ਗੁਰੂ ਗ੍ਰੰਥ ਸਾਹਿਬ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
(ਗੁਰੂ ਗਰੰਥ ਸਾਹਿਬ ਤੋਂ ਰੀਡਿਰੈਕਟ)
ਗੁਰੂ ਗ੍ਰੰਥ ਸਾਹਿਬ
ਪਟਨਾ ਸਾਹਿਬ ਵਿਖੇ ਗੁਰ ਗੋਬਿੰਦ ਸਿੰਘ ਜੀ ਦੀ ਲਿਖਾਈ ਵਿੱਚ ਮੂਲ ਮੰਤਰ ਦਾ ਪੱਤਰਾ
ਜਾਣਕਾਰੀ
ਧਰਮਸਿੱਖ ਧਰਮ
ਭਾਸ਼ਾਸੰਤ ਭਾਸ਼ਾ
(ਪੰਜਾਬੀ ਅਤੇ ਇਸਦੀਆਂ ਉਪਭਾਸ਼ਾਵਾਂ, ਲਹਿੰਦਾ, ਸਥਾਨਕ ਪ੍ਰਾਕ੍ਰਿਤ, ਅਪਭ੍ਰੰਸ਼, ਸੰਸਕ੍ਰਿਤ, ਹਿੰਦੁਸਤਾਨੀ ਭਾਸ਼ਾਵਾਂ (ਬ੍ਰਜ ਭਾਸ਼ਾ, ਬਾਂਗਰੂ, ਅਵਧੀ, ਪੁਰਾਣੀ ਹਿੰਦੀ, ਦੱਖਿਨੀ), ਭੋਜਪੁਰੀ, ਸਿੰਧੀ, ਮਰਾਠੀ, ਮਾਰਵਾੜੀ, ਬੰਗਾਲੀ, ਫ਼ਾਰਸੀ ਅਤੇ ਅਰਬੀ)[1][2]


ਗੁਰੂ ਗ੍ਰੰਥ ਸਾਹਿਬ ਸਿੱਖਾਂ ਦੇ ਗਿਆਰਵੇਂ ਗੁਰੂ ਹਨ।[3] ਇਹ 1469 ਤੋਂ ਲੈ ਕੇ 1708 ਤੱਕ ਸਿੱਖ ਗੁਰੂਆਂ ਦੇ ਸਮੇਂ ਰਚੀ ਅਤੇ ਇਕੱਤਰ ਕੀਤੀ ਬਾਣੀ ਦਾ 1430 ਅੰਗਾਂ ਵਾਲਾ ਇੱਕ ਵਿਸਤਾਰਮਈ ਗ੍ਰੰਥ ਹੈ।[3] ਇਹ ਅਨੇਕਾਂ ਸ਼ਬਦਾਂ ਭਾਵ ਬਾਣੀ ਦਾ ਅੰਬਾਰ ਹੈ ਜੋ ਕਿ ਰੱਬ ਦੇ ਗੁਣਾਂ ਅਤੇ ਉਸ ਦੇ ਨਾਮ ਜਪਣ ਦੇ ਕਾਰਨਾਂ ਦਾ ਵਰਨਣ ਕਰਦਾ ਹੈ।[4] ਸਿੱਖਾਂ ਦੇ ਦਸਵੇਂ ਗੁਰੂ, ਗੁਰੂ ਗੋਬਿੰਦ ਸਿੰਘ (1666-1708) ਨੇ ਜੋਤੀ-ਜੋਤਿ ਸਮਾਉਣ ਵੇਲੇ ਗੁਰਿਆਈ ਆਦਿ ਗ੍ਰੰਥ ਨੂੰ ਦਿੱਤੀ ਅਤੇ ਇਸ ਕਰ ਕੇ ਨਾਮ ਗੁਰੂ ਗ੍ਰੰਥ ਸਾਹਿਬ ਹੋ ਗਿਆ।[5] ਇਹ ਸਿੱਖਾਂ ਦਾ ਸਭ ਤੋਂ ਪਵਿੱਤਰ ਗ੍ਰੰਥ ਅਤੇ ਇੱਕੋ-ਇੱਕ ਸਦੀਵੀ ਸ਼ਬਦ-ਰੂਪੀ ਗੁਰੂ ਹੈ ਜੋ ਕਿ ਸਿੱਖ ਗੁਰੂਆਂ ਅਤੇ ਹੋਰ ਸੰਤਾਂ-ਭਗਤਾਂ ਦੀ ਸਿੱਖਿਆਵਾਂ ਦਾ ਅੰਬਾਰ ਹੈ।[6] ਅਰਦਾਸ ਦੇ ਸਰੋਤ ਜਾਂ ਮਾਰਗ-ਦਰਸ਼ਕ ਵਜੋਂ ਆਦਿ ਗ੍ਰੰਥ ਸਿੱਖੀ ਵਿੱਚ ਬੰਧਨਾ ਅਤੇ ਭਗਤੀ ਦਾ ਕੇਂਦਰੀ ਧੁਰਾ ਹੈ।[7]

