ਕੇਂਦਰੀ ਅਮਰੀਕਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਕੇਂਦਰੀ ਅਮਰੀਕਾ
Map of Central America
ਖੇਤਰਫਲ523,780 km2 (202,233 sq mi)[1]
ਅਬਾਦੀ41,739,000 (2009 ਦਾ ਅੰਦਾਜ਼ਾ)[1]
ਘਣਤਾ77/km2 (200/sq mi)
ਦੇਸ਼7
ਵਾਸੀ ਸੂਚਕਕੇਂਦਰੀ ਅਮਰੀਕੀ, ਅਮਰੀਕੀ
GDP$107.7 ਬਿਲੀਅਨ (ਵਟਾਂਦਰਾ ਦਰ) (2006)
$ 226.3 ਬਿਲੀਅਨ (ਖ਼ਰੀਦ ਸ਼ਕਤੀ ਸਮਾਨਤਾ) (2006)।
GDP ਪ੍ਰਤੀ ਵਿਅਕਤੀ$2,541 (ਵਟਾਂਦਰਾ ਦਰ) (2006)
$5,339 (ਖ਼ਰੀਦ ਸ਼ਕਤੀ ਸਮਾਨਤਾ) (2006)
ਭਾਸ਼ਾਵਾਂਸਪੇਨੀ, ਅੰਗਰੇਜ਼ੀ, ਮਾਇਆਈ ਭਾਸ਼ਾਵਾਂ, ਗਾਰੀਫ਼ੂਨਾ, ਕ੍ਰਿਓਲ, ਯੂਰਪੀ ਭਾਸ਼ਾਵਾਂ ਅਤੇ ਹੋਰ ਕਈ
ਸਮਾਂ ਜੋਨਾਂUTC - 6:00, UTC - 5:00
ਸਭ ਤੋਂ ਵੱਡੇ ਸ਼ਹਿਰ (2002)ਗੁਆਤੇਮਾਲਾ ਸ਼ਹਿਰ
ਸਾਨ ਸਾਲਵਾਦੋਰ
ਤੇਗੂਸੀਗਾਲਪਾ
Managua
ਸਾਨ ਪੇਦਰੋ ਸੂਲਾ
ਪਨਾਮਾ ਸ਼ਹਿਰ
ਸਾਨ ਹੋਸੇ, ਕੋਸਤਾ ਰੀਕਾ
ਸਾਂਤਾ ਆਨਾ, ਸਾਲਵਾਦੋਰ
ਲਿਓਨ
ਸਾਨ ਮਿਗੁਏਲ[2]

ਕੇਂਦਰੀ ਅਮਰੀਕਾ ([América Central ਜਾਂ Centroamérica] Error: {{Lang-xx}}: text has italic markup (help)) ਅਮਰੀਕਾ ਦੇ ਭੂਗੋਲਕ ਖੇਤਰ ਦਾ ਕੇਂਦਰ ਹੈ। ਇਹ ਉੱਤਰੀ ਅਮਰੀਕੀ ਮਹਾਂਦੀਪ ਦੇ ਸਭ ਤੋਂ ਦੱਖਣੀ ਥਲ-ਜੋੜੂ ਹਿੱਸੇ ਵਿੱਚ ਹੈ ਜੋ ਦੱਖਣ-ਪੂਰਬ ਵੱਲ ਦੱਖਣੀ ਅਮਰੀਕਾ ਨਾਲ਼ ਜੋੜਦਾ ਹੈ।[3][4] ਜਦੋਂ ਇਹ ਸੰਯੁਕਤ ਮਹਾਂਦੀਪੀ ਨਮੂਨੇ ਦਾ ਹਿੱਸਾ ਮੰਨਿਆ ਜਾਂਦਾ ਹੈ ਤਾਂ ਇਸਨੂੰ ਇੱਕ ਉਪ-ਮਹਾਂਦੀਪ ਮੰਨਿਆ ਜਾਂਦਾ ਹੈ। ਕੇਂਦਰੀ ਅਮਰੀਕਾ ਵਿੱਚ ਸੱਤ ਦੇਸ਼-ਬੇਲੀਜ਼, ਕੋਸਤਾ ਰੀਕਾ, ਸਾਲਵਾਦੋਰ, ਗੁਆਤੇਮਾਲਾ, ਹਾਂਡੂਰਾਸ, ਨਿਕਾਰਾਗੁਆ ਅਤੇ ਪਨਾਮਾ-ਹਨ। ਇਹ ਖੇਤਰ ਮੀਜ਼ੋਅਮਰੀਕੀ ਜੀਵ-ਵਿਭਿੰਨਤਾ ਖੇਤਰ ਦਾ ਹਿੱਸਾ ਹੈ ਜੋ ਉੱਤਰੀ ਗੁਆਤੇਮਾਲਾ ਤੋਂ ਕੇਂਦਰੀ ਪਨਾਮਾ ਤੱਕ ਫੈਲਿਆ ਹੈ।[5] ਇਸ ਦੀਆਂ ਹੱਦਾਂ ਉੱਤਰ ਵੱਲ ਮੈਕਸੀਕੋ, ਪੂਰਬ ਵੱਲ ਕੈਰੇਬੀਆਈ ਸਾਗਰ, ਪੱਛਮ ਵੱਲ ਉੱਤਰ ਪ੍ਰਸ਼ਾਂਤ ਮਹਾਂਸਾਗਰ ਅਤੇ ਦੱਖਣ-ਪੂਰਬ ਵੱਲ ਕੋਲੰਬੀਆ ਨਾਲ਼ ਲੱਗਦੀਆਂ ਹਨ।

ਇਤਿਹਾਸ[ਸੋਧੋ]

ਬਸਤੀਵਾਦੀ ਕਾਲ ਦੌਰਾਨ ਕੇਂਦਰੀ ਅਮਰੀਕਾ ਨੂੰ ਪ੍ਰਬੰਧਕੀ ਮੰਤਵਾਂ ਲਈ ਨਿਊ ਸਪੇਨ ਅਧੀਨ ਗਵਾਤੇਮਾਲਾ ਦੇ ਕੈਪਟੈਂਸੀ ਜਨਰਲ ਵਜੋਂ ਸੰਗਠਤ ਕੀਤਾ ਗਿਆ ਸੀ। ਸੰਨ 1821 ਵਿੱਚ ਪ੍ਰਾਂਤ ਨੇ ਸਪੇਨ ਤੋਂ ਵੱਖਰੇ ਹੀ ਆਪਣੀ ਆਜ਼ਾਦੀ ਐਲਾਨ ਕਰ ਦਿੱਤੀ ਅਤੇ 1823 ਤੀਕ ਇਹ ਆਗਸਟੀਨ ਡੇ ਈਟੂਰਬੀਥੇ ਦੇ ਮੈਕਸੀਕੋ ਸਾਮਰਾਜ ਦੇ ਅਧਿਕਾਰ ਖੇਤਰ ਵਿੱਚ ਰਿਹਾ। ਈਟੂਰਬੀਥੇ ਦੇ ਰਾਜ ਦੇ ਪਤਨ ਤੋਂ ਬਾਅਦ ਅਮਰੀਕਾ ਦੇ ਸੰਯੁਕਤ ਪ੍ਰਾਂਤਾਂ ਦੀ ਇੱਕ ਕਨਫ਼ੈਡਰੇਸ਼ਨ ਨੂੰ ਸੰਗਠਤ ਕੀਤਾ ਗਿਆ। ਫ਼੍ਰਾਂਸਿਸਕੋ ਮੌਰਾਸ਼ਾਨ ਜਿਹੜਾ 1830 ਤੋਂ 1839 ਤੀਕ ਕਨਫ਼ੈਡਰੇਸ਼ਨ ਦਾ ਪ੍ਰਧਾਨ ਸੀ, ਗਣਰਾਜਾਂ ਨੂੰ ਇੱਕ ਮੁੱਠ ਕਰਨ ਦਾ ਸਭ ਤੋਂ ਵੱਡਾ ਸਮਰਥਕ ਸੀ ਅਤੇ ਇਸੇ ਸਮੇਂ ਹੀ ਕਨਫ਼ੈਡਰੇਸ਼ਨ ਬਣਾਉਣ ਵਾਲੇ ਪੰਜ ਰਾਜਾਂ ਨੂੰ ਆਜ਼ਾਦੀ ਮਿਲੀ ਸੀ। ਇਸ ਤੋਂ ਬਾਅਦ ਇੱਕ ਮੁੱਠ ਕਰਨ ਦੀਆਂ ਕੋਸ਼ਿਸ਼ਾਂ ਨਾਕਾਮ ਰਹੀਆਂ। ਫਿਰ ਵੀ 1951 ਵਿੱਚ ‘Organizacion de Estados Centro Americano’s’ ਦੀ ਸਥਾਪਨਾ ਇਸ ਸੰਬੰਧ ਵਿੱਚ ਥੋੜ੍ਹੀ ਜਿਹੀ ਸਫ਼ਲ ਰਹੀ ਹੈ।

ਭਗੋਲਿਕ ਸਥਿਤੀ[ਸੋਧੋ]

