ਬਿਸਮਿਲ ਫ਼ਰੀਦਕੋਟੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ
ਬਿਸਮਿਲ ਫ਼ਰੀਦਕੋਟੀ
ਜਨਮ 1 ਨਵੰਬਰ 1926(1926-11-01)
ਪਿੰਡ ਢੋਲਣ ਸਤਾਈ ਚੱਕ (ਹੁਣ ਪਾਕਿਸਤਾਨ)
ਮੌਤ 14 ਦਸੰਬਰ 1974(1974-12-14) (ਉਮਰ 48)
ਫ਼ਰੀਦਕੋਟ
ਕੌਮੀਅਤ ਭਾਰਤ
ਨਸਲੀਅਤ ਪੰਜਾਬੀ
ਸਿੱਖਿਆ ਦਸਵੀਂ
ਅਲਮਾ ਮਾਤਰ ਫ਼ਰੀਦਕੋਟ
ਕਿੱਤਾ ਕਵੀ

ਬਿਸਮਿਲ ਫ਼ਰੀਦਕੋਟੀ (ਅਸਲ ਨਾਂ ਗਿਰਧਾਰੀ ਲਾਲ) (1 ਨਵੰਬਰ 1926-14 ਦਸੰਬਰ, 1974) ਉਸ ਦਾ ਜਨਮ ਪਹਿਲੀ ਨਵੰਬਰ, 1926 ਨੂੰ ਪੰਡਿਤ ਪਾਲੀ ਰਾਮ ਦੇ ਘਰ ਪਿੰਡ ਢੋਲਣ ਸਤਾਈ ਚੱਕ (ਹੁਣ ਪਾਕਿਸਤਾਨ) ਵਿੱਚ ਹੋਇਆ।[1]

ਬਚਪਨ[ਸੋਧੋ]

ਉਸ ਦਾ ਬਚਪਨ ਤੰਗੀਆਂ-ਤੁਰਸ਼ੀਆਂ ‘ਚ ਗੁਜ਼ਰਿਆ। ਉਹ ਅਜੇ ਦਸਾਂ ਵਰ੍ਹਿਆਂ ਦਾ ਹੀ ਸੀ ਜਦੋਂ ਉਸ ਦੇ ਸਿਰ ਤੋਂ ਬਾਪ ਦਾ ਸਾਇਆ ਉੱਠ ਗਿਆ। ਦੋ ਵੱਡੇ ਭੈਣ-ਭਰਾ ਵੀ ਵਾਰੀ-ਵਾਰੀ ਤੁਰ ਗਏ। ਮਾਂ ਦੀ ਹੱਲਾਸ਼ੇਰੀ ਸਦਕਾ ਉਸਨੇ ਮਿਡਲ ਤਕ ਦੀ ਪੜ੍ਹਾਈ ਕੀਤੀ। ਛੋਟੀ ਉਮਰੇ ਹੀ ਉਸਨੂੰ ਪੈਸੇ ਕਮਾਉਣ ਲਈ ਸੰਘਰਸ਼ ਕਰਨਾ ਪਿਆ। ਉਸਨੇ ਸਵੈ-ਯਤਨਾਂ ਨਾਲ ਗਿਆਨੀ ਦੀ ਪ੍ਰੀਖਿਆ ਪਾਸ ਕੀਤੀ। ਸੰਤਾਲੀ ‘ਚ ਪੱਛਮੀ ਪੰਜਾਬ ਤੋਂ ਉੱਜੜ ਕੇ ਭਾਰਤੀ ਪੰਜਾਬ ਆਉਣਾ ਪਿਆ।

ਨਿਰੰਤਰ ਜੂਝਦਾ[ਸੋਧੋ]

ਉਸਨੇ ਕੁਝ ਸਮਾਂ ਫ਼ੌਜ ਦੀ ਨੌਕਰੀ ਕੀਤੀ, ਨਹਿਰ ਪਟਵਾਰੀ ਵੀ ਬਣੇ ਅਤੇ ਚੁੰਗੀ ਮੁਹੱਰਰੀ ਵੀ ਕੀਤੀ। ਉਹ ਸਹਿਕਾਰਤਾ ਸੁਸਾਇਟੀ ਦਾ ਸਕੱਤਰ ਰਿਹਾ, ਹਿਕਮਤ ਵੀ ਕੀਤੀ ਤੇ ਰਿਕਸ਼ਾ ਚਾਲਕ ਵੀ ਬਣਨਾ ਪਿਆ ਪਰ ਹਰ ਕੰਮ ਵਿੱਚ ਆਪਣੇ ਸਵੈਮਾਣ ਨੂੰ ਕਾਇਮ ਰੱਖਿਆ। ਤਲਖ਼ੀਆਂ ਦੀ ਜ਼ਹਿਰ ਪੀ ਕੇ ਵੀ ਮਨੁੱਖਤਾ ਦੀ ਖ਼ੈਰ ਮੰਗਣ ਵਾਲਾ ਬਿਸਮਿਲ ਫ਼ਰੀਦਕੋਟੀ ਇੱਕ ਅਜਿਹਾ ਕ੍ਰਾਂਤੀਕਾਰੀ ਕਵੀ ਸੀ ਜੋ ਉਮਰ ਭਰ ਲੋਕਾਈ ਦੇ ਹੱਕਾਂ ਲਈ ਨਿਰੰਤਰ ਜੂਝਦਾ ਰਿਹਾ।

