ਸਮੱਗਰੀ 'ਤੇ ਜਾਓ

ਬਾਬਾ ਭਗਤ ਸਿੰਘ ਬਿਲਗਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਭਗਤ ਸਿੰਘ ਬਿਲਗਾ, 1964

ਬਾਬਾ ਭਗਤ ਸਿੰਘ ਬਿਲਗਾ (2 ਅਪਰੈਲ 1907 - 22 ਮਈ 2009) ਆਜ਼ਾਦੀ ਘੁਲਾਟੀਆ ਤੇ ਗਦਰ ਪਾਰਟੀ ਦਾ ਸਰਗਰਮ ਵਰਕਰ ਸੀ। ਉਸ ਦੇ ਪਿਤਾ ਦਾ ਨਾਂ ਹੀਰਾ ਸਿੰਘ ਅਤੇ ਮਾਤਾ ਦਾ ਨਾਂ ਮਾਲਣ ਸੀ।[1] ਪੰਜਾਬ ਸਰਕਾਰ ਨੇ ਉਹਨਾਂ ਨੂੰ ਮਰਨ ਉੱਪਰੰਤ ‘ਪੰਜਾਬ ਰਤਨ’ ਦਾ ਖਿਤਾਬ ਦੇ ਕੇ ਸਨਮਾਨਿਤ ਕੀਤਾ। ਇਸ ਵਿੱਚ ਵੀ ਕੋਈ ਨਕਦ ਰਾਸ਼ੀ ਨਾ ਸ਼ਾਮਿਲ ਹੋਣ ਕਰ ਕੇ ਹੀ ਉਹਨਾਂ ਦੇ ਪਰਿਵਾਰ ਨੇ ਇਸ ਨੂੰ ਸਵੀਕਾਰ ਕੀਤਾ।

ਜੀਵਨੀ[ਸੋਧੋ]

ਬਾਬਾ ਭਗਤ ਸਿੰਘ ਬਿਲਗਾ ਦਾ ਜਨਮ ਦੁਆਬੇ ਦੇ ਪ੍ਰਸਿੱਧ ਪਿੰਡ ਬਿਲਗਾ, ਜ਼ਿਲ੍ਹਾ ਜਲੰਧਰ ਵਿੱਚ 2 ਅਪਰੈਲ 1907 ਨੂੰ ਹੋਇਆ। ਆਪ ਆਪਣੇ ਭੈਣਾਂ ਭਰਾਵਾਂ ਵਿੱਚੋਂ ਸਭ ਤੋਂ ਛੋਟੇ ਸਨ। ਉਹਨਾਂ ਦੇ ਜਨਮ ਤੋਂ ਦੋ ਕੁ ਸਾਲ ਬਾਅਦ ਹੀ ਬਾਪ ਦੀ ਮੌਤ ਹੋ ਗਈ।[2] ਭਗਤ ਸਿੰਘ ਬਿਲਗਾ ਬਚਪਨ ਵਿੱਚ ਮਾਲਵੇ ਦੇ ਪਿੰਡ ਅਜੀਤਵਾਲ ਵਿੱਚ ਆਪਣੀ ਮਾਸੀ ਕੋਲ ਰਹਿ ਕੇ ਨੇੜਲੇ ਪਿੰਡ ਚੂਹੜ ਚੱਕ ਪੜ੍ਹਦੇ ਰਹੇ।ਉੱਥੋਂ ਮਿਡਲ ਪਾਸ ਕਰ ਕੇ ਉਹਨਾਂ ਨੇ ਲੁਧਿਆਣੇ ਦੇ ਮਾਲਵਾ ਖਾਲਸਾ ਹਾਈ ਸਕੂਲ ਤੋਂ ਮੈਟ੍ਰਿਕ ਕੀਤੀ।ਘਰ ਦੀ ਗਰੀਬੀ ਦੂਰ ਕਰਨ ਖ਼ਾਤਰ ਉਹ ਕਮਾਈ ਕਰਨ ਲਈ ਪਹਿਲਾਂ ਜਪਾਨ ਤੇ ਫਿਰ ਅਰਜਨਟੀਨਾ ਗਏ ਪਰ ਉੱਥੇ ਵਸਦੇ ਪੰਜਾਬੀ ਦੇਸ਼ ਭਗਤਾਂ ਦੇ ਅਸਰ ਨੇ ਘਰ ਦੀ ਗਰੀਬੀ ਦੀ ਥਾਂ ਦੇਸ਼ ਦੀ ਗ਼ੁਲਾਮੀ ਦੀਆਂ ਜ਼ੰਜੀਰਾਂ ਕੱਟਣ ਵਾਲੇ ਪਾਸੇ ਤੋਰ ਦਿੱਤਾ।[3]