ਕੈਰਿਬੀਅਨ ਸਾਗਰ ਅਤੇ ਸ਼ਾਂਤ ਮਹਾਂਸਾਗਰ ਵਿਚਕਾਰ ਭੂਮੀ ਦੀ ਇਹ ਇੱਕ ਤੰਗ ਜਿਹੀ ਪੱਟੀ ਹੈ ਜਿਹੜੀ ਉੱਤਰੀ ਅਮਰੀਕਾ ਅਤੇ ਦੱਖਣੀ ਅਮਰੀਕਾ ਨੂੰ ਆਪਸ ਵਿੱਚ ਜੋੜਦੀ ਹੈ। ਇਹ ਮੈਕਸੀਕੋ ਦੀ ਦੱਖਣੀ ਸਰਹੱਦ ਤੋਂ ਲੈ ਕੇ ਕੋਲੰਬੀਆ ਦੀ ਉੱਤਰੀ ਸਰਹੱਦ ਵਲ ਨੂੰ ਫ਼ੈਲੀ ਹੋਈ ਹੈ। ਪੱਟੀ ਦੀ ਚੌੜਾਈ ਉੱਤਰ ਵਾਲੇ ਪਾਸੇ 565 ਕਿ. ਮੀ. ਅਤੇ ਧੁਰ ਦੱਖਣ ਵੱਲ ਜਾਂਦਿਆਂ ਇਹ ਚੌੜਾਈ 50 ਕਿ. ਮੀ. ਤੀਕ ਰਹਿ ਜਾਂਦੀ ਹੈ। ਇਸ ਦਾ ਕੁੱਲ ਰਕਬਾ 5,22,310 ਵ. ਕਿ. ਮੀ. ਹੈ ਜਿਹੜਾ ਅੰਦਾਜ਼ਨ ਕਾਲੋਰਾਡੋ ਅਤੇ ਨੈਵੇਦਾ ਨਾਂ ਦੇ ਦੋਹਾਂ ਰਾਜਾਂ ਦੇ ਰਕਬੇ ਦੇ ਬਰਾਬਰ ਹੈ।

ਇਸ ਪੱਟੀ ਵਿੱਚ ਪਾਨਾਮਾ, ਕਾਸਟਾਰੀਕਾ, ਨਿਕਾਰਾਗੁਆ, ਹਾਂਡੂਰਸ, ਐਲ-ਸੈੱਲਵਾਡਾਰ ਅਤੇ ਗਵਾਤੇਮਾਲਾ ਨਾਂ ਦੇ ਛੇ ਗਣਰਾਜ, ਬ੍ਰਿਟਿਸ਼ ਹਾਂਡੂਰਸ ਦੀ ਬਰਤਾਨਵੀ ਬਸਤੀ ਅਤੇ ਪਾਨਾਮਾ ਕੈਨਾਲ ਜ਼ੋਨ ਸਾਮਲ ਹਨ। ਪਾਨਾਮਾ ਗਣਰਾਜ, ਕੈਨਾਲ ਜ਼ੋਨ ਅਤੇ ਪਾਨਾਮਾ ਨੂੰ ਸੰਯੁਕਤ ਰਾਜ ਨੂੰ ਪੱਟੇ ਤੇ ਦਿੰਦਾ ਹੈ। ਪਾਨਾਮਾ ਤੋਂ ਇਲਾਵਾ ਬਾਕੀ ਦੇ ਗਣਰਾਜ, ਕੇਂਦਰੀ ਅਮਰੀਕੀ ਰਾਜ ਸੰਗਠਨ ਨਾਂ ਦੇ ਇੱਕ ਸਿਆਸੀ ਗਰੁੱਪ ਨਾਲ ਜੁੜੇ ਹੋਏ ਹਨ। ਇਹ ਸੰਗਠਨ ਪੰਜ ਦੇਸ਼ਾਂ ਦੇ ਰਾਜਨੀਤਿਕ, ਸਮਾਜਿਕ ਅਤੇ ਆਰਥਿਕ ਮਾਮਲਿਆਂ ਦੇ ਖੇਤਰ ਵਿੱਚ ਮਿਲਵਰਤਨ ਨੂੰ ਉਤਸ਼ਾਹ ਦੇਣ ਲਈ ਸੰਨ 1951 ਵਿੱਚ ਹੋਂਦ ਵਿੱਚ ਆਇਆ। ਦਸ ਸਾਲਾ ਮਗਰੋਂ ਇਨ੍ਹਾਂ ਦੀ ਗਣਰਾਜਾਂ ਨੇ ਇੱਕ ਸਾਂਝੀ ਮਸੂਲ ਨੀਤੀ ਅਪਣਾ ਲਈ ਅਤੇ ਇਲਾਕਾਈ ਵਪਾਰਕ ਨਾਕਿਆਂ ਨੂੰ ਖ਼ਤਮ ਕਰਨ ਲਈ ਕੇਂਦਰੀ ਅਮਰੀਕੀ ਸਾਂਝੀ ਮੰਡੀ ਦੀ ਸਥਾਪਨਾ ਕੀਤੀ। ਇਸ ਸਾਰੇ ਗਣਰਾਜ ਅਮਰੀਕੀ ਰਾਜ ਸੰਗਠਨ ਨਾਲ ਸਬੰਧਤ ਹਨ।

ਧਰਾਤਲ[ਸੋਧੋ]

