ਸਮੱਗਰੀ 'ਤੇ ਜਾਓ

ਬੰਦਾ ਸਿੰਘ ਬਹਾਦਰ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
(ਬਾਬਾ ਬੰਦਾ ਸਿੰਘ ਬਹਾਦਰ ਤੋਂ ਮੋੜਿਆ ਗਿਆ)
ਬੰਦਾ ਸਿੰਘ ਬਹਾਦਰ
ਬੰਦਾ ਸਿੰਘ ਬਹਾਦਰ ਦਾ ਚਿਤਰਣ, ਸਰਹਿੰਦ ਦੀ ਲੜਾਈ (1710) ਦੌਰਾਨ, 'ਤਵਾਰੀਖ-ਏ ਜਹਾਂਦਰ ਸ਼ਾਹ', ਅਵਧ ਜਾਂ ਲਖਨਊ, ਸੀ. 1770 ਦੇ ਇੱਕ ਚਿੱਤਰਿਤ ਫੋਲੀਓ ਤੋਂ
ਜਨਮ ਨਾਮਲਛਮਣ ਦੇਵ
ਹੋਰ ਨਾਮਮਾਧੋ ਦਾਸ ਬੈਰਾਗੀ, ਬੰਦਾ ਬੈਰਾਗੀ
ਜਨਮ(1670-10-27)27 ਅਕਤੂਬਰ 1670
ਰਜੌਰੀ, ਪੁੰਛ, ਮੁਗਲ ਸਾਮਰਾਜ[1]
(ਹੁਣ ਜੰਮੂ ਅਤੇ ਕਸ਼ਮੀਰ, ਭਾਰਤ)
ਮੌਤ9 ਜੂਨ 1716(1716-06-09) (ਉਮਰ 45)
ਦਿੱਲੀ, ਮੁਗਲ ਸਾਮਰਾਜ
(ਹੁਣ ਭਾਰਤ)
ਵਫ਼ਾਦਾਰੀ
ਸੇਵਾ ਦੇ ਸਾਲ1708-1716
ਜੀਵਨ ਸਾਥੀਸੁਸ਼ੀਲ ਕੌਰ
ਸਾਹਿਬ ਕੌਰ[2]
ਬੱਚੇਅਜੈ ਸਿੰਘ
ਰਣਜੀਤ ਸਿੰਘ[2]
ਦਸਤਖ਼ਤ
ਨਿੱਜੀ
ਧਰਮਸਿੱਖ ਧਰਮ
ਧਾਰਮਿਕ ਜੀਵਨ
ਅਧਿਆਪਕਗੁਰੂ ਗੋਬਿੰਦ ਸਿੰਘ

ਬੰਦਾ ਸਿੰਘ ਬਹਾਦਰ (27 ਅਕਤੂਬਰ 1670 –9 ਜੂਨ 1716) ਸਿੱਖਾਂ ਦੀ ਸੈਨਾ ਦਾ ਸੈਨਾਪਤੀ ਸੀ। ਉਸ ਦੇ ਬਚਪਨ ਦਾ ਨਾਂ ਲਛਮਣ ਦੇਵ ਸੀ ਪਰ ਓਹ ਲਛਮਣ ਦਾਸ ਅਤੇ ਮਾਧੋ ਦਾਸ ਦੇ ਨਾਵਾਂ ਨਾਲ ਵੀ ਜਾਣਿਆ ਜਾਂਦਾ ਸੀ।[3][1] ਉਸਨੇ ਪੰਦਰਾਂ ਸਾਲ ਦੀ ਉਮਰ ਵਿੱਚ ਵੈਰਾਗੀ ਬਣਨ ਲਈ ਘਰ ਛੱਡ ਦਿਤਾ ਤਾਂ ਉਸਨੂੰ ਮਾਧੋ ਦਾਸ ਦੇ ਨਾਂ ਨਾਲ ਜਾਣਿਆ ਜਾਣ ਲਗਿਆ। ਉਸਨੇ ਗੋਦਾਵਰੀ ਨਦੀ ਦੇ ਕਿਨਾਰੇ ਆਪਣਾ ਆਸ਼ਰਮ ਬਣਾਇਆ। ਇੱਥੇ ਹੀ ਉਸ ਦੀ ਮੁਲਾਕਾਤ ਸਤੰਬਰ 1708 ਈ. ਵਿੱਚ ਗੁਰੂ ਗੋਬਿੰਦ ਸਿੰਘ ਜੀ ਨਾਲ ਹੋਈ ਅਤੇ ਉਹ ਉਨ੍ਹਾਂ ਦਾ ਸ਼ਰਧਾਲੂ ਬਣ ਗਿਆ। ਗੁਰੂ ਜੀ ਨੇ ਹੀ ਉਸਨੂੰ ਬੰਦਾ ਸਿੰਘ ਬਹਾਦਰ ਦਾ ਨਾਂ ਦਿਤਾ ਅਤੇ ਪੰਜਾਬ ਵਿੱਚ ਮੁਗਲਾਂ ਵਿਰੁੱਧ ਸਿੱਖਾਂ ਦੀ ਅਗਵਾਈ ਕਰਨ ਲਈ ਭੇਜਿਆ।

