ਮੈਡਮ ਕਾਮਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਮੈਡਮ ਕਾਮਾ
ਮੈਡਮ ਕਾਮਾ
ਮੈਡਮ ਕਾਮਾ
ਆਮ ਜਾਣਕਾਰੀ
ਪੂਰਾ ਨਾਂ ਮੈਡਮ ਕਾਮਾ
ਜਨਮ 24 ਸਤੰਬਰ 1861

ਬੰਬਈ

ਮੌਤ 12 ਅਗਸਤ 1936 (ਉਮਰ 74)

ਬੰਬਈ

ਮੌਤ ਦਾ ਕਾਰਨ ਬਿਮਾਰੀ
ਕੌਮੀਅਤ ਭਾਰਤੀ
ਪੇਸ਼ਾ ਆਜ਼ਾਦੀ ਘੁਲਾਟੀਏ
ਪਛਾਣੇ ਕੰਮ ਆਜ਼ਾਦੀ ਸੰਗਰਾਮ
ਹੋਰ ਜਾਣਕਾਰੀ
ਧਰਮ ਪਾਰਸੀ

ਮੈਡਮ ਕਾਮਾ (24 ਸਤੰਬਰ 1861 - 12 ਅਗਸਤ 1936) ਜਿਹਨਾਂ ਨੂੰ ਭਾਰਤੀ ਇਨਕਲਾਬ ਦੀ ਮਹਾਂ ਮਾਤਾ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਦਾ ਜਨਮ ਬੰਬਈ ਦੇ ਅਮੀਰ ਪਾਰਸੀ ਘਰਾਣੇ ’ਚ ਹੋਇਆ।

ਜੀਵਨ[ਸੋਧੋ]

ਮੈਡਮ ਕਾਮਾ ਦਾ ਜਨਮ 24 ਸਤੰਬਰ 1861 ਨੂੰ ਬੰਬਈ ਦੇ ਅਮੀਰ ਪਾਰਸੀ ਘਰਾਣੇ ਵਿਚ ਹੋਇਆ । 24 ਸਾਲ ਦੀ ਉਮਰ ਵਿਚ ਆਪ ਦਾ ਵਿਆਹ ਮੁੰਬਈ ਦੇ ਅਮੀਰ ਵਕੀਲ ਰੁਸਤਮ ਕਾਮਾ ਨਾਲ ਹੋਇਆ । ਇਹ ਵਿਆਹ ਜਲਦ ਹਿਉ ਟੁੱਟ ਗਿਆ । ਉਸਨੇ ਸਿਆਸੀ ਸਿਖਲਾਈ ਦਾਦਾ ਭਾਈ ਨਾਰੋਜੀ ਤੋਂ ਲਈ । ਅਗਸਤ 1907 ਵਿਚ ਸਟੁਟਗਾਰਡ (ਜਰਮਨ) ਵਿਚ ਹੋਈ "ਦੂਜੀ ਸ਼ੋਸ਼ਲਿਸਟ ਇੰਟਰਨੈਸ਼ਨਲ ਕਾਂਗਰਸ" ਵਿਚ ਡੈਲੀਗੇਟ ਵਜੋਂ ਕਾਮਾ ਨੇ ਸਰਦਾਰ ਰਾਣਾ ਨਾਲ ਭਾਗ ਲਿਆ । [1]

ਸਿੱਖਿਆ ਅਤੇ ਸੇਵਾ ਦੀ ਪੁੰਜ[ਸੋਧੋ]

