ਗੁਰੂ ਰਾਮਦਾਸ
ਗੁਰ ਰਾਮਦਾਸ | |
---|---|
ਨਿੱਜੀ | |
ਜਨਮ | ਭਾਈ ਜੇਠਾ 24 ਸਤੰਬਰ 1534 |
ਮਰਗ | 1 ਸਤੰਬਰ 1581 | (ਉਮਰ 46)
ਧਰਮ | ਸਿੱਖੀ |
ਮਾਤਾ-ਪਿਤਾ |
|
ਲਈ ਪ੍ਰਸਿੱਧ | ਅੰਮ੍ਰਿਤਸਰ ਦੇ ਬਾਨੀ[1] |
ਹੋਰ ਨਾਮ | ਭਾਈ ਜੇਠਾ ਜੀ |
ਕਿੱਤਾ | ਗੁਰੂ |
Senior posting | |
Predecessor | ਗੁਰ ਅਮਰਦਾਸ |
ਵਾਰਸ | ਗੁਰ ਅਰਜਨ |
ਲੜੀ ਦਾ ਹਿੱਸਾ |
ਸਿੱਖ ਧਰਮ |
---|
ਗੁਰ ਰਾਮਦਾਸ (24 ਸਤੰਬਰ 1534 – 1 ਸਤੰਬਰ 1581) ਸਿੱਖਾਂ ਦੇ ਗਿਆਰਾਂ ਵਿਚੋਂ ਚੌਥੇ ਗੁਰੂ ਸਨ।[1][2]
ਮੁਢਲਾ ਜੀਵਨ
[ਸੋਧੋ]ਸ੍ਰੀ ਗੁਰੂ ਰਾਮਦਾਸ ਜੀ ਦਾ ਪ੍ਰਕਾਸ਼ 24 ਸਤੰਬਰ ਸੰਨ 1534 ਨੂੰ ਪਿਤਾ ਹਰੀਦਾਸ ਜੀ ਅਤੇ ਮਾਤਾ ਦਇਆ ਜੀ ਦੇ ਘਰ ਚੂਨਾ ਮੰਡੀ ਲਾਹੌਰ ਵਿਖੇ ਹੋਇਆ। ਆਪ ਜੀ ਦਾ ਪਹਿਲਾ ਨਾਮ ਭਾਈ ਜੇਠਾ ਜੀ ਸੀ। ਛੋਟੀ ਉਮਰ ਵਿੱਚ ਹੀ ਆਪ ਜੀ ਦੇ ਮਾਤਾ ਪਿਤਾ ਅਕਾਲ ਚਲਾਣਾ ਕਰ ਗਏ। ਸ਼੍ਰੀ ਗੁਰੂ ਰਾਮ ਦਾਸ ਜੀ ਨੂੰ ਉਹਨਾਂ ਦੀ ਨਾਨੀ ਜੀ ਆਪਣੇ ਨਾਲ ਪਿੰਡ ਬਾਸਰਕੇ ਲੈ ਆਏ। ਆਪ ਜੀ ਕੁੱਝ ਸਾਲ ਪਿੰਡ ਬਾਸਕਰੇ ਵਿੱਚ ਰਹੇ। ਜਦੋਂ ਸ੍ਰੀ ਗੁਰੂ ਅੰਗਦ ਦੇਵ ਜੀ ਦੇ ਹੁਕਮਾਂ ਨਾਲ [ਸ੍ਰੀ [ਗੁਰੂ ਅਮਰਦਾਸ ਜੀ]] ਨੇ ਭਾਈ ਗੋਂਦੇ ਦੀ ਬੇਨਤੀ ਤੇ ਗੋਵਿੰਦਵਾਲ ਸਾਹਿਬ ਨਗਰ ਵਸਾਇਆ ਤਾਂ ਬਾਸਰਕੇ ਪਿੰਡ ਦੇ ਕਾਫੀ ਪਰਿਵਾਰਾਂ ਨੂੰ ਗੋਇੰਦਵਾਲ ਸਾਹਿਬ ਵਿਖੇ ਲਿਆਂਦਾ ਗਿਆ। ਇਹਨਾਂ ਵਿੱਚ ਭਾਈ ਜੇਠਾ ਜੀ ਵੀ ਉਹਨਾਂ ਦੀ ਨਾਨੀ ਜੀ ਦੇ ਨਾਲ ਗੋਵਿੰਦਵਾਲ ਸਾਹਿਬ ਆ ਗਏ। ਸ਼੍ਰੀ ਗੁਰੂ ਅਮਰਦਾਸ ਸਾਹਿਬ ਜੀ ਨੇ ਬੀਬੀ ਭਾਨੀ ਜੀ ਦਾ ਵਿਆਹ ਜੇਠਾ ਜੀ ਨਾਲ ਕਰਵਾਇਆ। ਬਾਅਦ ਵਿੱਚ ਜੇਠਾ ਜੀ ਦਾ ਨਾਮ ਸ਼੍ਰੀ ਗੁਰੂ ਰਾਮਦਾਸ ਜੀ ਰੱਖਿਆ ਗਿਆ। ਆਪ ਜੀ ਨੇ ਸ੍ਰੀ ਗੁਰੂ ਅਮਰਦਾਸ ਦੀ ਸੇਵਾ ਹਮੇਸ਼ਾ ਇੱਕ ਸਿੱਖ ਦੀ ਤਰ੍ਹਾਂ ਕੀਤੀ। ਸ਼੍ਰੀ ਗੁਰੂ ਅਮਰਦਾਸ ਸਾਹਿਬ ਜੀ ਦੇ ਕਹਿਣ ਤੇ ਆਪ ਜੀ ਨੇ ਨਗਰ ਵਸਾਇਆ ਜਿਸ ਦਾ ਨਾਮ ਗੁਰੂ ਕਾ ਚੱਕ ਸੀ। ਬਾਅਦ ਵਿੱਚ ਇਸ ਦਾ ਨਾਮ ਰਾਮਦਾਸਪੁਰ ਹੋ ਗਿਆ। ਅੱਜ ਇਹ ਅੰਮ੍ਰਿਤਸਰ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਇੱਕ ਸਤੰਬਰ 1574 ਇਸਵੀ ਵਿੱਚ ਆਪ ਜੀ ਨੇ ਗੁਰਗੱਦੀ ਦੀ ਸੇਵਾ ਸੰਭਾਲੀ। ਆਪ ਜੀ ਦੇ ਘਰ ਤਿੰਨ ਸਪੁੱਤਰਾਂ ਦਾ ਜਨਮ ਹੋਇਆ ਸੀ। ਬਾਬਾ ਪ੍ਰਿਥੀ ਚੰਦ, ਮਹਾਂਦੇਵ ਜੀ ਅਤੇ ਸ਼੍ਰੀ ਗੁਰੂ ਅਰਜਨ ਦੇਵ ਜੀ।[3]
