ਤੇਜਾ ਸਿੰਘ ਸੁਤੰਤਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਤੇਜਾ ਸਿੰਘ ਸੁਤੰਤਰ
Teja S Sutantar. Jalandhar. 31 Mar 1964.jpg
ਕਾਮਰੇਡ ਤੇਜਾ ਸਿੰਘ ਸੁਤੰਤਰ
ਜਨਮ(1901-07-16)16 ਜੁਲਾਈ 1901
ਪਿੰਡ ਅਲੂਣਾ, ਜ਼ਿਲ੍ਹਾ ਗੁਰਦਾਸਪੁਰ, (ਬਰਤਾਨਵੀ ਪੰਜਾਬ)
ਮੌਤ12 ਅਪ੍ਰੈਲ 1973(1973-04-12) (ਉਮਰ 71)
ਪੇਸ਼ਾਦੇਸ਼ਭਗਤ

ਤੇਜਾ ਸਿੰਘ ਸੁਤੰਤਰ' (16 ਜੁਲਾਈ 1901 — 12 ਅਪਰੈਲ, 1973) ਅਜ਼ਾਦੀ ਸੰਗਰਾਮੀਏ, ਕਿਸਾਨ ਆਗੂ ਅਤੇ ਕਮਿਊਨਿਸਟ ਪਾਰਲੀਮੈਂਟੇਰੀਅਨ ਸਨ। ਉਹ ਅਕਾਲੀ ਲਹਿਰ ਦੇ ਰਾਹੀਂ ਗ਼ਦਰ ਲਹਿਰ ਵਿੱਚ ਸ਼ਾਮਲ ਹੋਏ ਅਤੇ ਫਿਰ ਹਿੰਦੁਸਤਾਨ ਦੇ ਆਜ਼ਾਦੀ ਸੰਗਰਾਮ ਵਿੱਚ ਲਗਾਤਾਰ ਜੁਟ ਗਏ ਅਤੇ ਬਾਅਦ ਕਮਿਊਨਿਸਟ ਪਾਰਟੀ ਦੇ ਆਗੂ ਵਜੋਂ ਪ੍ਰਸਿੱਧ ਹੋਏ। ਅਜ਼ਾਦੀ ਤੋਂ ਬਾਅਦ ਪੈਪਸੂ ਦੀ ਮੁਜ਼ਾਰਾ ਲਹਿਰ ਵਿੱਚ ਉਹਨਾਂ ਨੇ ਮੋਹਰੀ ਯੋਗਦਾਨ ਪਾਇਆ।[1]

ਜੀਵਨ[ਸੋਧੋ]

ਉਹਨਾਂ ਦਾ ਜਨਮ 16 ਜੁਲਾਈ 1901 ਈਸਵੀ ਨੂੰ ਭਾਈ ਕਿਰਪਾਲ ਸਿੰਘ ਦੇ ਘਰ ਪਿੰਡ ਅਲੂਣਾ ਜ਼ਿਲ੍ਹਾ ਗੁਰਦਾਸਪੁਰ ਵਿੱਚ ਹੋਇਆ। ਉਹਨਾਂ ਦਾ ਮੁੱਢਲਾ ਨਾਂ ਸਮੁੰਦ ਸਿੰਘ ਸੀ। ਸਕੂਲ ਦੀ ਪੜ੍ਹਾਈ ਖ਼ਤਮ ਕਰਨ ਉੱਪਰੰਤ ਉਹਨਾਂ ਖ਼ਾਲਸਾ ਕਾਲਜ ਅੰਮ੍ਰਿਤਸਰ ਵਿੱਚ ਦਾਖ਼ਲਾ ਲਿਆ। ਜਲ੍ਹਿਆਂਵਾਲੇ ਬਾਗ਼ ਦੇ ਖ਼ੂਨੀ ਕਾਂਡ ਦੇ 13 ਅਪਰੈਲ 1919 ਨੂੰ ਵਾਪਰਨ ’ਤੇ ਵਿਰੋਧ ਪ੍ਰਗਟ ਕਰਨ ਕਾਰਨ ਉਹਨਾਂ ਨੂੰ ਕਾਲਜ ਛੱਡਣਾ ਪਿਆ। ਫਿਰ ਉਹ ਗੁਰਦੁਆਰਾ ਸੁਧਾਰ ਅੰਦੋਲਨ ਵਿੱਚ ਕੁੱਦ ਪਏ।

ਗਦਰ ਲਹਿਰ ਤੋਂ ਪ੍ਰੇਰਨਾ[ਸੋਧੋ]