ਰਾਜਨੀਤਿਕ ਜੀਵਨ[ਸੋਧੋ]

1930 ਵਿੱਚ ਭਗਤ ਸਿੰਘ ਬਿਲਗਾ

ਬਾਬਾ ਭਗਤ ਸਿੰਘ ਬਿਲਗਾ ਦੇ ਬਰਤਾਨਵੀ ਸਾਮਰਾਜ ਖਿਲਾਫ਼ ਵਿਦਰੋਹੀ ਜੀਵਨ ਦਾ ਆਗਾਜ਼ ਵਿਦਿਆਰਥੀ ਜੀਵਨ ਵਿੱਚ ਲੁਧਿਆਣੇ ਪੜ੍ਹਦਿਆਂ ਹੀ ਹੋ ਗਿਆ ਸੀ, ਜਦੋਂ ਉਹਨਾਂ ਵਾਇਸਰਾਏ ਦੀ ਸਕੂਲ ਫੇਰੀਉੱਤੇ ਵਾਇਸਰਾਏ ਹਾਏ-ਹਾਏ ਕਹਿ ਕੇ ਸਕੂਲ ਹੈੱਡਮਾਸਟਰ ਦੀ ਬੈਂਤਾਂ ਦੀ ਸਜ਼ਾ ਕਬੂਲੀ ਸੀ।ਉਹ 21 ਸਾਲ ਦੀ ਉਮਰ ਵਿੱਚ ਸ.ਅਜੀਤ ਸਿੰਘ (ਸ਼ਹੀਦ ਭਗਤ ਸਿੰਘ ਦੇ ਚਾਚਾ ਜੀ)ਦੀ ਪ੍ਰਧਾਨਗੀ ਵਾਲੀ ਅਰਜਨਟੀਨਾ ਦੀ ਗ਼ਦਰ ਪਾਰਟੀ ਦੇ ਜਨਰਲ ਸਕੱਤਰ ਬਣ ਕੇ ਭਾਰਤੀਆਂ ਨੂੰ ਦੇਸ਼ ਦੀ ਗ਼ੁਲਾਮੀ ਦਾ ਜੂਲਾ ਲਾਹੁਣ ਲਈ ਜਥੇਬੰਦ ਕਰਨ ਲੱਗ ਪਏ।ਅਰਜਨਟਾਈਨਾ ਤੋਂ ਪਾਰਟੀ ਦੇ ਆਦੇਸ਼ ਮੁਤਾਬਕ ਮਾਰਕਸਵਾਦ ਅਤੇ ਫ਼ੌਜੀ ਵਿੱਦਿਆ ਦੀ ਉਚੇਰੀ ਟਰੇਨਿੰਗ ਲੈਣ ਲਈ ਬਿਲਗਾ ਜੀ ਰੂਸ ਦੀ ਟੋਆਇਲਰ ਯੂਨੀਵਰਸਿਟੀ ਮਾਸਕੋ ਗਏ।ਉਥੋਂ ਉਹ 60 ਕ੍ਰਾਂਤੀਕਾਰੀਆਂ ਦਾ ਗਰੁੱਪ ਤਿਆਰ ਕਰ ਕੇ ਅਜ਼ਾਦੀ ਦੀ ਲੜਾਈ ਵਿੱਚ ਸ਼ਾਮਿਲ ਹੋਣ ਲਈ ਭਾਰਤ ਪਰਤੇ। ਉਹਨਾਂ ਨੇ 1934 ਤੋਂ 1936 ਤੱਕ ਕਲਕੱਤਾ, ਕਾਨਪੁਰ ਅਤੇ ਪੰਜਾਬ ਦੀਆਂ ਕ੍ਰਾਂਤੀਕਾਰੀ ਸੰਸਥਾਵਾਂ ਵਿੱਚ ਤਨਦੇਹੀ ਨਾਲ ਕੰਮ ਕੀਤਾ। ਬਾਬਾ ਬਿਲਗਾ ਨੂੰ 1938 ਵਿੱਚ ਜ਼ਿਲ੍ਹਾ ਕਾਂਗਰਸ ਕਮੇਟੀ ਦਾ ਸਕੱਤਰ, ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਲਾਹੌਰ ਅਤੇ ਆਲ ਇੰਡੀਆ ਕਾਂਗਰਸ ਕਮੇਟੀ ਦਾ ਮੈਂਬਰ ਚੁਣਿਆ ਗਿਆ। 1939 ਵਿੱਚ ਉਹਨਾਂ ਨੂੰ ਕੈਂਬਲਪੁਰ ਜੇਲ੍ਹ ਵਿੱਚ ਤਿੰਨ ਸਾਲ ਬਤੌਰ ਜੰਗੀ ਕੈਦੀ ਰੱਖਿਆ ਗਿਆ। 1942 ਵਿੱਚ ਰਿਹਾਅ ਹੋਣ ਮਗਰੋਂ ਲੁਧਿਆਣਾ ਸਰਕਾਰ ਵਿਰੁੱਧ ਭੜਕਾਊ ਭਾਸ਼ਣ ਦੇਣ ਦੇ ਦੋਸ਼ ਵਿੱਚ ਉਹਨਾਂ ਨੂੰ ਇੱਕ ਸਾਲ ਲਈ ਮੁੜ ਜੇਲ੍ਹ ਵਿੱਚ ਬੰਦ ਕਰ ਦਿੱਤਾ ਗਿਆ। 