ਕਵਿਤਾ ਦੀ ਜਾਗ[ਸੋਧੋ]

ਬਿਸਮਿਲ ਨੂੰ ਕਵਿਤਾ ਦੀ ਜਾਗ 1950 ਵਿੱਚ ਲੱਗੀ। ਉਨ੍ਹੀਂ ਦਿਨੀਂ ਨੰਦ ਲਾਲ ਨੂਰਪੁਰੀ ਫ਼ਰੀਦਕੋਟ ਵਿੱਚ ਹੀ ਸਨ। ਉਸਨੇ ਹਰੀ ਸਿੰਘ ਫ਼ਰੀਦਕੋਟੀ, ਸੰਪੂਰਨ ਸਿੰਘ ਝੱਲਾ, ਹਰਬੰਸ ਲਾਲ ਸ਼ਰਮਾ ਅਤੇ ਨੂਰਪੁਰੀ ਸਾਹਿਬ ਦੀ ਸੰਗਤ ਮਾਣੀ। ਮੁੱਢ ਤੋਂ ਉਹ ਸਟੇਜ ‘ਤੇ ਆਉਣ ਲੱਗ ਪਏ ਸਨ। ਉਸ ਦੀ ਹੇਠ ਲਿਖੀ ਰੁਬਾਈ ਬਹੁਤ ਮਕਬੂਲ ਹੋਈ:

ਹੈ ਦੌਰ ਨਵਾਂ ਹੀਰ ਪੁਰਾਣੀ ਨਾ ਸੁਣੋ।
ਦੁੱਖ ਚਾਕ ਦਾ ਸੈਦੇ ਦੀ ਜ਼ੁਬਾਨੀ ਨਾ ਸੁਣੋ।
ਛੇੜੀ ਏ ਜ਼ਮਾਨੇ ਨੇ ਆਵਾਮਾਂ ਦੀ ਕਥਾ,
ਰਾਜੇ ਤੇ ਨਵਾਬਾਂ ਦੀ ਕਹਾਣੀ ਨਾ ਸੁਣੋ।

ਬਿਸਮਿਲ ਨੂੰ ਕਵਿਤਾ ਦੀ ਹਰ ਸਿਨਫ਼ ਕਵਿਤਾ, ਗੀਤ, ਗ਼ਜ਼ਲ ਅਤੇ ਰੁਬਾਈ ਉੱਪਰ ਅਬੂਰ ਹਾਸਲ ਸੀ। ਉਸ ਦੀ ਕਵਿਤਾ ‘ਕ੍ਰਾਂਤੀਕਾਰੀ’ ਦੀਆਂ ਸਤਰਾਂ ਇਸ ਤਰ੍ਹਾਂ ਹਨ:

”ਮੈਂ ਐਸਾ ਦੀਪ ਹਾਂ ਜਿਸ ਨੂੰ ਕਿ ਤੂਫ਼ਾਨਾਂ ਜਗਾਇਆ ਹੈ।
ਮੈਂ ਉਹ ਨਗ਼ਮਾ ਜੋ ਲਹਿਰਾਂ ਨੇ ਕਿਨਾਰੇ ਨੂੰ ਸੁਣਾਇਆ ਹੈ।
ਮੈਂ ਉਹ ਸ਼ੀਸ਼ਾ ਕਿ ਜਿਸ ਨੂੰ ਪੱਥਰਾਂ ਨੇ ਆਜ਼ਮਾਇਆ ਹੈ।
ਮੈਂ ਉਹ ਨਾਅਰਾ ਕਿ ਮਨਸੂਰਾਂ ਜੋ ਚੜ੍ਹ ਸੂਲੀ ‘ਤੇ ਲਾਇਆ ਹੈ।”