ਇਸ ਖੇਤਰ ਨੂੰ ਤਿੰਨ ਵਿਸ਼ਾਲ ਧਰਾਤਲ ਖੇਤਰਾਂ-ਉੱਤਰੀ ਪਹਾੜੀ ਖੇਤਰ, ਨਿਕਾਰਾਗੁਆ ਦਾ ਨੀਵਾਂ ਖੇਤਰ ਅਤੇ ਦੱਖਣੀ ਪਹਾੜੀ ਖੇਤਰ ਵਿੱਚ ਵੰਡਿਆ ਜਾ ਸਕਦਾ ਹੈ। ਉੱਤਰੀ ਇਲਾਕੇ ਵਿਚਲੀਆਂ ਪਹਾੜੀਆਂ ਦੀ ਉਚਾਈ ਪੱਛਮ ਤੋਂ ਪੂਰਬ ਵੱਲ ਨੂੰ ਘਟਦੀ ਜਾਂਦੀ ਹੈ। ਇਥੋਂ ਤੀਕ ਕਿ ਇਹ ਪਹਾੜੀਆਂ ਕੈਰਿਬੀਅਨ ਸਾਗਰ ਵਿੱਚ ਡੁੱਬ ਹੀ ਜਾਂਦੀਆਂ ਹਨ ਅਤੇ ਫ਼ਿਰ ਇਹੀ ਪਹਾੜੀਆਂ ਕੁਝ ਦੂਰ ਪੱਛਮੀ ਸਮੂਹ ਦੇ ਉੱਚ ਭੂਮੀ ਵਾਲੇ ਹਿੱਸਿਆ ਵਜੋਂ ਨਜ਼ਰ ਆਉਣ ਲਗਦੀਆਂ ਹਨ।

ਸ਼ਾਂਤ ਮਹਾਂਸਾਗਰ ਦੇ ਨੇੜੇ ਕਈ ਜਵਾਲਾਮੁਖੀ ਹਨ ਅਤੇ ਇਨ੍ਹਾਂ ਵਿਚੋਂ ਕਈ ਕ੍ਰਿਆਸ਼ੀਲ ਹਨ। ਪੱਛਮੀ ਗਵਾਤੇਮਾਲਾ ਵਿੱਚ ਤਾਹੂਮੂਲਕੋ ਸਭ ਤੋਂ ਉੱਚੀ ਜਵਾਲਾਮੁਖੀ ਪਹਾੜੀ ਹੈ ਜਿਹੜੀ ਸਮੁੰਦਰੀ ਤਲ ਤੋਂ 4,211 ਮੀ. ਉੱਚੀ ਹੈ। ਐਲ ਸੈੱਲਵਾਡਾਰ ਵਿੱਚ ਕੋਈ 2,100 ਤੋਂ 2,400 ਮੀ. ਉੱਚੀਆਂ ਜਵਾਲਾਮੁਖੀਆਂ ਦੀਆਂ ਦੋ ਕਤਾਰਾਂ ਜਾਂਦੀਆਂ ਹਨ ਜਿਹਨਾਂ ਵਿੱਚ ਵਧੇਰੇ ਕਰਕੇ ਅਕ੍ਰਿਆਸ਼ੀਲ ਹਨ। ਹਾਂਡੂਰਸ ਅਤੇ ਨਿਕਾਰਾਗੁਆ ਵਿਚਲੀਆਂ ਚੋਟੀਆਂ 1,524 ਮੀ. ਤੋਂ ਵੀ ਉਪਰ ਚਲੀਆਂ ਜਾਂਦੀਆਂ ਹਨ। ਜਵਾਲਾਮੁਖੀਆਂ ਨੂੰ ਵਲਣ ਵਾਲੀ ਉੱਚ-ਭੂਮੀ, ਜਵਾਲਾਮੁਖੀ ਰਾਖ ਅਤੇ ਲਾਵੇ ਦੀ ਇੱਕ ਮੋਟੀ ਮੈਂਟਲ ਥੱਲੇ ਦੱਬੀ ਪਈ ਹੈ। ਪਠਾਰ ਵਿਚੋਂ ਦੀ ਕਈ ਡੂੰਘੀਆਂ ਘਾਟੀਆਂ ਲੰਘਦੀਆਂ ਹਨ।

