ ਹੋਰ ਇਲਾਕਿਆਂ ਵਿੱਚ ਗਏ। ਤਰਨ ਤਾਰਨ ਵਿੱਚ ਕੋਹੜੀ ਘਰ ਬਣਵਾਉਣ ਉਪਰੰਤ ਸਰੋਵਰ ਦੇ ਪਾਣੀ ਨੂੰ ਅੰਮ੍ਰਿਤ ਰੂਪ ਵਿੱਚ ਬਦਲ ਕੇ ਕੋਹੜੀਆਂ ਦਾ ਕੋਹੜ ਹਮੇਸ਼ਾ ਲਈ ਖਤਮ ਕੀਤਾ।

1593 ਵਿੱਚ ਆਪ ਜੀ ਨੇ ਜਲੰਧਰ ਕੋਲ (ਦੁਆਬੇ ਵਿਚ) ਧਰਮ ਪ੍ਰਚਾਰ ਕੇਂਦਰ ਹਿਤ ਕਰਤਾਰਪੁਰ ਵਸਾਇਆ ਅਤੇ ਮਾਤਾ ਗੰਗਾ ਜੀ ਦੇ ਨਾਮ ’ਤੇ ਖੂਹ ਲਗਵਾਇਆ। 1594 ਈਃ ਨੂੰ ਆਪ ਜੀ ਨੇ ਗੁਰੂ ਕੀ ਵਡਾਲੀ ਨੂੰ ਧਰਮ ਪ੍ਰਚਾਰ ਹਿਤ ਪੱਕਾ ਟਿਕਾਣਾ ਬਣਾਇਆ, ਇਥੇ ਹੀ ਛੇਵੇਂ ਗੁਰੂ ਸਾਹਿਬ ਦਾ ਜਨਮ ਹੋਇਆ। ਇਨ੍ਹਾਂ ਹੀ ਸਾਲਾਂ ਵਿੱਚ ਸੋਕਾ ਪੈ ਜਾਣ ਕਾਰਨ ਜਨਤਾ ਦੀ ਲੋੜ ਨੂੰ ਮੁੱਖ ਰੱਖ ਕੇ ਆਪ ਜੀ ਨੇ ਦੋ-ਹਰਟੇ, ਚਾਰ-ਹਰਟੇ ਖੂਹ ਲਗਵਾਏ। ਗੁਰੂ ਕੀ ਵਡਾਲੀ ਦੇ ਪੱਛਮ ਵੱਲ ਛੇ-ਹਰਟਾ ਖੂਹ (ਜਿੱਥੇ ਗੁਰਦੁਆਰਾ ਛੇਹਰਟਾ ਸਾਹਿਬ ਹੈ) ਲਗਵਾਇਆ।

ਲਾਹੌਰ ਵਿੱਚ ਕਾਲ ਤੇ ਸਮਰਾਟ ਅਕਬਰ ਨਾਲ ਮਿਲਾਪ

[ਸੋਧੋ]

ਲਾਹੌਰ ਵਿੱਚ ਭੁੱਖਮਰੀ ਅਤੇ ਕਾਲ ਪੈ ਜਾਣ ਕਾਰਨ ਸੰਨ 1597 ਵਿੱਚ ਗੁਰੂ ਜੀ ਨੇ ਲਾਹੌਰ ਪੁੱਜ ਕੇ ਚੂਨਾ ਮੰਡੀ ਵਿਖੇ ਨਿਥਾਵਿਆਂ ਨੂੰ ਥਾਂ ਦੇਣ ਲਈ ਇਮਾਰਤ ਅਤੇ ਪਾਣੀ ਦੀ ਜ਼ਰੂਰਤ ਲਈ ਡੱਬੀ ਬਜ਼ਾਰ ਵਿੱਚ ਬਾਉਲੀ ਬਣਵਾਈ। ਲੰਗਰ ਲਗਵਾਏ, ਦਵਾ ਦਾਰੂ ਦਾ ਇੰਤਜ਼ਾਮ ਕੀਤਾ।

  • 1598 ਵਿੱਚ ਹੀ ਅਕਬਰ ਬਾਦਸ਼ਾਹ ਗੋਇੰਦਵਾਲ ਵਿਖੇ ਗੁਰੂ ਅਰਜਨ ਦੇਵ ਜੀ ਦੇ ਦਰਬਾਰ ਵਿੱਚ ਹਾਜ਼ਰ ਹੋਇਆ।ਉਸ ਨੇ ਗੁਰੂ ਜੀ ਵਲੌਂ ਲਾਹੌਰ ਕਾਲ ਸਮੇਂ ਪੀੜਤ ਲੋਕਾਂ ਦੀ ਸੇਵਾ ਲਈ ਸ਼ੁਕਰਾਨਾ ਕੀਤਾ।ਗੁਰੂ ਜੀ ਦੀ ਅਜ਼ੀਮ ਸ਼ਖਸੀਅਤ ਤੇ ਲੰਗਰ ਪ੍ਰਥਾ ਤੋਂ ਪ੍ਰਭਾਵਿਤ ਹੋ ਕੇ ਲੰਗਰ ਦੇ ਨਾਂ ਜਗੀਰ ਲਾਉਣ ਦੀ ਪੇਸ਼ਕਸ਼ ਕੀਤੀ। ਪਰ ਗੁਰੂ ਜੀ ਨੇ ਜਗੀਰ ਤੋਂ ਇਨਕਾਰ ਕਰ ਦਿੱਤਾ ਲੇਕਿਨ ਬਾਦਸ਼ਾਹ ਨੂੰ ਇਸ ਇਲਾਕੇ ਵਿਚੌਂ ਸ਼ਾਹੀ ਫੌਜਾਂ ਦੇ ਰਹਿਣ ਤੇ ਕੂਚ ਕਰਣ ਕਰਕੇ ਹੋਏ ਨੁਕਸਾਨ ਕਾਰਨ ਲਗਾਨ ਮਾਫ ਕਰਣ ਲਈ ਅਕਬਰ ਬਾਦਸ਼ਾਹ ਨੂੰ ਰਾਜ਼ੀ ਕਰ ਲਿਆ।ਸੰਨ 1599 ਈ. ਵਿੱਚ ਲੋਕਾਂ ਨੂੰ ਵਹਿਮਾਂ-ਭਰਮਾਂ ’ਚੋਂ ਕੱਢਣ ਲਈ ਧਰਮ ਪ੍ਰਚਾਰ ਹਿਤ ਆਪ ਜੀ, ਡੇਰਾ ਬਾਬਾ ਨਾਨਕ, ਕਰਤਾਰਪੁਰ (ਰਾਵੀ ਵਾਲੇ) ਕਲਾਨੌਰ ਦੇ ਪ੍ਰਚਾਰ ਦੌਰੇ ਤੋਂ ਬਾਰਠ ਵਿਖੇ ਬਾਬਾ ਸ੍ਰੀ ਚੰਦ ਜੀ ਨੂੰ ਮਿਲੇ। ਇੱਕ ਸਾਲ ਦੇ ਪ੍ਰਚਾਰ ਦੌਰੇ ਤੋਂ ਬਾਅਦ ਆਪ ਜੀ ਅੰਮ੍ਰਿਤਸਰ ਪਹੁੰਚੇ।

ਗੁਰੂ ਗ੍ਰੰਥ ਸਾਹਿਬ ਦਾ ਸੰਪਾਦਨ

[ਸੋਧੋ]

ਗੁਰੂ ਸਾਹਿਬ ਜੀ ਨੇ ਆਪਣੇ ਗੁਰਗੱਦੀ ਕਾਲ ਵਿਚ, ਸਭ ਤੋਂ ਮਹਾਨ ਕੰਮ ਇਲਾਹੀ ਬਾਣੀ ਰਚਣ ਅਤੇ ਪਹਿਲੇ ਗੁਰੂ ਸਾਹਿਬਾਂ ਦੀ, ਸੰਤਾਂ, ਭਗਤਾਂ ਦੀ ਬਾਣੀ ਨੂੰ ਇਕੱਤਰ ਕਰਨ ਦਾ ਕੀਤਾ। ਇਸ ਮਹਾਨ ਕੰਮ ਨੂੰ ਕਰਨ ਲਈ ਗੁਰੂ ਸਾਹਿਬ ਨੇ ਇਕਾਂਤ ਵਾਸ ਜਗ੍ਹਾ ਸ੍ਰੀ ਰਾਮਸਰ (ਗੁਰਦੁਆਰੇ ਸੁਸ਼ੋਭਿਤ) ਅੰਮ੍ਰਿਤਸਰ ਚੁਣੀ। ਆਪ ਜੀ ਨੇ ਸੰਨ 1601 ਤੋਂ ਲੈ ਕੇ ਅਗਸਤ 1604 ਦੇ ਲੰਮੇ ਅਰਸੇ ਦੌਰਾਨ ਇਹ ਕੰਮ ਸੰਪੂਰਨ ਕੀਤਾ ਅਤੇ ਆਦਿ ਗ੍ਰੰਥ ਦੀ ਬੀੜ ਤਿਆਰ ਕੀਤੀ ਜਿਸ ਵਿੱਚ 34 ਮਹਾਂਪੁਰਸ਼ਾਂ ਦੀ ਬਾਣੀ ਅੰਕਿਤ ਕੀਤੀ ਜਿਨ੍ਹਾਂ ਵਿੱਚ ਪੰਜ ਗੁਰੂ ਸਾਹਿਬਾਨ ਦੀ ਬਾਣੀ, 15 ਭਗਤਾਂ , 11 ਭੱਟਾਂ ਅਤੇ ਤਿੰਨ ਗੁਰੂ ਘਰ ਦੇ ਸਿੱਖਾਂ ਦੀ ਬਾਣੀ ਦਾ ਸੰਗ੍ਰਹਿ ਤਿਆਰ ਕੀਤਾ। ਇਸ ਸੇਵਾ ਲਈ ਭਾਈ ਗੁਰਦਾਸ ਜੀ ਨੇ ਆਪਣੀ ਲੇਖਣੀ ਦੁਆਰਾ ਮਹਾਨ ਯੋਗਦਾਨ ਪਾਇਆ। ਗੁਰੂ ਸਾਹਿਬ ਜੀ ਨੇ ਆਪਣੀ ਦੇਖ ਰੇਖ ਹੇਠ ਜਿਲਦ ਸਾਜ ਕੀਤੀ ਅਤੇ 30 ਅਗਸਤ 1604 ਨੂੰ ਇਸ ਇਲਾਹੀ ਗ੍ਰੰਥ ਦਾ ਪਹਿਲੀ ਵਾਰ ਦਰਬਾਰ ਸਾਹਿਬ ਅੰਦਰ ਪ੍ਰਕਾਸ਼ ਕੀਤਾ ਗਿਆ, ਬਾਬਾ ਬੁੱਢਾ ਜੀ ਨੇ ਪ੍ਰਥਮ ਗ੍ਰੰਥੀ ਦੇ ਤੌਰ ’ਤੇ ਪਹਿਲਾ ਹੁਕਮਨਾਮਾ ਲਿਆ।

ਗੁਰੂ ਸਾਹਿਬ ਦੀ ਸ਼ਹਾਦਤ

[ਸੋਧੋ]