ਗੁਰਦਾਸ ਨੰਗਲ ਵਿੱਚ ਦਸੰਬਰ 1715 ਵਿੱਚ ਗਿ੍ਫ਼ਤਾਰ ਕੀਤੇ ਬੰਦਾ ਸਿੰਘ ਅਤੇ ਉਸ ਦੇ ਸਾਥੀ ਅਤੇ ਮਗਰੋਂ ਗਿ੍ਫ਼ਤਾਰ ਕੀਤੇ ਸਿੱਖ ਕੈਦੀ 27 ਫ਼ਰਵਰੀ, 1716 ਦੇ ਦਿਨ ਦਿੱਲੀ ਦੇ ਬਾਹਰਵਾਰ ਪਿੰਡ ਅਗਰਾਬਾਦ ਕੋਲ ਪੁੱਜੇ। 29 ਫ਼ਰਵਰੀ, 1716 ਨੂੰ ਇਨ੍ਹਾਂ ਕੈਦੀਆਂ ਦਾ ਦਿੱਲੀ ਵਿੱਚ ਜਲੂਸ ਕਢਿਆ ਗਿਆ। ਜਲੂਸ ਦੇ ਸਭ ਤੋਂ ਅੱਗੇ ਇੱਕ ਬੈਂਡ-ਵਾਜਾ ਜਾ ਰਿਹਾ ਸੀ। ਇਹ ਜਲੂਸ ਦਿੱਲੀ ਨੇੜਲੇ ਪਿੰਡ ਅਗਰਾਬਾਦ ਤੋਂ ਸ਼ੁਰੂ ਹੋ ਕੇ, 10 ਕਿਲੋਮੀਟਰ ਦੂਰ, ਲਾਲ ਕਿਲਾ ਤਕ ਲਿਜਾਇਆ ਗਿਆ। ਇਸ ਬੈਂਡ ਦੇ ਪਿੱਛੇ ਦੋ ਹਜ਼ਾਰ ਸਿੱਖਾਂ ਦੇ ਸਿਰ, ਜਿਨ੍ਹਾਂ 'ਚ ਤੂੜੀ ਭਰ ਕੇ ਬਾਂਸਾਂ 'ਤੇ ਲਟਕਾਇਆ ਹੋਇਆ ਸੀ, ਜਾ ਰਹੇ ਸਨ। ਇਨ੍ਹਾਂ ਦੇ ਸਿਰਾਂ ਦੇ ਵਾਲ ਖੁਲ੍ਹੇ ਰੱਖੇ ਹੋਏ ਸਨ ਤਾਂ ਜੋ ਲੋਕ ਪਛਾਣ ਸਕਣ ਕਿ ਇਹ ਸਿੱਖਾਂ ਦੇ ਹੀ ਸਿਰ ਹਨ। ਇਨ੍ਹਾਂ ਦੀ ਗਿਣਤੀ ਵਧਾਉਣ ਵਾਸਤੇ ਕੁੱਝ ਔਰਤਾਂ ਦੇ ਸਿਰ ਵੱਢ ਕੇ ਵੀ ਸ਼ਾਮਲ ਕਰ ਦਿਤੇ ਗਏ ਸਨ, ਜੋ ਲੰਮੇ ਵਾਲਾਂ ਕਾਰਨ ਸਿੱਖ ਹੀ ਜਾਪਦੀਆਂ ਸਨ। ਇਸ ਮਗਰੋਂ ਇੱਕ ਹਾਥੀ ਸੀ, ਜਿਸ 'ਤੇ ਰੱਖੇ ਹੋਏ ਪਿੰਜਰੇ ਵਿੱਚ ਬੰਦਾ ਸਿੰਘ ਸੀ। ਬੰਦਾ ਸਿੰਘ ਦਾ ਮਜ਼ਾਕ ਉਡਾਉਣ ਵਾਸਤੇ ਉਸ ਨੂੰ ਇੱਕ ਲਾੜੇ ਵਾਂਗ ਸੁਨਹਿਰੀ ਜ਼ਰੀ ਵਾਲੀ ਲਾਲ ਪੱਗ, ਅਨਾਰ ਦੇ ਫ਼ੁਲਾਂ ਦੇ ਰੰਗ ਦਾ ਸ਼ਾਹੀ ਚੋਗਾ ਪਾਇਆ ਹੋਇਆ ਸੀ। ਉਸ ਦੇ ਸਿਰ 'ਤੇ ਇੱਕ ਲਕੜੀ ਦਾ ਖੋਖਾ ਤਿੰਨ-ਚਾਰ ਕਿਲੋ ਮਿੱਟੀ ਨਾਲ ਭਰ ਕੇ ਰਖਿਆ ਹੋਇਆ ਸੀ, ਜਿਸ ਦੇ ਭਾਰ ਨਾਲ ਉਹ ਗਰਦਨ ਝੁਕਾਈ ਟੇਢਾ ਬੈਠਾ ਸੀ। ਬੰਦਾ ਸਿੰਘ ਭਾਵੇਂ ਪਿੰਜਰੇ ਵਿੱਚ ਬੰਦ ਸੀ, ਪਰ ਫਿਰ ਵੀ ਉਸ ਪਿੱਛੇ ਨੰਗੀ ਤਲਵਾਰ ਹੱਥ ਵਿੱਚ ਫੜ ਕੇ ਇੱਕ ਸਿਪਾਹੀ ਖੜਾ ਕੀਤਾ ਹੋਇਆ ਸੀ ਕਿਉਂਕਿ ਮੁਗ਼ਲ ਡਰਦੇ ਸੀ ਕਿ ਕਿਤੇ ਬੰਦਾ ਜਾਦੂ ਨਾਲ ਉੱਡ ਹੀ ਨਾ ਜਾਵੇ। ਬੰਦਾ ਸਿੰਘ ਵਾਲੇ ਹਾਥੀ ਦੇ ਪਿੱਛੇ 740 ਕੈਦੀ ਸਨ। ਇਨ੍ਹਾਂ ਦੇ ਮੂੰਹਾਂ 'ਤੇ ਕਾਲਖ਼ ਮਲੀ ਹੋਈ ਸੀ। ਉਨ੍ਹਾਂ ਦਾ ਇਕ-ਇਕ ਹੱਥ ਗਰਦਨ ਦੇ ਪਿੱਛੇ ਕਰ ਕੇ ਸ਼ਿਕੰਜੇ ਵਿੱਚ ਕੱਸ ਕੇ ਬੰਨਿ੍ਹਆ ਹੋਇਆ ਸੀ। ਉਨ੍ਹਾਂ ਦੇ ਸਿਰਾਂ 'ਤੇ ਕਾਗ਼ਜ਼ਾਂ ਦੀਆਂ ਖੋਖਾ-ਟੋਪੀਆਂ ਰੱਖੀਆਂ ਹੋਈਆਂ ਸਨ ਤੇ ਉਨ੍ਹਾਂ ਦੇ ਜਿਸਮਾਂ 'ਤੇ ਭੇਡਾਂ ਦੀ ਖੱਲ ਲਵ੍ਹੇਟੀ ਹੋਈ ਸੀ। ਉਨ੍ਹਾਂ ਦਾ ਇਹ ਰੂਪ ਉਨ੍ਹਾਂ ਦਾ ਮਜ਼ਾਕ ਉਡਾਉਣ ਅਤੇ ਉਨ੍ਹਾਂ ਦੀ ਬੇਇਜ਼ਤੀ ਕਰਨ ਵਾਸਤੇ ਬਣਾਇਆ ਗਿਆ ਸੀ। ਉਨ੍ਹਾਂ ਨੂੰ ਦੋ-ਦੋ ਕਰ ਕੇ ਕਾਠੀਆਂ ਤੋਂ ਸੱਖਣੇ ਊਠਾਂ 'ਤੇ ਲੱਦਿਆ ਹੋਇਆ ਸੀ। ਇਸ ਜਲੂਸ ਪਿੱਛੇ ਮੁਹੰਮਦ ਅਮੀਨ ਖ਼ਾਨ, ਉਸ ਦਾ ਪੁੱਤਰ ਕਮਰ-ਉਦ-ਦੀਨ ਖ਼ਾਨ ਅਤੇ ਜ਼ਕਰੀਆ ਖ਼ਾਨ ਪੁੱਤਰ ਅਬਦੁਸ ਸਮਦ ਖ਼ਾਨ ਜੋ ਮਗਰੋਂ ਲਾਹੌਰ ਦਾ ਸੂਬੇਦਾਰ ਬਣਿਆ, ਜੇਤੂਆਂ ਵਾਂਗ ਆਕੜ-ਆਕੜ ਕੇ ਚੱਲ ਰਹੇ ਸਨ। ਇਹ ਜਲੂਸ ਲਾਹੌਰੀ ਗੇਟ ਦੇ ਰਸਤਿਉਂ ਦਿੱਲੀ ਸ਼ਹਿਰ ਵਿੱਚ ਦਾਖ਼ਲ ਹੋਇਆ। ਇਸ ਜਲੂਸ ਨੂੰ ਵੇਖਣ ਵਾਸਤੇ ਦਿੱਲੀ ਦੇ ਸਾਰੇ ਲੋਕ ਸੜਕਾਂ 'ਤੇ ਆਏ ਹੋਏ ਸਨ। ਸ਼ਹਿਰ ਵਿੱਚ ਕੋਈ ਵੀ ਸ਼ਖ਼ਸ ਐਸਾ ਨਹੀਂ ਸੀ ਰਿਹਾ, ਜਿਸ ਨੇ ਇਹ ਨਜ਼ਾਰਾ ਨਾ ਵੇਖਿਆ ਹੋਵੇ। ਲੱਖਾਂ ਲੋਕਾਂ ਦੀਆਂ ਭੀੜਾਂ ਕਾਰਨ ਏਨੀ ਘੁਟਣ ਸੀ ਕਿ ਇਸ ਮੌਕੇ 'ਤੇ ਸਾਹ ਲੈਣਾ ਵੀ ਮੁਸ਼ਕਲ ਹੋਇਆ ਪਿਆ ਸੀ। ਲੋਕ ਸਿੱਖਾਂ ਨੂੰ ਮਜ਼ਾਕ 'ਚ ਉਨ੍ਹਾਂ ਵਲ ਵੇਖ ਕੇ ਕੋਝੀਆਂ ਸੈਨਤਾਂ ਕਰ ਰਹੇ ਸਨ। ਜਦੋਂ ਬੰਦਾ ਸਿੰਘ ਨੂੰ ਬਾਦਸ਼ਾਹ ਫ਼ਰਖ਼ਸੀਅਰ ਕੋਲ ਪੇਸ਼ ਕੀਤਾ ਗਿਆ ਸੀ ਤਾਂ ਬਾਦਸ਼ਾਹ ਨੇ ਬੰਦਾ ਸਿੰਘ ਨੂੰ ਪੁਛਿਆ, ਤੂੰ ਆਪਣੇ ਵਾਸਤੇ ਕਿਹੋ ਜਹੀ ਮੌਤ ਚੁਣੇਂਗਾ? ਇਸ 'ਤੇ ਬੰਦਾ ਸਿੰਘ ਨੇ ਇੱਕ ਦਮ ਕਿਹਾ, ਜਿਹੋ ਜਹੀ ਬਾਦਸ਼ਾਹ ਆਪਣੀ ਮੌਤ ਚਾਹਵੇਂਗਾ।[4]