ਆਦਿ ਗ੍ਰੰਥ ਦਾ ਸਭ ਤੋਂ ਪਹਿਲਾ ਸੰਕਲਨ ਪੰਜਵੇਂ ਗੁਰੂ, ਗੁਰੂ ਅਰਜਨ ਦੇਵ (1563-1606) ਨੇ ਪਹਿਲੇ ਪੰਜ ਗੁਰੂਆਂ ਅਤੇ ਹੋਰ ਮਹਾਨ ਸੰਤਾਂ ਜਾਂ ਭਗਤਾਂ, ਜਿਹਨਾਂ ਵਿੱਚੋਂ ਕਈਆਂ ਦਾ ਹਿੰਦੂ ਧਰਮ ਅਤੇ ਇਸਲਾਮ ਨਾਲ ਵਾਸਤਾ ਸੀ, ਦੀ ਬਾਣੀ ਇਕੱਤਰ ਕਰ ਕੇ ਕੀਤਾ ਅਤੇ ਇਸ ਪਵਿੱਤਰ ਬੀੜ ਨੂੰ ਭਾਈ ਗੁਰਦਾਸ ਜੀ ਦੇ ਹੱਥੋਂ ਲਿਖਵਾਇਆ। ਉਸ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਜੀ ਨੇ ਗੁਰੂ ਤੇਗ ਬਹਾਦੁਰ ਜੀ ਦੀ ਬਾਣੀ ਨੂੰ ਇਕੱਤਰ ਕਰ ਕੇ ਤਲਵੰਡੀ ਸਾਬੋ ਵਿਖੇ ਭਾਈ ਮਨੀ ਸਿੰਘ ਜੀ ਪਾਸੋਂ ਆਦਿ ਗ੍ਰੰਥ ਵਿੱਚ ਦਰਜ ਕਰਵਾ ਕੇ ਆਦਿ ਗ੍ਰੰਥ ਨੂੰ ਗੁਰੂ ਗ੍ਰੰਥ ਸਾਹਿਬ ਦਾ ਦਰਜਾ ਦਿੱਤਾ।[4] ਦਸਮ ਪਿਤਾ ਦੇ ਜੋਤੀ-ਜੋਤਿ ਸਮਾਉਣ ਪਿੱਛੋਂ ਬਾਬਾ ਦੀਪ ਸਿੰਘ ਵੱਲੋਂ ਗੁਰੂ ਗ੍ਰੰਥ ਸਾਹਿਬ ਦੇ ਬਹੁਤ ਸਾਰੇ ਉਤਾਰੇ ਵੰਡੇ ਗਏ।

ਗੁਰੂ ਗ੍ਰੰਥ ਸਾਹਿਬ ਦੀ ਲਿਖਾਈ ਗੁਰਮੁਖੀ ਲਿਪੀ ਵਿੱਚ ਹੋਈ ਹੈ ਅਤੇ ਬਹੁਤ ਸਾਰੀਆਂ ਬੋਲੀਆਂ ਅਤੇ ਉਪ-ਬੋਲੀਆਂ– ਜਿਵੇਂ ਕਿ ਲਹਿੰਦੀ ਪੰਜਾਬੀ, ਬ੍ਰਜ ਭਾਸ਼ਾ, ਖੜ੍ਹੀ ਬੋਲੀ, ਸੰਸਕ੍ਰਿਤ ਅਤੇ ਫ਼ਾਰਸੀ – ਕਈ ਵਾਰ ਜਿਹਨਾਂ ਦੇ ਸਮੂਹ ਨੂੰ ਸੰਤ ਭਾਸ਼ਾ ਕਿਹਾ ਜਾਂਦਾ ਹੈ।[8].

ਅਹਿਮੀਅਤ[ਸੋਧੋ]

ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ

ਸ੍ਰੀ ਗੁਰੂ ਗਰੰਥ ਸਾਹਿਬ ਸਿਖਾਂ ਦੇ ਸ਼ਬਦ ਗੁਰੂ ਹਨ । ਸਾਹਿਬ ਤੇ ਸ੍ਰੀ ਸਤਿਕਾਰ ਦੇ ਲਖਾਇਕ ਹਨ; ਗੁਰੂ ਸ਼ਬਦ ਗੁਰਿਆਈ ਦੇ ਵਾਰਸ ਹੋਣ ਨਾਲ ਸਬੰਧ ਰੱਖਦਾ ਹੈ ਅਤੇ ਆਦਿ ਦੇ ਲਫ਼ਜ਼ੀ ਮਾਹਿਨੇ ਹਨ ਮੁੱਢਲਾ ਜਾਂ ਪਹਿਲਾ, ਜੋ ਇਸ ਗ੍ਰੰਥ ਨੂੰ ਸਿੱਖਾਂ ਦੀ ਦੂਸਰੀ ਪਵਿੱਤਰ ਗ੍ਰੰਥ ਦਸਮ ਗ੍ਰੰਥ, ਜਿਸ ਵਿੱਚ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਦੀ ਬਾਣੀ ਹੈ, ਤੋਂ ਨਿਖੇੜਦਾ ਹੈ। ਗੁਰੂ ਗ੍ਰੰਥ ਸਾਹਿਬ ਦੀਆਂ ਰਚਨਾਵਾਂ ਦੇ ਰਚਨਹਾਰੇ ਵੱਖ-ਵੱਖ ਸ਼੍ਰੇਣੀਆਂ ਅਤੇ ਫਿਰਕਿਆਂ ਨਾਲ ਸੰਬੰਧ ਰੱਖਦੇ ਸਨ; ਉਹਨਾਂ ਵਿੱਚ ਹਿੰਦੂ ਹਨ, ਮੁਸਲਮਾਨ ਹਨ ਅਤੇ ਨੀਵੀਆਂ ਤੇ ਉੱਚੀਆਂ ਜਾਤਾਂ ਦੇ ਵੀ ਹਨ।

ਬਣਤਰ ਅਤੇ ਛਾਪਾ[ਸੋਧੋ]