ਇਸੇ ਤਰ੍ਹਾਂ ਮਜਬੂਰ ਅਮਨ, ਸਰਸਰੀ ਹਉਕਾ, ਊਸ਼ਾ ਦੇ ਕੁੱਛੜ, ਸਮਿਆਂ ਦਾ ਨਗਾਰਾ, ਸਰਘੀ ਦਾ ਤਾਰਾ, ਵੇਸ਼ੀਆ, ਕੂੜ ਫਿਰੇ ਪ੍ਰਧਾਨ ਵੇ ਲਾਲੋ, ਦਰਦਾਂ ਦੀ ਰਿਆਸਤ, ਅਗਲਾ ਪੜਾਅ, ਲੋਕ ਯੁੱਗ ਤੇ ਓਡ ਆਦਿ ਖ਼ੂਬਸੂਰਤ ਤੇ ਸ਼ਕਤੀਸ਼ਾਲੀ ਕਵਿਤਾਵਾਂ ਹਨ। ਇੱਕ ਗੀਤ ਰਾਹੀਂ ਕਵੀ ‘ਰਹਿਬਰਾਂ’ ਨੂੰ ਜਨਤਾ ਦੀ ਭਲਾਈ ਦਾ ਸੁਝਾਓ ਦਿੰਦਾ ਹੈ। ਕੋਠੀਆਂ-ਬੰਗਲਿਆਂ ਨੂੰ ਉਹ ‘ਰਾਜਨੀਤਕ ਸਰਾਵਾਂ’ ਆਖਦਾ ਹੈ। ਬਿਸਮਿਲ ਦੀਆਂ ਗ਼ਜ਼ਲਾਂ ਦੇ ਕੁਝ ਚੋਣਵੇਂ ਸ਼ਿਅਰਾਂ ਵਿੱਚ ਉਸ ਦਾ ਕਹਿਣ ਦਾ ਢੰਗ, ਨਜ਼ਾਕਤ, ਖ਼ੂਬਸੂਰਤੀ, ਸ਼ਬਦਾਂ ਦੀ ਚੋਣ, ਪਿੰਗਲ ਦੀ ਉਸਤਾਦੀ, ਡੂੰਘੀ ਸੋਚ ਤੇ ਉਡਾਰੀ ਪ੍ਰਤੱਖ ਮਾਣੀ ਤੇ ਸਲਾਹੀ ਜਾ ਸਕਦੀ ਹੈ। ਬਿਸਮਿਲ ਇੱਕ ਧੜੱਲੇਦਾਰ ਸਮਾਜਿਕ ਕਾਰਕੁੰਨ ਸੀ। ਉਸ ਦੀ ਕਥਨੀ ਤੇ ਕਰਨੀ ਵਿੱਚ ਇਕਸੁਰਤਾ ਸੀ। ਪਾਖੰਡੀਆਂ ਦੀਆਂ ਕਰਤੂਤਾਂ ਉਹ ਬੜੀ ਦਲੇਰੀ ਨਾਲ ਨੰਗੀਆਂ ਕਰਦਾ ਸੀ।

ਖੌਲਦੇ ਸਾਗਰ[ਸੋਧੋ]

ਸੰਨ 1975 ਵਿੱਚ ਬਿਸਮਿਲ ਯਾਦਗਾਰੀ ਕਮੇਟੀ ਬਣੀ। ਨਵਰਾਹੀ ਘੁਗਿਆਣਵੀ ਤੇ ਕੁਝ ਹੋਰ ਲੇਖਕਾਂ ਦੇ ਯਤਨਾਂ ਸਦਕਾ ਕਵੀ ਦੇ ਕਲਾਮ ਨੂੰ ‘ਖੌਲਦੇ ਸਾਗਰ’ ਵਿੱਚ ਸਾਂਭਿਆ ਗਿਆ। ਅਗਾਂਹਵਧੂ ਸੋਚ ਦੇ ਧਾਰਨੀ ਅਦੀਬਾਂ ਨੇ ਬਿਸਮਿਲ ਦੀ ਪੁਖਤਾ ਸ਼ਾਇਰੀ ਦਾ ਖ਼ੂਬ ਆਨੰਦ ਮਾਣਿਆ ਅਤੇ ਉਭਰਦੇ ਲੇਖਕਾਂ ਨੇ ਸੇਧ ਹਾਸਲ ਕੀਤੀ।

ਕੁਝ ਸ਼ੇਅਰ[ਸੋਧੋ]

ਲੰਘੇ ਨੇ ਉਹ ਕੁਝ ਇਸ ਤਰ੍ਹਾਂ ਚੰਚਲ ਅਦਾ ਦੇ ਨਾਲ਼
ਖ਼ੁਸ਼ਬੂ ਦੀ ਚੁਹਲ -ਮੁਹਲ ਹੈ ਠੰਡੀ ਹਵਾ ਦੇ ਨਾਲ਼