ਸ਼ਾਂਤ ਮਹਾਂਸਾਗਰ ਅਤੇ ਕੈਰਿਬੀਅਨ ਸਾਗਰ ਦੀ ਵਿਚਕਾਰਲੀ ਉੱਚ ਭੂਮੀ ਨੂੰ ਤੱਟੀ ਨੀਵੀਂ ਭੂਮੀ ਨੇ ਬੇਤੁਕੇ ਜਿਹੇ ਢੰਗ ਨਾਲ ਵਲਿਆ ਹੋਇਆ ਹੈ। ਮੈਕਸੀਕੋ ਦੀ ਸਰਹੱਦ ਉੱਤੇ ਇੱਕ 40 ਕਿ. ਮੀ. ਚੌੜਾ ਮੈਦਾਨ ਗਵਾਤੇਮਾਲਾ ਦੇ ਸਾਰੇ ਹੀ ਸ਼ਾਂਤ ਮਹਾਂਸਾਗਰੀ ਤਟ ਦਾ ਇੱਕ ਪਾਸਾ ਬਣਾਉਂਦਾ ਹੋਇਆ ਦੱਖਣ-ਪੂਰਬ ਵੱਲ ਨੂੰ ਫ਼ੈਲਿਆ ਹੋਇਆ ਹੈ। ਇਸ ਤਰ੍ਹਾਂ ਇਹ ਰੇਖਾ ਅਣ-ਕੱਟੀ ਵੱਢੀ ਹੈ ਅਤੇ ਇਥੇ ਕੋਈ ਕੁਦਰਤੀ ਬੰਦਰਗਾਹ ਵੀ ਨਹੀਂ ਹੈ। ਆਕਾਹੂਟਲਾ ਤੋਂ ਥੋੜ੍ਹਾ ਜਿਹਾ ਦੂਰ, ਚਟਾਨੀ ਉਭਾਰ ਐਲ ਸੈੱਲਵਾਡਾਰ ਤਟ ਨੂੰ ਹੋਂਦ ਵਿੱਚ ਲਿਆਉਂਦੇ ਹਨ। ਫ਼ਾਨਸੇਕਾ ਖਾੜੀ ਤੱਕ 32 ਕਿ. ਮੀ. ਚੌੜੀ ਨੀਵੀਂ ਭੂਮੀ ਦੀ ਇੱਕ ਪੱਟੀ ਫ਼ਿਰ ਆ ਜਾਂਦੀ ਹੈ।

ਜਲ-ਪ੍ਰਵਾਹ[ਸੋਧੋ]

ਕੇਂਦਰੀ ਅਮਰੀਕਾ ਵਿੱਚ ਲੰਬੇ ਦਰਿਆ ਬਿਲਕੁਲ ਨਹੀਂ ਹਨ। ਇਸੇ ਤਰ੍ਹਾਂ ਹੀ ਇਥੇ ਇੱਕ ਵੀ ਅਜਿਹੀ ਨਦੀ ਨਹੀਂ ਹੈ ਜਿਸ ਵਿੱਚ ਤਜਾਰਤੀ ਪੱਖੋਂ ਜਹਾਜ਼ ਚਲ ਸਕਦੇ ਹੋਣ। ਸ਼ਾਂਤ ਮਹਾਂਸਾਗਰ ਵਿੱਚ ਡਿੱਗਣ ਵਾਲੀਆਂ ਨਦੀਆਂ ਦੇ ਮੁਕਾਬਲੇ ਤੇ ਕੈਰਿਬੀਅਨ ਸਾਗਰ ਵਿੱਚ ਡਿੱਗਣ ਵਾਲੀਆਂ ਨਦੀਆਂ ਦੇ ਵਹਾਅ ਵਿੱਚ ਘਟ ਹੀ ਫ਼ਰਕ ਆਉਂਦਾ ਹੈ। ਬਰਸਾਤੀ ਮੌਸਮ ਵਿੱਚ ਸ਼ਾਂਤ ਮਹਾਂਸਾਗਰ ਵੱਲ ਨੂੰ ਵਹਿਣ ਵਾਲੇ ਦਰਿਆਵਾਂ ਸਦਕਾ ਆਮ ਹੜ੍ਹ ਆਉਂਦੇ ਰਹਿੰਦੇ ਹਨ। ਖੁਸ਼ਕ ਮੌਸਮ ਦੌਰਾਨ ਇਨ੍ਹਾਂ ਦਰਿਆਵਾਂ ਵਿੱਚ ਰਤਾ ਵੀ ਪਾਣੀ ਨਹੀਂ ਹੁੰਦਾ। ਕੇਂਦਰੀ ਅਮਰੀਕਾ ਦੀਆਂ ਕੇਵਲ ਥੋੜ੍ਹੀਆਂ ਜਿਹੀਆਂ ਝੀਲਾਂ ਹੀ ਵਰਨਣਯੋਗ ਹਨ। ਗਵਾਤੇਮਾਲਾ ਦੀਆਂ ਉੱਚ ਭੂਮੀਆਂ ਦੇ ਅੰਤਰ-ਪਰਬਤੀ ਬੇਸਿਨਾਂ ਵਿੱਚ ਆਟੀਟਲਾਨ ਝੀਲ ਅਤੇ ਪੂਰਬੀ ਗਵਾਤੇਮਾਲਾ ਦੀ ਦਲਦਲੀ ਨੀਵੀਂ ਭੂਮੀ ਵਿੱਚ ਈਸਾਵਾਲ ਝੀਲ ਹੀ ਪ੍ਰਸਿੱਧ ਹਨ। ਨਿਕਾਰਾਗੁਆ ਨੀਵੀਂ ਭੂਮੀ ਦੇ ਦੱਖਣ ਵੱਲ ਨੂੰ ਕੋਈ ਝੀਲ ਨਜ਼ਰ ਨਹੀਂ ਆਉਂਦੀ।

