ਕਰਤਾਰ ਸਿੰਘ ਦਰਵੇਸ਼

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਕਰਤਾਰ ਸਿੰਘ ਦਰਵੇਸ਼

ਕਰਤਾਰ ਸਿੰਘ ਦਰਵੇਸ਼ (1907-1997) ਦਾ ਜਨਮ ਭਾਈ ਸਦਾ ਸਿੰਘ ਦੇ ਘਰ ਮਾਤਾ ਪ੍ਰੇਮ ਕੌਰ ਦੀ ਕੁੱਖੋਂ ਹੋਇਆ। ਦੇਸ਼ ਅਜ਼ਾਦ ਹੋਇਆ ਤਾਂ ਹੋਰਾਂ ਵਾਂਗ ਦਰਵੇਸ਼ ਨੂੰ ਵੀ ਚਾਅ ਚੜ੍ਹ ਗਿਆ ਪਰ ਹੋਇਆ ਇਸ ਦੇ ਬਿਲਕੁਲ ਉਲਟ ਅਜ਼ਾਦ ਦੇਸ਼ ਵਿੱਚ ਅੰਗਰੇਜ਼ਾਂ ਦੀਆਂ ਪਾਈਆਂ ਬੇੜ੍ਹੀਆਂ ਦੇ ਜ਼ਖ਼ਮ ਅਜੇ ਭਰੇ ਵੀ ਨਹੀਂ ਸਨ ਕਿ ਫਿਰ ਉਹੀ ਚੱਕਰ ਮੁੜ ਚੱਲ ਪਿਆ। ਸੰਨ 1949 ਵਿੱਚ ਦੇਸ਼ ਵਿੱਚ ਸਿੱਖਾਂ ਲਈ ਵਿਸ਼ੇਸ਼ ਅਧਿਕਾਰਾਂ ਦੀ ਗੱਲ ਚੱਲੀ। ਮਾਸਟਰ ਤਾਰਾ ਸਿੰਘ ਨੇ ਕੇਂਦਰ ਸਰਕਾਰ ਨੂੰ ਕਿਹਾ ਕਿ 1929 ਦੇ ਮਤੇ ਅਨੁਸਾਰ ‘ਸਾਡੇ ਹੱਕ ਸਾਨੂੰ ਦਿਉ’। ਵੇਲੇ ਦੇ ਹਾਕਮ ਨੇ ਕਿਹਾ, ‘ਹੁਣ ਹਾਲਾਤ ਬਦਲ ਗਏ ਹਨ’। ਗੱਲ ਤੂੰ-ਤੂੰ, ਮੈਂ-ਮੈਂ ‘ਤੇ ਆਈ ਅਤੇ ਟੁੱਟ ਗਈ। ਕਰਤਾਰ ਸਿੰਘ ਦਰਵੇਸ਼ ਨੂੰ ਫਿਰ ਪਟਿਆਲੇ ਦੀ ਜੇਲ੍ਹ ਭੇਜ ਦਿੱਤਾ ਗਿਆ।

ਪੰਜਾਬੀ ਸੂਬੇ[ਸੋਧੋ]

ਪੰਜਾਬੀ ਸੂਬੇ ਲਈ ਚੱਲੇ ਹਰ ਇੱਕ ਮੋਰਚੇ ਵਿੱਚ ਕਰਤਾਰ ਸਿੰਘ ਦਰਵੇਸ਼ ਮੋਹਰੀ ਰਹੇ। ਹਰ ਮੋਰਚੇ ਵਿੱਚ ਉਹਨਾਂ ਨੇ ਕੈਦ ਕੱਟੀ। ਧਰਮ ਯੁੱਧ ਮੋਰਚੇ ਵਿੱਚ ਵੀ ਦੋ ਵਾਰ ਉਹ ਜੱਥਾ ਲੈ ਕੇ ਗਏ। ਲਗਾਤਾਰ ਸੰਘਰਸ਼ ਕਰਦੇ ਰਹਿਣ ਕਰ ਕੇ ਉਹ ਘਰ ਗ੍ਰਹਿਸਥੀ ਵੱਲੋਂ ਅਵੇਸਲੇ ਹੀ ਰਹੇ। ਕਰਤਾਰ ਸਿੰਘ ਦਰਵੇਸ਼ ਸੰਗਰੂਰ ਸ਼ਹਿਰ ਦੀ ਅਕਾਲੀ ਰਾਜਨੀਤੀ ਦਾ ਧੁਰਾ ਰਹੇ। ਇਸ ਸ਼ਹਿਰ ਵਿੱਚੋਂ ਉਭਰੇ ਸਿੱਖ ਲੀਡਰਾਂ ਨੇ ਰਾਜਨੀਤੀ ਦਾ ਊੜਾ ਐੜਾ ਦਰਵੇਸ਼ ਤੋਂ ਹੀ ਸਿੱਖਿਆ। ਦੇਸ਼ ਦੀ ਅਜ਼ਾਦੀ ਲਈ ਜੂਝਦੇ ਰਹੇ ਕਰਤਾਰ ਸਿੰਘ ਦਰਵੇਸ਼ ਦੇ ਜ਼ਿਕਰ ਤੋਂ ਬਿਨਾਂ ਰਿਆਸਤ ਜੀਂਦ ਦੀ ਅਕਾਲੀ ਤਹਿਰੀਕ ਅਧੂਰੀ ਹੈ।