ਗੁਰੂ ਗ੍ਰੰਥ ਸਾਹਿਬ ਦੇ ਬਾਣੀਕਾਰ

ਜਿੰਨੇ ਵੱਖ-ਵੱਖ ਰਚਨਹਾਰੇ ਹਨ ਉਨ੍ਹੀਆਂ ਹੀ ਹਨ ਇਸ ਵਿੱਚ ਰਾਗ ਤੇ ਰਾਗਨੀਆਂ। ਸਾਰੇ ਮਜ਼ਮੂਨਾਂ ਨੂੰ ਵੱਖ-ਵੱਖ ਤਰ੍ਹਾਂ ਦੇ ਕਾਵਿ-ਰੂਪਾਂ ਵਿੱਚ ਪ੍ਰਗਟਾਇਆ ਹੈ। 31 ਰਾਗ ਵਰਤੇ ਗਏ ਹਨ। ਉਹਨਾਂ ਨੂੰ ਪਦਿਆਂ,ਅਸਟਪਦੀਆਂ ਤੇ 4 ਲਾਇਨ੍ਹਾਂ ਵਾਲੇ ਸਲੋਕਾਂ ਵਿੱਚ ਕਲਮਬੰਦ ਕੀਤਾ ਹੈ। ਲੰਬੀਆਂ ਰਚਨਾਵਾਂ ਵਾਰਾਂ ਦੇ ਰੂਪ ਵਿੱਚ ਹਨ। ਇਨ੍ਹਾਂ ਸਭ ਰਚਨਾਵਾਂ ਨੂੰ ਰਾਗਾਂ ਦੇ ਅਧਿਆਇਆਂ ਵਿੱਚ ਕਰਤੇ ਦੇ ਕ੍ਰਮ ਅਨੁਸਾਰ ਰਖਿਆ ਗਿਆ ਹੈ। 1430 ਅੰਗਾਂ ਵਾਲੀ ਬੀੜ ਜਿਸ ਨੂੰ ਸਿਖਾਂ ਦੀ ਪ੍ਰਤਿਨਿਧ ਸਭਾ ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੌਂ ਇਸ ਰੂਪ ਵਿੱਚ ਛਾਪਣ ਦੀ ਮਾਨਤਾ ਹੈ ਇੱਕ ਮਿਆਰ ਬਣ ਗਈ ਹੈ। ਇਸ ਰੂਪ ਵਿੱਚ ਪੰਨਿਆਂ ਦਾ ਕ੍ਰਮ ਹੇਠ ਲਿਖੇ ਅਨੁਸਾਰ ਹੈ-

  • ਤਤਕਰਾ(1-13)
  • ਸਿਰੀ ਰਾਗ(14-93)
  • ਮਾਝ ਰਾਗੁ(94-150)
  • ਗਉੜੀ ਰਾਗੁ(151-346)
  • ਆਸਾ ਰਾਗੁ(347-488)
  • ਗੂਜਰੀ ਰਾਗੁ(489-526)
  • ਦੇਵਗੰਧਾਰੀ ਰਾਗੁ(527-536)
  • ਬਿਹਾਗੜਾ ਰਾਗੁ(537-556)
  • ਵਡਹੰਸ ਰਾਗੁ (557-594)
  • ਸੋਰਠ ਰਾਗੁ (595-659)
  • ਧਨਾਸਰੀ ਰਾਗੁ (660-695)
  • ਜੈਤਸਰੀ ਰਾਗੁ (696-710)
  • ਟੋਡੀ ਰਾਗੁ (711-718)
  • ਬੈਰਾੜੀ ਰਾਗੁ (719-720)
  • ਤਿਲੰਗ ਰਾਗੁ (721-727)
  • ਸੂਹੀ ਰਾਗੁ (728-794)
  • ਬਿਲਾਵਲ ਰਾਗੁ (795-858)
  • ਗੌਂਡ ਰਾਗੁ (854-875)
  • ਰਾਮਕਲੀ ਰਾਗੁ (876-974)
  • ਨਟ ਨਰਾਇਣ ਰਾਗੁ (975-983)
  • ਮਾਲਿ ਗਉੜਾ ਰਾਗੁ (984-988)
  • ਮਾਰੂ ਰਾਗੁ(989-1106)
  • ਤੁਖਾਰੀ ਰਾਗੁ (1107-1117)
  • ਕੇਦਾਰ ਰਾਗੁ (1118-1124)
  • ਭੈਰਉ ਰਾਗੁ(1125-1167)
  • ਬਸੰਤੁ ਰਾਗੁ (1158-1196)
  • ਸਾਰੰਗ ਰਾਗੁ (1197-1253)
  • ਮਲਾਰ ਰਾਗੁ (1254-1293)
  • ਕਾਨੜਾ ਰਾਗੁ (1294-1318)
  • ਕਲਿਆਣ ਰਾਗੁ (1319-1326)
  • ਪਰਭਾਤੀ ਰਾਗੁ (1327-1351)
  • ਜੈਜਾਵੰਤੀ ਰਾਗੁ (1352-1353)
  • ਸਲੋਕ ਸਹਸਕ੍ਰਿਤੀ(1353-1360)
  • ਗਾਥਾ,ਫ਼ੁਨਹੇ ਤੇ ਚਉਬੋਲੇ(1360-1364)
  • ਸਲੋਕ ਕਬੀਰ(1364-1377)
  • ਸਲੋਕ ਫ਼ਰੀਦ(1377-1384)
  • ਸਵੱਈਏ(1385-1409)
  • ਸਲੋਕ ਵਾਰਾਂ ਤੌਂ ਵਧੀਕ(1410-1429)
  • ਮੁੰਦਾਵਣੀ ਤੇ ਰਾਗਮਾਲਾ(1429-1430)