ਮੈਡਮ ਕਾਮਾ ਨੇ ਮੁੱਢਲੀ ਪੜ੍ਹਾਈ ਮੁੰਬਈ ਦੇ ਅਲੈਗਜ਼ਾਂਡਰਾ ਪਾਰਸੀ ਗਰਲਜ਼ ਸਕੂਲ ਵਿੱਚ ਹਾਸਲ ਕੀਤੀ।[2] ਜਗਿਆਸੂ ਕਾਮਾ ਨੇ ਜਲਦ ਹੀ ਕਈ ਭਾਸ਼ਾਵਾਂ ਸਿੱਖ ਲਈਆਂ। 24 ਵਰ੍ਹਿਆਂ ਦੀ ਭੀਖਾ ਦਾ ਵਿਆਹ ਮੁੰਬਈ ਦੇ ਅਮੀਰ ਵਕੀਲ ਰੁਸਤਮ ਕਾਮਾ ਨਾਲ ਹੋਇਆ। ਪਰ ਇਹ ਵਿਆਹ ਰੁਸਤਮ ਕਾਮਾ ਦੀ ਪਿਛਾਖੜੀ ਸੋਚ ਕਾਰਨ ਜਲਦ ਹੀ ਟੁੱਟ ਗਿਆ।

ਪਲੇਗ ਦੇ ਬਿਮਾਰਾਂ ਦੀ ਸੇਵਾ[ਸੋਧੋ]

ਇਸ ਸਮੇਂ ਦੌਰਾਨ ਸਾਲ 1896 ਮੁੰਬਈ ਵਿੱਚ ਪਲੇਗ ਫੈਲ ਗਈ ਤੇ ਮੈਡਮ ਕਾਮਾ ਘਰ ਦੀਆਂ ਬੰਦਿਸ਼ਾਂ ਤੋੜ ਕੇ ਪਲੇਗ ਦੇ ਮਾਰੇ ਲੋਕਾਂ ਦੀ ਸੇਵਾ ਲਈ ਅੱਗੇ ਆਈ। ਰੋਗੀਆਂ ਦੀ ਅਣਥੱਕ ਸੇਵਾ ਕਰਨ ਤੇ ਉਹ ਖ਼ੁਦ ਵੀ ਇਸ ਬਿਮਾਰੀ ਦੀ ਸ਼ਿਕਾਰ ਹੋ ਗਈ ਤੇ 1901 ਵਿੱਚ ਉਸ ਨੂੰ ਇਲਾਜ ਲਈ ਬਰਤਾਨੀਆ ਭੇਜਿਆ ਗਿਆ। ਤੰਦਰੁਸਤ ਹੋਣ ਤੋਂ ਬਾਅਦ ਜਦੋਂ ਉਹ 1902 ਵਿੱਚ ਭਾਰਤ ਮੁੜਨ ਦੀ ਤਿਆਰੀ ਕਰ ਰਹੇ ਸਨ ਤਾਂ ਉਸ ਸਮੇਂ ਉਨ੍ਹਾਂ ਦੀ ਮੁਲਾਕਾਤ ਲੰਡਨ ਦੇ ਹੇਡਨ ਪਾਰਕ ਵਿੱਚ ਰਾਸ਼ਟਰਵਾਦੀ ਸ਼ਿਆਮਜੀ ਕ੍ਰਿਸ਼ਨਾ ਵਰਮਾ ਨਾਲ ਹੋਈ।

ਸਿਆਸੀ ਸਿਖਲਾਈ[ਸੋਧੋ]