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਦੁੱਤੀ ਉਪਦੇਸ਼ਾਂ ਦਾ ਅਸਰ ਮੁਸਲਮਾਨ ਉਲਮਾਵਾਂ ਅਤੇ ਕਾਜ਼ੀਆਂ ਨੇ ਕਬੂਲਿਆ ਕਿਉਂਕਿ ਮੁਸਲਮਾਨ ਕੱਟੜਪੰਥੀ ਆਪਣੇ ਧਰਮ ਦੀ ਬਰਾਬਰੀ ਬਰਦਾਸ਼ਤ ਨਹੀਂ ਕਰ ਸਕਦੇ ਸਨ। ਅਕਬਰ ਦਾ ਪੁੱਤਰ ਜਹਾਂਗੀਰ ਜਦੋਂ ਤਖ਼ਤ ’ਤੇ ਬੈਠਾ ਤਾਂ ਵਿਰੋਧੀਆਂ ਨੇ ਗੁਰੂ ਸਾਹਿਬ ਵਿਰੁੱਧ ਉਸ ਦੇ ਕੰਨ ਭਰਨੇ ਸ਼ੁਰੂ ਕੀਤੇ। ਇਸ ਕੰਮ ਵਿੱਚ ਚੰਦੂ ਦੀ ਈਰਖਾ ਨੇ ਵੀ ਬਹੁਤ ਜ਼ਿਆਦਾ ਰੋਲ ਅਦਾ ਕੀਤਾ। ਜਹਾਂਗੀਰ ਨੇ ਮੁਰਤਜ਼ਾ ਖਾਨ ਨੂੰ ਕਿਹਾ ਕਿ ਗੁਰੂ ਸਾਹਿਬ ਦਾ ਮਾਲ ਅਸਬਾਬ ਜ਼ਬਤ ਕਰਕੇ ਉਨ੍ਹਾਂ ਨੂੰ ਉਸ ਦੇ ਸਾਹਮਣੇ ਪੇਸ਼ ਕੀਤਾ ਜਾਵੇ। ਜਹਾਂਗੀਰ ਨੇ ਗੁਰੂ ਸਾਹਿਬ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਹਜ਼ਰਤ ਮੁਹੰਮਦ ਦੀ ਖੁਸ਼ਾਮਦ ਦੇ ਸ਼ਬਦ ਦਰਜ ਕਰਨ ਲਈ ਕਿਹਾ, ਜਿਸ ’ਤੇ ਗੁਰੂ ਸਾਹਿਬ ਨੇ ਸਾਫ ਇਨਕਾਰ ਕਰ ਦਿੱਤਾ। ਇੱਕ ਪਾਸੇ ਚੰਦੂ ਦੀ ਈਰਖਾ ਸੀ ਕਿ ਉਸ ਦੀ ਲੜਕੀ ਦਾ ਰਿਸ਼ਤਾ ਗੁਰੂ ਹਰਿਗੋਬਿੰਦ ਸਾਹਿਬ ਨੂੰ ਕਰਨ ਤੋਂ ਗੁਰੂ ਸਾਹਿਬ ਨੇ ਇਨਕਾਰ ਕਰ ਦਿੱਤਾ ਸੀ, ਅਖੀਰ ਗੁਰੂ ਸਾਹਿਬ ਨੂੰ ਸ਼ਹੀਦ ਕਰਨ ਦਾ ਹੁਕਮ ਦੇ ਦਿੱਤਾ ਗਿਆ, ਇਸ ਕੰਮ ਲਈ ਖਾਸ ਤੌਰ ’ਤੇ ਨਿਰਦਈ ਚੰਦੂ ਨੂੰ ਲਗਾਇਆ ਗਿਆ। ਗੁਰੂ ਸਾਹਿਬ ਨੂੰ ਤੱਤੀ ਤਵੀ ’ਤੇ ਬਿਠਾ ਕੇ ਸੀਸ ’ਤੇ ਤੱਤੀ ਰੇਤ ਪਾਈ ਗਈ ਅਤੇ ਬਾਅਦ ਵਿੱਚ ਉਬਲਦੇ ਪਾਣੀ ਦੀ ਦੇਗ ਵਿੱਚ ਪਾਇਆ ਗਿਆ। ਪਰ ਗੁਰੂ ਸਾਹਿਬ ਨੇ ‘ਤੇਰਾ ਕੀਆ ਮੀਠਾ ਲਾਗੇ ' ਦੀ ਧੁਨੀ ਜਾਰੀ ਰੱਖੀ ਅੰਤ 16 ਮਈ, 1606 ਨੂੰ ਛੇਵੇਂ ਦਿਨ ਗੁਰੂ ਸਾਹਿਬ ਦੇ ਪਾਵਨ ਸਰੀਰ ਨੂੰ ਰਾਵੀ ਦਰਿਆ ਦੇ ਕਿਨਾਰੇ ਲਿਜਾਇਆ ਗਿਆ ਅਤੇ ਰਾਵੀ ਦਰਿਆ ਵਿੱਚ ਰੋੜ੍ਹਿਆ ਗਿਆ। ਅੱਜਕਲ੍ਹ ਉਹ ਜਗ੍ਹਾ ਗੁਰਦੁਆਰਾ ਡੇਹਰਾ ਸਾਹਿਬ ਦੇ ਨਾਮ ਨਾਲ ਜਾਣੀ ਜਾਂਦੀ ਹੈ ਜੋ ਕਿ ਪਾਕਿਸਤਾਨ ਵਿੱਚ ਹੈ-

ਉਮਦਤ ਤਵਾਰੀਕ ਦਾ ਲਿਖਾਰੀ ਲਿਖਦਾ ਹੈ ਕਿ ਸ਼ਹਾਦਤ ਨੂੰ ਲਿਖਣ ਲੱਗਿਆਂ ਕਲਮ ਲਹੂ ਦੇ ਹੰਝੂ ਕੇਰਦੀ ਹੈ, ਅੱਖਾਂ ਰੋਂਦੀਆਂ ਹਨ, ਦਿਲ ਪਾਟਦਾ ਹੈ ਅਤੇ ਜਾਨ ਹੈਰਾਨ ਹੁੰਦੀ ਹੈ। ਵਾਹਿਗੁਰੂ ਜੀ।

ਪੰਜਾਬੀ ਸਾਹਿਤ ਵਿੱਚ ਯੋਗਦਾਨ

[ਸੋਧੋ]