ਅਰੰਭ ਦਾ ਜੀਵਨ

[ਸੋਧੋ]

ਬੰਦਾ ਸਿੰਘ ਬਹਾਦਰ ਦਾ ਜਨਮ ਰਾਜੌਰੀ ( ਜੰਮੂ-ਕਸ਼ਮੀਰ ) ਵਿਖੇ ਇੱਕ ਕਿਸਾਨ ਰਾਮ ਦੇਵ ਦੇ ਘਰ ਹਿੰਦੂ ਪਰਿਵਾਰ ਵਿੱਚ ਹੋਇਆ ਸੀ। ਬਹੁਤੇ ਸਰੋਂਤਾ ਰਾਹੀਂ ਉਸਨੂੰ ਡੌਗਰਾ ਦਾ ਰਾਜਪੂਤ ਦੱਸਿਆ ਗਿਆ। ਉਸਨੂੰ ਬੰਦਾ ਬੈਰਾਗੀ ਵੀ ਕਿਹਾ ਜਾਂਦਾ ਹੈ, ਕਿਉਂਕਿ ਉਹ ਅਸਲ ਵਿੱਚ ਵੈਸ਼ਨਵ ਸੰਪ੍ਰਦਾ ਦਾ ਪੈਰੋਕਾਰ ਸੀ ਜਿਸਨੂੰ ਬੈਰਾਗੀ ਜਾਂ ਵੈਰਾਗੀ ਕਿਹਾ ਜਾਂਦਾ ਹੈ।[5]

ਅਰੰਭਕ ਜਿੱਤਾਂ

[ਸੋਧੋ]