ਉਚੇਰੀ ਵਿੱਦਿਆ[ਸੋਧੋ]

ਆਪਣੀ ਉਚੇਰੀ ਵਿੱਦਿਆ ਦੀ ਭੁੱਖ ਨੂੰ ਉਹਨਾਂ ਨੇ ਆਪਣੇ ਬੱਚਿਆਂ ਨੂੰ ਪੜ੍ਹਾ ਕੇ ਪੂਰਾ ਕੀਤਾ। ਕਰਤਾਰ ਸਿੰਘ ਦਰਵੇਸ਼ ਦੇ ਮੋਹ ਵਿੱਚੋਂ ਹੀ ਖ਼ਾਲਸਾ ਗਰਲਜ਼ ਸਕੂਲ ਪੈਦਾ ਹੋਇਆ। ਪੱਤਰਕਾਰੀ ਦੇ ਖੇਤਰ ਵਿੱਚ ਦਰਵੇਸ਼ ਦਾ ਯੋਗਦਾਨ ਜ਼ਿਕਰਯੋਗ ਹੈ। ਉਹ ਆਪਣੇ ਸਮੇਂ ਦੀਆਂ ਸਾਰੀਆਂ ਵਰਨੈਕੂਲਰ ਅਖ਼ਬਾਰਾਂ ਦਾ ਪੱਤਰਕਾਰ ਰਹੇ। ਉਹਨਾਂ ਨੇ ਸਿੱਖ ਹੀਰੋ, ਦੇਗ ਤੇਗ ਅਤੇ ਸਾਡਾ ਵੇਲਾ ਸਮੇਤ ਕਈ ਸਪਤਾਹਿਕ ਪੱਤਰ ਵੀ ਕੱਢੇ। ਰਿਆਸਤ ਅਕਾਲੀ ਦਲ, ਪੈਪਸੂ, ਧਰਮ ਅਰਥ, ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਗੁਰਦੁਆਰਾ ਸਿੰਘ ਸਭਾ, ਬੀਰ ਖ਼ਾਲਸਾ ਦਲ, ਫਰੀਡਮ ਫਾਈਟਰ ਐਸੋਸੀਏਸ਼ਨ, ਫੈਰੂਮਾਨ ਯਾਦਗਾਰ ਕਮੇਟੀ, ਧਰਮਸ਼ਾਲਾ ਅਤੇ ਖ਼ਾਲਸਾ ਗਰਲਜ਼ ਸਕੂਲ ਸਮੇਤ ਉਹ ਅਨੇਕ ਸੰਸਥਾਵਾਂ ਦੇ ਪ੍ਰਧਾਨ/ਸਕੱਤਰ/ਮੈਂਬਰ ਰਹੇ। ਕਰਤਾਰ ਸਿੰਘ ਦਰਵੇਸ਼ ਦੀ ਤਪ ਸਾਧਨਾ ਅਤੇ ਸੰਘਰਸ਼ ਦੀ ਦਾਸਤਾਨ ਬਹੁਤ ਲੰਮੀ ਹੈ। ਉਹ ਇੱਕ ਸਿਰੜੀ ਅਤੇ ਸਿਦਕੀ ਸਿੱਖ ਸਨ। ਪੰਥਕ ਜੋਸ਼ ਉਹਨਾਂ ਦੀਆਂ ਰਗਾਂ ਵਿੱਚ ਠਾਠਾ ਮਾਰਦਾ ਸੀ। ਸੱਚਮੁੱਚ ਕਰਤਾਰ ਸਿੰਘ ਦਰਵੇਸ਼ ਵਿਲੱਖਣ ਸਖਸ਼ੀਅਤ ਸਨ।