ਮੈਡਮ ਕਾਮਾ ਨੇ ਆਪਣੀ ਸਿਆਸੀ ਸਿਖਲਾਈ ਦਾਦਾ ਭਾਈ ਨਾਰੋਜੀ ਕੋਲ ਸ਼ੁਰੂ ਕੀਤੀ। ਕਾਮਾ ਦੇ ਗਿਆਨ ਵਿੱਚ ਜਿਵੇਂ-ਜਿਵੇਂ ਵਾਧਾ ਹੁੰਦਾ ਚਲਾ ਗਿਆ, ਤਿਵੇਂ-ਤਿਵੇਂ ਉਹ ਭਾਰਤ ਦੀ ਆਜ਼ਾਦੀ ਵਿਚਲੀਆਂ ਰੁਕਾਵਟਾਂ ਨੂੰ ਵੀ ਭਲੀ-ਭਾਂਤ ਸਮਝਣ ਲੱਗ ਪਈ। ਉਹ ਗੋਪਾਲ ਕ੍ਰਿਸ਼ਨ ਗੋਖਲੇ ਵਾਂਗ ਆਜ਼ਾਦੀ ਰਿਸ-ਰਿਸ ਕੇ ਮੰਗਣ ਦੀ ਬਜਾਏ ਹਥਿਆਰਬੰਦ ਹੋ ਕੇ ਦੇਸ਼ ਨੂੰ ਆਜ਼ਾਦ ਕਰਵਾਉਣਾ ਚਾਹੁੰਦੇ ਸਨ। ਦੇਸ਼ ਨੂੰ ਗੁਲਾਮੀ ਤੋਂ ਆਜ਼ਾਦ ਕਰਵਾਉਣ ਦੀ ਚਾਹਤ ਤੇ ਇਸ ਲਈ ਕੀਤੀ ਮਿਹਨਤ ਨੇ ਕਾਮਾ ਨੂੰ ਕੌਮਾਂਤਰੀਵਾਦੀ, ਇਨਕਲਾਬੀ ਤੇ ਮਾਰਕਸਵਾਦੀ ਵਿਚਾਰਾਂ ਦੀ ਧਾਰਨੀ ਬਣਾ ਦਿੱਤਾ। 1905 ਤੋਂ 1911 ਦੇ ਵਰ੍ਹੇ ਇਨਕਲਾਬੀ ਸਰਗਰਮੀਆਂ ਦੇ ਵਧਣ-ਫੁਲਣ ਦਾ ਸਮਾਂ ਸੀ। ਇਸ ਸਮੇਂ ਹਥਿਆਰਾਂ ਦੀ ਘਾਟ ਨੂੰ ਨੌਜਵਾਨ ਮੈਡਮ ਕਾਮਾ ਨੇ ਪੂਰਾ ਕਰਨ ਦੀ ਸਫ਼ਲ ਕੋਸ਼ਿਸ਼ ਕੀਤੀ। ਉਹ ‘ਅਭਿਨਵ ਭਾਰਤ’ ਨਾਂ ਦੀ ਇਨਕਲਾਬੀ ਜਥੇਬੰਦੀ ਦੀ ਸਰਗਰਮ ਮੈਂਬਰ ਵੀ ਰਹੀ। ਉਹ ਹਥਿਆਰਬੰਦ ਸੰਘਰਸ਼ ਵਿੱਚ ਯਕੀਨ ਰੱਖਦੀ ਸੀ ਤੇ ਇਸ ਗੱਲ ਨੂੰ ਦਰਸਾਉਣ ਲਈ ਮੈਡਮ ਕਾਮਾ ਨੇ ਇੱਕ ਮਹੱਤਵਪੂਰਨ ਬਿਆਨ ਦਿੱਤਾ ਕਿ ‘‘ਮੈਂ ਇਸ ਢੰਗ ਸਬੰਧੀ ਸਪੱਸ਼ਟ ਕਰਨਾ ਚਾਹੁੰਦੀ ਹਾਂ ਕਿ ਮੈਂ ਹੁਣ ਚੁੱਪ ਨਹੀਂ ਰਹਿ ਸਕਦੀ ਜਦੋਂ ਕਿ ਸਾਡੇ ਦੇਸ਼ ਵਿੱਚ ਜ਼ੁਲਮ-ਜਬਰ ਜਾਰੀ ਹੋਣ ’ਤੇ ਰੋਜ਼ ਅਨੇਕਾਂ ਲੋਕਾਂ ਦੇ ਕਈ ਜਲਾਵਤਨੀ ਦੇ ਫੰਦੇ ਕੱਸੇ ਜਾ ਰਹੇ ਹੋਣ ’ਤੇ ਸਾਨੂੰ ਸਾਰੇ ਅਮਨ ਭਰਪੂਰ ਢੰਗ-ਤਰੀਕਿਆਂ ਤੋਂ ਰੋਕਿਆ ਗਿਆ ਹੋਵੇ। ਮੇਰੀ ਜੀਵਨ ਵਿੱਚ ਇੱਕੋ ਹੀ ਇੱਛਾ ਹੈ ਕਿ ਸਾਡਾ ਦੇਸ਼ ਆਜ਼ਾਦ ਹੋਵੇ, ਇਕਮੁੱਠ ਰਹੇ। ਨੌਜਵਾਨੋਂ! ਮੈਂ ਤੁਹਾਡੇ ਕੋਲੋਂ ਇੱਕ ਹੀ ਮੰਗ ਮੰਗਦੀ ਹਾਂ, ਸਵਰਾਜ ਦੀ ਪ੍ਰਾਪਤੀ ਤੱਕ ਸਹੀ ਅਰਥਾਂ ਵਿਚ, ਇਸ ਉਦੇਸ਼ ਦੀ ਪ੍ਰਾਪਤੀ ਲਈ ਸੰਘਰਸ਼ ਨੂੰ ਜਾਰੀ ਰੱਖੋ। ਸਾਡਾ ਇਹ ਆਦਰਸ਼ ਹੋਣਾ ਚਾਹੀਦਾ ਹੈ: ਭਾਰਤ, ਭਾਰਤੀਆਂ ਦਾ ‘‘ਅਸੀਂ ਸਾਰੇ ਇਸ ਲਈ ਸਮਰਪਤ।’’ ਆਪਣੀਆਂ ਜੋਸ਼ੀਲੀਆਂ ਤਕਰੀਰਾਂ ਤੇ ਕਾਰਵਾਈਆਂ ਕਰਕੇ ਨੌਜਵਾਨ ਕਾਮਾ ਇੱਕ ਭਾਸ਼ਣ ਕਰਤਾ, ਜਰਨਲਿਸਟ ਤੇ ਜਥੇਬੰਦਕ ਵਜੋਂ ਯੂਰਪ, ਅਮਰੀਕਾ ਤੇ ਭਾਰਤੀਆ ਵਿੱਚ ਜਾਂਬਾਜ਼ ਇਨਕਲਾਬੀ ਵਜੋਂ ਮਸ਼ਹੂਰ ਹੋ ਗਈ। ‘‘ਭਾਰਤ ਦੇ ਮਰਦੋ ਤੇ ਇਸਤਰੀਓ’’! ਇਸ ਧੱਕੇਸ਼ਾਹੀ ਦਾ ਜ਼ਬਰਦਸਤ ਵਿਰੋਧ ਕਰੋ। ਆਪਣਾ ਇਰਾਦਾ ਧਾਰ ਕੇ, ਉਠ ਖੜ੍ਹੇ ਹੋਵੋ। ਸਾਨੂੰ ਇਸ ਗੁਲਾਮੀ ਦੇ ਜੀਵਨ ਨਾਲੋਂ ਕੀ ਮਰ ਜਾਣਾ ਚੰਗਾ ਨਹੀਂ ਸਮਝਣਾ ਚਾਹੀਦਾ…?