ਕਿਹਾ ਜਾਂਦਾ ਹੈ ਕਿ ਜਦੋਂ ਗੁਰੂ ਅਮਰਦਾਸ ਜੀ ਗੋਇੰਦਵਾਲ ਬਾਉਲੀ ਸਾਹਿਬ ਤਿਆਰ ਕਰਵਾ ਰਹੇ ਸਨ। ਤਾਂ ਸੰਗਤ ਨਾਲ ਭਾਈ ਜੇਠਾ ਜੀ ਵੀ ਉੱਥੇ ਆਏ। ਗੁਰੂ ਜੀ ਭਾਈ ਜੀ ਦੀ ਸੇਵਾ ਅਤੇ ਨਿਮਰਤਾ ਵੇਖ ਕੇ ਉਨ੍ਹਾਂ ਵੱਲ ਖਿੱਚੇ ਗਏ ਅਤੇ ਬੀਬੀ ਭਾਨੀ ਨਾਲ ਸ਼ਾਦੀ ਕਰ ਦਿੱਤੀ। ਸ਼ਾਦੀ ਤੋਂ ਮਗਰੋਂ ਭਾਈ ਜੇਠਾ ਜੀ ਗੁਰੂ ਜੀ ਕੋਲ ਹੀ ਰਹੇ। ਦੂਜੇ ਅਤੇ ਤੀਜੇ ਗੁਰੂ ਜੀ ਵਾਂਗ ਹੀ ਉਨ੍ਹਾਂ ਨੇ ਵੀ, ਗੁਰੂ ਜੀ ਦੀ ਏਨੀ ਸੇਵਾ ਕੀਤੀ ਕਿ ਉਹ ਗੁਰੂ ਗੱਦੀ ਦੇ ਮਾਲਕ ਬਣੇ। ਸਿੱਖ ਇਤਿਹਾਸ ਵਿੱਚ ਇੱਕ ਹੋਰ ਘਟਨਾ ਦਾ ਵੀ ਜ਼ਿਕਰ ਆਉਂਦਾ ਹੈ ਕਿ ਇੱਕ ਵਾਰੀ ਗੁਰੂ ਅਮਰਦਾਸ ਜੀ ਨੇ ਬੀਬੀ ਭਾਨੀ ਉਤੇ ਖੁਸ਼ ਹੋ ਕੇ ਵਰ ਮੰਗਣ ਲਈ ਕਿਹਾ। ਬੀਬੀ ਜੀ ਨੇ ਉਤਰ ਦਿੱਤਾ ਕਿ ਅੱਗੇ ਚੱਲ ਕੇ ਗੁਰਿਆਈ ਘਰ ਵਿੱਚ ਹੀ ਰਹੇ। ਗੁਰੂ ਰਾਮਾਦਸ ਜੀ ਦੀ ਮਗਰੋਂ ਗੁਰਿਆਈ ਸੋਢੀ ਖਾਨਦਾਨ ਵਿੱਚ ਹੀ ਰਹੀ। ਗੁਰੂ ਰਾਮਦਾਸ ਜੀ ਦੇ ਸਮੇਂ ਹੀ ਅੰਮ੍ਰਿਤ ਸਰੋਵਰ ਖੁਣਿਆ ਜਾ ਚੁੱਕਾ ਸੀ। ਗੁਰਿਆਈ ਮਿਲਣ ਤੋਂ ਮਗਰੋਂ ਗੁਰੂ ਜੀ ਗੋਇੰਦਵਾਲ ਛੱਡ ਕੇ ਰਾਮਦਾਸਪੁਰ ਆ ਗਏ ਸਨ।ਗੁਰੂ ਸਾਹਿਬ ਨੇ ਏਥੇ ਹੀ ਸਰੋਵਰ ਖੁਦਵਾਇਆ ਅਤੇ ਅੰਮ੍ਰਿਤਸਰ ਸ਼ਹਿਰ ਦੀ ਬੁਨਿਆਦ ਰੱਖੀ। ਗੁਰੂ ਜੀ ਇੱਕ ਸਤੰਬਰ, 1581 ਵਿੱਚ ਗੋਇੰਦਵਾਲ ਵਿੱਚ ਜੋਤੀ ਜੋਤ ਸਮਾਏ। ਉਨ੍ਹਾਂ ਦੇ ਤਿੰਨ ਸਪੁੱਤਰ ਸਨ, ਪ੍ਰਿਥੀ ਚੰਦ, ਮਹਾਂਦੇਵ ਅਤੇ ਅਰਜਨ। ਆਪ ਨੇ ਸਭ ਤੋਂ ਛੋਟੇ ਨੂੰ ਯੋਗ ਸਮਝ ਕੇ ਉਨ੍ਹਾਂ ਨੇ ਗੁਰ-ਗੱਦੀ ਦਿੱਤੀ।[4]
ਗੁਰਬਾਣੀ
[ਸੋਧੋ]ਗੁਰੂ ਰਾਮਦਾਸ ਰਚਿਤ ਬਾਣੀ ਵਿੱਚ ਗੁਰੂ ਤੇ ਪ੍ਰਭੂ ਲਈ ਅਥਾਹ ਸ਼ਰਧਾ ਅਤੇ ਪਰੇਮ ਹੈ। ਆਪ ਨੇ ਗੁਰੂ ਗ੍ਰੰਥ ਸਾਹਿਬ ਦੇ 31 ਰਾਗਾਂ ਵਿਚੋਂ 30 ਰਾਗਾਂ ਵਿੱਚ ਬਾਣੀ ਰਚੀ ਹੈ। ਉਨ੍ਹਾਂ ਨੇ ਕੁਲ 56 ਦੁਪਦੇ, 2 ਪੰਚਪਦੇ, 2 ਛਿਪਦੇ, 12 ਪੜਤਾਲ ਦੁਪਦੇ, 38 ਛੰਦ। ਛੰਦਾਂ ਨਾਲ ਸੰਬੰਧਿਤ ਸਲੋਕ, ਇੱਕ ਪਹਿਰਾ, ਇੱਕ ਵਣਜਾਰਾ, 2 ਕਰਹਲੇ, 2 ਘੋੜੀਆਂ, 2 ਸੋਲਹੇ, 30 ਸਲੋਕ, ਵਾਰਾਂ ਤੇ ਵਧੀਕ, 105 ਵਾਰਾਂ ਨਾਲ ਸੰਬੰਧਿਤ ਸਲੋਕ ਅਤੇ 183 ਵਾਰਾਂ ਦੀਆਂ ਪਉੜੀਆਂ। ਗੁਰੂ ਰਾਮਦਾਸ ਜੀ ਦੀਆਂ ਪ੍ਰਮੁੱਖ ਬਾਣੀਆਂ ਵਿਚੋਂ ਵਾਰਾਂ, ਘੋੜੀਆਂ, ਲਾਵਾਂ, ਕਰਹਲੇ, ਮਾਰੂ ਸੌਲਹੇ, ਵਣਜਾਰਾ ਅਤੇ ਛਕੇ ਛੰਦ ਵਿਸ਼ੇਸ਼ ਤੌਰ ਤੇ ਵਰਣਨ ਯੋਗ ਹਨ। ਗੁਰੂ ਰਾਮਦਾਸ ਜੀ ਦੀਆਂ ਪ੍ਰਮੁੱਖ ਰਚਨਾਵਾਂ ਬਾਰੇ ਵਿਸਤਰਿਤ ਵੇਰਵਾ ਤੇ ਵਿਸ਼ਲੇਸ਼ਣ ਹੇਠ ਦਰਜ ਹੈ।[5]
ਵਾਰਾਂ
[ਸੋਧੋ]ਪੰਜਾਬੀ ਸਾਹਿਤਕ ਪਰੰਪਰਾ ਦੇ ਅੰਤਰਗਤ ਵਾਰ ਕਾਵਿ ਰੂਪ ਦਾ ਉਦਰਾਸ ਲੋਕ ਸਾਹਿਤ ਦੇ ਇੱਕ ਰੂਪ ਵਜੋਂ ਹੋਇਆ ਤੇ ਹੌਲੀ ਹੌਲੀ ਬਦਲਦੀਆਂ ਸਥਿਤੀਆਂ ਦੇ ਸੰਦਰਭ ਵਿੱਚ ਇਸ ਕਾਵਿ ਰੂਪ ਦਾ ਸਰੂਪ ਵੀ ਨਿਸ਼ਚਿਤ ਚੌਖਟਿਆਂ ਦੀ ਵਲਗਣ, ਵਿਚੋਂ ਨਿਕਲਦਾ ਗਿਆ ਅਤੇ ਬਹੁ ਪ੍ਰਕਾਰੀ ਜੀਵਨ ਅਨੁਭਵਾਂ ਨੂੰ ਆਪਣੇ ਕਲੇਵਰ `ਚ ਲੈਣ ਦੇ ਸਮਰੱਥ ਹੁੰਦਾ ਗਿਆ। ਗੁਰੂ ਸਾਹਿਬ ਨੇ ਕੁਲ 8 ਵਾਰਾਂ ਦੀ ਸਿਰਜਣਾ ਕੀਤੀ। ਇਹ ਕ੍ਰਮਵਾਰ ਸ੍ਰੀ ਰਾਗ, ਰਾਗ ਗਉੜੀ, ਰਾਗ ਵਡਹੰਸ, ਰਾਗ ਬਿਲਾਵਲ, ਰਾਗ ਬਿਹਾਗੜਾ, ਰਾਗ ਸੋਰਠਿ, ਰਾਗ ਸਾਰੰਗ ਅਤੇ ਰਾਗ ਕਾਨੜਾ ਵਿੱਚ ਹਨ। ਸ੍ਰੀ ਰਾਗ ਕੀ ਵਾਰ ਦੀਆਂ 21 ਪਉੜੀਆਂ ਹਨ ਤੇ ਹਰ ਇੱਕ ਪਉੜੀ ਨਾਲ ਦੋ ਦੋ ਸ਼ਲੋਕ ਹਨ। ਇਸ ਤੋਂ ਇਹ ਗੱਲ ਵੀ ਭਲੀ ਭਾਂਤ ਉਜਾਗਰ ਹੁੰਦੀ ਹੈ ਹੈ ਕਿ ਉਨ੍ਹਾਂ ਨੇ 21 ਪਾਉੜੀਆਂ ਦੀ ਹੀ ਵਾਰ ਲਿਖੀ ਸੀ ਅਤੇ ਇਨ੍ਹਾਂ ਨਾਲ ਸਲੋਕ ਜੋੜਨ ਦਾ ਸਿਹਰਾ ਗੁਰੂ ਅਰਜਨ ਦੇਵ ਜੀ ਦੇ ਸਿਰ ਹੈ। ਹਰ ਇੱਕ ਪਉੜੀ ਦੀਆਂ ਪੰਜ ਤੁਕਾਂ ਹਨ ਤੇ ਪਉੜੀ ਦੀ ਤੁਕ ਦਾ ਠੀਕ ਵਜ਼ਨ 15+10 ਮਾਤਰਾਂ ਦਾ ਹੈ ਜਿਵੇਂ-
ਹਰਿ ਸਭਨਾ ਵਿਚਿ ਤੂੰ ਵਰਤਦਾ ਹਰਿ ਸਭਨਾ ਭਾਣਾ॥
ਸਭਿ ਤੁਝੇ ਧਿਆਵਹਿ ਜੀਅ ਜੰਤ, ਹਰਿ ਸਾਰਗ ਪਾਣਾ॥
ਜੋ ਗੁਰਮੁਖਿ ਹਰਿ ਅਗਧਦੇ ਤਿਨ ਹਉ ਕੁਰਬਾਣਾ॥
ਤੂੰ ਆਪੇ ਆਪਿ ਵਰਤਦਾ ਕਰਿ ਚੋਜ ਵਿਡਾਣਾ॥8
(ਸ੍ਰੀ ਰਾਗ ਕੀ ਵਾਰ ਪਉੜੀ ਨੰ:4)
- ਦੂਸਰੀ ਵਾਰ ਗਉੜੀ ਦੀਆਂ ਕੁੱਲ 33 ਪਉੜੀਆਂ ਤੇ 68 ਸ਼ਲੋਕ ਹਨ। ਇਨ੍ਹਾਂ ਵਿਚੋਂ ਪਹਿਲੀਆਂ 26 ਪਉੜੀਆਂ ਗੁਰੂ ਰਾਮਦਾਸ ਜੀ ਦੀਆਂ 27 ਤੋਂ 31 ਤੱਕ ਪੰਜ ਪਉੜੀਆਂ ਪੰਚਮ ਪਾਤਸ਼ਾਹ ਗੁਰੂ ਅਰਜਨ ਦੇਵ ਦੀਆਂ ਅਤੇ ਅੰਤਿਮ ਦੋ ਪਉੜੀਆਂ ਵੀ ਗੁਰੂ ਰਾਮਦਾਸ ਜੀ ਦੀਆਂ ਹਨ। ਗਉੜੀ ਦੀ ਵਾਰ ਦੀ ਪਹਿਲੀ ਪਉੜੀ ਵਿੱਚ ਹੀ ਈਸ਼ਵਰ ਦੀ ਅਰਾਧਨਾ ਕੀਤੀ ਗਈ ਹੈ ਜਿਵੇਂ-[6]
ਤੂੰ ਸਚਾ ਸਾਹਿਬੁ ਸਚੁ ਹੈ ਸਚੁ ਸਚਾ ਗੁਸਾਈ,
ਤੁਧੁ ਨੋ ਸਭ ਧਿਆਇਦੀ ਸਭ ਲਾਗੈ ਤੇਰੀ ਪਾਈ॥
ਵਡੇ ਮੇਰੇ ਸਾਹਿਬਾ ਵਡੀ ਤੇਰੀ ਵਡਿਆਈ॥1॥9
- ਤੀਸਰੀ ਵਾਰ ਬਿਹਾਗੜੇ ਦੀ ਵਾਰ ਹੈ। ਇਸ ਦੀਆਂ ਕੁੱਲ 21 ਪਉੜੀਆਂ ਅਤੇ 43 ਸ਼ਲੋਕ ਹਨ। ਪਹਿਲੀਆਂ ਵਾਰਾਂ ਵਾਂਗ ਇਹ ਵਾਰ ਵੀ ਵਾਹਿਗੁਰੂ ਜਾਂ ਬ੍ਰਹਮ ਦੀ ਨਿਰੋਲ ਮਹਿਮਾ ਦਾ ਹੀ ਗਾਇਨ ਕਰਦੀ ਹੈ। ਇਸਦੇ ਪ੍ਰੇਰਕ ਹੇਤੂ ਸੰਸਾਰ ਦੀ ਅਸਥਿਰਤਾ, ਨਾਸ਼ਮਾਨਤਾ ਅਤੇ ਛਿੰਨਭੰਗਰਤਾ ਹੈ।[7]
- ਚੌਥੀ ਵਾਰ ਵਡਹੰਸ ਹੈ ਜਿਸਦੀਆਂ ਪਉੜੀਆਂ 21 ਅਤੇ ਸਲੋਕ 43 ਹਨ। ਇਹ ਸਮੁੱਚੀ ਵਾਰ ਸਭ ਤੋਂ ਪਹਿਲਾਂ ਪਉੜੀਆਂ ਵਿੱਚ ਹੀ ਲਿਖੀ ਗਈ ਸੀ। ਹਰੇਕ ਪਉੜੀ ਪੰਜ ਤੁਕੀ ਹੈ।
- ਪੰਜਵੀਂ ਵਾਰ ਦਾ ਨਾਮ ਸੋਰਠਿ ਦੀ ਵਾਰ ਹੈ। ਇਸ ਦੀਆਂ ਕੁੱਲ 29 ਪਉੜੀਆਂ ਅਤੇ 58 ਸ਼ਲੋਕ ਹਨ। ਹਰ ਇੱਕ ਪਉੜੀ ਨਾਲ ਦੋ-ਦੋ ਸ਼ਲੋਕ ਅੰਕਿਤ ਹਨ। ਇਸ ਵਾਰ ਦਾ ਕੇਂਦਰੀ ਵਿਸ਼ਾ ਵੀ ਗੁਰੂ-ਮਹਿਮਾ ਹੀ ਹੈ। ਸੋਰਠਿ ਦੀ ਵਾਰ ਵਿੱਚ ‘ਗੁਰਮੁਖਿ ਨਾਨਕ ਅਰਾਧਿਆ ਸਭਿ ਆਖਹੁ ਧੰਨੁ ਧੰਨੁ ਧੰਨੁ ਗੁਰ ਸੇਈ` ਦਾ ਮਜ਼ਮੂਨ ਲਾਇਆ ਹੈ।
- ਛੇਵੀਂ ਵਾਰ ਬਿਲਾਵਲ ਦੀਆਂ ਸਿਰਫ਼ ਤੇਰਾ ਪਉੜੀਆਂ ਹਨ ਅਤੇ ਇਹ ਗੁਰੂ ਰਾਮਦਾਸ ਜੀ ਦੀ ਸਭ ਤੋਂ ਲਘੂ ਵਾਰ ਹੈ। ਇਸ ਦੇ ਕੁਲ 27 ਸ਼ਲੋਕ ਹਨ। ਇਸ ਵਾਰ ਦੀ ਸਤਵੀਂ ਪਉੜੀ ਨਾਲ 3 ਸ਼ਲੋਕ ਅਤੇ ਬਾਕੀ ਸਾਰੀਆਂ ਨਾਲ ਦੋ-ਦੋ ਸ਼ਲੋਕ ਦਰਜ ਹਨ। ਇਨ੍ਹਾਂ ਵਿਚੋਂ ਗੁਰੂ ਨਾਨਕ ਦੇਵ ਜੀ ਦੇ 2` ਗੁਰੂ ਅਮਰਦਾਸ ਜੀ ਦੇ 24 ਅਤੇ ਗੁਰੂ ਰਾਮਦਾਸ ਜੀ ਦਾ ਆਪਣਾ ਸਿਰਫ਼ ਇੱਕ ਸ਼ਲੋਕ ਹੀ ਅੰਕਿਤ ਹੈ। ਇਸ ਦਾ ਬੁਨਿਆਦੀ ਵਜ਼ਨ ਤੇ ਤੋਲ 15+10=25 ਮਾਤਰਾ ਦਾ ਹੈ ਜਿਵੇਂ:-