ਗੁਰੂ ਗਰੰਥ ਸਾਹਿਬ ਵਿੱਚ ਭਗਤ ਬਾਣੀ[ਸੋਧੋ]

ਭਗਤਾਂ ਦੀ ਬਾਣੀ: ਗੁਰੂ ਗ੍ਰੰਥ ਸਾਹਿਬ ਦੇ 31 ਰਾਗਾਂ ਵਿੱਚੋਂ 22 ਰਾਗਾਂ ਵਿੱਚ ਭਗਤਾਂ ਦੀ ਬਾਣੀ ਹੈ। ਭਗਤਾਂ ਦੇ ਸਾਰੇ ਸ਼ਬਦ 349 ਹਨ, ਅਤੇ ਭਗਤ-ਬਾਣੀ ਵਿੱਚ 3 ਸ਼ਬਦ ਗੁਰੂ ਅਰਜਨ ਸਾਹਿਬ ਜੀ ਦੇ ਭੀ ਹਨ।

ਭਗਤ ਬਾਣੀ
ਭਗਤ ਸ਼ਬਦ ਭਗਤ ਸ਼ਬਦ
ਭਗਤ ਕਬੀਰ ਜੀ 224 ਭਗਤ ਭੀਖਨ ਜੀ 2
ਭਗਤ ਨਾਮਦੇਵ ਜੀ 61 ਭਗਤ ਸੂਰਦਾਸ ਜੀ 1 (ਸਿਰਫ਼ ਤੁਕ)
ਭਗਤ ਰਵਿਦਾਸ ਜੀ 40 ਭਗਤ ਪਰਮਾਨੰਦ ਜੀ 1
ਭਗਤ ਤ੍ਰਿਲੋਚਨ ਜੀ 4 ਭਗਤ ਸੈਣ ਜੀ 1
ਭਗਤ ਫਰੀਦ ਜੀ 4 ਭਗਤ ਪੀਪਾ ਜੀ 1
ਭਗਤ ਬੈਣੀ ਜੀ 3 ਭਗਤ ਸਧਨਾ ਜੀ 1
ਭਗਤ ਧੰਨਾ ਜੀ 3 ਭਗਤ ਰਾਮਾਨੰਦ ਜੀ 1
ਭਗਤ ਜੈਦੇਵ ਜੀ 2 ਗੁਰੂ ਅਰਜਨ ਦੇਵ ਜੀ 3
ਜੋੜ 352

ਸ਼ਬਦਾਂ ਤੋਂ ਇਲਾਵਾ ਗਉੜੀ ਰਾਗ ਵਿੱਚ ਭਗਤ ਕਬੀਰ ਜੀ ਦੀਆਂ 3 ਹੋਰ ਬਾਣੀਆਂ ਹਨ- ਬਾਵਨ ਅਖਰੀ, ਪੰਦ੍ਰਹ ਥਿਤੀ, ਸਤ ਵਾਰ। ਭਗਤ ਕਬੀਰ ਜੀ ਅਤੇ ਭਗਤ ਫਰੀਦ ਜੀ ਦੇ ਸ਼ਲੋਕਾਂ ਦੇ ਸੰਗ੍ਰਹ ਭੀ ਹਨ:- ਭਗਤ ਕਬੀਰ ਜੀ = 243 (ਇਹਨਾਂ ਸਲੋਕਾਂ ਵਿੱਚ ਗੁਰੂ ਸਾਹਿਬਾਨ ਦੇ ਭੀ ਕੁਝ) ਭਗਤ ਫਰੀਦ ਜੀ = 130 ਸਲੋਕ ਹਨ ਗੁਰੂ ਗਰੰਥ ਸਾਹਿਬ ਵਿੱਚ ਅਕਾਲ ਪੁਰਖ ਪ੍ਰਮਾਤਮਾ ਦੇ ਕਈ ਨਾਂ ਵਰਤੇ ਗਏ ਜਿਹਨਾਂ ਦਾ ਵੇਰਵਾ ਹੇਠ ਲਿਖੇ ਅਨੁਸਾਰ ਹੈ।

ਅਕਾਲ ਪੁਰਖ ਦੇ ਅਨੇਕਾਂ ਨਾਮ ਦਾ ਵੇਰਵਾ
ਅਕਾਲ ਪੁਰਖ ਦਾ ਨਾਮ ਗਿਣਤੀ ਅਕਾਲ ਪੁਰਖ ਦਾ ਨਾਮ ਗਿਣਤੀ ਅਕਾਲ ਪੁਰਖ ਦਾ ਨਾਮ ਗਿਣਤੀ
ਹਰਿ 8344 ਰਾਮ 2533 ਪ੍ਰਭੂ 1371
ਗੋਪਾਲ 491 ਗੋਬਿੰਦ 475 ਪਰਮਾਤਮਾ 324
ਕਰਤਾ 228 ਠਾਕੁਰ 216 ਦਾਤਾ 151
ਪਰਮੇਸ਼ਰ 139 ਮੁਰਾਰੀ 97 ਨਾਰਾਇਣ 89
ਅੰਤਰਜਾਮੀ 61 ਜਗਦੀਸ 60 ਸਤਿਨਾਮੁ 59
ਮੋਹਨ 54 ਅੱਲਾ 46 ਭਗਵਾਨ 30
ਨਿਰੰਕਾਰ 29 ਕ੍ਰਿਸ਼ਨ 22 ਵਾਹਿਗੁਰੂ 13

ਭੱਟ ਆਤੇ ਬਾਬਾ ਸੁੰਦਰ ਜੀ ਦੀ ਬਾਣੀ[ਸੋਧੋ]

ਬਾਬਾ ਸੁੰਦਰ ਜੀ ਦੀ ਬਾਣੀ ‘ਸਦੁ’ ਰਾਗ ਰਾਮਕਲੀ ਵਿੱਚ ਹੈ। 6 ਪਉੜੀਆਂ। ਹੇਠ ਲਿਖੇ ਭੱਟਾਂ ਦੇ ਸਵਯੇ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹਨ:-

  1. ਕੱਲਸਹਾਰ
  2. ਜਾਲਪ
  3. ਕੀਰਤ
  4. ਭਿੱਖਾ
  5. ਸਲ੍ਹ
  6. ਭਲ੍ਹ
  7. ਨਲ੍ਹ
  8. ਬਲ੍ਹ
  9. ਗਯੰਦ
  10. ਹਰਿਬੰਸ
  11. ਮਥਰਾ

ਭਾਈ ਗੁਰਦਾਸ ਦੀ ਉਗਾਹੀ ਮੂਜਬ ਭਾਦੋਂ ਵਦੀ ਏਕਮ ਸੰਮਤ 1661/1 ਅਗਸਤ 1604 ਵਾਲੇ ਦਿਨ ਇਹ ਸੰਕਲਨ ਮੁਕੰਮਲ ਹੋਇਆ। ਉਸ ਤੋਂ ਬਾਅਦ ਇਸ ਗਰੰਥ ਦਾ ਤਤਕਰਾ ਤੇ ਅੰਗ ਅੰਕਿਤ ਕਰਨਾ ਸ਼ੁਰੂ ਹੋਇਆ।7000 ਸ਼ਬਦਾਂ ਦੇ ਇਸ ਸੰਗ੍ਰਿਹ ਵਿੱਚ ਉਸ ਸਮੇਂ ਪਹਿਲੇ ਪੰਜ ਗੁਰੂਆਂ, ਭਾਰਤ ਦੇ ਵਖ ਵਖ ਸੂਬਿਆਂ ਦੇ 15 ਭਗਤਾਂ ਤੇ ਸੂਫ਼ੀਆਂ ਜਿਹਨਾਂ ਵਿੱਚ ਸ਼ੇਖ ਫ਼ਰੀਦ, ਭਗਤ ਕਬੀਰ ਜੀ ਕਬੀਰ ਅਤੇ ਭਗਤ ਰਵਿਦਾਸ ਸ਼ਾਮਲ ਹਨ ਦੀ ਬਾਣੀ ਹੈ। ਇਸ ਪਵਿੱਤਰ ਗਰੰਥ ਦੇ 974 ਪਤਰੇ ਸਨ ਜਿਹਨਾਂ ਦੇ 12”x8”ਅਕਾਰ ਦੇ 1948 ਪੰਨੇ ਬਣਦੇ ਹਨ। ਇਨ੍ਹਾਂ ਵਿੱਚ ਕਈ ਖਾਲੀ ਪੰਨੇ ਵੀ ਸਨ। ਉਹ ਜਗ੍ਹਾਂ ਜਿੱਥੇ ਗੁਰੂ ਅਰਜਨ ਸਾਹਿਬ ਨੇ ਇਹ ਗਰੰਥ ਦਾ ਸੰਕਲਨ ਕੀਤਾ ਉੱਥੇ ਹੁਣ ਗੁਰਦੁਆਰਾ ਸ੍ਰੀ ਰਾਮਸਰ ਸਾਹਿਬ ਸਥਿਤ ਹੈ।

ਗੁਰਿਆਈ[ਸੋਧੋ]

ਸ੍ਰੀ ਗੁਰੂ ਗਰੰਥ ਸਾਹਿਬ ਨੂੰ ਗੁਰਿਆਈ (ਗੁਰਤਾ ਗੱਦੀ) ਬਾਰੇ ਭੱਟ ਵਹੀ (ਤਾਲੁਦਾ ਜੀਂਦ ਪਰਗਨੇ ਦਾ) ਵਿੱਚ ਇਉਂ ਦਰਜ ਹੈ:-

“ਗੁਰੂ ਗੋਬਿੰਦ ਸਿੰਘ ਮਹਿਲ ਦਸਮਾਂ ਬੇਟਾ ਗੁਰੂ ਤੇਗ ਬਹਾਦੁਰ ਕਾ ਪੋਤਾ ਹਰਿਗੋਬਿੰਦ ਜੀ ਕਾ ਪੜਪੋਤਾ ਗੁਰੂ ਅਰਜਨ ਕਾ ਵਾਰਿਸ ਗੁਰੂ ਰਾਮਦਾਸ ਜੀ ਕੀ ਸੂਰਜਬੰਸਿ ਗੋਸਾਲ ਗੋਤਰ ਸੋਢੀ ਖਤਰੀ ਵਾਸੀ ਆਨੰਦਪੁਰ ਪਰਗਨਾ ਕਹਿਲੂਰ ਮੁਕਾਮ ਨੰਦੇੜ ਤਟ ਗੁਦਾਵਰੀ ਦਖਣ ਦੇਸ ਸੰਮਤ ਸਤਾਰਾ ਸੌ ਪੈਂਸਠ ਕਾਤਿਕ ਮਾਸ ਕੀ ਚੌਥ ਸ਼ੁਕਲ ਪਖੇ ਬੂਦਵਾਰ ਕੇ ਦਿਹੁਰੀ ਭਾਈ ਦਇਆ ਸਿੰਘ ਸੇ ਬਚਨ ਹੋਇਆਂ ਸ੍ਰੀ ਗੁਰੂ ਗਰੰਥ ਸਾਹਿਬ ਲੈ ਆਓ। ਬਚਨ ਪਾਇ ਦਇਆ ਸਿੰਘ ਸ੍ਰੀ ਗਰੰਥ ਸਾਹਿਬ ਲੈ ਤਾਏ। ਗੁਰੂ ਜੀ ਨੇ ਪੰਜ ਪੈਸੇ ਨਰੇਲ ਅਗੇ ਭੇਟਾ ਰਖਾ ਮਥਾ ਟੇਕਾ ਸਰਬਤ ਸੰਗਤ ਸੇ ਕਹਾ ਮੇਰਾ ਹੁਕਮ ਹੈ ਮੇਰਿ ਜਗ੍ਹਾ ਸ੍ਰੀ ਗਰੰਥ ਜਿ ਕੋ ਜਾਨਣਾ। ਜੋ ਸਿਖ ਜਾਣੇਗਾ ਓਸ ਕੀ ਘਾਲ ਥਾਏ ਪਵੇਗੀ ਗੁਰੂ ਤਿਸ ਕੀ ਬਹੁੜੀ ਕਰੇਗਾ।“