1947-48 ਵਿੱਚ ਫ਼ਿਰਕੂ ਵੰਡ ਦਾ ਵਿਰੋਧ ਕਰਨ ’ਤੇ ਅਜ਼ਾਦ ਭਾਰਤ ਦੀ ਸਰਕਾਰ ਨੇ ਉਹਨਾਂ ਨੂੰ ਇੱਕ ਸਾਲ ਲਈ ਧਰਮਸ਼ਾਲਾ ਦੀ ਯੋਲ ਕੈਂਪ ਜੇਲ੍ਹ ਵਿੱਚ ਡੱਕ ਦਿੱਤਾ। 1959 ਵਿੱਚ ਖ਼ੁਸ਼ ਹੈਸੀਅਤੀ ਟੈਕਸ ਦੇ ਵਿਰੋਧ ਵਿੱਚ ਸੰਘਰਸ਼ ਕਰਨ ’ਤੇ ਪੰਜਾਬ ਸਰਕਾਰ ਨੇ ਉੁਨ੍ਹਾਂ ਨੂੰ ਜੇਲ੍ਹ ਵਿੱਚ ਬੰਦ ਕਰ ਦਿੱਤਾ। ਉਹਨਾਂ ਦੇ ਆਖ਼ਰੀ ਵਾਰੰਟ ਐਮਰਜੈਂਸੀ ਦਾ ਵਿਰੋਧ ਕਰਨ ’ਤੇ ਨਿਕਲੇ ਅਤੇ 6 ਅਕਤੂਬਰ 2008 ਵਿੱਚ ਜਲ੍ਹਿਆਂ ਵਾਲੇ ਬਾਗ਼ ਦੇ ਅਸਲੀ ਸਰੂਪ ਨੂੰ ਬਚਾਉਣ, ਕਾਮਾਗਾਟਾਮਾਰੂ ਦੇ ਮੁਸਾਫ਼ਰਾਂ ਤੇ ਨਾਮਧਾਰੀ ਦੇਸ਼ ਭਗਤਾਂ ਨੂੰ ਮਾਨਤਾ ਦਿਵਾਉਣ ਸੰਬੰਧੀ ਕੀਤੇ ਰੋਸ ਮਾਰਚ ਨੂੰ ਉਹਨਾਂ ਦੇ ਵਿਦਰੋਹੀ ਜੀਵਨ ਦਾ ਆਖ਼ਰੀ ਅੰਦੋਲਨ ਮੰਨਿਆ ਜਾ ਸਕਦਾ ਹੈ, ਜਿਸ ਦੀ ਅਗਵਾਈ ਇਸ 101 ਸਾਲਾ ਬਜ਼ੁਰਗ ਇਨਕਲਾਬੀ ਨੇ ਵ੍ਹੀਲ ਚੇਅਰ ’ਤੇ ਬੈਠ ਕੇ ਕੀਤੀ। ਬਾਬਾ ਜੀ ਨੇ ਦੇਸ਼ ਦੀ ਆਜ਼ਾਦੀ ਖ਼ਾਤਰ ਕੀਤੀਆਂ ਕੁਰਬਾਨੀਆਂ ਅਤੇ ਸਮੁੱਚੇ ਮਾਨਵੀ ਸਮਾਜ ਪ੍ਰਤੀ ਦਿੱਤੀਆਂ ਵਡਮੁੱਲੀਆਂ ਸੇਵਾਵਾਂ ਦੇ ਇਵਜ਼ ਵਿੱਚ ਕੋਈ ਵੀ ਸਰਕਾਰੀ ਪੈਨਸ਼ਨ ਜਾਂ ਹੋਰ ਸਹੂਲਤ ਪ੍ਰਵਾਨ ਨਹੀਂ ਕੀਤੀ ਪਰ ਉੇਨ੍ਹਾਂ ਨੂੰ ਦੁਨੀਆ ਭਰ ਵਿੱਚੋਂ ਕਈ ਗ਼ੈਰ ਸਰਕਾਰੀ ਸੰਸਥਾਵਾਂ ਵੱਲੋਂ ਸਨਮਾਨ ਅਤੇ ਖ਼ਿਤਾਬ ਮਿਲਦੇ ਰਹੇ। ਉਹਨਾਂ ਨੇ ਇੱਕ ਰਾਸ਼ਟਰੀ ਐਵਾਰਡ ‘ਸਦੀ ਦਾ ਹੌਂਸਲਾ ਅਤੇ ਬਹਾਦਰੀ ਦਾ ਸਨਮਾਨ’ ਸਿਰਫ਼ ਆਪਣੇ ਪਿਆਰਿਆਂ ਦੇ ਜ਼ੋਰ ਦੇਣ ’ਤੇ ਪ੍ਰਵਾਨ ਕੀਤਾ। ਪੰਜਾਬ ਸਰਕਾਰ ਨੇ ਉਹਨਾਂ ਨੂੰ ਮਰਨ ਪਿੱਛੋਂ ‘ਪੰਜਾਬ ਰਤਨ’ ਦਾ ਖ਼ਿਤਾਬ ਦੇ ਕੇ ਸਨਮਾਨਤ ਕੀਤਾ। ਬਾਬਾ ਬਿਲਗਾ ਨੇ ਆਜ਼ਾਦੀ ਪਿੱਛੋਂ ਗ਼ਦਰੀ ਯੋਧਿਆਂ ਦੀ ਯਾਦਗਾਰ ‘ਦੇਸ਼ ਭਗਤ ਯਾਦਗਾਰ ਹਾਲ ਜਲੰਧਰ’ ਦੀ ਉਸਾਰੀ ਲਈ ਦਿਨ-ਰਾਤ ਇੱਕ ਕਰ ਦਿੱਤਾ। ਦੇਸ਼ਾਂ-ਵਿਦੇਸ਼ਾਂ ਤੋਂ ਉਗਰਾਹੀਆਂ ਕੀਤੀਆਂ ਤੇ ਆਪਣੀ ਨਿਗਰਾਨੀ ਹੇਠ ਇਸ ਯਾਦਗਾਰ ਦਾ ਨਿਰਮਾਣ ਕਰਵਾਇਆ।।[4]