ਤੂ ਹਰਿ ਪ੍ਰਭੂ ਆਪਿ ਅਗੰਮੁ ਹੈ
ਸਭਿ ਤੁਧੁ ਉਪਾਇਆ॥
ਤੂ ਆਪੇ ਆਪਿ ਵਰਤਦਾ॥
ਸਭੁ ਜਗਤੁ ਸਬਾਇਆ॥
- ਸੱਤਵੀਂ ਸਾਰੰਗ ਦੀ ਵਾਰ ਹੈ ਜਿਸ ਦੀਆਂ 36 ਪਉੜੀਆਂ ਹਨ ਅਤੇ 74 ਸ਼ਲੋਕ ਹਨ। ਇਹ ਗੁਰੂ ਗ੍ਰੰਥ ਸਾਹਿਬ ਵਿੱਚ ਅੰਕਿਤ ਬਾਈ ਵਾਰਾਂ ਵਿਚੋਂ ਸਭ ਤੋਂ ਲੰਮੀ ਵਾਰ ਹੈ। ਇਨ੍ਹਾਂ ਵਿੱਚ ਗੁਰੂ ਨਾਨਕ ਦੇਵ ਜੀ ਦੇ 33, ਗੁਰੂ ਅੰਗਦ ਦੇਵ ਜੀ ਦੇ 9,
ਗੁਰੂ ਅਮਰਦਾਸ ਜੀ ਦੇ 23, ਗੁਰੂ ਰਮਾਦਾਸ ਜੀ ਦੇ ਆਪਣੇ 6 ਅਤੇ ਗੁਰੂ ਅਰਜਨ ਦੇਵ ਜੀ ਦੇ ਸਿਰਫ਼ ਤਿੰਨ ਸ਼ਲੋਕ ਵਿਦਮਾਨ ਹਨ। ਜਿਵੇਂ:
ਆਪੇ ਆਪਿ ਨਿਰੰਜਨਾ ਜਿਨਿ ਆਪੁ ਉਪਾਇਆ॥
ਆਪੇ ਖੇਲੁ ਰਚਾਇਓਨੁ ਸਭ ਜਗਤੁ ਸਬਾਇਆ॥
- ਅੱਠਵੀਂ ਵਾਰ ਦਾ ਨਾਮ ਕਾਨੜੇ ਦੀ ਵਾਰ ਹੈ। ਜਿਸ ਦੀਆਂ 15 ਪਉੜੀਆਂ ਅਤੇ 30 ਸ਼ਲੋਕ ਹਨ ਅਤੇ ਇਹ ਸਾਰੇ ਦੇ ਸਾਰੇ ਸ਼ਲੋਕ ਗੁਰੂ ਰਾਮਦਾਸ ਜੀ ਦੁਆਰਾ ਰਚੇ ਹੋਏ ਹਨ। ਇਸ ਵਾਰ ਦਾ ਮੂਲ ਵਿਸ਼ਾ ਵੀ ਪਹਿਲੀਆਂ ਵਾਰਾਂ ਵਾਂਗ ਗੁਰੂ ਭਗਤੀ
ਅਤੇ ਨਾਮ ਭਗਤੀ ਦੀ ਮਹਿਮਾ ਹੈ।
==ਘੋੜੀਆਂ==ਸ(,(,(_*:੬₹*੫ ਕਸ ਉਸ ਕਸਦੀ ਰਾਗ ਵਡਹੰਸ ਵਿੱਚ ਗੁਰੂ ਰਾਮਦਾਸ ਜੀ ਨੇ ਲੋਕ-ਕਾਵਿ ਰੂਪ ‘ਘੋੜੀਆਂ` ਵਿੱਚ ਵੀ ਬਾਣੀ ਦੀ ਰਚਨਾ ਕੀਤੀ ਹੈ। ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 575 ਅਤੇ 576 ਵਿੱਚ ਦਰਜ ਇਸ ਬਾਣੀ ਦੇ ਪਿਛੋਕੜ ਬਾਰੇ ਵਿਚਾਰ ਕਰਨਾ ਆਵੱਸ਼ਕ ਹੈ। ਸਾਡੀ ਜਾਚੇ ‘ਘੋੜੀਆਂ` ਵਿਆਹ ਸਮੇਂ ਗਾਏ ਜਾਣ ਵਾਲੇ ਗੀਤਾਂ ਦਾ ਨਾਂ ਹੈ। ਜਦੋਂ ਲਾੜਾ ਸਜੀ ਹੋਈ ਘੋੜੀ ਤੇ ਚੜਦਾ ਹੈ। ਉਸਨੂੰ ਘੋੜੀ ਚੜ੍ਹਨ ਦੀ ਰੀਤ ਕਹਿੰਦੇ ਹਨ। ਇਸ ਰੀਤ ਸਮੇਂ ਜਿਹੜੇ ਗੀਤ ਗਾਏ ਜਾਂਦੇ ਹਨ, ਉਨ੍ਹਾਂ ਨੂੰ ‘ਘੋੜੀਆਂ` ਕਹਿੰਦੇ ਹਨ। ਇਸ ਸੰਸਾਰੀ ਰੀਤ ਨੂੰ ਗੁਰੂ ਰਾਮਦਾਸ ਜੀ ਨੇ ਇੱਕ ਅਧਿਆਤਮਕ ਅਰਥ ਅਤੇ ਮੋੜ ਦਿੱਤਾ। ਅਰਥਾਤ ਸਰੀਰ ਇੱਕ ਸੁੰਦਰ ਘੋੜੀ ਦੀ ਨਿਆਈਂ ਹੈ, ਜਿਸ ਤੇ ਚੜ੍ਹ ਕੇ ਪਰਮਾਤਮਾ ਤੱਕ ਪਹੁੰਚਣਾ ਹੈ। ਨਾਮ ਰੂਪੀ ਜੀਨ ਪਾ ਕੇ, ਗਿਆਨ ਰੂਪੀ ਕੰਡਿਆਰਾ ਪਾ ਕੇ ਅਤੇ ਪ੍ਰਭੂ-ਪ੍ਰੇਮ ਰੂਪੀ ਚਾਬਕ ਮਾਰ ਕੇ ਨਾਮ ਦ੍ਰਿੜ ਕਰਨ ਦੀ ਰੀਤ ਦਰਸਾਈ ਹੈ। ਅਜਿਹੀ ਘੋੜੀ ਦੀ ਸਵਾਰੀ ਛੇਤੀ ਹੀ ਅਕਾਲਪੁਰਖ ਨਾਲ ਮੇਲ ਕਰਵਾ ਦਿੰਦੀ ਹੈ।
ਲਾਵਾਂ