ਗੁਰੂ ਅਰਜਨ ਦੇਵ ਜੀ ਦੀ ਪੰਜਾਬੀ ਸਾਹਿਤ ਨੂੰ ਸਭ ਤੋਂ ਵੱਡੀ ਦੇਣ, ਆਦਿ ਗ੍ਰੰਥ ਸਾਹਿਬ ਦੀ ਸੰਪਾਦਨਾ ਹੈ, ਜਿਸ ਵਿੱਚ 5 ਗੁਰੂ ਸਾਹਿਬਾਨ ਤੋਂ ਬਿਨਾਂ ਉਨ੍ਹਾਂ ਭਗਤਾਂ, ਸੂਫੀ ਫਕੀਰਾਂ, ਭੱਟਾਂ ਆਦਿ ਦੀ ਰਚਨਾ ਦਰਜ ਹੈ, ਜਿਹੜੀ ਗੁਰਮਤਿ ਦੇ ਆਸ਼ੇ ਦੇ ਅਨੁਕੂਲ ਸੀ। ਗੁਰੂ ਗ੍ਰੰਥ ਸਾਹਿਬ ਵਿੱਚ ਗੁਰੂ ਅਰਜਨ ਦੇਵ ਜੀ ਦੀ ਸਭ ਤੋਂ ਵੱਧ ਬਾਣੀ ਦਰਜ ਹੈ, ਜਿਸਦੇ ਕੁੱਲ 2312 ਸ਼ਬਦ ਬਣਦੇ ਹਨ। ਆਪ ਜੀ ਦੀਆਂ ਮੁੱਖ ਰਚਨਾਵਾਂ ਹਨ (1) ਸੁਖਮਨੀ (2) ਬਾਰਹਮਾਂਹ (3) ਬਾਵਨ ਅੱਖਰੀ (4) ਫੁਨਹੇ (5) ਮਾਰੂ ਡਖਣੇ (6) ਵਾਰਾਂ, ਜਿੰਨ੍ਹਾਂ ਦੀ ਗਿਣਤੀ ਛੇ ਹੈ।[3]

ਸੁਖਮਨੀ

[ਸੋਧੋ]

ਸੁਖਮਨੀ ਗੁਰੂ ਅਰਜਨ ਦੇਵ ਜੀ ਦੀ ਸ਼ਾਹਕਾਰ ਰਚਨਾ ਹੈ। ਇਸ ਦੀਆਂ ਕੁੱਲ 24 ਅਸ਼ਟਪਦੀਆਂ ਹਨ। ਹਰ ਅਸ਼ਟਪਦੀ ਦੇ ਆਰੰਭ ਵਿੱਚ ਇੱਕ ਸ਼ਲੋਕ ਅੰਕਿਤ ਹੈ, ਜਿਸ ਵਿੱਚ ਉਸ ਅਸ਼ਟਪਦੀ ਦਾ ਸਾਰ ਦਿੱਤਾ ਗਿਆ ਹੈ। ਹਰ ਆਸ਼ਟਪਦੀ ਵਿੱਚ 8 ਪਦੀਆਂ ਅਤੇ ਹਰ ਪਦੀ ਵਿੱਚ 10 ਤੁਕਾਂ ਹਨ। ਆਦਿ ਗ੍ਰੰਥ ਦੇ 35 ਵੱਡੇ ਪੰਨਿਆ ਤੇ ਦਰਜ ‘ਸੁਖਮਨੀ` ਆਦਿ ਗ੍ਰੰਥ ਵਿਚਲੀਆਂ ਬਾਣੀਆਂ `ਚੋਂ ਸਭ ਤੋਂ ਲੰਮੀ ਬਾਣੀ ਹੈ। ਜਿਸ ਦੀਆਂ 1977 ਤੁਕਾਂ ਹਨ।[4] ਇਸ ਬਾਣੀ ਦੀ ਰਚਨਾ ਸ਼ਲੋਕ-ਚੋਪਈ-ਬੰਧ ਵਿੱਚ ਹੋਈ ਹੈ। ਅਧਿਕਾਸ਼ ਸ਼ਲੋਕ ਦੋਹਿਰਾ-ਸੋਰਠਾ ਤੋਲ ਦੇ ਦੋ ਤੁਕੇ ਹਨ, ਪਰ ਅਠਵੀਂ ਅਸ਼ਟਪਦੀ ਨਾਲ ਦਰਜ ਸ਼ਲੋਕ ਤਿੰਨ ਤੁਕਾਂ ਵਾਲਾ ਹੈ। ਇਸੇ ਤਰ੍ਹਾਂ ਸੱਤਵੀਂ ਅਤੇ ਨੌਵੀ ਅਸ਼ਟਪਦੀ ਵਾਲੇ ਸ਼ਲੋਕ ਚੁੳ-ਤੁਕੇ ਹਨ ਅਤੇ ਤੋਲ ਚੋਪਈ ਵਰਗਾ ਹੈ। ਇਸ ਰਚਨਾ ਵਿੱਚ ਅਧਿਆਤਮਿਕ ਸਾਧਨਾ ਨਾਮ ਸਿਮਰਨ ਦੇ ਪ੍ਰਭਾਵ ਕਰਕੇ ਨਿਖਰੀਆ ਸ਼ਖ਼ਸੀਅਤਾਂ, ਨਾਮ ਸਿਮਰਨ ਤੋਂ ਵਾਂਝੇ ਵਿਅਕਤੀਆਂ ਦੇ ਦੁੱਖਾਂ ਦਾ ਲੜੀਵਾਰ ਵੇਰਵਾ ਦੇ ਕੇ ਗੁਰੂ ਜੀ ਨੇ ਜਿਗਿਆਸੂ ਦਾ ਮਨ ਸੰਸਾਰਿਕਤਾ ਤੋਂ ਹਟਾ ਕੇ ਅਧਿਆਤਮਿਕਤਾ ਵਲ ਮੋੜਿਆ ਹੈ।[5] ਗੁਰੂ ਅਰਜਨ ਦੇਵ ਜੀ ਨੇ ਜਗਤ ਜਲੰਦੇ ਨੂੰ ਤਾਰਨ ਲਈ ਸੁੱਖ ਪ੍ਰਦਾਨ ਕਰਨ ਵਾਲੀ ਮਹਾਨ ਬਾਣੀ ਸੁਖਮਨੀ ਰਚ ਕੇ ਇੱਕ ਆਦਰਸ਼ ਮੁੱਖ ਦਾ ਸੰਕਲਪ ਪੇਸ਼ ਕੀਤਾ। ਸੁਖਮਨੀ ਸਾਹਿਬ ਦਾ ਕੇਂਦਰੀ ਵਿਚਾਰ ਹੇਠ ਲਿਖੀਆਂ ਰਹਾਓ ਵਾਲੀਆਂ ਪੰਕਤੀਆਂ ਵਿੱਚ ਗੁਰੂ ਸਾਹਿਬ ਨੇ ਪੇਸ਼ ਕੀਤਾ ਹੈ:- ਸੁਖਮਨੀ ਸੁਖ ਅੰਮ੍ਰਿਤ ਪ੍ਰਭੁ ਨਾਮ॥ ਭਗਤ ਜਨਾ ਕੈ ਮਨਿ ਬਿਸ੍ਰਾ॥ ਰਹਾੳ॥ ਸੁਖਮਨੀ ਦਾ ਅਰਥ ਹੈ ਮਨ ਨੂੰ ਸੁਖ ਦੇਣ ਵਾਲੀ ਬਾਣੀ ਜਿਸ ਵਿੱਚ ਦੱਸਿਆ ਹੈ ਕਿ ਮਨ ਨੂੰ ਸੁੱਖ ਸਿਰਫ ਨਾਮ ਜਪ ਕੇ ਹੋ ਸਕਦਾ ਹੈ।[6]