ਗੁਰੂ ਗੋਬਿੰਦ ਸਿੰਘ ਨਾਲ ਮੁਲਾਕਾਤ ਤੋਂ ਬਾਅਦ ਉਸਨੇ ਖੰਡਾ ਵੱਲ ਮਾਰਚ ਕੀਤਾ ਅਤੇ ਸਿੱਖ ਫੌਜ ਦੀ ਸਹਾਇਤਾ ਨਾਲ ਮੁਗਲਾਂ ਨਾਲ ਸੋਨੀਪਤ ਦੀ ਲੜਾਈ ਲੜੀ।[6][7][8]1709 ਵਿਚ ਉਸਨੇ ਸਮਾਣਾ ਦੇ ਯੁੱਧ ਵਿਚ ਮੁਗਲਾਂ ਨੂੰ ਹਰਾਇਆ ਅਤੇ ਮੁਗਲ ਸ਼ਹਿਰ ਸਮਾਣਾ ਉੱਤੇ ਕਬਜ਼ਾ ਕਰ ਲਿਆ।ਸਮਾਣਾ 'ਚੋਂ ਮੁਗਲਾਂ ਤੋਂ ਸਿੱਕੇ ਜਬਤ ਕਰਕੇ ਸਿੱਖ ਆਰਥਿਕ ਤੌਰ ਤੇ ਸਥਿਰ ਹੋ ਗਏ। ਸਿੱਖਾਂ ਨੇ ਜਲਦੀ ਹੀ ਮੁਸਤਫਾਬਾਦ ਅਤੇ ਸਾਧੋਰਾ (ਨੇੜੇ ਜਗਾਧਰੀ) ਨੂੰ ਆਪਣੇ ਕਬਜ਼ੇ ਵਿਚ ਕਰ ਲਿਆ। ਫਿਰ ਸਿੱਖਾਂ ਨੇ ਮਲੇਰਕੋਟਲਾ ਅਤੇ ਨਾਹਨ ਸਮੇਤ ਪੰਜਾਬ ਦੇ ਸੀਸ-ਸਤਲੁਜ ਇਲਾਕਿਆਂ 'ਤੇ ਕਬਜ਼ਾ ਕਰ ਲਿਆ।[9]12 ਮਈ 1710 ਨੂੰ ਚੱਪੜਚਿੜੀ ਦੇ ਯੁੱਧ ਵਿਚ ਸਿੱਖਾਂ ਨੇ ਸਰਹਿੰਦ ਦੇ ਰਾਜਪਾਲ ਵਜ਼ੀਰ ਖ਼ਾਨ ਅਤੇ ਦੀਵਾਨ ਸੁਚਾਨੰਦ ਨੂੰ ਮਾਰ ਦਿੱਤਾ ਜੋ ਗੁਰੂ ਗੋਬਿੰਦ ਸਿੰਘ ਜੀ ਦੇ ਦੋ ਛੋਟੇ ਬੱਚਿਆਂ ਦੀ ਸ਼ਹਾਦਤ ਲਈ ਜ਼ਿੰਮੇਵਾਰ ਸਨ। ਦੋ ਦਿਨਾਂ ਬਾਅਦ ਸਿੱਖਾਂ ਨੇ ਸਰਹਿੰਦ ਉੱਤੇ ਕਬਜ਼ਾ ਕਰ ਲਿਆ।ਬੰਦਾ ਸਿੰਘ ਦਾ ਕਬਜ਼ਾ ਹੁਣ ਸਤਲੁਜ ਤੋਂ ਯਮੁਨਾ ਤੱਕ ਦੇ ਖੇਤਰ ਵਿਚ ਸੀ ਅਤੇ ਉਸਨੇ ਆਦੇਸ਼ ਦਿੱਤਾ ਕਿ ਜ਼ਮੀਨ ਦੀ ਮਾਲਕੀ ਕਿਸਾਨਾਂ ਨੂੰ ਦਿੱਤੀ ਜਾਵੇ ਤਾਂ ਜੋ ਉਹ ਇੱਜ਼ਤ ਅਤੇ ਸਵੈ-ਮਾਣ ਨਾਲ ਜੀ ਸਕਣ।[10]

ਇਨਕਲਾਬੀ

[ਸੋਧੋ]