[ਸੋਧੋ]- ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਅੰਗ 773-774 ਉਤੇ ਸੂਹੀ ਰਾਗ ਦੇ ਛੰਤਾਂ ਵਿੱਚ ਹੀ ਲਾਵਾਂ ਦੇ ਚਾਰ ਛੰਤ ਆਉਂਦੇ ਹਨ। ਲਾਂਵ ਦਰਅਸਲ ਪ੍ਰਤੀਕ ਹੈ, ਇੱਕ ਅਜਿਹੀ ਲੰਬੀ, ਮਜ਼ਬੂਤ ਅਤੇ ਅਟੁੱਟ ਰੱਸੀ ਦਾ ਜਿਸ ਨਾਲ ਪਸ਼ੂ ਨੂੰ ਨੂੜ ਕੇ ਬੰਨ੍ਹਿਆ ਜਾਂਦਾ ਹੈ। ਇਨ੍ਹਾਂ ਲਾਵਾਂ ਵਿੱਚ ਗੁਰੂ ਰਾਮਦਾਸ ਜੀ ਨੇ ਗੁਰਮਤਿ ਦੇ ਪੂਰੇ ਰਹੱਸਵਾਦ ਅਤੇ ਜੀਵਨ ਦੇ ਚਾਰ ਮਹੱਤਵਪੂਰਨ ਪੜਾਵਾਂ ਦਾ ਉਲੇਖ ਕੀਤਾ ਹੈ। ਗੁਰੂ ਸਾਹਿਬ ਦੇ ਕਾਵਿ ਦਾ ਪ੍ਰਧਾਨ ਸੁਰ ਅਧਿਆਤਮਿਕਤਾ ਅਤੇ ਭਗਤੀ ਭਾਵਨਾ ਦਾ ਹੈ ਜੋ ਵਿਸ਼ੇਸ਼ ਕਰਕੇ ਜੀਵ ਅਤੇ ਪ੍ਰਭੂ ਦੇ ਮਿਲਾਪ ਨਾਲ ਸੰਬੰਧਿਤ ਹੈ। ਪਹਿਲੀ ਲਾਂਵ ਵਿੱਚ ਮੂਲ ਅਵਸਥਾ ਆਪਣੇ ਧਰਮ ਕਰਮ ਵਿੱਚ ਪੂਰੀ ਤਰ੍ਹਾਂ ਦ੍ਰਿੜ੍ਹ ਹੋਣ ਦੀ ਅਤੇ ਵਿਸ਼ਵਾਸ ਦੀ ਪਕਿਆਈ ਦੀ ਹੈ ਜਿਵੇਂ:
ਹਰਿ ਪਹਿਲੜੀ ਲਾਵ ਪਰਵਿਰਤੀ ਕਰਮ ਦ੍ਰਿੜਾਇਆ ਬਲਿਰਾਮ ਜੀਉ॥
ਬਾਣੀ ਬ੍ਰਹਮਾ ਵੇਦੁ ਧਰਮੁ ਦ੍ਰਿੜਹੁ ਪਾਪ ਤਜਾਇਆ ਬਲਿਰਾਮ ਜੀਉ॥
ਧਰਮ ਦ੍ਰਿੜਹੁ ਹਰਿ ਨਾਮ ਧਿਆਵਹੁ ਸਿਮ੍ਰਤਿ ਨਾਮ ਦ੍ਰਿੜ੍ਹਾਇਆ॥
ਸਤਿਗੁਰੂ ਗੁਰੁ ਪੂਰਾ ਅਰਾਧਹੁ ਸਭਿ ਕਿਲ ਵਿਖ ਪਾਪ ਗਵਾਇਆ॥15
- ਦੂਜੀ ਲਾਂਵ ਅਨੁਸਾਰ ਸਤਿਗੁਰੂ ਦੇ ਮਿਲਾਪ ਉਪਰੰਤ ਮਨ ਹਰ ਪ੍ਰਕਾਰ ਦੇ ਭੈ ਅਤੇ ਵਿਸ਼ੇ ਵਿਕਾਰਾਂ ਤੋਂ ਵਿਮੁਕਤ ਹੋ ਜਾਂਦਾ ਹੈ ਅਤੇ ਹਉਮੈ ਦੀ ਮੈਲ ਲਹਿਣ ਉਪਰੰਤ ਚਾਰੇ ਪਾਸੇ ਆਨੰਦ ਹੀ ਆਨੰਦ ਦਾ ਵਾਯੂਮੰਡਲ ਉਤਪੰਨ ਹੋ ਜਾਂਦਾ ਹੈ ਜਿਵੇਂ ਗੁਰੂ ਰਾਮਦਾਸ ਜੀ ਫਰਮਾਉਂਦੇ ਹਨ:-
ਹਰਿ ਦੂਜੜੀ ਲਾਵ ਸਤਿਗੁਰੂ ਪੁਰਖ ਮਿਲਾਇਆ ਬਲਿਰਾਮ ਜੀਉ॥
ਨਿਰਭਉ ਭੈ ਮਨੁ ਹੋਇ ਹਉਮੈ ਮੈਲ ਗਵਾਇਆ ਬਲਿਰਾਮ ਜੀਉ॥
ਅੰਤਰਿ ਬਾਹਰਿ ਹਰਿ ਪ੍ਰਭੂ ਏਕੋ ਮਿਲਿ ਹਰਿ ਜਨ ਮੰਗਲ ਗਾਏ॥
ਜਨ ਨਾਨਕ ਦੂਜੀ ਲਾਵ ਚਲਾਈ ਅਨਹਦ ਸ਼ਬਦ ਵਜਾਏ॥
- ਤੀਸਰੀ ਲਾਂਵ ਵਿੱਚ ਵੈਰਾਗ ਅਤੇ ਪਿਆਰ ਦੀ ਅਵਸਥਾ ਦਾ ਸੰੁਦਰ ਵਰਣਨ ਹੈ।
ਹਰਿ ਤੀਜੜੀ ਲਾਵ ਮਨਿ ਚਾਉ ਭਇਆ ਬੈਰਾਗੀਆਂ ਬਲਿਰਾਮੁ ਜੀਉ॥
ਹਿਰਦੈ ਹਰਿ ਹਰਿ ਹਰਿ ਧੁਨਿ ਉਪਜੀ ਹਰਿ ਜਪੀਐ ਮਸਤਕਿ ਭਾਗੁ ਜੀਉ॥
ਜਨੁ ਨਾਨਕੁ ਬੋਲੈ ਤੀਜੀ ਲਾਵੈ ਹਰਿ ਉਪਜੈ ਮਨਿ ਬੈਰਾਗ ਜੀਉ॥
- ਚੌਥੀ ਲਾਂਵ ਵਿੱਚ ਪਹਿਲਾਂ ਸਹਿਜ ਦੀ ਅਵਸਥਾ ਦੀ ਪ੍ਰਾਪਤੀ ਹੁੰਦੀ ਹੈ ਅਤੇ ਫਿਰ ਪਤੀ ਪਰਮਾਤਮਾ ਦੀ। ਜਿਵੇਂ:
ਹਰਿ ਚਉਥੜੀ ਲਾਵ ਮਨਿ ਸਹਜੁ ਭਇਆ ਹਰਿ ਪਾਇਆ ਬਲਿਰਾਮੁ ਜੀਉ॥
ਗੁਰਮੁਖਿ ਮਿਲਿਆ ਸੁਭਾਇ ਹਰਿ ਮਨਿ ਤਨਿ ਮੀਠਾ ਲਾਇਆ ਬਲਿਰਾਮ ਜੀਉ॥
ਹਰਿ ਮੀਠਾ ਲਾਇਆ ਮੇਰੇ ਪ੍ਰਭੁ ਭਾਇਆ ਅਨਦਿਨੁ ਹਰਿ ਲਿਵਲਾਈ॥
ਮਨ ਚਿੰਦਿਆ ਫਲੁ ਪਾਇਆ ਸੁਆਸੀ ਹਰਿਨਾਮਿ ਵਜੀ ਵਾਧਾਈ॥
ਹਰਿ ਪ੍ਰਭਿ ਠਾਕੁਰਿ ਕਾਜ ਰਚਾਇਆ ਧਨ ਹਿਰਦੈ ਨਾਮਿ ਵਿਗਾਸੀ॥
ਜਨੁ ਨਾਨਕੁ ਬੋਲੈ ਚਉਥੀ ਲਾਵੇ ਹਰਿ ਪਾਇਆ ਪ੍ਰਭੁ ਅਵਿਨਾਸ਼ੀ॥
ਕਰਹਲੇ
[ਸੋਧੋ]ਕਰਹਲੇ ਸਿਰਲੇਖ ਹੇਠਾਂ ਦੋ ਸ਼ਬਦ ਰਾਗੁ ਗਉੜੀ ਪੂਰਬੀ ਵਿੱਚ ਮਿਲਦੇ ਹਨ। ਕਰਹਲੇ ਦਾ ਭਾਵ ਹੋਲਾ ਕਰਨਾ ਜਾਂ ਹੱਲਾ ਸ਼ੇਰੀ ਦੇਣੀ ਵੀ ਲਿਆ ਜਾਂਦਾ ਹੈ। ਉਂਝ ‘ਕਰਹਲਾ` ਊਠ ਨੂੰ ਕਹਿੰਦੇ ਹਨ ਇਥੇ ਕਰਹਲ ਤੋਂ ਭਟਕਦੇ ਜੀਵ ਵਲ ਵੀ ਇਸ਼ਾਰਾ ਹੋ ਸਕਦਾ ਹੈ। ਕਰਹਲੇ ਦੇ ਦੋਹਾਂ ਸ਼ਬਦਾਂ ਵਿੱਚ ਸਤਿਗੁਰੂ ਦੀ ਸ਼ਰਨੀ ਜਾਣ ਦਾ ਉਪਦੇਸ਼ ਦਿੱਤਾ ਗਿਆ ਹੈ ਜਿਥੇ ਭਟਕਣ ਖ਼ਤਮ ਹੋ ਜਾਂਦੀ ਹੈ।