ਪਾਬੰਦੀ ਲਗੀ[ਸੋਧੋ]

ਉਪਰੋਕਤ ਅਪੀਲ ‘ਦਾ ਇੰਡੀਅਨ ਸੁਸਾਇਲੋਜਿਸਟ’ ਅੰਕ ’ਚ ਛਪੀ ਜਿਸ ’ਤੇ ਬਰਤਾਨਵੀ ਸਰਕਾਰ ਭੜਕ ਗਈ ਤੇ ਨੌਜਵਾਨ ਮੁਟਿਆਰ ਕਾਮਾ ’ਤੇ ਕਈ ਤਰ੍ਹਾਂ ਦੀਆਂ ਪਾਬੰਦੀਆਂ ਲਾ ਦਿੱਤੀਆਂ। ਉਸ ਨੂੰ ਲੰਡਨ ਛੱਡ ਕੇ ਪੈਰਿਸ ਜਾਣਾ ਪਿਆ ਤੇ ਕਾਫ਼ੀ ਸਮਾਂ ਇਸੇ ਤਰ੍ਹਾਂ ਲੁਕ-ਛਿਪ ਕੇ ਰਹਿਣਾ ਪਿਆ। ਅਗਸਤ 1907 ਵਿੱਚ ਸਟੁੱਟਗਾਰਡ (ਜਰਮਨੀ) ਵਿੱਚ ਹੋਈ ‘ਦੂਜੀ ਸੋਸ਼ਲਿਸਟ ਇੰਟਰਨੈਸ਼ਨਲ ਕਾਂਗਰਸ’ ਵਿੱਚ ਡੈਲੀਗੇਟ ਵਜੋਂ ਕਾਮਾ ਨੇ ਸਰਦਾਰ ਰਾਣਾ ਨਾਲ ਭਾਗ ਲਿਆ। ਇਸ ਕਾਨਫਰੰਸ ਵਿੱਚ ਕਾਮਾ ਨੇ ਭਾਰਤ ਦੀ ਹਾਲਤ ਨੂੰ ਬਿਆਨ ਕੀਤਾ ਤੇ ਆਜ਼ਾਦੀ ਦੇ ਪਰਵਾਨਿਆਂ ਕੋਲੋਂ ਮਦਦ ਮੰਗੀ ਤੇ ਭਾਰਤ ਦਾ ਕੌਮੀ ਝੰਡਾ ਲਹਿਰਾ ਕੇ ਭਾਰਤ ਦੀ ਪੂਰਨ ਆਜ਼ਾਦੀ ਦੀ ਮੰਗ ਉਠਾਈ ਤੇ ਭਾਰਤ ਦੀ ਆਜ਼ਾਦੀ ਲਈ ਯੂਰਪ ਤੇ ਅਮਰੀਕਾ ਦੇ ਡੈਲੀਗੇਟਾਂ ਦਾ ਉਸ ਸਮੇਂ ਸਮਰਥਨ ਪ੍ਰਾਪਤ ਕਰ ਲਿਆ। ਉਹ ਸਭ ਤੋਂ ਪਹਿਲੀ ਆਗੂ ਸੀ ਜਿਸ ਨੇ ਭਾਰਤ ਦੀ ਪੂਰਨ ਆਜ਼ਾਦੀ ਦਾ ਨਾਅਰਾ ਦਿੱਤਾ ਸੀ। ਉਹ ਪਹਿਲੀ ਆਗੂ ਸੀ ਜਿਸ ਨੇ ਕੌਮਾਂਤਰੀ ਮੰਚ ਉਪਰ ਭਾਰਤ ਦੇ ਝੰਡੇ ਨੂੰ ਲਹਿਰਾਇਆ ਸੀ।

ਰੁਸੀ ਸੋਸ਼ਲਿਸਟਾਂ ਦੇ ਨੇੜੇ[ਸੋਧੋ]

ਪੈਰਿਸ ਵਿੱਚ ਮੈਡਮ ਕਾਮਾ ਰੂਸੀ ਸੋਸ਼ਲਿਸਟਾਂ ਦੇ ਨੇੜੇ ਦੀ ਸਾਥੀ ਬਣ ਗਈ ਤੇ ਮਾਰਕਸਵਾਦ ਤੋਂ ਬਹੁਤ ਪ੍ਰਭਾਵਿਤ ਹੋਈ। ਮਿਖਾਇਲ ਪਾਬਲੋਵਿਚ ਨੇ ਲਿਖਿਆ ਕਿ ‘‘ਮੈਡਮ ਕਾਮਾ ਰੂਸੀ ਘਟਨਾਵਾਂ ਖਾਸ ਕਰਕੇ 1905 ਦੇ ਇਨਕਲਾਬ ਸਬੰਧੀ ਬੜੀ ਹੀ ਦਿਲਚਸਪੀ ਰੱਖਦੀ ਸੀ। ਉਹ ਇਨਕਲਾਬੀ ਲਹਿਰ ਵਿੱਚ ਮਜ਼ਦੂਰ ਜਮਾਤ ਦੀ ਭੂਮਿਕਾ ਬਾਰੇ ਜਾਣਨਾ ਚਾਹੁੰਦੀ ਸੀ। ਇਨ੍ਹਾਂ ਦਿਨਾਂ ਵਿੱਚ ਉਸ ਨੇ ਮਾਰਕਸੀ ਸਿਧਾਂਤਾਂ ਬਾਰੇ ਸਾਹਿਤ ਦਾ ਅਧਿਐਨ ਵੀ ਕੀਤਾ।

