ਡਾ. ਦੀਵਾਨ ਸਿੰਘ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਜਨਮ: 1897
ਪਿੰਡ ਗਲੋਟੀਆਂ ਖੁਰਦ, ਜਿਲਾ ਸਿਆਲਕੋਟ, ਬਰਤਾਨਵੀ ਪੰਜਾਬ (ਹੁਣ ਪਾਕਿਸਤਾਨ)
ਮੌਤ:1944
ਕਾਲੇਪਾਣੀ
ਕਾਰਜ_ਖੇਤਰ:ਡਾਕਟਰ, ਕਵੀ
ਰਾਸ਼ਟਰੀਅਤਾ:ਹਿੰਦੁਸਤਾਨੀ
ਭਾਸ਼ਾ:ਪੰਜਾਬੀ
ਕਾਲ:ਵੀਹਵੀਂ ਸਦੀ ਦਾ ਪਹਿਲਾ ਅੱਧ

ਡਾ. ਦੀਵਾਨ ਸਿੰਘ ਕਾਲੇਪਾਣੀ (1897–1944) ਪੰਜਾਬੀ ਦੇ ਕਵੀ ਅਤੇ ਉੱਘੇ ਭਾਰਤੀ ਦੇਸ਼ ਭਗਤ ਸਨ। ਉਨ੍ਹਾਂ ਨੇ 1920ਵਿਆਂ ਵਿੱਚ ਨਾ-ਮਿਲਵਰਤਨ ਲਹਿਰ ਵਿੱਚ ਹਿੱਸਾ ਲਿਆ ਸੀ।[1] ਉਨ੍ਹਾਂ ਨੇ ਖੁੱਲੀ ਕਵਿਤਾ ਦੀ ਵਿਧਾ ਨੂੰ ਅਪਣਾਇਆ ਅਤੇ ਦੋ ਕਾਵਿ ਸੰਗ੍ਰਹਿ ਪੰਜਾਬੀ ਸਾਹਿਤ ਜਗਤ ਨੂੰ ਦਿੱਤੇ: ਵਗਦੇ ਪਾਣੀ (1938) ਅਤੇ ਅੰਤਿਮ ਲਹਿਰਾਂ (ਮਰਨ ਉਪਰੰਤ,1962) ।[1] ਉਨ੍ਹਾਂ ਦੀ ਕਵਿਤਾ ਦੀ ਸੁਰ ਸਾਮਰਾਜ-ਵਿਰੋਧੀ ਅਤੇ ਸੰਗਠਿਤ ਧਰਮ ਦੇ ਖਿਲਾਫ਼ ਸੀ।[1]

ਮੁੱਢਲਾ ਜੀਵਨ[ਸੋਧੋ]

ਦੀਵਾਨ ਸਿੰਘ ਦਾ ਜਨਮ 22 ਮਈ 1897 ਨੂੰ ਪਿੰਡ ਗਲੋਟੀਆਂ ਖੁਰਦ, ਜਿਲਾ ਸਿਆਲਕੋਟ, ਬਰਤਾਨਵੀ ਪੰਜਾਬ (ਹੁਣ ਪਾਕਿਸਤਾਨ) ਵਿੱਚ ਹੋਇਆ। ਉਨ੍ਹਾਂ ਦੇ ਪਿਤਾ ਦਾ ਨਾਮ ਸੁੰਦਰ ਸਿੰਘ ਢਿੱਲੋਂ ਅਤੇ ਮਾਤਾ ਦਾ ਇੰਦਰ ਕੌਰ ਸੀ। ਬਚਪਨ ਵਿੱਚ ਹੀ ਮਾਂ ਅਤੇ ਪਿਤਾ ਦੀ ਮੌਤ ਹੋਣ ਕਾਰਨ ਉਨ੍ਹਾਂ ਦਾ ਪਾਲਣ ਪੋਸ਼ਣ ਦਾਦੀ ਅਤੇ ਚਾਚੇ ਸ: ਸੋਹਣ ਸਿੰਘ ਨੇ ਕੀਤਾ। ਮੁੱਢਲੀ ਵਿੱਦਿਆ ਪਿੰਡ ਦੇ ਸਕੂਲ ਤੋਂ ਪ੍ਰਾਪਤ ਕਰਨ ਬਾਅਦ ਉਹ ਡਸਕਾ ਦੇ ਮਿਸ਼ਨ ਸਕੂਲ ਵਿੱਚ ਦਾਖਲਾ ਹੋ ਗਏ। ਇਥੋਂ ਉਨ੍ਹਾਂ ਅੱਠਵੀਂ ਕੀਤੀ ਅਤੇ 1915 ਵਿੱਚ ਖਾਲਸਾ ਹਾਈ ਸਕੂਲ ਸਿਆਲਕੋਟ ਤੋਂ ਦਸਵੀਂ ਪਾਸ ਕੀਤੀ। 1916 ਵਿੱਚ ਉਹ ਆਗਰਾ ਦੇ ਮੈਡੀਕਲ ਕਾਲਜ ਵਿੱਚ ਦਾਖ਼ਲ ਹੋ ਗਏ ਅਤੇ 1921 ਨੂੰ ਮੈਡੀਕਲ ਸਰਵਿਸ ਵਿੱਚ ਡਿਪਲੋਮਾ ਲੈਣ ਉਪਰੰਤ ਰਾਵਲਪਿੰਡੀ ਛਾਉਣੀ ਵਿੱਚ ਫ਼ੌਜੀ ਡਾਕਟਰ ਵਜੋਂ ਨਿਯੁਕਤ ਹੋ ਗਏ। ਉਨ੍ਹਾਂ ਦੀ ਜ਼ਿੰਦਗੀ ਦਾ ਸਭ ਤੋਂ ਰੌਚਿਕ ਦੌਰ ਉਦੋਂ ਸ਼ੁਰੂ ਹੋਇਆ ਜਦੋਂ ਉਨ੍ਹਾਂ ਦੀ ਬਦਲੀ ਰੰਗੂਨ ਦੀ ਹੋ ਗਈ ਅਤੇ ਉਥੋਂ ਉਨ੍ਹਾਂ ਨੂੰ 1927 ਵਿੱਚ ਅੰਡੇਮਾਨ ਇੱਕ ਸਕੂਲ ਵਿੱਚ ਭੇਜ ਦਿੱਤਾ ਗਿਆ ਜਿਥੇ ਵਿਦਿਆਰਥੀਆਂ ਨੂੰ ਤਮਿਲ,ਤੇਲਗੂ ਅਤੇ ਪੰਜਾਬੀ ਪੜ੍ਹਾਈ ਜਾਂਦੀ ਸੀ।