ਗੁਰੂ ਗਰੰਥ ਸਾਹਿਬ 1914 ਦੀ ਸੰਸਾਰ ਜੰਗ ਦੌਰਾਨ ਮੈਸੋਪਟਾਮੀਆ ਵਿੱਚ ਕਿਧਰੇ ਸਿਖ ਮਾਰਚਿੰਗ ਕਾਲਮ ਦੀ ਅਗਵਾਈ ਕਰਦੇ ਹੋਏ

‘ਗੁਰੂ ਗ੍ਰੰਥ ਸਾਹਿਬ ਸਦੀਵੀ ਗੁਰੂ ਹਨ’। ਗੁਰੂ ਗੋਬਿੰਦ ਸਿੰਘ ਸਾਹਿਬ ਦੇ ਜੋਤੀ ਜੋਤ ਸਮਾਉਣ ਤੋਂ ਬਾਅਦ ਸਿੱਖ ਸਮਾਜ ਦੀ ਇਹੀ ਸੋਚ ਤੇ ਅਕੀਦਾ ਹੈ। ਸਿੱਖਾਂ ਦੇ ਔਕੜ ਭਰੇ ਸਮੇਂ ਵੀ, ਜਦੋਂ ਉਹਨਾਂ ਨੂੰ ਗੈਰ-ਕਨੂੰਨੀ ਕਰਾਰ ਦਿਤਾ ਗਿਆ ਤੇ ਉਹਨਾਂ ਨੂੰ ਜੰਗਲਾਂ ਵਿੱਚ ਸ਼ਰਨ ਲੈਣੀ ਪਈ, ਸਿੱਖਾਂ ਦੀ ਸਭ ਤੋਂ ਵਡਮੁੱਲੀ ਸ਼ੈਅ ਗੁਰੂ ਗਰੰਥ ਸਾਹਿਬ ਹੀ ਸੀ ਜਿਸ ਉੱਤੇ ਉਹਨਾਂ ਨੂੰ ਸਭ ਤੋਂ ਵੱਧ ਮਾਣ ਸੀ ਅਤੇ ਜਿਸ ਨੂੰ ਉਹਨਾਂ ਨੇ ਜਾਨ ਦੀ ਪਰਵਾਹ ਨਾ ਕਰਦੇ ਹੋਏ ਵੀ ਸਭ ਤੋਂ ਵੱਧ ਮਹਿਫ਼ੂਜ਼ ਰਖਿਆ। ਹੋਰ ਕਿਸੇ ਨੂੰ ਉਹਨਾਂ ਇਸ ਪਵਿੱਤਰ ਗ੍ਰੰਥ ਸਾਹਿਬ ਦੀ ਬਰਾਬਰੀ ਨਹੀਂ ਕਰਨ ਦਿਤੀ ।

ਮਹਾਰਾਜਾ ਰਣਜੀਤ ਸਿੰਘ ਦੇ ਕਾਲ ਵਿੱਚ, ਜਿਸ ਨੇ ਖਾਲਸਾ ਦੇ ਨਾਂ ਤੇ ਸੁਤੰਤਰ ਸਾਮਰਾਜ ਕਾਇਮ ਕੀਤਾ, ਸ਼ਖਸੀ ਅਚਾਰ ਵਿੱਚਾਰ ਤੇ ਦਰਬਾਰੀ ਕਾਰ ਵਿਹਾਰ ਗੁਰੂ ਗਰੰਥ ਸਾਹਿਬ ਉਦਾਲੇ ਹੀ ਕੇਂਦ੍ਰਿਤ ਸੀ । ਜਿਵੇਂ ਕਿ ਸਮਕਾਲੀ ਦਸਤਾਵੇਜ਼ਾਂ ਤੌਂ ਪਤਾ ਲਗਦਾ ਹੈ ਰਣਜੀਤ ਸਿੰਘ ਆਪਣਾ ਦਿਨ ਗੁਰੂ ਗਰੰਥ ਸਾਹਿਬ ਦੀ ਇਬਾਦਤ ਤੌਂ ਬਾਦ ਹੀ ਸ਼ੁਰੂ ਕਰਦਾ ਸੀ । ਦਿਨਾਂ ਦਿਹਾਰਾਂ ਤੇ ਉਹ ਹਰਿਮੰਦਰ ਸਾਹਿਬ ਅੰਮ੍ਰਿਤਸਰ ਵਿਖੇ ਗੁਰੂ ਗਰੰਥ ਸਾਹਿਬ ਅੱਗੇ ਸੀਸ ਨਿਵਾਉਣ ਜਾਇਆ ਕਰਦਾ ਸੀ । ਸਿੱਖਾਂ ਵਾਸਤੇ ਕੇਵਲ ਗੁਰੂ ਗਰੰਥ ਸਾਹਿਬ ਹੀ ਇਕੋ ਇੱਕ ਧਾਰਮਿਕ ਇਬਾਦਤ ਦਾ ਮਰਕਜ਼ ਹਨ। ਇਸ ਤੋਂ ਇਲਾਵਾ ਮਨੁੱਖ ਦੀ ਸ਼ਕਲ ਵਿੱਚ ਯਾ ਚਿਨ੍ਹ ਦੀ ਸ਼ਕਲ ਵਿੱਚ ਹੋਰ ਕੁਝ ਵੀ ਨਹੀਂ।