ਕਰਹਲੇ ਮਨ ਪ੍ਰਦੇਸੀਆ ਕਿਉ ਮਿਲੀਐ ਹਰਿ ਮਾਏ|
ਗੁਰੂ ਭਾਗਿ ਪੂਰੈ ਪਾਇਆ, ਗਲਿ ਮਿਲਿਆ ਪਿਆਰਾ ਭਾਇ
ਮਨ ਕਰਹਲਾ ਸਤਿਗੁਰੂ ਪੁਰਖੁ ਧਿਆਇ| (ਗਉੜੀ ਪੂਰਬੀ ਮਹਲਾ ਚੌਥਾ)
ਛੰਤ
[ਸੋਧੋ]ਛਕੇ ਛੰਤ ਛੇ ਛੰਤਾਂ ਨੂੰ ਦਿੱਤਾ ਗਿਆ ਨਾਂ ਹੈ। ਆਸਾ ਰਾਗ ਵਿੱਚ ਗੁਰੂ ਜੀ ਦੇ ਘਰੁ 4 ਵਿੱਚ ਛੇ ਛੰਤ ਮਿਲਦੇ ਹਨ। ਹਰ ਛੰਤ ਦੇ ਚਾਰ ਪਦੇ ਹਨ, ਇਸ ਲਈ ਕੁਲ 35 ਪਦੇ ਹਨ। ਹਰ ਪਦੇ ਨੂੰ ਆਸਾ ਦੀ ਵਾਰ ਦੀ ਹਰ ਪਉੜੀ ਨਾਲ ਤਰਤੀਬ ਵਾਰ ਪੜ੍ਹਿਆ ਜਾਂਦਾ ਹੈ।
ਵਣਜਾਰਾ
[ਸੋਧੋ]ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਪੰਨਾ 81 ਉਤੇ ਵਣਜਾਰਾ ਸਿਰਲੇਖ ਹੇਠ ਸਿਰਫ ਇੱਕ ਹੀ ਸ਼ਬਦ ਮਿਲਦਾ ਹੈ ਅਤੇ ਇਸ ਸ਼ਬਦ ਦੇ ਰਚਣਹਾਰ ਵੀ ਗੁਰੂ ਰਾਮਦਾਸ ਜੀ ਹੀ ਹਨ। ‘ਵਣਜਾਰਾ` ਇੱਕ ਅਜਿਹਾ ਸ਼ਬਦ ਹੈ ਜਿਸ ਦੇ ਸਿੱਧੇ ਸਾਦੇ ਅਰਥ ਹਨ- ਵਣਜ ਜਾਂ ਵਪਾਰ ਕਰਨ ਵਾਲਾ।
ਵਿਚਾਰਧਾਰਾ/ਫ਼ਲਸਫ਼ਾ
[ਸੋਧੋ]ਗੁਰੂ ਰਾਮਦਾਸ ਜੀ ਅਨੁਸਾਰ ਗੁਰੂ ਅਤੇ ਪ੍ਰਭੂ ਵਿੱਚ ਅੰਤਰ ਨਹੀਂ। ਗੁਰੂ ਰੱਬੀ ਗੁਣਾਂ ਨਾਲ ਸੰਚਾਰਿਤ ਹੁੰਦਾ ਹੈ। ਗੁਰੂ ਦਾ ਬਚਨ ਗੁਣਾਂ ਦਾ ਸਾਗਰ ਹੈ ਅਤੇ ਜੀਵ ਉਸ ਸਾਗਰ ਦੀ ਇੱਕ ਇੱਕ ਗੁਣਾਂ, ਰੂਪੀ ਬੰਦ ਨੂੰ ਪ੍ਰਾਪਤ ਕਰਨ ਲਈ ਯਤਨਸ਼ੀਲ ਰਹਿੰਦਾ ਹੈ। ਗੁਰੂ ਅਤੇ ਭਗਤ ਦਾ ਅਜਿਹਾ ਰਿਸ਼ਤਾ ਹੈ ਜਿਥੇ ਬਾਕੀ ਰਿਸ਼ਤਾ ਨਿਰਾਰਥਕ ਅਨੁਭਵ ਹੋਣ ਲੱਗ ਜਾਂਦੇ ਹਨ। ਗੁਰੂ ਰਾਮਦਾਸ ਜੀ ਨੇ ਆਪਣੀ ਬਾਣੀ ਵਿੱਚ ਪ੍ਰਭੂ ਦੀ ਮਹਿਮਾ ਹੀ ਕੀਤੀ ਹੈ। ਗੁਰੂ ਰਾਮਦਾਸ ਜੀ ਅਨੁਸਾਰ, ਗੁਰੂ ਦਾ ਮਹੱਤਵ ਬਹੁ-ਪੱਖੀ ਹੈ। ਆਪ ਨੇ ਆਪਣੀ ਬਾਣੀ ਵਿੱਚ ਗੁਰੂ ਅਤੇ ਸਾਧ ਸੰਗਤ ਦੀ ਮਹਿਮਾ ਦੇ ਨਾਲ-ਨਾਲ ਹੋਰ ਪ੍ਰਾਸੰਗਿਕ ਦਾਰਸ਼ਨਿਕ ਪੱਖਾਂ ਨੂੰ ਵੀ ਉਜਾਗਰ ਕੀਤਾ ਹੈ। ਸਤਿਗੁਰੂ ਤੋਂ ਬੇਮੁੱਖ ਹੋ ਕੇ ਜੀਵ ਨੂੰ ਖੱਜਲ ਖਵਾਰ ਹੋਣਾ ਪੈਂਦਾ ਹੈ ਅਤੇ ਇਹ ਭਟਕਣ ਜਾਂ ਖੱਜਲ ਖੁਆਰੀ ਗੁਰੂ ਦੀ ਸ਼ਰਨੀ ਜਾਇਆ ਹੀ ਦੂਰ ਹੋ ਸਕਦੀ ਹੈ। ਸਮੁੱਚੀ ਬਾਣੀ ਦਾ ਸਾਰ ਇਹ ਹੈ ਕਿ ਹਰ ਵਕਤ ਵਾਹਿਗੁਰੂ ਦੇ ਨਾਮ ਦਾ ਸਿਮਰਨ ਕਰੋ ਤੇ ਸ਼ੁਭ ਗੁਣਾਂ ਨੂੰ ਧਾਰਨ ਕਰਦੇ ਹੋਏ ਹਉਮੈ ਤੇ ਹੋਰ ਵਿਕਾਰਾਂ ਦਾ ਤਿਆਗ, ਗੁਰੂ ਦੀ ਸ਼ਰਨ ਲੈ ਕੇ ਸਤਿਸੰਗ ਵਿੱਚ ਨਾਮ ਸਿਮਰਨ ਕਰਕੇ ਹੀ ਪ੍ਰਭੂ ਦੀ ਬਖਸ਼ਿਸ਼ ਸੰਭਵ ਹੈ। ਗੁਰੂ ਜੀ ਅਨੁਸਾਰ ਪ੍ਰਭੂ ਆਕਾਰ-ਯੁਕਤ ਨਹੀਂ ਆਕਾਰ ਮੁਕਤ ਹੈ। ਅਰੂਪ ਆਰੇਖ ਹੈ। ਗੁਰੂ ਜੀ ਅਨੁਸਾਰ ਇਹੋ ਹੀ ਗੁਰਮਤ ਦਾ ਰਹੱਸਵਾਦ ਹੈ। ਗੁਰਮੁਖ ਨੂੰ ਹਰੀ ਪ੍ਰਭੂ ਦੀ ਭੁੱਖ ਲਗਦੀ। ਗੁਰਸਿਖ ਸਭ ਦਾ ਭਲਾ ਸੋਚਦਾ ਹੈ। ਉਸ ਅੰਦਰ ਪਰਾਈ ਤਾਤ ਨਹੀਂ, ਗੁਰੂ ਜੀ ਅਨੁਸਾਰ ਸਭੁ ਗੁਣ ਧਾਰਨ ਕਰਨ ਨਾਲ ਆਤਮਕ ਉਚਤਾ ਪ੍ਰਾਪਤ ਹੰੁਦੀ ਹੈ। ਗੁਰੂ ਜੀ ਨੇ ਸਿੱਖ ਲਈ ਇੱਕ ਆਚਾਰ ਨੀਤੀ ਨੀਅਤ ਕੀਤੀ ਹੈ।[8]