ਆਜ਼ਾਦੀ ਸੰਗਰਾਮ[ਸੋਧੋ]

ਡਗਸ਼ਈ (ਹਿਮਾਚਲ ਪ੍ਰਦੇਸ਼) ਵਿਚ ਹੋਏ ਜਲਸੇ ਵਿਚ ਡਾ. ਦੀਵਾਨ ਸਿੰਘ ਨੇ ਲੋਕਾਂ ਨੂੰ ਗੁਲਾਮੀ ਦੀਆਂ ਜ਼ੰਜੀਰਾਂ ਤੋੜਨ ਵਾਸਤੇ ਇਕੱਠੇ ਹੋਣ ਦਾ ਸੰਦੇਸ਼ ਦਿੱਤਾ ਜਿਸ ਕਾਰਨ ਉਨ੍ਹਾਂ ਖਿਲਾਫ ਅੰਗਰੇਜ਼ ਹਕੂਮਤ ਨੇ ਮੁਕੱਦਮਾ ਦਰਜ ਕਰ ਲਿਆ ਪਰ ਉਹ ਉਥੋਂ ਦੇ ਲੋਕਾਂ ਦੇ ਦਿਲਾਂ ਵਿਚ ਵਸਦੇ ਸੀ ਜਿਸ ਕਾਰਨ ਗਵਾਹ ਨਾ ਮਿਲਣ ਕਾਰਨ ਉਹ ਬਰੀ ਹੋ ਗਏ।[2]

ਕਵਿਤਾ[ਸੋਧੋ]

ਵਗਦੇ ਪਾਣੀ[ਸੋਧੋ]

ਪਾਣੀ ਵਗਦੇ ਹੀ ਰਹਿਣ,
ਕਿ ਵਗਦੇ ਸੁੰਹਦੇ ਨੇ,
ਖੜੋਂਦੇ ਬੁੱਸਦੇ ਨੇ,
ਕਿ ਪਾਣੀ ਵਗਦੇ ਹੀ ਰਹਿਣ ।

ਜਿੰਦਾਂ ਮਿਲੀਆਂ ਹੀ ਰਹਿਣ,
ਕਿ ਮਿਲੀਆਂ ਜੀਂਦੀਆਂ ਨੇ,
ਵਿਛੜਿਆਂ ਮਰਦੀਆਂ ਨੇ,
ਕਿ ਜਿੰਦਾਂ ਮਿਲੀਆਂ ਹੀ ਰਹਿਣ ।

ਰੂਹਾਂ ਉਡਦੀਆਂ ਹੀ ਰਹਿਣ,
ਇਹ ਉੱਡਿਆਂ ਚੜ੍ਹਦੀਆਂ ਨੇ,
ਅਟਕਿਆਂ ਡਿਗਦੀਆਂ ਨੇ,
ਕਿ ਰੂਹਾਂ ਉਡਦੀਆਂ ਹੀ ਰਹਿਣ ।

ਤੇ ਮੈਂ ਟੁਰਦਾ ਹੀ ਰਹਾਂ,
ਕਿ ਟੁਰਿਆਂ ਵਧਦਾ ਹਾਂ,
ਖਲੋਇਆਂ ਘਟਨਾ ਹਾਂ,
ਕਿ ਹਾਂ, ਮੈਂ ਟੁਰਦਾ ਹੀ ਰਹਾਂ ।

ਹਵਾਲੇ[ਸੋਧੋ]

  1. 1.0 1.1 1.2 Singh, Atamjit. “Twentieth Century Punjabi Literature” (249-288) in Handbook of Twentieth Century Literatures of India (ed. Nalini Natarajan). Greenwood Press, London: 1996, 253.
  2. ਹਰਪ੍ਰੀਤ ਸਿੰਘ ਸਵੈਚ (2019-01-14). "ਕਾਲੇਪਾਣੀਆਂ ਦੇ ਸ਼ਹੀਦ ਡਾ. ਦੀਵਾਨ ਸਿੰਘ ਕਾਲੇਪਾਣੀ". Tribune Punjabi (in ਹਿੰਦੀ). Retrieved 2019-01-15.