ਗੁਰੂ ਗੋਬਿੰਦ ਸਿੰਘ ਜੀ ਦੇ ਜੋਤੀ ਜੋਤ ਸਮਾਉਣ ਉੱਪਰੰਤ ਇਸ ਪਵਿੱਤਰ ਗ੍ੰਥ ਨੂੰ ਹੀ ਗੁਰੂ ਕਰ ਕੇ ਮੰਨਿਆ ਜਾਂਦਾ ਹੈ।

ਸਤਿਕਾਰ[ਸੋਧੋ]

  • ਵੱਡਾ ਘੱਲੂਘਾਰਾ ਸਮੇਂ 18ਵੀਂ ਸਦੀ ਵਿਚ ਜਦੋਂ ਸਿੱਖ ਜੰਗਲਾਂ, ਰੇਗਿਸਤਾਨ, ਪਹਾੜਾਂ ਵਿਚ ਰਹਿੰਦੇ ਸਨ ਤਾਂ ਸਿੱਖਾਂ ਕੋਲ ਗੁਰੂ ਗ੍ਰੰਥ ਸਹਿਬ ਦਾ ਸਰੂਪ ਹੁੰਦਾ ਸੀ ਅਤੇ ਉਹ ਘੋੜਿਆਂ 'ਤੇ ਰੱਖ ਕੇ ਆਪਣੀ ਛੁਪਣਗਾਹ ਵਿਚ ਲੈ ਕੇ ਜਾਂਦੇ ਸਨ। ਉਹ ਜੰਗ ਕਰਨ ਵੇਲੇ ਨਾਲ ਨਹੀਂ ਲਿਜਾਂਦੇ ਸਨ। ਹਾਂ ਜੇ ਅਚਾਣਕ ਹਮਲਾ ਹੋ ਜਾਵੇ ਤਾਂ ਉਹ ਬੀੜ ਦੀ ਸੰਭਾਲ ਜ਼ਰੂਰ ਕਰਿਆ ਕਰਦੇ ਸਨ।
  • ਜ਼ਮਾਨ ਸ਼ਾਹ ਦੁਰਾਨੀ ਦੇ ਅਚਾਣਕ ਹਮਲਾ ਸਨ ਸਮੇਂ 1762 ਵੇਲੇ ਵੀ ਸਿੱਖਾਂ ਕੋਲ ਗੁਰੂ ਗ੍ਰੰਥ ਸਾਹਿਬ ਦੀ ਬੀੜ ਸੀ ਇਹ ਜੰਗ ਨਹੀਂ ਸੀ।
  • ਅਕਾਲੀ ਫੂਲਾ ਸਿੰਘ , ਹਰੀ ਸਿੰਘ ਨਲਵਾ, ਮਹਾਰਾਜਾ ਰਣਜੀਤ ਸਿੰਘ ਨੇ ਦਰਜਨਾਂ ਲੜਾਈਆਂ ਲੜੀਆਂ ਸਨ। ਦਸਤਾਵੇਜ਼ਾਂ ਮੁਤਾਬਿਕ ਉਹ ਘਰੋਂ ਅਰਦਾਸ ਸੋਧ ਕੇ ਨਿਕਲਦੇ ਸਨ ਨਾ ਕਿ ਗੁਰੂ ਗ੍ਰੰਥ ਸਾਿਹਬ ਦੀ ਬੀੜ ਦੀ ਅਗਵਾਈ ਵਿਚ ਜਾਂਦੇ ਸਨ।
  • ਗੁਰਦੁਆਰਾ ਸੁਧਾਰ ਲਹਿਰ ਦੌਰਾਨ ਨਨਕਾਣਾ ਸਾਹਿਬ (20 ਫ਼ਰਵਰੀ 1921), ਜੈਤੋ (ਅਗਸਤ 1923 ਤੇ ਸ਼ਹੀਦੀ ਜਥਾ 21 ਫ਼ਰਵਰੀ 1924), ਗਰੂ ਦਾ ਬਾਗ਼ (ਅਗਸਤ 1922) ਮੋਰਚੇ ਲੱਗੇ ਸਨ।

5. ਪਹਿਲੀ ਵਿਸ਼ਵ ਜੰਗ ਤੇ ਦੂਜੀ ਵਿਸ਼ਵ ਜੰਗ ਵਿਚ ਸਿੱਖ ਫ਼ੌਜੀਆਂ ਦੀਆਂ ਪੂਰੀਆਂ ਪਲਟਨਾਂ ਕੋਲ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਹੁੰਦਾ ਸੀ ਅਤੇ ਉਹ ਇਸ ਨੂੰ ਬੈਰਕਾਂ ਵਿਚ ਰਖਦੇ ਹੁੰਦੇ ਸਨ। ਜਦੋਂ ਉਨ੍ਹਾਂ ਦੀ ਪਲਟਨ ਨੇ ਇਕ ਜਗਹ ਤੋਂ ਦੂਜੀ ਜਗਹ ਜਾਣਾ ਹੁਦਾ ਸੀ ਤਾਂ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਅਦਬ ਨਾਲ ਲੈ ਜਾਇਆ ਕਰਦੇ ਸਨ।