ਕਾਵਿ ਕਲਾ
[ਸੋਧੋ]ਬਾਣੀ ਦੀ ਬੋਲੀ: ਗੁਰੂ ਰਾਮਦਾਸ ਜੀ ਦੀ ਬਾਣੀ ਇੱਕ ਮਿਸ਼ਰਤ ਬੋਲੀ ਦੀ ਵਰਤੋਂ ਕਰਦੀ ਹੈ, ਜਿਸ ਵਿੱਚ ਅਰਬੀ, ਫਾਰਸੀ, ਉਰਦੂ, ਹਿੰਦੀ, ਸੰਸਕ੍ਰਿਤ ਆਦਿ ਬੋਲੀਆਂ ਰਲੀਆਂ ਹੋਈਆਂ ਹਨ। ਇਸ ਰਲਾ ਦਾ ਮੁੱਖ ਕਾਰਣ ਗੁਰੂ ਜੀ ਦਾ ਵਿਸ਼ਾਲ ਜੀਵਨ ਅਨੁਭਵ ਹੈ। ਨਵੇਂ ਗਿਆਨ ਦੀ ਖੋਜ਼ ਵਿੱਚ ਇੱਕ ਥਾਂ ਤੋਂ ਦੂਜੀ ਥਾਂ ਅਕਸਰ ਭਰਮਣ ਕਰਦੇ ਰਹਿੰਦੇ ਹਨ। ਗੁਰੂ ਰਾਮਦਾਸ ਜੀ ਦੀ ਬਾਣੀ ਵਿੱਚ ਅਰਬੀ ਫਾਰਸੀ ਤੇ ਉਰਦੂ ਭਾਸ਼ਾ ਦਾ ਪ੍ਰਭਾਵ ਪ੍ਰਤੱਖ ਰੂਪ ਵਿੱਚ ਉਜਾਗਰ ਹੋਇਆ ਹੈ। ਇਸ ਸ਼ਬਦਾਵਲੀ ਦੀ ਵਰਤੋਂ ਗੁਰੂ ਜੀ ਨੇ ਤਤਸਮ ਅਤੇ ਤਦਭਵ ਦੋਵੇਂ ਰੂਪਾਂ ਵਿੱਚ ਕੀਤੀ ਹੈ। ਗੁਰੂ ਰਾਮਦਾਸ ਜੀ ਦੀ ਬੋਲੀ ਦੀ ਅਗਲੀ ਵਿਸ਼ੇਸ਼ਤਾ ਬਾਣੀ ਵਿੱਚ ਭਾਸ਼ਾਈ ਸੁਹਜ ਨੂੰ ਉਤਪੰਨ ਕਰਨ ਵਾਲੇ ਆਧਾਰਾਂ ਨਾਲ ਸੰਬੰਧਿਤ ਹੈ। ਗੁਰੂ ਰਾਮਦਾਸ ਜੀ ਦੀ ਬਾਣੀ ਵਿੱਚ ਸੁਹਜ ਮੁਹਾਵਰਿਆਂ, ਅਖਾਣਾਂ ਦੀ ਉਚਿਤ ਅਤੇ ਸੰਜਮਮਈ ਵਰਤੋਂ ਨਾਲ ਆਇਆ ਹੈ।
ਅਲੰਕਾਰ-ਯੋਜਨਾ
[ਸੋਧੋ]ਜਿਥੇ ਅਨੇਕ ਵਰਣਾਂ ਦੀ ਸਰੂਪ ਅਤੇ ਕ੍ਰਮ ਨਾਲ ਇੱਕ ਵਾਰ ਵਰਤੋਂ ਹੁੰਦੀ ਹੈ, ਉਥੇ ਛੇਕਾਂ ਅਨੁਪ੍ਰਾਸ ਅਲੰਕਾਰ ਹੈ। ਗੁਰੂ ਰਾਮਦਾਸ ਜੀ ਦੀ ਬਾਣੀ ਵਿੱਚ ਛੇਕ ਅਨੁਪ੍ਰਾਸ ਅਲੰਕਾਰ ਵਰਤੇ ਹਨ। ਗੁਰੂ ਰਾਮਦਾਸ ਜੀ ਦੀ ਬਾਣੀ ਵਿੱਚ ਸੁਤਿਆਨੁਪ੍ਰਾਸ ਦੀ ਝਲਕ ਵੀ ਦ੍ਰਿਸ਼ਟੀਗੋਚਰ ਹੁੰਦੀ ਹੈ। ਗੁਰੂ ਜੀ ਦੀ ਬਾਣੀ ਵਿੱਚ ੳ, ਅ, ੲ, ਸ, ਹ ਦੇ ਵਰਗ ਦੀ ਵਰਤੋਂ ਵੀ ਵੇਖਣਯੋਗ ਹੈ। ਗੁਰੂ ਜੀ ਦੀ ਬਾਣੀ ਅਲੰਕਾਰਾਂ ਨਾਲ ਭਰਪੂਰ ਹੈ।
ਛੰਦ
[ਸੋਧੋ]ਗੁਰੂ ਰਾਮਦਾਸ ਜੀ ਦੀ ਬਾਣੀ ਵਿੱਚ ਕਈ ਛੰਦਾਂ ਦੀ ਵਰਤੋਂ ਹੋਈ ਹੈ। ਬਾਣੀ ਵਿੱਚ ਉਗਾਹਾ, ਅਤਿਗੀਤਾ, ਰਵੱਈਆ, ਚਿਤ੍ਰਕਲਾ ਜਾਂ ਅਨਕਲਾ, ਸੁਗੀਤਕਾ (ਛੰਦ), ਪਉੜੀ, ਸੋਰਠਾ, ਦੋਹਰਾ, ਚੌਪਈ ਆਦਿ ਛੰਦਾਂ ਦਾ ਪ੍ਰਯੋਗ ਕੀਤਾ ਹੈ। ਗੁਰੂ ਜੀ ਦੀ ਛੰਤ ਰਚਨਾ ਵਿਸਤ੍ਰਿਤ ਰੂਪ ਵਿੱਚ ਪ੍ਰਾਪਤ ਹੁੰਦੀ ਹੈ। ਉਨ੍ਹਾਂ ਦੁਆਰਾ ਰਚਿਤ ਕੁਲ 29 ਛੰਤ ਹਨ ਜੋ ਵਿਭਿੰਨ ਰਾਗਾਂ ਵਿੱਚ ਰਚੇ ਗਏ ਹਨ।
ਰਸ ਵਿਧਾਨ
[ਸੋਧੋ]ਗੁਰੂ ਰਾਮਦਾਸ ਜੀ ਦੀ ਸਮੁੱਚੀ ਬਾਣੀ ਵਿੱਚ ਸ਼ਿੰਗਾਰ ਰਸ, ਹਾਸ ਰਾਸ, ਕਰੁਣਾ ਰਸ, ਰੌਦਰ ਰਸ, ਬੀਰ ਰਸ, ਭਿਆਨਕ ਰਸ, ਵੀਭਤਸ ਰਸ, ਅਦਭੁਤ ਰਸ, ਸ਼ਾਂਤ ਰਸ, ਵਾਤਸ਼ਲਯ ਰਸ ਅਤੇ ਭਗਤੀ ਰਸ ਵਧੇਰੇ ਪਰਬਲ ਹੈ।
ਸ਼ੈਲੀ