ਰਚਨਾਵਾਂ[ਸੋਧੋ]

  • ਗ਼ਦਰ ਲਹਿਰ ਦੇ ਅਣਫੋਲੇ ਵਰਕੇ

ਹਵਾਲੇ[ਸੋਧੋ]

  1. Service, Tribune News. "ਸੰਘਰਸ਼ ਭਰੀ ਸਦੀ ਦਾ ਮਹਾਨਾਇਕ ਬਾਬਾ ਭਗਤ ਸਿੰਘ ਬਿਲਗਾ". Tribuneindia News Service. Retrieved 2021-05-22.
  2. ਲੋਕ ਲਹਿਰਾਂ ਦਾ ਉੱਘਾ ਨਾਇਕ ਬਾਬਾ ਭਗਤ ਸਿੰਘ ਬਿਲਗਾ
  3. ਪ੍ਰੋ. ਗੋਪਾਲ ਸਿੰਘ ਬੁੱਟਰ'ਮਹਾਨ ਦੇਸ਼ ਭਗਤ ਬਾਬਾ ਭਗਤ ਸਿੰਘ ਬਿਲਗਾ
  4. ਮਹਾਨ ਦੇਸ਼ ਭਗਤ ਬਾਬਾ ਭਗਤ ਸਿੰਘ ਬਿਲਗਾ