ਸਥਾਨਕ ਪਰੰਪਰਾ ਯਾਦ ਕਰਦੀ ਹੈ ਕਿ ਸਦੌਰਾ ਦੇ ਆਸ-ਪਾਸ ਦੇ ਲੋਕ ਬੰਦਾ ਸਿੰਘ ਕੋਲ ਆਪਣੇ ਜ਼ਿਮੀਂਦਾਰਾਂ ਦੁਆਰਾ ਕੀਤੇ ਜਾਂਦੇ ਕੁਕਰਮਾਂ ਦੀ ਸ਼ਿਕਾਇਤ ਕਰਨ ਆਏ ਸਨ। ਬੰਦਾ ਸਿੰਘ ਨੇ ਬਾਜ ਸਿੰਘ ਨੂੰ ਉਨ੍ਹਾਂ 'ਤੇ ਗੋਲੀ ਚਲਾਉਣ ਦਾ ਹੁਕਮ ਦਿੱਤਾ। ਲੋਕ ਉਨ੍ਹਾਂ ਦੀ ਨੁਮਾਇੰਦਗੀ ਦੇ ਅਜੀਬ ਜਵਾਬ ਤੋਂ ਹੈਰਾਨ ਹੋਏ ਅਤੇ ਉਨ੍ਹਾਂ ਨੂੰ ਪੁੱਛਿਆ ਕਿ ਉਸਦਾ ਕੀ ਮਤਲਬ ਹੈ। ਉਸਨੇ ਉਹਨਾਂ ਨੂੰ ਦੱਸਿਆ ਕਿ ਉਹ ਹਜ਼ਾਰਾਂ ਦੀ ਗਿਣਤੀ ਵਿੱਚ ਹੋਣ ਦੇ ਬਾਵਜੂਦ ਇਸ ਤੋਂ ਵਧੀਆ ਸਲੂਕ ਦੇ ਹੱਕਦਾਰ ਨਹੀਂ ਹਨ, ਫਿਰ ਵੀ ਉਹਨਾਂ ਨੇ ਆਪਣੇ ਆਪ ਨੂੰ ਮੁੱਠੀ ਭਰ ਜ਼ਿਮੀਂਦਾਰਾਂ ਦੇ ਅਧੀਨ ਹੋਣ ਦਿੱਤਾ। ਉਸਨੇ ਸਢੌਰੇ ਦੀ ਲੜਾਈ ਵਿੱਚ ਸੱਯਦ ਅਤੇ ਸ਼ੇਖਾਂ ਨੂੰ ਹਰਾਇਆ।[11]

ਫੌਜੀ ਹਮਲੇ

[ਸੋਧੋ]

ਬੰਦਾ ਸਿੰਘ ਬਹਾਦਰ ਨੇ ਮੁਖਲਿਸਗੜ੍ਹ ਪਿੰਡ ਦਾ ਵਿਕਾਸ ਕੀਤਾ ਅਤੇ ਇਸਨੂੰ ਆਪਣੀ ਰਾਜਧਾਨੀ ਬਣਾਇਆ। ਫਿਰ ਉਸਨੇ ਇਸਦਾ ਨਾਮ ਬਦਲ ਕੇ ਲੋਹਗੜ (ਸਟੀਲ ਦਾ ਕਿਲ੍ਹਾ) ਰੱਖਿਆ। ਜਿੱਥੇ ਉਸਨੇ ਆਪਣਾ ਟਕਸਾਲ ਜਾਰੀ ਕੀਤਾ।ਉਸਨੇ ਅੱਧੇ ਸਾਲ ਲਈ ਪੰਜਾਬ ਵਿੱਚ ਰਾਜ ਸਥਾਪਤ ਕੀਤਾ। ਬੰਦਾ ਸਿੰਘ ਨੇ ਸਿੱਖਾਂ ਨੂੰ ਉੱਤਰ ਪ੍ਰਦੇਸ਼ ਭੇਜਿਆ ਅਤੇ ਸਿੱਖਾਂ ਨੇ ਸਹਾਰਨਪੁਰ, ਜਲਾਲਾਬਾਦ, ਮੁਜ਼ੱਫਰਨਗਰ ਅਤੇ ਹੋਰ ਨੇੜਲੇ ਇਲਾਕਿਆਂ ਉੱਤੇ ਕਬਜ਼ਾ ਕਰ ਲਿਆ ।

[12]

“ਮੁਹੰਮਦ ਅਮੀਨ ਖ਼ਾਨ ਉਸ ਨੂੰ ਪੁਛਿਆ ਕਿ ਤੈਨੂੰ ਕਿਸ ਕਰ ਕੇ ਇਸ ਜੰਗ ਵਾਸਤੇ ਮਜਬੂਰ ਹੋਣਾ ਪਿਆ ਤਾਂ ਬੰਦਾ ਸਿੰਘ ਨੇ ਜਵਾਬ ਦਿਤਾ: ਜਦ (ਰੱਬ ਤੋਂ) ਬੇਮੁਖਤਾ ਤੇ ਪਾਪ ਹੱਦੋਂ ਵੱਧ ਜਾਂਦੇ ਹਨ ਤਾਂ ਸੱਚਾ ਰੱਬ ਇਨ੍ਹਾਂ ਪਾਪਾਂ ਦਾ ਫੱਲ ਭੁਗਤਾਣ ਵਾਸਤੇ ਮੇਰੇ ਵਰਗਾ ਬੰਦਾ ਮੁਕੱਰਰ ਕਰ ਦੇਂਦਾ ਹੈ ਤਾਂ ਜੋ ਉਸ ਜਮਾਤ ਦੇ ਕਰਮਾਂ ਦੀ ਸਜ਼ਾ ਦੇਣ ਦਾ ਕਾਰਨ ਬਣੇ। ਜਦੋਂ ਉਹ ਦੁਨੀਆ ਨੂੰ ਉਜਾੜਨਾ ਚਾਹੁੰਦਾ ਹੈ ਤਾਂ ਉਹ ਦੇਸ਼ ਨੂੰ ਜ਼ਾਲਮਾਂ ਦੇ ਪੰਜੇ ਵਿੱਚ ਦੇ ਦੇਂਦਾ ਹੈ।”