ਬਾਰਹਮਾਹ

[ਸੋਧੋ]

ਬਾਰਹਮਾਹ ਬਾਰਾਂ ਮਹੀਨਿਆਂ ਦੇ ਸੰਦਰਭ ਵਿੱਚ ਲਿਖੀ ਗਈ ਲੋਕ ਕਾਵਿ ਰਚਨਾ ਹੈ। ਇਸ ਰਚਨਾ ਦਾ ਮੁੱਖ ਧੁਰਾ ਕੁਦਰਤ ਹੈ। ਜਿਵੇਂ ਜਿਵੇਂ ਰੁੱਤਾਂ ਬਦਲਦੀਆਂ ਹਨ,ਤਿਵੇਂ ਤਿਵੇਂ ਕੁਦਰਤ ਵਿੱਚ ਤਬਦੀਲੀ ਆਉਂਦੀ ਹੈ। ਬਾਰਹਮਾਹ ਦੇ ਰਚਣਹਾਰ ਕਵੀਆਂ ਵਿੱਚ ਆਰੰਭਕ ਮਹੀਨੇ ਦਾ ਕਾਫੀ ਮਤਭੇਦ ਹੈ। ਕਿਸੇ ਨੇ ਇਸ ਨੂੰ ਚੇਤ ਤੋਂ ਸ਼ੁਰੂ ਕੀਤਾ ਹੈ ਅਤੇ ਕਿਸੇ ਨੇ ਹਾੜ, ਅੱਸੂ ਜਾਂ ਕੱਤਕ ਤੋਂ। ਆਮ ਤੌਰ ਤੇ ਬਾਰਹਮਾਹ ਚੇਤ ਤੋਂ ਹੀ ਸ਼ੁਰੂ ਹੁੰਦੇ ਹਨ।[7] ਰਾਗ ਮਾਝ ਵਿੱਚ ਲਿਖਿਆ ਬਾਰਹਮਾਹ ਗੁਰੂ ਅਰਜਨ ਦੇਵ ਜੀ ਦੀ ਸ੍ਰੇਸ਼ਟ ਰਚਨਾ ਹੈ। ਗੁੁਰੂ ਗ੍ਰੰਥ ਸਾਹਿਬ ਵਿੱਚ ਸਿਰਫ਼ ਦੋ ਹੀ ਬਾਰਹਮਾਹ ਦਰਜ ਹਨ। ਗੁਰੂ ਅਰਜਨ ਸਾਹਿਬ ਰਚਿਤ ਬਾਰਹਮਾਹ ਵਿੱਚ ਪੰਜਾਬੀ ਦੀ ਪ੍ਰਧਾਨਤਾ ਹੈ[8]:- ਸੱਚੇ ਮਾਰਗ ਚਲਦਿਆਂ ਉਸਤਤਿ ਕਰੇ ਜਹਾਨ ਬਾਰਹਮਾਹ ਮਾਝ ਦਾ ਵਿਸ਼ਾ ਅਧਿਆਤਮਕ ਹੈ। ਗੁਰੂ ਅਰਜਨ ਸਾਹਿਬ ਜੀ ਨੇ ਉਪਦੇਸ਼ਾਤਮਕ ਆਸ਼ੇ ਨੂੰ ਇਸ ਵਿੱਚ ਮੁੱਖ ਰੱਖਿਆ ਹੈ। ਉਹਨਾਂ ਨੇ ਦਸਿਆ ਕਿ ਜੀਵ ਆਪਣੇ ਕਰਮਾਂਂ ਨਾਲ਼ ਥਾਂ-ਥਾਂ ਭਟਕ ਰਿਹਾ ਹੈ ਅਤੇ ਦੁਖੀ ਹੋ ਰਿਹਾ ਹੈ। ਪ੍ਰਭੂ ਤੋਂ ਦੂਰ ਜਾ ਕੇ ਉਹ "ਪਰਮੇਸਰ ਤੇ ਭੁਲਿਆ ਵਿਆਪਨਿ ਸਭੇ ਰੋਗ" ਵਾਲੀ ਦਸ਼ਾ ਵਿੱਚ ਵਿਚਰ ਰਿਹਾ ਹੈ।[9]