ਜਲਵਾਯੂ[ਸੋਧੋ]

ਕੇਂਦਰੀ ਅਮਰੀਕਾ ਵਿੱਚ ਤਿੰਨ ਕਿਸਮ ਦਾ ਜਲਵਾਯੂ ਮਿਲਦਾ ਹੈ। ਪੂਰਬੀ ਜਾਂ ਕੈਰਿਬੀਅਨ ਨੀਵੀਆਂ ਭੂਮੀਆਂ ਵਿੱਚ ਗਰਮ-ਤਰ ਜਲਵਾਯੂ; ਸ਼ਾਂਤ ਮਹਾਂਸਾਗਰ ਦੀਆਂ ਨੀਵੀਆਂ ਭੂਮੀਆਂ ਵਿੱਚ ਕਦੇ ਗਰਮ-ਤਰ, ਕਦੇ ਗਰਮ-ਖੁਸ਼ਕ ਅਤੇ 1,220 ਮੀ. ਦੀ ਉਚਾਈ ਵਾਲੇ ਉੱਚ ਭੂਮੀ ਖੇਤਰਾਂ ਵਿੱਚ ਕਦੇ ਠੰਡਾ ਕਦੇ ਤਰ ਅਤੇ ਕਦੇ ਮੌਸਮੀ ਤੌਰ 'ਤੇ ਖੁਸ਼ਕ ਜਲਵਾਯੂ ਹੁੰਦਾ ਹੈ। ਇਥੇ ਵਰਖਾ ਦੀ ਵੰਡ ਵਿੱਚ ਵੀ ਕਾਫ਼ੀ ਭਿੰਨਤਾ ਮਿਲਦੀ ਹੈ। ਸਾਰੇ ਸਾਲ ਵਿੱਚ ਇਥੇ 200 ਸੈਂ. ਮੀ. ਤੋਂ ਕਦੇ ਵੀ ਵਧ ਵਰਖਾ ਹੁੰਦੀ ਹੈ। ਆਮ ਕਰਕੇ ਇਥੇ ਵਰਖਾ 125 ਸੈਂ. ਮੀ. ਅਤੇ 150 ਸੈ. ਮੀ. ਵਿਚਕਾਰ ਹੁੰਦੀ ਹੈ।

ਕੁਦਰਤੀ ਬਨਸਪਤੀ[ਸੋਧੋ]

ਕੇਂਦਰੀ ਅਮਰੀਕਾ ਦੀਆਂ ਗਰਮ ਅਤੇ ਤਰ ਨੀਵੀਆਂ ਭੂਮੀਆਂ ਸੰਘਣੇ ਊਸ਼ਣ ਖੰਡੀ ਜੰਗਲਾਂ ਨਾਲ ਢਕੀਆਂ ਹੋਈਆਂ ਹਨ। ਚੌੜੇ ਪੱਤਿਆਂ ਵਾਲੇ ਸਦਾ ਬਹਾਰ ਦਰਖਤਾਂ ਦੀਆਂ ਇਥੇ ਕਈ ਕਿਸਮਾਂ ਮਿਲਦੀਆਂ ਹਨ। ਤਿਆਰ ਕਲਾਇੰਤੇ ਜ਼ੋਨ ਦੇ ਵਧੇਰੇ ਹਿੱਸੇ ਅਤੇ ਵਿਸ਼ੇਸ਼ ਕਰਤੇ ਤਰ ਕੈਰਿਬੀਅਨ ਤਟ ਦੇ ਨਾਲ ਮਾਹਾਗਨੀ ਅਤੇ ਰੋਜ਼ਵੁੱਡ ਦੇ ਜੰਗਲ ਮਿਲਦੇ ਹਨ। ਜਿਥੇ ਕਿਤੇ ਵਰਖਾ ਘਟ ਹੁੰਦੀ ਹੈ ਜਾਂ ਸਾਲ ਦੌਰਾਨ ਮੌਸਮ ਖੁਸ਼ਕ ਰਹਿੰਦਾ ਹੈ ਉਥੇ ਘਟ ਸੰਘਣੇ ਅਤੇ ਪਤਝੜ ਵਾਲੇ ਜੰਗਲ ਮਿਲਦੇ ਹਨ। ਕੁਝ ਇੱਕ ਖੁਸ਼ਕ ਇਲਾਕਿਆਂ ਜਿਵੇਂ ਗਵਾਤੇਮਾਲਾ ਦੇ ਸ਼ਾਂਤ ਮਹਾਂਸਾਗਰੀ ਤਟ ਦੇ ਨਾਲ ਨਾਲ ਜਾਂ ਐਲ– ਸੈੱਲਵਾਡਾਰ ਦੀ ਪੂਰਬੀ ਨੀਵੀਂ ਭੂਮੀ ਵਿੱਚ ਊਸ਼ਣ-ਖੰਡੀ ਖਾਹ (ਸਵਾਨਾ) ਮਿਲਦਾ ਹੈ। ਉਚਾਈ ਵਾਲੇ ਇਲਾਕਿਆਂ ਵਿੱਚ ਊਸ਼ਣ-ਖੰਡੀ ਜੰਗਲਾਂ ਦੀ ਥਾਂ ਓਕ ਦੇ ਦਰਖਤ ਮੌਜੂਦ ਹਨ। ਇਨ੍ਹਾਂ ਇਲਾਕਿਆਂ ਤੋਂ ਉਪਰ ਗਵਾਤੇਮਾਲਾ, ਹਾਂਡੂਰਸ ਅਤੇ ਉੱਤਰੀ ਨਿਕਾਰਾਗੁਆ ਦੀਆਂ ਉੱਚ ਭੂਮੀਆਂ ਵਿੱਚ ਚੀਲ ਦੇ ਜੰਗਲ ਮਿਲਦੇ ਹਨ। ਸਭ ਤੋਂ ਉੱਚੀਆਂ ਉੱਚਾਣਾਂ ਉੱਤੇ ਆਮ ਕਰਕੇ 3,048 ਮੀ. ਤੋਂ ਉਪਰ ਜੰਗਲਾਂ ਦੀ ਥਾਂ ਪਹਾੜੀ ਘਾਹ ਮਿਲਦਾ ਹੈ।