  • ਅੰਗ੍ਰੇਜ਼ਾਂ ਨੇ ਗੁਰੂ ਗ੍ਰੰਥ ਸਾਹਿਬ ਦੀ ਇਕ ਸਵਾ- ਇੰਚੀ ਬੀੜ ਬਣਾ ਦਿੱਤੀ ਸੀ ਤਾਂ ਜੋ ਸਿੱਖ ਫ਼ੌਜੀਆਂ ਨੂੰ ਧਾਰਮਿਕ ਤੇ ਜਜ਼ਬਾਤੀ ਤੌਰ 'ਤੇ ਪ੍ਰੇਰਤ ਕਰ ਕੇ ਉਨ੍ਹਾਂ ਨੂੰ ਜੋਸ਼ ਦਿਵਾਇਆ (ਦਰਅਸਲ ਭੜਕਾਇਆ) ਜਾ ਸਕੇ।

ਇਹ ਵੀ ਦੇਖੋ[ਸੋਧੋ]

ਨੋਟ[ਸੋਧੋ]

ਹਵਾਲੇ[ਸੋਧੋ]

  1. Songs of the Saints from the Adi Granth By Nirmal Dass. Published by SUNY Press, 2000. ISBN 978-0-7914-4683-6. p. 13. "Any attempt at translating songs from the Adi Granth certainly involves working not with one language, but several, along with dialectical differences. The languages used by the saints range from Sanskrit; regional Prakrits; western, eastern and southern Apabhramsa; and Sahaskrit. More particularly, we find sant bhasha, Marathi, Old Hindi, central and Lehndi Panjabi, Sindhi and Persian. There are also many dialects deployed, such as Purbi Marwari, Bangru, Dakhni, Malwai, and Awadhi."
  2. Sikhism. The Guru Granth Sahib (GGS) By Harjinder Singh. "The Guru Granth Sahib also contains hymns which are written in a language known as Sahiskriti as well as Sant Bhasha, it also contains many Persian and Sanskrit words throughout."
  3. 3.0 3.1 Keene, Michael (2003). Online Worksheets. Nelson Thornes. p. 38. ISBN 0-7487-7159-X.
  4. 4.0 4.1 Penney, Sue. Sikhism. Heinemann. p. 14. ISBN 0-435-30470-4.
  5. Partridge, Christopher Hugh (2005). ।ntroduction to World Religions. p. 223.
  6. Kashmir, Singh. SRI GURU GRANTH SAHIB — A JURISTIC PERSON. Global Sikh Studies. Retrieved 2008-04-01.[permanent dead link]
  7. Singh, Kushwant (2005). A history of the sikhs. Oxford University Press. ISBN 0-19-567308-5.
  8. Religion and Nationalism in।ndia By Harnik Deol. Published by Routledge, 2000.।SBN 0-415-20108-X, 9780415201087. Page 22. "Remarkably, neither is the Qur'an written in Urdu language, nor are the Hindu scriptures written in Hindi, whereas the compositions in the Sikh holy book, Adi Granth, are a melange of various dialects, often coalesced under the generic title of Sant Bhasha."
    The making of Sikh scripture by Gurinder Singh Mann. Published by Oxford University Press US, 2001.।SBN 0-19-513024-3,।SBN 978-0-19-513024-9 Page 5. "The language of the hymns recorded in the Adi Granth has been called "Sant Bhasha," a kind of lingua franca used by the medieval saint-poets of northern।ndia. But the broad range of contributors to the text produced a complex mix of regional dialects."
    History of Punjabi Literature by Surindar Singh Kohli. Page 48. Published by National Book, 1993.।SBN 81-7116-141-3,।SBN 978-81-7116-141-6. "When we go through the hymns and compositions of the Guru written in Sant Bhasha (saint- language), it appears that some।ndian saint of 16th century".
    Guru Granth Sahib[permanent dead link]. "The Guru Granth Sahib is written in Gurmukhi script. The language, which is most often Sant Bhasha, is very close to Punjabi.।t is well understood all over northern and northwest।ndia and is popular among the wandering holy men. Persian and some local dialects have also been used. Many hymns contain words of different languages and dialects,depending upon the mother tongue of the writer or the language of the region where they were composed."
    Songs of the Saints from the Adi Granth By Nirmal Dass. Published by SUNY Press, 2000.।SBN 0-7914-4683-2,।SBN 978-0-7914-4683-6. Page 13. "Any attempt at translating songs from the Adi Granth certainly involves working not with one language, but several, along with dialectical differences. The languages used by the saints range from Sanskrit; regional Prakrits; western, eastern and southern Apabhramsa; and Sahaskrit. More particularly, we find sant bhasha, Marathi, Old Hindi, central and Lehndi Panjabi, Sgettland Persian. There are also many dialects deployed, such as Purbi Marwari, Bangru, Dakhni, Malwai, and Awadhi."
    Sikhism . The Guru Granth Sahib (GGS) By Harjinder Singh. "The Guru Granth Sahib also contains hymns which are written in a language known as Sahiskriti as well as Sant Bhasha, it also contains many Persian and Sanskrit words throughout."

ਬਾਹਰੀ ਲਿੰਕ[ਸੋਧੋ]