ਜੱਲ੍ਹਣ ਜੱਟ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਜੱਲ੍ਹਣ ਜੱਟ ਜਾਂ ਜਲ੍ਹਨ ਪੰਜਵੇਂ ਸਿੱਖ ਗੁਰੂ ਅਰਜਨ ਦੇਵ ਜੀ ਅਤੇ ਛੇਵੇਂ ਗੁਰੂ ਹਰਗੋਬਿੰਦ ਜੀ ਦਾ ਸਮਕਾਲੀ ਪੰਜਾਬੀ ਕਵੀ ਸੀ।[1][2] ਉਹ ਜਾਤ ਦਾ ਸੰਧੂ ਜੱਟ ਸੀ। ਜੱਲ੍ਹਣ ਦਾ ਜਨਮ ਪਿੰਡ ਭਡਾਣਾ ਜ਼ਿਲ੍ਹਾ ਲਾਹੌਰ ਵਿੱਚ ਸੋਲ੍ਹਵੀਂ ਸਦੀ ਦੇ ਅਖੀਰ ਵਿੱਚ ਹੋਇਆ। ਉਸਦੀ ਮ੍ਰਿਤੂ 1644 ਵਿੱਚ ਹੋਈ।[3] ਇਹ ਨੁਸ਼ਹਿਰਾ ਢਾਲਾਂ, ਜ਼ਿਲ੍ਹਾ ਅੰਮ੍ਰਿਤਸਰ ਦਾ ਰਹਿਣ ਵਾਲਾ ਸੀ। ਇਹ ਜੱਟ ਜਿਮੀਂਦਾਰ ਸੀ,ਆਪਣੇ ਨਿਰਵਾਹ ਲਈ ਥੋੜੀ ਜਿੰਨੀ ਵਾਹੀ ਕਰ ਛੱਡਦਾ ਸੀ। ਇਹ ਰੱਬ ਦਾ ਕਾਫ਼ੀ ਸਿਮਰਨ ਕਰਦਾ। ਇਲਾਕੇ ਵਿੱਚ ਇਸਦੀ ਬੜੀ ਮਾਨਤਾ ਸੀ। ਉਸਦੀ ਸਾਰੀ ਰਚਨਾ ਦੋਹੜਿਆਂਂ ਦੇ ਰੂਪ ਵਿੱਚ ਹੈ | ਉਸਨੇ ਜੀਵਨ ਦੀਆਂ ਅਟੱਲ ਸਚਾਈਆਂ ਨੂੰ ਹਾਸ ਰਸ ਅਤੇ ਰੋੋਚਕ ਸ਼ੈਲੀ ਵਿੱਚ ਪੇਸ਼ ਕੀਤਾ ਹੈ | ਉਸ ਦੀ ਬੋੋਲੀ ਠੇਠ ਅਤੇ ਸ਼ੁੱਧ ਹੈ ਜਿਸ ਵਿੱਚ ਕਮਾਲ ਦੀ ਰਵਾਨੀ ਹੈ | ਉਸਨੇ ਆਪਣੀ ਹਰ ਗੱਲ ਸਿੱਧ-ਪੱਧਰੇ ਅਤੇ ਜੱਟਕੀ ਅੰਦਾਜ਼ ਵਿੱਚ ਕਹੀ ਹੈ:-

ਨਿੱੱਕੇ ਹੁੰਦੇ ਢੱਗੇੇ ਚਾਰੇ, ਵੱੱਡੇ ਹੋਏ ਹਲ਼ ਵਾਹਿਆ |

ਬੁੱੱਢੇ ਹੋ ਕੇ ਮਾਲ਼ਾ ਫੇਰੀ, ਰੱਬ ਦਾ ਉਲ੍ਹਾਮਾ ਲਾਹਿਆ |

ਇਸਦੀਆਂ ਅਨੇਕਾਂ ਸਾਖੀਆਂ ਪ੍ਰਸਿੱਧ ਹਨ।[4] ਫ਼ਾਰਸੀ ਦੀ ਇੱਕ ਹੱਥ ਲਿਖੀ ਭਗਤਮਾਲਾ ਦੱਸਦੀ ਹੈ ਕਿ ਜੱਲ੍ਹਣ ਮੁਸਲਮਾਨ ਬਾਦਸ਼ਾਹ ਸ਼ਾਹ ਜਹਾਨ ਵੇਲੇ ਸਰਕਾਰੀ ਮਾਮਲਾ ਜਾਂ ਬਾਕੀ ਬਸੂਲਦਾ ਤੇ ਸਰਕਾਰੇ ਪਹੁੰਚਾਂਦਾ ਹੁੰਦਾ ਸੀ।[5] ਜੱਲ੍ਹਣ ਬਾਬਤ ਇੱਕ ਰਵਾਇਤ ਹੈ ਕਿ ਇਨ੍ਹਾਂ ਦਾ ਵਿਆਹ ਸ਼ਾਹ ਜਹਾਨ ਵੇਲੇ ਹੋਇਆ। ਇਨ੍ਹਾਂ ਦੇ ਬਚਨਾ ਦਾ ਗ੍ਰੰਥ ਇਨ੍ਹਾਂ ਦੇ ਗੁਰਦੁਆਰੇ ਵਿੱਚ (ਜੋ ਮਾਝੇ ਦੇ ਪਿੰਡ ਵਿੱਚ ਹੈ) ਪਿਆ ਹੈ। ਇਹ ਗ੍ਰੰਥ ਦੇਵਨਾਗਰੀ ਵਿੱਚ ਹੈ। ਹੁਣ ਇਹ ਗ੍ਰੰਥ ਗੁਰਮੁਖੀ ਅੱਖਰਾਂ ਵਿੱਚ ਵੀ ਛਪ ਗਿਆ ਹੈ।[6]