[ਸੋਧੋ]ਗੁਰੂ ਰਾਮਦਾਸ ਜੀ ਦੀ ਬਾਣੀ ਦੀ ਪ੍ਰਥਮ ਸ਼ੈਲਗਤ ਖੂਬੀ ਅਰੁਕ ਵਹਾ, ਗਤੀਸ਼ੀਲਤਾ ਅਤੇ ਰਵਾਨਗੀ ਦੀ ਹੈ। ਉਨ੍ਹਾਂ ਦੀ ਬਾਣੀ ਦੀ ਕਥਨ ਵਿਧੀ ਗ੍ਰਾਮੀਨ ਨਹੀਂ ਸ਼ਹਿਰੀ ਹੈ। ਸ਼ੈਲੀ ਦੀ ਰਵਾਨਗੀ ਦੀ ਇਕੋ ਇੱਕ ਖਾਸ਼ੀਅਤ ਸ਼ਬਦਾਂ ਦਾ ਦੁਹਰਾਉ ਕਹੀ ਜਾ ਸਕਦੀ ਹੈ। ਆਮ ਰਚਨਾ ਵਿੱਚ ਇਹ ਦੁਹਰਾਉ ਅਕੇਵੇਂ ਭਰਪੂਰ ਹੁੰਦਾ ਹੈ ਪਰ ਗੁਰੂ ਸਾਹਿਬ ਦੀ ਬਾਣੀ ਵਿੱਚ ਇਹ ਦੁਹਰਾਉ ਨੀਰਸ ਨਹੀਂ ਬਣਦਾ ਸਗੋਂ ਇੱਕ ਵਿਸ਼ੇਸ਼ ਕਿਸਮ ਦਾ ਆਂਤਰਿਕ ਸਰੋਦ ਉਤਪੰਨ ਕਰਦਾ ਹੈ। ਗੁਰੂ ਰਾਮਦਾਸ ਜੀ ਨੇ ਆਪਣੀ ਬਾਣੀ ਵਿੱਚ ਇਹ ਸੰਗੀਤਮਈ ਪ੍ਰਭਾਵ ਪ੍ਰਮੁੱਖ ਤੌਰ ਤੇ ਤਿੰਨ ਸਾਧਨਾਂ ਨਾਲ ਉਤਪੰਨ ਕੀਤਾ ਹੈ। ਵਿਅੰਗ ਗੁਰੂ ਰਾਮਦਾਸ ਜੀ ਦੀ ਬਾਣੀ ਦੀ ਸ਼ੈਲੀ ਦਾ ਇਹ ਹੋਰ ਅਦੁੱਤੀ ਗੁਣ ਹੈ। ਦਰ-ਬ-ਦਰ ਭਟਕਦੇ ਅਤੇ ਅਟੁੱਟ ਬੰਧਨਾਂ ਵਿੱਚ ਬੱਝੇ ਮਨਮੁਖਾਂ, ਦੁਸ਼ਟਾਂ ਅਤੇ ਨਿੰਦਕਾਂ ਤੇ ਗੁਰੂ ਸਾਹਿਬ ਇਕੋ ਜਿਹੀ ਸ਼ਕਤੀ ਨਾਲ ਬਾਹਰੋਂ ਮਿੱਠਾ ਪਰ ਅੰਦਰੋਂ ਜ਼ਹਿਰੀਲਾ ਵਿਅੰਗ ਕੱਸਦੇ ਹਨ। ਪਾਖੰਡ, ਕੁਕਰਮ ਅਤੇ ਛਲਕਪਟ ਕਰਕੇ ਆਪਣੇ ਲਘੂ ਪਰਿਵਾਰ ਨੂੰ ਤਾਂ ਸੁਖ ਦਿੰਦਾ ਹੈ ਪਰ ਪਰਮਾਤਮਾ ਨੂੰ ਦੁੱਖ ਦਿੰਦਾ ਹੈ। ਗੁਰੂ ਸਾਹਿਬ ਕਟਾਖਸ਼ ਦੀ ਵਰਤੋਂ ਕਰਕੇ ਉਸਨੂੰ ਸੁਚੇਤ ਕਰਦੇ ਹਨ ਇਹ ਉਨ੍ਹਾਂ ਦੀ ਲਾਜਵਾਬ ਵਡਿਆਈ ਹੈ।[9]
ਹਵਾਲੇ
[ਸੋਧੋ]- ↑ 1.0 1.1 William Owen Cole; Piara Singh Sambhi (1995). The Sikhs: Their Religious Beliefs and Practices. Sussex Academic Press. pp. 22–24. ISBN 978-1-898723-13-4.
- ↑ Arvind-Pal Singh Mandair (2013). Sikhism: A Guide for the Perplexed. Bloomsbury Publishing. pp. 38–40. ISBN 978-1-4411-5366-1.
- ↑ ਡਾ. ਸ੍ਰੀਮਤੀ ਵਿਦਿਆਵਤੀ, ਗੁਰੂ ਰਾਮਦਾਸ: ਜੀਵਨ ਤੇ ਬਾਣੀ, ਸੰਗਮ ਪਬਲੀਕੇਸ਼ਨਜ, ਸਮਾਣਾ, 2005, ਪੰਨਾ-2
- ↑ ਡਾ. ਐਸ.ਐਸ. ਕੋਹਲੀ, ਗੁਰਮਤਿ ਸਾਹਿਤ, ਪੰਜਾਬੀ ਸਾਹਿਤ ਦਾ ਇਤਿਹਾਸ (ਪੁਰਾਤਨ ਕਾਲ), ਭਾਸ਼ਾ ਵਿਭਾਗ, ਪੰਜਾਬ, ਪਟਿਆਲਾ, 1963, ਪੰਨਾ-127>
- ↑ ਕੁਲਵੰਤ ਕੌਰ, ਗੁਰਮਤਿ ਕਾਵਿ ਇੱਕ ਅਧਿਐਨ, ਲੋਕਾਇਤ ਪ੍ਰਕਾਸ਼ਨ, ਐਸ.ਸੀ.ਓ. 57-59, ਸੈਕਟਰ 17-ਸੀ, ਚੰਡੀਗੜ੍ਹ, 1984, ਪੰਨਾ-39>
- ↑ ਡਾ. ਸ੍ਰੀਮਤੀ ਵਿਦਿਆਵਤੀ, ਗੁਰੂ ਰਾਮਦਾਸ: ਜੀਵਨ ਤੇ ਬਾਣੀ, ਸੰਗਮ ਪਬਲੀਕੇਸ਼ਨਜ, ਸਮਾਣਾ, 2005, ਪੰਨਾ-21>
- ↑ ਡਾ. ਐਸ.ਐਸ. ਕੋਹਲੀ, ਗੁਰਮਤਿ ਸਾਹਿਤ, ਪੰਜਾਬੀ ਸਾਹਿਤ ਦਾ ਇਤਿਹਾਸ (ਪੁਰਾਤਨ ਕਾਲ), ਭਾਸ਼ਾ ਵਿਭਾਗ, ਪੰਜਾਬ, ਪਟਿਆਲਾ, 1963, ਪੰਨਾ-138>
- ↑ ਡਾ. ਸ੍ਰੀਮਤੀ ਵਿਦਿਆਵਤੀ, ਗੁਰੂ ਰਾਮਦਾਸ: ਜੀਵਨ ਤੇ ਬਾਣੀ, ਸੰਗਮ ਪਬਲੀਕੇਸ਼ਨਜ, ਸਮਾਣਾ, 2005, ਪੰਨਾ-45>
- ↑ ਹਰਜਿੰਦਰ ਸਿੰਘ ਢਿਲੋਂ, ਗੁਰੂ ਰਾਮ ਦਾਸ: ਜੀਵਨ, ਚਿੰਤਨ ਤੇ ਬਾਣੀ, ਵਾਰਿਸ ਸ਼ਾਹ ਫਾਉਂਡੇਸ਼ਨ, ਅੰਮ੍ਰਿਤਸਰ, 1998, ਪੰਨਾ-29>