ਖ਼ਾਫ਼ੀ ਖ਼ਾਨ, ਮੁੰਤਖ਼ਬੁਲ ਲੁਬਾਬ, ਸਫ਼ਾ 765-67

“ਬਿਕੁਸ਼ੇਦ! ਮਾ ਅਜ਼ ਕੁਸ਼ਤਨ ਕੈ ਮੀ ਤਰਸੇਮ? ਵ ਅਗਰ ਮੀ ਤਰਸੀਦੇਮ; ਚਿਰਾ ਬਾ ਸ਼ੁਮਾ ਈਾ ਕਦਰ ਜੰਗਹਾ ਮੀ ਕਰਦੇਮ! ਵ ਮਾ ਮਹਜ਼ ਬ-ਸਬੱਬ ਗੁਰਸਨਗੀ ਵ ਫ਼ੱਕਦਾਨਿ ਆਜ਼ੂਕਾ ਬ-ਦਸਤਿ ਸ਼ੁਮਾ ਉਫ਼ਤਾਦੇਮ! ਵ ਇੱਲਾ ਹਕੀਕਤ ਬਹਾਦਰੀ-ਮਾ ਜ਼ਯਾਦਾ ਅਜ਼ ਆਂਚਿਹ ਦੀਦ ਆਯਦ, ਮਾਲੂਮ ਸ਼ੁਮਾ ਮੀ ਸ਼ੁਦ! (ਮਾਰੋ ਨਿਸ਼ੰਗ! ਅਸੀਂ ਕੋਈ ਮਰਨੋਂ ਡਰਦੇ ਆਂ? ਜੇ ਡਰਦੇ ਹੁੰਦੇ ਤਾਂ ਤੁਹਾਡੇ ਨਾਲ ਏਨੀ ਘੋਰ ਜੰਗ ਕਿਉਂ ਕਰਦੇ? ਅਸੀਂ ਤਾਂ ਭੁੱਖ ਤੇ ਖ਼ੁਰਾਕ ਦੀ ਥੁੜ ਕਾਰਨ ਤੁਹਾਡੇ ਕਾਬੂ ਆ ਗਏ ਹਾਂ। ਨਹੀਂ ਤਾਂ ਸਾਡੀ ਬਹਾਦਰੀ ਦੀ ਹਕੀਕਤ ਜੋ ਤੁਸੀ ਵੇਖੀ ਹੈ, ਏਦੋਂ ਵਧ ਤੁਹਾਨੂੰ ਮਾਲੂਮ ਹੋ ਜਾਂਦੀ।”

ਮੁਹੰਮਦ ਹਾਰਸੀ ਇਬਰਤਨਾਮਾ

ਸ਼ਹਾਦਤ

[ਸੋਧੋ]