ਬਾਵਨ ਅੱਖਰੀ

[ਸੋਧੋ]

ਗੁਰੂ ਅਰਜਨ ਦੇਵ ਜੀ ਦੁਆਰਾ ਰਚਿਤ ਇਹ ਬਾਣੀ ‘ਦੇਵ ਨਾਗਰੀ` ਲਿਪੀ ਦੀ ਵਰਣਮਾਲ ਦੇ ਅੱਖਰਾਂ ਦੇ ਆਧਾਰ ਤੇ ‘ਆਦਿ ਗ੍ਰੰਥ` ਦੇ ‘ਗਉੜੀ` ਰਾਗ ਵਿੱਚ ਅੰਕਿਤ ਹੈ। ਇਸ ਬਾਣੀ ਦੀਆਂ 55 ਪਉੜੀਆਂ ਹਨ ਤੇ ਹਰ ਇੱਕ ਪਉੜੀ ਨਾਲ ਇੱਕ ਸਲੋਕ ਅੰਕਿਤ ਹੈ। ਇਸ ਬਾਣੀ ਦੇ ਆਰੰਭ ਵਿੱਚ ਮੰਗਲਾਚਰਣ ਦੇ ਰੂਪ ਵਿੱਚ ਇੱਕ ਸਲੋਕ ਦਰਜ ਹੈ, ਜਿਸ ਦੀਆਂ 9 ਪੰਕਤੀਆਂ ਹਨ।[10] ਗੁਰੂ ਅਰਜਨ ਦੇਵ ਜੀ ਨੇ ਇਸ ਬਾਣੀ ਵਿੱਚ ਸਪਸ਼ਟ ਕੀਤਾ ਹੈ ਕਿ ਪਰਮਾਤਮਾ ਦੀ ਮਿਹਰ ਭਰੀ ਦ੍ਰਿਸ਼ਟੀ ਪ੍ਰਾਪਤ ਕਰਨ ਲਈ ਪਹਿਲਾਂ ਗੁਰੂ ਦੀ ਕਿਰਪਾ ਪ੍ਰਾਪਤ ਕਰਨੀ ਜ਼ਰੂਰੀ ਹੈ। ਕਿਉਂਕਿ ਗੁਰੂ ਮਨੁੱਖ ਦੇ ਜੀਵਨ ਵਿੱਚ ਨਿਖਾਰ ਲਿਆਉਂਦਾ ਹੈ ਅਤੇ ਉਸ ਨੂੰ ਅਧਿਆਤਮਿਕ ਮਾਰਗ ਉਤੇ ਅੱਗੇ ਤੋਰਦਾ ਹੈ। ਅਧਿਆਤਮਿਕ ਮਾਰਗ ਉਤੇ ਦ੍ਰਿੜਤਾ ਪੂਰਵਕ ਅੱਗੇ ਵਧਣ ਲਈ ਸਤਿਸੰਗਤਿ ਦੀ ਬਹੁਤ ਲੋੜ ਹੈ। ਫਲਸਰੂਪ, ਸੰਤਾਂ ਦੀ ਚਰਣ ਧੂੜ ਬਨਣ ਦੀ ਕਾਮਨਾ ਵਿਸ਼ੇਸ਼ ਰੂਪ ਵਿੱਚ ਉਭਰਦੀ ਹੈ[11]:- ਕਰਿ ਕਿਰਪਾ ਪ੍ਰਭ ਦੀਨ ਦਇਆਲਾ। ਤੋਰੇ ਸੰਤਨ ਕੀ ਮਨ ਹੋਇ ਰਵਾਲਾ।

ਵਾਰਾਂ

[ਸੋਧੋ]

ਗੁਰਬਾਣੀ ਵਿੱਚ ਅਧਿਆਤਮਿਕ ਵਾਰਾਂ ਦਾ ਚਿਤਰਣ ਮਿਲਦਾ ਹੈ। ਗੁਰੂ ਨਾਨਕ ਸਾਹਿਬ ਤੋਂ ਹੀ ਇਹਨਾਂ ਦੀ ਰਚਨਾ ਹੋਣੀ ਸ਼ੁਰੂ ਹੋ ਗਈ ਸੀ। ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ 22 ਅਧਿਆਤਮਿਕ ਵਾਰਾਂ ਦਰਜ ਹਨ। ਅਸਲ ਵਿੱਚ ਗੁਰੂ ਸਾਹਿਬਾਨ ਨੇ ਇਸ ਲੋਕ ਕਾਵਿ ਰੂਪ ਵਿੱਚ ਬਾਣੀ ਦੀ ਰਚਨਾ ਕਰਕੇ ਸਮੁੱਚੀ ਲੋਕਾਈ ਨੂੰ ਇੱਕ ਸਾਝਾਂ ਸੰਦੇਸ਼ ਦੇਣ ਦਾ ਉਪਰਾਲਾ ਕੀਤਾ। ਗੁਰੂ ਅਰਜਨ ਸਾਹਿਬ ਨੇ ਵੀ ਹੋਰ ਬਾਣੀ ਦੇ ਨਾਲ-ਨਾਲ 6 ਵਾਰਾਂ ਦੀ ਰਚਨਾ ਵੀ ਕੀਤੀ, ਜਿਸ ਵਿੱਚ ਉਹਨਾਂ ਪਰਮਾਤਮਾ ਦੀ ਸਿਫ਼ਤ ਸਲਾਹ ਤੇ ਪੂਰਨ ਗੁਰਸਿੱਖ ਦੀ ਪਰਿਭਾਸ਼ਾ ਦਰਸਾਉਣ ਦਾ ਵਡੇਰਾ ਯਤਨ ਕੀਤਾ। ਗੁਰੂ ਸਾਹਿਬ ਦੁਆਰਾ ਰਚਿਤ ਇਹਨਾਂ 6 ਵਾਰਾਂ ਦਾ ਵੇਰਵਾ ਸਾਨੂੰ ਗੁਰੂ ਗ੍ਰੰਥ ਸਾਹਿਬ ਵਿੱਚ ਵੱਖ-ਵੱਖ ਰਾਗਾ ਅਧੀਨ ਮਿਲਦਾ ਹੈ। ਉਹਨਾਂ ਨੇ ਰਾਗ ਗਉੜੀ, ਰਾਗ ਗੁਜਰੀ, ਰਾਗ ਜੈਤਸਰੀ, ਰਾਗ ਰਾਮਕਲੀ, ਰਾਗ ਮਾਰੂ, ਅਤੇ ਰਾਗ ਬਸੰਤ ਵਿੱਚ ਬਾਣੀ ਰਚੀ।[12] ਇਹਨਾਂ ਵਾਰਾਂ ਦਾ ਰਚਨਾ ਵਿਧਾਨ ਵੀ ਉਹੀ ਹੈ ਜੋ ਬਾਕੀ ਗੁਰੂ ਸਾਹਿਬਾਨ ਵਲੋਂ ਲਿਖੀਆਂ ਗਈਆਂ ਵਾਰਾਂ ਦਾ ਹੈ। ਉਹਨਾਂ ਦੀਆਂ ਵਾਰਾਂ ਦੀ ਸਭ ਤੋਂ ਅਹਿਮ ਗੱਲ ਇਹ ਹੈ ਕਿ ਜਿੱਥੇ ਬਾਕੀ ਗੁਰੂ ਸਾਹਿਬਾਨਾਂ ਦੀਆਂ ਵਾਰਾਂ ਵਿੱਚ ਸ਼ਾਮਲ ਸ਼ਲੋਕ ਉਹਨਾਂ ਦੇ ਆਪਣੇ ਵੀ ਹਨ ਅਤੇ ਦੂਸਰੇ ਗੁਰੂਆਂ ਦੇ ਵੀ ਸ਼ਲੋਕ ਹਨ। ਉਥੇ ਗੁਰੂ ਅਰਜਨ ਦੇਵ ਜੀ ਦੀਆਂ ਵਾਰਾਂ ਦੇ ਸ਼ਲੋਕ ਆਪਣੇ ਹੀ ਹਨ।[13] l