ਨੀਵੀਂ ਨਜ਼ਰ ਦੇ ਜਾਮ 'ਚੋਂ ਛਲਕਣ ਜੁਅਨੀਆਂ
ਕੀਮਤ ਨਜ਼ਾਕਤਾਂ ਦੀ ਪੈਂਦੀ ਏ ਹਯਾ ਦੇ ਨਾਲ਼

ਆਏ ਖ਼ਬਰ ਨੂੰ ਨਾਲ਼ ਪਰ ਲੈ ਕੇ ਰਕੀਬ ਨੂੰ
ਪੀਣਾ ਪਿਆ ਏ ਜ਼ਹਿਰ ਵੀ ਦਿਲ ਦੀ ਦਵਾ ਦੇ ਨਾਲ਼

ਹੱਕ-ਸੱਚ[ਸੋਧੋ]

ਲਗਪਗ ਦੋ ਦਹਾਕੇ ਬਿਸਮਿਲ ਭਾਰਤ ਦੀ ਕਮਿਊਨਿਸਟ ਲਹਿਰ ਦਾ ਸਰਗਰਮ ਵਰਕਰ ਰਿਹਾ। ਉਹ ਬਹੁਤ ਤਕੜਾ ਜਥੇਬੰਦਕ ਆਗੂ ਸੀ। ਸੰਨ 1951 ਵਿੱਚ ਉਸ ਨੇ ਫ਼ਰੀਦਕੋਟ ਵਿਖੇ ਪੰਜਾਬ ਦੀ ਪਹਿਲੀ ‘ਮਿਉਂਸਪਲ ਮੁਲਾਜ਼ਮ ਯੂਨੀਅਨ’ ਸਥਾਪਤ ਕੀਤੀ। ਸੰਨ 1953 ਵਿੱਚ ਰਿਕਸ਼ਾ ਵਰਕਰਜ਼ ਯੂਨੀਅਨ ਕਾਇਮ ਕੀਤੀ ਅਤੇ 1956 ਵਿੱਚ ਟਾਂਗਾ-ਰਿਕਸ਼ਾ ਯੂਨੀਅਨ ਦੀ ਨੀਂਹ ਰੱਖੀ, ਜੋ ਕਿ ਪੰਜਾਬ ਵਿੱਚ ਹੀ ਨਹੀਂ ਭਾਰਤ ਵਿੱਚ ਵੀ ਆਪਣੀ ਹੀ ਕਿਸਮ ਦੀ ਜਥੇਬੰਦੀ ਸੀ। ਬਿਸਮਿਲ ਦੀ ਜ਼ਿੰਦਗੀ ਨਿਰੰਤਰ ਸੰਘਰਸ਼ ਸੀ ਤੇ ਉਸ ਦਾ ਸਾਰਾ ਕਲਾਮ ‘ਹੱਕ-ਸੱਚ’ ਦੀ ਪੁਕਾਰ ਹੈ।

ਆਖ਼ਰੀ ਦਿਨ[ਸੋਧੋ]

ਆਪਣੇ ਆਖ਼ਰੀ ਦਿਨਾਂ ਵਿੱਚ ਬਿਸਮਿਲ ਪਿੰਡ ਨਵਾਂ ਕਿਲ੍ਹਾ ਦੇ ਪੰਚਾਇਤ ਘਰ ਦੀ ਇੱਕ ਕੋਠੜੀ ਵਿੱਚ ਰਹਿੰਦਾ ਸੀ। ਟੀ.ਬੀ. ਦੀ ਬਮਾਰੀ ਹੋਣ ਕਾਰਨ ਉਸ ਨੂੰ ਸਿਵਲ ਹਸਪਤਾਲ ਫ਼ਰੀਦਕੋਟ ਦਾਖਲ ਕਰਵਾਇਆ ਗਿਆ। ਬਿਮਾਰੀ ਵਧਣ ਕਾਰਨ ਟੀ.ਬੀ. ਸੈਨੀਟੋਰੀਅਮ, ਅੰਮ੍ਰਿਤਸਰ ਵਿਖੇ ਭਰਤੀ ਕਰਵਾਉਣਾ ਪਿਆ, ਜਿੱਥੇ ਉਹ 14 ਦਸੰਬਰ, 1974 ਵਾਲੇ ਦਿਨ ਸਿਰਫ਼ 48 ਸਾਲ ਦੀ ਉਮਰ ਵਿੱਚ ਇਸ ਦੁਨੀਆਂ ਨੂੰ ਅਲਵਿਦਾ ਆਖ ਗਿਆ।

ਹਵਾਲੇ[ਸੋਧੋ]