ਰੁਸੀ ਇਨਕਲਾਬ[ਸੋਧੋ]

ਪੈਰਿਸ ਵਿੱਚ ਰਹਿੰਦਿਆਂ ਕਾਮਾ ਜਿਵੇਂ-ਜਿਵੇਂ ਰੂਸੀ ਇਨਕਲਾਬ ਦੀ ਸਫਲਤਾ ਬਾਰੇ ਜਾਣਦੀ ਗਈ ਉਹ ਸਿਧਾਂਤਕ ਤੌਰ ’ਤੇ ਹੋਰ ਵੀ ਪ੍ਰਪੱਕ ਹੁੰਦੀ ਚਲੀ ਗਈ ਤਾਂ ਉਹ ਭਾਰਤ ਦੀ ਆਜ਼ਾਦੀ ਲਈ ਹੋਰ ਸਖਤ ਮਿਹਨਤ ਕਰਨ ਵੱਲ ਜੁੱਟ ਗਈ। ਰੋਜ਼ਾ ਲਕਜ਼ਮਬਰਗ, ਅਗਸਤ ਬੇਬਲ, ਕਾਰਲ ਲਿਬਕੈਨਚਿਤ ਤੇ ਹਾਈਡਮੈਨ ਆਦਿ ਨਾਲ ਹੁੰਦੀ ਵਿਚਾਰ-ਚਰਚਾ ਨੇ ਨੌਜਵਾਨ ਕਾਮਾ ਦੇ ਆਜ਼ਾਦੀ ਦੇ ਸੁਪਨੇ ਨੂੰ ਹਕੀਕਤ ’ਚ ਤਬਦੀਲ ਕਰਨ ਦਾ ਰਾਹ ਦਿਖਾਇਆ।

ਗ਼ਦਰੀਆਂ ਨਾਲ[ਸੋਧੋ]

ਪਹਿਲੇ ਵਿਸ਼ਵ ਯੁੱਧ ਵਿੱਚ ਜਿੱਥੇ ਗੁਲਾਮ ਭਾਰਤ ਦੇ ਗ਼ਦਰੀਆਂ ਲਈ ਦੇਸ਼ ਨੂੰ ਆਜ਼ਾਦ ਕਰਵਾਉਣ ਦਾ ਮੌਕਾ ਸੀ, ਉੱਥੇ ਹੀ ਬਰਤਾਨਵੀ ਰਾਜ ਲਈ ਯੁੱਧ ਵਿੱਚ ਸ਼ਾਮਲ ਭਾਰਤੀ ਸਿਪਾਹੀਆਂ ਨੂੰ ਜੁਝਾਰੂ ਕਾਮਾ ਨੇ ਆਪਣੇ ਅਖ਼ਬਾਰ ਵਿੱਚ ਭਾਰਤੀ ਫੌਜੀਆਂ ਨੂੰ ਬਰਤਾਨੀਆ ਲਈ ਦੂਜੇ ਦੇਸ਼ਾਂ ਦੇ ਵਿਰੁੱਧ ਲੜਨ ਤੋਂ ਵਰਜਿਆ। ਬਰਤਾਨਵੀ ਸਰਕਾਰ ਇਸ ਗੱਲ ਤੋਂ ਖਿੱਝ ਗਈ ਤੇ ਫਰਾਂਸ ਦੀ ਸਰਕਾਰ ਨੂੰ ਮੈਡਮ ਕਾਮਾ ਉਸ ਨੂੰ ਸੌਂਪਣ ਲਈ ਕਿਹਾ, ਪਰ ਫਰਾਂਸ ਦੀ ਸਰਕਾਰ ਨੇ ਸਾਫ ਮਨ੍ਹਾਂ ਕਰ ਦਿੱਤਾ।