ਰਚਨਾਵਾਂ[ਸੋਧੋ]

ਜੱਲ੍ਹਣ ਨੇ ਜਟਕੀ ਬੋਲੀ ਵਿੱਚ ਆਪਣੀ ਰਚਨਾ ਕੀਤੀ। ਜੱਲ੍ਹਣ ਦੀਆਂ 313 ਸਾਖੀਆਂ ਅਤੇ 42 ਬਿਸ਼ਨਪਦੇ ਮਿਲਦੇ ਹਨ। ਸਾਰੀ ਰਚਨਾ ਦੋਹੜਿਆਂ ਵਿੱਚ ਹੈ। ਆਪ ਨੇ ਜੀਵਨ ਦੀਆਂ ਅਟਲ ਸਚਾਈਆਂ ਨੂੰ ਬੜੇ ਹਾਸ-ਰਸੀ ਢੰਗ ਨਾਲ ਪੇਸ਼ ਕੀਤਾ ਹੈ। ਜਿਵੇਂ-

"ਪੁੱਤਾਂ ਨੂੰ ਲੈ ਗਈਆਂ ਨੂੰਹਾਂ, ਧੀਆਂ ਨੂੰ ਲੈ ਗਏ ਹੋਰ।
ਬੁੱਢਾ ਬੁੱਢੀ ਇਉਂ ਬੈਠੇ, ਜਿਉਂ ਸੰਨ੍ਹ ਲਾ ਗਏ ਚੋਰ।"

[7] ਜੱਲ੍ਹਣ ਦੀ ਕਵਿਤਾ ਜੱਟਕੀ ਬੋਲੀ ਵਿੱਚ ਹੈ ਅਤੇ ਬੜੀ ਮਿੱਠਤ ਭਰਪੂਰ ਹੈ। ਇਹ ਮਿਠਾਸ ਜੱਲ੍ਹਣ ਦੀ ਸਾਦਗੀ ਚੋਂ ਟਪਕਦੀ ਹੈ, ਬੋਲੀ ਦੀ ਸਾਦਗੀ ਤੇ ਖਿਆਲ ਦੀ ਸਾਦਗੀ ਦੋਵੇਂ ਹੀ ਉਸਦੀ ਕਵਿਤਾ ਵਿੱਚੋਂ ਹਾਸ ਰਸ ਪੈਦਾ ਹੋਣ ਦਾ ਕਾਰਨ ਹੈ। ਜਿਵੇਂ-

1) "ਅੰਨ ਵਹੁਟੀ, ਅੰਨ ਲਾੜਾ, ਅੰਨ ਦਾ ਵਿਹਾਰ ਸਾਰਾ
ਅੰਨ ਮੋਟਾ ਅੰਨ ਜਾੜ੍ਹਾ, ਅੰਨ ਰੋਵੇ, ਅੰਨ ਹੱਸੇ।
2) "ਹੱਥੀਂ ਦੇਈਏ, ਹੱਥੀਂ ਲੇਈਏ, ਹੱਥੀਂ ਬੰਨ੍ਹੀਏ ਪੱਲੇ।
ਐਸਾ ਕੋਈ ਨਾ ਜੱਲ੍ਹਣਾ, ਜੋ ਮੁਇਆਂ ਨੂੰ ਘੱਲੇ।[8]

ਹਵਾਲੇ[ਸੋਧੋ]

  1. "Encyclopaedic Dictionary of Punjabi Literature: A-L". p. 264.
  2. GurShabad Ratanakar Mahankosh ਪੰਨਾ-1252
  3. ਡਾ. ਪਰਮਿੰਦਰ ਸਿੰਘ, ਪੰਜਾਬੀ ਸਾਹਿਤ ਦਾ ਇਤਿਹਾਸ (ਆਦਿ ਕਾਲ ਤੋਂ 1700 ਤੱਕ, ਪਬਲੀਕੇਸ਼ਨ ਬਿਊਰੋ ਪੰਜਾਬੀ ਯੂਨੀਵਰਸਿਟੀ, ਪਟਿਆਲਾ, ਪੰਨਾ ਨੰ. 54
  4. ਨਿਹਾਲ ਸਿੰਘ, ਪੰਜਾਬੀ ਸਾਹਿਤ ਦਾ ਵਿਕਾਸ, ਪੰਨਾ ਨੰ. 137
  5. ਡਾ. ਮੋਹਨ ਸਿੰਘ, ਪੰਜਾਬੀ ਅਦਬ ਦੀ ਮੁਖ਼ਤਸਰ ਤਾਰੀਖ,ਪੰਨਾ ਨੰ. 116
  6. ਹਰਚਰਨ ਸਿੰਘ ਜਾਬੀ, ਪੰਜਾਬੀ ਸਾਹਿਤ ਦਾ ਇਤਿਹਾਸ
  7. ਡਾ. ਪਰਮਿੰਦਰ ਸਿੰਘ, ਪੰਜਾਬੀ ਸਾਹਿਤ ਦਾ ਇਤਿਹਾਸ: ਆਦਿਕਾਲ ਤੋਂ 1700 ਈ. ਤੱਕ, ਪੰਨਾਨੰ. 54
  8. ਸੁਰਿੰਦਰ ਸਿੰਘ ਕੋਹਲੀ, ਪੰਜਾਬੀ ਸਾਹਿਤ ਦਾ ਇਤਿਹਾਸ, ਭਾਗ ਦੂਜਾ, ਪੰਨਾ ਨੰ. 152