ਗ਼ਦਰੀ ਆਗੂਆਂ ਭਾਈ ਰਤਨ ਸਿੰਘ ਚੱਬਾ ਊਧਮ ਸਿੰਘ ਕਸੇਲ, ਸੰਤੋਖ ਸਿੰਘ ਤੇ ਗੁਰਮੁੱਖ ਸਿੰਘ ਦੇ ਪ੍ਰਭਾਵ ਹੇਠ ਉਹ ਖੱਬੇ-ਪੱਖੀ ਵਿਚਾਰਾਂ ਵੱਲ ਝੁਕ ਗਏ। ਉਹ ਆਜ਼ਾਦ ਬੇਗ ਨਾਂ ਹੇਠ 1924 ਵਿੱਚ ਤੁਰਕੀ ਗਏ ਤੇ ਉਥੋਂ ਦੇ ਨਾਗਰਿਕ ਬਣ ਗਏ ਅਤੇ ਮਿਲਿਟਰੀ ਅਕੈਡਮੀ ਵਿੱਚ ਦਾਖ਼ਲ ਹੋ ਗਏ। ਉਹ ਉਥੋਂ ਦੀ ਫ਼ੌਜ ਵਿੱਚ ਅਫ਼ਸਰ ਵੀ ਰਹੇ।[2] ਉਹ ਬਰਲਿਨ ਵੀ ਗਏ ਅਤੇ ਯੂਰਪ ਦੀ ਯਾਤਰਾ ਕੀਤੀ। ਅਮਰੀਕਾ ਵਿੱਚ ਉਹਨਾਂ ਨੇ ਭਾਰਤੀਆਂ ਨੂੰ ਕ੍ਰਾਂਤੀ ਲਈ ਸਰਗਰਮ ਕੀਤਾ। ਫਿਰ ਉਹ 1932 ਵਿੱਚ ਉੱਤਰੀ ਅਮਰੀਕਾ ਛੱਡ ਕੇ ਮੈਕਸੀਕੋ, ਕਿਊਬਾ, ਪਾਨਾਮਾ, ਅਰਜਨਟਾਈਨਾ, ਉਰੂਗੁਵੇ ਤੇ ਬਰਾਜ਼ੀਲ ਵੀ ਗਏ ਜਿੱਥੇ ਉਹ ਕਿਸਾਨ ਆਗੂ ਅਜੀਤ ਸਿੰਘ (ਭਗਤ ਸਿੰਘ ਦਾ ਚਾਚਾ) ਨੂੰ ਮਿਲੇ। ਫਿਰ ਅਮਰੀਕਾ ਵਿੱਚ ਕਿਰਤੀ ਕਿਸਾਨ ਸਭਾ ਦੇ ਹੈੱਡਕੁਆਰਟਰਜ ਤੋਂ ਪੰਜਾਬ ਵਿੱਚ ਸਭਾ ਦੇ ਕੰਮ ਨੂੰ ਮੁਨੱਜ਼ਮ ਕਰਨ ਲਈ ਸੁਤੰਤਰ ਨੂੰ ਭਾਰਤ ਭੇਜਿਆ ਗਿਆ।[3]

ਉਹ ਲੋਕਾਂ ਨੂੰ ਜਾਗ੍ਰਿਤ ਕਰਨ ਲਈ ਪੜ੍ਹਾਈ ਨੂੰ ਮੁੱਖ ਹਥਿਆਰ ਸਮਝਦਾ ਸੀ। ਇਸਲਈ ਉਸ ਨੇ ਪਟਿਆਲਾ ਜ਼ਿਲ੍ਹੇ ਦੇ ਪਾਤੜਾਂ ਇਲਾਕੇ ਵਿੱਚ ਲੋਕਾਂ ਦੇ ਸਹਿਯੋਗ ਨਾਲ਼ 1968 ਵਿੱਚ ਕਿਰਤੀ ਕਾਲਜ ਦੀ ਨੀਂਹ ਰੱਖੀ। ਉਸ ਦੀ ਮੌਤ ਦੇ ਬਾਅਦ ਇਹ ਕਾਲਜ ਸਰਕਾਰ ਨੇ ਆਪਣੇ ਅਧਿਕਾਰ ਵਿਚ ਲੈ ਲਿਆ। 1971 ਦੀਆਂ ਲੋਕ ਸਭਾ ਚੋਣਾਂ ਦੌਰਾਨ ਭਾਰਤੀ ਕਮਿਊਨਿਸਟ ਪਾਰਟੀ ਵਲੋਂ ਸੰਗਰੂਰ ਹਲਕੇ ਤੋਂ ਜਿੱਤ ਪ੍ਰਾਪਤ ਕੀਤੀ ਤੇ ਲੋਕ ਸਭਾ ਦਾ ਜਨਰਲ ਸਕੱਤਰ ਚੁਣਿਆ ਗਿਆ। 72 ਵਰ੍ਹੇ ਦੀ ਉਮਰ ਵਿਚ 12 ਅਪ੍ਰੈਲ 1973 ਨੂੰ ਸੰਸਦ ਵਿਚ ਕਿਸਾਨੀ ਮੁੱਦਿਆਂ 'ਤੇ ਬਹਿਸ ਦੌਰਾਨ ਬੋਲਦਿਆਂ ਦਿਲ ਦਾ ਦੌਰਾ ਪਿਆ, ਜਿਸ ਨਾਲ਼ ਉਸ ਦੀ ਮੌਤ ਹੋ ਗਈ।

ਹਵਾਲੇ[ਸੋਧੋ]