ਖਣਿਜੀ ਸਾਧਨ[ਸੋਧੋ]

ਖਣਿਜੀ ਸਾਧਨਾਂ ਪੱਖੋਂ ਕੇਂਦਰੀ ਅਮਰੀਕਾ ਇੱਕ ਪਛੜੀ ਹੋਈ ਪੱਟੀ ਹੈ। ਸੋਲ੍ਹਵੀਂ ਸਦੀ ਦੇ ਅਖ਼ੀਰ ਤੋਂ ਹੀ ਗਵਾਤੇਮਾਲਾ ਦੀ ਉੱਚ-ਭੂਮੀ ਵਿੱਚ ਵੇਵੇਤੇਨਾਨਗੋ ਸਥਾਨ ਤੇ ਚਾਂਦੀ ਦੀ ਖਾਣ-ਖੁਦਾਈ ਕੀਤੀ ਜਾ ਰਹੀ ਹੈ। ਉੱਤਰੀ ਐਲ-ਸੈੱਲਵਾਡਾਰ ਵਿੱਚ ਥੋੜ੍ਹੀ ਜਿਹੀ ਮਿਕਦਾਰ ਵਿੱਚ ਸੋਨਾ, ਚਾਂਦੀ, ਪਾਰਾ ਅਤੇ ਸਿੱਕਾ ਮਿਲਦਾ ਹੈ। ਹਾਂਡੂਰਸ ਵਿੱਚ ਅਤੇ ਨਿਕਾਰਾਗੁਆ ਸਰਹੱਦ ਦੇ ਨਾਲ ਨਾਲ ਥੋੜ੍ਹੀ ਜਿਹੀ ਚਾਂਦੀ ਅਤੇ ਸੋਨਾ ਮਿਲਦਾ ਹੈ।

ਖੇਤੀਬਾੜੀ[ਸੋਧੋ]

ਕੇਂਦਰੀ ਅਮਰੀਕਾ ਦੀ ਪੱਟੀ ਵਿੱਚ ਰਹਿਣ ਵਾਲੇ ਲੋਕਾਂ ਦਾ ਮੁੱਖ ਕਿੱਤਾ ਖੇਤੀਬਾੜੀ ਹੈ। ਮੱਕੀ, ਕਾਫ਼ੀ ਅਤੇ ਕੇਲਾ ਇਥੋਂ ਦੀਆਂ ਮੁੱਖ ਫ਼ਸਲਾਂ ਹਨ। ਇਸ ਤੋਂ ਇਲਾਵਾ ਚੌਲ, ਸੇਮ ਅਤੇ ਆਲੂ ਵੀ ਇਸ ਪੱਟੀ ਵਿੱਚ ਉਗਾਏ ਜਾਂਦੇ ਹਨ। ਵਧੇਰੇ ਕਰਕੇ ਸਥਾਨਕ ਵਰਤੋਂ ਲਈ ਕਪਾਹ, ਹੈਂਕਨ, ਗੰਨਾ ਤੇ ਤਮਾਕੂ ਬੀਜਿਆ ਜਾਂਦਾ ਹੈ। ਕੋਕੋ ਵੀ ਇਥੋਂ ਦੀ ਪ੍ਰਸਿੱਧ ਫ਼ਸਲ ਹੈ। ਉੱਚ ਭੂਮੀਆਂ ਵਿੱਚ ਉਗਾਈ ਕਾਫ਼ੀ ਗਵਾਤੇਮਾਲਾ, ਐਲ ਸੈੱਲਵਾਡਾਰ ਅਤੇ ਕਾਸਟਾਰੀਕਾ ਦੇਸ਼ਾਂ ਤੋਂ ਬਾਹਰ ਭੇਜੀ ਜਾਣ ਵਾਲੀ ਮੁੱਖ ਫ਼ਸਲ ਹੈ।