ਮੌਤ[ਸੋਧੋ]

ਲਗਾਤਾਰ ਨਜ਼ਰਬੰਦੀ ਤੇ ਬਿਮਾਰੀ ਦੀ ਹਾਲਤ ਨੇ ਮੈਡਮ ਕਾਮਾ ਨੂੰ ਸਰੀਰਕ ਪੱਖ ਤੋਂ ਕਾਫ਼ੀ ਕਮਜ਼ੋਰ ਕਰ ਦਿੱਤਾ। ਜਿਸ ਕਾਰਨ ਉਹ ਵਾਪਸ ਭਾਰਤ ਮੁੜਨਾ ਚਾਹੁੰਦੀ ਸੀ ਪਰ ਬਰਤਾਨੀਆ ਨੇ ਉਸ ਨੂੰ ਮਨਜ਼ੂਰੀ ਨਾ ਦਿੱਤੀ। 1935 ਵਿੱਚ 74 ਸਾਲਾ ਮੈਡਮ ਕਾਮਾ ਨੂੰ ਸਪੈਸ਼ਲ ਕੇਸ (ਬਿਮਾਰ ਤੇ ਬਜ਼ੁਰਗ) ਮੰਨਦੇ ਹੋਏ ਵਾਪਸ ਪਰਤਣ ਦੀ ਇਜਾਜ਼ਤ ਮਿਲ ਗਈ। ਦਸ ਮਹੀਨੇ ਦੀ ਲੰਬੀ ਬਿਮਾਰੀ ਤੋਂ ਬਾਅਦ ਉਹ ਮਹਾਨ ਸੰਗਰਾਮਣ 12 ਅਗਸਤ 1936 ਨੂੰ ਇਸ ਦੁਨੀਆਂ ਤੋਂ ਵਿਦਾ ਹੋ ਗਈ ਸੀ। ਅੱਜ ਸਾਡੇ ਸਮਾਜ ਦੀਆਂ ਕਿਰਤੀ ਔਰਤਾਂ ਨੂੰ ਉਸ ਮਹਾਨ ਸੰਗਰਾਮਣ ਦੇ ਜਜ਼ਬੇ, ਕੁਰਬਾਨੀ ਤੇ ਵਿਚਾਰਾਂ ਤੋਂ ਪ੍ਰੇਰਨਾ ਲੈਂਦਿਆਂ ਨਵੀਆਂ ਹਾਲਤਾਂ ’ਚ ਨਵੀਆਂ ਚੁਣੌਤੀਆਂ ਦਾ ਟਾਕਰਾ ਕਰਨ ਦੀ ਜੁਅਰਤ ਕਰਨੀ ਚਾਹੀਦੀ ਹੈ।

ਹਵਾਲੇ[ਸੋਧੋ]

  1. ਜਿਨ੍ਹਾਂ ਯੁੱਗ ਬਦਲੇ.......ਮਹਾਨ ਇਨਕਲਾਬੀਆਂ ਦੀਆਂ ਸੰਖੇਪ ਜੀਵਨੀਆਂ ,ਵਰਿੰਦਰ ਦੀਵਾਨਾ ,ਮਨਦੀਪ ,ਸ਼ਹੀਦ ਭਗਤ ਸਿੰਘ ਵਿਚਾਰ ਮੰਚ ,ਦੀਵਾਨਾ ,ਪੰਨੇ 59-60
  2. Darukhanawala, Hormusji Dhunjishaw, ed. (1963), Parsi lustre on Indian soil, 2, Bombay: G. Claridge .