ਇਹ ਵੀ ਦੇਖੋ

[ਸੋਧੋ]

1.[[1]] ਪਹਿਲੇ ਕਾਰਨ ਵਿਚ ਸਮਝਾਇਆ ਗਿਆ ਹੈ| ਤੇ ਕਿਵੇਂ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਚੰਦੂ ਦੀ ਪੁੱਤਰੀ ਦਾ ਰਿਸ਼ਤਾ| ਲੈਣ ਤੋਂ ਮਨ੍ਹਾਂ ਕਰ ਦਿੱਤਾ ਸੀ ਕਿਉਂਕਿ ਚੰਦੂ ਬਹੁਤ ਹੀ ਜ਼ਿਆਦਾ ਹੰਕਾਰੀ ਸੀ ਅਤੇ ਉਸਦੇ ਹੰਕਾਰ ਨੂੰ ਖਤਮ ਕਰਨ ਲਈ ਗੁਰੂ ਅਰਜਨ ਦੇਵ ਜੀ ਨੇ ਉਸ ਦੇ ਰਿਸ਼ਤੇ ਨੂੰ ਮਨਾ ਕਰ ਦਿੱਤਾ ਸੀ| ਜਿਸ ਕਾਰਨ ਚੰਦੂ ਦੇ ਮਨ ਵਿਚ ਬਹੁਤ ਹੀ ਜ਼ਿਆਦਾ ਗੁੱਸਾ ਸੀ| ਅਤੇ ਉਸਦਾ ਮਨ ਬਹੁਤ ਨਿਰਦਈ ਬਣ ਚੁੱਕਿਆ ਸੀ| ਜਿਸ ਕਾਰਨ ਉਹ ਗੁਰੂ ਅਰਜਨ ਦੇਵ ਜੀ| ਤੋਂ ਬਦਲਾ ਲੈਣਾ ਚਾਹੁੰਦਾ ਸੀ| ਇਹ ਬਹੁਤ ਵੱਡਾ ਕਾਰਨ ਹੈ ਜਿਸ ਕਾਰਨ ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਸ਼ਹੀਦ ਕੀਤਾ ਗਿਆ ਸੀ| 2.ਜਹਾਂਗੀਰ ਧਾਰਮਿਕ ਕੱਟੜਤਾ--ਜਹਾਗੀਰ ਬੜਾ ਕੱਟੜ ਸੁੰਨੀ ਮੁਸਲਮਾਨ ਸੀ ਅਤੇ ਉਸ ਦੀ ਇਹ ਕੱਟੜਤਾ ਗੁਰੂ ਅਰਜਨ ਸਾਹਿਬ ਦੀ ਸ਼ਹੀਦੀ ਦਾ ਪ੍ਰਮੁੱਖ ਕਾਰਨ ਬਣੀ।ਉਹ ਇਸਲਾਮ ਧਰਮ ਨੂੰ ਛੱਡ ਕੇ ਕਿਸੇ ਹੋਰ ਧਰਮ ਦੀ ਹੋਂਦ ਨੂੰ ਕਦੇ ਸਹਿਨ ਨਹੀਂ ਕਰ ਸਕਦਾ ਸੀ। ਉਹ ਪੰਜਾਬ ਵਿੱਚ ਸਿੱਖਾਂ ਦੇ ਦਿਨ-ਬ-ਦਿਨ ਵਧ ਰਹੇ ਪ੍ਰਭਾਵ ਨੂੰ ਖਤਮ ਕਰਨ ਲਈ ਕਿਸੇ ਹੋਰ ਸੁਨਹਿਰੀ ਮੌਕੇ ਦੀ ਤਲਾਸ਼ ਵਿੱਚ ਸੀ। ਇਸ ਸਬੰਧੀ ਉਸ ਨੇ ਆਪਣੀ ਆਤਮ ਕਥਾ ਤੁਜਕ-ਏ-ਜਹਾਂਗੀਰੀ ਵਿੱਚ ਸਪੱਸ਼ਟ ਲਿਖਿਆ ਹੈ