ਆਵਾਜਾਈ[ਸੋਧੋ]

ਇਥੇ ਬਹੁਤੀ ਆਵਾਜਾਈ ਰੇਲ ਮਾਰਗਾਂ ਰਾਹੀਂ ਹੀ ਹੁੰਦੀ ਹੈ। ਮੈਕਸੀਕੋ ਸਿਟੀ ਤੋਂ ਗਵਾਤੇਮਾਲਾ ਅਤੇ ਐਲ ਸੈੱਲਵਾਡਾਰ ਦੇ ਸ਼ਹਿਰਾਂ ਵੱਲ ਨੂੰ ਰੇਲ ਮਾਰਗ ਜਾਂਦੇ ਹਨ। ਨਿਕਾਰਾਗੁਆ ਦੇ ਨੀਵੀਂ ਭੂਮੀ ਵਾਲੇ ਮੁੱਖ ਕਸਬੇ ਰੇਲ ਮਾਰਗ ਦੁਆਰਾ ਦੋ ਛੋਟੀਆਂ ਛੋਟੀਆਂ ਸ਼ਾਂਤ ਮਹਾਂਸਾਗਰੀ ਬੰਦਰਗਾਹਾਂ ਕੋਰੀਟੋ ਅਤੇ ਪੋਰਟ ਮੌਰਾਸ਼ਾਨ ਨਾਲ ਜੁੜੇ ਹੋਏ ਹਨ। ਕਾਸਟਾਰੀਕਾ ਤੋਂ ਪਾਰ ਕੈਰਿਬੀਅਨ ਸਾਗਰ ਉਪਰਲੇ ਲੀਮਾਨ ਦੇ ਸਥਾਨ ਤੋਂ ਸ਼ਾਂਤ ਮਹਾਂਸਾਗਰ ਉਪਰਲੇ ਪੁੰਟਾਰੇਨਾਸ ਦੇ ਸਥਾਨ ਵੱਲ ਨੂੰ ਇੱਕ ਰੇਲ ਮਾਰਗ ਜਾਂਦਾ ਹੈ। ਥਲ ਜੋੜ ਤੋਂ ਪਾਰ ਕੈਨਾਲ ਦੇ ਸਮਾਨਾਂਤਰ ਪਾਨਾਮਾ ਰੇਲ ਰੋਡ ਤੁਰੀ ਜਾਂਦੀ ਹੈ।

ਇਮਾਰਤੀ ਢਾਂਚੇ[ਸੋਧੋ]

ਸਾਲਵਾਦੋਰ ਦੀ ਰਾਜਧਾਨੀ ਸਾਨ ਸਾਲਵਾਦੋਰ ਦਾ ਵਿਸ਼ਾਲ ਦ੍ਰਿਸ਼
ਆਂਕੋਨ ਪਹਾੜ ਤੋਂ ਪਨਾਮਾ ਸ਼ਹਿਰ ਦਾ ਦਿੱਸਹੱਦਾ
ਸਾਨ ਹੋਸੇ, ਕੋਸਤਾ ਰੀਕਾ ਦਾ ਵਿਸ਼ਾਲ ਦ੍ਰਿਸ਼
ਤੇਗੂਸੀਗਾਲਪਾ, ਹਾਂਡੂਰਾਸ ਦਾ ਵਿਸ਼ਾਲ ਦ੍ਰਿਸ਼

ਇਹ ਵੀ ਦੇਖੋ[ਸੋਧੋ]

ਉੱਤਰੀ ਅਮਰੀਕਾ (ਖੇਤਰ)

ਹਵਾਲੇ[ਸੋਧੋ]

  1. 1.0 1.1 Areas and population estimates taken from the 2008 CIA World Factbook, whose population estimates are as of July 2007.
  2. Largest Cities in Central America, Rhett Butler. Accessed on line January 10, 2008.
  3. Central America Archived 2009-10-28 at the Wayback Machine., MSN Encarta. Accessed on line January 10, 2008. 2009-10-31.
  4. "Central America", vol. 3, Micropædia, The New Encyclopædia Britannica, Chicago: Encyclopædia Britannica,।nc., 1990, 15th ed.।SBN 0-85229-511-1.
  5. Mesoamerica, Biodiversity Hotspots, Conservation।nternational. Accessed on line January 10, 2008.

[1]

  1. Punjabipedia, Punjabi University, Patiala