ਬਾਬਾ ਬੰਦਾ ਸਿੰਘ ਬਹਾਦਰ ਦੇ ਵੱਧਦੀ ਸ਼ਕਤੀ ਕਾਰਨ ਉੱਤਰ ਭਾਰਤ ਵਿੱਚ ਮੁਗਲ ਸਾਮਰਾਜ ਕਮਜੋਰ ਹੋ ਰਿਹਾ ਸੀ, ਸੰਨ-1713 ਵਿੱਚ ਬਾਬਾ ਬੰਦਾ ਸਿੰਘ ਬਹਾਦਰ ਨੇ ਆਪਣਾ ਟਿਕਾਣਾ ਗੁਰਦਾਸਪੁਰ ਜਾਂ ਗੁਰਦਾਸ ਨੰਗਲ ਨੂੰ ਬਣਾ ਲਿਆ, ਸੰਨ-1715 ਨੂੰ ਮੁਗਲ ਸਾਮਰਾਜ ਦੇ ਬਾਦਸ਼ਾਹ ਫਾਰੂਖਸੀਅਰ ਨੇ ਸਿੱਖਾਂ ਦੀ ਤਾਕਤ ਨੂੰ ਦਬਾਉਣ ਦੀ ਤਿਆਰੀ ਕਰ ਲਈ, ਉਸਨੇ ਆਪਣੇ ਕਈ ਵੱਡੇ ਜਰਨੈਲ, ਅਫਸਰ ਅਤੇ ਲਾਹੌਰ ਦੇ ਸੂਬੇਦਾਰ ਅਬਦੁਸ ਸਮਦ ਖਾਨ ਨੂੰ ਭੇਜ ਕੇ ਗੁਰਦਾਸ ਨੰਗਲ ਤੇ ਘੇਰਾ ਪਾ ਦਿੱਤਾ, ਇਹ ਘੇਰਾ ਮਾਰਚ 1715 ਤੋ ਦਿਸੰਬਰ 1715 ਤੱਕ ਲਗਾਤਾਰ ਕਈ ਮਹੀਨੇ ਪਿਆ ਰਿਹਾ, ਆਖਿਰ ਬਾਬਾ ਬੰਦਾ ਸਿੰਘ ਬਹਾਦਰ ਅਤੇ ਉਸਦੇ 3 ਸਾਲ ਦੇ ਨਿੱਕੇ ਪੁੱਤਰ ਅਜੈ ਸਿੰਘ ਨੂੰ 740 ਸਿੰਘਾਂ ਸਮੇਤ ਗ੍ਰਿਫਤਾਰ ਕਰ ਲਿਆ ਗਿਆ ਤੇ ਜ਼ਕਰੀਆ ਖ਼ਾਨ ਦੇ ਹੇਠ ਦਿੱਲੀ ਭੇਜਿਆ ਗਿਆ, ਉੱਥੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਕਈ ਤਸੀਹੇ ਦਿੱਤੇ ਗਏ ਅਤੇ ਜੂਨ ਸੰਨ-1716 ਨੂੰ [ ਬੰਦਾ ਸਿੰਘ ਬਹਾਦਰ ] ਅਤੇ ਉਸਦੇ ਪੁੱਤਰ ਨੂੰ ਸ਼ਹੀਦ ਕਰ ਦਿੱਤਾ ਗਿਆ।

ਇਹ ਵੀ ਦੇਖੋ

[ਸੋਧੋ]

ਹਵਾਲੇ

[ਸੋਧੋ]
  1. 1.0 1.1 Ganda Singh. "Banda Singh Bahadur". Encyclopaedia of Sikhism. Punjabi University Patiala. Retrieved 27 January 2014.
  2. 2.0 2.1 Sagoo 2001, p. 213.
  3. "Banda Singh Bahadur". Encyclopedia Britannica. Retrieved 15 May 2013.
  4. Kaur, Zameerpal (2019-11-22). "ਈਕੋਕ੍ਰਿਟੀਸਿਜ਼ਮ ਦੇ ਸੰਦਰਭ ਵਿੱਚ ਭਾਈ ਵੀਰ ਸਿੰਘ ਦੀ ਕਵਿਤਾ". Sikh Formations. 16 (1–2): 122–147. doi:10.1080/17448727.2020.1685061. ISSN 1744-8727.
  5. Singha, H. S. (1996). Sikh studies. Book 7, Banda Singh Bahadur to Maharaja Ranjit Singh. New Delhi: Hemkunt. ISBN 978-81-7010-258-8. OCLC 426041638.
  6. The Sikh Review (in ਅੰਗਰੇਜ਼ੀ). Sikh Cultural Centre. 2008.
  7. Sagoo, Harbans Kaur (2001). Banda Singh Bahadur and Sikh Sovereignty (in ਅੰਗਰੇਜ਼ੀ). Deep & Deep Publications. ISBN 9788176293006.
  8. Haryana, India Director of Census Operations (1994). Census of India, 1991: Haryana (in ਅੰਗਰੇਜ਼ੀ). Govt. of Haryana.
  9. Singh, Teja (1999). A short history of the Sikhs. Volume one, 1469-1765 (3rd ed ed.). Patiala: Publication Bureau, Punjabi University. ISBN 978-81-7380-007-8. OCLC 235973547. {{cite book}}: |edition= has extra text (help)
  10. Singh, Gurbakhsh (1991). The Khalsa generals. Vancouver: Canadian Sikh Study and Teaching Society. ISBN 0-9694092-4-9. OCLC 24286380.
  11. Singh, Teja (1999). A Short History of the Sikhs: 1469–1765. Patiala: Publication Bureau, Punjabi University. p. 85. ISBN 9788173800078.
  12. Grewal, J. S. (1998). The Sikhs of the Punjab (Rev. ed., 1st pbk. ed ed.). Cambridge [England]: Cambridge University Press. ISBN 0-521-63764-3. OCLC 41320227. {{cite book}}: |edition= has extra text (help)
  13. William Irvine (1904). Later Mughals. Atlantic Publishers & Distri.