ਹਵਾਲੇ

[ਸੋਧੋ]
  1. "Arjan, Sikh Guru". Encyclopædia Britannica. Retrieved 5 May 2015.
  2. Mcleod, Hew (1997). Sikhism. London: Penguin vBooks. p. 28. ISBN 0-14-025260-6.
  3. ਡਾ. ਪਰਮਿੰਦਰ ਸਿੰਘ, ਪੰਜਾਬੀ ਸਾਹਿਤ ਦਾ ਇਤਿਹਾਸ, ਆਦਿਕਾਲ ਤੋਂ 1700 ਈ. ਤੱਕ, ਪੰਜਾਬੀ ਯੂਨੀਵਰਸਿਟੀ, ਪਟਿਆਲਾ, 1988, ਪੰਨਾ-46
  4. ਡਾ. ਅਵਤਾਰ ਸਿੰਘ, ਗੁਰੂ ਅਰਜਨ ਦੇਵ ਜੀ ਜੀਵਨ ਤੇ ਬਾਣੀ, ਲੋਕਗੀਤ ਪ੍ਰਕਾਸ਼ਨ, ਚੰਡੀਗੜ੍ਹ, 2007, ਪੰਨਾ 136-137
  5. ਰਤਨ ਸਿੰਘ ਜੱਗੀ, ਪੰਜਾਬੀ ਸਾਹਿਤ ਦਾ ਸਰੋਤਮੂਲਕ ਇਤਿਹਾਸ, ਭਾਗ ਦੂਜਾ (ਪੂਰਵ ਮੱਧਕਾਲ) ਪੰਜਾਬੀ ਯੂਨੀਵਰਸਿਟੀ, ਪਟਿਆਲਾ, 1998, ਪੰਨਾ-108
  6. ਗੁਰਮੁੱਖ ਸਿੰਘ, ਗੁਰੂ ਅਰਜਨ ਦੇਵ ਜੀ ਜੀਵਨ, ਦਰਸ਼ਨ, ਬਾਣੀ, ਰੂਹੀ ਪ੍ਰਕਾਸ਼ਨ, ਅੰਮ੍ਰਿਤਸਰ, 2008, ਪੰਨਾ-85
  7. ਰਜਵੰਤ ਕੌਰ ਮਠਾੜੂ, ਬਾਣੀ ਗੁਰੂ ਅਰਜਨ ਦੇਵ, ਵਿਚਾਰਧਾਰਾ ਅਤੇ ਕਾਵਿ ਮੁਲਾਂਕਣ, ਰੂਹੀ ਪ੍ਰਕਾਸ਼ਨ, ਅੰਮ੍ਰਿਤਸਰ, 2008, ਪੰਨਾ-161
  8. ਡਾ. ਰਾਜਿੰਦਰ ਸਿੰਘ ਸੇਖੋਂ, ਪੰਜਾਬੀ ਸਾਹਿਤ ਦਾ ਨਵੀਨ ਇਤਿਹਾਸ, ਆਦਿ ਕਾਲ ਤੋਂ ਮੱਧਕਾਲ, ਲਾਹੌਰ ਬੁੁੱਕ ਸ਼ਾਪ, ਲੁਧਿਆਣਾ, 2007, ਪੰਨਾ 87-88
  9. ਰਜਵੰਤ ਕੌਰ ਮਠਾੜੂ, ਬਾਰਹਮਾਹ ਮਾਝ ਚਿੰਤਨ ਤੇ ਕਲਾ, ਪੰਜਾਬੀ ਰਾਈਟਰਜ਼ ਕੋਆਪਰੇਟਿਵ ਸੋਸਾਇਟੀ ਲਿਮਟਿਡ, ਲੁਧਿਆਣਾ, 1998, ਪੰਨਾ-25
  10. ਡਾ. ਅਵਤਾਰ ਸਿੰਘ, ਗੁਰੂ ਅਰਜਨ ਦੇਵ ਜੀਵਨ ਤੇ ਬਾਣੀ, ਲੋਕਗੀਤ ਪ੍ਰਕਾਸ਼ਨ, ਚੰਡੀਗੜ੍ਹ, 2007, ਪੰਨਾ-141
  11. ਰਤਨ ਸਿੰਘ ਜੱਗੀ, ਪੰਜਾਬੀ ਸਾਹਿਤ ਦਾ ਸਰੋਤਮੂਲਕ ਇਤਿਹਾਸ, ਭਾਗ ਦੂਜਾ (ਪੂਰਵ ਮੱਧਕਾਲ), ਪੰਜਾਬੀ ਯੂਨੀਵਰਸਿਟੀ, ਪਟਿਆਲਾ, 1998, ਪੰਨਾ-110
  12. ਡਾ. ਗੁਰਮੁੱਖ ਸਿੰਘ, ਗੁਰੂ ਅਰਜਨ ਦੇਵ ਜੀ, ਜੀਵਣ, ਦਰਸ਼ਨ, ਬਾਣੀ, ਰੂਹੀ ਪ੍ਰਕਾਸ਼ਨ, ਅੰਮ੍ਰਿਤਸਰ, 2008, ਪੰਨਾ 5-6
  13. ਡਾ. ਰਾਜਿੰਦਰ ਸਿੰਘ ਸੇਖੋਂ, ਪੰਜਾਬੀ ਸਾਹਿਤ ਦਾ ਨਵੀਨ ਇਤਿਹਾਸ, ਅਦਿ ਕਾਲ ਤੋਂ ਮੱਧਕਾਲ, ਲਾਹੌਰ ਬੁੱਕ ਸ਼ਾਪ, ਲੁਧਿਆਣਾ, 2007, ਪੰਨਾ-88